ਆਸਟਰੇਲੀਆ ਨੇ ਯਾਤਰਾ ਪਾਬੰਦੀਆਂ ਵਧਾਈਆਂ

ਬ੍ਰਿਸਬਨ: ਆਸਟਰੇਲਿਆਈ ਸੰਘੀ ਸਰਕਾਰ ਨੇ ਓਮੀਕਰੋਨ ਵੇਰੀਐਂਟ ਦੇ ਸੰਭਾਵੀ ਖਤਰੇ ਦੇ ਚੱਲਦਿਆਂ ਬਾਇਓ-ਸਕਿਉਰਿਟੀ ਐਕਟ 2015 ਤਹਿਤ ਮਨੁੱਖੀ ਜੀਵ ਸੁਰੱਖਿਆ ਐਮਰਜੈਂਸੀ ਦੀ ਮਿਆਦ 17 ਫਰਵਰੀ 2022 ਤੱਕ ਵਧਾ ਦਿੱਤੀ ਹੈ।

ਇਹ ਪਾਬੰਦੀਆਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਆਸਟਰੇਲਿਆਈ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ, ਨਿਊਜੀਲੈਂਡ ਦੇ ਨਾਗਰਿਕਾਂ, ਸਿੰਗਾਪੁਰ ਦੇ ਨਾਗਰਿਕਾਂ ਅਤੇ ਯਾਤਰਾ ਲਈ ਪਹਿਲਾਂ ਤੋਂ ਮਨਜੂਰਸ਼ੁਦਾ ਯਾਤਰੀਆਂ ਦੇ ਹੋਰ ਸਮੂਹਾਂ ਨੂੰ ਅਸਰਅੰਦਾਜ ਨਹੀਂ ਕਰਨਗੀਆਂ। ਗੈਰ-ਟੀਕਾਕਰਨ ਵਾਲੇ ਆਸਟਰੇਲੀਅਨਾਂ ਲਈ ਬਾਹਰੀ ਕੌਮਾਂਤਰੀ ਯਾਤਰਾ ‘ਤੇ ਪਾਬੰਦੀਆਂ ਜਾਰੀ ਰਹਿਣਗੀਆਂ।
ਮੈਡੀਕਲ ਅਫਸਰ ਪ੍ਰੋ. ਪਾਲ ਕੈਲੀ ਨੇ ਕੌਮੀ ਮੰਤਰੀ ਮੰਡਲ ਨੂੰ ਸਲਾਹ ਦਿੱਤੀ ਕਿ ਸਿਹਤ ਅਧਿਕਾਰੀ ਹਾਲੇ ਵੀ ਨਵੇਂ ਰੂਪ ਨੂੰ ਸਮਝਣ ਦੇ ਸੁਰੂਆਤੀ ਪੜਾਅ ਵਿਚ ਹਨ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਇਹ ਪ੍ਰਬੰਧ ਸਰਕਾਰ ਨੂੰ ਓਮੀਕਰੋਨ ਵੇਰੀਐਂਟ ਦੇ ਉੱਭਰਨ ‘ਤੇ ਫੈਸਲਾਕੁੰਨ ਕਾਰਵਾਈ ਕਰਨ ਦੀ ਇਜਾਜ਼ਤ ਦੇਵੇਗਾ ਅਤੇ ਦੇਸ ਵਿਚ ਆਉਣ ਅਤੇ ਬਾਹਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਨੂੰ ਘਟਾਏਗਾ।