ਜੰਗ ਦਾ ਮੈਦਾਨ ਅਤੇ ਅਚਾਰ ਦੇ ਪੀਪੇ

ਕਮੋਡੋਰ ਗੁਰਨਾਮ ਸਿੰਘ (ਰਿਟਾ.)
ਫੋਨ: +91-98181-59944
1971 ਵਿਚ ਪਾਕਿਸਤਾਨ ਨਾਲ ਹਿੰਦੋਸਤਾਨ ਦੀ ਲੜਾਈ ਬਾਰੇ ਭਾਰਤੀ ਫੌਜੀਆਂ ਕੋਲ ਸੁਣਾਉਣ ਲਈ ਬੜੇ ਦਿਲਚਸਪ ਕਿੱਸੇ ਹਨ। ਇਸ ਜੰਗ ਵਿਚ ਥਲ ਸੈਨਾ ਦੇ ਨਾਲ-ਨਾਲ ਹਵਾਈ ਅਤੇ ਜਲ ਸੈਨਾ ਦਾ ਵੀ ਵਾਹਵਾ ਯੋਗਦਾਨ ਰਿਹਾ ਹੈ। ਇਸ ਲੇਖ ਵਿਚ ਕਮੋਡੋਰ (ਸੇਵਾਮੁਕਤ) ਗੁਰਨਾਮ ਸਿੰਘ ਨੇ ਸਮੁੰਦਰ ਵਿਚ ਠੱਲ੍ਹੇ ਹਿੰਦੋਸਤਾਨ ਦੇ ਸਮੁੰਦਰੀ ਬੇੜੇ ਆਈ.ਐਨ.ਐਸ. ਵਿਕਰਾਂਤ ਤੋਂ ਲੜੀ ਜਾ ਰਹੀ ਜੰਗ ਦੇ ਵੇਰਵੇ ਸਾਂਝੇ ਕੀਤੇ ਹਨ। ਭਾਰਤੀ ਹਵਾਈ ਸੈਨਾ ਦੇ ਜਹਾਜ਼ ਵਿਕਰਾਂਤ ਤੋਂ ਹੀ ਉੱਡਦੇ ਸਨ ਅਤੇ ਉਥੇ ਹੀ ਵਾਪਸ ਉਤਰਦੇ ਸਨ। ਇਨ੍ਹਾਂ ਨੇ ਬੰਗਾਲ ਦੀ ਖਾੜੀ ਦੇ ਆਕਾਸ਼ ਅਤੇ ਉਸ ਦੇ ਪਾਣੀਆਂ ਉਤੇ ਤਿੱਖੀ ਨਜ਼ਰ ਰੱਖੀ ਹੋਈ ਸੀ। ਲੇਖਕ ਨੇ ਫੌਜੀਆਂ ਅਤੇ ਅਮਲੇ ਦੇ ਹੋਰ ਮੈਂਬਰਾਂ ਦੀ ਵਿਕਰਾਂਤ ਉਤੇ ਹੋ ਰਹੀ ਹਲਚਲ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਹਨ।

ਦਸੰਬਰ 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਲਈ ਭਾਰਤ ਅਤੇ ਪਾਕਿਸਤਾਨ ਵਿਚ ਲੱਗੀ ਲੜਾਈ ਆਪਣੇ ਜੋਬਨ ‘ਤੇ ਸੀ। ਆਪਣੇ ਅਕਸਰ ਅਸ਼ਾਂਤ ਰਹਿਣ ਵਾਲੇ ਪਾਣੀਆਂ ਲਈ ਜਾਣੀ ਜਾਣ ਵਾਲੀ ਬੰਗਾਲ ਦੀ ਖਾੜੀ ਦਾ ਵਿਸਤ੍ਰਿਤ ਜਲ ਖੇਤਰ ਇਸ ਲੜਾਈ ਦਾ ਪੂਰਬੀ ਅਤੇ ਮੁੱਖ ਥੀਏਟਰ ਸੀ। ਇਥੇ ਭਾਰਤੀ ਨੌ ਸੈਨਾ (ਇੰਡੀਅਨ ਨੇਵੀ) ਦੇ ਜੰਗੀ ਜਹਾਜ਼ਾਂ ਦੇ ਬੇੜੇ ਨੇ ਪੂਰਬੀ ਪਾਕਿਸਤਾਨ ਨੂੰ ਜਾਣ ਅਤੇ ਉਥੋਂ ਆਉਣ ਦੇ ਸਾਰੇ ਸਮੁੰਦਰੀ ਰਾਹਾਂ ਦੀ ਨਾਕਾਬੰਦੀ ਕੀਤੀ ਹੋਈ ਸੀ।
ਇਸ ਬੇੜੇ ਵਿਚ ਭਾਰਤੀ ਵਿਮਾਨਵਾਹਕ ਜਹਾਜ਼ ਸਮੇਤ ਯੁੱਧਨਾਸ਼ਕ, ਪਣਡੁੱਬੀਆਂ, ਫਲੀਟ ਟੈਂਕਰ ਅਤੇ ਸਪਲਾਈ ਜਹਾਜ਼ ਸ਼ਾਮਲ ਸਨ। ਭਾਰਤੀ ਨੌ ਸੈਨਾ ਦੇ ਸਿਰਮੌਰ ਅਤੇ ਫਲੈਗਸ਼ਿਪ, ਅਠਾਰਾਂ ਹਜ਼ਾਰ ਟਨ ਵਜ਼ਨ ਦੇ ਵਿਮਾਨਵਾਹਕ (ਏਅਰ ਕ੍ਰਾਫਟ ਕੈਰੀਅਰ), ਆਈ.ਐਨ.ਐਸ. ਵਿਕਰਾਂਤ ਨੇ ਇਸ ਜੰਗੀ ਬੇੜੇ ਨੂੰ ਆਪਣੀ ਕਮਾਨ ਥੱਲੇ ਲੈ ਕੇ ਬੰਗਾਲ ਦੀ ਖਾੜੀ ਦੇ ਲਗਭਗ ਬਾਈ ਲੱਖ ਵਰਗ ਕਿਲੋਮੀਟਰ ਦੇ ਇਸ ਵਿਸ਼ਾਲ ਜਲ ਖੇਤਰ ਉਤੇ ਆਪਣਾ ਸੰਪੂਰਨ ਕੰਟਰੋਲ ਕੀਤਾ ਹੋਇਆ ਸੀ।
ਵਿਕਰਾਂਤ ਉਪਰ ਲੜਾਕੂ ਹਵਾਈ ਜਹਾਜ਼ਾਂ ਦੀਆਂ ਉਸ ਦੀਆਂ ਆਪਣੀਆਂ ਦੋ ਸਕੁਆਡਰਨਾਂ ਸਨ। ‘ਚਿੱਟੇ ਸ਼ੇਰ` ਸਕੁਆਡਰਨ ਫਾਈਟਰ ਗ੍ਰਾਊਂਡ ਅਟੈਕ ਜੈੱਟ ਹਵਾਈ ਜਹਾਜ਼ ‘ਸੀ ਹਾੱਕ` ਨਾਲ ਲੈਸ ਸੀ ਅਤੇ ‘ਨਾਗ ਰਾਜ` ਸਕੁਆਡਰਨ ਫਰਾਂਸ ਨਿਰਮਤ ਐਂਟੀ ਸਬਮਰੀਨ ਟਰਬੋਪਰੌਪ ਹਵਾਈ ਜਹਾਜ਼ ‘ਏਲੀਜ਼ੇ` ਨਾਲ ਲੈਸ ਸੀ।
ਇਹ ਜੰਗੀ ਹਵਾਈ ਜਹਾਜ਼ ਵਿਕਰਾਂਤ ਤੋਂ ਹੀ ਉਡਦੇ ਸਨ ਅਤੇ ਵਿਕਰਾਂਤ ਉਤੇ ਹੀ ਵਾਪਸ ਉਤਰਦੇ ਸਨ। ਇਨ੍ਹਾਂ ਨੇ ਬੰਗਾਲ ਦੀ ਖਾੜੀ ਦੇ ਆਕਾਸ਼ ਅਤੇ ਉਸ ਦੇ ਪਾਣੀਆਂ ਉਤੇ ਤਿੱਖੀ ਨਜ਼ਰ ਰੱਖੀ ਹੋਈ ਸੀ। ਭਾਰਤੀ ਨੌ ਸੈਨਾ ਦੀ ਆਗਿਆ ਬਿਨਾ ਬੰਗਾਲ ਦੀ ਖਾੜੀ ਵਿਚੋਂ ਕੋਈ ਆ ਜਾ ਨਹੀਂ ਸਕਦਾ ਸੀ। ਖਾੜੀ ਵਿਚ ਭਾਰਤੀ ਨੌ ਸੈਨਾ ਦੀ ਇਸ ਮੁਕੰਮਲ ਅਤੇ ਪ੍ਰਭਾਵੀ ਨਾਕਾਬੰਦੀ ਨੇ ਪੂਰਬੀ ਪਾਕਿਸਤਾਨ ਦੀ ਨਕੇਲ ਚੰਗੀ ਤਰ੍ਹਾਂ ਕੱਸੀ ਹੋਈ ਸੀ।
ਭਾਰਤੀ ਨੌ ਸੈਨਾ ਨੇ ਉਦੋਂ ਪੂਰਬੀ ਪਾਕਿਸਤਾਨ ਕਹਾਉਣ ਵਾਲੇ ਪਾਕਿਸਤਾਨ ਦੇ ਇਸ ਹਿੱਸੇ ਦੀਆਂ ਸਮੁੰਦਰੀ ਬੰਦਰਗਾਹਾਂ, ਹਵਾਈ ਅੱਡਿਆਂ, ਸ਼ਹਿਰਾਂ ਅਤੇ ਫੌਜ ਦੇ ਜ਼ਮੀਨੀ ਅਦਾਰਿਆਂ ਤੇ ਟਿਕਾਣਿਆਂ ਉਤੇ ਹਮਲੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਸਨ। ਹੁਣ ਇਹ ਹਮਲੇ ਹੋਰ ਤੇਜ਼ ਹੋ ਕੇ ਪੂਰੇ ਜ਼ੋਰਾਂ ਉਤੇ ਸਨ। ਜੰਗੀ ਹਵਾਈ ਜਹਾਜ਼ ‘ਸੀ ਹਾੱਕ` ਆਪਣੇ ਮਾਰੂ ਬੰਬਾਂ, ਰਾਕਟਾਂ ਅਤੇ ਤੋਪਗੋਲੀਆਂ ਨਾਲ ਲੈਸ ਹੋ ਕੇ ਵਿਕਰਾਂਤ ਤੋਂ ਉਡਾਰੀ ਭਰ ਕੇ ਚਿਟਾਗੌਂਗ, ਢਾਕਾ, ਕੌਕਸਜ਼ ਬਾਜ਼ਾਰ ਅਤੇ ਰਣਨੀਤੀ ਪੱਖੋਂ ਜ਼ਰੂਰੀ ਸਮਝੇ ਜਾਣ ਵਾਲੇ ਹੋਰ ਟਿਕਾਣਿਆਂ ਉਤੇ ਲਗਾਤਾਰ ਤਬਾਹਕੁਨ ਹਮਲੇ ਕਰ ਕੇ ਪੂਰਬੀ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਸਨ।
ਇਨ੍ਹਾਂ ਹਵਾਈ ਜਹਾਜ਼ਾਂ ਦੀ ਪਹਿਲੀ ਟੁਕੜੀ ਤੜਕੇ ਦੀ ਲੋਅ ਲਗਦਿਆਂ ਹੀ ਵਿਕਰਾਂਤ ਤੋਂ ਉਡਾਰੀ ਭਰ ਆਪਣੇ ਜੰਗੀ ਮਿਸ਼ਨ ਉਤੇ ਨਿਕਲ ਜਾਂਦੀ ਅਤੇ ਇਸ ਦੇ ਵਿਕਰਾਂਤ ਉਤੇ ਵਾਪਸ ਪਰਤਣ ਤੋਂ ਪਹਿਲਾਂ ਹੀ ਹਵਾਈ ਜਹਾਜ਼ਾਂ ਦੀ ਦੂਸਰੀ ਟੁਕੜੀ ਵਿਕਰਾਂਤ ਤੋਂ ਉਡਾਰੀ ਭਰ ਜਾਂਦੀ ਸੀ। ਇਸ ਤਰ੍ਹਾਂ ਦੁਸ਼ਮਣ ਉਤੇ ਲਗਾਤਾਰ ਭਾਰੀ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਨੇ ਆਖਰ ਪਾਕਿਸਤਾਨ ਦਾ ਲੱਕ ਤੋੜ ਦਿੱਤਾ, ਉਸ ਦੀ ਇੱਛਾ ਸ਼ਕਤੀ ਪੂਰੀ ਤਰ੍ਹਾਂ ਟੁੱਟ ਗਈ।
ਐਂਟੀਸਬਮਰੀਨ ‘ਏਲੀਜ਼ੇ` ਹਵਾਈ ਜਹਾਜ਼ ਆਪਣੇ ਇਲੈਕਟ੍ਰੌਨਿਕ ਆਲਿਆਂ ਨਾਲ ਸਮੁੰਦਰੀ ਪਾਣੀਆਂ ਥੱਲੇ, ਡੂੰਘੇ ਪਾਣੀਆਂ ਦੀਆਂ ਹੇਠਲੀਆਂ ਤਹਿਆਂ ਉਤੇ ਦੁਸ਼ਮਣ ਦੀਆਂ ਪਣਡੁੱਬੀਆਂ ਦੀਆਂ ਟੋਹਾਂ ਲੈਂਦੇ ਸਨ ਅਤੇ ਨਾਲ ਹੀ ਆਪਣੇ ਰਾਕਟਾਂ ਤੇ ਡੈਪਥ-ਚਾਰਜਾਂ ਦੀ ਮਦਦ ਨਾਲ ਹਮਲੇ ਕਰ ਕੇ ‘ਸੀ ਹਾੱਕ` ਫਾਈਟਰਾਂ ਦਾ ਹੱਥ ਵਟਾ ਰਹੇ ਸਨ। ਵਿਕਰਾਂਤ ਤੋਂ ਇਹ ਹਵਾਈ ਅਪਰੇਸ਼ਨ ਡੂੰਘੀਆਂ ਸ਼ਾਮਾਂ ਤੱਕ ਜਾਰੀ ਰਹਿੰਦੇ ਅਤੇ ਲੋੜ ਪੈਣ ਤੇ ਰਾਤ ਨੂੰ ਵੀ ਕੀਤੇ ਜਾਂਦੇ।
ਮੈਂ ਉਦੋਂ ਲੈਫਟੀਨੈਂਟ ਹੁੰਦਾ ਸਾਂ ਅਤੇ ਵਿਕਰਾਂਤ ਉਤੇ ‘ਚਿੱਟਾ ਸ਼ੇਰ` ਸਕੁਆਡਰਨ ਦਾ ਏਅਰ ਇੰਜਨੀਅਰ ਅਫਸਰ ਸਾਂ। ਸਕੁਆਡਰਨ ਵਿਚ ਸਾਡੇ ਲਈ ਸਮੇਂ ਦਾ, ਜਾਂ ਦਿਨ ਰਾਤ ਦਾ, ਕੋਈ ਮਹੱਤਵ ਨਹੀਂ ਰਹਿ ਗਿਆ ਸੀ। ਹਵਾਈ ਜਹਾਜ਼ਾਂ ਦੇ ਅਪਰੇਸ਼ਨ ਲਈ ਸਹੀ ਤਰ੍ਹਾਂ ਤਿਆਰ-ਬਰ-ਤਿਆਰ ਹੋਣਾ ਹੀ ਇਕਮਾਤਰ ਕਾਰਜ ਸੀ।
ਜਦੋਂ ਹਵਾਈ ਜਹਾਜ਼ ਹਰ ਪੱਖੋਂ ਸਹੀ ਹੁੰਦੇ ਸਨ ਅਤੇ ਉਡਣ ਤੇ ਲੜਾਈ ਵਿਚ ਕੰਮ ਆਉਣ ਲਈ ਉਨ੍ਹਾਂ ਦੇ ਸਾਰੇ ਸਿਸਟਮ ਠੀਕ ਕੰਮ ਕਰਦੇ ਹਨ ਤਾਂ ਉਹ ਵਿਕਰਾਂਤ ਉਤੇ ਫਲਾਈਟ ਡੈੱਕ ਤੇ ਆਪਣੇ ਮਿਥੇ ਮਿਸ਼ਨ ਲਈ ਰਵਾਨਾ ਹੋਣ ਲਈ ਤਿਆਰ ਹੁੰਦੇ ਸਨ। ਜਿਹੜੇ ਹਵਾਈ ਜਹਾਜ਼ਾਂ ਵਿਚ ਕੋਈ ਨੁਕਸ ਆ ਜਾਂਦਾ ਸੀ, ਜਾਂ ਜਿਨ੍ਹਾਂ ਉਤੇ ਕਿਸੇ ਕੰਮ ਦੇ ਹੋਣ ਦਾ ਤੈਅ ਸਮਾਂ ਆ ਜਾਂਦਾ ਸੀ, ਉਨ੍ਹਾਂ ਨੂੰ ਲਿਫਟਾਂ ਰਾਹੀਂ ਫਲਾਈਟ ਡੈੱਕ ਤੋਂ ਹੇਠਾਂ ਹੈਂਗਰ ਵਿਚ ਲਿਆਇਆ ਜਾਂਦਾ ਸੀ।
ਹੈਂਗਰ ਵਿਚ ਅਜਿਹੇ ਨੁਕਸ ਪਏ ਜਹਾਜ਼ਾਂ ਉਤੇ ਕੰਮ ਦਿਨ ਰਾਤ ਚਲਦਾ ਸੀ ਅਤੇ ਠੀਕ ਹੋ ਜਾਣ ਤੇ ਇਹ ਹਵਾਈ ਜਹਾਜ਼ ਫਿਰ ਫਲਾਈਟ ਡੈੱਕ ਦੇ ਹਵਾਲੇ ਕਰ ਦਿੱਤੇ ਜਾਂਦੇ। ਇਹ ਕ੍ਰਮ ਲਗਾਤਾਰ ਅਤੇ ਅਰੁਕ ਚੱਲ ਰਿਹਾ ਸੀ, ਠੀਕ ਉਵੇਂ ਹੀ ਜਿਵੇਂ ਅਸਾਂ ਲੜਾਈ ਸ਼ੁਰੂ ਹੋਣ ਤੋਂ ਕਈ ਮਹੀਨੇ ਪਹਿਲਾਂ ਖੁੱਲ੍ਹੇ ਸਮੁੰਦਰ ਵਿਚ ਮਸ਼ਕਾਂ ਕਰ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਾਇਮ ਕੀਤਾ ਹੋਇਆ ਸੀ। ਪੂਰਾ ਸਿਸਟਮ ਸੋਹਣੀ ਤਰ੍ਹਾਂ ਚੱਲ ਰਹੀ ਮਸ਼ੀਨ ਵਾਂਗ ਕੰਮ ਕਰ ਰਿਹਾ ਸੀ।
ਵਿਕਰਾਂਤ ਉਤੇ ਸਾਡੀ ਭੋਜਨ ਵਾਲੀ ਥਾਂ ਨੂੰ ਵਾਰਡਰੂਮ ਜਾਂ ਮੈੱਸ ਆਖਿਆ ਜਾਂਦਾ ਸੀ। ਅਪਰੇਸ਼ਨ ਖੇਤਰ ਵਿਚ ਰਹਿੰਦਿਆਂ ਕਈ ਮਹੀਨੇ ਹੋ ਗਏ ਸਨ। ਬੰਗਾਲ ਦੀ ਖਾੜੀ ਦੇ ਲੰਮੇ ਚੌੜੇ ਖੇਤਰ ਦੇ ਪਾਣੀਆਂ ਵਿਚ ਵਿਮਾਨਵਾਹਕ ਜਹਾਜ਼ ਵਿਕਰਾਂਤ ਆਪਣੀ ਕਮਾਨ ਦੇ ਜੰਗੀ ਜਹਾਜ਼ਾਂ ਨਾਲ ਵਿਚਰਦਾ ਫਿਰਦਾ ਸੀ। ਕਈ ਤਰ੍ਹਾਂ ਦੀਆਂ ਮਸ਼ਕਾਂ, ਯੁੱਧ ਲਈ ਲੋੜੀਂਦੀਆਂ ਕਾਰਵਾਈਆਂ, ਅਭਿਆਸ, ਸਮਾਨ, ਰਸਦ, ਅਮਲੇ ਦੀ ਲੁਹਾਈ ਢੁਹਾਈ ਆਦਿ ਦੇ ਕੰਮ ਬੜੇ ਸਹਿਜ ਤਰੀਕੇ ਨਾਲ ਚੱਲ ਰਹੇ ਸਨ।
ਜਹਾਜ਼, ਸਮੁੰਦਰ ਵਿਚ ਜੰਗੀ ਖੇਡਾਂ ਖੇਡਦੇ ਸਨ। ਅਭਿਆਸ ਰਾਤ ਨੂੰ ਵੀ ਚਲਦੇ ਰਹਿੰਦੇ। ਜੰਗੀ ਇਹਤਿਆਤ ਅਤੇ ਪੱਖਾਂ ਨੂੰ ਮੁੱਖ ਰੱਖਦਿਆਂ ਰਾਤ ਨੂੰ ਜਹਾਜ਼ਾਂ ਉਤੇ ‘ਬੱਤੀਆਂ ਬੰਦ` ਦਾ ਹੁਕਮ ਹੁੰਦਾ ਸੀ ਤਾਂ ਕਿ ਦੂਰੋਂ ਕਿਸੇ ਨੂੰ ਜਹਾਜ਼ ਦੀ ਰੋਸ਼ਨੀ ਤੋਂ ਉਸ ਦੀ ਹੋਂਦ ਅਤੇ ਉਸ ਦੀ ਪੁਜ਼ੀਸ਼ਨ ਦਾ ਪਤਾ ਨਾ ਲੱਗ ਸਕੇ। ਯੁੱਧ ਵਿਚ ਵਰਤੀਆਂ ਜਾਣ ਵਾਲੀਆਂ ਆਮ ਅਤੇ ਮੂਲ ਸਾਵਧਾਨੀਆਂ ਵਿਚੋਂ ਇਹ ਵੀ ਇਕ ਸੀ। ਇਸ ਸਭ ਦਾ ਇਕ ਹੀ ਮਕਸਦ ਸੀ: ਪੂਰਬੀ ਪਾਕਿਸਤਾਨ ਦੀ ਸੰਪੂਰਨ ਨਾਕਾਬੰਦੀ ਅਤੇ ਉਸ ਨੂੰ ਆਖਰੀ ਝਟਕੇ ਲਈ ਤਿਆਰ ਕਰਨਾ।
ਵਿਕਰਾਂਤ ਕਿਸੇ ਛੋਟੇ ਪਿੰਡ ਜਿੱਡਾ ਜਹਾਜ਼ ਸੀ। ਜਹਾਜ਼ ਅੰਦਰ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਤੁਹਾਨੂੰ ਹੈਂਗਰਾਂ, ਫਲਾਈਟ ਡੈੱਕ, ਵਰਕਸ਼ਾਪਾਂ, ਲਾਇਬ੍ਰੇਰੀਆਂ, ਮੈੱਸਾਂ, ਸਟੋਰਾਂ, ਕੈਂਟੀਨਾਂ, ਦਫਤਰਾਂ, ਮਸ਼ੀਨਰੀ ਦੇ ਕਮਰਿਆਂ ਆਦਿ ਵਿਚੋਂ ਲੰਘਣਾ ਪੈਂਦਾ ਸੀ। ਜਹਾਜ਼ ਦੀਆਂ ਕਈ ਮੰਜ਼ਲਾਂ ਸਨ। ਪੌੜੀਆਂ ਚੜ੍ਹਨੀਆਂ ਉਤਰਨੀਆਂ ਪੈਂਦੀਆਂ ਸਨ। ਰਾਹ ਵਿਚ ਲੋਹੇ ਦੇ ਭਾਰੀ ਦਰਵਾਜ਼ੇ ਹੁੰਦੇ ਸਨ ਜਿਨ੍ਹਾਂ ਉਤੇ ਖਟਕੇ ਲੱਗੇ ਹੁੰਦੇ ਸਨ। ਇਨ੍ਹਾਂ ਖਟਕਿਆਂ ਨੂੰ ਹਟਾ ਕੇ, ਦਰਵਾਜ਼ਾ ਖੋਲ੍ਹ ਕੇ, ਲੰਘਣ ਤੋਂ ਬਾਅਦ ਦੁਬਾਰਾ ਪਹਿਲਾਂ ਵਾਂਗ ਬੰਦ ਕਰ ਕੇ ਖਟਕੇ ਫਿਰ ਲਾਉਣੇ ਹੁੰਦੇ ਸਨ। ਕੰਮ ਵਿਚ ਰੁੱਝੇ ਰਹਿਣ ਅਤੇ ਸਾਰਾ ਦਿਨ ਇਧਰ ਉਧਰ ਦੀ ਤੋਰਾ-ਫੇਰੀ ਕਾਰਨ ਹਰ ਇਕ ਦੀ ਕਾਫੀ ਵਰਜਿਸ਼ ਹੋ ਜਾਂਦੀ ਸੀ ਅਤੇ ਭੋਜਨ ਦੇ ਸਮੇਂ ਤੱਕ ਭੁੱਖ ਚੰਗੀ ਤਰ੍ਹਾਂ ਚਮਕ ਜਾਂਦੀ ਸੀ।
ਨੌਜਵਾਨ ਅਤੇ ਤੰਦਰੁਸਤ ਸਰੀਰਾਂ ਨੂੰ ਭੁੱਖ ਵੀ ਚੋਖੀ ਲੱਗਦੀ ਹੈ। ਭੋਜਨ ਦਾ ਸਮਾਂ ਹੁੰਦਿਆਂ ਹੁੰਦਿਆਂ ਢਿੱਡਾਂ ਵਿਚ ਚੂਹੇ ਨੱਚਣ ਲੱਗ ਪੈਂਦੇ। ਮੈੱਸ ਸਟਾਫ ਪ੍ਰਤੀ ਦਿਨ ਇਕ ਤੋਂ ਇਕ, ਸੁਆਦੀ ਭੋਜਨ ਤਿਆਰ ਕਰਦੇ, ਫਿਰ ਵੀ ਸਾਡੇ ਵਿਚੋਂ ਕਈਆਂ ਨੂੰ ਸੁਆਦ ਲਾਉਣ ਦੀ ਚੇਟਕ ਹੁੰਦੀ ਸੀ। ਖਾਣੇ ਨਾਲ ਕੋਈ ਹਰੀ ਮਿਰਚ ਮੰਗਦਾ, ਕੋਈ ਪਿਆਜ਼। ਕਿਸੇ ਨੂੰ ਤਾਜ਼ਾ ਨਿੰਬੂ ਚਾਹੀਦਾ ਹੁੰਦਾ ਸੀ, ਕਿਸੇ ਨੂੰ ਅੰਬ ਦਾ ਅਚਾਰ। ਇਨ੍ਹਾਂ ਨਾਲ ਖਾਣੇ ਦਾ ਆਨੰਦ ਦੂਣਾ ਹੋ ਜਾਂਦਾ ਸੀ।
ਇਨ੍ਹਾਂ ਨਿੱਕੀਆਂ ਨਿੱਕੀਆਂ ਮੰਗਾਂ ਨੂੰ ਮੈੱਸ ਸਟਾਫ ਹੱਸ ਕੇ ਖਿੜੇ ਮੱਥੇ ਅਗਾਂਹ ਹੋ ਕੇ ਪੂਰੀਆਂ ਕਰਦਾ। ਆਪਣੇ ਸਾਲਾਂ ਦੇ ਤਜਰਬੇ ਤੋਂ ਉਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਵਸਤਾਂ ਦੀ ਲੋੜ ਪੈਣੀ ਹੈ, ਇਸ ਲਈ ਇਨ੍ਹਾਂ ਚੀਜ਼ਾਂ ਦਾ ਸਟਾਕ ਰੱਖਿਆ ਜਾਂਦਾ ਸੀ। ਇਸ ਸਭ ਦੇ ਨਾਲ ਨਾਲ ਉਪਰ ਲੜਾਈ ਵੀ ਚੱਲ ਰਹੀ ਸੀ।
ਕੁਝ ਹਫਤੇ ਬੀਤਣ ਪਿੱਛੋਂ ਸਾਨੂੰ ਲੱਗਾ ਕਿ ਕਿਤੇ ਕੋਈ ਮਾੜੀ ਜਿਹੀ ਸਮੱਸਿਆ ਜ਼ਰੂਰ ਆ ਰਹੀ ਹੈ। ਸਾਡੀ ਮੈੱਸ ਵਿਚ ਲੜਾਈ ਦੇ ਅਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਟਾਕ ਕੀਤੀਆਂ ਵਸਤਾਂ ਵਿਚੋਂ ਕੁਝ ਹੁਣ ਮਸਤ ਹੋਣ ਦੇ ਨੇੜੇ ਆ ਗਈਆਂ ਸਨ, ਤੇ ਫਿਰ ਹੌਲੀ ਹੌਲੀ ਤਾਜ਼ੇ ਬਣੇ ਖਾਣੇ ਦੀ ਥਾਂ ਡੱਬਿਆਂ ਵਿਚ ਬੰਦ ਭੋਜਨ ਗਰਮ ਕਰ ਕੇ ਪਰੋਸਿਆ ਜਾਣ ਲੱਗ ਪਿਆ। ਇਨ੍ਹਾਂ ਡੱਬਿਆਂ ਵਿਚ ਬੰਦ ਬਰਿਆਨੀ, ਪਕਾ ਕੇ ਬੰਦ ਕੀਤੀਆਂ ਸਬਜ਼ੀਆਂ, ਫਰੂਟ ਆਦਿ ਸ਼ਾਮਲ ਸਨ।
ਸ਼ੁਰੂ ਵਿਚ ਤਾਂ ਇਹ ਸੁਆਦ ਲੱਗੇ ਪਰ ਜਿਉਂ ਜਿਉਂ ਦਿਨ ਲੰਘਦੇ ਗਏ, ਤਾਜ਼ੀ ਸਬਜ਼ੀਆਂ ਲਈ ਜੀਅ ਤਾਂਘਣ ਲੱਗ ਪਿਆ। ਹੌਲੀ ਹੌਲੀ ਅਚਾਰ, ਹਰੀਆਂ ਮਿਰਚਾਂ, ਨਿੰਬੂ ਆਦਿ ਵੀ ਮੈੱਸ ਤੋਂ ਲੁਪਤ ਹੋ ਗਏ। ਮੈੱਸ ਸਟਾਫ ਬੜੀ ਸ਼ਰਮਿੰਦਗੀ ਦੇ ਲਹਿਜੇ ਵਿਚ ਝਕਦਾ ਝਕਦਾ ਦੱਸਦਾ ਕਿ ਇਹ ਚੀਜ਼ਾਂ ਸਟਾਕ ਵਿਚ ਨਹੀਂ ਹਨ। ਕਦੀ ਸੋਚਿਆ ਨਹੀਂ ਸੀ ਕਿ ਨਿਗੂਣੀਆਂ ਲੱਗਣ ਵਾਲੀਆਂ ਇਨ੍ਹਾਂ ਵਸਤਾਂ ਦੀ ਲੋਕਾਂ ਉਤੇ ਪਕੜ ਇੰਨੀ ਮਜ਼ਬੂਤ ਹੈ। ਲੱਗਦਾ ਸੀ, ਲੋਕਾਂ ਦੀ ਭੁੱਖ ਪਹਿਲਾਂ ਵਰਗੀ ਨਹੀਂ ਰਹਿ ਗਈ ਸੀ।
ਮੈੱਸ ਸਟਾਫ ਆਪਣੀਆਂ ਸਿੱਖੀਆਂ ਪਕਵਾਨ-ਵਿਦਿਆ ਵਿਧੀਆਂ ਅਨੁਸਾਰ ਕਈ ਤਰੀਕੇ ਵਰਤਦਾ, ਭੋਜਨ ਵਿਚ ਵੰਨ-ਸਵੰਨਤਾ ਲਿਆਉਣ ਦਾ ਹਰ ਸੰਭਵ ਹੀਲਾ ਕਰਦਾ ਅਤੇ ਉਸ ਨੂੰ ਹੋਰ ਸੁਆਦਲਾ ਬਣਾਉਣ ਦੇ ਸਾਰੇ ਉਪਰਾਲੇ ਕਰਦਾ ਪਰ ਉਨ੍ਹਾਂ ਨੂੰ ਸਫਲਤਾ ਹੱਥ ਨਹੀਂ ਲੱਗ ਰਹੀ ਸੀ। ਉਨ੍ਹਾਂ ਦੇ ਸਾਰੇ ਯਤਨ ਅਤੇ ਹੱਥਕੰਡੇ ਅਸਫਲ ਹੋ ਰਹੇ ਸਨ।
ਉਪਰ ਲੜੀ ਜਾ ਰਹੀ ਲੜਾਈ ਦੇ ਅਪਰੇਸ਼ਨਾਂ ਲਈ ਭਾਵੇਂ ਪਿਆਜ਼, ਅਚਾਰ, ਹਰੀਆਂ ਮਿਰਚਾਂ, ਨਿੰਬੂ, ਅਦਰਕ ਆਦਿ ਜ਼ਰੂਰੀ ਵਸਤਾਂ ਦੀ ਫਹਿਰਿਸਤ ਵਿਚ ਨਹੀਂ ਆਉਂਦੇ ਸਨ ਪਰ ਇਨ੍ਹਾਂ ਦੀ ਅਣਹੋਂਦ ਮੈੱਸ ਵਿਚ ਬੜੀ ਰੜਕ ਰਹੀ ਸੀ। ਰੋਟੀ ਵਿਚੋਂ ਸੁਆਦ ਜਿਵੇਂ ਕਫੂਰ ਬਣ ਕੇ ਉਡ ਗਿਆ ਸੀ।
ਫਿਰ ਖਬਰ ਆਈ ਕਿ ਪੂਰਬੀ ਪਾਕਿਸਤਾਨ ਨੇ ਹਥਿਆਰ ਸੁੱਟ ਦਿੱਤੇ ਹਨ। ਭਾਰਤ ਦੀ ਜਿੱਤ ਹੋਈ। ਨਵੇਂ ਮੁਲਕ ਬੰਗਲਾਦੇਸ਼ ਦਾ ਜਨਮ ਹੋਇਆ। ਲੜਾਈ ਖਤਮ ਹੋ ਗਈ। ਤੋਪਾਂ ਦੀਆਂ ਗੜਗੜਾਹਟ ਅਤੇ ਮਸ਼ੀਨਗੰਨਾਂ ਦੇ ਫਾਇਰ ਬੰਦ ਹੋ ਗਏ। ਵਿਕਰਾਂਤ ਦੇ ਬਰੌਡਕਾਸਟ ਸਿਸਟਮ ਤੋਂ ਸੁਣਾਈਆਂ ਜਾਂਦੀਆਂ ਖਬਰਾਂ ਦੀ ਬੁਲੇਟਿਨ ਨੂੰ ਸਾਰੇ ਕੰਨ ਲਾ ਕੇ ਸੁਣਦੇ। ਜਿਹੜੀ ਲੜਾਈ ਸਾਡੇ ਰੋਮ ਰੋਮ ਵਿਚ ਵੜ ਗਈ ਸੀ ਅਤੇ ਸਾਡੇ ਦਿਲ-ਓ-ਦਿਮਾਗ਼ ਉਤੇ ਹਰ ਭਾਂਤ ਗਾਲਬ ਸੀ, ਉਸ ਦਾ ਭੂਤ ਸਾਡੇ ਅੰਦਰੋਂ ਹੌਲੀ ਹੌਲੀ ਨਿਕਲਣ ਲੱਗਾ।
ਆਮ ਸਾਧਾਰਨ ਲੋਕਾਂ ਵਾਂਗ ਜੀਵਨ ਦੇ ਨਿੱਕੇ ਨਿੱਕੇ ਆਹਰ ਸਾਨੂੰ ਫਿਰ ਦਿਸਣ ਲੱਗ ਪਏ ਅਤੇ ਉਨ੍ਹਾਂ ਵਿਚ ਸਾਡਾ ਮਨ ਇਕ ਵਾਰੀ ਫਿਰ ਦਿਲਚਸਪੀ ਲੈਣ ਲੱਗ ਪਿਆ। ਆਪਣੇ ਘਰ ਅਤੇ ਪਰਿਵਾਰ ਫਿਰ ਯਾਦ ਆਉਣ ਲੱਗ ਪਏ। ਲੋਕੀਂ ਆਪਣੇ ਘਰਾਂ ਨੂੰ ਸਨੇਹੀ ਚਿੱਠੀਆਂ ਲਿਖਣ ਲੱਗ ਪਏ ਅਤੇ ਘਰੋਂ ਆਉਂਦੀ ਚਿੱਠੀ ਵਾਲੀ ਡਾਕ ਦੀ ਤੀਬਰਤਾ ਨਾਲ ਉਡੀਕ ਕਰਨ ਲੱਗ ਪਏ।
ਦੋ ਤਿੰਨ ਦਿਨਾਂ ਬਾਅਦ ਸਾਨੂੰ ਪਤਾ ਲੱਗਾ ਕਿ ਵਿਕਰਾਂਤ ਦਾ ਇਕ ਹੈਲੀਕੌਪਟਰ ਡਾਕ ਲੈਣ ਚਿਟਾਗੌਂਗ ਜਾ ਰਿਹਾ ਹੈ। ਮੈੱਸ ਸਟਾਫ ਵੱਲੋਂ ਵਿਸ਼ੇਸ਼ ਦਰਖਾਸਤ ਆਈ ਕਿ ਇਹ ਹੈਲੀਕੌਪਟਰ ਆਉਂਦਾ ਹੋਇਆ ਥੋੜ੍ਹਾ ਜਿਹਾ ਅਚਾਰ ਅਤੇ ਤਾਜ਼ੇ ਮਸਾਲੇ ਦੀਆਂ ਕੁਝ ਹੋਰ ਚੀਜ਼ਾਂ ਵੀ ਖਰੀਦ ਲਿਆਵੇ। … ਤੇ ਸਮੁੰਦਰ ਵਿਚ ਡਿੱਗਿਆਂ ਜਾਂ ਗੁਆਚਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਬਚਾਉਣ ਦੇ ਆਪਣੇ ਰੋਲ ਲਈ ‘ਮਿਹਰਾਂ ਦਾ ਫਰਿਸ਼ਤਾ` ਨਾਂ ਨਾਲ ਬੁਲਾਇਆ ਜਾਂਦਾ ਹੈਲੀਕੌਪਟਰ ਦੋ ਘੰਟਿਆਂ ਬਾਅਦ ਚਿਟਾਗੌਂਗ ਤੋਂ ਅਚਾਰ ਦੇ ਦੋ ਪੀਪੇ ਲੈ ਆਇਆ। ਨਾਲ ਹੀ ਉਸ ਵਿਚ ਪਟਸਨ ਦੀ ਬੋਰੀ ਸੀ ਜਿਸ ਵਿਚ ਹਰੀਆਂ ਮਿਰਚਾਂ, ਨਿੰਬੂ, ਅਦਰਕ, ਟਮਾਟਰ, ਧਨੀਆ, ਪਿਆਜ਼ ਵਰਗੀਆਂ ਨਾਯਾਬ ਨੇਅਮਤਾਂ ਭਰੀਆਂ ਪਈਆਂ ਸਨ।
ਚਿਟਾਗੌਂਗ ਤੋਂ ਆਈ ਇਸ ਵਿਸ਼ੇਸ਼ ਸਮੱਗਰੀ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਉਸ ਦਿਨ ਮੈੱਸ ਸਟਾਫ ਨੇ ਖਾਸ ਮਿਹਨਤ ਕਰ ਕੇ ਬੜੇ ਚਾਅ ਅਤੇ ਉਦਮ ਨਾਲ ਰਾਤ ਦਾ ਭੋਜਨ ਤਿਆਰ ਕੀਤਾ ਅਤੇ ਤਾਜ਼ੇ ਕੱਟੇ ਪਿਆਜ਼, ਹਰੀਆਂ ਮਿਰਚਾਂ, ਨਿੰਬੂ, ਟਮਾਟਰ ਆਦਿ ਨਾਲ ਸੱਜੀਆਂ ਹਰੇ ਸਲਾਦ ਦੀਆਂ ਪਲੇਟਾਂ ਨਾਲ ਟੇਬਲ ਸਜਾਏ।
ਉਂਜ ਜਿਸ ਚੀਜ਼ ਉਤੇ ਸਭ ਦੀ ਨਜ਼ਰ ਸੀ, ਉਹ ਸੀ ਚਿਟਾਗੌਂਗ ਤੋਂ ਹੁਣੇ ਹੁਣੇ ਆਇਆ ਅਚਾਰ। ਮੈੱਸ ਵਿਚ ਖਾਣ ਵਾਲਿਆਂ ਦੇ ਵੀ ਅਤੇ ਖੁਆਉਣ ਵਾਲਿਆਂ ਦੇ ਵੀ ਚਿਹਰੇ ਖਿੜੇ ਪਏ ਸਨ ਅਤੇ ਭੁੱਖ ਇਕ ਵਾਰ ਫਿਰ ਚਮਕ ਪਈ ਸੀ।
ਹੋ ਸਕਦਾ ਹੈ, ਅੰਬ ਦੇ ਅਚਾਰ ਦੇ ਉਹ ਦੋ ਪੀਪੇ ਨਵੇਂ ਬਣੇ ਮੁਲਕ ਬੰਗਲਾਦੇਸ਼ ਤੋਂ ਭਾਰਤ ਨੂੰ ਪਹਿਲੀ ਬਰਾਮਦ ਹੋਣ ਪਰ ਸਾਡੇ ਦਿਲ ਅਤੇ ਦਿਮਾਗ ਨੂੰ ਅਜਿਹੀਆਂ ਬੇਅਰਥ, ਵਾਧੂ ਅਤੇ ਫਜ਼ੂਲ ਸੋਚਾਂ ਦੀ ਕੋਈ ਵਿਹਲ ਨਹੀਂ ਸੀ। ਭਵਿੱਖ ਵਿਚ ਖੋਜੀ ਇਤਿਹਾਸਕਾਰ ਇਨ੍ਹਾਂ ਗੂੜ੍ਹ ਮਸਲਿਆਂ ਉਤੇ ਰੋਸ਼ਨੀ ਪਾ ਕੇ ਅਜਿਹੇ ਸਵਾਲਾਂ ਦੇ ਜਵਾਬ ਦੇ ਸਕਦੇ ਸਨ। ਸਾਡੇ ਸਾਹਮਣੇ ਗਰਮਾ-ਗਰਮ ਪਰੌਂਠੇ ਅਤੇ ਨਾਲ ਬੰਗਲਾਦੇਸ਼ ਤੋਂ ਆਇਆ ਅੰਬ ਦਾ ਕਰਾਰਾ ਅਚਾਰ ਪਰੋਸੇ ਪਏ ਸਨ। ਦੋਹਾਂ ਦੇ ਸੁਮੇਲ ਅਤੇ ਉਨ੍ਹਾਂ ਦੀ ਸੁਭਾਨ ਜੋੜੀ ਦਾ ਆਪਣਾ ਹੀ ਸੁਆਦ ਸੀ, ਆਪਣਾ ਹੀ ਆਨੰਦ ਸੀ।