ਦਿੱਲੀ ਫਤਿਹ ਕਰ ਕੇ ਪਰਤੇ ਯੋਧਿਆਂ ਦਾ ਥਾਂ-ਥਾਂ ਨਿੱਘਾ ਸਵਾਗਤ

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਵਿਚ ਮਿਲੀ ਜਿੱਤ ਤੋਂ ਬਾਅਦ ਕਿਸਾਨ ਵੱਡੀ ਗਿਣਤੀ ਵਿਚ ਆਪੋ-ਆਪਣੇ ਘਰਾਂ ਨੂੰ ਪਰਤ ਆਏ। ਦਿੱਲੀ ਦੇ ਮੋਰਚਿਆਂ ਤੋਂ ਮੁੜ ਰਹੇ ਕਿਸਾਨਾਂ ਦਾ ਪੰਜਾਬ ਤੇ ਹਰਿਆਣਾ ਵਿਚ ਵੱਖ-ਵੱਖ ਥਾਈਂ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਮਠਿਆਈਆਂ ਵੰਡੀਆਂ ਗਈਆਂ।

ਦਿੱਲੀ-ਕਰਨਾਲ-ਅੰਬਾਲਾ, ਦਿੱਲੀ-ਹਿਸਾਰ ਜਿਹੇ ਕੌਮੀ ਮਾਰਗਾਂ ਸਣੇ ਕਈ ਹੋਰਨਾਂ ਰਾਜ ਮਾਰਗਾਂ ਉਤੇ ਜੁੜੇ ਕਿਸਾਨ ਪਰਿਵਾਰਾਂ ਤੇ ਪਿੰਡਾਂ ਦੇ ਲੋਕਾਂ ਨੇ ਟਰੈਕਟਰ-ਟਰਾਲੀਆਂ ਵਿਚ ਵਾਪਸ ਆ ਰਹੇ ਸੰਘਰਸ਼ੀ ਕਿਸਾਨਾਂ ਦਾ ਫੁੱਲਾਂ ਦੇ ਹਾਰਾਂ, ਲੱਡੂਆਂ, ਬਰਫੀ ਤੇ ਹੋਰਨਾਂ ਮਠਿਆਈਆਂ ਨਾਲ ਸਨਮਾਨ ਤੇ ਸਵਾਗਤ ਕੀਤਾ।
ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲੇ ਪਿੰਡਾਂ ਦੇ ਵਾਸੀਆਂ ਤੇ ਹੋਰਨਾਂ ਨੇ ਆਪੋ-ਆਪਣੀਆਂ ਜਥੇਬੰਦੀਆਂ ਦੇ ਝੰੰਡੇ ਟਰੈਕਟਰਾਂ ਉਤੇ ਲਾ ਕੇ ਵਾਪਸ ਆਉਣ ਵਾਲਿਆਂ ‘ਤੇ ਫੁੱਲਾਂ ਦੀ ਵਰਖਾ ਕੀਤੀ। ਦਿੱਲੀ-ਹਰਿਆਣਾ ਬਾਰਡਰ ‘ਤੇ ਸਿੰਘੂ ਨੇੜੇ ਕਿਸਾਨਾਂ ਦਾ ਸਵਾਗਤ ਕਰਨ ਲਈ ਇਕ ਪਰਿਵਾਰ ਚੰਡੀਗੜ੍ਹ ਤੋਂ ਲੰਮਾ ਪੈਂਡਾ ਤੈਅ ਕਰ ਕੇ ਪਹੁੰਚ ਗਿਆ। ਚੰਡੀਗੜ੍ਹ ਨਿਵਾਸੀ ਨੇ ਕਿਹਾ, ‘ਖੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਜਿੱਤ ਕਿਸਾਨਾਂ ਦੀ ਤਪੱਸਿਆ ਦਾ ਫਲ ਹੈ ਜਿਨ੍ਹਾਂ ਹਰ ਕਸ਼ਟ ਸਹਿ ਕੇ, ਮੌਸਮ ਦੀ ਮਾਰ ਝੱਲ ਕੇ ਅੰਦੋਲਨ ਨੂੰ ਸਿਰੇ ਲਾਇਆ ਹੈ।‘ ਟਰੈਕਟਰਾਂ ਤੇ ਟਰਾਲੀਆਂ ਦੇ ਵੱਡੇ ਕਾਫਲਿਆਂ ਕਾਰਨ ਦਿੱਲੀ-ਅੰਬਾਲਾ ਤੇ ਦਿੱਲੀ-ਰੋਹਤਕ ਮਾਰਗ ਉਤੇ ਕਈ ਥਾਵਾਂ ‘ਤੇ ਜਾਮ ਲੱਗ ਗਿਆ।
ਖੁਸ਼ੀ ਵਿਚ ਨੌਜਵਾਨਾਂ ਤੇ ਔਰਤਾਂ ਨੇ ਰਾਹ ਵਿਚ ਹੀ ਢੋਲ ਦੀ ਤਾਲ ‘ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਨੇੜੇ ਖਨੌਰੀ ਵਿਚ ਸੰਘਰਸ਼ ਵਿਚ ਹਿੱਸਾ ਲੈ ਕੇ ਪਰਤ ਰਹੇ ਕਿਸਾਨਾਂ ਦੇ ਸਵਾਗਤ ਲਈ ਪਿੰਡ ਵਾਸੀ ਵੱਡੀ ਗਿਣਤੀ ਵਿਚ ਜੁੜੇ ਤੇ ਖੁਸ਼ੀ ਵਿਚ ਪਟਾਕੇ ਚਲਾਏ। ਕੌਮੀ ਮਾਰਗਾਂ ਦੇ ਨਾਲ ਟੌਲ ਪਲਾਜ਼ਿਆਂ ਤੇ ਕਈ ਹੋਰ ਥਾਵਾਂ ‘ਤੇ ਕਿਸਾਨਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਸਨ। ਸਿੰਘੂ ਬਾਰਡਰ ‘ਤੇ ਕੀਰਤਨ ਅਤੇ ਅਰਦਾਸ ਤੋਂ ਬਾਅਦ ਵੱਡੀ ਗਿਣਤੀ ਵਿਚ ਟਰੈਕਟਰ-ਟਰਾਲੀਆਂ ਪੰਜਾਬ ਤੇ ਹਰਿਆਣਾ ਨੂੰ ਮੁੜਨੀਆਂ ਸ਼ੁਰੂ ਹੋਈਆਂ ਸਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸਾਲ ਤੋਂ ਵੱਖ-ਵੱਖ ਬਾਰਡਰਾਂ ਉਤੇ ਗੱਡੇ ਆਪਣੇ ਟੈਂਟ ਤੇ ਹੋਰ ਢਾਂਚੇ ਪੁੱਟ ਲਏ। ਉਹ ਪਲ ਭਾਵੁਕ ਕਰਨ ਵਾਲੇ ਸਨ ਜਦ ਕਿਸਾਨਾਂ ਨੇ ਅਰਦਾਸ ਤੇ ਹਵਨ ਕਰ ਕੇ ਪ੍ਰਮਾਤਮਾ ਦਾ ਸ਼ੁਕਰ ਅਦਾ ਕੀਤਾ ਅਤੇ ਕਾਫਲਿਆਂ ਦੇ ਰੂਪ ਵਿਚ ਪੰਜਾਬ, ਹਰਿਆਣਾ ਤੇ ਯੂਪੀ ਵਿਚਲੇ ਆਪੋ-ਆਪਣੇ ਘਰਾਂ ਨੂੰ ਤੁਰ ਪਏ। ਸਾਲ ਤੋਂ ਡਟੇ ਮੁਜ਼ਾਹਰਾਕਾਰੀ ਇਸ ਮੌਕੇ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਕਾਹਲੇ ਜਾਪੇ। ਕਈ ਕਿਸਾਨਾਂ ਨੇ ਇਸ ਮੌਕੇ ਕਿਹਾ ਕਿ ਇਕ ਸਾਲ ਦੇ ਇਸ ਸੰਘਰਸ਼ ਨੇ ਸਾਰਿਆਂ ਨੂੰ ਇਕੱਠੇ ਕਰ ਦਿੱਤਾ, ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਸੰਘਰਸ਼ ਦਾ ਹਿੱਸਾ ਬਣੇ। ਕਈਆਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਨ ਕਿ ਇਸ ਇਤਿਹਾਸਕ ਅੰਦੋਲਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।
ਯੂਪੀ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਘਰਸ਼ ਦੌਰਾਨ ਕਈ ਨਵੇਂ ਦੋਸਤ ਮਿਲੇ। ਜ਼ਿਕਰਯੋਗ ਹੈ ਕਿ ਕਰੀਬ ਇਕ ਸਾਲ ਕੇਂਦਰ ਸਰਕਾਰ ਦੇ ਕਾਨੂੰਨਾਂ ਖਿੱਲਾਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਤੇ ਹਰ ਤਰ੍ਹਾਂ ਦੇ ਮੌਸਮ ਵਿਚ ਡਟੇ ਰਹੇ। ਫੁੱਲਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਰੌਸ਼ਨੀਆਂ ਨਾਲ ਸਜੇ ਟਰੈਕਟਰਾਂ ਉਤੇ ਕੌਮੀ ਝੰਡਿਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੇ ਝੰਡੇ ਲੱਗੇ ਹੋਏ ਸਨ। ਟਰੈਕਟਰਾਂ ਉਤੇ ਜਿੱਤ ਦੇ ਪੰਜਾਬੀ ਅਤੇ ਦੇਸ਼ ਭਗਤੀ ਦੇ ਗੀਤ ਸੁਣੇ ਜਾ ਸਕਦੇ ਸਨ, ‘ਤੇ ਵਿਚ-ਵਿਚਾਲੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ‘ ਦੇ ਜੈਕਾਰੇ ਵੀ ਛੱਡੇ ਜਾ ਰਹੇ ਸਨ। ਟਰੈਕਟਰ-ਟਰਾਲੀਆਂ ਵਿਚ ਗੱਦੇ, ਰਜਾਈਆਂ, ਭਾਂਡੇ ਤੇ ਹੋਰ ਸਾਮਾਨ ਲੱਦਿਆ ਹੋਇਆ ਸੀ ਜੋ ਕਿਸਾਨ ਸੰਘਰਸ਼ ਦੌਰਾਨ ਆਪਣੇ ਨਾਲ ਲੈ ਕੇ ਗਏ ਸਨ। ਇਸ ਦੌਰਾਨ ਸ਼ੰਭੂ ਬਾਰਡਰ ‘ਤੇ ਵੀ ਜਸ਼ਨ ਦਾ ਮਾਹੌਲ ਸੀ ਤੇ ਭੰਗੜੇ ਪਾਏ ਗਏ। ਕਿਸਾਨਾਂ ਦੀ ਵਾਪਸੀ ਦੇ ਮੱਦੇਨਜਰ ਕਰਨਾਲ ਵਿਚ ਬਸਤਾਰਾ ਟੌਲ ਪਲਾਜੇ ਕੋਲ ਤੇ ਅੰਬਾਲਾ ਨੇੜੇ ਸ਼ੰਭੂ ਬਾਰਡਰ ‘ਤੇ ਲੰਗਰ ਲਾਇਆ ਗਿਆ। ਜ਼ਿਕਰਯੋਗ ਹੈ ਕਿ ਸ਼ੰਭੂ ਕੌਮੀ ਮਾਰਗ ‘ਤੇ ਅੰਤਰ-ਰਾਜੀ ਹੱਦ ਹੈ ਜਿਥੇ ਪੁਲਿਸ ਨੇ ਪਿਛਲੇ ਸਾਲ ਨਵੰਬਰ ਵਿਚ ਕਿਸਾਨਾਂ ‘ਤੇ ਉਸ ਵੇਲੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ ਜਦ ਉਨ੍ਹਾਂ ਦਿੱਲੀ ਵੱਲ ਚਾਲੇ ਪਾਏ ਸਨ।
ਸ਼ੰਭੂ ਬੈਰੀਅਰ `ਤੇ ਚੜੂਨੀ ਨੂੰ ਚਾਂਦੀ ਦਾ ਹਲ ਭੇਟ
ਘਨੌਰ: ਸ਼ੰਭੂ ਬੈਰੀਅਰ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਦੇ ਵੱਡੇ ਕਾਫਲੇ ਨਾਲ ਪੰਜਾਬ ਖੇਤਰ ਵਿਚ ਪ੍ਰਵੇਸ਼ ਕੀਤਾ। ਇਸ ਦੌਰਾਨ ਭਗਵਾਨ ਸਿੰਘ ਨਾਮਧਾਰੀ ਟੀਐਸ ਟੇਲਰਜ ਜ਼ੀਰਕਪੁਰ ਵੱਲੋਂ ਗੁਰਨਾਮ ਸਿੰਘ ਚੜੂਨੀ ਨੂੰ ਸਾਢੇ ਤਿੰਨ ਕਿੱਲੋ (3 ਕਿੱਲੋ 500 ਗ੍ਰਾਮ) ਭਾਰ ਦਾ ਚਾਂਦੀ ਦਾ ਹਲ ਭੇਟ ਕੀਤਾ ਗਿਆ। ਕਿਸਾਨ ਆਗੂਆਂ ਵੱਲੋਂ ਚੜੂਨੀ ਨੂੰ ਸਿਰੋਪੇ ਨਾਲ ਸਨਮਾਨਿਤ ਕੀਤਾ ਗਿਆ। ਸ਼ੰਭੂ ਬੈਰੀਅਰ ਤੇ ਕਿਸਾਨ ਮਜ਼ਦੂਰ ਏਕਤਾ ਅਤੇ ਜਿੱਤ ਨੂੰ ਸਮਰਪਿਤ ਨਾਅਰੇ ਤੇ ਜੈਕਾਰੇ ਲੱਗਦੇ ਰਹੇ। ਲੋਕ ਭੰਗੜੇ ਪਾ ਰਹੇ ਸਨ। ਵੱਡੇ ਪੱਧਰ ‘ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਪਕਵਾਨਾਂ ਅਤੇ ਫਲਾਂ ਦੇ ਲੰਗਰ ਲਗਾਏ ਗਏ।
ਲੇਖਕਾਂ ਤੇ ਰੰਗਕਰਮੀਆਂ ਵੱਲੋਂ ਕਿਸਾਨਾਂ ਦਾ ਸਵਾਗਤ
ਚੰਡੀਗੜ੍ਹ: ਕਿਸਾਨ ਸੰਘਰਸ਼ ਵਿਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਘਰਾਂ ਨੂੰ ਪਰਤ ਰਹੇ ਕਿਸਾਨਾਂ ਦਾ ਰਾਜਪੁਰਾ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਲੇਖਕਾਂ ਅਤੇ ਰੰਗਕਰਮੀਆਂ ਨੇ ਨਿੱਘਾ ਸਵਾਗਤ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਖੇਤੀ ਮਾਹਿਰ ਡਾ. ਸੁਖਪਾਲ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਕੱਤਰ ਡਾ. ਗੁਰਮੇਲ ਸਿੰਘ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਲਗਭਗ 50 ਲੇਖਕ, ਰੰਗਕਰਮੀ ਅਤੇ ਕਲਾਕਾਰ ਸ਼ਾਮਲ ਸਨ।