ਪੰਜਾਬੀ ਖੇਡ ਸਾਹਿਤ: ਖੋਜੀ ਰੁਸਤਮ ਰਾਜਿੰਦਰ ਪਾਲ ਸਿੰਘ ਬਰਾੜ

ਪ੍ਰਿੰ. ਸਰਵਣ ਸਿੰਘ
ਡਾ. ਰਾਜਿੰਦਰ ਪਾਲ ਸਿੰਘ ਬਰਾੜ ਖੋਜ ਅਖਾੜੇ ਦਾ ਰੁਸਤਮ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦਾ ਮੁਖੀ ਰਿਹਾ। ਉਸ ਨੇ ਪੰਜਾਬੀ ਸਾਹਿਤ ਦੇ ਖੋਜਾਰਥੀਆਂ ਨੂੰ ਪੰਜਾਬੀ ਖੇਡ ਸਾਹਿਤ ਦੇ ਅਧਿਐਨ ਵੱਲ ਪ੍ਰੇਰ ਕੇ ਐੱਮ.ਫਿਲ ਤੇ ਪੀ.ਐਚਡੀ. ਦੀਆਂ ਡਿਗਰੀਆਂ ਕਰਵਾਈਆਂ ਹਨ। ਖ਼ੁਦ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਿਆ ਹੈ।

ਖੇਡ ਪੁਸਤਕਾਂ ਦੇ ਮੁੱਖ ਬੰਦ ਲਿਖਦਿਆਂ ਖੇਡ ਭੂਮਿਕਾਵਾਂ ਬੰਨ੍ਹੀਆਂ ਹਨ। ਉਸ ਦੇ ਲਿਖੇ ਸ਼ਬਦ ਚਿੱਤਰਾਂ ਦੀਆਂ ਪੁਸਤਕਾਂ ਦੇ ਨਾਂ ਹਨ ‘ਦਾਨਿਸ਼ਮੰਦ ਦਰਵੇਸ਼’ ਤੇ ‘ਰਲ਼ ਫ਼ਕੀਰਾਂ ਮਜਲਿਸ ਕੀਤੀ’। ਇਨ੍ਹਾਂ ਵਿਚ ‘ਸੰਤਾ ਮਾਮਾ ਉਰਫ਼ ਮੱਤੇ ਵਾਲਾ ਮੱਲ’ ਤੇ ‘ਸਿਕਸਰ ਸਿੱਧੂ ਤੋਂ ਸਿਆਸਤਦਾਨ ਸਿੱਧੂ ਵਾਇਆ ਕਰਤਾਰਪੁਰ’ ਸਿਰਲੇਖਾਂ ਵਾਲੇ ਸ਼ਬਦ ਚਿੱਤਰ ਉਲੀਕੇ ਹਨ। ਲੋਕ ਖੇਡਾਂ ਬਾਰੇ ਵੀ ਖੋਜ ਭਰਪੂਰ ਪਰਚਾ ਲਿਖਿਆ ਹੈ। ਪੰਜਾਬੀ ਖੇਡ ਸਾਹਿਤ ਦੀ ਪਹਿਲੀ ਪੀ.ਐਚਡੀ ਕਰਨ ਵਾਲੇ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਉਹ ਪਹਿਲਾ ਗਾਈਡ ਸੀ। ਸ਼ਾਇਦ ਹੀ ਸਾਹਿਤ ਦੀ ਕੋਈ ਸਿਨਫ਼ ਉਹਦੀ ਕਲਮ ਦੀ ਛੋਹ ਤੋਂ ਬਚੀ ਹੋਵੇ। ਉਸ ਨੂੰ ਕਲਮਕਾਰੀ ਤੇ ਭਾਸ਼ਨਕਾਰੀ ਦਾ ਅਫਲਾਤੂਨ ਕਿਹਾ ਜਾ ਸਕਦੈ।
ਪ੍ਰੋ. ਰਾਜਿੰਦਰ ਸਿੰਘ ਪਾਲ ਬਰਾੜ ਪ੍ਰੌਢ ਅਧਿਆਪਕ ਹੋਣ ਦੇ ਨਾਲ-ਨਾਲ ਮੌਲਿਕ ਲੇਖਕ ਵੀ ਹੈ। ਨਾਮਵਰ ਆਲੋਚਕ, ਅਨੁਵਾਦਕ, ਸੰਪਾਦਕ, ਖੋਜੀ ਵਿਦਵਾਨ, ਗੋਸ਼ਟੀਆ, ਭਾਸ਼ਨਕਾਰ, ਮੀਡੀਆਕਾਰ, ਪਟਕਥਾ ਲੇਖਕ, ਕਾਲਮ ਨਵੀਸ, ਰੇਖਾ ਚਿੱਤਰਕਾਰ, ਵਿਸ਼ਾ ਮਾਹਿਰ, ਮੇਲ ਮੁਲਾਕਾਤੀਆ, ਰੂਬਰੀਆ, ਜਥੇਬੰਦੀਆ, ਗੱਲ ਕੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ। ਅਨੇਕਾਂ ਯੂਨੀਵਰਸਿਟੀਆਂ, ਕਾਲਜਾਂ, ਸਾਹਿਤ ਸਭਾਵਾਂ, ਸੈਮੀਨਾਰਾਂ, ਗੋਸ਼ਟੀਆਂ ਤੇ ਕਾਨਫਰੰਸਾਂ ਵਿਚ ਪਰਚੇ ਪੜ੍ਹ ਚੁੱਕਾ ਹੈ, ਭਾਸ਼ਨ ਦੇ ਚੁੱਕਾ ਅਤੇ ਭਾਰਤ ਦੇ ਛੋਟੇ-ਵੱਡੇ ਸ਼ਹਿਰ ਗਾਹੁਣ ਪਿੱਛੋਂ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਪਾਕਿਸਤਾਨ ਦੇ ਲਾਹੌਰ ਵਰਗੇ ਸ਼ਹਿਰਾਂ ਤਕ ਗਾਹ ਪਾ ਚੁੱਕਾ ਹੈ। ਇਉਂ ‘ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ’ ਕਹਿਣ ਕਹਾਉਣ ਤੋਂ ਬਚ ਚੁੱਕਾ ਹੈ। ਜੁੱਸੇ ਵੱਲੋਂ ਤਾਂ ਸੁੱਖ ਨਾਲ ਸੂਤ ਸਿਰ ਹੀ ਹੈ ਪਰ ਹੈ ਮੱਤੇ ਵਾਲੇ ਮਾਮੇ ਸੰਤੇ ਮੱਲ ਦਾ ਭਾਣਜਾ। ਉਹੀ ਸੰਤਾ ਮੱਲ, ਜੋ ਕਿਹਾ ਕਰਦਾ ਸੀ, `ਪਹਿਲਵਾਨੀ ਦਾਅ ਤੇ ਦਮ ਦੀ ਖੇਡ ਹੈ। ਤਾਕਤ ਨਾਲ ਜੁਗਤ ਵੀ ਚਾਹੀਦੀ ਹੈ। ਨੂਰਾ ਕੁਸ਼ਤੀ ਤੇ ਨੁਮਾਇਸ਼ੀ ਘੋਲ ਟਿਕਟਾਂ ਲਾ ਕੇ ਪੈਸੇ `ਕੱਠੇ ਕਰਨ ਦੇ ਢੰਗ ਹਨ, ਜਿਨ੍ਹਾਂ ਵਿਚ ਉਹ ਬਿਲਕੁਲ ਨਹੀਂ ਪਿਆ।`
ਮੱਤੇ ਵਾਲਾ ਸੰਤਾ ਮੱਲ ਜੁੱਸੇ ਦਾ ਏਨਾ ਤਕੜਾ ਤੇ ਦਰਸ਼ਨੀ ਸੀ ਕਿ ਲੋਕ ਰਾਹ ਜਾਂਦੇ ਨੂੰ ਮੱਥਾ ਟਕਦੇ। ਖਾਣ-ਪੀਣ ਦੀ ਸੇਵਾ ਕਰਦੇ। ਇਕ ਵਾਰ ਉਹ ਛਿੰਝ ਦੀ ਮਾਲੀ ਜਿੱਤਿਆ ਤਾਂ ਉਹਦਾ ਇਕ ਪ੍ਰਸੰ਼ਸਕ ਖਹਿੜੇ ਪੈ ਗਿਆ, “ਆਓ ਭਲਵਾਨ ਜੀ, ਆਪਣੇ ਸਿ਼ੰਗਾਰੇ ਹੋਏ ਰਿਕਸ਼ੇ `ਤੇ ਚੜ੍ਹਾ ਕੇ ਸ਼ਹਿਰ ਦੀ ਸੈਰ ਕਰਾਵਾਂ।” ਉਹਨੂੰ ਲੱਗਦਾ ਸੀ ਕਿ ਦਰਸ਼ਨੀ ਮੱਲ ਦੀ ਸਵਾਰੀ ਨਾਲ ਉਹਦੇ ਰਿਕਸ਼ੇ ਦੀ ਵੀ ਬੜੀ ਮਸ਼ਹੂਰੀ ਹੋਊ। ਜਕੋਤਕੀ ਵਿਚ ਸੰਤਾ ਮੱਲ ਰਿਕਸ਼ੇ `ਚ ਚੜ੍ਹਿਆ ਤਾਂ ਭਾਰ ਨਾਲ ਟਾਇਰ ਦਾ ਪਟਾਕਾ ਬੋਲ ਗਿਆ ਅਤੇ ਰਿਕਸ਼ਾ ਉਲਟ ਗਿਆ। ਗਰੀਬ ਦੇ ਰਿਕਸ਼ੇ ਦਾ ਨੁਕਸਾਨ ਹੋਇਆ ਵੇਖ ਸੰਤਾ ਮੱਲ ਨੇ ਜਿੱਤੀ ਮਾਲੀ ਦੇ ਪੈਸੇ ਮੱਲੋ-ਮੱਲੀ ਉਸ ਦੇ ਬੋਝੇ ਪਾਏ ਤੇ ‘ਯਾਰ ਤਾਂ ਚੱਲੇ’ ਕਹਿ ਕੇ ਆਪ ਪੈਦਲ ਅੱਗੇ ਤੁਰ ਪਿਆ।
ਰੁਸਤਮ-ਏ-ਹਿੰਦ ਸੰਤਾ ਮੱਲ ਦਾ ਭਾਣਜਾ ਹੋਣ ਕਰਕੇ ਰਾਜਿੰਦਰ ਪਾਲ ਵੀ ਨਿੱਕਾ ਹੁੰਦਾ ਨਿੱਕੇ ਮੱਲਾਂ `ਚ ਰੁਸਤਮ ਰਿਹਾ। ਕੁਸ਼ਤੀ ਦੇ ਘੋਲ ਤਾਂ ਬੇਸੱ਼ਕ ਉਸ ਨੇ ਘੱਟ ਹੀ ਘੁਲੇ ਪਰ ਕਲਮ ਦੇ ਘੋਲ ਘੁਲਦਿਆਂ 28 ਪੁਸਤਕਾਂ, 78 ਖੋਜ ਪੱਤਰ, 92 ਪੁਸਤਕਾਂ ਦੇ ਰਿਵੀਊ ਤੇ 99 ਅਖ਼ਬਾਰੀ/ਮੈਗਜ਼ੀਨੀ ਆਰਟੀਕਲ ਛਪਵਾਏ। ਇਹ ਸੂਚੀ ਕਾਫੀ ਪਹਿਲਾਂ ਦੀ ਹੈ, ਹੁਣ ਤਾਂ ਉਹ ਕਿਤੇ ਅੱਗੇ ਲੰਘ ਗਿਆ ਹੋਵੇਗਾ। ਹਾਲੇ ਉਹ 58 ਸਾਲਾਂ ਦਾ ਹੋਇਆ ਹੈ, ਜਦੋਂ ਖੁਸ਼ਵੰਤ ਸਿੰਘ ਜਾਂ ਜਸਵੰਤ ਸਿੰਘ ਕੰਵਲ ਦੀ ਉਮਰ ਜਿੱਡਾ ਹੋਇਆ ਤਾਂ ਪਤਾ ਨਹੀਂ ਕਿੱਥੇ ਜਾ ਕੇ ਬੱਸ ਕਰੇਗਾ?
ਉਸ ਦਾ ਜਨਮ 26 ਨਵੰਬਰ, 1963 ਨੂੰ ਉਸ ਸ਼ਹਿਰ ਵਿਚ ਹੋਇਆ ਸੀ, ਜਿਸ ਬਾਰੇ ਦੀਦਾਰ ਸੰਧੂ ਨੇ ਗੀਤ ਜੋੜਿਆ: ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟਕਪੂਰੇ ਦਾ। ਰਾਜਿੰਦਰ ਪਾਲ ਆਪਣੇ ਸ਼ਹਿਰ ਕੋਟਕਪੂਰੇ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਗਿਆਰਾਂ ਪੜ੍ਹ ਕੇ ਬਰਜਿੰਦਰਾ ਕਾਲਜ ਫਰੀਦਕੋਟ ਤੋਂ 14 ਪੜ੍ਹਿਆ, ਜਿਥੋਂ ਦੇ ਲੇਖਕ ਪ੍ਰੋਫ਼ੈਸਰਾਂ ਨੇ ਉਸ ਨੂੰ ਸਾਹਿਤ ਪੜ੍ਹਨ ਦੀ ਚੇਟਕ ਲਾ ਦਿੱਤੀ। ਫਿਰ ਐੱਮ.ਏ. ਤੇ ਪੀ.ਐੱਚਡੀ ਦੀਆਂ ਡਿਗਰੀਆਂ ਪੰਜਾਬੀ ਯੂਨੀਵਰਸਿਟੀ ਤੋਂ ਹਾਸਲ ਕਰ ਕੇ ਉਹ 1992 ਤੋਂ ਉਸੇ ਯੂਨੀਵਰਸਿਟੀ ਵਿਚ ਪੜ੍ਹਾ ਰਿਹੈ। ਉਸ ਦੀ ਜੀਵਨ ਸਾਥਣ ਬੀਬੀ ਚਰਨਜੀਤ ਕੌਰ ਬਰਾੜ ਵੀ ਪੰਜਾਬੀ ਦੀ ਪ੍ਰੋਫੈ਼ਸਰ ਹੈ। ਕਦੇ ਉਹ `ਕੱਠੇ ਪੜ੍ਹਦੇ ਸਨ।
ਨਰਿੰਦਰ ਸਿੰਘ ਕਪੂਰ ਲਿਖਦਾ ਹੈ, `ਰਾਜਿੰਦਰ ਪਾਲ ਸਿੰਘ ਬਰਾੜ ਨੂੰ ਮਿਲਣਾ ਇੱਕ ਸਬੱਬ ਸੀ, ਜੋ ਸੁਭਾਗ ਸਾਬਤ ਹੋਇਆ। ਉਹ ਮੇਰਾ ਵਿਦਿਆਰਥੀ ਸੀ ਜੋ ਬਾਅਦ ਵਿਚ ਕੁਲੀਗ ਵੀ ਬਣਿਆ। ਹੁਣ ਉਹ ਇੱਕ ਗੰਭੀਰ ਵਿਦਿਆਰਥੀ ਤੋਂ ਸੁਯੋਗ ਅਧਿਆਪਕ, ਸੁਚੇਤ ਆਲੋਚਕ, ਦਿਲਚਸਪ ਵਿਆਖਿਆਕਾਰ ਅਤੇ ਸਪੱਸ਼ਟ ਧਾਰਨਾਵਾਂ ਵਾਲਾ ਲੇਖਕ ਬਣ ਕੇ ਉਭਰਿਆ ਹੈ। ਉਸ ਵਿਚ ਹੋਰਾਂ ਨੂੰ ਜਾਣਨ, ਪਛਾਨਣ, ਮਾਪਣ, ਤੋਲਣ, ਮੈਲ ਕੱਢਣ, ਧੋਣ ਅਤੇ ਨਚੋੜਨ ਦੀ ਹੈਰਾਨ ਕਰਨ ਵਾਲੀ ਯੋਗਤਾ ਹੈ। ਲੋਕ ਮਸਲਿਆਂ ਨੂੰ ਸਮਝਣ, ਕਾਰਨਾਂ ਦਾ ਵਿਸ਼ਲੇਸ਼ਣ ਕਰਨ, ਅੰਤਰੀਵ ਅਤੇ ਬਾਹਰੀ ਕਾਰਨਾਂ ਨੂੰ ਸਮਝ ਕੇ ਸਥਿਤੀਆਂ ਦਾ ਮੁਲਾਂਕਣ ਕਰਨ ਵਾਲੀ ਉਸ ਦੀ ਪ੍ਰਤਿਭਾ ਸੁਣਨ-ਪੜ੍ਹਨ ਵਾਲਿਆਂ ਨੂੰ ਹਮੇਸ਼ਾਂ ਪ੍ਰਭਾਵਿਤ ਕਰਦੀ ਹੈ। ਉਸ ਕੋਲ ਗੱਲਾਂ ਵਿਚੋਂ ਗੱਲ ਕੱਢਣ, ਗੱਲਾਂ ਬਣਾਉਣ, ਤਰਕ ਉਸਾਰਨ ਅਤੇ ਗੱਲ ਨੂੰ ਮੰਨਣਯੋਗ ਬਣਾਉਣ ਲਈ ਮਨਚਾਹੇ ਮੋੜ ਦੇਣ ਦੀ ਵੀ ਜਾਚ ਹੈ। ਮਸਲਾ ਅਤੇ ਸਮੱਸਿਆ ਕੋਈ ਹੋਵੇ, ਉਹ ਉਸ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਤੇ ਇਤਿਹਾਸਕ ਪਰਿਪੇਖ ਪਛਾਣਨ ਦੀ ਸੁਭਾਵਿਕ ਆਦਤ ਰੱਖਦਾ ਹੈ, ਜਿਹੜੀ ਉਸ ਦੇ ਪ੍ਰਗਟਾਵੇ ਵਿਚ ਰੌਚਕਤਾ ਭਰਦੀ ਹੈ। ਉਸ ਦਾ ਦ੍ਰਿਸ਼ਟੀਕੋਣ ਤਰਕਸ਼ੀਲ ਅਤੇ ਮਾਨਵਵਾਦੀ ਹੈ। ਆਸ ਹੈ, ਰਜਿੰਦਰ ਪਾਲ ਸਿੰਘ ਆਪਣੇ ਇਸ ਹੁਨਰ ਨੂੰ ਜਾਰੀ ਰੱਖੇਗਾ, ਇਸ ਨੂੰ ਹੋਰ ਲਿਸ਼ਕਾਏਗਾ, ਚਮਕਾਏਗਾ ਤੇ ਭਵਿਖ ਵਿਚ ਪੰਜਾਬੀ ਵਾਰਤਕ ਵਿਚ ਯੋਗਦਾਨ ਪਾਵੇਗਾ ਅਤੇ ਨਵਾਂ ਰੰਗ ਭਰੇਗਾ।`
ਪੇਸ਼ ਹਨ ਉਹਦੇ ਲਿਖੇ ਦੋ ਰੇਖਾ ਚਿੱਤਰਾਂ ਦੇ ਸੰਖੇਪ ਅੰਸ਼:
ਨਵਜੋਤ ਸਿੰਘ ਸਿੱਧੂ: ਸਿਕਸਰ ਸਿੱਧੂ
ਨਵਜੋਤ ਸਿੰਘ ਸਿੱਧੂ ਮੈਥੋਂ 46 ਦਿਨ ਵੱਡਾ ਹੈ ਪਰ ਪਟਿਆਲੇ ਦਾ ਹੋਣ ਦੇ ਬਾਵਜੂਦ ਉਸ ਨੂੰ ਕਦੇ ਮਿਲਣ ਦਾ ਸਬੱਬ ਨਹੀਂ ਸੀ ਬਣਿਆ। ਪੰਜਾਬ ਸਰਕਾਰ ਦਾ ਸੱਭਿਆਚਾਰਕ ਮੰਤਰੀ ਬਣਨ ਬਾਅਦ ਵੀ ਕੁੱਝ ਮੀਟਿੰਗਾਂ ਵਿਚ ਰਸਮੀ ਤੌਰ `ਤੇ ਮਿਲਿਆ ਹਾਂ ਪਰ ਇੰਝ ਲੱਗਦਾ ਹੈ ਜਿਵੇਂ ਮੈਂ ਉਸ ਨੂੰ ਜਨਮਜਨਮਾਂਤਰਾਂ ਤੋਂ ਜਾਣਦਾ ਹਾਂ। ਇਸਦਾ ਕਾਰਨ ਜਵਾਨੀ ਸਮੇਂ ਦੀ ਕ੍ਰਿਕਟ ਤੋਂ ਲੈ ਕੇ ਕਪਿਲ ਸ਼ਰਮਾ ਦੇ ਸ਼ੋਅ ਤਕ ਵਾਇਆ ਰਾਜਨੀਤੀ ਉਹ ਰੇਡੀਓ, ਟੈਲੀਵਿਜ਼ਨ ਅਤੇ ਸਿਆਸੀ ਮੰਚਾਂ `ਤੇ ਐਨਾ ਹਾਜ਼ਰ ਹੈ ਕਿ ਤੁਹਾਨੂੰ ਭੁਲੇਖਾ ਪੈ ਜਾਂਦਾ ਹੈ ਕਿ ਤੁਸੀਂ ਉਸ ਨੂੰ ਨਿੱਜੀ ਤੌਰ `ਤੇ ਜਾਣਦੇ ਹੋ। ਅਸਲ ਵਿਚ ਇੰਝ ਮੈਂ ਉਸ ਨੂੰ ਉਸ ਸਮੇਂ ਤੋਂ ਜਾਣਦਾਂ ਜਦੋਂ ਹਰ ਕੋਈ ਕ੍ਰਿਕਟ ਕੁਮੈਂਟਰੀ ਸੁਣਨ ਲਈ ਛੋਟਾ ਟ੍ਰਾਂਜ਼ਿਸਟਰ ਕੰਨਾਂ ਨੂੰ ਲਗਾਈ ਫਿਰਦਾ ਸੀ। ਟ੍ਰਾਂਜਿਸਟਰ ਵਿਚ ਹਰ ਸਮੇਂ ਦਰਸ਼ਕਾਂ ਦੇ ਸ਼ੋਰ ਵਿਚ ਆਮ ਕਰਕੇ ਜਸਦੇਵ ਸਿੰਘ ਦੀ ਹੀ ਆਵਾਜ਼ ਸੁਣਾਈ ਦਿੰਦੀ ਸੀ। ਸਾਰਾ ਦਿਨ ਲੋਕ ਇੱਕ ਦੂਸਰੇ ਤੋਂ ਸਕੋਅਰ ਕਿੰਨੇ ਨੇ ਅਤੇ ਕੌਣ ਆਊਟ ਹੋਇਆ ਪੁੱਛ ਕੇ ਆਪਣੀ ਜਗਿਆਸਾ ਸ਼ਾਂਤ ਕਰਦੇ ਰਹਿੰਦੇ ਸਨ, ਪਰ ਜਦੋਂ ਹੀ ਨਵਜੋਤ ਸਿੰਘ ਸਿੱਧੂ ਕਰੀਜ `ਤੇ ਆ ਜਾਂਦਾ ਤਾਂ ਕ੍ਰਿਕਟ ਦੇ ਸ਼ੌਕੀਨ ਸਾਰੇ ਕੰਮ ਛੱਡ ਕੇ ਰੇਡੀਓ ਨਾਲ ਆ ਜੁੜਦੇ ਜਿਵੇਂ ਮਖਿਆਲ ਦੇ ਛੱਤ `ਤੇ ਮੱਖੀਆਂ ਬੈਠੀਆਂ ਹੁੰਦੀਆਂ ਹਨ। ਭੱਜ ਕੇ ਤਾਂ ਉਹ ਬਹੁਤ ਘੱਟ ਰਨ ਬਣਾਉਂਦਾ ਸੀ, ਖੜ੍ਹਾ ਖੜੋਤਾ ਹੀ ਚੌਕੇਛਿੱਕੇ ਜੜੀ ਜਾਂਦਾ। ਕਦੇ ਸੈਂਕੜਾ, ਕਦੇ ਅਰਧ ਸੈਂਕੜਾ, ਹਾਂ ਕਈ ਵਾਰ ਜ਼ੀਰੋ `ਤੇ ਵੀ ਉੱਡ ਜਾਂਦਾ ਸੀ ਪਰ ਜਦੋਂ ਪਿੱਚ `ਤੇ ਆਉਂਦਾ ਸੀ ਹਨੇਰੀ ਵਾਂਗ ਆਉਂਦਾ ਸੀ।
ਭਾਰਤ ਦੀ ਕ੍ਰਿਕਟ ਟੀਮ ਵਿਚ ਪੰਜਾਬੀ ਖਿਡਾਰੀ ਮੁੱਢੋਂ ਹੀ ਸ਼ਾਮਲ ਰਹੇ ਹਨ ਪਰ ਸਰਦਾਰ ਖਿਡਾਰੀ ਬਿਸ਼ਨ ਸਿੰਘ ਬੇਦੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੀ ਸੀ, ਜਿਹੜਾ ਵਧੇਰੇ ਮਸ਼ਹੂਰ ਹੋਇਆ। ਰਾਜਿੰਦਰ ਸਿੰਘ, ਮਨਿੰਦਰ ਸਿੰਘ, ਹਰਭਜਨ ਸਿੰਘ ਆਦਿ ਬਾਅਦ ਵਿਚ ਆਉਂਦੇ ਹਨ। ਅੰਤਰਰਾਸ਼ਟਰੀ ਕ੍ਰਿਕਟ ਵਿਚ 12 ਨਵੰਬਰ, 1983 ਨੂੰ ਨਵਜੋਤ ਸਿੱਧੂ ਪਹਿਲੀ ਵਾਰ ਵੈਸਟ ਇੰਡੀਜ਼ ਵਿਰੁੱਧ ਟੈਸਟ ਮੈਚ ਖੇਡਿਆ ਅਤੇ ਆਖਰੀ ਵਾਰ 6 ਨਵੰਬਰ, 1999 ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ। ਪਹਿਲਾ ਇੱਕ ਰੋਜ਼ਾ ਮੈਚ 9 ਅਕਤੂਬਰ, 1987 ਨੂੰ ਆਸਟਰੇਲੀਆ ਖਿ਼ਲਾਫ਼ ਅਤੇ ਆਖ਼ਰੀ ਮੈਚ 20 ਸਤੰਬਰ, 1998 ਨੂੰ ਪਾਕਿਸਤਾਨ ਖਿ਼ਲਾਫ਼ ਖੇਡਿਆ। ਉਸ ਨੇ ਸੋਲਾਂ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੇ ਵੀਹ ਸਾਲ ਪਹਿਲੇ ਦਰਜੇ ਦੀ ਘਰੇਲੂ ਕ੍ਰਿਕਟ ਖੇਡੀ। ਉਸਨੇ ਟੈਸਟ ਮੈਚਾਂ ਵਿਚ ਨੌਂ ਸੈਂਕੜੇ ਤੇ ਪੰਦਰਾਂ ਅਰਧ ਸੈਂਕੜਿਆਂ ਨਾਲ 42.13 ਦੌੜਾਂ ਦੀ ਔਸਤ ਪਾ ਕੇ 51 ਮੈਚਾਂ ਵਿਚ3202 ਰਨ ਬਣਾਏ। ਇੱਕ ਰੋਜ਼ਾ ਮੈਚਾਂ ਵਿਚ ਛੇ ਸੈਂਕੜੇ ਤੇ 36 ਅਰਧ ਸੈਂਕੜਿਆਂ ਨਾਲ 136 ਮੈਚਾਂ ਵਿਚ 4413 ਦੌੜਾਂ ਬਣਾਈਆਂ।
ਇਹ ਬੜੀ ਦਿਲਚਸਪ ਅਤੇ ਪ੍ਰੇਰਨਾ ਦੇਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਜਦੋਂ ਉਸਨੂੰ ਮਾੜੇ ਪ੍ਰਦਰਸ਼ਨ ਕਾਰਨ ਟੀਮ ਵਿਚੋਂ ਕੱਢ ਦਿੱਤਾ ਗਿਆ ਤਾਂ ਉਸ ਨੇ ਟੀਮ ਵਿਚ ਮੁੜ ਦਾਖ਼ਲਾ ਪਾਉਣ ਲਈ ਸਖ਼ਤ ਮਿਹਨਤ ਕੀਤੀ। ਉਸ ਨੇ ਦਿਨ ਰਾਤ ਇੱਕ ਕਰ ਦਿੱਤਾ ਅਤੇ ਚਾਕਲੇਟ ਦਾ ਲਾਲਚ ਦੇ ਕੇ ਸਾਥੀਆਂ ਤੋਂ ਉਦੋਂ ਤਕ ਗੇਂਦਬਾਜ਼ੀ ਕਰਾਉਂਦਾ ਰਹਿੰਦਾ ਜਦੋਂ ਤਕ ਉਸ ਦਾ ਨਿਸ਼ਚਿਤ ਕੀਤਾ ਹਰ ਰੋਜ਼ ਦਾ ਨਿਸ਼ਾਨਾ ਪੂਰਾ ਨਾ ਹੋ ਜਾਂਦਾ। ਲਗਾਤਾਰ ਬੈਟਿੰਗ ਕਰਨ ਨਾਲ ਉਸ ਦੇ ਹੱਥਾਂ ਵਿਚੋਂ ਖ਼ੂਨ ਵਗਣ ਲੱਗ ਪੈਂਦਾ, ਖੂਨ ਨੂੰ ਸੋਖਣ ਲਈ ਉਸ ਨੇ ਵਿਸ਼ੇਸ਼ ਦਸਤਾਨੇ ਬਣਵਾਏ। ਆਖ਼ਰ ਉਸ ਦੀ ਮਿਹਨਤ ਮੁੜ ਰੰਗ ਲਿਆਈ ਤੇ ਉਸ ਨੂੰ ਮੁੜ ਟੀਮ ਵਿਚ ਵਾਪਸ ਲੈ ਲਿਆ ਗਿਆ। ਉਸ ਨੂੰ ਸਚਿਨ ਤੇਂਦੂਕਲਰ ਵਰਗਿਆਂ ਨਾਲ ਕਰੀਜ਼ ਸਾਂਝੀ ਕਰਨ ਦਾ ਮੌਕਾ ਮਿਲਿਆ। ਇਮਰਾਨ ਖ਼ਾਨ ਵਰਗਿਆਂ ਨੇ ਉਹਦੇ ਸਿਆਲਕੋਟ ਦੇ ਮੈਦਾਨ ਵਿਚ ਜੌਹਰ ਵੇਖੇ ਹੋਏ ਨੇ। ਦੋਵਾਂ ਦੀ ਉਸੇ ਵੇਲੇ ਤੋਂ ਹੀ ਯਾਰੀ ਹੈ।
ਸਿੱਧੂ ਅਤੇ ਵਿਵਾਦਾਂ ਦਾ ਚੋਲੀ ਦਾਮਨ ਦਾ ਸਾਥ ਹੈ। ਕ੍ਰਿਕਟ ਟੀਮ ਵਿਚ ਰੱਖੇ, ਕੱਢੇ ਅਤੇ ਮੁੜ ਰੱਖੇ ਜਾਣ ਦੇ ਅਨੇਕ ਕਿੱਸੇ ਹਨ। ਇੰਗਲੈਂਡ ਦੌਰੇ ਸਮੇਂ ਕਪਤਾਨ ਮੁਹੰਮਦ ਅਜ਼ਹਰੂਦੀਨ ਨਾਲ ਮਨ-ਮੁਟਾਵ ਤਾਂ ਜੱਗ ਜ਼ਾਹਰ ਹੈ। ਜੇ ਉਹ ਕ੍ਰਿਕਟ ਦਾ ਕੁਮੈਂਟੇਟਰ ਬਣਿਆ ਤਾਂ ਉਹਦੀ ਟਿੱਪਣੀ ਨੂੰ ਲੈ ਕੇ ਵਿਵਾਦ ਛਿੜਿਆ। ਪਟਿਆਲੇ ਕਾਲੀ ਦੇਵੀ ਦੇ ਮੰਦਰ ਅੱਗੇ ਸੜਕੀ ਝਗੜੇ ਵਿਚ ਬੰਦਾ ਮਰ ਗਿਆ, ਉਸ ਘਟਨਾ ਵਿਚ ਨਾਂ ਆਉਣ ਕਾਰਨ ਵਿਵਾਦ ਹੋਇਆ। ਹੋਰ ਤਾਂ ਹੋਰ ਘਰਵਾਲੀ ਦੀ ਖੁਦਕੁਸ਼ੀ ਦੀਆਂ ਅਫ਼ਵਾਹਾਂ ਉੱਡੀਆਂ। ਪਿੱਛੋਂ ਪਤਾ ਚੱਲਿਆ ਕਿ ਇਹ ਤਾਂ ਫੂਡ ਪੁਆਇਜ਼ਨਿੰਗ ਸੀ। ਜਦੋਂ ਭਾਜਪਾ ਵਿਚ ਸੀ ਤਾਂ ਕਾਂਗਰਸ ਦੇ ਨੇਤਾਵਾਂ ਦੀ ਖਿੱਲੀ ਉਡਾਉਣ ਕਾਰਨ ਵਾਦ-ਵਿਵਾਦ, ਜਦੋਂ ਕਾਂਗਰਸ ਵਿਚ ਆਇਆ ਤਾਂ ਪੁਰਾਣੇ ਬਿਆਨਾਂ ਕਰਕੇ ਵਿਵਾਦ ਹੋਣੇ ਹੀ ਸਨ। ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਸਮੇਂ ਪਾਕਿਸਤਾਨ ਦੇ ਚੀਫ਼ ਆਫ਼ ਆਰਮੀ ਸਟਾਫ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ `ਤੇ ਵਿਵਾਦ। ਖ਼ਾਲਿਸਤਾਨੀ ਗੁਰਦੀਪ ਸਿੰਘ ਚਾਵਲਾ ਨਾਲ਼ ਫੋਟੋ `ਤੇ ਵਿਵਾਦ ਹਾਲਾਂਕਿ ਉਹੋ ਜੇਹੀ ਉਸੇ ਹੀ ਸਥਾਨ `ਤੇ ਫੋਟੋ ਹਰਸਿਮਰਤ ਕੌਰ ਬਾਦਲ ਤੇ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਖਿੱਚੀ ਗਈ ਸੀ।
ਸਰਦਾਰ ਭਗਵੰਤ ਸਿੰਘ ਸਿੱਧੂ ਤੇ ਮਾਤਾ ਨਿਰਮਲ ਸਿੱਧੂ ਦੇ ਘਰ ਪਟਿਆਲੇ `ਚ ਪੈਦਾ ਹੋਇਆ ‘ਸ਼ੈਰੀ’ ਹੀ ਪੱਕੇ ਨਾਂ ਨਵਜੋਤ ਸਿੰਘ ਸਿੱਧੂ ਨਾਲ ਮਸ਼ਹੂਰ ਹੋਇਆ। ਉਸ ਦੀ ਪਤਨੀ ਦਾ ਨਾਂ ਵੀ ਨਵਜੋਤ ਕੌਰ ਸਿੱਧੂ ਹੀ ਹੈ। ਉਹ ਪੇਸ਼ੇ ਵਜੋਂ ਡਾਕਟਰ ਹੈ ਅਤੇ ਅੰਮ੍ਰਿਤਸਰ ਤੋਂ ਵਿਧਾਨ ਸਭਾ ਦੀ ਚੋਣ ਵਿਚ ਜਿੱਤ ਕੇ ਪਾਰਲੀਮਾਨੀ ਸਕੱਤਰ ਰਹਿ ਚੁੱਕੀ ਹੈ। ਉਨ੍ਹਾਂ ਦੇ ਪੁੱਤਰ ਦਾ ਨਾਂ ਕਰਨ ਸਿੱਧੂ ਤੇ ਧੀ ਦਾ ਨਾਂ ਰਾਬੀਆ ਸਿੱਧੂ ਹੈ। ਨਵਜੋਤ ਸਿੱਧੂ ਦੀ ਸਕੂਲੀ ਸਿੱਖਿਆ ਯਾਦਵਿੰਦਰ ਪਬਲਿਕ ਸਕੂਲ ਪਟਿਆਲਾ ਦੀ ਹੈ। ਸਿੱਧੂ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ `ਤੇ ਆਬੂਰ ਹਾਸਲ ਹੈ। ਸਿੱਧੂ ਉੱਚਾ ਖੂਬਸੂਰਤ ਦਰਸ਼ਨੀ ਜਵਾਨ ਹੈ। ਉਹ ਸਿੱਖਾਂ ਦੀ ਆਨ ਬਾਨ ਸ਼ਾਨ ਪੱਗ ਦਾ ਚਲਦਾ ਫਿਰਦਾ ਇਸ਼ਤਿਹਾਰ ਹੈ। ਸੋਫ਼ੀ ਅਤੇ ਸ਼ਾਕਾਹਾਰੀ ਸਿੱਧੂ ਆਪਣੇ ਹੀ ਢੰਗ ਦਾ ਧਾਰਮਿਕ ਕੱਟੜਤਾ ਤੋਂ ਮੁਕਤ ਧਾਰਮਿਕ ਬੰਦਾ ਹੈ ਜੋ ਕਦੇ-ਕਦੇ ਧਿਆਨਵੀ ਲਗਾਉਂਦਾ ਹੈ।
ਸਿੱਧੂ ਨੂੰ ਸਦਾ ਮਾੜੇ ਸਮੇਂ ਵਿਚੋਂ ਨਿਕਲਣਾ ਆਉਂਦਾ ਹੈ। ਕ੍ਰਿਕਟ ਟੀਮ ਵਿਚੋਂ ਨਿਕਲਿਆ ਮੁੜ ਵਾਪਸ ਲਿਆ ਗਿਆ ਤੇ ਸਿਕਸਰ ਸਿੱਧੂ ਅਤੇ ਜੌਂਟੀ ਸਿੰਘ ਅਖਵਾਇਆ। ਸੜਕੀ ਝਗੜੇ ਵਿਚ ਉਲਝਿਆ ਤਾਂ ਕਾਨੂੰਨ ਵਿਚ ਆਸਥਾ ਬਣਾਈ ਰੱਖੀ ਅਤੇ ਬਚ ਨਿਕਲਿਆ। ਟੈਕਸ ਨਾ ਭਰਨ ਦਾ ਕੇਸ ਬਣਿਆ ਤਾਂ ਪਤਾ ਚੱਲਿਆ ਕਿ ਜਿੱਥੇ ਟੈਕਸ ਵਾਲੇ ਨੋਟਿਸ ਭੇਜੀ ਜਾਂਦੇ ਸਨ, ਉੱਥੇ ਤਾਂ ਉਹ ਰਹਿੰਦਾ ਹੀ ਨਹੀਂ ਸੀ ਤੇ ਜਿੱਥੇ ਰਹਿੰਦਾ ਸੀ ਉੱਥੇ ਬਣਦਾ ਟੈਕਸ ਭਰਿਆ ਸੀ। ਅਕਾਲੀਆਂ ਨੇ ਭਾਜਪਾਈ ਯਾਰਾਂ ਨੂੰ ਕਹਿ ਕੇ ਐਮਪੀ ਦੀ ਟਿਕਟ ਕਟਵਾਈ ਤਾਂ ਕਾਂਗਰਸ ਦੀ ਟਿਕਟ `ਤੇ ਵਿਧਾਨ ਸਭਾ ਸੀਟ ਜਿੱਤ ਕੇ ਕੈਬਨਿਟ ਮੰਤਰੀ ਬਣ ਗਿਆ। ਦਸਹਿਰੇ ਮੌਕੇ ਰੇਲ ਹਾਦਸੇ ਸਮੇਂ ਪਤਨੀ ਨਵਜੋਤ ਕੌਰ ਦੀ ਮੌਜੂਦਗੀ ਨੂੰ ਕੁੱਝ ਲੋਕਾਂ ਨੇ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜਤ ਪਰਿਵਾਰਾਂ ਨੇ ਕੰਨ ਨਾ ਧਰਿਆ। ਇਮਰਾਨ ਖ਼ਾਨ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਸਨੇ ਸਹੁੰ ਚੁੱਕ ਸਮਾਗਮ ਸਮੇਂ ਆਉਣ ਦਾ ਸੱਦਾ ਦਿੱਤਾ। ਉੱਥੇ ਗਿਆ ਤਾਂ ਜਨਰਲ ਬਾਜਵਾ ਵੱਲੋਂ ਜੱਫੀ ਪਾ ਕੇ ਮਿਲਣ `ਤੇ ਵਿਵਾਦ ਹੋਇਆ ਪਰ ਉਸ ਨੇ ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਦੀ ਪਹਿਲਕਦਮੀ ਕਰਾ ਕੇ ਦਿੱਲੀ ਦਰਬਾਰ ਨੂੰ ਭਾਜੜਾਂ ਪਾ ਦਿੱਤੀਆਂ। ਕਰਤਾਰਪੁਰ ਲਾਂਘਾ ਹੀ ਉਸ ਨੂੰ ਤਾਰੀ ਜਾ ਰਿਹੈ।
ਸਿੱਧੂ, ਸਿਆਸੀ ਲੀਡਰਾਂਵਾਲੇ ਆਮ ਔਗੁਣਾਂ ਭ੍ਰਿਸ਼ਟਾਚਾਰੀ, ਨਸ਼ੇਬਾਜ਼ੀ, ਤੀਵੀਂਬਾਜ਼ੀ, ਗੁੰਡਾਗਰਦੀ ਤੋਂ ਮੁਕਤ ਹੈ। ਕਹਿਣੀ ਅਤੇ ਕਥਨੀ ਦਾ ਪੂਰਾ ਹੈ। ਉਸ ਨੂੰ ਆਪਣੀ ਸਚਾਈ ਅਤੇ ਇਮਾਨਦਾਰੀ ਦਾ ਸਵੈਮਾਣ ਭਰਿਆ ਗਰੂਰ ਹੈ। ਪੰਜਾਬ ਦਾ ਸੱਭਿਆਚਾਰਕ ਮੰਤਰੀ ਬਣਿਆ ਤਾਂ ਪੰਜਾਬੀ ਦੇ ਮਕਬੂਲ ਸ਼ਾਇਰ ਸੁਰਜੀਤ ਪਾਤਰ ਨੂੰ ਪੰਜਾਬ ਕਲਾ ਅਕਾਦਮੀ ਦਾ ਪ੍ਰਧਾਨ ਬਣਾਉਣ ਲਈ ਉਹਦੇ ਘਰੇ ਪਹੁੰਚ ਗਿਆ। ਪਾਤਰ ਸਾਹਿਬ ਨੇ ਅਕਾਦਮੀ ਕੋਲ ਤਸੱਲੀਬਖਸ਼ ਵਿੱਤੀ ਪ੍ਰਬੰਧ ਨਾ ਹੋਣ ਦੀ ਗੱਲ ਕੀਤੀ ਤਾਂ ਪੰਜ ਕਰੋੜ ਰੁਪਏ ਸ਼ੈਂਕਸਨ ਕਰ ਦਿੱਤੇ ਜੋ ਅਕਾਦਮੀ ਨੂੰ ਮਿਲੀ ਉਦੋਂ ਤਕ ਦੀ ਸਭ ਤੋਂ ਵੱਡੀ ਰਕਮ ਸੀ। ਸਭਿਆਚਾਰਕ ਨੀਤੀ ਬਾਰੇ ਵਿਚਾਰਾਂ ਕਰਨ ਲਈ ਮੀਟਿੰਗ ਸੱਦੀ। ਸੋਚਿਆ ਜਾਂ ਤਾਂ ਸਿੱਧੂ ਆਏਗਾ ਨਹੀਂ, ਜੇ ਆਇਆ ਤਾਂ ਲੇਟ ਆਏਗਾ, ਜੇ ਪਹਿਲਾਂ ਆਇਆ ਤਾਂ ਆਪਣੀਆਂ ਸੁਣਾ ਕੇ ਤੁਰ ਜਾਏਗਾ। ਕੁੱਝ ਦੋਸਤ ਤਾਂ ਉਸ ਤੋਂ ਸ਼ਿਅਰਾਂ ਟੋਟਕਿਆਂ ਤੇ ਠਹਾਕਿਆਂ ਦੀ ਹੀ ਆਸ ਰੱਖੀ ਬੈਠੇ ਸਨ ਪਰ ਉਹ ਆਇਆ ਤੇ ਮੁਖਤਸਰ ਬੋਲ ਕੇ ਬੈਠ ਗਿਆ ਅਤੇ ਸਭ ਨੂੰ ਧਿਆਨ ਨਾਲ ਸੁਣਨ ਲੱਗਿਆ। ਦਸ ਵਜੇ ਸ਼ੁਰੂਹੋਈ ਮੀਟਿੰਗ ਸਾਢੇ ਤਿੰਨ ਤਕ ਚੱਲੀ। ਮੇਰੇ ਸਮੇਤ ਸਾਰੇ ਪ੍ਰੋਫ਼ੈਸਰਾਂ ਨੇ ਰੱਜ ਕੇ ਪੀਰੀਅਡ ਲਿਆ। ਉਸ ਦੀ ਸਬਰ ਸਮਰੱਥਾ ਵੇਖ ਕੇ ਮੈਂ ਹੈਰਾਨ ਹੋਇਆ।
ਕੁੱਝ ਲੋਕਾਂ ਨੂੰ ਲੱਗਦਾ ਹੋਊ ਕਿ ਨਵਜੋਤ ਸਿੰਘ ਸਿੱਧੂ ਬਹੁਤ ਅਮੀਰ ਹੋਵੇਗਾ। ਹਾਂ ਉਹ ਬਹੁਤ ਅਮੀਰ ਹੈ ਪਰ ਬੇਨਾਮੀ ਜਾਇਦਾਦਾਂ ਵਾਲਾ ਅਮੀਰ ਨਹੀਂ। ਉਸਦੀ ਪਤਨੀ ਡਾਕਟਰ ਅਤੇ ਪੁੱਤਰ ਵਕੀਲ ਪਰ ਉਸਦੀ ਅਸਲ ਅਮੀਰੀ ਦਿਲ ਦੀ ਹੈ। ਉਸ ਨੂੰ ਦੌਲਤ, ਸ਼ੋਹਰਤ, ਤਾਕਤ ਮਾਨਣੀ ਹੀ ਨਹੀਂ ਤਿਆਗਣੀ ਵੀ ਆਉਂਦੀ ਹੈ। ਰਾਜ ਸਭਾ ਦੀ ਮੈਂਬਰੀ ਛੱਡ ਦਿੱਤੀ, ਕਿਸੇ ਉਂਗਲ ਉਠਾਈ ਤਾਂ ਪੁੱਤ ਤੋਂ ਪੰਜਾਬ ਸਰਕਾਰ ਦੀ ਐਡਵੋਕੇਸੀ ਛੁਡਵਾ ਦਿੱਤੀ। ਅਸਤੀਫ਼ਾ ਤਾਂ ਉਹਦੀ ਜੇਬ `ਚ ਹੀ ਹੁੰਦੈ!
ਨਵਜੋਤਸਿੰਘ ਸਿੱਧੂ ਵਧੀਆ ਕ੍ਰਿਕਟਰ, ਕਮਾਲ ਦਾ ਕੁਮੈਂਟੇਟਰ, ਅਜੋਕੇ ਯੁੱਗ ਵਿਚ ਬੇਦਾਗ ਸਿਆਸਤਦਾਨ ਅਤੇ ਸ਼ਾਨਦਾਰ ਇਨਸਾਨ ਹੈ। ਸਿੱਧੂ ਨਾ ਇਨਕਲਾਬੀ ਪਾਰਟੀ ਨਾਲ ਸਬੰਧ ਰੱਖਦਾ ਹੈ ਤੇ ਨਾ ਉਸਨੇ ਕਦੇ ਇਨਕਲਾਬੀ ਹੋਣ ਦਾ ਦਾਅਵਾ ਕੀਤਾ ਹੈ ਪਰ ਉਸਦੇ ਕੁੱਝ ਫੈਸਲੇ ਉਸ ਨੂੰ ਇਨਕਲਾਬੀਆਂ ਦੀ ਕਤਾਰ ਵਿਚ ਜ਼ਰੂਰ ਖੜ੍ਹਾ ਕਰ ਦਿੰਦੇ ਹਨ। ਉਸ ਨੂੰ ਪੰਜਾਬ ਦੇ ਹਿੱਤਾਂ ਲਈ ਆਪਣੀ ਜ਼ੁਰਅਤ ਭਰੀ ਪਹਿਲਕਦਮੀ ਜਾਰੀ ਰੱਖਣੀ ਚਾਹੀਦੀ ਹੈ।
ਸ਼ਬਦਾਂ ਦਾ ਖਿਡਾਰੀ ਸਰਵਣ ਸਿੰਘ
ਪ੍ਰਿੰ. ਸਰਵਣ ਸਿੰਘ ਖੇਡ ਵਾਰਤਕ ਦੇ ਸ਼ਾਹਸਵਾਰ ਹਨ। ਅਸੀਂ ਵਾਰਤਕ ਦੀਆਂ ਜਿਹੜੀਆਂ ਵਿਧਾਵਾਂ ਲੇਖ, ਨਿਬੰਧ, ਜੀਵਨੀ, ਸਵੈ-ਜੀਵਨੀ, ਰੇਖਾ ਚਿੱਤਰ, ਸਫ਼ਰਨਾਮਾ, ਯਾਦਾਂ, ਡਾਇਰੀ, ਖ਼ਤ, ਰਿਪੋਰਟਤਾਜ਼ ਆਦਿ ਨੂੰ ਪਛਾਣਦੇ ਹਾਂ, ਉਨ੍ਹਾਂ ਦੀਆਂ ਰਚਨਾਵਾਂ ਇਨ੍ਹਾਂ ਤੋਂ ਪਾਰ ਜਾਂਦੀਆਂ ਹਨ। ਉਹ ਜਦੋਂ ਕਿਸੇ ਖੇਡ, ਖਿਡਾਰੀ ਜਾਂ ਖੇਡ ਮੇਲੇ ਬਾਰੇ ਲਿਖ ਰਹੇ ਹੁੰਦੇ ਹਨ ਤਾਂ ਉਹ ਰਚਨਾ ਸਬੰਧਤ ਖਿਡਾਰੀ ਦੀ ਜੀਵਨੀ ਦਾ ਭਾਗ ਵੀ ਹੁੰਦੀ ਹੈ, ਇਹ ਲੇਖਕ ਦੇ ਜੀਵਨ ਵਿਚ ਵਾਪਰੀ ਹੋਣ ਕਰਕੇ ਉਸ ਦੀ ਸਵੈ-ਜੀਵਨੀ ਵੀ ਹੁੰਦੀ ਹੈ, ਲੇਖਕ ਤੇ ਖਿਡਾਰੀ ਦੀ ਸਾਂਝੀ ਅਤੇ ਲਘੂ ਆਕਾਰੀ ਹੋਣ ਕਰਕੇ ਰੇਖਾ ਚਿੱਤਰ ਨਾਲ ਵੀ ਮੇਲ ਖਾਂਦੀ ਹੈ ਅਤੇ ਕਈ ਵਾਰ ਯਾਦਾਂ ਦਾ ਭਾਗ ਬਣ ਜਾਂਦੀ ਹੈ। ਕਦੇ ਇਹ ਘਟਨਾ ਦੂਰ-ਦੁਰਾਡੇ ਦੇਸ਼ ਵਿਚ ਵਾਪਰੀ ਹੋਣ ਕਰਕੇ ਸਫਰਨਾਮੇ ਦਾ ਪ੍ਰਭਾਵ ਦਿੰਦੀ ਹੈ ਤੇ ਕਦੇ ਅੰਕੜਿਆਂ ਨਾਲ ਭਰਪੂਰ ਹੋਣ ਕਰਕੇ ਤੱਥਗਤ ਹੁੰਦੀ ਹੈ। ਇਸੇ ਕਰਕੇ ਇਹ ਡਾਇਰੀ ਦਾ ਪੰਨਾ, ਨਿਬੰਧ ਜਾਂ ਲੇਖ ਬਣ ਜਾਂਦੀ ਹੈ। ਘਟਨਾ ਦੀ ਜਾਣਕਾਰੀ, ਅਖ਼ਬਾਰ ਰਾਹੀਂ ਜਦੋਂ ਪਾਠਕਾਂ ਤਕ ਪੁੱਜਦੀ ਹੈ ਤਾਂ ਰਿਪੋਰਟ ਦਾ ਪ੍ਰਭਾਵ ਪਾਉਂਦੀ ਹੈ। ਇੰਜ ਉਨ੍ਹਾਂ ਦੀ ਲੇਖਣੀ ਕਈ ਵਿਧਾਵਾਂ ਦਾ ਜੋੜਮੇਲ ਹੁੰਦੀ ਹੈ ਪਰ ਉਸ ਦੀ ਕੇਂਦਰੀ ਚੂਲ਼ ਖੇਡ ਖਿਡਾਰੀ ਹੀ ਰਹਿੰਦੀ ਹੈ। ਇਸੇ ਕਰਕੇ ਇਹ ਖੇਡ ਸਾਹਿਤ ਹੈ। ਖੇਡ ਸਾਹਿਤ ਆਪਣੀ ਵਿਸ਼ਾਗਤ ਵਿਲੱਖਣਤਾ ਅਤੇ ਰੂਪਗਤ ਵਿਸ਼ੇਸ਼ਤਾਈਆਂ ਕਾਰਨ ਵੱਖਰੀ ਵਾਰਤਕ ਵਿਧਾ ਬਣ ਗਿਆ ਹੈ, ਜਿਸ ਦਾ ਜਨਮ ਦਾਤਾ ਸਰਵਣ ਸਿੰਘ ਹੈ।
ਸ਼ੈਲੀ ਪੱਖੋਂ ਸਰਵਣ ਸਿੰਘ ਦੀ ਹੋਰ ਖ਼ਾਸੀਅਤ ਹੈ ਕਿ ਉਹ ਲਿਖਤ ਦਾ ਸਿਰਲੇਖ ਬੜਾ ਢੁਕਵਾਂ ਰੱਖਦਾ ਹੈ। ਉਹ ਕਵਿਤਾ ਵਾਂਗ ਕਾਫੀਏ ਮੇਲਦਾ ਹੈ ਪਰ ਕਾਫੀਆ ਮੇਲਣ ਦੇ ਨਾਲ-ਨਾਲ ਸਾਰੀ ਰਚਨਾ ਦੀ ਰੂਹ ਦਾ ਸਾਰ ਵੀ ਸਾਹਮਣੇ ਰੱਖਦਾ ਹੈ। ਉਦਾਹਰਨ ਵਜੋਂ ਸਿਰਲੇਖ ਦੇਖੇ ਜਾ ਸਕਦੇ ਹਨ: ਕਬੱਡੀ ਦਾ ਲਾਲ ਦੇਵੀ ਦਿਆਲ, ਕਬੱਡੀ ਦਾ ਧੱਕੜ ਧਾਵੀ ਫਿੱਡਾ, ਟਰਾਂਟੋ ਦੇ ਟੂਰਨਾਮੈਂਟਾਂ `ਤੇ ਇੱਕ ਝਾਤ, ਨਜ਼ਾਰੇ ਨਿਊ ਯਾਰਕ ਦੀ ਕਬੱਡੀ ਦੇ, ਕਬੱਡੀ ਨੂੰ ਡਰੱਗ ਦਾ ਜੱਫਾ, ਬੱਲੇ ਬਾਬਿਆਂ ਦੀ ਕਬੱਡੀ ਦੇ, ਫੁੱਟਬਾਲ ਦੇ ਜਰਨੈਲ ਦੀ ਯਾਦ ਆਦਿ। ਇਨ੍ਹਾਂ ਸਭ ਸਿਰਲੇਖਾਂ ਵਿਚ ਇੱਕ ਗੱਲ ਸਾਂਝੀ ਹੈ ਕਿ ਇਹ ਕੇਵਲ ਕੰਨਾਂ ਨੂੰ ਹੀ ਚੰਗੇ ਨਹੀਂ ਲੱਗਦੇ ਸਗੋਂ ਇਹ ਵਿਸ਼ੇ ਨੂੰ ਵੀ ਸਪੱਸ਼ਟ ਕਰਦੇ ਹਨ ਅਤੇ ਨਾਲ ਦੀ ਨਾਲ ਰਮਜ਼ ਵੀ ਸੁੱਟਦੇ ਹਨ। ਉਹ ਅਨੁਪ੍ਰਾਸ ਸਿਰਜਣ ਲਈ ਨਿਊ ਯਾਰਕ ਨਾਲ ਨਜ਼ਾਰੇ, ਟੋਰਾਂਟੋ ਨਾਲ ਟੂਰਨਾਮੈਂਟ ਜੋੜਦਾ ਹੈ ਅਤੇ ਇੰਜ ਹੀ ਬਾਬਿਆਂ ਅੱਗੇ ਬੱਲੇ ਤੇ ਫਿੱਡੇ ਧਾਵੀ ਨੂੰ ਧੱਕੜ ਧਾਵੀ ਦਰਸਾਉਂਦਾ ਹੈ। ਸਰਵਣ ਸਿੰਘ ਦੀ ਇੱਕ ਹੋਰ ਖਾਸੀਅਤ ਹੈ ਕਿ ਉਸ ਨੂੰ ਪੇਂਡੂ ਠੇਠ ਸ਼ਬਦਾਵਲੀ ਤੇ ਆਬੂਰ ਹਾਸਿਲ ਹੈ। ਉਸ ਦੇ ਨਾਲ ਹੀ ਉਸ ਨੂੰ ਦੇਸੀ ਵਿਦੇਸ਼ੀ ਜਨਜੀਵਨ ਵਿਚ ਰਚ ਚੁੱਕੇ ਅੰਗਰੇਜ਼ੀ ਸ਼ਬਦਾਂ ਤੋਂ ਵੀ ਕੋਈ ਪਰਹੇਜ਼ ਨਹੀਂ, ਸਗੋਂ ਇਨ੍ਹਾਂ ਦੀ ਸਾਂਝੀ ਵਰਤੋਂ ਕਰ ਕੇ ਉਹ ਦੋਹਾਂ ਦੇ ਸੁਮੇਲ ਨਾਲ ਠੁੱਕਦਾਰ ਪੰਜਾਬੀ ਵਾਰਤਕ ਸਿਰਜਦਾ ਹੈ:
“ਨਿਊ ਵੈੱਸਟਮਿਨਸਟਰ ਦਾ ਸੁਖਸਾਗਰ ਟੂਰਨਾਮੈਂਟ ਆਪਣੇ ਨਾਂ ਵਾਂਗ ਹੀ ਸੁਖਾਵਾਂ ਤੇ ਸ਼ਾਂਤਮਈ ਰਿਹਾ। ਵੈਨਕੂਵਰ ਵੱਲ ਵੈਸੇ ਪੁਲੀਸ ਤੇ ਸਕਿਉਰਟੀ ਤੋਂ ਬਿਨਾਂ ਕਬੱਡੀ ਟੂਰਨਾਮੈਂਟ ਨੇਪਰੇ ਨਹੀਂ ਚੜ੍ਹਦੇ। ਤਰਾਰੇ `ਚ ਆਏ ਬੰਦਿਆਂ ਦੇ ਗੇਅਰ `ਚੋਂ ਨਿਕਲ ਜਾਣ ਦਾ ਪੂਰਾ ਡਰ ਹੁੰਦੈ। ਚੰਗੇ ਭਲੇ ਖੇਡ ਮੇਲੇ `ਚ ਬਦਮਗਜ਼ੀ ਹੋ ਜਾਂਦੀ ਹੈ। ਕਲੱਬਾਂ ਦੇ ਤੱਤੇ ਹਮਾਇਤੀ ਆਪੋ ਆਪਣੇ ਖਿਡਾਰੀਆਂ ਦੀ ਹਮਾਇਤ ਵਿਚ ਠਹਿਕ ਪੈਂਦੇ ਹਨ।”
ਇਸ ਪੈਰ੍ਹੇ ਵਿਚ ਟੂਰਨਾਮੈਂਟ, ਪੁਲਿਸ, ਸਕਿਉਰਟੀ, ਗੇਅਰ, ਕਲੱਬ, ਅੰਗਰੇਜ਼ੀ ਸ਼ਬਦਾਂ ਦੇ ਨਾਲੋ ਨਾਲ ਨੇਪਰੇ, ਤਰਾਰੇ, ਤੱਤੇ, ਠਹਿਕ, ਠੇਠ ਪੰਜਾਬੀ ਸ਼ਬਦ ਸਜਾਏ ਪਏ ਹਨ। ਇਸੇ ਪ੍ਰਕਾਰ ਇਸੇ ਪੈਰ੍ਹੇ ਵਿਚ ਹੀ ਸੁਖਸਾਗਰ, ਸੁਖਾਵਾਂ, ਸ਼ਾਂਤਮਈ ਸ਼ਬਦਾਂ ਦਾ ਦੁਹਰਾਓ ਕੰਨਾਂ ਵਿਚ ਸੰਗੀਤ ਪੈਦਾ ਕਰਦਾ ਹੈ।
ਇਨ੍ਹਾਂ ਦੀ ਲਿਖਤ ਵਿਚ ਜਸਵੰਤ ਸਿੰਘ ਕੰਵਲ ਵਰਗਾ ਕਥਾ ਰਸ, ਦਵਿੰਦਰ ਸਤਿਆਰਥੀ ਦੇ ਲੋਕ ਗੀਤਾਂ ਵਰਗੀ ਖੇਡਾਂ ਲਈ ਅਣਥੱਕ ਅਵਾਰਗੀ, ਤਾਰਾ ਸਿੰਘ ਕਾਮਲ ਵਰਗਾ ਲਤੀਫੇ ਸੁਣਾਉਣ ਦਾ ਅੰਦਾਜ਼, ਗੁਰਬਚਨ ਭੁੱਲਰ ਵਰਗਾ ਵਿਅੰਗ, ਬਲਵੰਤ ਗਾਰਗੀ ਵਾਂਗ ਰੇਖਾ ਚਿੱਤਰ ਉਲੀਕਣ ਦੀ ਜਾਚ ਅਤੇ ਹਰਿਭਜਨ ਸਿੰਘ ਵਰਗੀ ਕਾਵਿਮਈ ਆਲੋਚਨਾ ਦੇ ਗੁਣ ਸਮਾਏ ਹੋਏ ਹਨ। ਇਸੇ ਲਈ ਜਦੋਂ ਉਹ ਆਪਣੀ ਲਿਖਤ ਦੀ ਆਪੇ ਪੜਚੋਲ ਕਰਦੇ ਹਨ ਤਾਂ ਖੁਦ ਹੀ ਸਪੱਸ਼ਟ ਕਰ ਦਿੰਦੇ ਹਨ, ਦਰਅਸਲ ਵਾਰਤਕ ਦਾ ਆਪਣਾ ਪਿੰਗਲ ਹੈ। ਨਜ਼ਮ ਵਾਂਗ ਹੀ ਨਸਰ ਵਿਚ ਵੀ ਧੁਨੀ ਅਲੰਕਾਰ ਅਤੇ ਅਰਥ ਅਲੰਕਾਰਾਂ ਦੀ ਵਰਤੋਂ ਕਰੀਦੀ ਹੈ। ਵਾਕ ਮੰਜੇ ਦੀ ਦੌਣ ਵਾਂਗ ਕੱਸਣੇ ਤੇ ਮੀਢੀਆਂ ਵਾਂਗ ਗੁੰਦਣੇ ਪੈਂਦੇ ਨੇ। ਸ਼ਬਦ ਬੀੜਨ ਵੇਲੇ ਵੇਖੀਦੈ ਕਿ ਵਾਕ ਲਮਕ ਨਾ ਜਾਵੇ, ਉਹਦੇ `ਚ ਝੋਲ ਨਾ ਪੈਜੇ। ਕਲਾਮਈ ਵਾਰਤਕ ਲਿਖਣੀ ਕਵਿਤਾ ਲਿਖਣ ਦੇ ਤੁੱਲ ਹੈ। ਜਿਵੇਂ ਖਿਡਾਰੀ ਆਪਣੀ ਖੇਡ ਦਾ ਅਭਿਆਸ ਕਰਦੈ ਉਵੇਂ ਮੈਂ ਵੀ ਵਗਦੇ ਪਾਣੀ ਤੇ ਰੁਮਕਦੀ ਪੌਣ ਜਿਹੀ ਨਸਰ ਰਚਣ ਦਾ ਰਿਆਜ਼ ਕਰਦਾ ਰਹਿਨਾਂ।
ਪ੍ਰਿੰ. ਸਰਵਣ ਸਿੰਘ ਦੀ ਲਿਖਤ ਦੇ ਇਕ ਇਕ ਪੈਰ੍ਹੇ `ਤੇ ਇਕ ਇਕ ਲੇਖ ਅਤੇ ਇਕ ਇਕ ਲੇਖ `ਤੇ ਇਕ ਇਕ ਪੁਸਤਕ ਲਿਖੀ ਜਾ ਸਕਦੀ ਹੈ ਪਰ ਮੈਨੂੰ ਜਾਪਦਾ ਹੈ ਕਿ ਆਪਣੀ ਲਿਖਤ ਬਾਰੇ ਜਿੰਨਾ ਸੁੰਦਰ ਪ੍ਰਮਾਣ ਉਨ੍ਹਾਂ ਨੇ ਇਸ ਪੈਰ੍ਹੇ ਵਿਚ ਦਿੱਤਾ ਹੈ, ਉਸ ਤੋਂ ਵਧੀਕ ਮੇਰੇ ਸ਼ਬਦਾਂ ਰਾਹੀਂ ਨਹੀਂ ਦਿੱਤਾ ਜਾ ਸਕਦਾ।