ਅਮਰੀਕਾ ਵਿਚ ਜਨਤਕ ਸੇਵਾਵਾਂ ਦੇ ਲਾਭ ਲੈਣੇ ਹੋਏ ਸੁਖਾਲੇ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਹੁਕਮ ਪਾਸ ਕੀਤਾ ਹੈ ਜੋ ਕਿ ਨਾਗਰਿਕਾਂ ਦਾ ਸਮਾਂ ਬਚਾਏਗਾ ਤੇ ਪਰੇਸ਼ਾਨੀ ਦੂਰ ਕਰੇਗਾ ਜਦ ਉਹ ਕਈ ਤਰ੍ਹਾਂ ਦੀਆਂ ਫੈਡਰਲ ਸੇਵਾਵਾਂ ਲੈ ਰਹੇ ਹੋਣਗੇ। ਇਨ੍ਹਾਂ ਵਿਚ ਪਾਸਪੋਰਟ ਨਵਿਆਉਣਾ, ਸਮਾਜਿਕ ਸੁਰੱਖਿਆ ਲਾਭ ਲਈ ਅਪਲਾਈ ਕਰਨਾ ਤੇ ਕੁਦਰਤੀ ਆਫਤਾਂ ਮਗਰੋਂ ਮਦਦ ਲੈਣਾ ਸ਼ਾਮਲ ਹੈ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ‘ਐਗਜੈਕਟਿਵ ਆਰਡਰ` ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਸੰਗਠਨ ਜਨਤਕ ਸੇਵਾਵਾਂ ਵਿਚ ਸੁਧਾਰ ਦੀ ਮੰਗ ਕਰ ਰਹੇ ਸਨ। ਇਸ ਹੁਕਮ ਦੇ ਕਈ ਹਿੱਸੇ ਪਹਿਲਾਂ ਉਨ੍ਹਾਂ ਨੂੰ ਸੌਂਪੇ ਗਏ ਸਨ। ਇਹ ਹੁਕਮ ਅਧਿਕਾਰੀਆਂ ਕੋਲ ਕੱਢਣੇ ਪੈਂਦੇ ਗੇੜੇ ਘਟਾਏਗਾ ਤੇ ਨਾਲ ਹੀ ਦਫਤਰਾਂ ਦੇ ਗੇੜੇ ਵੀ ਨਹੀਂ ਕੱਢਣੇ ਪੈਣਗੇ। ਜ਼ਿਕਰ ਯੋਗ ਹੈ ਕਿ ਕਈ ਵਾਰ ਡਾਕ ਤੇ ਫੈਕਸ ਮਸ਼ੀਨਾਂ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਵਿਚ ਅੜਿੱਕਾ ਬਣਦੀਆਂ ਹਨ। ਵਾਈਟ ਹਾਊਸ ਨੇ ਆਸ ਜਤਾਈ ਕਿ ਸੰਘੀ ਏਜੰਸੀਆਂ ਨਾਲ ਲੋਕਾਂ ਦਾ ਤਜਰਬਾ ਬਿਹਤਰ ਹੋਣ ਨਾਲ ਉਨ੍ਹਾਂ ਦਾ ਸਰਕਾਰ ਤੇ ਲੋਕਤੰਤਰ ਵਿਚ ਭਰੋਸਾ ਵਧੇਗਾ ਜਿਸ ਨੂੰ ਸਮੇਂ ਦੇ ਨਾਲ ਵਧੇ ਸਿਆਸੀ ਧਰੁਵੀਕਰਨ ਨੇ ਖੋਰਾ ਲਾਇਆ ਸੀ।