ਸੱਚ ਬੋਲਣ ਦੀ ਸਜ਼ਾ-ਜੂਲੀਅਨ ਅਸਾਂਜ ਦੀ ਕਹਾਣੀ

ਹਰੀਪਾਲ
ਫੋਨ: 403-714-4816

ਇਸ ਦੁਨੀਆ ਵਿਚ ਸਰਕਾਰਾਂ ਸਭ ਤੋਂ ਵੱਧ ਪੱਤਰਕਾਰਾਂ/ਲੇਖਕਾਂ ਤੋਂ ਡਰਦੀਆਂ ਹਨ। ਇਸ ਲੇਖ ਵਿਚ ਆਪਾਂ ਨਿਧੜਕ ਅਤੇ ਨਿਰਪੱਖ ਪੱਤਰਕਾਰੀ ਦੀ ਗੱਲ ਕਰਾਂਗੇ। ਇਹ ਪੱਤਰਕਾਰ ਹੀ ਹਨ ਜੋ ਸਰਕਾਰਾਂ ਦੇ ਗੁੱਝੇ ਭੇਦ ਪਬਲਿਕ ਸਾਹਮਣੇ ਰੱਖਦੇ ਹਨ।

ਸਰਕਾਰਾਂ ਜੋ ਵੀ ਆਪਣੇ ਲੋਕਾਂ ਵਿਰੁੱਧ ਜਾਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੇ ਵਿਰੁੱਧ ਪੁੱਠੀਆਂ-ਸਿੱਧੀਆਂ ਸਾਜਿਸ਼ਾਂ ਰਚਦੀਆਂ ਹਨ, ਪੱਤਰਕਾਰ ਹੀ ਜੱਗ ਜਾਹਰ ਕਰਦੇ ਹਨ। ਕਈ ਵਾਰ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲਾ ਕੇ ਅੰਦਰਖਾਤੇ ਕੁੱਝ ਹੋਰ ਹੀ ਪਕਾ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਬਹੁਤੇ ਮੁਲਕਾਂ ਦੀਆਂ ਸਰਕਾਰਾਂ ਨੂੰ ਕਰੋਨਾ ਕਾਲ ਇੱਕ ਸੰਜੀਵਨੀ ਬੂਟੀ ਦੀ ਤਰ੍ਹਾਂ ਮਿਲਿਆ ਹੈ। ਸਰਕਾਰਾਂ ਦਾ ਬਹੁਤਾ ਧਿਆਨ ਮੀਡੀਆ ਨੂੰ ਕੰਟਰੋਲ ਕਰਨ ‘ਤੇ ਲੱਗਦਾ ਹੈ ਪਰ ਫਿਰ ਵੀ ਕੁੱਝ ਮੀਡੀਆ ਸਰਕਾਰਾਂ ਤੋਂ ਨਾਬਰ ਹੁੰਦਾ ਹੈ। ਸਰਕਾਰ ਪੱਖੀ ਪੱਤਰਕਾਰਾਂ ਨੂੰ ਇਨਾਮ-ਸਨਮਾਨ, ਸੁੱਖ-ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਨਿਧੜਕ ਅਤੇ ਨਿਰਪੱਖ ਪੱਤਰਕਾਰਾਂ ਲਈ ਇਨਾਮ ਕੁੱਝ ਹੋਰ ਤਰ੍ਹਾਂ ਦੇ ਹੁੰਦੇ ਹਨ। ਸੀ.ਪੀ.ਜੇ (ਕਮੇਟੀ ਟੂ ਪਰੋਟੈਕਟ ਜਰਨਲਿਸਟਸ) ਦੀ ਰਿਪੋਰਟ ਮੁਤਾਬਿਕ ਇਸ ਸਮੇਂ 293 ਪੱਤਰਕਾਰ ਜੇਲ਼ਾਂ ਵਿਚ ਬੰਦ ਹਨ, 24 ਪੱਤਰਕਾਰ ਰਿਪੋਰਟ ਕਰਦੇ ਹੋਏ ਮਾਰੇ ਗਏ ਅਤੇ 18 ਜਖ਼ਮੀ ਹੋਏ ਹਨ। ਜਿਹੜੇ 24 ਪੱਤਰਕਾਰ ਮਾਰੇ ਗਏ ਹਨ, ਇਨ੍ਹਾਂ ਵਿਚੋਂ ਤਿੰਨ ਪੱਤਰਕਾਰ ਭਾਰਤ ਵਿਚ ਮਾਰੇ ਗਏ ਹਨ।
2020 ਵਿਚ ਅਮਰੀਕਾ ਵਿਚ ਵੀ 110 ਪੱਤਰਕਾਰ ਗ੍ਰਿਫਤਾਰ ਕੀਤੇ ਗਏ, 300 ਪੱਤਰਕਾਰਾਂ ‘ਤੇ ਪੁਲੀਸ ਵੱਲੋਂ ਹਮਲੇ ਕੀਤੇ ਗਏ ਅਤੇ 12 ਪੱਤਰਕਾਰ ਅਜੇ ਵੀ ਅਮਰੀਕਾ ਦੀਆਂ ਜੇਲ਼ਾਂ ਵਿਚ ਝੂਠੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਦ ਕਿ ਅਮਰੀਕਾ ਦੂਸਰੇ ਮੁਲਕਾਂ ਵਿਚ ਆਜ਼ਾਦ ਪਰੈਸ ਦੀ ਗੱਲ ਕਰਦਾ ਹੈ। ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਨਿਧੱੜਕ ਅਤੇ ਨਿਰਪੱਖ ਪੱਤਰਕਾਰ ਜੇਲ੍ਹਾਂ ਵਿਚ ਸੜ ਰਹੇ ਹਨ। ਪਿੱਛੇ ਜਿਹੇ ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਜਮਾਲ ਕਿਸ਼ੋਗੀ ਦੀ ਮੌਤ ਦਾ ਕਿੰਨਾਂ ਰੌਲਾ ਪਿਆ, ਜਿਸਨੂੰ ਸਾਊਦੀ ਅਰਬ ਦੀ ਸਰਕਾਰ ਨੇ, ਟਰਕੀ ਵਿਚ ਬੰਦੇ ਭੇਜ ਕੇ ਖ਼ਤਮ ਕਰਾ ਦਿੱਤਾ, ਉਸਦਾ ਮੁੱਦਾ ਵੀ ਨਹੀਂ ਲੱਭਿਆ। ਵੀਅਤਨਾਮ, ਬੈਲਾਰੂਸ, ਬਰਾਜੀਲ ਅਤੇ ਅਰਬ ਮੁਲਕਾਂ ਵਿਚ ਵੀ ਸੈਂਕੜੇ ਪੱਤਰਕਾਰ ਜੇਲ੍ਹਾਂ ਵਿਚ ਬੰਦ ਹਨ। ਇਜ਼ਰਾਈਲ ਨੇ ਇੱਕ ਸੌਫਟ ਵੇਅਰ ‘ਪੈਗਾਸਾਸ’ ਬਣਾਇਆ ਹੈ, ਜਿਸਦੇ ਜਰੀਏ ਕਿਸੇ ਦੀ ਵੀ ਜਸੂਸੀ ਕੀਤੀ ਜਾ ਸਕਦੀ ਹੈ।
ਇਹੋ ਜਿਹਾ ਹੀ ਇੱਕ ਨਿਧੱੜਕ ਪੱਤਰਕਾਰ ਹੈ ‘ਜੂਲੀਅਨ ਅਸਾਂਜ’ ਅਤੇ ਅਮਰੀਕਾ ਜਿਸ ਨੂੰ ਇੱਕ ਜਿਉਂਦੀ ਮੌਤ ਦੇਣੀ ਚਾਹੁੰਦਾ ਹੈ। ਜੂਲੀਅਨ ਅਸਾਂਜ ਨੇ ਐਡਾ ਕਿਹੜਾ ਜੁਰਮ ਕੀਤਾ ਹੈ ਕਿ ਅਮਰੀਕਾ ਦੀ ਸਰਕਾਰ ਉਸ ਨੂੰ ਫਾਹੇ ਟੰਗਣ ਲਈ ਪੱਬਾਂ-ਭਾਰ ਹੋਈ ਫਿਰਦੀ ਹੈ।

ਜੂਲੀਅਨ ਅਸਾਂਜ ਦਾ ਕੀ ਦੋਸ਼ ਹੈ: ਅਸਾਂਜ ਅਤੇ ਉਸ ਦੇ ਸਾਥੀਆਂ ਨੇ 2006 ਵਿਚ ਵਿੱਕੀਲੀਕਸ ਦੀ ਸਥਾਪਨਾ ਕੀਤੀ। ਜੂਲੀਅਨ ਅਸਾਂਜ ਉਸਦਾ ਮੁੱਖ ਸੰਪਾਦਕ ਬਣਿਆ। ਵਿੱਕੀਲੀਕਸ ਦੀ ਸਥਾਪਨਾ ਕਰਨ ਦਾ ਮੁੱਖ ਮਕਸਦ ਇੱਕ ਇਹੋ ਜਿਹਾ ਮੀਡੀਆ ਕਾਇਮ ਕਰਨਾ ਸੀ ਜੋ ਬਿਨਾ ਕਿਸੇ ਵੀ ਡਰ ਤੋਂ ਸਰਕਾਰਾਂ ਦੀਆਂ ਕੂਟਨੀਤਿਕ ਨੀਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰੇ, ਜੋ ਕਿ ਸਰਕਾਰ ਪ੍ਰਸਤ ਮੀਡੀਆ ਬਿਲਕੁਲ ਵੀ ਨਹੀਂ ਦਿਖਾਉਂਦਾ। ਸਰਕਾਰਾਂ ਦੇ ਉਹ ਝੂਠ ਫਰੇਬ ਜਿਸ `ਤੇ ਸਰਕਾਰਾਂ ਪਰਦੇ ਪਾਉਂਦੀਆਂ ਹਨ, ਨੂੰ ਲੋਕ ਕਚਹਿਰੀ ਵਿਚ ਪੇਸ਼ ਕਰਨਾ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਵਾਰੇ ਸੁਚੇਤ ਕਰਨਾ। ਅਸਾਂਜ ਨੇ 2007 ਤੋਂ ਲੈ ਕੇ 2010 ਤੱਕ ਅਮਰੀਕਾ, ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਦੇਸ਼ਾਂ ਵਿਚ ਲੱਗੀ ਇੰਟਰਨੈਟ ਸੈਂਸਰਸਿ਼ੱਪ ‘ਤੇ ਲੇਖ ਪ੍ਰਕਾਸਿ਼ਤ ਕੀਤੇ। ਇਹ ਲੇਖ ਦਰਸਾਉਂਦੇ ਸਨ ਕਿ ਕਿਵੇਂ ਸਰਕਾਰਾਂ ਆਪਦੇ ਵਿਰੋਧੀਆਂ ਦੀ ਜਾਸੂਸੀ ਕਰਦੀਆਂ ਹਨ, ਉਨ੍ਹਾਂ ‘ਤੇ ਝੂਠੇ ਦੋਸ਼ ਲਾ ਕੇ ਜੇਲਾਂ ਵਿਚ ਸੁੱਟ ਦਿੰਦੀਆਂ ਹਨ। ਵਿੱਕੀਲੀਕਸ ਨੇ ਯਮਨ ਵਿਚ ਹੋ ਰਹੀਆਂ ਡਰੋਨ ਸਟਰਾਈਕਸ ਬਾਰੇ ਲਿਖਿਆ ਕਿ ਇਸ ਸਭ ਕਾਸੇ ਦੇ ਪਿੱਛੇ ਕੌਣ ਹੈ। ਅਰਬ ਦੇਸ਼ਾਂ ਦੇ ਸ਼ਹਿਨਸ਼ਾਹ ਕਿਸ ਤਰ੍ਹਾਂ ਰਿਸ਼ਵਤਾਂ ਲੈ ਕੇ ਬਾਹਰਲੀਆਂ ਕੰਪਨੀਆਂ ਨੂੰ ਕੰਮ ਕਰਨ ਦੇ ਠੇਕੇ ਦਿੰਦੇ ਹਨ। ਪਿੱਛੇ ਜਿਹੇ ਮੀਡੀਆ ਵਿਚ ਇਹ ਵੀ ਆਇਆ ਸੀ ਕਿ ਕੈਨੇਡਾ ਦੀ ਕੰਪਨੀ ਐਸ. ਐਨ. ਸੀ. ਲੈਵਲੈਨ, ਐਨੀ ਗਿਰੀ ਹੋਈ ਹੱਦ ਤੱਕ ਜਾ ਸਕਦੀ ਹੈ ਕਿ ਲਿੱਬੀਆ ਦੇ ਏਅਰਪੋਰਟ ਦੀ ਕੰਸਟਰੱਕਸ਼ਨ ਦਾ ਠੇਕਾ ਲੈਣ ਲਈ, ਉਸ ਸਮੇਂ ਦੇ ਸ਼ਾਸ਼ਕ ‘ਗਦਾਫੀ’ ਦੇ ਮੁੰਡੇ ਨੂੰ ਕੁੜੀਆਂ ਤੱਕ ਸਪਲਾਈ ਕਰ ਸਕਦੀ ਹੈ। ਕੈਨੇਡਾ ਦੀ ਅਟਾਰਨੀ ਜਨਰਲ ਨੇ ਜਦ ‘ਐਸ ਐਨ ਸੀ ਲੈਵਲੈਨ’ ਦਾ ਇਹ ਕੇਸ ਪਬਲਿਕ ਸਾਹਮਣੇ ਨਸ਼ਰ ਕੀਤਾ ਤਾਂ ਐਸ ਐਨ ਸੀ ਲੈਵਲੈਨ ਨੂੰ ਤਾਂ ਕੁੱਝ ਨਹੀਂ ਕਿਹਾ ਗਿਆ ਪਰ ਅਟਾਰਨੀ ਜਨਰਲ ਆਪਦੀ ਨੌਕਰੀ ਗੁਆ ਬੈਠੀ। ਇਹ ਹੈ ਸੱਚ ਬੋਲਣ ਦੀ ਸਜਾ ਜੋ ਕੈਨੇਡਾ ਦੀ ਅਟਾਰਨੀ ਜਨਰਲ ਨੂੰ ਝੱਲਣੀ ਪਈ।
ਵਿੱਕੀਲੀਕਸ ਨੇ ਕੀਨੀਆਂ ਦੀ ਪੁਲੀਸ ਵੱਲੋਂ ਕੀਤੇ ਗਏ ਝੂਠੇ ਮੁਕਾਬਲੇ, ਤਿੱਬਤ ਵਿਚ ਚੀਨ ਦੇ ਵਿਰੁੱਧ ਹੁੰਦੀ ਬਗਾਵਤ ਅਤੇ ਪੀਰੂ ਵਿਚ ਪੈਟਰੋਲ ਦੇ ਸਕੈਂਡਲ ਬਾਰੇ ਵਿਸਥਾਰ ਵਿਚ ਲਿਖਿਆ।
2004 ਤੋਂ 2009 ਤੱਕ, ਅਮਰੀਕਾ ਵੱਲੋਂ ਇਰਾਕ ਵਿਚ ਕੀਤੀਆਂ ਗਈਆਂ ਧਾਂਦਲ਼ੀਆਂ, ਅਮਰੀਕੀ ਫੌਜਾਂ ਦੇ ਜ਼ੁਲਮ ਦੀਆਂ ਕਹਾਣੀਆਂ ਪ੍ਰਕਾਸਿ਼ਤ ਕੀਤੀਆਂ ਗਈਆਂ।
2008 ਵਿਚ ਵਿੱਕੀਲੀਕਸ ਨੇ ਸਵਿੱਸ ਬੈਂਕਾਂ ਵਿਚ ਹੋ ਰਹੀਆਂ ਹੇਰਾ-ਫੇਰੀਆਂ ਦਾ ਜਿਕਰ ਕੀਤਾ ਤਾਂ ਵਿੱਕੀਲੀਕਸ ਸੰਸਾਰ ਪੱਧਰ `ਤੇ ਦੁਨੀਆ ਦੀਆਂ ਅੱਖਾਂ ਖੋਲ੍ਹਣ ਵਾਲਾ ਮੀਡੀਆ ਬਣ ਗਿਆ। ਅਸਾਂਜ ਨੇ ਕਿਹਾ ਕਿ ਇਹ ਬੈਂਕ ਸਭ ਤਰ੍ਹਾਂ ਦੇ ਕਨੂੰਨ ਤੋੜ ਕੇ ਚਲਦੇ ਹਨ, ਇਸ ਨਾਲ ਅਸਾਂਜ ਨੂੰ ਮਨੁੱਖੀ ਅਧਿਕਾਰ ਸੰਗਠਨ ਅਤੇ ਬੋਲਣ ਦੀ ਅਜਾਦੀ ਵਰਗੀਆਂ ਸੰਸਥਾਵਾਂ ਦਾ ਸਮੱਰਥਨ ਮਿਲਿਆ।
ਸਤੰਬਰ 2008 ਦੀਆਂ ਅਮਰੀਕੀ ਚੋਣਾਂ ਵਿਚ, ਵਿੱਕੀਲੀਕਸ ਨੇ ਇਹ ਸੱਚ ਸਾਹਮਣੇ ਲਿਆਂਦਾ ਕਿ ਕਿਵੇਂ ਇੰਗਲੈਂਡ ਦੀ ਸੱਜੇਪੱਖੀ ਪਾਰਟੀ, ਅਮਰੀਕਾ ਦੀਆਂ ਚੋਣਾਂ ਵਿਚ ਦਖ਼ਲ ਦਿੰਦੀ ਹੈ।
2009 ਵਿਚ ਵਿੱਕੀਲੀਕਸ ਨੇ ਇਰਾਨ ਦੀ ‘ਨੰਤਾਜ ਨਿਊਕਲੀਅਰ ਫੈਸਿਲਟੀ’ ਵਿਚ ਹੋਈ ਪ੍ਰਮਾਣੂ ਦੁਰਘਟਨਾ ਦੀ ਖਬਰ ਨਸ਼ਰ ਕੀਤੀ। ਵਿੱਕੀਲੀਕਸ ਨੇ ਇਹ ਖਦਸ਼ਾ ਜ਼ਾਹਰ ਕੀਤਾ ਕਿ ਇਸ ਪਿੱਛੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਈਬਰ ਐਕਸਪਰਟ ਦਾ ਹੱਥ ਹੈ।

ਅਪਰੈਲ 2010 ਵਿਚ ਵਿੱਕੀਲੀਕਸ ਨੇ ਇੱਕ ਵੀਡੀਓ ਰੀਲੀਜ਼ ਕੀਤੀ, ਜਿਸ ਵਿਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਅਮਰੀਕਨ ਫੌਜੀਆਂ ਨੇ ਹੈਲੀਕਾਪਟਰ ਰਾਹੀਂ ਫਾਇਰਿੰਗ ਕਰਕੇ 18 ਸਿਵਲੀਅਨ ਮੌਤ ਦੇ ਘਾਟ ੳਤਾਰੇ, ਜਿਨ੍ਹਾਂ ਵਿਚ ਸੰਸਾਰ ਪ੍ਰਸਿੱਧ ਅਖਬਾਰ ‘ਰਿਊਟਰ’ ਦਾ ਪੱਤਰਕਾਰ ਨਮੀਰ ਨੂਰ ਅਤੇ ਉਸਦਾ ਸਹਾਇਕ ਸਈਅਦ ਚਮਾਗ ਮਾਰੇ ਗਏ।

2010 ਵਿਚ ਹੀ ਅਫਗਾਨਿਸਤਾਨ ਦੀ ਲੜਾਈ ਦੀ ਰਿਪੋਰਟ ਅਤੇ ਅਪਰੈਲ 2011 ਵਿਚ ਗੁਆਟਾਨਮੋ ਬੇਅ ਵਿਚ ਅਮਰੀਕੀ ਅਧਿਕਾਰੀਆਂ ਵੱਲੋਂ ਅਫਗਾਨੀ ਜੰਗੀ ਕੈਦੀਆਂ `ਤੇ ਕੀਤੇ ਜਾ ਰਹੇ ਜੁ਼ਲ਼ਮਾਂ ਦੀਆਂ ਰਿਪੋਰਟਾਂ ਪ੍ਰਕਾਸਿ਼ਤ ਕੀਤੀਆਂ। ਵਿੱਕੀਲੀਕਸ ਨੇ ਕੇਬਲਗੇਟ ਰਾਹੀਂ ਅਮਰੀਕਾ ਦੀਆਂ ਢਾਈ ਲੱਖ ਤਾਰਾਂ ਦੇ ਮੈਸੇਜ ਜੱਗ ਜ਼ਾਹਰ ਕੀਤੇ ਕਿ ਕਿਵੇ ਅਮਰੀਕਾ ਯੂ.ਐਨ.ਓ. ਅਤੇ ਦੁਨੀਆ ਭਰ ਦੇ ਲੀਡਰਾਂ ਬਾਰੇ ਸਾਜਿਸ਼ਾਂ ਰਚਦਾ ਰਿਹਾ ਹੈ।
2016 ਵਿਚ ਵਿੱਕੀਲੀਕਸ ਨੇ ਡੈਮੋਕਰੇਟਿਕ ਪਾਰਟੀ ਦੀ ਇੱਕ ਈ-ਮੇਲ ਰੀਲੀਜ ਕਰ ਦਿੱਤੀ, ਜਿਸ ਵਿਚ ਪਾਰਟੀ ‘ਬਰਨੀ ਸੈਂਡਰਜ’ ਦੀ ਜਗ੍ਹਾ ‘ਤੇ ਹਿਲੇਰੀ ਕਲਿੰਟਨ ਨੂੰ ਤਰਜੀਹ ਦਿੰਦੀ ਸੀ।

ਅਸਾਂਜ `ਤੇ ਅਮਰੀਕਾ ਵੱਲੋਂ ਮੁਕੱਦਮਾ: ਜਿਸ ਤਰ੍ਹਾਂ ਇੱਕ ਪੁਰਾਣੀ ਕਹਾਵਤ ਹੈ ਕਿ ‘ਕੌਣ ਕਹੇ ਰਾਣੀ ਅੱਗਾ ਢੱਕ’ ਪਰ ਹੁਣ ਦੀ ਨਵੀਂ ਰਾਣੀ (ਅਮਰੀਕਾ) ਤਾਂ ਸਭ ਕੁੱਝ ਹੀ ਢੱਕ ਕੇ ਰੱਖਦੀ ਹੈ, ਇਹ ਤਾਂ ਜੋ ਕੁੱਝ ਵੀ ਕਰਦੀ ਹੈ, ਪਰਦੇ ਦੇ ਪਿਛੇ ਹੀ ਕਰਦੀ ਹੈ ਅਤੇ ਜੂਲੀਅਨ ਅਸਾਂਜ ਨੇ ਇਸ ਦਾ ਪਰਦਾ ਚੱਕ ਕੇ ਇਸ ਦਾ ਕਰੂਪ ਚਿਹਰਾ ਜੱਗ-ਜ਼ਾਹਰ ਕਰ ਦਿੱਤਾ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਅਮਰੀਕਾ ਨੇ ਵਿੱਕੀਲੀਕਸ ਦੀਆਂ ਕਾਰਗੁਜਾਰੀਆਂ ਤੇ ਕਰਿੱਮੀਨਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ। ਨਵੰਬਰ 2010 ਵਿਚ ਹੀ ਅਮਰੀਕਾ ਦੇ ਕਹਿਣ `ਤੇ ਸਪੇਨ ਨੇ ਅਸਾਂਜ ਤੇ ਇੱਕ ਫਰਜ਼ੀ ਸੈਕਸੂਅਲ ਕੇਸ ਪਾ ਕੇ ਅੰਤਰ-ਰਾਸ਼ਟਰੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ। ਅਸਾਂਜ ਨੇ ਗ੍ਰਿਫਤਾਰੀ ਤੋਂ ਬਚਣ ਲਈ ਇਕੁਆਡੋਰ ਦੀ ਅੰਬੈਸੀ ਵਿਚ ਸ਼ਰਨ ਲਈ। ਉਸ ਨੂੰ ਪਤਾ ਸੀ ਕਿ ਜੇਕਰ ਉਸ ਨੂੰ ਸਵੀਡਨ ਭੇਜ ਦਿੱਤਾ ਗਿਆ ਤਾਂ ਸਵੀਡਨ ਸਰਕਾਰ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇਗੀ ਅਤੇ ਉਸ ਨੂੰ ਉਮਰ ਭਰ ਲਈ ਜੇਲ੍ਹ ਵਿਚ ਸੁੱਟ ਦਿੱਤਾ ਜਾਵੇਗਾ। ਸਵੀਡਨ ਦੀ ਸਰਕਾਰ ਨੂੰ ਸਬੂਤਾਂ ਦੀ ਘਾਟ ਕਰਕੇ ਇਹ ਕੇਸ ਵਾਪਸ ਲੈਣਾ ਪਿਆ। ਫਿਰ ਅਮਰੀਕਾ ਦਾ ਦਬਾਅ ਨਾ ਝੱਲਣ ਕਾਰਨ ਇੱਕੁਆਡੋਰ ਨੇ ਅਸਾਂਜ ਦੀ ਸ਼ਰਣ ਖਤਮ ਕਰ ਦਿੱਤੀ ਅਤੇ ਉਸ ਨੂੰ ਇੰਗਲੈਂਡ ਦੀ ਪੁਲੀਸ ਹਵਾਲੇ ਕਰ ਦਿੱਤਾ ਗਿਆ। ਅਮਰੀਕਾ ਨੇ ਇੰਗਲੈਂਡ ਦੀ ਹਾਈਕੋਰਟ ਵਿਚ ਅਸਾਂਜ ਨੂੰ ਗ੍ਰਿਫਤਾਰ ਕਰਨ ਲਈ ਅਪੀਲ ਕਰ ਦਿੱਤੀ। ਅਮਰੀਕਾ ਇਹ ਅਪੀਲ ਜਿੱਤ ਗਿਆ, ਇਹ ਸਤਰ੍ਹਾਂ ਲਿਖੀਆਂ ਜਾਣ ਤੱਕ ਅਸਾਂਜ ਨੇ ਇੰਗਲੈਂਡ ਦੀ ਸੁਪਰੀਮ ਕੋਰਟ ਵਿਚ ਅਪੀਲ ਕਰ ਦਿੱਤੀ, ਹੁਣ ਅੱਗੇ ਦੇਖੋ ਕੀ ਬਣਦਾ ਹੈ, ਪਰ ਅਮਰੀਕਾ ਕਿਸੇ ਵੀ ਹਾਲਤ ਵਿਚ ਅਸਾਂਜ ਨੂੰ ਨਹੀਂ ਛੱਡਣਾ ਚਾਹੁੰਦਾ। ਜੇਕਰ ਅਸਾਂਜ ਅਮਰੀਕਾ ਭੇਜ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਅਮਰੀਕਾ ਦੀ ਜੇਲ੍ਹ ਵਿਚ ਜਿਉਂਦੀ-ਜਾਗਦੀ ਮੌਤ (ਲਿਵਿੰਗ ਡੈਥ) ਹੰਢਾਉਣੀ ਪਵੇਗੀ। ਅਸਾਂਜ ਨੂੰ ਸੱਚ ਬੋਲਣ ਦੀ, ਦਲੇਰ ਅਤੇ ਬੇਬਾਕ ਪੱਤਰਕਾਰ ਹੋਣ ਦੀ ਸਜਾ ਮਿਲੀ ਹੈ, ਇਹ ਇਨਸਾਫ ਨਹੀਂ ਸਗੋਂ ਇਨਸਾਫ ਦਾ ਬਲਾਤਕਾਰ ਹੈ। ਸੱਚ ਲਿਖਣ ਵਾਲ਼ੇ ਅਸਾਂਜ ਲਈ ਇਸ ਧਰਤੀ ‘ਤੇ ਇੱਕ ਨਰਕ ਤਿਆਰ ਕੀਤਾ ਜਾ ਰਿਹਾ ਹੈ। ਹੇਠ ਲਿਖੇ ਕੁੱਝ ਨੁਕਤੇ ਸਿੱਧ ਕਰਦੇ ਹਨ ਕਿ ਕਿਵੇਂ ਸੱਚ ਨੂੰ ਫਾਂਸੀ ਚਾੜ੍ਹਨ ਲਈ ਫੰਦਾ ਤਿਆਰ ਕੀਤਾ ਜਾ ਰਿਹਾ ਹੈ:

** ਐਫ.ਬੀ.ਆਈ. ਦੇ ਇੱਕ ਏਜੰਟ ਨੇ ਮੰਨਿਆ ਕਿ ਉਸਨੇ ਅਸਾਂਜ ਵਿਰੁੱਧ ਸਾਰੇ ਦੋਸ਼ ਮਨਘੜਤ ਬਣਾਏ ਹਨ ਪਰ ਇੰਗਲੈਂਡ ਦੀ ਅਦਾਲਤ ਨੇ ਇਸ ਨੂੰ ਵੀ ਨਕਾਰ ਦਿੱਤਾ।

** ਜਦ ਅਸਾਂਜ ਇਕੁਆਡੋਰ ਦੀ ਅੰਬੈਸੀ ਵਿਚ ਸ਼ਰਨ ਲੈ ਰਿਹਾ ਸੀ, ਉਸ ਸਮੇ ਸੀ.ਆਈ.ਏ, ਅਸਾਂਜ ਦੇ ਵਕੀਲਾਂ, ਡਾਕਟਰਾਂ ਦੀ ਜਾਸੂਸੀ ਕਰ ਰਹੀ ਸੀ-ਇਸ ਗੱਲ `ਤੇ ਵੀ ਪਰਦਾ ਪਾ ਦਿੱਤਾ ਗਿਆ ਹੈ।

** ਇੰਗਲੈਂਡ ਦੀ ਹਾਈ ਕੋਰਟ ਨੂੰ, ਪੱਤਰਕਾਰਾਂ ਵੱਲੋਂ ਦਿੱਤਾ ਗਿਆ ਗ੍ਰਾਫਿਕ ਸਬੂਤ ਕਿ ਸੀ.ਆਈ.ਏ ਨੇ ਅਸਾਂਜ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਹੈ, ਉਸ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਗਈ।

** ਇਹ ਜਿੰਨੇ ਵੀ ਸਬੂਤ ਸੀ ਜੋ ਜੱਜ ਦੇ ਸਾਹਮਣੇ ਪੇਸ਼ ਕੀਤੇ ਗਏ, ਕਾਫੀ ਸੀ ਅਸਾਂਜ ਨੂੰ ਬਰੀ ਕਰਨ ਲਈ ਪਰ ਵਿਕੀਆਂ ਹੋਈਆਂ ਅਦਾਲਤਾਂ ਖੁਦ ਫੈਸਲੇ ਨਹੀਂ ਕਰਦੀਆਂ, ਸਗੋਂ ਪਿੱਛੋਂ ਆਏ ਫੈਸਲੇ ਲਾਗੂ ਕਰਦੀਆਂ ਹਨ।
** ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਸੀ ਕਿ ਇੰਗਲੈਂਡ ਹਾਈ ਕੋਰਟ ਦੇ ਜੱਜ ‘ਲਾਰਡ ਬਰੂਨੈਟ’ ਅਤੇ ‘ਲਾਰਡ ਜਸਟਿਸ ਟਿਮਥੀ ਹੋਲੀਰੋਡ’ ਨੇ ਬਿਨਾ ਕਿਸੇ ਹਿਚਕਿਚਾਹਟ ਦੇ ਅਸਾਂਜ ਨੂੰ ਇੱਕ ਜਿਉਂਦੀ ਮੌਤ ਝੱਲਣ (ਅਮਰੀਕਾ ਦੇ ਹਵਾਲੇ ਕਰਨ ਦੀ) ਦੀ ਸਜਾ ਸੁਣਾ ਦਿੱਤੀ।

ਬੇਸ਼ੱਕ ਅਮਰੀਕਾ ਨੇ ਕਿਹਾ ਹੈ ਕਿ ਅਸਾਂਜ ਨੂੰ ਇਨਸਾਫ ਮਿਲੇਗਾ, ਪਰ ਇਸਦੀ ਕੋਈ ਗਰੰਟੀ ਨਹੀਂ ਦਿੱਤੀ। ਐਮਨੈਸਟੀ ਇੰਟਰਨੈਸ਼ਨਲ ਨੇ ਵੀ ਕਿਹਾ ਹੈ ਕਿ ਇਸਦਾ ਮਤਲਬ ਅਮਰੀਕਾ ਨੂੰ ਆਪਦੇ ਸਾਰੇ ਵਾਅਦੇ ਤੋੜਨ ਦੀ ਖੁੱਲ ਹੋਵੇਗੀ। ਇਹ ਜਿਹੇ ਵਾਅਦੇ ਤੋੜਨ ਦੀਆਂ ਅਮਰੀਕਾ ਦੀਆਂ ਬਹੁਤ ਉਦਾਹਰਣਾਂ ਹਨ। ਸਪੇਨ ਦੇ ਇੱਕ ਨਾਗਰਿਕ ‘ਮੈਨਡੋਜਾ’ ਨੂੰ ਜਦ ਅਮਰੀਕਾ ਦੇ ਹਵਾਲੇ ਕੀਤਾ ਗਿਆ ਸੀ, ਉਦੋਂ ਅਮਰੀਕਾ ਨੇ ਇਹ ਵਾਅਦਾ ਕੀਤਾ ਸੀ ਕਿ ਮੈਨਡੋਜਾ ਨੂੰ ਸਜਾ ਕੱਟਣ ਲਈ ਵਾਪਸ ਸਪੇਨ ਭੇਜਿਆ ਜਾਵੇਗਾ ਪਰ ਬਾਦ ਵਿਚ ਆਪਣੇ ਇਸ ਵਆਦੇ ਤੋਂ ਮੁੱਕਰ ਗਿਆ ਸੀ। ਅਮਰੀਕਾ ਦਾ ਇਹ ਰਿਕਾਰਡ ਹੈ ਕਿ ਇਸ ਨੇ ਹਜ਼ਾਰਾਂ ਹੀ ਸੰਧੀਆ ਤੋੜੀਆਂ ਹਨ, ਇਰਾਨ ਨਾਲ਼ ਹੋਇਆ ਪਰਮਾਣੂ ਸਮਝੌਤਾ ਇਸਦੀ ਤਾਜ਼ਾ ਮਿਸਾਲ ਹੈ। ਹੁਣ ਤਾਂ ਖੁਦ ਅਮਰੀਕੀ ਪੱਤਰਕਾਰ ਵੀ ਇਹ ਮੰਨਣ ਲੱਗ ਪਏ ਹਨ ਕਿ ਲੋਕਤੰਤਰ ਦਾ ਚੌਥਾ ਥੰਮ, ਦਲੇਰ ਅਤੇ ਨਿਰਪੱਖ ਪੱਤਰਕਾਰੀ ਦਾ ਖਾਤਮਾ ਹੋ ਰਿਹਾ ਹੈ। ਸਿਰਫ ਉਹੀ ਪੱਤਰਕਾਰੀ ਪ੍ਰਫੁੱਲਿਤ ਹੋ ਰਹੀ ਹੈ ਜੋ ਕਾਰਪੋਰੇਸ਼ਨਾਂ ਅਤੇ ਸਰਕਾਰਾਂ ਦੀ ਤਰਫ਼ਦਾਰੀ ਕਰਦੀ ਹੈ। ਅੱਜ ਲੋੜ ਹੈ ਦੁਨੀਆਂ ਭਰ ਦੇ ਅਗਾਂਹਵਧੂ ਲੋਕਾਂ, ਬੁੱਧੀਜੀਵੀਆਂ ਨੁੰ ਇਕੱਠੇ ਹੋ ਕੇ ਇੱਕ ਲਹਿਰ ਚਲਾਉਣ ਦੀ, ਤਾਂ ਕਿ ਅਸਾਂਜ ਦੀ ਜਾਨ ਹੀ ਨਹੀਂ, ਸਗੋਂ ਪਰੈਸ ਦੀ ਆਜ਼ਾਦੀ ਵੀ ਬਚਾਈ ਜਾ ਸਕੇ। ਜੇਕਰ ਪਰੈੱਸ ਆਜ਼ਾਦ ਨਾ ਰਹੀ ਤਾਂ ਲੋਕਾਂ ਨੂੰ ਸੱਚਾਈ ਕੌਣ ਦੱਸੂਗਾ। ਆਜ਼ਾਦ ਪਰੈੱਸ ਤੋਂ ਬਿਨਾ ਤਾਂ ਇਹ ਅਖੌਤੀ ਲੋਕਤੰਤਰ ਵੀ ਤਾਨਾਸ਼ਾਹੀ ਦਾ ਰੂਪ ਧਾਰਨ ਕਰ ਲਵੇਗਾ।