ਮਿੱਤਰ ਪਿਆਰੇ ਦੇ ਦਰਬਾਰ, ਪਹੁੰਚਿਆ ਸਾਈਕਲ ਦਾ ਅਸਵਾਰ

ਤਰਲੋਚਨ ਸਿੰਘ ‘ਦੁਪਾਲਪੁਰ’
ਫੋਨ: 408-915-1268
ਸਿਆਲ਼ ਰੁੱਤੇ ਅਕਸਰ ਮੈਂ ਅਮਰੀਕਾ ਤੋਂ ਪੰਜਾਬ ਆਪਣੇ ਪਿੰਡ ਦੁਪਾਲਪੁਰ ਆ ਜਾਂਦਾ ਹਾਂ। ਇੰਜ ਹੀ ਸੰਨ 2019 ਵਿਚ ਦਸੰਬਰ ਦੇ ਪਹਿਲੇ ਹਫਤੇ ਮੈਂ ਪਿੰਡ ਪਹੁੰਚ ਗਿਆ। ਸੋਚ ਕੇ ਤਾਂ ਮੈਂ ਅਮਰੀਕਾ ਤੋਂ ਹੀ ਤੁਰਿਆ ਸਾਂ ਕਿ ਇਸ ਵਾਰ ਗੁਰਦੁਆਰਾ ਮਾਛੀਵਾੜਾ ਸਾਹਿਬ ਦੀ ਸਾਲਾਨਾ ‘ਸਭਾ’ `ਚ ਜ਼ਰੂਰ ਜਾਣਾ ਹੈ ਪਰ ਨੌਂ ਪੋਹ ਦਾ ‘ਸਭਾ’ ਵਾਲ਼ਾ ਦਿਨ ਨੇੜੇ ਆਉਂਦਾ ਦੇਖ ਕੇ ਮੈਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਐਤਕੀਂ ਬਿਲਕੁਲ ਉਵੇਂ ਹੀ ਇਸ ਯਾਤਰਾ `ਤੇ ਜਾਇਆ ਜਾਵੇ, ਜਿਵੇਂ ਸਾਡਾ ਬਾਪ ਹਰ ਸਾਲ ਸਾਨੂੰ ਸਾਈਕਲ ’ਤੇ ਲਿਜਾਂਦਾ ਹੁੰਦਾ ਸੀ।

ਇਸ ਸੋਚ ਨੂੰ ਅਮਲ ਵਿਚ ਲਿਆਉਣ ਲਈ ਮੈਂ ‘ਰਿਹਰਸਲ’ ਕਰਨ ਵਾਂਗ ਸਵੇਰੇ-ਸਵੇਰੇ ਪੈਦਲ ‘ਵਾਕ’ ਕਰਨ ਦੀ ਥਾਂ ਸਾਈਕਲ ’ਤੇ ਸੈਰ ਕਰਨੀ ਅਰੰਭੀ। ਭਾਵੇਂ 17 ਸਾਲਾਂ ਤੋਂ ਅਮਰੀਕਾ ਵੱਸਣ ਦੌਰਾਨ ਸਾਈਕਲ ਮੈਥੋਂ ਛੁੱਟ ਹੀ ਗਿਆ ਸੀ ਪਰ ਪਿੰਡ ਰਹਿੰਦਿਆਂ 40-45 ਸਾਲਾਂ ਦੀ ਉਮਰ ਤਕ ਸਾਈਕਲ ਖੂਬ ਚਲਇਆ ਹੋਣ ਸਦਕਾ ਮੈਂ ਦੋ-ਚਾਰ ਦਿਨ ਵਿਚ ਹੀ ਸਾਈਕਲ ਚਲਾਉਣ `ਚ ਰਵਾਂ ਹੋ ਗਿਆ।
ਲਉ ਜੀ ਆ ਗਿਆ ਨੌਂ ਪੋਹ ਦਾ ਦਿਨ। ਮੈਂ ਇਸ ਡਰੋਂ ਆਪਣੇ ਪਰਿਵਾਰ ਨੂੰ ਵੀ ਨਾ ਦੱਸਿਆ ਕਿ ਇਨ੍ਹਾਂ ਨੇ ਮੈਨੂੰ ਰੋਕ ਦੇਣਾ ਹੈ ਕਿ ਤੁਸੀਂ 15-20 ਮੀਲ ਸਾਈਕਲ ਚਲਾ ਕੇ ਏਡੀ ਦੂਰ ਨਾ ਜਾਓ। ਸੋ ਮੈਂ ਸੁਵਖਤੇ ਚਾਹ ਪੀ ਕੇ ਆਪਣੇ ਪਿੰਡੋਂ ਦੋ-ਤਿੰਨ ਕੁ ਮੀਲ ਦੂਰ ਵਗਦੇ ਦਰਿਆ ਸਤਿਲੁਜ ਕੰਢੇ ਪਹੁੰਚ ਗਿਆ।ਭਾਵੇਂ ਦਰਿਆ ’ਤੇ ਰਾਹੋਂ-ਖੰਨਾ ਸਮਰਾਲੇ ਵਾਲ਼ਾ ਪੁਲ਼ ਵੀ ਸਾਡੇ ਪਿੰਡੋਂ ਬਹੁਤੀ ਦੂਰ ਨਹੀਂ ਪਰ ਮੇਰੀ ਰੀਝ ਉਹੀ ਬਚਪਨ ਦੀ ਯਾਤਰਾ ਵਾਲ਼ੀ ਹੀ ਸੀ ਕਿ ਉਵੇਂ ਹੀ ਬੇੜੀ ਵਿਚ ਬਹਿ ਕੇ ਦਰਿਆ ਪਾਰ ਕਰਨਾ ਹੈ। ਦੋ ਕੁ ਦਿਨ ਪਹਿਲਾਂ ਸੈਰ ਕਰਨ ਆਇਆ ਮੈਂ ਦਰਿਆ ਕੰਢੇ ਬੰਨ੍ਹੀ ਬੇੜੀ ਦੇਖ ਗਿਆ ਸਾਂ। ਜਦੋਂ ਸਾਈਕਲ ਫੜ ਕੇ ਬੰਨ੍ਹ ਤੋਂ ਉਤਰ ਕੇ ਮੈਂ ਦਰਿਆ ਦੀ ਚੁਆੜ ਵੱਲ ਨੂੰ ਜਾ ਰਿਹਾ ਸਾਂ ਤਾਂ ਮੈਂ ਦੇਖਿਆ ਕਿ ਬੇੜੀ ਦੂਜੇ ਪਾਸਿਓਂ ਮੇਰੇ ਵੱਲ ਨੂੰ ਆ ਰਹੀ ਸੀ ਤੇ ਉਹਦੇ ਵਿਚ ਤਿੰਨ ਸਵਾਰ ਸਨ, ਇਕ ਜਣਾ ਵੰਝ ਨਾਲ ਬੇੜੀ ਚਲਾ ਰਿਹਾ ਸੀ ਤੇ ਦੋ ਫੱਟੇ ’ਤੇ ਬੈਠੇ ਸਨ। ਕੰਢੇ ਆ ਲੱਗੀ ਬੇੜੀ ਵਿਚ ਬਹਿਣ ਲਈ ਜਦ ਮੈਂ ਆਪਣੇ ਸਾਈਕਲ ਨੂੰ ਹੱਥ ਪਾਇਆ ਤਾਂ ਉਹ ਤਿੰਨੋਂ ਜਣੇ ਜੱਕੋ-ਤੱਕੀ ਜਿਹੀ ’ਚ ਪਏ ਮੇਰੇ ਵੱਲ ਝਾਕਣ ਲੱਗੇ। ਇਕ ਜਣਾ ਮੈਨੂੰ ਕਹਿੰਦਾ ਕਿ ਸਰਦਾਰ ਜੀ ਇਹ ਬੇੜੀ ਮੁਸਾਫਿਰ ਆਰ-ਪਾਰ ਲੰਘਾਉਣ ਲਈ ਨਹੀਂ, ਇਹ ਤਾਂ ਅਸੀਂ ਸਿਰਫ ਆਪਣੀ ਵਰਤੋਂ ਲਈ ਹੀ ਰੱਖੀ ਹੋਈ ਹੈ। ਅਸਲ ਵਿਚ ਉਹ ਵਿਚਾਰੇ ਦਿਹਾੜੀਦਾਰ ਮਜ਼ਦੂਰ ਸਨ, ਜੋ ਪਾਰੋਂ ਉਰਲੇ ਪਾਸੇ ਖੇਤੀਬਾੜੀ ਦੇ ਕੰਮਾਂ ਲਈ ਮਜ਼ਦੂਰੀ ਕਰਨ ਆਉਂਦੇ ਸਨ। ਉਨ੍ਹਾਂ ਦੱਸਿਆ ਕਿ ਮਾਛੀਵਾੜੇ ਵੱਲ ਜਾਣ ਵਾਲ਼ੇ ਲੋਕ ਹੁਣ ਪੁਲ਼ ਤੋਂ ਹੀ ਜਾਂਦੇ ਹਨ, ਬੇੜੀ ਰਾਹੀਂ ਨਹੀਂ। ਮੈਂ ਉਨ੍ਹਾਂ ਨੂੰ ਆਪਣੇ ਅਣਜਾਣ ਹੋਣ ਬਾਰੇ ਦੱਸਦਿਆਂ ਪੂਰੀ ਗੱਲ ਦੱਸੀ ਕਿ ਮੇਰੀ ਰੀਝ ਸੀ ਬਚਪਨ ਵਾਂਗ ਬੇੜੀ ’ਚ ਬਹਿ ਕੇ ਦਰਿਆ ਪਾਰ ਕਰਨ ਦੀ।
ਮੇਰੇ ਗੁਰਦੁਆਰਾ ਸਾਹਿਬ ਜਾਣ ਬਾਰੇ ਸੁਣ ਕੇ ਉਨ੍ਹਾਂ ’ਚੋਂ ਦੋ ਜਣੇ, ਬੇੜੀ ’ਚ ਖੜ੍ਹੇ ਆਪਣੇ ਸਾਥੀ ਨੂੰ ਕਹਿੰਦੇ ਕਿ ਜਾਹ ਬਈ ਸਰਦਾਰ ਜੀ ਕੋ ਛੋੜ ਕਰ ਆ। ਜਦ ਮੈਂ ਦੂਸਰੇ ਕੰਢੇ ਬੇੜੀ ’ਚੋਂ ਉਤਰ ਕੇ ਮਲਾਹ ਨੂੰ ਭਾੜਾ ਦੇਣ ਲਈ ਜੇਬ ’ਚੋਂ ਬਟੂਆ ਕੱਢਣ ਲੱਗਾ ਤਾਂ ਦੂਸਰੇ ਕੰਢੇ ਬੀੜੀਆਂ ਪੀ ਰਹੇ ਉਹ ਦੇ ਸਾਥੀ ਉੱਚੀ ਦੇਣੀ ਬੋਲੇ ਕਿ ਸਰਦਾਰ ਜੀ ਸੇ ਪੈਸੇ ਮਤ ਲੇਨਾ, ਯੇਹ ਗੁਰਦੁਆਰੇ ਜਾ ਰਹੇ ਹੈਂ, ਓਥੇ ‘ਸਾਡਾ’ ਵੀ ਮਾਥਾ ਟੇਕ ਦੇਨਾ। ਮੈਂ ਬਦੋ-ਬਦੀ ਬੇੜੀ ਵਾਲ਼ੇ ਨੂੰ ਸੌ ਰੁਪਏ ਦਾ ਨੋਟ ਫੜਾਵਾਂ ਪਰ ਉਹ ਵਾਰ-ਵਾਰ ਇਨਕਾਰ ਕਰੀ ਜਾਵੇ। ਨਾਂਹ-ਨਾਂਹ ਕਰਦਿਆਂ ਮੈਂ ਮੱਲੋ-ਮੱਲੀ ਸੌ ਰੁਪਏ ਉਸ ਦੀ ਜੇਬ ਵਿਚ ਪਾ ਦਿਤੇ। ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਦੂਜੇ ਪਾਸੇ ਖੜ੍ਹੇ ਉਹਦੇ ਦੋਵੇਂ ਸਾਥੀ ‘ਦੁਹਾਈਆਂ’ ਦੇਣ ਵਾਂਗ ਪੈਸੇ ਮੋੜਨ ਲਈ ਰੌਲ਼ਾ ਪਾ ਰਹੇ ਸਨ। ਉਨ੍ਹਾਂ ਦੇ ਇਸ ਸਤਿਕਾਰ ਭਰੇ ਵਿਹਾਰ ਬਾਰੇ ਸੋਚਦਿਆਂ ਮੈਂ ਇਸ ਕਦਰ ਮੋਹ ਨਾਲ਼ ਭਰ ਗਿਆ ਕਿ ਛੇ-ਸੱਤ ਖੇਤਾਂ ਵਿਚ ਫੈਲੇ ਰੇਤੇ ’ਚ ਸਾਈਕਲ ਖਿੱਚਦਿਆਂ ਮੈਨੂੰ ਭੋਰਾ ਵੀ ਔਖ ਮਹਿਸੂਸ ਨਾ ਹੋਈ!
ਦਰਿਆ ਦੇ ਦੂਸਰੇ ਪਾਸੇ ਸਥਿਤ ਪਿੰਡ ਈਸਾਪੁਰ ਤੋਂ ਅੱਗੇ ਪੱਕੀ ਸੜਕ ਆ ਗਈ ਤੇ ਮੈਂ ਸਾਈਕਲ ’ਤੇ ਸਵਾਰ ਹੋ ਗਿਆ। ਪਿੰਡ ’ਚੋਂ ਲੰਘਦਿਆਂ ਮੈਨੂੰ ਯਾਦ ਆਇਆ ਕਿ ਬਚਪਨ ਵੇਲੇ ਇਸ ਪਿੰਡ ਦੇ ਦੁਆਬੇ ਨਾਲ਼ੋਂ ਵੱਖਰੇ ਮਧਰੇ ਜਿਹੇ
ਨਲ਼ਕੇ ਦੇਖ ਕੇ ਸਾਨੂੰ ਇੰਜ ਲੱਗਣਾ ਜਿਵੇਂ ਦਰਿਆ ਟੱਪ ਕੇ ਅਸੀਂ ‘ਕਿਸੇ ਹੋਰ ਹੀ ਦੇਸ’ ਵਿਚ ਪਹੁੰਚ ਗਏ ਹੋਈਏ, ਪਰ ਹੁਣ ਤਾਂ ਇੱਥੇ ਵੀ ਸ਼ਾਇਦ ਪਾਣੀ ਨੀਵਾਂ ਚਲਾ ਗਿਆ ਹੋਣ ਕਰਕੇ ਨਲ਼ਕੇ ਵੱਡ-ਵੱਡੇ ਸਾਡੇ ਪਿੰਡਾਂ ਵਰਗੇ ਹੀ ਦਿਸੇ। ਆਪਣੇ ਬਾਪ ਦੀ ਛਤਰ-ਛਾਇਆ ਹੇਠ ਜੋੜ ਮੇਲਿਆਂ ਦੀ ਕੀਤੀ ਹੋਈ ਯਾਤਰਾ ਦੇ ਪੁਰਾਣੇ ਵੇਲੇ ਚੇਤੇ ਕਰ ਕੇ
‘ਵਾਹਿਗੁਰੂ ਵਾਹਿਗੁਰੂ’ ਕਰਦਾ ਮੈਂ ਅਗਲੇ ਪਿੰਡ ਲੁਬਾਣਗੜ੍ਹ ਪਹੁੰਚ ਗਿਆ। ਮੈਂ ਸੋਚਿਆ ਸੀ ਕਿ ਆਪਣੇ ਨਾਮ ਨਾਲ ‘ਲੁਬਾਣਗੜ੍ਹੀਆ’ ਲਾਉਣ ਵਾਲਾ ਮੇਰਾ ਇਕ ਫੇਸ-ਬੁੱਕੀ ਦੋਸਤ ਪਿੰਡ ਵਿਚ ਰਹਿੰਦਾ ਹੋਵੇਗਾ ਪਰ ਜਦ ਮੈਂ ਉਸ ਨੂੰ ‘ਸਰਪ੍ਰਾਈਜ਼’ ਦੇਣ ਲਈ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਤਾਂ ਆਪਣੇ ਕਾਰੋਬਾਰ ਕਾਰਨ ਲੁਧਿਆਣੇ ਰਹਿੰਦਾ ਹੈ। ਉਸ ਨੇ ਪਿੰਡ ਰਹਿੰਦੀ ਆਪਣੀ ਛੋਟੀ ਭਰਜਾਈ ਨੂੰ ਵੀ ਫੋਨ ਕਰ ਦਿੱਤਾ ਅਤੇ ਮੈਨੂੰ ਘਰੋਂ ਚਾਹ-ਪਾਣੀ ਛਕ ਕੇ ਜਾਣ ਦੀ ਤਾਕੀਦ ਕਰ ਦਿੱਤੀ। ਪੰਦਰਾਂ-ਸੋਲ਼ਾਂ ਮੀਲ ਸਾਈਕਲ ਚਲਾ ਕੇ ਮੈਂ ਥੱਕਿਆ ਪਿਆ ਸਾਂ, ਸੋ ਲੁਬਾਣਗੜ੍ਹੀਏ ਦੋਸਤ ਦੇ ਘਰ ਗਰਮ-ਗਰਮ ਚਾਹ ਪੀ ਕੇ ਮੇਰੀ ਸਾਰੀ ਥਕਾਵਟ ਲਹਿ ਗਈ।
ਹੁਣ ਮੇਰੀ ਮੰਜ਼ਿਲ ਵੀ ਬਹੁਤੀ ਦੂਰ ਨਹੀਂ ਸੀ ਰਹਿ ਗਈ। ਇੱਥੋਂ ਪੰਜ ਕੁ ਮੀਲ ਦੂਰ ਰਹਿ ਗਿਆ ਸੀ ਮਾਛੀਵਾੜਾ ਸਾਹਿਬ। ਇਕ ਛੋਟਾ ਜਿਹਾ ਹੋਰ ਪਿੰਡ ਲੰਘ ਕੇ ਜਿਉਂ ਹੀ ਮੈਂ ਰਾਹੋਂ-ਮਾਛੀਵਾੜਾ ਰੋਡ ’ਤੇ ਚੜ੍ਹਿਆ ਮਾਛੀਵਾੜੇ ਵੱਜ ਰਹੀਆਂ ਢੱਡ-ਸਾਰੰਗੀਆਂ ਅਤੇ ਵਾਰਾਂ ਮੇਰੇ ਕੰਨੀਂ ਪੈਣ ਲੱਗੀਆਂ। ਸੜਕ ਉੱਤੇ ਸੰਗਤ ਨਾਲ ਭਰੀਆਂ ਟਰੈਕਟਰ-ਟਰਾਲੀਆਂ ਦੀ ਰੌਣਕ ਵੀ ਵਾਹਵਾ ਦਿਸਣ ਲੱਗੀ। ਆਵਾਜਾਈ ਦੇ ਵੱਖ-ਵੱਖ ਸਾਧਨਾਂ ਰਾਹੀਂ ਗੁਰੂ ਦਸਮੇਸ਼ ਪਿਤਾ ਨੂੰ ਨਤਮਸਤਕ ਹੋਣ ਜਾ ਰਹੀ ਸੰਗਤ ਵਿਚ ਮੇਰੇ ਸਾਈਕਲ ਦੀ ਵੀ ਸ਼ਮੂਲੀਅਤ ਹੋ ਗਈ।
ਮਾਛੀਵਾੜੇ ਲਾਗੇ ਜਾ ਕੇ ਗੰਨੇ ਦੀ ਰਹੁ ਵਾਲ਼ੇ ਪਹਿਲੇ ਲੰਗਰ ਵਿਚ ਦੋ ਬਾਟੀਆਂ ਰਹੁ ਦੀਆਂ ਛਕ ਕੇ ਹਾਜ਼ਰੀ ਲਾਈ।ਸ਼ਹਿਰ ’ਚ ਦਾਖਲ ਹੁੰਦਿਆਂ ਹੀ ਕਾਫੀ ਭੀੜ ਹੋਣ ਕਰਕੇ ਮੈਂ ਸਾਈਕਲ ਤੋਂ ਉੱਤਰ ਕੇ ਪੈਦਲ ਗੁਰਦੁਆਰਾ ਸਾਹਿਬ ਵੱਲ ਤੁਰ ਪਿਆ। ਆਲ਼ੇ-ਦੁਆਲ਼ੇ ਸਜੇ ਹੋਏ ਬਾਜ਼ਾਰਾਂ ਵਿਚ ਕਾਰ ਸ਼ਰਧਾਲੂਆਂ ਦੀ ਆਵਾਜਾਈ ਅਲੌਕਿਕ ਦ੍ਰਿਸ਼ ਪੈਦਾ ਕਰ ਰਹੀ ਸੀ।
ਇਤਹਾਸਿਕ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਉੱਤੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਲਿਖਿਆ ਦੇਖ ਕੇ ਦਸਮੇਸ਼ ਪਿਤਾ ਦੀ ਯਾਦ ਵਿਚ ਸਿਰ ਆਪ ਮੁਹਾਰੇ ਝੁਕ ਗਿਆ। ਗੁਰਦੁਆਰੇ ਦੇ ਸਾਹਮਣੇ ਇਕ ਪੁਰਾਣੇ ਜਾਣੂ ਾਿਅਕਤੀ ਦੀ ਦੁਕਾਨ ਮੂਹਰੇ ਮੈਂ ਆਪਣਾ ਸਾਈਕਲ ਖੜ੍ਹਾ ਕੀਤਾ ਤੇ ਉਸ ਨੂੰ ਅੰਦਰ ਵੜ ਕੇ ਫਤਹਿ ਬੁਲਾਈ। ਮੈਂ ਗੁਰੂ ਦਰਬਾਰ ਵਿਖੇ ਨਮਸਕਾਰ ਕਰਨ ਜਾਣ ਵੇਲੇ ਉਸ ਨੂੰ ਸਾਈਕਲ ਦਾ ਜ਼ਰਾ ਧਿਆਨ ਰੱਖਣ ਲਈ ਕਿਹਾ ਤਾਂ ਉਹ ਹੱਸ ਕੇ ਕਹਿੰਦਾ, `ਜਦੇਥਾਰ ਜੀ ਕਿਉਂ ਮਜ਼ਾਕ ਕਰਦ ੇਓਂ?` ਜਦ ਉਸ ਨੇ ਦੁਕਾਨ ਦੇ ਬਾਹਰ ਖੜ੍ਹੇ ਮੇਰੇ ਸਾਈਕਲ ਦੇ ਚੇਨ ਕਵਰ ਉੱਤੇ ਪੋਤਰੇ ਵਲੋਂ ਲਿਖਾਇਆ ‘ਦੁਪਾਲਪੁਰੀ’ ਪੜ੍ਹਿਆ ਤਾਂ ਉਹ ਮੇਰੇ ਦੋਵੇਂ ਹੱਥ ਫੜ ਕੇ ਮੁੜ ਮੈਨੂੰ ਦੁਕਾਨ ਵਿਚ ਲੈ ਵੜਿਆ ਅਤੇ ਆਪਣੇ ਨਾਲ਼ ਦਿਆਂ ਨੂੰ ਦੱਸਣ ਲੱਗਾ ਕਿ ਸੱਠ-ਪੈਂਹਠ ਸਾਲ ਦੀ ਉਮਰ ਵਾਲ਼ਾ ਸ਼੍ਰੋਮਣੀ ਕਮੇਟੀ ਦਾ ਸਾਬਕਾ ਮੈਂਬਰ, ਰਹਿੰਦਾ ਹੋਵੇ ਅਮਰੀਕਾ ਵਿਚ ਤੇ ਆਪਣੇ ਪਿੰਡੋਂ 20-25 ਮੀਲ ਸਾਈਕਲ ਚਲਾ ਕੇ ਆਇਆ ਹੋਵੇ ਮਾਛੀਵਾੜੇ ਮੱਥਾ ਟੇਕਣ। ਮੰਨ ਲਉਂਗੇ ਬਈ? ਬੜੇ ਮੋਹ ਪਿਆਰ ਨਾਲ ਉਸ ਵੀਰ ਨੇ ਮੈਨੂੰ ਦੁੱਧ ਪਿਆਇਆ। ਦਸਮ ਪਾਤਸ਼ਾਹ ਦੇ ਦਰਬਾਰ ਵਿਚ ਨਮਸਕਾਰ ਕੀਤੀ। ਬਚਪਨ ਵਿਚ ਜਦ ਅਸੀਂ ਆਪਣੇ ਬਾਪ ਨਾਲ਼ ਇਸ ਅਸਥਾਨ ’ਤੇ ਨੌਂ ਪੋਹ ਦੇ ਸਾਲਾਨਾ ਜੋੜ-ਮੇਲੇ ਮੌਕੇ ਆਉਂਦੇ ਹੁੰਦੇ ਸਾਂ ਤਦ ਇਸ ਗੁਰਦੁਆਰੇ ਦੇ ਆਲ਼ੇ-ਦੁਆਲ਼ੇ ਸਰਕੜਾ ਅਤੇ ਜੰਗਲੀ ਦਰਖਤਾਂ ਦੇ ਝੁਰਮਟ ਜਿਹੇ ਹੁੰਦੇ ਸਨ, ਜਿਨ੍ਹਾਂ ਵੱਲ ਦੇਖ ਕੇ ਸਾਡੇ ਬਾਲ-ਮਨਾਂ ਵਿਚ ਇੱਥੋਂ ਦਾ ਇਤਿਹਾਸ ਉੱਕਰ ਆਉਂਦਾ ਹੁੰਦਾ ਸੀ। ਬਾਪ ਦੇ ਭੂਰੇ ਦੀ ਬੁੱਕਲ਼ ਦੇ ਨਿੱਘ ਵਿਚ ਬਹਿ ਕੇ ਸਾਰੀ-ਸਾਰੀ ਰਾਤ ਦੀਵਾਨ ਸੁਣਦਿਆਂ ਇਉਂ ਮਹਿਸੂਸ ਹੋਣਾ ਕਿ ਸਾਰਾ ਸਰਬੰਸ ਲੁਟਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਏਥੇ ਹੀ ਕਿਤੇ ਟਿੰਡ ਦਾ ਸਰ੍ਹਾਣਾ ਲਾ ਕੇ ਵਿਰਾਜ ਰਹੇ ਹੋਣਗੇ।
ਪਰ ਹੁਣ ਚਾਰੇ ਪਾਸੇ ਦੁੱਧ-ਚਿੱਟੇ ਚਮਕਦਾਰ ਸੰਗਮਰਮਰ ਨੇ ਪੁਰਾਤਨਤਾ ਜਾਂ ਇਤਿਹਾਸਿਕਤਾ ਗੁਆ ਹੀ ਛੱਡੀ ਹੈ। ਲੰਗਰ ਛਕਣ ਉਪਰੰਤ ਜਦ ਗੁਰਦੁਆਰਾ ਸਾਹਿਬ ਦੇ ਬਾਹਰ ਆਇਆ ਤਾਂ ਮੈਂ ਇਕਦਮ ਫਿਰ ਬਚਪਨ ਦੇ ਦੌਰ ਵਿਚ ਜਾ ਪਹੁੰਚਿਆ। ਉਹੀ ਨਿੱਕੀਆਂ ਖਿਡੌਣੇ-ਸਾਰੰਗੀਆਂ, ਜੋ ਮੇਲੇ ਤੋਂ ਵਾਪਸ ਮੁੜਨ ਸਮੇਂ ਸਾਡਾ ਬਾਪ ਸਾਨੂੰ ਲੈ ਕੇ ਦਿੰਦਾ ਹੁੰਦਾ ਸੀ, ਹੁਣ ਵੀ ਉਸੇ ਤਰ੍ਹਾਂ ਇਕ ਭਾਈ ਸਾਰੰਗੀ ’ਤੇ ’ਮੇਰਾ ਮਨ ਡੋਲੇ ਮੇਰਾ ਤਨ ਡੋਲੇ’ ਦੀ ਤਰਜ਼ ਵਜਾਉਂਦਾ ਜਾ ਰਿਹਾ ਸੀ। ਆਪਣੇ ਪੋਤਰੇ ਲਈ ਇਕ ਸਾਰੰਗੀ ਲੈ ਕੇ ਬੈਗ ’ਚ ਪਾਈ। ਮੁੜਦਾ ਹੋਇਆ ਮੈਂ ਕਿਸੇ ਸਮੇਂ ਬਹੁਤ ਹੀ ਪ੍ਰਸਿੱਧ ਰਹੇ ਪਿੰਡ ਝੜੌਦੀ ਦੇ ਮਰਹੂਮ ਗਾਇਕ ਗੁਰਚਰਨ ਸਿੰਘ ‘ਪਾਲ’ ਦੇ ਪੁੱਤਰ-ਪੋਤਰੇ ਨੂੰ ਮਿਲ਼ ਕੇ ਰਾਹੋਂ ਵਾਲ਼ੇ ਪੁਲ਼ ਥਾਣੀਂ ਸ਼ਾਮ ਨੂੰ ਆਪਣੇ ਪਿੰਡ ਆ ਪਹੁੰਿਚਆ। ਇਉਂ ਕਈ ਦਹਾਕਿਆਂ ਬਾਅਦ ਸਾਈਕਲ ’ਤੇ ਸਵਾਰ ਹੋ ਕੇ ‘ਮਿੱਤਰ ਪਿਆਰੇ ਦੇ ਦਰਬਾਰ’ ਨਮਸਕਾਰ ਕਰਨ ਦੀ ਮੇਰੀ ਰੀਝ ਪੂਰੀ ਹੋ ਗਈ।