ਅਮਰੀਕਾ `ਚ ਤੂਫ਼ਾਨ ਨਾਲ 100 ਤੋਂ ਵੱਧ ਮੌਤਾਂ

ਸੈਕਰਾਮੈਂਟੋ: ਅਮਰੀਕਾ ਦੇ ਕਈ ਇਲਾਕਿਆਂ ’ਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਘੱਟ ਤੋਂ ਘੱਟ 100 ਤੋਂ ਵੱਧ ਲੋਕਾਂ ਦੇ ਮਰਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਤੂਫਾਨ ਦੀ ਵਜ੍ਹਾ ਨਾਲ ਅਮਰੀਕਾ ਦੇ ਰਾਜ ਕੇਂਟਕੀ ’ਚ ਐਮਰਜੈਂਸੀ ਲਾ ਦਿੱਤੀ ਗਈ ਹੈ।
ਰਾਸ਼ਟਰਪਤੀ ਜੋ ਬਾਇਡਨ ਨੇ ਕੈਨਟੱਕੀ ਵਾਸਤੇ ਹੰਗਾਮੀ ਯੋਜਨਾ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਸੰਘੀ ਹੰਗਾਮੀ ਮੈਨੇਜਮੈਂਟ ਏਜੰਸੀ ਨੂੰ ਤੂਫਾਨ ਪੀੜਤਾਂ ਦੀ ਮਦਦ ਕਰਨ ਲਈ ਕਿਹਾ ਹੈ। ਵ੍ਹਾਈਟ ਹਾਊਸ ਅਨੁਸਾਰ ਰਾਸ਼ਟਰਪਤੀ ਨੇ ਤੂਫਾਨ ਤੋਂ ਪ੍ਰਭਾਵਿਤ ਰਾਜਾਂ ਦੇ ਗਵਰਨਰਾਂ ਨਾਲ ਗੱਲ ਕੀਤੀ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਰਾਸ਼ਟਰਪਤੀ ਨੇ ਕਿਹਾ, ‘ਅਸੀਂ ਇਕਮੁੱਠ ਹੋ ਕੇ ਹਾਲਾਤ ਦਾ ਮੁਕਾਬਲਾ ਕਰਾਂਗੇ। ਸੰਘੀ ਸਰਕਾਰ ਪਿੱਛੇ ਨਹੀਂ ਹਟੇਗੀ। ਇਹ ਮੌਕਾ ਅਜਿਹਾ ਹੈ ਜਦੋਂ ਅਸੀਂ ਡੈਮੋਕਰੈਟਸ ਜਾਂ ਰਿਪਬਲਿਕਨ ਨਹੀਂ ਹਾਂ ਤੇ ਅਸੀਂ ਸਾਰੇ ਅਮਰੀਕੀ ਹਾਂ।‘
ਅਮਰੀਕਾ ਦੇ ਕੈਨਟੱਕੀ, ਇਲੀਨੋਇਸ, ਟੈਨੇਸੀ ਤੇ ਆਰਕਾਂਸਸ ਰਾਜ ਵਿਚ ਆਏ ਤੂਫਾਨ ਵਿਚ ਫਸ ਕੇ ਅਨੇਕਾਂ ਲੋਕ ਮਾਰੇ ਗਏ ਤੇ ਭਾਰੀ ਤਬਾਹੀ ਹੋਈ ਹੈ। ਕੈਨਟੱਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 100 ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਘਰਾਂ, ਸਨਅਤੀ ਇਮਾਰਤਾਂ ਤੇ ਨਰਸਿੰਗ ਹੋਮ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸੂਬੇ ਦੇ ਮੇਫੀਲਡ ਸਮੇਤ ਕਈ ਇਲਾਕਿਆਂ ’ਚ ਤੂਫਾਨ ਨਾਲ ਦਰਜਨਾਂ ਲੋਕ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੇਫੀਲਡ ਇਲਾਕੇ ’ਚ ਮੋਮਬੱਤੀ ਬਣਾਉਣ ਵਾਲੇ ਕਾਰਖਾਨੇ ਨੂੰ ਤੂਫਾਨ ਨਾਲ ਕਾਫ਼ੀ ਨੁਕਸਾਨ ਪੁੱਜਾ ਹੈ। ਦੱਸਿਆ ਜਾ ਰਿਹਾ ਹੈ ਕਿ ਤੂਫਾਨ ਜਦੋਂ ਫੈਕਟਰੀ ਨਾਲ ਟਕਰਾਇਆ, ਉਸ ਵੇਲੇ ਇਸ ’ਚ 100 ਤੋਂ ਵੱਧ ਲੋਕ ਕੰਮ ਕਰ ਰਹੇ ਸਨ।ਇੱਥੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਪੱਛਮੀ ਕੈਨਟੱਕੀ ਵਿਚ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ। ਰਾਜ ਦੇ ਇਤਿਹਾਸ ਵਿਚ ਇਹ ਪਹਿਲਾ ਸਭ ਤੋਂ ਵੱਧ ਖਤਰਨਾਕ ਤੂਫਾਨ ਹੈ। ਹਵਾਵਾਂ 227 ਕਿਲੋਮੀਟਰ ਦੀ ਰਫਤਾਰ ਨਾਲ ਚੱਲੀਆਂ ਤੇ ਉਨ੍ਹਾਂ ਦੇ ਰਸਤੇ ਵਿਚ ਜੋ ਵੀ ਆਇਆ, ਉਸ ਨੂੰ ਹੂੰਝ ਕੇ ਲੈ ਗਈਆਂ। ਕੈਨਟੱਕੀ ਤੋਂ ਇਲਾਵਾ ਅਰਕੰਸਾਸ ਵਿਚ 86 ਬਿਸਤਰਿਆਂ ਵਾਲਾ ਨਰਸਿੰਗ ਹੋਮ ਢਹਿ-ਢੇਰੀ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਮਾਰਿਆ ਗਿਆ ਤੇ 5 ਗੰਭੀਰ ਜ਼ਖਮੀ ਹੋ ਗਏ। ਇਲੀਨੋਇਸ ਵਿਚ ਐਡਵਰਡਸਵਿਲੇ ਵਿਖੇ ਸੇਂਟ ਲੋਇਸ ਦੇ ਪੂਰਬ ਵਿਚ ਐਮਾਜ਼ੋਨ ਦੀ ਇਕ ਇਮਾਰਤ ਦੀ ਛੱਤ ਉੱਡ ਗਈ। ਅੱਗ ਬੁਝਾਊ ਵਿਭਾਗ ਦੇ ਮੁਖੀ ਜੇਮਜ਼ ਵਾਇਟਫੋਰਡ ਅਨੁਸਾਰ ਇੱਥੇ 6 ਲੋਕ ਮਾਰੇ ਗਏ ਹਨ। ਇਕ ਜ਼ਖਮੀ ਵਿਅਕਤੀ ਹਸਪਤਾਲ ਦਾਖਲ ਹੈ। ਐਮਾਜ਼ੋਨ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਮੌਕੇ ਉਪਰ ਮਦਦ ਲਈ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ ਹੈ। ਟੈਨੇਸੀ ਦੇ ਉਤਰ-ਪੱਛਮੀ ਹਿੱਸੇ ਵਿਚ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।