ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ

ਗੁਰਮੇਲ ਸਿੰਘ ਗਿੱਲ
24 ਦਸੰਬਰ 1704 ਦਾ ਦਿਨ ਆਇਆ, ਠੰਢੇ ਬੁਰਜ ਵਿਚੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਮੁਗਲ ਹਕੂਮਤ ਦੇ ਸਿਪਾਹੀ ਆਏ। ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਬਹਾਦਰ ਪਿਤਾ ਦੇ ਬਹਾਦਰ ਪੁੱਤਰਾਂ ਨੇ ਕਚਹਿਰੀ ਵਿਚ ਵਜ਼ੀਰ ਖਾਂ ਦੇ ਸਾਹਮਣੇ ਖੜ੍ਹ ਕੇ ਪੂਰੇ ਜੋਸ਼ ਨਾਲ ਗੱਜ ਕੇ ਫਤਹਿ ਬੁਲਾਈ ਅਤੇ ਆਪਣੇ ਜੋਸ਼ ਤੇ ਚੜ੍ਹਦੀਕਲਾ ਦਾ ਇਜ਼ਹਾਰ ਕੀਤਾ। ਨਿੱਕੇ-ਨਿੱਕੇ ਬੱਚਿਆਂ ਤੋਂ ਇਹ ਸੁਣ ਅਤੇ ਦੇਖ ਕੇ ਇੱਕ ਵਾਰ ਤਾਂ ਸੂਬਾ ਸਰਹਿੰਦ ਕੰਬ ਗਿਆ।

ਸਿੱਖ ਧਰਮ ਵਿਚ ਸ਼ਹੀਦੀ ਪਰੰਪਰਾ ਦੇ ਆਗਾਜ਼ ਦਾ ਪ੍ਰਮਾਣ ਗੁਰੂ ਨਾਨਕ ਦੇਵ ਵੱਲੋਂ ਉਚਾਰਨ ਕੀਤੀ ਬਾਣੀ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨਾ ਕੀਜੈ॥` ਤੋਂ ਮਿਲ ਜਾਂਦਾ ਹੈ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਖਾਲਸੇ ਵੱਲੋਂ ਮੁਗਲਾਂ ਤੇ ਹੋਰ ਰਾਜਿਆਂ ਨਾਲ ਲੜੀਆਂ ਜੰਗਾਂ ਅਤੇ ਚਾਂਦਨੀ ਚੌਕ ਦੇ ਸਮੁੱਚੇ ਘਟਨਾ ਕਾਂਡ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਕੇ ਇਸ ਦੀਆਂ ਇਤਿਹਾਸਕ ਗਵਾਹੀਆਂ ਭਰਦੇ ਹਨ। ਸਾਰੇ ਸ਼ਹੀਦਾਂ ਦੀ ਸ਼ਹਾਦਤ ਆਪੋ-ਆਪਣੀ ਵਿਲੱਖਣਤਾ ਪੇਸ਼ ਕਰਦੀ ਹੈ ਪਰ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਅੱਜ ਵੀ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੰਦਾ ਹੈ।
ਗੁਰੂ ਗੋਬਿੰਦ ਸਿੰਘ ਨੇ 20 ਦਸੰਬਰ 1704 ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ ਸੀ। ਕਿਲ੍ਹਾ ਛੱਡਣ ਵੇਲੇ ਗੁਰੂ ਸਾਹਿਬ ਨਾਲ ਗਿਣਤੀ ਦੇ ਸਿੰਘ ਹੀ ਸਨ। ਜਦੋਂ ਉਹ ਸਰਸਾ ਪਾਰ ਕਰਨ ਲੱਗੇ ਤਾਂ ਨਦੀ ਪੂਰੀ ਚੜ੍ਹੀ ਹੋਈ ਸੀ ਤੇ ਪਾਣੀ ਛੱਲਾਂ ਮਾਰ ਰਿਹਾ ਸੀ। ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਸਾਰੀਆਂ ਝੂਠੀਆਂ ਕਸਮਾਂ ਤੋੜ ਕੇ ਸਿੰਘਾਂ ‘ਤੇ ਕੀਤੇ ਹਮਲੇ ਦੌਰਾਨ ਸਾਹਿਤ ਦਾ ਅਨਮੋਲ ਖਜ਼ਾਨਾ, ਹੱਥ ਲਿਖਤ ਗ੍ਰੰਥ, ਕਵੀਆਂ ਦੀਆਂ ਰਚਨਾਵਾਂ ਆਦਿ ਇਸ ਯੁੱਧ ਅਤੇ ਨਦੀ ਦੇ ਤੇਜ਼ ਵਹਾਅ ਦੀ ਭੇਟ ਚੜ੍ਹ ਗਏ। ਅਫਰਾ-ਤਫਰੀ ‘ਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ (ਜਨਮ 17 ਨਵੰਬਰ 1696), ਬਾਬਾ ਫਤਹਿ ਸਿੰਘ (ਜਨਮ 26 ਫਰਵਰੀ 1699) ਅਤੇ ਮਾਤਾ ਗੁਜਰੀ ਗੁਰੂ ਸਾਹਿਬ ਦੇ ਜਥੇ ਤੋਂ ਵੱਖ ਹੋ ਗਏ। ਇਸ ਬਾਰੇ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਇੰਝ ਲਿਖਦੇ ਹਨ:
ਜ਼ੋਰਾਵਰ ਔਰ ਫਤਹ ਜੋ ਦਾਦੀ ਕੇ ਸਾਥ ਥੇ।
ਦਾਯੇਂ ਕੀ ਜਗਹ ਚਲ ਦੀਯੇ ਵੁਹ ਬਾਯੇਂ ਹਾਥ ਥੇ।
ਕਵੀ ਸੰਤੋਖ ਸਿੰਘ ਦੀ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਬਹੁਤੇ ਉਤਰਕਾਲੀ ਇਤਿਹਾਸਕਾਰ ਲਿਖਦੇ ਹਨ ਕਿ ਇਸ ਦੌਰਾਨ ਗੁਰੂ ਘਰ ਵਿਚ ਲੰਗਰ ਦੀ ਸੇਵਾ ਕਰਨ ਵਾਲਾ ਗੰਗੂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ। ਉਸ ਨੇ ਮਾਤਾ ਜੀ ਨੂੰ ਕਿਹਾ ਕਿ ਇਸ ਔਖੀ ਘੜੀ ਵਿਚ ਉਹ ਉਸ ਦੇ ਘਰ ਟਿਕਾਣਾ ਕਰ ਲੈਣ। ਇਸ ਮਗਰੋਂ ਲਾਲਚ ਕਾਰਨ ਉਸ ‘ਤੇ ਗ੍ਰਿਫਤਾਰ ਕਰਾਉਣ ਦਾ ਦੋਸ਼ ਲੱਗਦਾ ਆਇਆ ਹੈ ਪਰ ਸਮਕਾਲੀ ਕਵੀ ਦੁੰਨਾ ਸਿੰੰਘ ਹੰਡੂਰੀਆ ਦੀ ਕ੍ਰਿਤ ‘ਕਥਾ ਗੁਰ ਕੇ ਸੂਤਨ ਕੀ` ਅਨੁਸਾਰ ਚਮਕੌਰ ਦੀ ਜੰਗ ਸਮੇ ਦੋਵੇਂ ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ, ਇੱਕ ਦਾਸੀ ਅਤੇ ਖੁਦ ਕਵੀ ਦੁੰਨਾ ਸਿੰਘ ਹੰਡੂਰੀਆ ਕੁੰਮੇ ਮਾਸ਼ਕੀ ਦੇ ਘਰ ਠਹਿਰੇ ਹੋਏ ਸਨ। ਇੱੱਥੇ ਉਨ੍ਹਾਂ ਨੂੰ ਲੱਛਮੀ ਨਾਂ ਦੀ ਲੜਕੀ ਰੋਟੀ ਬਣਾ ਕੇ ਛਕਾਉਂਦੀ ਸੀ। ਇਸ ਗੱਲ ਦਾ ਪਤਾ ਸਹੇੜੀ ਦੇ ਰਹਿਣ ਵਾਲੇ ਦੋ ਮਸੰੰਦਾਂ ਧੁੰਮੇ ਤੇ ਦਰਬਾਰੀ (ਜੋ ਬੀਤੇ ਸਮੇਂ ਗੁਰੂ ਗੋਬਿੰਦ ਸਿੰਘ ਵੱਲੋਂ ਦਰਬਾਰ ‘ਚੋਂ ਕੱਢ ਦਿੱਤੇ ਗਏ ਸਨ) ਨੂੰ ਲੱਗਿਆ। ਉਹ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਹਨ। ਮਸੰਦਾਂ ਦਾ ਮਨ ਲਾਲਚ ਵੱਸ ਬੇਈਮਾਨ ਹੋ ਗਿਆ। ਉਨ੍ਹਾਂ ਨੇ ਰਾਤ ਨੂੰ ਸੁੱਤੇ ਪਏ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਮੋਹਰਾਂ ਚੁਰਾ ਲਈਆਂ। ਸਵੇਰ ਹੋਈ ਤਾਂ ਮਾਤਾ ਜੀ ਵੱਲੋਂ ਮੋਹਰਾਂ ਦੇ ਗੁੰਮ ਹੋ ਜਾਣ ਬਾਰੇ ਪੁੱਛਣ ‘ਤੇ ਉਹ ਕਹਿਣ ਲੱਗੇ, “ਅਸੀਂ ਤੁਹਾਨੂੰ ਰਾਤ ਨੂੰ ਰਹਿਣ ਲਈ ਨਿਵਾਸ ਦਿੱਤਾ ਹੈ, ਫਿਰ ਤੁਸੀਂ ਹੀ ਸਾਡੇ `ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ।” ਉਨ੍ਹਾਂ ਮੋਰਿੰਡੇ ਦੇ ਕੋਤਵਾਲ ਨੂੰ ਸੱਦਿਆ ਅਤੇ ਮਾਤਾ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਘਰੋਂ ਕੱਢ ਕੇ ਗ੍ਰਿਫਤਾਰ ਕਰਵਾ ਦਿੱਤਾ। ਕੋਤਵਾਲ ਨੇ ਉਨ੍ਹਾਂ ਨੂੰ 23 ਦਸੰਬਰ 1704 ਈਸਵੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਪੋਹ ਦਾ ਮਹੀਨਾ ਅੰਤਾਂ ਦੀ ਠੰਢ, ਧੁੰਦ ਅਤੇ ਕੋਰੇ ਦੇ ਮੌਸਮ ਵਿਚ ਸਰਹਿੰਦ ਦੇ ਨਵਾਬ ਨੇ ਦਾਦੀ ਅਤੇ ਦੋਹਾਂ ਪੋਤਰਿਆਂ ਨੂੰ ‘ਠੰਢੇ ਬੁਰਜ` ਵਿਚ ਕੈਦ ਕਰ ਲਿਆ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਭਾਈ ਮੋਤੀ ਰਾਮ ਮਹਿਰਾ ਜੋ ਵਜ਼ੀਰ ਖਾਂ ਦੇ ਲੰਗਰ ਵਿਚ ਨੌਕਰੀ ਕਰਦਾ ਸੀ, ਦੁੱਧ ਦਾ ਗੜਵਾ ਲੈ ਕੇ ਬੁਰਜ ਵਿਚ ਪਹੁੰਚਿਆ। ਰਸਤੇ ਵਿਚ ਕਿਸੇ ਪਹਿਰੇਦਾਰ ਨੇ ਭਾਈ ਸਾਹਿਬ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੋਹਰਾਂ ਅਤੇ ਪੈਸੇ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਰਿਆਂ ਨੂੰ ਛਕਾਇਆ ਅਤੇ ਮੋਤੀ ਰਾਮ ਮਹਿਰਾ ਨੂੰ ਅਸੀਸ ਦਿੱਤੀ:
ਪਿਖ ਕੇ ਪ੍ਰੇਮ ਸੂ ਮੋਤੀ ਕੇਰਾ,
ਮਾਤਾ ਕਹਯੋ ਭਲਾ ਹੋਵੇ ਤੇਰਾ।
ਕੈਦ ਦੇ ਸਮੇਂ ਦੌਰਾਨ ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਉਨ੍ਹਾਂ ਦੇ ਦਾਦਾ ਗੁਰੂ ਤੇਗ ਬਹਾਦਰ, ਪੰਜਵੇਂ ਗੁਰੂ ਅਰਜਨ ਦੇਵ ਤੇ ਹੋਰ ਸ਼ਹੀਦਾਂ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਨੂੰ ਹਮੇਸ਼ਾ ਦਲੇਰਾਨਾ ਸੋਚ ਰੱਖਣ ਦੀ ਪ੍ਰੇਰਨਾ ਦਿੱਤੀ।
24 ਦਸੰਬਰ 1704 ਦਾ ਦਿਨ ਆਇਆ, ਠੰਢੇ ਬੁਰਜ ਵਿਚੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਮੁਗਲ ਹਕੂਮਤ ਦੇ ਸਿਪਾਹੀ ਆਏ। ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਿਹਰੀ ਵਿਚ ਪੇਸ਼ ਕੀਤਾ ਗਿਆ। ਬਹਾਦਰ ਪਿਤਾ ਦੇ ਬਹਾਦਰ ਪੁੱਤਰਾਂ ਨੇ ਕਚਹਿਰੀ ਵਿਚ ਵਜ਼ੀਰ ਖਾਂ ਦੇ ਸਾਹਮਣੇ ਖੜ੍ਹ ਕੇ ਪੂਰੇ ਜੋਸ਼ ਨਾਲ ਗੱਜ ਕੇ ਫਤਹਿ ਬੁਲਾਈ ਅਤੇ ਆਪਣੇ ਜੋਸ਼ ਤੇ ਚੜ੍ਹਦੀਕਲਾ ਦਾ ਇਜ਼ਹਾਰ ਕੀਤਾ। ਨਿੱਕੇ-ਨਿੱਕੇ ਬੱਚਿਆਂ ਤੋਂ ਇਹ ਸੁਣ ਅਤੇ ਵੇਖ ਕੇ ਇੱਕ ਵਾਰ ਸੂਬਾ ਸਰਹਿੰਦ ਕੰਬ ਗਿਆ। ਉਸ ਨੇ ਸਾਹਿਬਜ਼ਾਦਿਆਂ ਨੂੰ ਧਰਮ ਛੱਡਣ ਲਈ ਅਨੇਕਾਂ ਯਤਨ ਕੀਤੇ:
ਸਾਹਿਬਜ਼ਾਦਿਓ ਪਿਤਾ ਤੁਹਾਰਾ।
ਗਢ ਚਮਕੌਰ ਘੇਰ ਗਹਿ ਮਾਰਾ।
ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ।
ਸੰਗੀ ਸਿੰਘ ਸਕਲ ਸੋ ਮਾਰੇ।
(ਸੂਰਜ ਪ੍ਰਕਾਸ਼, ਕਵੀ ਭਾਈ ਸੰਤੋਖ ਸਿੰਘ)
ਸੂਬਾ ਸਰਹਿੰਦ ਦੇ ਡਰਾਵਿਆਂ ਨੂੰ ਸੁਣ ਕੇ ਨਿਡਰ ਤੇ ਨਿਰਭੈ ਸਾਹਿਬਜ਼ਾਦਿਆਂ ਨੇ ਉਸ ਨੂੰ ਮੋੜਵਾਂ ਜਵਾਬ ਦਿੱਤਾ:
ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ।
ਜਗ ਮਹਿੰ ਕੋਨ ਸਕੇ ਤਿੰਹ ਮਾਰਾ।
ਜਿੰਮ ਆਕਾਸ਼ ਕੋ ਕਿਆ ਕੋਈ ਮਾਰਹਿ।
ਕੌਨ ਅੰਧੇਰੀ ਕੋ ਨਿਰਵਾਰਹਿ।
(ਸੂਰਜ ਪ੍ਰਕਾਸ਼, ਕਵੀ ਭਾਈ ਸੰਤੋਖ ਸਿੰਘ)
ਸਾਹਿਬਜ਼ਾਦਿਆਂ ਦੇ ਮੋੜਵੇਂ ਜਵਾਬ ਸੁਣ ਕੇ ਸੂਬਾ ਸਰਹਿੰਦ ਨੇ ਸੋਚਿਆ ਕਿ ਉਸ ਦੀ ਕੋਈ ਵੀ ਗੱਲ ਨਹੀਂ ਬਣ ਰਹੀ ਤਾਂ ਉਸ ਨੇ ਕਚਿਹਰੀ ਬਰਖਾਸਤ ਕਰਕੇ ਅਗਲੇ ਦਿਨ ਫਿਰ ਪੇਸ਼ੀ ਲਈ ਕਿਹਾ ਅਤੇ ਸਾਹਿਬਜ਼ਾਦਿਆਂ ਨੂੰ ਫਿਰ ਠੰਢੇ ਬੁਰਜ ਵਿਚ ਦਾਦੀ ਮਾਂ ਕੋਲ ਰੱਖਣ ਦਾ ਹੁਕਮ ਦਿੱਤਾ ਗਿਆ।
ਅਗਲੇ ਦਿਨ 25 ਦਸੰਬਰ 1704 ਈਸਵੀ ਨੂੰ ਫਿਰ ਦੋਵੇਂ ਸਾਹਿਬਜ਼ਾਦੇ ਪੇਸ਼ ਕਰਨ ਮਗਰੋਂ ਗੱਜ ਕੇ ਫਤਹਿ ਬੁਲਾਉਂਦੇ ਹੋਏ ਚੜ੍ਹਦੀ ਕਲਾ ਵਿਚ ਸੂਬਾ ਸਰਹਿੰਦ ਦੀ ਕਚਿਹਰੀ ਵਿਚ ਪੇਸ਼ ਹੋਏ। ਫਿਰ ਅਨੇਕਾਂ ਲਾਲਚ ਦਿੱਤੇ ਗਏ, ਇਸਲਾਮ ਕਬੂਲ ਕਰਨ ਲਈ ਪ੍ਰੇਰਿਆ ਗਿਆ। ਸਾਹਿਬਜ਼ਾਦਿਆਂ ਦੇ ਨਾ ਮੰਨਣ ‘ਤੇ ਹਾਜ਼ਰ ਕਾਜ਼ੀ ਨੂੰ ਫਤਵਾ ਸੁਣਾਉਣ ਦਾ ਹੁਕਮ ਦਿੱਤਾ ਗਿਆ। ਇਸਲਾਮ ਦੀ ਮਰਿਆਦਾ ਅਨੁਸਾਰ ਕਾਜ਼ੀ ਨੇ ਕਿਹਾ, “ਬੱਚਿਆਂ ਤੇ ਬਜ਼ੁਰਗਾਂ ‘ਤੇ ਕੋਈ ਫਤਵਾ ਨਹੀਂ ਲਗਾਇਆ ਜਾ ਸਕਦਾ”, ਤਾਂ ਕੋਲ ਬੈਠੇ ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹਿੰਦ ਨੂੰ ਭੜਕਾਉਂਦਿਆਂ ਫਤਵਾ ਸੁਣਾਉਣ ਲਈ ਉਕਸਾਇਆ। ਗੁਰੂ ਦੇ ਲਾਲਾਂ ਨੇ ਕਿਹਾ, “ਅਸੀਂ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਪੁੱਤਰ ਹਾਂ, ਸਾਨੂੰ ਆਪਣਾ ਧਰਮ ਤੇ ਸਿੱਖੀ ਸਿੱਦਕ ਜਾਨ ਤੋਂ ਵੱਧ ਪਿਆਰਾ ਹੈ। ਅਸੀਂ ਕਿਸੇ ਤੋਂ ਵੀ ਡਰਦੇ ਨਹੀਂ ਤੇ ਨਾ ਹੀ ਧਰਮ ਤਬਦੀਲ ਕਰਨਾ ਕਬੂਲ ਕਰਾਂਗੇ।” ਪੇਸ਼ੀ ਫਿਰ ਅਗਲੇ ਦਿਨ ਦੀ ਪਾ ਦਿੱਤੀ ਗਈ।
26 ਦਸੰਬਰ 1704 ਨੂੰ ਵੀ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਲਈ ਸਿਪਾਹੀ ਠੰਢੇ ਬੁਰਜ ‘ਚ ਪਹੁੰਚੇ। ਫਿਰ ਉਸੇ ਤਰ੍ਹਾਂ ਪੇਸ਼ੀ ਪਈ ਅਤੇ ਫਿਰ ਸਾਹਿਬਜ਼ਾਦੇ ਆਪਣੇ ਇਰਾਦਿਆਂ ‘ਤੇ ਦ੍ਰਿੜ ਰਹੇ। ਪੇਸ਼ੀ ਫਿਰ ਅਗਲੇ ਦਿਨ ਦੀ ਪਾ ਦਿੱਤੀ ਗਈ।
27 ਦਸੰੰਬਰ 1704 ਨੂੰ ਫਿਰ ਸਿਪਾਹੀ ਪੇਸ਼ੀ ਲਈ ਸਾਹਿਬਜ਼ਾਦਿਆਂ ਨੂੰ ਲੈਣ ਆਏ। ਦਾਦੀ ਮਾਂ ਨੇ ਪੋਤਰਿਆਂ ਨੂੰ ਲਾਡਾਂ ਨਾਲ ਤਿਆਰ ਕੀਤਾ। ਇਨ੍ਹਾਂ ਅਹਿਮ ਪਲਾਂ ਨੂੰ ਕਵੀ ਅੱਲ੍ਹਾ ਯਾਰ ਖਾਂ ਜੋਗੀ ਨੇ ਆਪਣੇ ਸ਼ਬਦਾਂ ਵਿਚ ਇੰਝ ਬਿਆਨ ਕੀਤਾ ਹੈ:
ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਰੋਂ ਪੇ ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋ ਲੂੰ।
ਕਚਿਹਰੀ ‘ਚ ਪੇਸ਼ ਕਰਨ ਸਮੇਂ ਫਿਰ ਲਾਲਚ ਅਤੇ ਡਰਾਵਿਆਂ ਦਾ ਦੌਰ ਚਲਾਇਆ ਗਿਆ। ਗੁਰੂ ਜੀ ਦੇ ਲਾਡਲੇ ਆਪਣੇ ਇਰਾਦਿਆਂ ‘ਤੇ ਦ੍ਰਿੜ ਰਹੇ। ਕਚਿਹਰੀ ਵਿਚ ਸਾਰੇ ਵਜ਼ੀਰ, ਸਲਾਹਕਾਰ ਅਤੇ ਦੀਵਾਨ ਹਾਜ਼ਰ ਸਨ। ਮਾਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ, ਤਾਂ ਉਸ ਨੂੰ ਉਕਸਾਉਂਦਿਆਂ ਸੂਬਾ ਸਰਹਿੰਦ ਨੇ ਕਿਹਾ ਕਿ ਇਨ੍ਹਾਂ ਦੇ ਪਿਤਾ ਨੇ ਤੇਰੇ ਭਰਾ ਨੂੰ ਕਤਲ ਕਰ ਦਿੱਤਾ ਹੈ, ਤੇਰੇ ਲਈ ਹੁਣ ਉਸ ਦਾ ਬਦਲਾ ਲੈਣ ਦਾ ਢੁੱਕਵਾਂ ਮੌਕਾ ਹੈ ਪਰ ਨਵਾਬ ਸ਼ੇਰ ਮੁਹੰਮਦ ਖਾਂ ਨੇ ‘ਹਾਅ ਦਾ ਨਾਅਰਾ` ਮਾਰਦਿਆਂ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ:
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਫੂਸ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ।
(ਅੱਲ੍ਹਾ ਯਾਰ ਖਾਂ ਜੋਗੀ)
ਉਕਤ ਜਵਾਬ ਦਿੰਦਿਆਂ ਅੱਲ੍ਹਾ ਦਾ ਖੌਫ ਮੰਨਣ ਵਾਲਾ ਇਨਸਾਨ ਨਵਾਬ ਸ਼ੇਰ ਮੁਹੰਮਦ ਖਾਂ ਕਚਿਹਰੀ ‘ਚੋਂ ਉੱਠ ਕੇ ਬਾਹਰ ਚਲਾ ਗਿਆ।
ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹਿੰਦ ਨੂੰ ਫਿਰ ਭੜਕਾਉਂਦਿਆਂ ਕਿਹਾ, “ਇਹ ਸੱਪ ਦੇ ਬੱਚੇ ਸਪੋਲੀਏ ਹਨ, ਇਨ੍ਹਾਂ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ।” ਦੀਵਾਨ ਸੁੱਚਾ ਨੰਦ ਅਤੇ ਸੂਬਾ ਸਰਹਿੰਦ ਨੇ ਜ਼ੋਰ ਦੇ ਕੇ ਕਾਜ਼ੀ ਪਾਸੋਂ ਫਤਵਾ ਜਾਰੀ ਕਰਵਾ ਦਿੱਤਾ ਕਿ ਇਹ ਬੱਚੇ ਭਵਿੱਖ ਵਿਚ ਬਗਾਵਤ ਕਰਨ ਲਈ ਤੁਲੇ ਹੋਏ ਹਨ, ਇਸ ਲਈ ਇਨ੍ਹਾਂ ਨੂੰ ਜਿ਼ੰਦਾ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ।
ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ।
ਕਹਤੇ ਹੁਏ ਜ਼ਬਾਂ ਸੇ ਬੜ੍ਹੇ ਸਤਿ ਸ੍ਰੀ ਅਕਾਲ।
ਚਿਹਰੋਂ ਪਿ ਗਮ ਕਾ ਨਾਮ ਨਾ ਥਾ ਔਰ ਨਾ ਥਾ ਮਲਾਲ।
ਜਾ ਠਹਰੇ ਸਰ ਪਿ ਮੌਤ ਕੇ ਫਿਰ ਭੀ ਨਾ ਥਾ ਖਯਾਲ।
ਅੰਤਮ ਘੜੀਆਂ ਆ ਗਈਆਂ। 27 ਦਸੰਬਰ 1704 ਨੂੰ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿਚ ਚਿਣਵਾ ਦਿੱਤਾ ਗਿਆ। ਹਾਲੇ ਕੰਧ ਦੀ ਚਿਣਾਈ ਛਾਤੀ ਅਤੇ ਮੋਢਿਆਂ ਤੱਕ ਹੀ ਪਹੁੰਚੀ ਸੀ ਕਿ ਇੱਟਾਂ ਦਾ ਸਾਰਾ ਢਾਂਚਾ ਡਿੱਗ ਪਿਆ। ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ ਵਿਚ ਜ਼ਮੀਨ ‘ਤੇ ਪਏ ਸਨ। ਗਿਆਨੀ ਗਿਆਨ ਸਿੰਘ ਅਨੁਸਾਰ ਸਯਦ ਸਾਸ਼ਲ ਬੇਗ ਅਤੇ ਸਯਦ ਬਾਛਲ ਬੇਗ ਨਾਂ ਦੇ ਦੋ ਜੱਲਾਦਾਂ, ਜਿਨ੍ਹਾਂ ਨਾਲ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਚਿਣ ਕੇ ਮੌਤ ਦੀ ਸਜ਼ਾ ਦੇਣ ਦੇ ਵਾਅਦੇ ਬਦਲੇ ਉਨ੍ਹਾਂ ਦੀ ਕਿਸੇ ਹੋਰ ਮੁਕੱਦਮੇ ਵਿਚ ਚਲਦੀ ਕੈਦ ਦੀ ਸਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ, ਉਨ੍ਹਾਂ ਜੱਲਾਦ ਭਰਾਵਾਂ ਨੇ ਹੀ ਬੇਹੋਸ਼ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ:
ਸਾਸ਼ਲ ਬੇਗ ਅਰ ਬਾਛਲ ਬੇਗ।
ਉਭੈ ਜਲਾਦਨ ਖਿਚ ਕੈ ਤੇਗ।
ਤਿਸਹੀ ਠੋਰ ਖਰਿਓ ਕੇ ਸੀਸ।
ਤੁਰਤ ਉਤਾਰੇ ਦੁਸਟੈ ਰੀਸ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)
ਹੁਤੋ ਉਹਾਂ ਥੋ ਛੁਰਾ ਇੱਕ ਵਾਰੋ,
ਦੈ ਗੋਡੇ ਹੇਠ, ਕਰ ਜ਼ਿਬਹ ਡਾਰੋ,
ਤੜਫ ਤੜਫ ਗਈ ਜਿੰਦ ਉਡਾਇ,
ਇਮ ਸ਼ੀਰ ਖੋਰ ਦੁਇ ਦਏ ਕਤਲਾਇ।
(ਭਾਈ ਰਤਨ ਸਿੰਘ ਭੰਗੂ)
ਸ਼ਹਾਦਤ ਵੇਲੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ 8 ਸਾਲ 40 ਦਿਨ ਸੀ ਅਤੇ ਬਾਬਾ ਫਤਿਹ ਸਿੰਘ ਦੀ ਉਮਰ 5 ਸਾਲ 9 ਮਹੀਨੇ 29 ਦਿਨਾਂ ਦੀ ਸੀ। ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਦਾਦੀ ਮਾਂ ਨੇ ਆਕਾਲ ਪੁਰਖ ਨੂੰ ਯਾਦ ਕੀਤਾ, ਅਟੱਲ ਸਮਾਧੀ ਵਿਚ ਲੀਨ ਹੋ ਗਏ ਅਤੇ ਜੋਤੀ ਜੋਤ ਸਮਾ ਗਏ।
ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੂਬਾ ਸਰਹਿੰਦ ਅੱਗੇ ਸੋਨੇ ਦੀਆਂ ਮੋਹਰਾਂ ਖੜ੍ਹਵੇਂ ਰੁਖ ਵਿਚ ਰੱਖ ਕੇ ਸਸਕਾਰ ਲਈ ਲੋੜੀਂਦੀ ਜ਼ਮੀਨ ਖਰੀਦੀ। 27 ਦਸੰਬਰ 1704 ਨੂੰ ਇਨ੍ਹਾਂ ਤਿੰਨਾਂ ਰੂਹਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸੇ ਪਾਵਨ ਅਸਥਾਨ ‘ਤੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ।