ਵਿਧਾਨ ਸਭਾ ਚੋਣਾਂ ਲਈ ਪਿੜ ਬੱਝਣ ਲੱਗਾ

ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਮੁਲਤਵੀ ਕਰਨ ਦੇ ਐਲਾਨ ਪਿੱਛੋਂ ਜਿਥੇ ਚੋਣਾਂ ਵਾਲੇ 5 ਸੂਬਿਆਂ ਵਿਚ ਸਿਆਸੀ ਧਿਰਾਂ ਨੇ ਸਰਗਰਮੀ ਫੜ ਲਈ ਹੈ, ਉਥੇ ਭਾਰਤ ਦੇ ਚੋਣਾਂ ਕਮਿਸ਼ਨ ਨੇ ਵੀ ਅਗਲਾ ਵਰ੍ਹਾ ਚੜ੍ਹਦੇ ਹੀ ਚੋਣਾਂ ਬਾਰੇ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ।

ਸਾਲ 2022 ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਚੋਣ ਕਮਿਸ਼ਨ ਨੇ ਇਸ ਸਬੰਧੀ ਸੰਕੇਤ ਦਿੱਤੇ ਹਨ। ਉਤਰ ਪ੍ਰਦੇਸ, ਉਤਰਾਖੰਡ, ਗੋਆ, ਪੰਜਾਬ ਅਤੇ ਮਨੀਪੁਰ ਵਿਧਾਨ ਸਭਾ ਚੋਣਾਂ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣਗੀਆਂ। ਇਸ ਲਈ ਚੋਣ ਕਮਿਸ਼ਨ ਚੋਣ ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਸਣੇ ਹੋਰ ਸੂਬਿਆਂ ਵਿਚ ਆਪਣਾ ਰਵਾਇਤੀ ਦੌਰਾ ਸ਼ੁਰੂ ਕਰ ਦਿੱਤਾ ਹੈ। ਚੋਣ ਤਰੀਕਾਂ ਤੈਅ ਕਰਨ ਤੋਂ ਪਹਿਲਾਂ ਕਮਿਸ਼ਨ ਇਸ ਮਾਮਲੇ ‘ਤੇ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਚਰਚਾ ਹੈ ਕਿ ਫਰਵਰੀ ਵਿਚ ਵੋਟਿੰਗ ਸ਼ੁਰੂ ਹੋਵੇਗੀ ਅਤੇ ਉੱਤਰ ਪ੍ਰਦੇਸ ਵਰਗੇ ਰਾਜ ਵਿਚ 6 ਤੋਂ 8 ਪੜਾਵਾਂ ਵਿਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
ਉਧਰ, ਸਿਆਸੀ ਧਿਰਾਂ ਵੀ ਚੋਣ ਮੈਦਾਨ ਵਿਚ ਨਿੱਤਰ ਆਈਆਂ ਹਨ। ਅਕਾਲੀ ਦਲ ਬਾਦਲ ਅਤੇ ਭਾਈਵਾਲ ਬਸਪਾ ਨੇ ਉਮੀਦਵਾਰ ਐਲਾਨਣ ਦਾ ਕੰਮ ਤਕਰੀਬਨ ਨੇਪਰੇ ਚਾੜ੍ਹ ਲਿਆ ਹੈ। ਆਮ ਆਦਮੀ ਪਾਰਟੀ ਵੀ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਚੁੱਕੀ ਹੈ। ਕਿਸਾਨੀ ਸੰਘਰਸ਼ ਖਤਮ ਹੋਣ ਪਿੱਛੋਂ ਭਾਜਪਾ ਆਗੂ ਵੀ ਘਰਾਂ ਵਿਚੋਂ ਬਾਹਰ ਨਿਕਲ ਆਏ ਹਨ। ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਸਿਆਸੀ ਪਾਰਟੀ ਵੀ ਤਿਆਰੀਆਂ ਵਿਚ ਜੁਟ ਗਈ ਹੈ। ਭਾਜਪਾ ਨੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ, ਕੈਪਟਨ ਦੀ ਲੋਕ ਕਾਂਗਰਸ ਪਾਰਟੀ ਸਣੇ ਹੋਰ ਛੋਟੀਆਂ-ਮੋਟੀਆਂ ਸਿਆਸੀ ਧਿਰਾਂ ਨਾਲ ਸਾਂਝ ਪਾਉਣ ਲਈ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਇਧਰ, ਕਾਂਗਰਸ ਵੀ ਆਪਸੀ ਕਲੇਸ਼ ਵਿਚੋਂ ਉਭਰਨ ਲਈ ਟਿੱਲ ਲਾ ਰਹੀ ਹੈ। ਚੋਣਾਂ ਕਮਿਸ਼ਨ ਨੇ ਆਪਣਾ ਦੌਰਾ ਪੰਜਾਬ ਤੋਂ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਹੋਰ ਚੋਣਾਂ ਵਾਲੇ 4 ਸੂਬਿਆਂ ਵਿਚ ਪਹੁੰਚ ਕਰਕੇ ਸਥਿਤੀ ਦਾ ਜਾਇਜ਼ਾ ਲੈਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਜਨਵਰੀ ਵਿਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਲਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹਾਕਮ ਸਿਆਸੀ ਧਿਰਾਂ ਵੱਲੋਂ ਲੋਕਾਂ ਦੇ ਸਾਰੇ ਉਲਾਂਭੇ ਲਾਹੁਣ ਲਈ ਟਿੱਲ ਲਾਇਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੀ ਸੀਨੀਅਰ ਭਾਜਪਾ ਲੀਡਰਸ਼ਿੱਪ ਵੱਲੋਂ ਉਤਰ ਪ੍ਰਦੇਸ਼ ਵਿਚ ਡੇਰੇ ਲਾਏ ਹੋਏ ਹਨ। ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਪਿਛਲੇ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਤੋਂ ਖਹਿੜਾ ਛੁਡਾਉਣ ਲਈ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਮੌਜੂਦਾ ਮਾਹੌਲ ਇਹ ਹੈ ਕਿ ਕੋਈ ਵੀ ਧਿਰ ਪੰਜਾਬ ਦੇ ਅਸਲ ਮਸਲਿਆਂ ਦੀ ਗੱਲ ਕਰਨ ਲਈ ਤਿਆਰ ਨਹੀਂ ਤੇ ਸਿਆਸੀ ਮੇਲਾ ਮੁਫਤਖੋਰੀ ਦੇ ਐਲਾਨਾਂ ਆਸਰੇ ਲੁੱਟਣ ਦੀ ਰਣਨੀਤੀ ਬਣਾਈ ਜਾ ਰਹੀ ਹੈ।