ਹਰਨਾਜ ਸੰਧੂ ਨੇ ਜਿੱਤਿਆ ਮਿਸ ਯੂਨੀਵਰਸ 2021 ਦਾ ਖਿਤਾਬ

ਯੈਰੂਸ਼ਲੱਮ: ਅਦਾਕਾਰਾ ਤੇ ਮਾਡਲ ਹਰਨਾਜ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਆਪਣੇ ਨਾਂ ਕਰ ਕੇ ਇਤਿਹਾਸ ਸਿਰਜ ਦਿੱਤਾ। ਇਸ ਮੁਕਾਬਲੇ ਵਿਚ 80 ਦੇਸ਼ਾਂ ਦੀਆਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ ਭਾਰਤ ਨੂੰ 21 ਸਾਲਾਂ ਬਾਅਦ ਇਸ ਮੁਕਾਬਲੇ ਵਿਚ ਜਿੱਤ ਹਾਸਲ ਹੋਈ ਹੈ।
ਸੰਧੂ ਤੋਂ ਪਹਿਲਾਂ ਸਿਰਫ ਦੋ ਭਾਰਤੀ ਮਹਿਲਾਵਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ।

ਅਦਾਕਾਰਾ ਸੁਸ਼ਮਿਤਾ ਸੈਨ ਨੂੰ 1994 ‘ਚ ਅਤੇ ਲਾਰਾ ਦੱਤਾ ਨੂੰ 2000 ਵਿਚ ਇਹ ਤਾਜ ਪਹਿਨਾਇਆ ਗਿਆ ਸੀ। ਕੌਮਾਂਤਰੀ ਸੁੰਦਰਤਾ ਮੁਕਾਬਲੇ ਦਾ ਇਹ 70ਵਾਂ ਐਡੀਸ਼ਨ ਇਜਰਾਈਲ ਦੇ ਈਲਾਤ ਵਿਚ ਕਰਵਾਇਆ ਗਿਆ, ਜਿਸ ਵਿਚ 21 ਸਾਲਾ ਸੰਧੂ ਨੂੰ ਸਫਲਤਾ ਮਿਲੀ। ਚੰਡੀਗੜ੍ਹ ਦੀ ਮਾਡਲ ਸੰਧੂ ਲੋਕ ਪ੍ਰਸ਼ਾਸਨ ਵਿਸ਼ੇ ਵਿਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ। ਉਸ ਨੂੰ ਇਹ ਤਾਜ ਇਸ ਮੁਕਾਬਲੇ ਦੀ 2020 ਦੀ ਜੇਤੂ ਮੈਕਸਿਕੋ ਦੀ ਐਂਡਰੀਆ ਮੇਜਾ ਨੇ ਪਹਿਨਾਇਆ। ਪੈਰਾਗੁਏ ਦੀ ਨਾਡੀਆ ਫੈਰੇਰਾ (22) ਦੂਜੇ ਸਥਾਨ ‘ਤੇ ਰਹੀ ਜਦਕਿ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ (24) ਤੀਜੇ ਸਥਾਨ ‘ਤੇ ਰਹੀ।
ਖਿਤਾਬ ਜਿੱਤਣ ਮਗਰੋਂ ਹਰਨਾਜ ਸੰਧੂ ਨੇ ਕਿਹਾ, ‘’ਮੈਂ ਰੱਬ, ਮਾਤਾ-ਪਿਤਾ ਅਤੇ ਮਿਸ ਇੰਡੀਆ ਆਰਗ਼ੇਨਾਈਜ਼ੇਸ਼ਨ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਸਾਰੇ ਸਫਰ ਵਿਚ ਮੇਰਾ ਮਾਰਗਦਰਸ਼ਨ ਕੀਤਾ ਅਤੇ ਮੇਰੀ ਮਦਦ ਕੀਤੀ। ਮੇਰੀ ਜਿੱਤ ਦੀ ਕਾਮਨਾ ਅਤੇ ਅਰਦਾਸ ਕਰਨ ਵਾਲੇ ਸਾਰੇ ਲੋਕਾਂ ਨੂੰ ਖੂਬ ਸਾਰਾ ਪਿਆਰ। 21 ਸਾਲਾਂ ਬਾਅਦ ਇਸ ਮਾਣਮੱਤੇ ਤਾਜ ਨੂੰ ਭਾਰਤ ਲਿਆਉਣਾ ਮਾਣ ਵਾਲੇ ਪਲ ਹਨ।“
ਇਸ ਮੁਕਾਬਲੇ ਵਿਚ ਆਖਰੀ ਸਵਾਲ-ਜਵਾਬ ਗੇੜ ਵਿਚ ਸੰਧੂ ਤੋਂ ਪੁੱਛਿਆ ਗਿਆ ਸੀ ਕਿ ਮੌਜੂਦਾ ਸਮੇਂ ਵਿਚ ਮੁਟਿਆਰਾਂ ਜੋ ਦਬਾਅ ਮਹਿਸੂਸ ਕਰ ਰਹੀਆਂ ਹਨ, ਉਸ ਤੋਂ ਨਿਪਟਣ ਲਈ ਉਹ ਉਨ੍ਹਾਂ ਨੂੰ ਕੀ ਸਲਾਹ ਦੇਵੇਗੀ। ਇਸ ‘ਤੇ ਉਸ ਦਾ ਜਵਾਬ ਸੀ, ”ਮੌਜੂਦਾ ਸਮੇਂ ਵਿਚ ਨੌਜਵਾਨ ਜਿਸ ਵੱਡੇ ਦਬਾਅ ਦਾ ਸਾਹਮਣਾ ਕਰ ਰਹੇ ਹਨ ਉਹ ਹੈ ਖੁਦ ‘ਤੇ ਵਿਸ਼ਵਾਸ ਕਰਨਾ। ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਅਤੇ ਇਹੀ ਤੁਹਾਨੂੰ ਸੁੰਦਰ ਬਣਾਉਂਦਾ ਹੈ। ਦੂਜਿਆਂ ਨਾਲ ਖੁਦ ਦੀ ਤੁਲਨਾ ਕਰਨਾ ਬੰਦ ਕਰੋ ਅਤੇ ਦੁਨੀਆਂ ਭਰ ਵਿਚ ਹੋ ਰਹੀਆਂ ਅਹਿਮ ਚੀਜ਼ਾਂ ਬਾਰੇ ਗੱਲ ਕਰੋ। ਇਹੀ ਤੁਹਾਨੂੰ ਸਮਝਣ ਦੀ ਲੋੜ ਹੈ। ਬਾਹਰ ਆਓ ਅਤੇ ਖੁਦ ਵਾਸਤੇ ਗੱਲ ਕਰੋ ਕਿਉਂਕਿ ਤੁਸੀਂ ਹੀ ਆਪਣੀ ਜਿੰਦਗੀ ਦੇ ਆਗੂ ਹੋ। ਤੁਸੀਂ ਖੁਦ ਦੀ ਆਵਾਜ਼ ਹੋ। ਮੈਂ ਖੁਦ ‘ਤੇ ਭਰੋਸਾ ਕੀਤਾ ਇਸ ਵਾਸਤੇ ਅੱਜ ਮੈਂ ਇੱਥੇ ਖੜ੍ਹੀ ਹਾਂ।“
ਸੰਧੂ ਨੇ ਸੁੰਦਰਤਾ ਦੇ ਖੇਤਰ ਵਿਚ ਆਪਣੇ ਸਫਰ ਦੀ ਸ਼ੁਰੂਆਤ 2017 ਵਿਚ ਕੀਤੀ ਸੀ ਜਦੋਂ ਉਸ ਨੇ ਟਾਈਮਜ਼ ਫਰੈੱਸ਼ ਫੇਸ ਦਾ ਖਿਤਾਬ ਜਿੱਤਿਆ ਸੀ। ਉਹ 17 ਸਾਲ ਦੀ ਉਮਰ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕਰ ਰਹੀ ਸੀ। ਬਾਅਦ ਵਿਚ ਉਸ ਨੇ ਲਿਵਾ ਮਿਸ ਦਿਵਾ ਯੂਨੀਵਰਸ 2021 ਦਾ ਖਿਤਾਬ ਜਿੱਤਿਆ। ਉਹ ‘ਯਾਰਾਂ ਦੀਆਂ ਪੋਅ ਬਾਰ੍ਹਾਂ‘ ਅਤੇ ‘ਬਾਈ ਜੀ ਕੁੱਟਣਗੇ‘ ਵਰਗੀਆਂ ਪੰਜਾਬੀ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਮੇਜ਼ਬਾਨੀ ਸਟੀਵ ਹਾਰਵੀ ਕਰ ਰਹੇ ਸਨ। ਚੋਣ ਕਮੇਟੀ ਵਿਚ ਅਦਾਕਾਰਾ ਤੇ ਮਿਸ ਯੂਨੀਵਰਸ ਇੰਡੀਆ 2015 ਦੀ ਜੇਤੂ ਉਰਵਸ਼ੀ ਰੌਤੇਲਾ, ਅਦਾਮਾਰੀ ਲੋਪੇਜ, ਐਡਰੀਆਨਾ ਲਿਮਾ, ਚੈਸਲੀ ਕ੍ਰਿਸਟ, ਆਇਰਿਸ਼ ਮਿਟੇਨਾਏਰਾ, ਲੋਰੀ ਹਾਰਵੀ, ਮਾਰੀਅਨ ਰਿਵੇਰਾ ਅਤੇ ਰੈਨਾ ਸੋਫਰ ਸ਼ਾਮਲ ਸਨ।