ਜੰਜ ਪਰਾਈ ਅਹਿਮਕ ਨਚੇ

ਪ੍ਰੋ. ਜਸਵੰਤ ਸਿੰਘ ਗੰਡਮ
ਫੋਨ: 98766-55055
ਸਾਡੇ ਵਿਚੋਂ ਬਹੁਤੇ ਅਰਥਹੀਣਤਾ `ਚੋਂ ਅਰਥ ਢੂੰਡਣ ਦੇ ਆਹਰ ਵਿਚ ਲੱਗੇ ਹੋਏ ਹਨ। ਅਸੀਂ ਤੂੜੀ ਦੇ ਢੇਰ ਵਿਚੋਂ ਦਾਣੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਾਰੂਥਲ ਦੀ ਮ੍ਰਿਗ-ਤ੍ਰਿਸ਼ਨਾ `ਚੋਂ ਪਿਆਸੇ ਹਿਰਨ ਵਾਂਗ ਪਾਣੀ ਭਾਲ ਰਹੇ ਹਾਂ।

ਉੱਬਲਦੇ ਪਾਣੀ `ਚੋਂ ਵੀ ਭਲਾ ਚਿਹਰੇ ਦਿਸਦੇ ਹਨ? ਕਤੀਲ ਸ਼ਿਫਾਈ ਇਸ ਕਮਲਮਾਰੀ ਅਵਸਥਾ ਬਾਰੇ ਕਹਿੰਦੈ, `ਜਾਨੇ ਕਿਤਨੀ ਉਮਰ ਕਟੇਗੀ, ਇਸ ਨਾਦਾਨੀ ਮੇਂ, ਅਪਨੇ ਅਕਸ ਕੋ ਢੂੰਡ ਰਹਾ ਹੂੰ ਖੌਲਤੇ ਪਾਨੀ ਮੇਂ`। ਲੱਗਦੈ ਅੱਜ-ਕੱਲ੍ਹ ਅਰਥਹੀਣਤਾ ਹੀ ਅਰਥਵਾਨ ਹੋ ਗਈ ਹੈ!
ਸਾਨੂੰ ਇਹ ਵਿਚਾਰ ਮੀਡੀਆ ਵਿਚ ਦੋ ਖਬਰਾਂ ਪੜ੍ਹ ਕੇ ਆਏ। ਪਹਿਲ਼ੀ ਖਬਰ ਸੀ ਕਿ ਐਮੇਜ਼ੋਨ ਦੇ ਬਾਨੀ ਬਿਲੀਅਨੇਅਰ ਜੈਫਰੇ (ਜੈਫ) ਪਰੈਸਟੋਨ ਬੇਜ਼ੋਸ ਨੇ 5.5 ਅਰਬ ਡਾਲਰ ਸਿਰਫ ਚਾਰ ਮਿੰਟ ਪੁਲਾੜ ਦੀ ਯਾਤਰਾ ਉਪਰ ਖਰਚ ਕਰ ਦਿੱਤੇ। ਫੋਰਬੀਸ ਅਨੁਸਾਰ ਬੇਜ਼ੋਸ ਦੀ ਨੈੱਟ ਆਮਦਨ 20,170 ਕਰੋੜ ਅਮਰੀਕੀ ਡਾਲਰ ਹੈ, (ਰੁਪਏ ਤੁਸੀਂ ਆਪ ਬਣਾ ਲਿਓ ਕਿਉਂਕਿ ਮੇਰਾ ਹਿਸਾਬ ਜ਼ਰਾ ਕਮਜ਼ੋਰ ਹੈ)।ਇਕ ਅੰਦਾਜ਼ੇ ਅਨੁਸਾਰ ਸੰਸਾਰ `ਚ ਭੁੱਖਮਰੀ ਉਪਰ ਕਾਬੂ ਪਾਉਣ ਲਈ ਵੀ ਲਗਭਗ ਐਨੇ ਕੁ ਡਾਲਰ ਹੀ ਚਾਹੀਦੇ ਹਨ, ਜਿੰਨੇ ਕਿ ਜੈਫ ਬੇਜ਼ੋਸ ਚਾਰ ਮਿੰਟਾਂ ਵਿਚ ਖਰਚ ਕਰ ਆਇਆ ਭਾਵ ਉਸ ਨੇ ਇਕ ਮਿੰਟ ਵਿਚ 1.375 ਬਿਲੀਅਨ ਡਾਲਰ ਪੁਲਾੜ ਦੇ ਖਲਾਅ ਵਿਚ ਉੜਾ ਦਿੱਤੇ।
ਅੱਜ-ਕੱਲ੍ਹ ‘ਸਪੇਸ ਟੂਰਿਜ਼ਮ’ (ਪੁਲਾੜੀ ਸੈਰ-ਸਪਾਟਾ) ਕਰਵਾਏ ਜਾਣ ਦੇ ਪ੍ਰੋਜੈਕਟਾਂ ਉਪਰ ਕੰਮ ਹੋ ਰਿਹੈ। ਟੈਸਲਾ ਦਾ ਮਾਲਕ ਅਰਬਪਤੀ ਐਲਨ ਰੀਵ ਮਸਕ ਇਸ ਕੰਮ ਵਿਚ ਮੋਢੀ ਹੈ। ਫੋਰਬੀਸ ਅਨੁਸਾਰ ਉਸ ਦੀ ਨੈੱਟ ਆਮਦਨ 29,700 ਕਰੋੜ ਅਮਰੀਕੀ ਡਾਲਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਐਲਨ ਮਸਕ, ਜੋ ਵਿਸ਼ਵ ਦਾ ਸਭ ਤੋਂ ਅਮੀਰ ਵਿਅਕਤੀ ਕਿਹਾ ਜਾਂਦੈ, ਨੇ ਸੰਸਾਰ `ਚੋਂ ਭੁੱਖਮਰੀ ਦੇ ਬੇਰਹਿਮ ਸੰਤਾਪ ਨਾਲ ਨਜਿੱਠਣ ਲਈ 6 ਅਰਬ ਡਾਲਰ ਦਾਨ ਵਜੋਂ ਦੇਣ ਦੀ ਗੱਲ ਕਹੀ ਹੈ। ਜੇ ਸਹੀ ਹੈ, ਤਾਂ ਕਮਾਲ ਦੀ ਗੱਲ ਹੈ। ਇਸ ਨਾਲ ਵਿਸ਼ਵ ਦੀ ਕੁੱਲ਼ ਆਬਾਦੀ ਦਾ 10 ਫ਼ੀਸਦੀ ਹਿੱਸਾ (ਲਗਪਗ 75-80 ਕਰੋੜ ਲੋਕ), ਜੋ ਭੁੱਖਮਰੀ ਦਾ ਸ਼ਿਕਾਰ ਹੈ, ਦੇ ਖਾਲੀ ਪੇਟ ਨੂੰ ਵੀ ਝੁਲਕਾ ਮਿਲ ਜਾਏਗਾ।
ਭਲਾ ਇਹ ਅਤਿ-ਅਮੀਰ ਲੋਕ ਪੈਸੇ ਫੂਕਦੇ ਕਿਉਂ ਹਨ? ਪੁਲਾੜ ਦੀ ਯਾਤਰਾ ਜਾਂ ਸਪੇਸ ਟੂਰਿਜ਼ਮ ਸ਼ੁਰੂ ਕਰਨ ਦੇ ਮਨਸੂਬੇ ਕਿਉਂ ਬਣਾਉਂਦੇ ਹਨ? ਪਹਿਲਾਂ ਧਰਤੀ ਦੇ ਮਸਲੇ ਕਿਉਂ ਨਹੀਂ ਹੱਲ ਕਰਦੇ? ਅਸੀਂ ਇਹ ਵੀ ਖਬਰਾਂ ਸੁਣਦੇ ਹਾਂ ਕਿ ਚੰਦ ਉਪਰ ਪਲਾਟ ਖ੍ਰੀਦੇ ਜਾ ਰਹੇ ਹਨ। ਇਹ ਸਭ ਅਲੋਕਾਰ ਗੱਲਾਂ ਅਮੀਰ ਲੋਕਾਂ ਦੇ ਖਪਤ ਸਭਿਆਚਾਰ ਨੂੰ ਪ੍ਰੋਤਸ਼ਾਹਿਤ ਕਰਨ ਲਈ ਹਨ। ਕੁਝ ਨਿਵੇਕਲਾ, ਵੱਖਰਾ, ਹਟਵਾਂ ਕਰ ਕੇ ਅਮੀਰਾਂ ਦੀ ਜਗਿਆਸਾ ਪੂਰਤੀ ਜਾਂ ਖੁਸ਼ੀ ਦੀ ਭਾਲ ਵਿਚ ਸਹਾਈ ਹੋਣ ਦਾ ਉਪਰਾਲਾ ਹੈ। ਜੈਫ ਤੇ ਮਸਕ ਵਰਗੇ ਅਰਬਪਤੀਆਂ ਨੂੰ ਤਾਂ ਸ਼ਾਇਦ ਪਤਾ ਵੀ ਨਾ ਹੋਵੇ ਕਿ ਇਸ ਧਰਤੀ ਉਪਰ ਕਰੋੜਾਂ ਲੋਕ ਭੁੱਖੇ ਪੇਟ ਸੌਂਦੇ ਹਨ।
ਭਲਾ ਅਜਿਹੇ ਚੋਚਲਿਆਂ\ਸ਼ੋਸ਼ਿਆਂ ਨਾਲ ਵਾਕਿਆ ਹੀ ਖੁਸ਼ੀ ਮਿਲ ਜਾਂਦੀ ਹੈ? ਫਰੈਂਚ-ਅਲਜੀਰੀਅਨ ਫਿਲਾਸਫਰ ਐਲਬਰਟ ਕਾਮੂ ਦੀਆਂ ਮਸ਼ਹੂਰ ਲਾਈਨਾਂ ਹਨ, `ਜੇਕਰ ਤੁਸੀਂ ਲਗਾਤਾਰ ਇਹੀ ਭਾਲ ਕਰਦੇ ਰਹੋ ਕਿ ਖੁਸ਼ੀ ਕਿਸ ਸ਼ੈਅ `ਚ ਹੁੰਦੀ ਹੈ ਤਾਂ ਤੁਸੀਂ ਕਦੀ ਵੀ ਖੁਸ਼ ਨਹੀਂ ਹੋਵੋਗੇ।`
ਕੀ ਇਹ ਸੁਪਰ ਅਮੀਰ ਆਪਣੀ ਅਮੀਰੀ ਤੋਂ ਉਕਤਾ ਗਏ ਹਨ ਕਿ ਖਲਾਅ ਵਿਚ ਖੁਸ਼ੀ ਢੂੰਡਦੇ ਫਿਰਦੇ ਹਨ? ਕੀ ਇਨ੍ਹਾਂ ਨੂੰ ਧਰਤੀ ਉਪਰ ਖੁਸ਼ੀ ਦੇ ਸਾਧਨ ਘੱਟ ਪੈ ਗਏ ਹਨ? ਜਾਂ ਪੈਸਾ ਹੀ ਐਨਾ ਹੈ ਕਿ ਅੱਗ ਲਾ ਫੂਕ ਕੇ ਵੀ ਨਹੀਂ ਮੁੱਕ ਸਕਦਾ? ਜਾਂ ਫਿਰ ਇਹ ਦੂਸਰੇ ਲੋਕਾਂ ਨੂੰ ਉਨ੍ਹਾਂ ਦੀ ਗੁਰਬਤ ਦਾ ਅਹਿਸਾਸ ਕਰਵਾ ਕੇ ਅਮਾਨਵੀ ਸੁਆਦ ਲੈ ਰਹੇ ਹਨ, ਜਿਸ ਨੂੰ ਅੰਗਰੇਜ਼ੀ ਵਾਲੇ ‘ਸੈਡਿਸਟਕ ਪਲੈਯਰ’(ਪਰਪੀੜਾ `ਚੋਂ ਪ੍ਰਸੰਨਤਾ) ਕਹਿੰਦੇ ਹਨ ਜਾਂ ਇਹ ਅੰਤਾਂ ਦੇ ਖੋਖਲੇਪਨ ਤੇ ਫੁਕਰੇਪਨ ਦਾ ਚਲਨ ਹੈ ਤੇ ਜਾਂ ਇਕ ਫੋਕਾ ਤੇ ਥੋਥਾ ਦਿਖਾਵਾ ਹੈ।
ਦੂਸਰੀ ਖਬਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਹੁਣੇ-ਹੁਣੇ ਹੋਏ ਵਿਆਹ ਦੀ ਹੈ। ਰਾਜਸਥਾਨ ਦੇ ਇਕ ਮਹਿਲੀ ਹੋਟਲ ਵਿਚ ਹੋਏ ਇਸ ਸ਼ਾਹੀ ਵਿਆਹ `ਤੇ ਵੀ ਕਰੋੜਾਂ ਰੁਪਏ ਖਰਚੇ ਗਏ। ਸੁਣਨ `ਚ ਆਇਆ ਹੈ ਕਿ ਇਸ ਫਿਲਮੀ ਜੋੜੇ ਨੇ ਆਪਣੇ ਵਿਆਹ ਦੇ ਟੈਲੀਕਾਸਟ ਅਧਿਕਾਰ ਐਮੇਜ਼ੋਨ ਪ੍ਰਾਈਮ ਨੂੰ 80 ਕਰੋੜ ਰੁਪਏ ਵਿਚ ਵੇਚੇ ਸਨ! ਅਸਲੀਅਤ ਤਾਂ ਵਿੱਕੀ-ਕੈਫ ਨੂੰ ਹੀ ਪਤਾ ਹੋਊ ਪਰ ਮੀਡੀਆ ਰਿਪੋਰਟਾਂ ਵਿਚ ਇਹੀ ਚਰਚਾ ਹੈ। ਇਸ ਵਿਆਹ ਨੇ ਲੋਕਾਂ ਨੂੰ ਕਈ ਦਿਨ ਕਮਲੇ ਕਰੀ ਰੱਖਿਆ। ਕੈਮਰੇ ਵਾਲਿਆਂ ਦੀ ਫੌਜ, ਜਿਸ ਨੂੰ ਵਿਆਹ ਵਾਲੇ ਸਥਾਨ ਦੇ ਅੰਦਰ ਨਹੀਂ ਫਟਕਣ ਦਿੱਤਾ ਗਿਆ, ਮਹਿਲ ਦੇ ਬਾਹਰ ਹੀ ਆਪਣੀਆਂ ’ਬੰਦੂਕਾਂ-ਤੋਪਾਂ’ ਤਾਇਨਾਤ ਕਰ ਕੇ ‘ਐਕਸਕਲੁੂਸਿਵ’ ਫੋਟੋਆਂ ਭੇਜਣ ਦਾ ਦਾਅਵਾ ਕਰਦੀ ਰਹੀ। ਕੈਟਰੀਨਾ ਦੇ ਲਹਿੰਗੇ ਦਾ ਰੰਗ, ਮਹਿੰਦੀ ਦੇ ਡਿਜ਼ਾਈਨ, ਵਿੱਕੀ ਦੀ ਪਗੜੀ ਜਾਂ ਸ਼ੇਰਵਾਨੀ ਦਾ ਰੰਗ ਕਿਹੋ ਜਿਹਾ ਸੀ, ਵਗੈਰਾ ਵਗੈਰਾ ਇਕ ਰਾਸ਼ਟਰੀ, ਬਲਕਿ ਅੰਤਰ-ਰਾਸ਼ਟਰੀ, ਮੁੱਦਾ ਤੇ ਚਰਚਾ ਦਾ ਵਿਸ਼ਾ ਬਣੇ ਰਹੇ। ਇਉਂ ਭਾਸਦੈ ਕਿ ਇਨ੍ਹੀਂ ਦਿਨੀਂ ਭਾਰਤ ਵਿਚ ਚਰਚਾਯੋਗ ਹੋਰ ਕੋਈ ਮਸਲਾ ਹੀ ਨਹੀਂ ਰਿਹਾ ਸੀ।
ਲੋਕ ਭਲਾ ਕਿਉਂ ਅਜਿਹੇ ਦ੍ਰਿਸ਼ ਦੇਖਣ ਲਈ ਉਤਾਵਲੇ ਰਹਿੰਦੇ ਹਨ? ਕਈ ਤਾਂ ਪੰਡਾਲ ਦੇ ਬਾਹਰ ਭੀੜ ਲਗਾ ਦਿੰਦੇ ਹਨ। ਬਹੁਤੇ ਸੁੱਧ-ਬੁੱਧ ਗਵਾ ਟੀਵੀ ਚੈਨਲਾਂ\ਸੋਸ਼ਲ ਮੀਡੀਆ ਨਾਲ ਚਿੰਬੜੇ ਰਹਿੰਦੇ ਹਨ। ਫਿਲਮੀ ਸਿਤਾਰਿਆਂ ਜਾਂ ਹੋਰ ਪ੍ਰਸਿੱਧ ਲੋਕਾਂ ਦੇ ਸਮਾਗਮਾਂ ਸਮੇਂ ਬਾਊਂਸਰ ਭਾੜੇ `ਤੇ ਕੀਤੇ ਹੁੰਦੇ ਹਨ, ਜੋ ਧੱਕਾ-ਮੁੱਕੀ ਕਰਨ ਵਿਚ ਮਾਹਿਰ ਹੁੰਦੇ ਹਨ। ਮੀਡੀਆ ਵਾਲਿਆਂ ਨਾਲ ਵੀ ਦੁਰਵਿਹਾਰ ਕਰਦੇ ਹਨ (ਕੁਝ ਸਾਲ ਪਹਿਲਾਂ ਇਕ ਅਜਿਹੇ ਵਿਆਹ ਸਮੇਂ ਐਨੀ ਧੱਕਾ-ਮੁੱਕੀ ਕੀਤੀ ਗਈ ਕਿ ਮੀਡੀਆ ਨੂੰ ਬਾਊਂਸਰਾਂ ਵਿਰੁੱਧ ਕੇਸ ਦਰਜ ਕਰਵਾਉਣਾ ਪਿਆ, ਭਾਵੇਂ ਬਾਅਦ ਵਿਚ ਸਮਝੌਤਾ ਹੋ ਗਿਆ)।
ਸਾਨੂੰ ਸ਼ਾਹੀ ਘਰਾਣੇ, ਸ਼ਾਹੀ ਬਾਣੇ, ਸ਼ਾਹੀ ਖਾਣੇ, ਸ਼ਾਹੀ ਟਿਕਾਣੇ ਅਤੇ ਸ਼ਾਹੀ ਸ਼ਾਦੀਆਂ ਕਿਉਂ ਚੰਗੀਆਂ ਲੱਗਦੀਆਂ ਹਨ? ਰਾਜੇ-ਮਹਾਰਾਜੇ ਤਾਂ ਕਦੋਂ ਦੇ ਚਲੇ ਗਏ ਪਰ ਸਾਨੂੰ ਫਿਰ ਵੀ ‘ਸ਼ਾਹੀ-ਸਭਿਆਚਾਰ’ ਅਜੇ ਵੀ ਭਾਂਉਦੈ। ਇਕ ਪਾਸੇ ਇਨ੍ਹਾਂ ਸ਼ਾਹੀ ਵਿਆਹਾਂ ਦੀਆਂ ਟੀਵੀ ਚੈਨਲਾਂ ਰਾਹੀਂ ਝਲਕੀਆਂ ਸਾਨੂੰ ਕੁਝ ਸਮੇਂ ਲਈ ਖੁਸ਼ ਕਰਦੀਆਂ ਹਨ ਤੇ ਦੂਜੇ ਪਾਸੇ ਇਹ ਸਾਨੂੰ ਇਕ ਬੇਰਸ, ਨੀਰਸ, ਅਕੇਵੇਂ ਭਰੇ ਜੀਵਨ ਦੀ ਤਲਖ ਹਕੀਕਤ ਤੋਂ ਰਾਹਤ (ਜਾਂ ਫਿਰ ਭਾਂਜ) ਵੀ ਦਿੰਦੀਆਂ ਹਨ। ਇਹ ਖਪਤ ਸਭਿਆਚਾਰ ਦੇ ਵਰਤਾਰੇ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦੀਆਂ ਹਨ ਅਤੇ ਇਸ ਚਮਕ-ਦਮਕ, ਫੈਸ਼ਨ,’ਬਿਗ ਫੈਟ ਵੈਡਿੰਗ’ ਦੇ ਕਾਰੋਬਾਰ ਦੀ ਇੰਡਸਟਰੀ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
ਇਸ ਸਭ ਕੁਝ ਦਾ ਨਤੀਜਾ ਇਹ ਹੁੰਦੈ ਕਿ ਹਾਰੀ ਸਾਰੀ ਵੀ ਅੱਡੀਆਂ ਚੁੱਕ ਕੇ ਪੰਗੇ ਲੈਂਦੈ। ਜੇ ਵਿੱਕੀ-ਕੈਫ ਦੇ ਬਰਾਬਰ ਨਹੀਂ ਤਾਂ ਚਲੋ ਉਨ੍ਹਾਂ ਵਰਗੇ ਲਹਿੰਗੇ-ਸ਼ੇਰਵਾਨੀਆਂ ਪਾਉਣ, ਵਿੱਤੋਂ ਬਾਹਰੇ ਖਰਚੇ ਕਰਨ, (ਭਾਵੇਂ ਕਰਜ਼ਾ ਹੀ ਕਿਉਂ ਨਾਂ ਚੁੱਕਣਾ ਪਵੇ\ਜ਼ਮੀਨ ਹੀ ਕਿਉਂ ਨਾ ਗਹਿਣੇ ਧਰਨੀ ਪਵੇੇ), ਨੱਕ-ਨਮੂਜ ਰੱਖਣ ਦੇ ਬਹਾਨੇ ਫਜ਼ੂਲ ਖਰਚੇ ਕਰਨ `ਚ ਅਸੀਂ ਭਲਾ ਕਿਸੇ ਦੀ ਧੀ-ਭੈਣ ਨਾਲੋਂ ਘੱਟ ਹਾਂ? ਇਸ ਰਵੱਈਏ ਕਾਰਨ ਅਸੀਂ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਾਂ।
ਐਵੈਂ ਨਹੀਂ ‘ਜੰਜ ਪਰਾਈ ਵਿਚ ਅਹਿਮਕ ਨਚਦੇ’! ਜਾਂ ‘ਜੰਜ ਬਿਗਾਨੀ ਵਿਚ ਅਬਦੁਲਾ ਦੀਵਾਨਾ’ ਹੁੰਦਾ ਤੇ ਜਾਂ ਫਿਰ ‘ਮਾਮੇ ਕੰਨੀ ਬੀਰ ਬਲੀਆਂ ਤੇ ਭਾਣਜਾ ਆਕੜਦਾ’ ਫਿਰਦਾ! ਆਮ ਲੋਕ ਵੀ ਇਨ੍ਹਾਂ ਅਡੰਬਰਾਂ ਵਿਚੋਂ ਖੁਸ਼ੀ ਢੂੰਡਦੇ ਹਨ। ਇਸ ਭਾਲ ਵਿਚ ਬਹੁਤੇ ਆਪਣਾ ਝੁੱਗਾ ਚੌੜ ਕਰ ਲੈਂਦੇ ਹਨ। ਫਿਲਮੀ ਹਸਤੀਆਂ ਨੇ ਤਾਂ ਕਰੋੜਾਂ ਕਮਾਇਆ ਹੂੰਦੈ। ਉਨ੍ਹਾਂ ਦੀਆਂ ਤਾਂ ਸ਼ਾਦੀਆਂ ਦੇ ਟੈਲੀਕਾਸਟ ਦੇ ਅਧਿਕਾਰ ਵੀ ਕਰੋੜਾਂ ਵਿਚ ਵਿਕ ਜਾਂਦੇ ਹਨ ਪਰ ਹਮਾਤੜ ਨੰਗੇ ਧੜ ਹੀ ਮਾਰੇ ਜਾਂਦੇ ਹਨ। ਲਾ ਪਾ ਕੇ ਇਨ੍ਹਾਂ ਅਡੰਬਰਾਂ ਦਾ ਲਾਭ ਅਡੰਬਰਬਾਜ਼ਾਂ ਨੂੰ ਹੀ ਹੁੰਦ। ਕੰਗਾਲੀ-ਕੁਟੇ ਨੰਗੇ ਭੁੱਖੇ ਲੋਕ ਤਾਂ ‘ਘਾਹੀਆਂ ਨੇ ਘਾਹ ਹੀ ਖੋਤਣੈ’ ਵਾਲੀ ਸਥਿਤੀ ਨਾਲ ਹੀ ਦੋ-ਚਾਰ ਹੁੰਦੇ ਰਹਿੰਦੇ ਹਨ।
ਕਿਸੇ ਹੱਦ ਤਕ ਇਹ ਵਰਤਾਰਾ ਸਾਡੇ ਅੰਦਰਲੇ ਖੋਖਲੇਪਨ ਦਾ ਲਖਾਇਕ ਵੀ ਹੈ ਤੇ ਮ੍ਰਿਗ-ਤ੍ਰਿਸ਼ਨਾ ਵੀ। ਇਸ ਨੂੰ ਹੀ ਐਲਬਰਟ ਕਾਮੂ ‘ਬੇਢਬੀ ਵਿਅਰਥਤਤਾ ਕਹਿੰਦਾ ਹੈ, ਜਿਸ ਤਹਿਤ ਬੰਦਾ ਇਕ ਅਗਮ ਅਬੋਧ ਕਾਇਨਾਤ, ਜੋ ਪ੍ਰਭੂ ਅਤੇ ਅਰਥ ਵਿਹੂਣੀ ਹੈ, `ਚੋਂ ਅਰਥ ਦੀ ਭਾਲ ਕਰਨ ਦੀ ਨਿਰਾਰਥਕ ਕੋਸ਼ਿਸ਼ ਕਰਦਾ ਹੈ`। ਖੁਸ਼ੀ ਤਾਂ ਨਿੱਕੀਆਂ ਗੱਲਾਂ `ਚੋਂ ਵੀ ਮਿਲ ਜਾਂਦੀ ਹੈ। ਇਕ ਬੱਚੇ ਦੀ ਕਿਲਕਾਰੀ, ਕੁਲੀ `ਚ ਰਹਿੰਦੇ ਅਲਪ-ਸਾਧਨਾਂ ਵਾਲੇ ਪਰਿਵਾਰ ਦੇ ਆਪਸੀ ਪਿਆਰ, ਕਿਸੇ ਲੋੜਵੰਦ ਦੀ ਸਹਾਇਤਾ, ਭੁੱਖੇ ਨੂੰ ਅੰਨ, ਪਿਆਸੇ ਨੂੰ ਪਾਣੀ, ਨੰਗੇ ਨੂੰ ਕੱਪੜੇ, ਗਰੀਬ ਬਿਮਾਰ ਨੂੰ ਦਵਾਈ, ਬੇਘਰੇ ਨੂੰ ਸਿਰ ਢੱਕਣ ਲਈ ਛੱਤ, ਥੁੜ੍ਹਾਂ ਮਾਰੇ ਬੱਚੇ ਦੀ ਪੜ੍ਹਾਈ ਦਾ ਖਰਚਾ ਦੇਣ ਵਰਗੇ ਧਰਤੀ ਉਪਰਲੇ ਲੋਕ ਭਲਾਈ ਦੇ ਕਾਰਜਾਂ ਵਿਚ ਬੇਅੰਤ ਖੁਸ਼ੀ ਮਿਲਦੀ ਹੈ। ਪੁਲਾੜੀ ਪਾਖੰਡਾਂ\ਅਡੰਬਰੀ ਸ਼ਾਦੀਆਂ ਨਾਲੋਂ ਵੀ ਵਧੇਰੇ!
ਕਾਦਰ ਦੀ ਕੁਦਰਤ ਦੇ ਅਪਰੰਮ-ਅਪਾਰ ਨਜ਼ਾਰੇ ਵੀ ਅਨੰਤ ਖੁਸ਼ੀ\ਆਨੰਦ ਦਿੰਦੇ ਹਨ। ਅੰਗਰੇਜ਼ੀ ਦੇ ਪ੍ਰਸਿੱਧ ਕਵੀ ਡਬਲਯੂ.ਐਚ. ਡੇਵੀਜ਼ ਅਨੁਸਾਰ:
`ਚਿੰਤਾ ਲੱਦੀ ਜ਼ਿੰਦਗੀ ਵੀ ਭਲਾ ਕਾਹਦੀ ਜ਼ਿੰਦਗੀ ਹੋਈ?
ਜੇ ਸਾਡੇ ਕੋਲ ਠਹਿਰਨ ਤੇ (ਕੁਦਰਤ ਦੇ) ਨਜ਼ਾਰੇ ਮਾਨਣ ਦਾ ਸਮਾਂ ਹੀ ਨਹੀਂ`?
ਜੇ ਹੋਰ ਆਨੰਦ ਮਾਨਣੈ ਤਾਂ ਨਿਦਾ ਫਾਜ਼ਲੀ ਦੀ ਮੰਨੋ,
`ਘਰ ਸੇ ਮਸਜਿਦ ਹੈ ਬਹੁਤ ਦੂਰ, ਚਲੋ ਯੂੰ ਕਰ ਲੇਂ,
ਕਿਸੀ ਰੋਤੇ ਹੂਏ ਬੱਚੇ ਕੋ ਹਸਾਇਆ ਜਾਏ`!