ਬੇਅਦਬੀ ਮਾਮਲਿਆਂ `ਤੇ ਮਾਹੌਲ ਭਖਿਆ

ਤਾਜ਼ਾ ਘਟਨਾਵਾਂ ਨੇ ਲੋਕ ਝੰਜੋੜੇ; ਸਰਕਾਰਾਂ ਦੀ ਨਾਲਾਇਕੀ `ਤੇ ਫਿਰ ਸਵਾਲ
ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਅਤੇ ਕਪੂਰਥਲਾ ਜ਼ਿਲ੍ਹੇ ਦੇ ਇਕ ਗੁਰਦੁਆਰੇ ਵਿਚ ਬੇਅਦਬੀ ਦੇ ਯਤਨ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੋਵਾਂ ਧਾਰਮਿਕ ਸਥਾਨਾਂ ਉਤੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਮੌਕੇ ਉਤੇ ਹੀ ਕੁੱਟ-ਕੁੱਟ ਹੱਤਿਆ ਕਰ ਦਿੱਤੀ ਗਈ। ਭੀੜ ਨੇ ਮੁਲਜ਼ਮਾਂ ਨੂੰ ਪੁਲਿਸ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੂੰ ਪਾਗਲ ਦੱਸ ਕੇ ਛੱਡ ਦਿੱਤਾ ਜਾਵੇਗਾ। ਇਸ ਘਟਨਾ ਤੋਂ ਤਿੰਨ ਦਿਨ ਪਹਿਲਾਂ ਹੀ ਇਕ ਨੌਜਵਾਨ ਨੇ ਇਥੇ (ਹਰਿਮੰਦਰ ਸਾਹਿਬ) ਸਰੋਵਰ ਵਿਚ ਗੁਟਕਾ ਸੁੱਟ ਦਿੱਤਾ ਸੀ।

ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਬੇਅਦਬੀ ਦੀਆਂ ਇਕਦਮ ਵਧੀਆਂ ਘਟਨਾਵਾਂ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ। ਬੇਅਦਬੀਆਂ ਦਾ ਇਹ ਸਿਲਸਲਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ 2015 ਵਿਚ ਸ਼ੁਰੂ ਹੋਇਆ ਸੀ। ਉਸ ਸਮੇਂ ਵਿਧਾਨ ਸਭਾ ਚੋਣਾਂ ਵਿਚ ਡੇਢ ਕੁ ਸਾਲ ਦਾ ਸਮਾਂ ਬਚਿਆ ਸੀ ਤੇ ਅਕਾਲੀ ਦਲ ਵਾਅਦਾਖਿਲਾਫੀਆਂ ਅਤੇ ਡੇਰੇ ਸਿਰਸਾ ਮੁਖੀ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਦੇ ਮੁੱਦੇ ਉਤੇ ਬੁਰੀ ਤਰ੍ਹਾਂ ਘਿਰਿਆ ਹੋਇਆ ਸੀ। 2015 ਦੇ ਅੱਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰੀਆਂ।
ਇਸ ਤੋਂ ਬਾਅਦ ਇਨਸਾਫ ਲਈ ਰੋਹ ਵਿਚ ਆਈ ਸੰਗਤ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਬਹਿਬਲ ਕਲਾਂ ਵਿਚ ਪੁਲਿਸ ਦੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਪਿੱਛੋਂ ਦੋ ਜਾਂਚ ਕਮਿਸ਼ਨ ਬਣੇ, ਜਾਂਚ ਸੀ.ਬੀ.ਆਈ. ਹਵਾਲੇ ਵੀ ਕੀਤੀ ਗਈ ਪਰ ਅੱਜ ਤੱਕ ਇਨਸਾਫ ਦੀ ਉਡੀਕ ਹੋ ਰਹੀ ਹੈ। ਗੋਲੀਬਾਰੀ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅੱਜ ਵੀ ਧਰਨੇ ਉਤੇ ਬੈਠੇ ਹਨ।
ਇਸ ਮਾਮਲੇ ਵਿਚ ਸਰਕਾਰੀ ਨਾਲਾਇਕੀ ਦੀ ਇਕ ਹੋਰ ਉਦਾਹਰਨ ਇਹ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਸਬੰਧੀ ਪੰਜਾਬ ਵਿਧਾਨ ਸਭਾ ‘ਚ ਪਾਸ ਹੋਏ ਬਿੱਲ 2018 ਤੋਂ ਲਟਕੇ ਹੋਏ ਹਨ। ਇਨ੍ਹਾਂ ਬਿੱਲਾਂ ਨੂੰ ਪੰਜਾਬ ਦੇ ਰਾਜਪਾਲ ਵੱਲੋਂ 12 ਅਗਸਤ, 2018 ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਇਹ ਬਿੱਲ ਮਨਜ਼ੂਰੀ ਲਈ ਭਾਰਤ ਦੇ ਰਾਸ਼ਟਰਪਤੀ ਦੇ ਕੋਲ ਅਕਤੂਬਰ, 2018 ਤੋਂ ਪੈਂਡਿੰਗ ਹਨ। ਹੁਣ ਮਾੜੀਆਂ ਘਟਨਾਵਾਂ ਵਾਪਰਨ ਪਿੱਛੋਂ ਪੰਜਾਬ ਸਰਕਾਰ ਕੇਂਦਰ ਨੂੰ ਚਿੱਠੀਆਂ ਪਾ ਰਹੀ ਹੈ ਕਿ ਇਹ ਬਿੱਲਾਂ ਉਤੇ ਛੇਤੀ ਸਹੀ ਪਾਈ ਜਾਵੇ।
ਤਾਜ਼ਾ ਘਟਨਾਵਾਂ ਪਿੱਛੋਂ ਸਵਾਲ ਇਹ ਉਠ ਰਹੇ ਹਨ ਕਿ ਜੇ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਤਾਂ ਸ੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ਵਿਖੇ ਬੇਅਦਬੀ ਦੀ ਬੱਜਰ ਘਟਨਾ ਨਾ ਵਾਪਰਦੀ। ਦੂਜੇ ਪਾਸੇ ਬੇਅਦਬੀ ਦੀਆਂ ਘਟਨਾਵਾਂ ਵਿਚ ਇਕਦਮ ਵਾਧਾ ਵੀ ਕੋਈ ਸਾਜ਼ਿਸ਼ੀ ਇਸ਼ਾਰਾ ਕਰ ਕਰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੇ ਯਤਨ ਦੀ ਸਾਹਮਣੇ ਆਈ ਵੀਡੀਓ ਤੋਂ ਸਾਫ ਜਾਪ ਰਿਹਾ ਹੈ ਕਿ ਮੁਲਜ਼ਮ ਕਿਸੇ ਵੱਡੀ ਸਾਜ਼ਿਸ਼ ਤਹਿਤ ਇਥੇ ਪੁੱਜਿਆ ਸੀ। ਸੀ.ਸੀ.ਟੀ.ਵੀ. ਕੈਮਰਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਘਟਨਾ ਤੋਂ ਇਕ ਦਿਨ ਪਹਿਲਾਂ ਵੀ ਦਰਬਾਰ ਸਾਹਿਬ ਦੇ ਅੰਦਰ ਹੀ ਸੀ। ਉਹ ਸ਼ੱਕੀ ਢੰਗ ਨਾਲ ਘੁੰਮਦਾ ਰਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਦਾਅਵਾ ਹੈ ਕਿ ਬੇਅਦਬੀ ਦਾ ਯਤਨ ਕਰਨ ਵਾਲੇ ਵਿਅਕਤੀ ਨੂੰ ਟਾਸਕ ਫੋਰਸ ਤੇ ਕਰਮਚਾਰੀਆਂ ਵੱਲੋਂ ਦੋ-ਤਿੰਨ ਵਾਰ ਦਰਸ਼ਨੀ ਡਿਉਢੀ ਤੋਂ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਇਕ ਵਾਰ ਟਾਸਕ ਫੋਰਸ ਨੇ ਉਸ ਕੋਲੋਂ ਪੁੱਛ-ਗਿੱਛ ਵੀ ਕੀਤੀ ਸੀ ਪਰ ਸ਼ਾਮ ਨੂੰ ਟਾਸਕ ਫੋਰਸ ਦੀ ਡਿਊਟੀ ਬਦਲਣ ਮਗਰੋਂ ਇਹ ਵਿਅਕਤੀ ਝਕਾਨੀ ਦੇ ਕੇ ਸੱਚਖੰਡ ਦੇ ਅੰਦਰ ਮੁੜ ਦਾਖਲ ਹੋ ਗਿਆ ਸੀ।
ਇਸ ਨੌਜਵਾਨ ਵੱਲੋਂ ਘਟਨਾ ਵੇਲੇ ਵਰਤੀ ਗਈ ਫੁਰਤੀ ਤੋਂ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਸ ਮਾੜੇ ਕਾਰੇ ਲਈ ਵਿਸ਼ੇਸ਼ ਟਰੇਨਿੰਗ ਲਈ ਹੋਈ ਸੀ। ਉਹ ਇਕ-ਅੰਧੇ ਸੈਕਿੰਡ ਵਿਚ ਹੀ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਥਾਂ ਪੁੱਜ ਗਿਆ ਤੇ ਫੁਰਤੀ ਨਾਲ ਸ੍ਰੀ ਸਾਹਿਬ ਚੁੱਕ ਲਈ। ਉਹ ਇਸ ਤੋਂ ਅੱਗੇ ਕੁਝ ਕਰਦਾ, ਉਥੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਗੁੱਸੇ ਵਿਚ ਆਈ ਸੰਗਤ ਨੇ ਉਸ ਨੂੰ ਪੁਲਿਸ ਹਵਾਲੇ ਕਰਨ ਦੀ ਥਾਂ ਖੁਦ ਹੀ ਕੁੱਟ-ਕੁੱਟ ਮਾਰ ਮੁਕਾਇਆ। ਸਾਰੀ ਘਟਨਾ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ‘ਚ ਬੈਠੇ ਗ੍ਰੰਥੀ ਸਿੰਘ ਵੱਲੋਂ ਪਾਠ ਨਿਰੰਤਰ ਜਾਰੀ ਰੱਖਿਆ ਗਿਆ।
ਸ੍ਰੀ ਦਰਬਾਰ ਸਾਹਿਬ ‘ਚ ਬੇਅਦਬੀ ਦੇ ਅਗਲੇ ਹੀ ਦਿਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਨੇੜਲੇ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਵਿਚ ਤਕੜਸਾਰ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਗੁੱਸੇ ਵਿਚ ਆਏ ਲੋਕਾਂ ਨੇ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੋਕਾਂ ਨੇ ਇਹ ਆਖ ਕੇ ਮੁਲਜ਼ਮ ਨੂੰ ਪੁਲਿਸ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਕਿ ਉਸ ਨੂੰ ਪਾਗਲ ਕਹਿ ਕੇ ਛੱਡ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਘਟਨਾਵਾਂ ਦੇ ਮੁਲਜ਼ਮਾਂ ਦੀ ਪਛਾਣ ਪੁਲਿਸ ਲਈ ਚੁਣੌਤੀ ਬਣੀ ਹੋਈ ਹੈ।ਦੋਵਾਂ ਮੁਲਜ਼ਮਾਂ ਕੋਲੋਂ ਕੋਈ ਵੀ ਪਛਾਣ ਪੱਤਰ ਜਾਂ ਮੋਬਾਇਲ ਨਹੀਂ ਮਿਲਿਆ ਹੈ। ਇਥੋਂ ਤੱਕ ਕਿ ਬਾਇਓਮੀਟ੍ਰਿਕ ਵਿਧੀ ਰਾਹੀਂ ਪਛਾਣ ਦਾ ਯਤਨ ਵੀ ਅਸਫਲ ਰਿਹਾ। ਹੁਣ ਪੁਲਿਸ ਨੇ ਇਸ ਮਾਮਲੇ ਵਿਚ ਇਸ ਵਿਅਕਤੀ ਦੀ ਸ਼ਨਾਖ਼ਤ ਲਈ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ। ਹੁਣ ਤੱਕ ਦੀ ਜਾਂਚ ਤੇ ਸੀ.ਸੀ.ਟੀ.ਵੀ. ਫੁਟੇਜ਼ ਇਹੀ ਇਸ਼ਾਰਾ ਕਰ ਰਹੀਆਂ ਹਨ ਕਿ ਇਹ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਸਰਕਾਰ ਭਾਵੇਂ ਦਾਅਵੇ ਕਰ ਰਹੀ ਹੈ ਕਿ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਨਿਰਪੱਖ ਜਾਂਚ ਹੋਵੇਗੀ ਪਰ ਪਿਛਲਾ ਤਜਰਬਾ ਸਰਕਾਰਾਂ ਦੀ ਨੀਅਤ ਉਤੇ ਵੱਡੇ ਸਵਾਲ ਵੀ ਖੜ੍ਹੇ ਕਰਦਾ ਹੈ।
ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ: ਜਥੇਦਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਦੇ ਇਕ ਟਵੀਟ ਦਾ ਜਵਾਬ ਦਿੰਦਿਆਂ ਆਖਿਆ ਕਿ ਸਿੱਖ ਕੌਮ ਨੂੰ ਮਾਨਸਿਕ ਪਰੇਸ਼ਾਨੀ ਦੇਣ ਵਾਲੀਆਂ ਇਹ ਬੇਅਦਬੀ ਦੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਅਤੇ ਸਿੱਖਾਂ ਨੂੰ ਇਨਸਾਫ ਦੇਣ ਵਿਚ ਸਰਕਾਰਾਂ ਅਸਮਰੱਥ ਰਹੀਆਂ ਹਨ। ਕਾਂਗਰਸੀ ਆਗੂ ਨੇ ਆਖਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮਾਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਜੁਆਬ ਵਿਚ ਜਥੇਦਾਰ ਨੇ ਆਖਿਆ ਕਿ 1947 ਤੋਂ ਬਾਅਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਸਿੱਖ ਮਰਿਆਦਾ, ਸਿੱਖ ਧਰਮ ਅਸਥਾਨ, ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ‘ਤੇ ਹਮਲੇ ਹੋ ਰਹੇ ਹਨ। ਸਰਕਾਰੀ ਸਰਪ੍ਰਸਤੀ ਹੇਠ ਇਨ੍ਹਾਂ ਹਮਲਾਵਰ ਦੋਖੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਪੁਸ਼ਤ-ਪਨਾਹੀ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਸਿੱਖਾਂ ਨੂੰ ਮਾਨਸਿਕ ਪੀੜਾ ਦਿੱਤੀ ਹੈ।