ਭਾਈਚਾਰਕ ਸਾਂਝ ਦਾ ਹੋਕਾ ਦੇ ਗਏ ਮੋਰਚੇ; ਪੰਜਾਬ-ਹਰਿਆਣਾ ਦੀ ਗਲਵੱਕੜੀ

ਚੰਡੀਗੜ੍ਹ: ਕਿਸਾਨਾਂ ਦੇ ਏਕੇ ਨੇ ਸਿਰਫ ਖੇਤੀ ਕਾਨੂੰਨ ਹੀ ਵਾਪਸ ਨਹੀਂ ਕਰਵਾਏ, ਸਗੋਂ ਪੰਜਾਬ-ਹਰਿਆਣਾ ਦੇ ਲੋਕਾਂ ਦੀ ਵਿਲੱਖਣ ਸਾਂਝ ਵੀ ਕਾਇਮ ਕੀਤੀ ਹੈ। ਕਿਸਾਨਾਂ ਨੂੰ ਇਕ ਪਾਸੇ ਜਿੱਤ ਦਾ ਉਤਸ਼ਾਹ ਸੀ ਤੇ ਦੂਜੇ ਪਾਸੇ ਵਿਛੜਨ ਦਾ ਮਲਾਲ ਵੀ ਸੀ। ਟਿਕਰੀ ਤੇ ਸਿੰਘੂ ਹੱਦ ‘ਤੇ ਪੰਜਾਬ-ਹਰਿਆਣਾ ਦੇ ਕਿਸਾਨ ਪਰਿਵਾਰਾਂ ਦੇ ਮੇਲ ਮਿਲਾਪ ਹੁੰਦਾ ਰਿਹਾ। ਦਿੱਲੀ ਦੇ ਕਾਰੋਬਾਰੀ ਲੋਕਾਂ ਨੇ ਕਿਸਾਨਾਂ ਨੂੰ ਦਾਅਵਤਾਂ ਵੀ ਦਿੱਤੀਆਂ।

ਹਰਿਆਣਾ ਦੇ ਪੇਂਡੂ ਘਰਾਂ ‘ਚ ਕਿਸਾਨ ਬੀਬੀਆਂ ਨੂੰ ਰੋਟੀ ਖਵਾਈ ਗਈ।
ਤਕਰੀਬਨ ਇਕ ਵਰ੍ਹੇ ਤੋਂ ਕਿਸਾਨ ਖੇਤੀ ਕਾਨੂੰਨਾਂ ਖਿੱਲਾਂ ਸਿੰਘੂ-ਟਿਕਰੀ ਹੱਦ ‘ਤੇ ਬੈਠੇ ਹੋਏ ਸਨ। ਇਨ੍ਹਾਂ ਦੇ ਦੁੱਖਾਂ-ਸੁੱਖਾਂ ਦੀ ਇਕੋ ਗੱਠੜੀ ਸੀ। ਕਿਸਾਨ ਘੋਲ ਨੇ ਆਪਸੀ ਸਾਂਝ ਨੂੰ ਇੰਨਾ ਪੱਕਾ ਕੀਤਾ ਕਿ ਹੁਣ ਜਦੋਂ ਵਿਦਾ ਹੋਣ ਲੱਗੇ ਹਨ ਤਾਂ ਸਭਨਾਂ ਦੀਆਂ ਅੱਖਾਂ ‘ਚ ਹੰਝੂ ਹਨ। ਮੋਗਾ ਜਿਲ੍ਹੇ ਦੀ ਬਚਿੱਤਰ ਕੌਰ ਤੇ ਸ਼ਿੰਦਰ ਕੌਰ ਨੇ ਹਰਿਆਣਵੀ ਔਰਤਾਂ ਨੂੰ ਤੋਹਫੇ ਵਜੋਂ ਸੂਟ ਦਿੱਤੇ। ਹਰਿਆਣਾ ਦੇ ਨਯਾ ਗਾਓਂ ਦੇ ਦੋ ਭਰਾਵਾਂ ਨਰੇਸ਼ ਤੇ ਰਾਕੇਸ਼ ਨੇ ਟਿਕਰੀ ਹੱਦ ‘ਤੇ ਕਿਸਾਨ ਆਗੂਆਂ ਨੂੰ ਲੋਈਆਂ ਤੋਹਫੇ ‘ਚ ਦਿੱਤੀਆਂ।
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਤੁਰਨ ਵੇਲੇ ਇਕ-ਦੂਜੇ ਨੂੰ ਗਲਵੱਕੜੀ ਪਾਈ ਤੇ ‘ਪੰਜਾਬ ਅਤੇ ਹਰਿਆਣਾ ਭਾਈਚਾਰਾ ਜ਼ਿੰਦਾਬਾਦ` ਦੇ ਜ਼ੋਰਦਾਰ ਨਾਅਰੇ ਲਾਏ। ਕਿਸਾਨਾਂ ਨੇ ਕਿਹਾ ਕਿ ਦੋਵਾਂ ਸੂਬਿਆਂ ਦੇ ਕਿਸਾਨਾਂ ਦਾ ਭਾਈਚਾਰਾ ਤੇ ਮੋਹ ਇਸ ਸੰਘਰਸ਼ ਤੋਂ ਬਾਅਦ ਹੋਰ ਗੂੜ੍ਹਾ ਹੋ ਗਿਆ ਹੈ। ਪੰਜਾਬ ਦੇ ਕਈ ਕਿਸਾਨਾਂ ਨੇ ਇਸ ਮੌਕੇ ਹਰਿਆਣਾ ਦੇ ਲੋਕਾਂ ਦਾ ਉਨ੍ਹਾਂ ਦੀ ਮਦਦ ਕਰਨ ਲਈ ਦਿਲੋਂ ਧੰਨਵਾਦ ਕੀਤਾ। ਭਾਵੁਕ ਹੋਏ ਕਿਸਾਨਾਂ ਨੇ ਇਕ ਦੂਜੇ ਨੂੰ ਜੱਫੀਆਂ ਪਾਈਆਂ ਤੇ ਵਾਅਦਾ ਕੀਤਾ ਕਿ ਉਹ ਇਕ ਸਾਲ ਦੌਰਾਨ ਬਣੇ ਇਨ੍ਹਾਂ ਰਿਸ਼ਤਿਆਂ ਨੂੰ ਕਾਇਮ ਰੱਖਣਗੇ। ਉਨ੍ਹਾਂ ਕਿਹਾ ਕਿ ਗਹਿਰੇ ਜਜ਼ਬਾਤ ਤੇ ਯਾਦਾਂ ਮੋਰਚੇ ਨਾਲ ਜੁੜੀਆਂ ਹੋਈਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਏਕੇ ਨੇ ਸਿਰਫ ਖੇਤੀ ਕਾਨੂੰਨ ਹੀ ਵਾਪਸ ਨਹੀਂ ਕਰਵਾਏ, ਸਗੋਂ ਪੰਜਾਬ-ਹਰਿਆਣਾ ਦੇ ਲੋਕਾਂ ਦੀ ਵਿਲੱਖਣ ਸਾਂਝ ਵੀ ਕਾਇਮ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦੁਨੀਆਂ ਆਖਦੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਨਣਾ ਨਹੀਂ ਪਰ ਲੋਕ ਏਕੇ ਨੇ ਇਸ ਅਸੰਭਵ ਗੱਲ ਨੂੰ ਵੀ ਸੰਭਵ ਕਰਕੇ ਵਿਖਾ ਦਿੱਤਾ ਹੈ। ਹਰਿਆਣਾ ਦੇ ਬਹਾਦਰਗੜ੍ਹ ਤੋਂ ਆਏ ਰਾਠੀ ਪਰਿਵਾਰ ਨੇ ਕਿਸਾਨਾਂ ਆਗੂਆਂ ਨੂੰ ਤੋਹਫੇ ‘ਚ ਪੱਗਾਂ ਦਿੱਤੀਆਂ। ਡਾ. ਨਵਸਰਨ ਤਾਂ ਇੰਨੀ ਭਾਵੁਕ ਹੋਈ ਕਿ ਸਭ ਝੰਜੋੜੇ ਗਏ। ਦਿੱਲੀ ਦੇ ਕਾਰੋਬਾਰੀ ਲੋਕ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਨੂੰ ਬਾਜ਼ਾਰਾਂ ਵਿਚ ਲੈ ਕੇ ਗਏ, ਜਿਥੇ ਦਾਅਵਤਾਂ ਦਿੱਤੀਆਂ। ਹਰਿਆਣਾ ਦੇ ਤਾਊਆਂ ਤੇ ਮਾਝੇ ਦੇ ਭਾਊਆਂ ਵਿਚਾਲੇ ਮੁਹੱਬਤੀ ਜੱਫੀਆਂ ਪਈਆਂ।
ਦਿੱਲੀ ‘ਚੋਂ ਨੌਜਵਾਨ ਕੁੜੀਆਂ ਦੀ ਟੋਲੀ ਨੇ ਕਿਸਾਨ ਬੀਬੀਆਂ ਨਾਲ ਕਾਫੀ ਸਮਾਂ ਬਿਤਾਇਆ। ਟਿਕਰੀ ਹੱਦ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨੂੰ ਆਪੋ ਆਪਣੇ ਘਰਾਂ ਵਿਚ ਰਾਤ ਦੇ ਖਾਣੇ ‘ਤੇ ਸੱਦਿਆ। ਖਾਪ ਪੰਚਾਇਤਾਂ ਨੇ ਵੀ ਪੰਜਾਬੀ ਕਿਸਾਨਾਂ ਨਾਲ ਮਿਲਣੀ ਕੀਤੀ। ਸਨਅਤੀ ਖੇਤਰ ਵਿਚ ਕੰਮ ਕਰਦੇ ਮਜ਼ਦੂਰ ਵੀ ਲੰਗਰ ਚਲਾਉਣ ਵਾਲੇ ਕਿਸਾਨਾਂ ਕੋਲ ਪੁੱਜੇ ਅਤੇ ਉਚੇਚਾ ਧੰਨਵਾਦ ਕੀਤਾ ਕਿ ਕਿਸਾਨ ਘੋਲ ਦੌਰਾਨ ਉਨ੍ਹਾਂ ਨੂੰ ਰੱਜਵੀਂ ਰੋਟੀ ਮਿਲਦੀ ਰਹੀ।
ਕਿਸਾਨਾਂ ਨੇ ਜੰਗ ਹੀ ਨਹੀਂ, ਦਿਲ ਵੀ ਜਿੱਤੇ: ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੇ ਸਿਰਫ ਮੋਦੀ ਸਰਕਾਰ ਤੋਂ ਜੰਗ ਹੀ ਨਹੀਂ ਜਿੱਤੀ, ਸਗੋਂ ਲੋਕਾਂ ਦੇ ਦਿਲ ਵੀ ਜਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀਆਂ ਬਰੂੰਹਾਂ ‘ਤੇ ਅੜੀਅਲ ਅਤੇ ਤਾਨਾਸ਼ਾਹ ਸਰਕਾਰ ਦੇ ਖਿਲਾਫ਼ ਇਕ ਸਾਲ ਤੋਂ ਵੱਧ ਸਮਾਂ ਲੜਾਈ ਲੜੀ ਹੈ ਜਿਸ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ। ਇਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕੁਰਬਾਨੀਆਂ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ ਅਤੇ ਇਤਿਹਾਸ ‘ਚ ਕਿਸਾਨ ਅੰਦੋਲਨ ਸੁਨਹਿਰੀ ਸ਼ਬਦਾਂ ਵਿਚ ਦਰਜ ਹੋਵੇਗਾ।
ਮੋਰਚੇ ਦੀ ਬਦੌਲਤ ਮੁੜ ਪਈ ਸਾਂਝ : ਟਿਕੈਤ
ਚੰਡੀਗੜ੍ਹ: ਬੀ.ਕੇ.ਯੂ. ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਮੋਰਚੇ ਦੀ ਬਦੌਲਤ ਸਾਲਾਂ ਤੋਂ ਟੁੱਟੀ ਸਾਂਝ ਮੁੜ ਪੈ ਗਈ ਹੈ। ਮਹਿੰਦਰ ਸਿੰਘ ਟਿਕੈਤ ਕਹਿੰਦੇ ਹੁੰਦੇ ਸਨ ਕਿ ਪੰਜਾਬ ਅਗਵਾਈ ਕਰੇਗਾ, ਹਰਿਆਣਾ ਨਾਲ ਲੱਗੇਗਾ ਤੇ ਦਿੱਲੀ ਦੇ 300 ਕਿਲੋਮੀਟਰ ਦੇ ਘੇਰੇ ਦੇ ਲੋਕ ਇਕਜੁੱਟ ਹੋਣਗੇ ਤੇ ਉਹ ਸਮਾਂ ਆ ਗਿਆ ਤੇ ਸਫਲਤਾ ਵੀ ਮਿਲੀ ਹੈ। ਟਿਕੈਤ ਨੇ ਦਿੱਲੀ ਦੀਆਂ ਸੰਗਤਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਮੁੜ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀ ਬਕਾਇਆ ਮੰਗਾਂ ਨੂੰ ਛੇਤੀ ਨਾ ਮੰਨਿਆ ਤਾਂ ਉਹ ਮੁੜ ਤੋਂ ਅੰਦੋਲਨ ਸ਼ੁਰੂ ਕਰਨਗੇ।