ਬੇਅਦਬੀ ਮਾਮਲੇ: ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਪ੍ਰਬੰਧਕਾਂ ਤੋਂ ਪੁੱਛ-ਪੜਤਾਲ

ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਿਰਸਾ ਜਾ ਕੇ ਡੇਰੇ ਦੇ ਅਹਿਮ ਪ੍ਰਬੰਧਕ ਡਾ. ਨੈਨ ਤੋਂ ਲਗਭਗ ਸਾਢੇ ਚਾਰ ਘੰਟੇ ਪੁੱਛ-ਪੜਤਾਲ ਕੀਤੀ।

ਜਾਣਕਾਰੀ ਮੁਤਾਬਕ ਜਾਂਚ ਟੀਮ ਨੇ ਡਾ. ਨੈਨ ਤੋਂ ਕੁੱਲ 75 ਸਵਾਲ ਪੁੱਛੇ ਜਿਨ੍ਹਾਂ ਦਾ ਉਸ ਨੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਟੀਮ ਨੇ ਇਸ ਮਾਮਲੇ ‘ਚ ਭਗੌੜਾ ਐਲਾਨੇ ਗਏ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ਧੂਰੀ ਬਾਰੇ ਵੀ ਪੁੱਛ-ਪੜਤਾਲ ਕੀਤੀ। ਡੇਰੇ ਦੇ ਵਕੀਲ ਵੀ ਮੌਕੇ ‘ਤੇ ਮੌਜੂਦ ਰਹੇ। ਡੇਰੇ ਦੇ ਪ੍ਰਬੰਧਕਾਂ ਨੇ ਜਾਂਚ ਟੀਮ ਨੂੰ ਦੱਸਿਆ ਕਿ ਵਿਪਾਸਨਾ 18 ਮਹੀਨੇ ਪਹਿਲਾਂ ਡੇਰੇ ‘ਚੋਂ ਚਲੀ ਗਈ ਸੀ ਅਤੇ ਹੁਣ ਉਸ ਬਾਰੇ ਡੇਰੇ ਨੂੰ ਕੋਈ ਜਾਣਕਾਰੀ ਨਹੀਂ ਹੈ।
ਦੱਸਣਯੋਗ ਹੈ ਕਿ ਡਾ. ਨੈਨ ਦੀ ਪਟੀਸ਼ਨ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਾਂਚ ਟੀਮ ਨੂੰ ਆਦੇਸ਼ ਦਿੱਤੇ ਸਨ ਕਿ ਡਾ. ਨੈਨ ਨੂੰ ਜਾਂਚ ਟੀਮ ਦੇ ਦਫਤਰ ਵਿਚ ਨਹੀਂ ਬੁਲਾਇਆ ਜਾ ਸਕਦਾ ਪਰ ਸਿਰਸਾ ਡੇਰੇ ਵਿਚ ਜਾ ਕੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਪੁੱਛ-ਪੜਤਾਲ ਦੌਰਾਨ ਕਿਹਾ ਸੀ ਕਿ ਡੇਰੇ ਦੇ ਸਾਰੇ ਫੈਸਲੇ ਮੈਨੇਜਮੈਂਟ ਕਮੇਟੀ ਵੱਲੋਂ ਲਏ ਜਾਂਦੇ ਹਨ। ਇਸ ਖੁਲਾਸੇ ਮਗਰੋਂ ਜਾਂਚ ਟੀਮ ਡਾ. ਨੈਨ ਅਤੇ ਵਿਪਾਸਨਾ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਾਂਚ ਟੀਮ ਨੂੰ ਵਿਪਾਸਨਾ ਨਹੀਂ ਮਿਲ ਰਹੀ। ਡਾਕਟਰ ਨੇ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤੇ। ਜਾਂਚ ਟੀਮ ਇਸ ਪੜਤਾਲ ਦੀ ਸਮੁੱਚੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪੇਸ਼ ਕਰੇਗੀ।
ਨਕੋਦਰ ਬੇਅਦਬੀ ਕਾਂਡ: ਪੀੜਤਾਂ ਵੱਲੋਂ ਮੁੱਖ ਮੰਤਰੀ ਨੂੰ ਪੱਤਰ
ਜਲੰਧਰ: ਨਕੋਦਰ ਬੇਅਦਬੀ ਕਾਂਡ ਵਿਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਰਵਿੰਦਰ ਸਿੰਘ ਲਿੱਤਰਾਂ, ਹਰਮਿੰਦਰ ਸਿੰਘ ਰਾਏਪੁਰ ਚਲੂਪਰ, ਬਲਧੀਰ ਸਿੰਘ ਰਾਮਗੜ੍ਹ ਅਤੇ ਝਿਲਮਣ ਸਿੰਘ ਗੌਰਸੀਆਂ ਦੇ ਮਾਪਿਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ 35 ਸਾਲ ਬੀਤਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ।
ਨਆਂ ਮੰਗਣ ਵਾਲਿਆਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ: ਸੁਖਬੀਰ
ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਅਦਬੀ ਮਾਮਲਿਆਂ ਲਈ ਨਿਆਂ ਦੀ ਉਡੀਕ ਕਰ ਰਹੇ ਪੰਜਾਬੀਆਂ ਦੀ ਆਵਾਜ਼ ਉਚੀ ਆਵਾਜ਼ ਵਿਚ ਡੀਜੇ ਉਤੇ ਗੁਰਬਾਣੀ ਲਗਾਉਣ ਦੇ ਹੁਕਮ ਦੇ ਕੇ ਦਬਾ ਨਹੀਂ ਸਕਦੇ ਤੇ ਇਹ ਆਪਣੇ ਆਪ ਵਿਚ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਹਰ ਇਕ ਦੀ ਗੱਲ ਸੁਣਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨਾ ਸਿਰਫ ਲੋਕਾਂ ਦੀ ਗੱਲ ਸੁਣਨ ਤੋਂ ਭੱਜ ਰਹੇ ਹਨ ਬਲਕਿ ਸਰਕਾਰੀ ਮਸ਼ੀਨਰੀ ਨਾਲ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਵੀ ਯਤਨ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਦਬਾਉਣ ਲਈ ਅਜਿਹੀ ਘਟੀਆ ਤਰਕੀਬ ਵਰਤਣ ਕਾਰਨ ਪੰਜਾਬ ਦੇ ਲੋਕ ਮੁਆਫ ਨਹੀਂ ਕਰਨਗੇ।