ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸਣੇ 104 ਜਣੇ ਭਾਰਤ ਪੁੱਜੇ

ਨਵੀਂ ਦਿੱਲੀ: ਭਾਰਤ ਵੱਲੋਂ 10 ਭਾਰਤੀ ਨਾਗਰਿਕਾਂ ਸਣੇ 104 ਲੋਕਾਂ ਨੂੰ ਅਫਗਾਨਿਸਤਾਨ ‘ਚੋਂ ਕੱਢਿਆ ਗਿਆ। ਇਕ ਵਿਸ਼ੇਸ਼ ਉਡਾਣ ਕਾਬੁਲ ਤੋਂ ਇਨ੍ਹਾਂ ਲੋਕਾਂ ਨੂੰ ਲੈ ਨਵੀਂ ਦਿੱਲੀ ਪਹੁੰਚੀ। ਇਸ ਉਡਾਣ ਵਿਚ ਕਾਬੁਲ ਦੇ ਇਤਿਹਾਸਕ ਆਸਾਮਾਈ ਮੰਦਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਤੇ ਹਿੰਦੂ ਧਰਮ ਦੇ ਤਿੰਨ ਗ੍ਰੰਥ ਵੀ ਲਿਆਂਦੇ ਗਏ ਹਨ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਇਸ ਉਡਾਣ ਦਾ ਪ੍ਰਬੰਧ ਭਾਰਤ ਦੇ ਅਪਰੇਸ਼ਨ ‘ਦੇਵੀ ਸ਼ਕਤੀ` ਅਧੀਨ ਕੀਤਾ ਗਿਆ ਸੀ। 15 ਅਗਸਤ ਨੂੰ ਤਾਲਿਬਾਨ ਵੱਲੋਂ ਅਫਗਾਨਿਸਤਾਨ `ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਇਹ ਅਪਰੇਸ਼ਨ ਅਫਗਾਨਿਸਤਾਨ `ਚ ਫਸੇ ਭਾਰਤੀਆਂ ਨੂੰ ਕੱਢਣ ਲਈ ਸ਼ੁਰੂ ਕੀਤਾ ਗਿਆ ਸੀ। ਬਾਗਚੀ ਨੇ ਟਵੀਟ ਕੀਤਾ, ‘’ਅਪਰੇਸ਼ਨ ਦੇਵੀ ਸ਼ਕਤੀ ਅਧੀਨ, ਕਾਮ ਏਅਰ ਦੀ ਇਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਭਾਰਤ ਵੱਲੋਂ ਕੀਤਾ ਗਿਆ ਅਤੇ ਇਹ ਉਡਾਣ ਕਾਬੁਲ ਤੋਂ ਨਵੀਂ ਦਿੱਲੀ ਪਹੁੰਚੀ। ਇਹ ਉਡਾਣ 10 ਭਾਰਤੀ ਨਾਗਰਿਕਾਂ ਸਣੇ ਅਫਗਾਨਿਸਤਾਨ ਦੇ ਹਿੰਦੂ-ਸਿੱਖ ਭਾਈਚਾਰੇ ਦੇ 94 ਵਿਅਕਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਹੈ। ਅਫਗਾਨਿਸਤਾਨ `ਚੋਂ ਕੱਢੇ ਗਏ ਲੋਕਾਂ `ਚ ਤਿੰਨ ਨਵ-ਜਨਮਿਆਂ ਸਣੇ ਨੌਂ ਬੱਚੇ ਸ਼ਾਮਲ ਹਨ।“
ਅਧਿਕਾਰੀਆਂ ਨੇ ਕਿਹਾ ਕਿ ਇਹ ਉਡਾਣ ਕੁਝ ਦਵਾਈਆਂ ਆਦਿ ਤੋਂ ਇਲਾਵਾ ਭਾਰਤ ਵਿਚੋਂ 90 ਅਫਗਾਨੀ ਲੋਕਾਂ ਨੂੰ ਲੈ ਕੇ ਵਾਪਸ ਜਾਵੇਗੀ। ਇਹ ਉਡਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਤੇ ਹਿੰਦੂ ਧਰਮ ਦੇ ਗ੍ਰੰਥ ਲੈ ਕੇ ਆਈ ਹੈ। ਇਹ ਧਾਰਮਿਕ ਗ੍ਰੰਥ ਕਾਬੁਲ ਵਿਚ ਸਥਿਤ ਆਸਾਮਾਈ ਮੰਦਰ ‘ਚੋਂ ਲਿਆਂਦੇ ਗਏ ਹਨ।
ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਅਤੇ ਦਿੱਲੀ ਵਿਚ ਅਫਗਾਨੀ ਦੂਤਾਵਾਸ ਦੋਹਾਂ ਨੇ ਇਸ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕਰਨ ਲਈ ਤਾਲਮੇਲ ਕੀਤਾ ਸੀ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਕ ਟਵੀਟ ਰਾਹੀਂ ਦੱਸਿਆ, ‘’ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਤੋਂ ਇਲਾਵਾ ਕਾਬੁਲ ਵਿਚ ਸਥਿਤ ਆਸਾਮਾਈ ਮੰਦਰ ਤੋਂ ਸ੍ਰੀਮਦ ਭਗਵਦ ਗੀਤਾ, ਸ੍ਰੀ ਰਾਮਚਰਿਤ ਮਾਨਸ ਅਤੇ ਹੋਰ ਹਿੰਦੂ ਪਵਿੱਤਰ ਧਾਰਮਿਕ ਗ੍ਰੰਥ ਵੀ ਭਾਰਤ ਲਿਆਂਦੇ ਗਏ ਹਨ।
ਅਫਗਾਨਿਸਤਾਨੀ ਸਿੱਖਾਂ ਤੇ ਹਿੰਦੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਤੇ ਹਿੰਦੂ ਧਰਮ ਦੇ ਗ੍ਰੰਥ ਲੈ ਕੇ ਇਕ ਵਿਸ਼ੇਸ਼ ਉਡਾਣ ਇਥੇ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ, ਜਿਥੇ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਨ੍ਹਾਂ ਅਫਗਾਨਿਸਤਾਨੀ ਵਸਨੀਕਾਂ ਅਤੇ ਧਾਰਮਿਕ ਗ੍ਰੰਥਾਂ ਦੇ ਸਰੂਪਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਸਿਰਸਾ ਨੇ ਦੱਸਿਆ ਕਿ ਜਿਹੜੇ ਅਫਗਾਨਿਸਤਾਨੀ ਭਾਰਤ ਪਹੁੰਚੇ ਹਨ, ਉਨ੍ਹਾਂ ਨੂੰ ਭਾਰਤੀ ਵੀਜ਼ਾ ਦੇ ਕੇ ਇਥੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਉਡਾਣ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਤੇ 350 ਸਾਲ ਪੁਰਾਣੀ ਇਕ ਪੋਥੀ ਵੀ ਭਾਰਤ ਲਿਆਂਦੀ ਗਈ ਹੈ। ਇਸ ਤੋਂ ਇਲਾਵਾ ਗੀਤਾ ਦਾ ਇਕ ਸਰੂਪ ਵੀ ਲਿਆਂਦਾ ਗਿਆ ਹੈ।
ਭਾਰਤ ਨੇ ਭੇਜੀ ਅਫਗਾਨਿਸਤਾਨ ਨੂੰ ਮੈਡੀਕਲ ਸਪਲਾਈ
ਨਵੀਂ ਦਿੱਲੀ: ਭਾਰਤ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਲੋਕਾਂ ਦੀ ਮੁਸ਼ਕਲ ਸਮੇਂ ‘ਚ ਮਦਦ ਕਰਨ ਦੀ ਆਪਣੀ ਵਚਨਬੱਧਤਾ ਤੇ ਮਾਨਵਤਾਵਾਦੀ ਸਹਾਇਤਾ ਦੇ ਤਹਿਤ ਮੈਡੀਕਲ ਸਪਲਾਈ ਭੇਜੀ ਗਈ ਹੈ। ਭਾਰਤ ਵੱਲੋਂ ਮੈਡੀਕਲ ਸਪਲਾਈ ਉਸ ਉਡਾਣ ਰਾਹੀਂ ਭੇਜੀ ਗਈ, ਜੋ 10 ਭਾਰਤੀਆਂ ਅਤੇ 94 ਅਫਗਾਨੀਆਂ ਨੂੰ ਦਿੱਲੀ ਲੈ ਕੇ ਆਈ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਖੇਪ ਕਾਬੁਲ ‘ਚ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦਿਆਂ ਤੇ ਕਾਬੁਲ ਦੇ ਇੰਦਰਾ ਗਾਂਧੀ ਚਿਲਡਰਨ ਹਸਪਤਾਲ ਨੂੰ ਸੌਂਪੀ ਜਾਵੇਗੀ।