‘ਕਿਸਾਨਾਂ ਨੇ ਸਾਬਤ ਕੀਤਾ ਕਿ ਏਕੇ ਨਾਲ ਹੰਕਾਰ ਨੂੰ ਵੀ ਤੋੜਿਆ ਜਾ ਸਕਦਾ`

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਵੱਲੋਂ ਅਰਦਾਸ ਕਰਨ ਮਗਰੋਂ ਦਿੱਲੀ ਦੇ ਮੋਰਚਿਆਂ ਤੋਂ ਫਤਿਹ ਮਾਰਚ ਸ਼ੁਰੂ ਕੀਤਾ ਗਿਆ। ਕਾਫਲੇ ਵਿਚ ਵਾਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਕੌਮੀ ਮਾਰਗ ‘ਤੇ ਕਈ ਥਾਈਂ ਜਾਮ ਲੱਗ ਗਿਆ।

ਹਰਿਆਣਾ ਦੇ ਵਸਨੀਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਕਾਫਲਿਆਂ ਦਾ ਸਨਮਾਨ ਕਰਦਿਆਂ ਕਿਸਾਨਾਂ ਦਾ ਧੰਨਵਾਦ ਕੀਤਾ। ਕੇ.ਐਮ.ਪੀ. ਚੌਕ ‘ਤੇ ਰਾਈ ਕਸਬੇ ਵਾਲੇ ਪਾਸੇ ਹਰਿਆਣਾ ਵਾਸੀਆਂ ਨੇ ‘ਵੱਡੇ ਭਰਾ ਪੰਜਾਬ ਦਾ ਧੰਨਵਾਦ‘, ‘ਹਮ ਜੰਗ ਜੀਤ ਕੇ ਚਲੇ ਹੈਂ‘ ਆਦਿ ਨਾਅਰੇ ਲਾਏ। ਥਾਂ-ਥਾਂ ਕਾਫਲੇ ਵਿਚ ਸ਼ਾਮਲ ਕਿਸਾਨਾਂ ਦਾ ਲੱਡੂਆਂ ਨਾਲ ਮੂੰਹ ਵੀ ਮਿੱਠਾ ਕਰਵਾਇਆ ਗਿਆ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਬਤ ਕਰ ਦਿੱਤਾ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਵਾਲੇ ਅਜੇ ਵੀ ਦੇਸ ਵਿਚ ਮੌਜੂਦ ਹਨ ਤੇ ਸਰਕਾਰਾਂ ਆਪਣੀਆਂ ਕਾਰਪੋਰੇਟ ਪੱਖੀ ਨੀਤੀਆਂ ਧੱਕੇ ਨਾਲ ਲਾਗੂ ਨਹੀਂ ਕਰਵਾ ਸਕਦੀਆਂ। ਪਿੰਡ ਕਲੇਰ (ਬਟਾਲਾ) ਦੇ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਏਕੇ ਨਾਲ ਹੰਕਾਰ ਨੂੰ ਵੀ ਤੋੜਿਆ ਜਾ ਸਕਦਾ ਹੈ। ਨੌਜਵਾਨ ਕਿਸਾਨ ਮਨਦੀਪ ਸਿੰਘ ਖਹਿਰਾ ਨੇ ਕਿਹਾ ਕਿ ਹਰ ਵਰਗ ਨੇ ਮੋਰਚੇ ਦੀ ਜਿੱਤ ਨੂੰ ਨਿਵਾਜਿਆ ਹੈ, ਜਿਸ ਨਾਲ ਸੱਤਾਧਾਰੀਆਂ ਨਾਲ ਸੰਘਰਸ਼ ਕਰਨ ਦੀ ਖਤਮ ਹੋ ਰਹੀ ਪ੍ਰਵਿਰਤੀ ਮੁੜ ਉਭਰੀ ਹੈ। ਹਰਿਆਣਾ ਦੇ ਸਿੱਖ ਭਾਈਚਾਰੇ ਨੇ ਬੜਖਾਲਸਾ ਦੀ ਯਾਦਗਾਰ ਕੋਲ ਕਿਸਾਨ ਕਾਫਲਿਆਂ ਦਾ ਸ਼ਾਨਦਾਰ ਸਵਾਗਤ ਕੀਤਾ। ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰਾਂ ਤੋਂ ਕਿਸਾਨਾਂ ਨੇ ਯੂਨੀਅਨਾਂ ਦੇ ਝੰਡਿਆਂ ਨਾਲ ਸ਼ਿੰਗਾਰੇ ਹੋਏ ਟਰੈਕਟਰਾਂ ‘ਤੇ ਡੀਜੇ ਵਜਾਉਂਦੇ ਹੋਏ ਪੰਜਾਬ ਹਰਿਆਣਾ ਨੂੰ ਚਾਲੇ ਪਾਏ। ਕਾਫਲੇ ਦੀ ਵਾਪਸੀ ਵੇਲੇ ਸਾਰੇ ਰਾਹ ਵਿਚ ਵਿਆਹ ਵਰਗਾ ਮਾਹੌਲ ਬਣਿਆ ਰਿਹਾ। ਹਰਿਆਣਾ ਦੇ ਕਿਸਾਨਾਂ ਨੇ ਕੌਮੀ ਮਾਰਗਾਂ ‘ਤੇ ਆਉਂਦੇ ਟੌਲ ਪਲਾਜਿਆਂ ‘ਤੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਵੰਡੇ।
ਦੇਸ਼ ਵਾਸੀਆਂ ਤੇ ਪੰਜਾਬੀਆਂ ਨੂੰ ਮੁਬਾਰਕ: ਰਾਜੇਵਾਲ
ਚੰਡੀਗੜ੍ਹ: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਸ਼ੰਭੂ ਬਾਰਡਰ ਉਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਜਿੱਤ ਦੀ ਵਧਾਈ ਦਿੱਤੀ। ਰਾਜੇਵਾਲ ਨੇ ਕਿਹਾ, ‘ਮੈਂ ਸਾਰੇ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ। ਇਕ ਵੱਡੀ ਜੰਗ ਜਿੱਤ ਲਈ ਗਈ ਹੈ…ਉਨ੍ਹਾਂ ਸਾਰਿਆਂ ਦਾ ਵੀ ਧੰਨਵਾਦ ਜਿਨ੍ਹਾਂ ਸੰਘਰਸ਼ ਦੀ ਹਮਾਇਤ ਕੀਤੀ।` ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਮੋਰਚਾ ਜਿੱਤ ਲਿਆ ਗਿਆ ਹੈ…ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਗਿਆ ਹੈ। ਰਾਜੇਵਾਲ ਨੇ ਇਸ ਮੌਕੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿੱਲਾਂ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਵੀ ਯਾਦ ਕੀਤਾ।