ਪ੍ਰੋæ ਹਰਪਾਲ ਸਿੰਘ
ਫੋਨ: 916-236-8830
ਦਿਲ ਅਤੇ ਬੁੱਧੀ ਦਾ ਮੇਲ ਧਰਮ ਹੈ। ਜਿਥੇ ਹਿਰਦਾ ਇਕੱਲਾ ਰਹੇ ਅਤੇ ਬੁੱਧੀ ਨੂੰ ਹਟਾ ਦੇਵੇ, ਉਥੇ ਕਲਪਨਾ ਦਾ ਜਗਤ ਸ਼ੁਰੂ ਹੁੰਦਾ ਹੈ। ਜੇ ਬੁੱਧੀ ਇਕੱਲੀ ਰਹੇ ਅਤੇ ਹਿਰਦੇ ਨੂੰ ਹਟਾ ਦੇਵੇ, ਉਥੇ ਵਿਗਿਆਨ ਉਪਜਦਾ ਹੈ। ਜੇ ਹਿਰਦਾ ਅਤੇ ਬੁੱਧੀ ਦੋਨੋਂ ਮਿਲ ਜਾਣ ਤਾਂ ਧਰਮ ਸ਼ੁਰੂ ਹੁੰਦਾ ਹੈ; ੴ ਵਿਚ ਪ੍ਰਵੇਸ਼ ਹੁੰਦਾ ਹੈ। ਵਿਗਿਆਨੀ ਸਤਯ ਦੀ ਖੋਜ ਕਰਦਾ ਹੈ, ਧਰਮੀ ਸਤਿ ਨਾਲ ਜੁੜਿਆ ਹੁੰਦਾ ਹੈ। ਦਿਲ ਅਤੇ ਬੁੱਧੀ ਦਾ ਸੁਮੇਲ ਧਰਮ ਹੈ।
ਗੁਰਬਾਣੀ ਸਤਯ ਹੈ, ਸਤਯ ਹੀ ਗੁਰਬਾਣੀ ਹੈ। ਸਤਯ ਨੂੰ ਜਾਣਨ ਲਈ ਦੋ ਰਾਹ ਹਨ: ਬਿਬੇਕ ਬੁੱਧੀ (ਤਰਕ) ਅਤੇ ਸਮਰਪਣ।
ਬਿਬੇਕ ਬੁੱਧੀ: ਮੈਂ ਹਾਂ, ਮੇਰੀ ਖੁਦੀ ਹੈ-ਤਰਕ ਦਾ ਸਿੱਧਾ ਸਬੰਧ ਵਿਚਾਰ ਨਾਲ ਹੈ। ਜਿਥੇ ਵਿਚਾਰ ਹੈ, ਉਥੇ ਮੈਂ ਹਾਂ। ਜਿਥੇ ਮੈਂ ਹਾਂ, ਉਥੇ ਹੰਕਾਰ ਹੈ। ਜਿਥੇ ਹੰਕਾਰ ਹੈ, ਉਥੇ ਸੰਘਰਸ਼ ਹੈ। ਸੰਘਰਸ਼, ਮੇਰੀ ਮਰਜ਼ੀ, ਮੇਰੀ ਮਰਜ਼ੀ ਹੀ ਮੈਨੂੰ ਪ੍ਰਭੂ ਤੋਂ ਵੱਖਰਾ ਕਰਦੀ ਹੈ। ਸੰਘਰਸ਼ ਲਿਆਵੇਗਾ ਤਣਾਅ, ਚਿੰਤਾ, ਅਸ਼ਾਂਤੀ। ਸੰਸਾਰੀ ਉਹ ਹੈ ਜੋ ਸੰਘਰਸ਼ ਕਰ ਰਿਹਾ ਹੈ; ਆਪਣੇ ਨਾਲ ਹੀ ਨਹੀਂ, ਸਗੋਂ ਪ੍ਰਭੂ ਨਾਲ ਵੀ। ਤੁਹਾਡੀਆਂ ਇੱਛਾਵਾਂ, ਤੁਹਾਡੀਆਂ ਵਾਸਨਾਵਾਂ ਨੇ ਤੁਹਾਨੂੰ ਹਰ ਪਾਸਿਉਂ ਘੇਰਿਆ ਹੋਇਆ ਹੈ। ਕਿਸੇ ਜਾਲ ਵਿਚ ਲਿਪਟੇ ਜੀ ਰਹੇ ਹੋ। ਹਰ ਘੜੀ ਹਰ ਪਲ ਹੰਕਾਰ ਪੱਥਰ ਵਾਂਗ ਤੁਹਾਡੇ ਗਲੇ ਵਿਚ ਲਟਕਿਆ ਹੋਇਆ ਹੈ। ਕਹਿਣ ਨੂੰ ਤੁਸੀਂ ਧਾਰਮਿਕ ਹੋ, ਪਰ ਤੁਹਾਡੇ ਵਰਗਾ ਢੋਂਗੀ ਦੂਜਾ ਕੋਈ ਨਹੀਂ ਹੈ। ਮੰਦਰ, ਮਸਜਿਦ, ਗੁਰਦੁਆਰੇ, ਚਰਚ ਕੌਣ ਜਾ ਰਿਹਾ ਹੈ? ਤੁਹਾਡਾ ਹੰਕਾਰ ਹੀ ਜਾ ਰਿਹਾ ਹੈ! ਤੁਹਾਡੀ ਬਿਰਤੀ ਪਰਮਾਤਮਾ ਨਾਲ ਸੰਘਰਸ਼ ਕਰਨ ਦੀ ਹੈ। ਜੋ ਤੁਹਾਨੂੰ ਚੰਗਾ ਲੱਗਦਾ ਹੈ, ਜੋ ਤੁਹਾਡੇ ਹੰਕਾਰ ਨੂੰ ਹੁਲਾਰਾ ਦੇ ਰਿਹਾ ਹੈ, ਤੁਸੀਂ ਉਹੀ ਸੁਣ ਰਹੇ ਹੋ। ਬਾਕੀ ਸਭ ਕੁਝ ਨਾਲ ਤੁਹਾਡਾ ਕੋਈ ਲੈਣਾ-ਦੇਣਾ ਨਹੀਂ।
ਹੰਕਾਰੀ ਦੇ ਪਿੱਛੇ ਘ੍ਰਿਣਾ, ਕ੍ਰੋਧ, ਮੋਹ, ਲੋਭ ਅਤੇ ਹੱਤਿਆ ਚਲਦੀ ਹੈ। ਜਾ ਰਹੇ ਹੋ ਤੀਰਥੀਂ; ਪੂਜ ਰਹੇ ਹੋ ਦੇਵੀਆਂ; ਵੇਦ, ਕਤੇਬ ਤੇ ਗ੍ਰੰਥਾਂ ਦਾ ਗੁਣ-ਗਾਨ ਕਰ ਰਹੇ ਹੋ; ਹੋ ਤਾਂ ਤੁਸੀਂ ਹੀ- ਗੁਰੂ ਤੇ ਪ੍ਰਭੂ ਵਿਚਕਾਰ ਤੁਹਾਡਾ ਹੰਕਾਰ ਖੜ੍ਹਾ ਹੈ। ਆਪਣੇ ਹੰਕਾਰ ਕਾਰਨ, ਆਪਣੀ ਹਉਮੈ ਕਾਰਨ ਤੁਸੀਂ ਉਸ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹੋ। ਸੂਰਜ ਵੱਲ ਤਾਂ ਤੁਸੀਂ ਪਿੱਠ ਕਰੀ ਖੜ੍ਹੇ ਹੋ, ਰੋਸ਼ਨੀ ਤੁਹਾਡੇ ਵਿਹੜੇ ਵਿਚ ਕਿਵੇਂ ਆਵੇਗੀ? ਹਉਮੈ ਦੀਆਂ ਕਾਲੀਆਂ ਕੰਧਾਂ ਨਾਲ ਤੁਹਾਡਾ ਮਨ ਵੀ ਕਾਲਾ ਹੋ ਗਿਆ ਹੈ। ਹਿੰਦੂ ਉਹੀ ਸੁਣ ਰਿਹਾ ਹੈ ਜੋ ਉਸ ਨੂੰ ਹਿੰਦੂ ਬਣਾ ਦੇਵੇ; ਸਿੱਖ ਉਹੀ ਸੁਣ ਰਿਹਾ ਹੈ ਜੋ ਉਸ ਨੂੰ ਸਿੱਖ ਬਣਾ ਦੇਵੇ; ਮੁਸਲਮਾਨ ਉਹੀ ਸੁਣ ਰਿਹਾ ਹੈ ਜੋ ਉਸ ਨੂੰ ਜਹਾਦੀ ਬਣਾ ਦੇਵੇ। ਸੁਣਨ ਨਾਲ, ਜਨਮ ਲੈਣ ਨਾਲ ਤੁਸੀਂ ਆਦਮੀ ਤਾਂ ਬਣ ਸਕਦੇ ਹੋ, ਇਨਸਾਨ ਨਹੀਂ।
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥
ਤਰਕ ਦਾ ਦੂਜਾ ਪੱਖ ਇਹ ਵੀ ਹੈ ਕਿ ਜਦ ਉਸ ਦੀ ਕ੍ਰਿਪਾ ਨਾਲ ਹੀ ਸਭ ਕੁਝ ਹੋਣਾ ਹੈ ਤਾਂ ਮੈਨੂੰ ਕੁਝ ਕਰਨ ਦੀ ਲੋੜ ਨਹੀਂ, ਸਭ ਆਪੇ ਆਪ ਹੋ ਜਾਵੇਗਾ। ਅਸੀਂ ਕੀ ਕਰ ਸਕਦੇ ਹਾਂ? ਜਦੋਂ ਉਸ ਦੀ ਮਿਹਰ ਹੋਵੇਗੀ, ਤਦ ਹੋ ਜਾਵੇਗਾ; ਪਰ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਉਸ ਦੀ ਕ੍ਰਿਪਾ ਦ੍ਰਿਸ਼ਟੀ ਲੈਣØ ਲਈ ਸਾਨੂੰ ਵੀ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ, ਯਤਨ ਕਰਨੇ ਪੈਣਗੇ ਤਾਂ ਕਿ ਅਸੀਂ ਉਸ ਦੀ ਕ੍ਰਿਪਾ ਦ੍ਰਿਸ਼ਟੀ ਲੈਣ ਦੇ ਕਾਬਲ ਹੋ ਸਕੀਏ। ਜਿਵੇਂ ਪ੍ਰੇਮੀ, ਪ੍ਰੇਮਿਕਾ ਦਾ ਪ੍ਰੇਮ ਲੈਣ ਲਈ ਆਪਣੇ ਆਪ ਨੂੰ ਸੰਵਾਰਦਾ, ਸ਼ਿੰਗਾਰਦਾ ਹੈ; ਸੌ ਯਤਨ ਕਰਦਾ ਹੈ ਕਿ ਮੈਂ ਕਿਵੇਂ ਸਵੀਕਾਰ ਹੋ ਜਾਵਾਂ, ਉਹੀ ਯਤਨ ਸਾਨੂੰ ਕਰਨੇ ਪੈਣਗੇ। ਗੁਰੂ ਤੋਂ ਭਿਖਸ਼ਾ ਲੈਣ ਲਈ ਸ਼ਿਸ਼ ਨੂੰ ਯਤਨ ਕਰਨੇ ਪੈਣਗੇ। ਉਸ ਦੀ ਕ੍ਰਿਪਾ ਦ੍ਰਿਸ਼ਟੀ ਉਸੇ ਉਤੇ ਹੋਵੇਗੀ, ਜਿਹੜਾ ਆਪਣੇ ਆਪ ਨੂੰ ਤਿਆਰ ਕਰਦਾ ਹੈ। ਕ੍ਰਿਪਾ ਦ੍ਰਿਸ਼ਟੀ ਦਾ ਅਰਥ ਇਹ ਵੀ ਨਹੀਂ ਕਿ ਉਹ ਪੱਖਪਾਤੀ ਹੈ, ਉਹ ਕੇਵਲ ਆਪਣੇ ਭਗਤਾਂ ਉਤੇ ਹੀ ਕ੍ਰਿਪਾ ਕਰਦਾ ਹੈ, ਦੁਸ਼ਟਾਂ ਨੂੰ ਛੱਡ ਦਿੰਦਾ ਹੈ। ਸੂਰਜ ਦੀ ਰੋਸ਼ਨੀ ਲਈ ਫੁੱਲ ਅਤੇ ਮੈਲ ਵਿਚ ਕੋਈ ਅੰਤਰ ਨਹੀਂ। ਤੁਸੀਂ ਉਸ ਦੀ ਮਿਹਰ ਦੇ ਭਾਗੀ ਬਣਨ ਦਾ ਯਤਨ ਕਰੋ। ਤੁਹਾਡਾ ਯਤਨ ਹੀ ਤੁਹਾਨੂੰ ਉਸ ਦੀ ਮਿਹਰ ਦਾ ਭਾਗੀ ਬਣਾ ਦੇਵੇਗਾ। ਪਰਮਾਤਮਾ ਦਿਨ ਰਾਤ ਵਰ੍ਹ ਰਿਹਾ ਹੈ। ਬਸ, ਆਪਣੇ ਘੜੇ ਨੂੰ ਸਿੱਧਾ ਰੱਖੋ। ਘੜੇ ਨੂੰ ਸਿੱਧਾ ਰੱਖਣ ਲਈ ਯਤਨ ਤਾਂ ਕਰਨੇ ਹੀ ਪੈਣਗੇ।
ਸਮਰਪਣ: ਮਨ ਤੋਂ ਪਾਰ ਚਲੇ ਜਾਣਾ ਹੀ ਸਮਰਪਣ ਹੈ। ਸਮਰਪਣ ਦਾ ਨਾਂ ਹੈ ਸ਼ਰਧਾ; ਚੇਲਾ ਹੋ ਜਾਣਾ, ਸ਼ਿਸ਼ ਹੋ ਜਾਣਾ, ਸਿੱਖ ਹੋ ਜਾਣਾ। ਜੋ ਆਪਣੀ ਆਕੜ ਵਿਚ ਜੀਅ ਰਿਹਾ ਹੈ, ਉਹ ਸਿੱਖ ਨਹੀਂ। ਤੁਹਾਡੇ ਬਸਤਰ, ਚੋਲਾ, ਪਾਠ ਅਭਿਆਸ, ਦਾਨ-ਪੁੰਨ ਕਰਨ ਪਿੱਛੇ ਤੁਹਾਡਾ ਹੰਕਾਰ ਖੜ੍ਹਾ ਹੈ। ਤੁਸੀਂ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੋ। ਜੋ ਸੁਣ ਨਹੀਂ ਸਕਦਾ, ਉਹ ਮੰਨ ਕਿਸ ਤਰ੍ਹਾਂ ਲਵੇਗਾ? ਮੰਨੇਗਾ ਨਹੀਂ ਤਾਂ ਸਮਰਪਣ ਕਿਸ ਤਰ੍ਹਾਂ ਕਰੇਗਾ? ਸਿੱਖ ਉਹ ਹੈ ਜੋ ਪੂਰਵ ਹਿਰਦੇ ਨਾਲ ਉਸ ਦੀ ਸਿੱਖਿਆ ਨੂੰ ਸੁਣਦਾ ਹੈ, ਮੰਨਦਾ ਹੈ ਅਤੇ ਸਮਰਪਣ ਕਰਦਾ ਹੈ।
ਫੈਸਲਾ ਕਰਨ ਵਾਲਾ ਤੂੰ ਹੈਂ। ਬਸ ਤੂੰ ਹੀ ਤੂੰ ਹੈਂ। ਸੁਲਤਾਨਪੁਰ ਵਿਚ ਤੇਰਾ ਤੇਰਾ ਕਰਦਾ ਨਾਨਕ ਤੇਰਾ ਹੀ ਹੋ ਗਿਆ। ਜੋ ਤੇਰੀ ਮਰਜ਼ੀ। ਜੋ ਤੁਧ ਭਾਵੈ ਸਾਈ ਭਲੀ ਕਾਰ॥ ਬਸ ਇਹ ਹੀ ਸਮਰਪਣ ਹੈ। ਗੁਆਉਗੇ ਆਪਣੇ ਕਾਰਨ; ਮਿਲੇਗਾ ਉਸ ਦੇ ਪ੍ਰਸਾਦਿ ਨਾਲ। ਜੇ ਮੈਂ ਗੁਆ ਰਿਹਾ ਹਾਂ, ਤਾਂ ਮੈਂ ਹੀ ਕੁਝ ਪੁੱਠਾ ਹਾਂ। ਤੁਹਾਡੀ ਕੋਸ਼ਿਸ਼ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜੇ ਤੁਹਾਡੀ ਕੋਸ਼ਿਸ਼ ਨਾਲ ਮਿਲੇਗਾ ਤਾਂ ਉਹ ਤੁਹਾਡੇ ਤੋਂ ਛੋਟਾ ਹੋ ਜਾਏਗਾ ਅਤੇ ਜੇ ਤੁਹਾਡੇ ਤੋਂ ਛੋਟਾ ਹੋ ਗਿਆ, ਉਹ ਪਰਮਾਤਮਾ ਨਹੀਂ ਹੋ ਸਕਦਾ।
ਰਚਨਹਾਰਾ ਪ੍ਰਸਾਦਿ ਨਾਲ ਮਿਲਦਾ ਹੈ-ਉਸ ਦੀ ਕ੍ਰਿਪਾ ਨਿਰਵਿਰੋਧ ਜਾਰੀ ਹੈ। ਪਹਿਲਾਂ ਨਿੱਜ ਤੋਂ ਮੁਕਤੀ ਪਾਓ। ਜਿਸ ਘੜੀ ਤੁਸੀਂ ਹਟੇ, ਉਸੇ ਪਲ ਇਹ ਪਰਮ ਘਟਨਾ ਘਟਦੀ ਹੈ। ਹਰ ਦਿਸ਼ਾ, ਹਰ ਘੜੀ ਤੋਂ ਉਹ ਤੁਹਾਡੇ ਅੰਦਰ ਪ੍ਰਵੇਸ਼ ਕਰ ਰਿਹਾ ਹੈ। ਸ਼ਰਤ ਇਹ ਹੈ ਕਿ ਤੁਸੀਂ ਅੰਦਰੋਂ ਖਾਲੀ ਹੋ ਜਾਓ। ਜਿਵੇਂ ਤੁਹਾਡੀਆਂ ਕੋਸ਼ਿਸ਼ਾਂ ਹਟਦੀਆਂ ਹਨ, ਉਸ ਦਾ ਪ੍ਰਸਾਦਿ ਪ੍ਰਾਪਤ ਹੁੰਦਾ ਹੈ। ਨਾ ਟੁੱਟਣ ਵਾਲੀ ੴ ਦੀ ਨਾਦ ਵਜਦੀ ਹੈ।
ਕਹੁ ਨਾਨਕ ਗੁਰ ਖੋਇ ਭਰਮ॥
ਏਕੋ ਅਲਾਹ ਪਾਰ ਬ੍ਰਹਮ॥
ਜਦੋਂ ਕੋਈ ਸਿੱਖ ਅਕਾਲ ਪੁਰਖ ਦੀ ਅਸਚਰਜਤਾ ਨੂੰ ਕੁਦਰਤ ਵਿਚ ਦੇਖੇਗਾ ਤਾਂ ਵਿਸਮਾਦ ਵਿਚ ਆਵੇਗਾ। ਉਸ ਉਤੇ ਵਾਹੁ ਦੀ ਅਵਸਥਾ ਤਾਰੀ ਹੋ ਜਾਵੇਗੀ ਤੇ ਉਸ ਦਾ ਲੂੰ ਲੂੰ ਵਾਹਿਗੁਰੂ, ਵਾਹਿਗੁਰੂ ਪੁਕਾਰੇਗਾ। ਸੁੱਭਾਨ ਅੱਲਾ! ਵਾਹਿਗੁਰੂ ਮਨ ਦੀ ਵਿਸਮਾਦੀ ਹਾਲਾਤ ਦਾ ਆਖਰੀ ਚਿੰਨ੍ਹ ਹੈ। ਬਸ ਇਹ ਹੀ ਸਮਰਪਣ ਦੀ ਆਖਰੀ ਘੜੀ ਹੈ। ਸਮਰਪਣ ਹੀ ਪ੍ਰੇਮ ਦਾ ਰਾਹ ਹੈ। ਜੋ ਸਮਰਪਣ ਕਰਨਾ ਜਾਣਦਾ ਹੈ, ਉਸ ਪਿੱਛੇ ਪ੍ਰੇਮ, ਕਰੁਣਾ, ਦਯਾ ਅਤੇ ਪ੍ਰਾਰਥਨਾ ਆਪਣੇ ਆਪ ਚਲਦੀ ਹੈ। ਪ੍ਰੇਮੀ ਸਮਰਪਣ ਕਰਦਾ ਹੈ, ਮੰਗਦਾ ਕੁਝ ਨਹੀਂ। ਗਿਆਨੀ ਉਹ ਹੈ ਜੋ ਨਿਰਭਰ ਹੈ, ਜੋ ਪ੍ਰੇਮੀ ਹੈ।
Leave a Reply