ਅਜੋਕੀ ਰਾਜਨੀਤੀ ਅਤੇ ਕ੍ਰਿਸ਼ਨ, ਕਾਹਨ, ਅਸ਼ੋਕ ਤੇ ਦੁਰਗਾ ਸ਼ਕਤੀ

-ਜਤਿੰਦਰ ਪਨੂੰ
ਬਰਤਾਨੀਆ ਦੀ ਧਰਤੀ ਉਤੇ ਵਿਚਰਦਿਆਂ ਜਿਸ ਸਵਾਲ ਦਾ ਸਭ ਤੋਂ ਵੱਧ ਸਾਹਮਣਾ ਇਸ ਹਫਤੇ ਦੌਰਾਨ ਇਸ ਲੇਖਕ ਨੂੰ ਕਰਨਾ ਪਿਆ, ਉਹ ਉਤਰ ਪ੍ਰਦੇਸ਼ ਦੀ ਛੋਟੀ ਜਿਹੀ ਉਮਰ ਦੀ ਸਬ ਡਵੀਜ਼ਨ ਅਫਸਰ ਬੀਬੀ ਦੁਰਗਾ ਸ਼ਕਤੀ ਨਾਗਪਾਲ ਦੇ ਬਾਰੇ ਹੁੰਦਾ ਸੀ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਰੇੜਕਾ ਕਿਸ ਗੱਲ ਦਾ ਹੈ ਤੇ ਜਾਂ ਫਿਰ ਇਹ ਕਿ ਉਸ ਕੁੜੀ ਦਾ ਹੁਣ ਬਣੇਗਾ ਕੀ? ਜਿਹੜੀ ਗੱਲ ਪਹਿਲੇ ਦਿਨ ਕਹੀ ਜਾ ਸਕਦੀ ਸੀ, ਉਹ ਭਾਰਤ ਦੇ ਸਭ ਤੋਂ ਵੱਡੇ ਰਾਜ ਦੇ ਛੋਟੀ ਉਮਰ ਦੇ ਮੁੱਖ ਮੰਤਰੀ ਅਖਿਲੇਸ਼ ਸਿੰਘ ਯਾਦਵ ਨੇ ਦੋ ਦਿਨ ਲੰਘਾ ਕੇ ਕਹੀ ਕਿ ਉਸ ਬੀਬੀ ਦੇ ਖਿਲਾਫ ਕਾਰਵਾਈ ਜਾਇਜ਼ ਸੀ। ਆਖਰ ਉਹ ਮੁਲਾਇਮ ਸਿੰਘ ਦਾ ਪੁੱਤਰ ਹੈ, ਜਿਹੜਾ ਸਾਰੀ ਉਮਰ ਹਰ ਗੱਲ ਰਾਜਨੀਤੀ ਦੀ ਤੱਕੜੀ ਨਾਲ ਤੋਲ ਕੇ ਤੇ ਉਸ ਬਾਰੇ ਇਹ ਸੋਚ ਕੇ ਬੋਲਦਾ ਰਿਹਾ ਹੈ ਕਿ ਇਸ ਨਾਲ ਲਾਭ ਕੀ ਹੋਵੇਗਾ ਤੇ ਨੁਕਸਾਨ ਕੀ? ਮੁਲਾਇਮ ਸਿੰਘ ਯਾਦਵ ਨੇ ਇੱਕ ਵਾਰ ਪਾਰਲੀਮੈਂਟ ਵਿਚ ਕਿਹਾ ਸੀ ਕਿ ਅਮਰ ਮਣੀ ਤ੍ਰਿਪਾਠੀ ਨਾਂ ਦੇ ਮੰਤਰੀ ਨੂੰ ਮਧੂਮਿਤਾ ਸ਼ੁਕਲਾ ਨਾਂ ਦੀ ਕੁੜੀ ਦੇ ਕਤਲ ਦੇ ਦੋਸ਼ ਵਿਚ ਫੜਿਆ ਕਿਉਂ ਨਹੀਂ ਜਾਂਦਾ, ਪਰ ਉਸੇ ਮੰਤਰੀ ਅਮਰ ਮਣੀ ਵੱਲੋਂ ਮੁਲਾਇਮ ਨਾਲ ਆ ਜੁੜਨ ਦੀ ਦਲ-ਬਦਲੀ ਮਗਰੋਂ ਕਹਿੰਦਾ ਸੀ ਕਿ ਉਸ ਨੇ ਦੇਸ਼ ਬਚਾ ਲਿਆ ਹੈ, ਹੁਣ ਉਸ ਦੇ ਖਿਲਾਫ ਕਾਰਵਾਈ ਦੀ ਲੋੜ ਨਹੀਂ। ਉਸੇ ਮੁਲਾਇਮ ਦਾ ਪੁੱਤਰ ਉਸ ਤੋਂ ਵੱਖਰੀ ਰਾਜਨੀਤੀ ਕਰਨ ਦੀ ਥਾਂ ਕਿਸੇ ਚੋਰ-ਲੁਟੇਰੇ ਲੀਡਰ ਦੇ ਪੱਖ ਵਿਚ ਕਿਸੇ ਈਮਾਨਦਾਰ ਕੁੜੀ ਦੇ ਖਿਲਾਫ ਪੈਂਤੜਾ ਨਾ ਲੈਂਦਾ ਤਾਂ ਹੋਰ ਕੀ ਕਰਦਾ?
ਅਫਸਰ ਕੁੜੀ ਦਾ ਨਾਂ ਦੁਰਗਾ ਸ਼ਕਤੀ ਹੈ, ਮਾਪਿਆਂ ਨੇ ਧਾਰਮਿਕ ਪੱਖੋਂ ਸੋਚ ਕੇ ਰੱਖਿਆ ਜਾਂ ਇਨਸਾਨੀ ਪੱਖ ਤੋਂ ਉਸ ਨੂੰ ਇੱਕ ਸ਼ਕਤੀ ਵਜੋਂ ਉਭਾਰਨ ਦਾ ਮਨੋਬਲ ਬਖਸ਼ਣ ਵਾਸਤੇ ਰੱਖਿਆ, ਇਹ ਤਾਂ ਪਤਾ ਨਹੀਂ, ਪਰ ਉਹ ਜਿਸ ਕੰਮ ਲਈ ਚਰਚਾ ਵਿਚ ਆਈ ਹੈ, ਉਸ ਨੇ ਉਸ ਨੂੰ ਇੱਕ ਸ਼ਕਤੀ ਦੀ ਪ੍ਰਤੀਕ ਬਣਾ ਦਿੱਤਾ ਹੈ। ਉਸ ਨੇ ਰੇਤ ਮਾਫੀਆ ਤੇ ਹੋਰ ਮਾੜੇ ਧੰਦੇ ਕਰਦੇ ਲੋਕਾਂ ਦੇ ਖਿਲਾਫ ਆਪਣੇ ਸਰਕਾਰੀ ਫਰਜ਼ ਉਤੇ ਪਹਿਰਾ ਦਿੱਤਾ ਤੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਉਸ ਦੇ ਆਪਣੇ ਨਾਲ ਕੀ ਵਾਪਰੇਗਾ? ਲੋਕ ਉਸ ਦੇ ਕਿਰਦਾਰ ਤੋਂ ਖੁਸ਼ ਹਨ। ਉਂਜ ਭਾਰਤ ਵਿਚ ਲੋਕ ਸਿਰਫ ਖੁਸ਼ ਹੁੰਦੇ ਹਨ, ਇਸ ਤਰ੍ਹਾਂ ਦੇ ਫਰਜ਼ ਦੀ ਪੂਰਤੀ ਕਰਨ ਵਾਲੇ ਕਿਸੇ ਕਿਰਦਾਰ ਦੇ ਪੱਖ ਵਿਚ ਕਦੀ ਆਪ ਖੜੇ ਹੋਣ ਦੀ ਕੋਸ਼ਿਸ਼ ਨਹੀਂ ਕਰਦੇ, ਬਲਕਿ ਵੇਖਦੇ ਹਨ ਕਿ ਇਸ ਦਾ ਕੀ ਬਣਦਾ ਹੈ? ਉਤਰ ਪ੍ਰਦੇਸ਼ ਦੇ ਲੋਕ ਵੀ ਇਹੋ ਵੇਖ ਰਹੇ ਹਨ ਤੇ ਇਸ ਕਰ ਕੇ ਉਸ ਕੁੜੀ ਨਾਲ ਉਹੋ ਕੁਝ ਵਾਪਰਨਾ ਹੈ, ਜੋ ਇਸ ਦੇਸ਼ ਦੀ ਰਵਾਇਤ ਹੈ।
ਜੀ ਹਾਂ, ਇਹ ਇਸ ਦੇਸ਼ ਦੀ ਰਵਾਇਤ ਹੈ ਕਿ ਲੋਕ ਆਖਦੇ ਹਨ ਕਿ ਚੰਗਾ ਬੰਦਾ ਸੂਲੀ ਚੜ੍ਹ ਜਾਵੇ ਤਾਂ ਉਸ ਦੇ ਪੱਖ ਵਿਚ ਚਾਰ ਸ਼ਬਦ ਕਹਿ ਦੇਵਾਂਗੇ, ਉਸ ਦੇ ਨਾਲ ਖੜੋਣ ਦੀ ਮੂਰਖਤਾ ਨਹੀਂ ਕਰਾਂਗੇ। ਇਹੋ ਕਾਰਨ ਹੈ ਕਿ ਭਾਰਤ ਦੇ ਇਸ ਲੋਕਤੰਤਰੀ ਤਾਣੇ-ਬਾਣੇ ਵਿਚ ਵੱਖ ਵੱਖ ਰਾਜਾਂ ਵਿਚ ਵੱਖ ਵੱਖ ਤਰ੍ਹਾਂ ਦੀ ਰਾਜਨੀਤੀ ਦੇ ਅਧੀਨ ਈਮਾਨਦਾਰਾਂ ਨਾਲ ਉਹੋ ਕੁਝ ਵਾਪਰਦਾ ਰਹਿੰਦਾ ਹੈ, ਜਿਸ ਦੇ ਹੁਣ ਅਸੀਂ ਆਦੀ ਹੋਈ ਜਾਂਦੇ ਹਾਂ।
ਸਾਡੇ ਆਪਣੇ ਪੰਜਾਬ ਵਿਚ ਕੀ ਵਾਪਰਿਆ ਹੈ, ਕੀ ਇਹ ਵੀ ਚੇਤਾ ਕਰਵਾਉਣਾ ਪਵੇਗਾ? ਸਿੱਖਿਆ ਵਿਭਾਗ ਦਾ ਇੱਕ ਅਫਸਰ ਕ੍ਰਿਸ਼ਨ ਕੁਮਾਰ ਹੁੰਦਾ ਸੀ। ਉਦੋਂ ਦੇ ਸਿੱਖਿਆ ਮੰਤਰੀ ਨੇ ਕਾਨੂੰਨ ਦੀ ਕਿਤਾਬ ਪੇਪਰ-ਵੇਟ ਹੇਠ ਦੱਬ ਕੇ ਆਪਣੀ ਮਰਜ਼ੀ ਮੁਤਾਬਕ ਚਲਾਉਣਾ ਚਾਹਿਆ ਤਾਂ ਕ੍ਰਿਸ਼ਨ ਕੁਮਾਰ ਈਮਾਨ ਉਤੇ ਪਹਿਰਾ ਦੇਣ ਲੱਗ ਪਿਆ। ਵਿਚਾਰੇ ਨਾਲ ਹਮਦਰਦੀ ਕਈਆਂ ਨੇ ਵਿਖਾਈ, ਪਰ ਨਾਲ ਕੋਈ ਨਹੀਂ ਸੀ ਖੜੋਤਾ ਤੇ ਅੰਤ ਉਹ ਈਮਾਨਦਾਰ ਅਫਸਰ ਪੰਜਾਬ ਦੀ ਸੇਵਾ ਛੱਡ ਕੇ ਪ੍ਰਧਾਨ ਮੰਤਰੀ ਦਫਤਰ ਵਿਚ ਮਿਲੀ ਕੁਰਸੀ ਉਤੇ ਜਾ ਬੈਠਾ ਸੀ। ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਪਰ ਵੇਖਿਆ ਕਦੀ ਕਦੀ ਜਾਂਦਾ ਹੈ। ਪੰਜਾਬ ਦੇ ਲੋਕਾਂ ਨੇ ਇਤਿਹਾਸ ਵੀ ਦੁਹਰਾਇਆ ਜਾਂਦਾ ਵੇਖ ਲਿਆ, ਜਦੋਂ ਉਸੇ ਕੁਰਸੀ ਉਤੇ ਕਾਹਨ ਸਿੰਘ ਪੰਨੂ ਆ ਬੈਠਾ ਤੇ ਪਹਿਲੇ ਮੰਤਰੀ ਦੀ ਪਾਰਟੀ ਨੇ ਜਿਹੜਾ ਨਵਾਂ ਮੰਤਰੀ ਬਣਾਇਆ, ਉਸ ਨਾਲ ਉਨ੍ਹਾਂ ਹੀ ਗੱਲਾਂ ਤੋਂ ਰੇੜਕਾ ਪੈ ਗਿਆ। ਮਹਾਂਭਾਰਤ ਵਿਚ ਕ੍ਰਿਸ਼ਨ ਤੇ ਕਾਹਨ ਦੋਵੇਂ ਇੱਕੋ ਮਹਾਂਪੁਰਸ਼ ਦੇ ਦੋ ਨਾਂ ਹਨ, ਜਿਸ ਨੇ ਗੀਤਾ ਦਾ ਉਪਦੇਸ਼ ਦਿੰਦਿਆਂ ਆਖਿਆ ਸੀ ਕਿ ਫਰਜ਼ ਉਤੇ ਪਹਿਰਾ ਦੇਣ ਵੇਲੇ ‘ਕਰਮ ਕੀਏ ਜਾ, ਫਲ ਕੀ ਚਿੰਤਾ ਮਤ ਕਰ।’ ਪੰਜਾਬ ਵਿਚ ਜਿਹੜੀ ਕ੍ਰਿਸ਼ਨ ਨਾਲ ਹੋਈ ਸੀ, ਉਹੋ ਕਾਹਨ ਨਾਲ ਹੋ ਗਈ, ਬਲਕਿ ਵੱਧ ਹੋ ਗਈ। ਕ੍ਰਿਸ਼ਨ ਦੀ ਸਿਰਫ ਕੁਰਸੀ ਖੋਹੀ ਗਈ ਸੀ, ਕਾਹਨ ਨੂੰ ਜ਼ਲੀਲ ਕਰਨ ਦੀ ਘਟਨਾ ਵੀ ਹੋ ਗਈ। ਹੁਣ ਪੰਜਾਬ ਦੇ ਬਾਕੀ ਅਫਸਰਾਂ ਨੂੰ ਈਮਾਨ ਦਾ ਕੀੜਾ ਦੋ-ਚਾਰ ਸਾਲ ਤੰਗ ਨਹੀਂ ਕਰੇਗਾ।
ਅਸੀਂ ਪੰਜਾਬ ਦੇ ਗਵਾਂਢੀ ਰਾਜ ਹਰਿਆਣੇ ਦੇ ਇੱਕ ਈਮਾਨਦਾਰ ਅਫਸਰ ਅਸ਼ੋਕ ਖੇਮਕਾ ਨਾਲ ਪਿਛਲੇ ਸਾਲਾਂ ਵਿਚ ਵਾਪਰਦੇ ਭਾਣੇ ਨੂੰ ਵੇਖਿਆ ਤੇ ਹਾਲੇ ਵੇਖ ਰਹੇ ਹਾਂ। ਪਿਛਲੇ ਸਾਲ ਉਹ ਉਦੋਂ ਚਰਚਾ ਵਿਚ ਆਇਆ ਸੀ, ਜਦੋਂ ਉਸ ਨੇ ਭਾਰਤ ਸਰਕਾਰ ਦਾ ਰਿਮੋਟ ਕੰਟਰੋਲ ਵਾਲਾ ਬਟਨ ਫੜੀ ਬੈਠੀ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਜ਼ਮੀਨੀ ਸੌਦਿਆਂ ਦੇ ਸੱਚ ਤੋਂ ਪਰਦਾ ਚੁੱਕ ਦਿੱਤਾ ਸੀ। ਸੋਨੀਆ ਗਾਂਧੀ ਦੀ ਪਾਰਟੀ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅਸ਼ੋਕ ਖੇਮਕਾ ਦੀ ਕੁਰਸੀ ਛੁਡਾਈ ਤਾਂ ਇੱਕ ਦੂਸਰੇ ਸੱਚ ਤੋਂ ਪਰਦਾ ਚੁੱਕਿਆ ਗਿਆ ਕਿ ਇਸ ਈਮਾਨਦਾਰ ਅਫਸਰ ਦਾ ਬਾਈ ਸਾਲ ਦੀ ਨੌਕਰੀ ਵਿਚ ਚੁਤਾਲੀ ਵਾਰ ਤਬਾਦਲਾ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਉਸ ਦੇ ਹੱਕ ਵਿਚ ਮਗਰਮੱਛ ਵਾਲੇ ਹੰਝੂ ਵਗਾਏ ਤਾਂ ਤੀਸਰੇ ਸੱਚ ਤੋਂ ਪਰਦਾ ਚੁੱਕਿਆ ਗਿਆ ਕਿ ਚੌਟਾਲਾ ਦੇ ਪੰਜਾਂ ਸਾਲਾਂ ਦੇ ਰਾਜ ਵਿਚ ਵੀ ਉਸੇ ਅਫਸਰ ਦਾ ਨੌਂ ਵਾਰੀ ਤਬਾਦਲਾ ਕੀਤਾ ਗਿਆ ਸੀ। ਫਰਜ਼ ਉਤੇ ਪਹਿਰਾ ਦੇਣ ਕਾਰਨ ਇੱਕ ਵਾਰੀ ਉਸ ਅਫਸਰ ਨੂੰ ਇਹੋ ਜਿਹੀ ਸੀਟ ਦਿੱਤੀ ਗਈ ਕਿ ਘਰੋਂ ਦਫਤਰ ਤੱਕ ਤੁਰ ਕੇ ਆਉਣਾ ਪਿਆ, ਕਿਉਂਕਿ ਡਿਪਟੀ ਕਮਿਸ਼ਨਰ ਦੇ ਬਰਾਬਰ ਦੇ ਉਸ ਅਫਸਰ ਨੂੰ ਸਰਕਾਰੀ ਕਾਰ ਨਹੀਂ ਸੀ ਦਿੱਤੀ ਗਈ। ਜੋ ਪੰਜਾਬ ਵਿਚ ਕਾਹਨ ਤੇ ਕ੍ਰਿਸ਼ਨ ਨਾਲ ਹੋਇਆ ਸੀ, ਉਹੋ ਕੁਝ ਕਾਰਾਂ ਉਤੇ ਅਸ਼ੋਕ ਦਾ ਸਤੰਭ ਲਾ ਕੇ ਰਾਜ ਕਰਦੀ ਹਰਿਆਣੇ ਦੀ ਸਰਕਾਰ ਨੇ ਅਸ਼ੋਕ ਨਾਲ ਕਰ ਦਿੱਤਾ ਤੇ ਹੁਣ ਉਤਰ ਪ੍ਰਦੇਸ਼ ਵਿਚ ਦੁਰਗਾ ਸ਼ਕਤੀ ਦੀ ਵਾਰੀ ਆ ਗਈ ਹੈ।
ਇਨ੍ਹਾਂ ਘਟਨਾਵਾਂ ਦੇ ਹਰ ਗੇੜ ਵਿਚ ਇੱਕ ਪਾਰਟੀ-ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਇਹ ਕਹਿਣ ਦਾ ਤਾਣ ਲਾਇਆ ਕਿ ਉਹ ਵੱਖਰੀ-ਨਿਆਰੀ ਪਾਰਟੀ ਹੈ ਤੇ ਇਸ ਤਰ੍ਹਾਂ ਦੇ ਹਰਬੇ ਨਹੀਂ ਵਰਤਦੀ। ਮਹਾਂਰਾਸ਼ਟਰ ਦੇ ਖੈਰਨਾਰ ਦਾ ਕਿੱਸਾ ਜਿਹੜੇ ਲੋਕ ਜਾਣਦੇ ਹਨ, ਉਹ ਪੰਜਾਬੀ ਦੀ ਉਹ ਕਹਾਵਤ ਸਮਝ ਸਕਦੇ ਹਨ ਕਿ ਊਠ ਨੂੰ ਪੁੱਛਿਆ ਸੀ ਕਿ ਉਸ ਨੂੰ ਚੜ੍ਹਾਈ ਚੰਗੀ ਲੱਗਦੀ ਹੈ ਕਿ ਉਤਰਾਈ, ਉਸ ਨੇ ਦੋਵਾਂ ਦਾ ਫਿੱਟੇ ਮੂੰਹ ਕਹਿ ਦਿੱਤਾ ਸੀ। ਜੀ ਆਰ ਖੈਰਨਾਰ ਨਾਂ ਦਾ ਅਫਸਰ ਮੁੰਬਈ ਨਗਰ ਪਾਲਿਕਾ ਦੇ ਅਕਾਊਂਟੈਂਟ ਵਜੋਂ ਨੌਕਰੀ ਸ਼ੁਰੂ ਕਰ ਕੇ ਡਿਪਟੀ ਕਮਿਸ਼ਨਰ ਦੀ ਕੁਰਸੀ ਤੱਕ ਚਲਾ ਗਿਆ। ਈਮਾਨਦਾਰ ਉਹ ਸਿਖਰਾਂ ਦਾ ਸੀ ਤੇ ਅੰਨਾ ਹਜ਼ਾਰੇ ਦਾ ਭਗਤ ਹੁੰਦਾ ਸੀ। ਕੁਝ ਸਮਾਂ ਪਾ ਕੇ ਉਸ ਦੀ ਅੰਨਾ ਹਜ਼ਾਰੇ ਬਾਰੇ ਵੀ ਇਹ ਰਾਏ ਬਣ ਗਈ ਕਿ ਅੰਨਾ ਚੁਣ ਕੇ ਨਿਸ਼ਾਨੇ ਫੁੰਡਦਾ ਹੈ ਤੇ ਕਈਆਂ ਨਾਲ ਸਾਂਝ ਦੇ ਕਾਰਨ ਲਿਹਾਜ ਵੀ ਕਰ ਜਾਂਦਾ ਹੈ, ਪਰ ਖੈਰਨਾਰ ਕਿਸੇ ਦਾ ਲਿਹਾਜ ਨਹੀਂ ਸੀ ਕਰਦਾ। ਕਾਂਗਰਸੀ ਆਗੂ ਸ਼ਰਦ ਪਵਾਰ ਦੇ ਮੁੱਖ ਮੰਤਰੀ ਹੁੰਦਿਆਂ ਉਸ ਦਾ ਰਗੜਾ ਕੱਢਿਆ ਜਾਣਾ ਸ਼ੁਰੂ ਹੋਇਆ, ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਵਾਲਿਆਂ ਨੇ ਉਸ ਦਾ ਪੱਖ ਲਿਆ ਪਰ ਜਦੋਂ ਰਾਜ ਬਦਲ ਗਿਆ ਤੇ ਇਨ੍ਹਾਂ ਦੋਵਾਂ ਦੀ ਸਾਂਝੀ ਸਰਕਾਰ ਬਣ ਗਈ, ਮਹੀਨੇ ਛੇ ਨਹੀਂ ਸੀ ਨਿਕਲੇ ਕਿ ਇਹ ਵੀ ਖੈਰਨਾਰ ਦੇ ਪਿੱਛੇ ਪੈ ਗਏ। ਉਸ ਨੂੰ ਸਸਪੈਂਡ ਤਾਂ ਸ਼ਰਦ ਪਵਾਰ ਨੇ 1994 ਵਿਚ ਕੀਤਾ ਸੀ ਅਤੇ ਉਸ ਦੀ ਅਪੀਲ ਮੰਨ ਕੇ ਹਾਈ ਕੋਰਟ ਨੇ ਜਦੋਂ 1997 ਵਿਚ ਉਸ ਨੂੰ ਇਹ ਕਹਿ ਕੇ ਬਹਾਲ ਕੀਤਾ ਕਿ ਸਸਪੈਂਡ ਸਿਆਸੀ ਕਿੜ ਕੱਢਣ ਨੂੰ ਕੀਤਾ ਗਿਆ ਹੈ, ਉਦੋਂ ਰਾਜ ਕਰ ਰਹੀ ਭਾਜਪਾ-ਸ਼ਿਵ ਸੈਨਾ ਸਰਕਾਰ ਨੇ ਵੀ ਉਸ ਨੂੰ ਬਹਾਲ ਕਰਨ ਦਾ ਅਦਾਲਤ ਦਾ ਹੁਕਮ ਮੰਨਣ ਤੋਂ ਸਾਲ 2000 ਤੱਕ ਪਾਸਾ ਵੱਟੀ ਰੱਖਿਆ ਸੀ। ਕਾਰਨ ਇਹ ਸੀ ਕਿ ਇਹ ਬੰਦਾ ਬਹਾਲ ਵੀ ਕਰ ਦਿੱਤਾ ਤਾਂ ਇਸ ਨੇ ਆਪਣੇ ਆਦਰਸ਼ਾਂ ਤੋਂ ਥਿੜਕਣਾ ਨਹੀਂ, ਇਸ ਲਈ ਇਸ ਨੂੰ ਆਪਣੇ ਨਾਲ ਲਾਉਣ ਵਾਸਤੇ ਨਾ ਕੋਈ ਭਾਜਪਾ ਮੰਤਰੀ ਤਿਆਰ ਹੋ ਰਿਹਾ ਸੀ ਤੇ ਨਾ ਸ਼ਿਵ ਸੈਨਾ ਵਾਲਾ ਮੰਤਰੀ ਹੀ।
ਪੰਜਾਬ ਦੇ ਕ੍ਰਿਸ਼ਨ ਤੇ ਕਾਹਨ ਤੋਂ ਸ਼ੁਰੂ ਹੋ ਕੇ ਹਰਿਆਣੇ ਦੇ ਅਸ਼ੋਕ ਤੋਂ ਤੁਰਦੀ ਹੋਈ ਉਤਰ ਪ੍ਰਦੇਸ਼ ਦੀ ਦੁਰਗਾ ਸ਼ਕਤੀ ਤੱਕ ਪਹੁੰਚੀ ਇਸ ਰਵਾਇਤ ਦੀ ਸਾਰੇ ਦੇਸ਼ ਦੀ ਕਥਾ ਬਹੁਤ ਲੰਮੀ ਹੈ।
ਜਿਹੜੇ ਮਹਾਂਰਾਸ਼ਟਰ ਵਿਚ ਜੀ ਆਰ ਖੈਰਨਾਰ ਨਾਲ ਵਾਪਰੇ ਕਿੱਸੇ ਦੀ ਚਰਚਾ ਅਸੀਂ ਹੁਣੇ ਕੀਤੀ ਹੈ, ਉਸੇ ਰਾਜ ਵਿਚ ਅਰੁਣ ਭਾਟੀਆ ਦਾ ਕਿੱਸਾ ਵੀ ਚਰਚਿਤ ਹੈ। ਉਸ ਦੀ ਛੱਬੀ ਸਾਲ ਦੀ ਨੌਕਰੀ ਵਿਚ ਛੱਬੀ ਵਾਰੀ ਤਬਾਦਲਾ ਕੀਤਾ ਜਾਣ ਦਾ ਰਿਕਾਰਡ ਇਸ ਲਈ ਬਣ ਗਿਆ ਕਿ ਉਹ ਤਿਰੰਗੇ ਤੇ ਭਗਵੇਂ ਦੋਵੇਂ ਰੰਗਾਂ ਦੀ ਰਾਜਨੀਤੀ ਕਰਨ ਵਾਲੇ ਆਗੂਆਂ ਨੂੰ ਹਜ਼ਮ ਨਹੀਂ ਸੀ ਹੁੰਦਾ। ਬਿਹਾਰ ਵਿਚ ਇੱਕ ਈਮਾਨਦਾਰ ਪੁਲਿਸ ਅਫਸਰ ਮਨੋਜ ਨਾਥ ਨੂੰ ਹਰ ਸਰਕਾਰ ਦੇ ਅਧੀਨ ਬਿਸਤਰਾ ਬੰਨ੍ਹ ਕੇ ਰੱਖਣਾ ਪੈਂਦਾ ਰਿਹਾ ਤੇ ਕਈ ਵਾਰ ਉਸ ਨੂੰ ਆਪਣੇ ਤੋਂ ਜੂਨੀਅਰ ਅਫਸਰਾਂ ਦੇ ਹੇਠਲੀ ਕੁਰਸੀ ਉਤੇ ਬੈਠਣ ਨੂੰ ਮਜਬੂਰ ਕੀਤਾ ਗਿਆ। ਤਾਮਿਲਨਾਡੂ ਵਿਚ ਉਮਾ ਸ਼ੰਕਰ ਨਾਂ ਦਾ ਅਫਸਰ ਇਹ ਬਰਦਾਸ਼ਤ ਨਾ ਕਰ ਸਕਿਆ ਕਿ ਭ੍ਰਿਸ਼ਟਾਚਾਰ ਪਿੰਡਾਂ ਦੇ ਸਿਵਿਆਂ ਵਿਚ ਬਣਾਏ ਜਾ ਰਹੇ ਸ਼ੈਡਾਂ ਦੇ ਟੀਨਾਂ ਵਿਚੋਂ ਵੀ ਹੋਈ ਜਾਂਦਾ ਹੈ। ਉਸ ਨੇ ਇਸ ਦੀ ਜਾਂਚ ਦਾ ਉਹ ਕੰਮ ਸ਼ੁਰੂ ਕਰਵਾਇਆ, ਜਿਸ ਨਾਲ ਮੌਕੇ ਦੀ ਮੁੱਖ ਮੰਤਰੀ ਜੈਲਲਿਤਾ ਦਾ ਜਲੂਸ ਨਿਕਲ ਗਿਆ ਤੇ ਅਗਲੀ ਚੋਣ ਵਿਚ ਉਸ ਦੀ ਕੁਰਸੀ ਜਾਂਦੀ ਰਹੀ, ਪਰ ਜਦੋਂ ਉਸ ਦੇ ਵਿਰੋਧੀ ਕਰੁਣਾਨਿਧੀ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ, ਉਹ ਵੀ ਉਮਾ ਸ਼ੰਕਰ ਦੇ ਪਿੱਛੇ ਪੈ ਗਿਆ, ਕਿਉਂਕਿ ਉਮਾ ਸ਼ੰਕਰ ਉਸ ਦਾ ‘ਰਾਜਾ ਬੇਟਾ’ ਬਣ ਕੇ ਚੱਲਣ ਲਈ ਜ਼ਮੀਰ ਨਹੀਂ ਸੀ ਮਾਰ ਸਕਦਾ। ਆਂਧਰਾ ਪ੍ਰਦੇਸ਼ ਦੀ ਅਫਸਰ ਪੂਨਮ ਮਾਲਾਕੋਂਡਈਆ ਨੂੰ ਅਸੀਂ ਉਥੋਂ ਦੀ ਦੁਰਗਾ ਸ਼ਕਤੀ ਮੰਨ ਸਕਦੇ ਹਾਂ, ਜਿਸ ਨੇ ਛੋਟੀ ਉਮਰੇ ਛੇ ਸਾਲਾਂ ਦੀ ਨੌਕਰੀ ਵਿਚ ਸੱਤ ਵਾਰ ਤਬਾਦਲਾ ਕਰਵਾ ਕੇ ਵੀ ਰਾਜਸੀ ਆਗੂਆਂ ਅੱਗੇ ਸਿਰ ਨਹੀਂ ਝੁਕਾਇਆ। ਉਸੇ ਆਂਧਰਾ ਪ੍ਰਦੇਸ਼ ਦਾ ਇੱਕ ਸੀਨੀਅਰ ਅਫਸਰ ਈਜ਼ ਸ਼ਰਮਾ ਆਪਣੀ ਪੈਂਤੀ ਸਾਲ ਲੰਮੀ ਨੌਕਰੀ ਦੌਰਾਨ ਛੱਬੀ ਵਾਰੀ ਤਬਾਦਲਾ ਹੋ ਜਾਣ ਦੇ ਬਾਵਜੂਦ ਆਪਣੇ ਈਮਾਨ ਉਤੇ ਪਹਿਰਾ ਦਿੰਦਾ ਰਿਹਾ ਸੀ। ਏਦਾਂ ਦੇ ਕਈ ਹੋਰ ਵੀ ਹਨ, ਜਿਹੜੇ ਈਮਾਨ ਤੋਂ ਨਹੀਂ ਸਨ ਡੋਲੇ।
ਬੜੀ ਲੰਮੀ ਕਹਾਣੀ ਹੈ ਉਨ੍ਹਾਂ ਲੋਕਾਂ ਦੀ, ਜਿਹੜੇ ਈਮਾਨ ਤੋਂ ਡੋਲਣ ਦੀ ਬਜਾਏ ਸੱਟਾਂ ਖਾਣ ਨੂੰ ਤਿਆਰ ਹੋ ਜਾਂਦੇ ਰਹੇ। ਅਕੀਦੇ ਉਤੇ ਪਹਿਰਾ ਦੇਣ ਵਾਲੇ ਇਨ੍ਹਾਂ ਲੋਕਾਂ ਵਿਚੋਂ ਕੁਝ ਆਪਣੀਆਂ ਜਾਨਾਂ ਵੀ ਗਵਾ ਗਏ। ਇਸ ਦੇ ਬਾਵਜੂਦ ਉਨ੍ਹਾਂ ਵਰਗੇ ਹੋਰ ਆ ਕੇ ਮੈਦਾਨ ਵਿਚ ਈਮਾਨ ਦਾ ਝੰਡਾ ਉਚਾ ਰੱਖਦੇ ਰਹੇ। ਉਨ੍ਹਾਂ ਦੇ ਆਪਣੇ ਹੀ ਕੁਝ ਸਾਥੀ ਇਸ ਕਿਰਦਾਰ ਨੂੰ ਸਮੁੰਦਰ ਵਿਚ ਰਹਿ ਕੇ ਮਗਰਮੱਛਾਂ ਨਾਲ ਵੈਰ ਪਾਉਣ ਵਾਲੀ ਮੂਰਖਤਾ ਮੰਨ ਕੇ ਆਪ ਵੀ ਸੰਭਲ ਕੇ ਡੰਗ ਸਹਾਰਦੇ ਹੋਏ ਇਨ੍ਹਾਂ ਨੂੰ ਦਿਨ ਕੱਟਣ ਨੂੰ ਕਹਿੰਦੇ ਰਹੇ, ਪਰ ਇਹ ਏਦਾਂ ਨਹੀਂ ਕਰ ਸਕੇ। ਏਦਾਂ ਦੇ ਲੋਕਾਂ ਨਾਲ ਜ਼ਿਆਦਤੀ ਜਦੋਂ ਹੁੰਦੀ ਹੈ ਤਾਂ ਈਮਾਨਦਾਰੀ ਦਾ ਜਨਾਜ਼ਾ ਵੀ ਨਾਲ ਹੀ ਨਿਕਲ ਜਾਂਦਾ ਹੈ। ਸਾਡੇ ਲੋਕ ਈਮਾਨਦਾਰੀ ਦੀ ਚਰਚਾ ਕਰਦੇ ਹਨ, ਇਸ ਦਾ ਜਨਾਜ਼ਾ ਨਿਕਲਦਾ ਵੇਖ ਕੇ ਕਦੀ-ਕਦੀ ਹਾਅ ਦਾ ਨਾਹਰਾ ਵੀ ਮਾਰ ਲੈਂਦੇ ਹਨ, ਪਰ ਇਸ ਤੋਂ ਅੱਗੇ ਨਹੀਂ ਤੁਰਦੇ। ਹਾਂਗ ਕਾਂਗ ਕਦੀ ਦੁਨੀਆਂ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਵਿਚ ਹੁੰਦਾ ਸੀ। ਅੱਜ ਈਮਾਨਦਾਰੀ ਵਾਲੇ ਦੇਸ਼ਾਂ ਵਿਚ ਸੰਸਾਰ ਵਿਚ ਅੱਠਵਾਂ ਗਿਣਿਆ ਜਾਂਦਾ ਹੈ, ਪਰ ਇਸ ਦਾ ਸਿਹਰਾ ਉਥੋਂ ਦੇ ਲੀਡਰਾਂ ਨੂੰ ਨਹੀਂ ਜਾਂਦਾ, ਲੋਕਾਂ ਨੂੰ ਜਾਂਦਾ ਹੈ, ਜਿਹੜੇ ਇੱਕ ਵਾਰੀ ਬਜ਼ਾਰਾਂ ਵਿਚ ਆ ਗਏ ਅਤੇ ਬੇਈਮਾਨੀ ਦੀ ਸਫ ਵਲ੍ਹੇਟ ਕੇ ਉਠੇ ਸਨ। ਅਸੀਂ ਕਿਉਂਕਿ ਅਜੇ ਤੱਕ ਚਰਚਾ ਕਰਦੇ ਹਾਂ, ਤੇ ਸਿਰਫ ਚਰਚਾ ਕਰਦੇ ਹਾਂ, ਇਸ ਲਈ ਸਾਡੇ ਦੇਸ਼ ਦੀ ਅਜੋਕੀ ਰਾਜਨੀਤੀ ਦੇ ਮੁਕਾਬਲੇ ਵਿਚ ਕ੍ਰਿਸ਼ਨ, ਕਾਹਨ, ਅਸ਼ੋਕ ਤੇ ਦੁਰਗਾ ਸ਼ਕਤੀ ਨਿਤਾਣੇ ਸਾਬਤ ਹੋ ਰਹੇ ਹਨ। ਸਾਰਾ ਕਸੂਰ ਰਾਜਸੀ ਆਗੂਆਂ ਦਾ ਨਾ ਕੱਢੀ ਜਾਈਏ, ਕੁਝ ਕਸੂਰ ਸਾਡਾ ਵੀ ਹੈ, ਜਿਹੜੇ ਅਜੇ ਤੱਕ ਚਰਚਾ ਤੋਂ ਅੱਗੇ ਨਹੀਂ ਵਧ ਸਕੇ ਤੇ ਸਿਰਫ ਚੁੰਝ-ਚਰਚਾ ਤੱਕ ਸੀਮਤ ਹੋ ਕੇ ਫਰਜ਼ ਦੀ ਪੂਰਤੀ ਹੋ ਗਈ ਮੰਨਣ ਦੀ ਤਸੱਲੀ ਕਰ ਲੈਂਦੇ ਹਾਂ।

Be the first to comment

Leave a Reply

Your email address will not be published.