ਭੇਤ

‘ਭੇਤ’ ਅਸਲ ਵਿਚ ਮਨੁੱਖੀ ਫਿਤਰਤ ਦੀ ਕਹਾਣੀ ਹੈ। ਕਹਾਣੀਕਾਰ ਜੇ.ਬੀ. ਸਿੰਘ ਨੇ ਆਪਣੀਆਂ ਹੋਰ ਰਚਨਾਵਾਂ ਵਾਂਗ ਇਸ ਕਹਾਣੀ ਵਿਚਲਾ ਭੇਤ ਬਹੁਤ ਸਹਿਜ ਨਾਲ ਉਜਾਗਰ ਕੀਤਾ ਹੈ।

ਉਨ੍ਹਾਂ ਦੀਆਂ ਕਹਾਣੀਆਂ ਦੀ ਖਾਸੀਅਤ ਇਸ ਤੱਥ ਵਿਚ ਲੁਕੀ ਹੋਈ ਹੈ ਕਿ ਉਹ ਆਪਣੀ ਰਚਨਾ ਦੇ ਪਾਤਰਾਂ ਅਤੇ ਘਟਨਾਵਾਂ ਨੂੰ ਇਸ ਢੰਗ ਨਾਲ ਬੀੜਦੇ ਹਨ ਕਿ ਰਚਨਾ ਪਾਠਕ ਨੂੰ ਆਪਣੀ ਉਂਗਲ ਫੜਾ ਕੇ ਆਪਣੇ ਨਾਲ ਤੋਰੀ ਰੱਖਦੀ ਹੈ। ਇਹ ਰਵਾਨੀ ਹੀ ਇਸ ਕਹਾਣੀ ਦੀ ਜਿੰਦ-ਜਾਨ ਹੈ।
ਜੇ.ਬੀ. ਸਿੰਘ, ਕੈਂਟ (ਵਾਸ਼ਿੰਗਟਨ)
ਫੋਨ: 253-508-9805
ਜਦ ਮੈਂ ਉਸ ਨੂੰ ਇੰਨਾ ਹੋਛਾ ਬੋਲਦੇ ਸੁਣਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
‘ਸੁੱਖੀ ਬੇਟੇ, ਹੁਣ ਤੂੰ ਇਸ ਤਰ੍ਹਾਂ ਦਾ ਹੋ ਗਿਆ ਹੈਂ?’ ਮੈਂ ਕਿਹਾ
‘ਦੇਖੋ ਮੇਰੇ ਦਫਤਰ ਵਿਚ ਮੈਨੂੰ ਬੇਟਾ ਕਹਿ ਕਹਿ ਕੇ ਸ਼ਰਮਿੰਦਾ ਨਾ ਕਰੋ। ਮੇਰੀ ਹੈਸੀਅਤ ਦਾ ਖਿਆਲ ਕਰੋ।’
ਮੇਰੇ ਗੁੱਸੇ ਤੇ ਹੈਰਾਨੀ ਦੀ ਕੋਈ ਹੱਦ ਨਾ ਰਹੀ। ਕਿਸੇ ਸਮੇਂ ਮੈਨੂੰ ਰੋਜ਼ੀ ਦਾਤਾ ਕਹਿ ਕੇ ਪੈਰੀਂ ਪੈਣ ਵਾਲਾ ਅੱਜ ਕੁਰਸੀ `ਤੇ ਬੈਠਾ ਮੈਨੂੰ ਪਛਾਣ ਨਹੀਂ ਸੀ ਰਿਹਾ। ਭੀਖ ਵਿਚ ਮਿਲੀ ਕੁਰਸੀ ਵੀ ਇੰਨੀ ਮੱਤ ਮਾਰ ਦਿੰਦੀ ਹੈ, ਇਹ ਮੈਨੂੰ ਉਸ ਦਿਨ ਮਹਿਸੂਸ ਹੋਇਆ।
ਕੋਈ ਸਮਾਂ ਸੀ, ਜਦ ਸੁੱਖ ਤੇ ਉਸ ਦੇ ਮਾਂ-ਬਾਪ ਮੇਰੇ ਕੋਲ ਆਏ ਸਨ। ਮੇਰੇ ਕਿਸੇ ਗੂੜ੍ਹੇ ਮਿੱਤਰ ਗਰਚੇ ਦੀ ਚਿੱਠੀ ਲੈ ਕੇ, ‘ਹਿੰਮਤ ਸਿਹਾਂ, ਜਿੰਨੀ ਭੀ ਹੋ ਸਕੇ, ਇਨ੍ਹਾਂ ਦੀ ਮਦਦ ਕਰਨਾ’।
ਮੈਂ ਉਨ੍ਹਾਂ ਨੂੰ ਬੈਠਣ ਲਈ ਕਿਹਾ, ਤਿੰਨੇ ਜਣੇ ਮੰਜੇ `ਤੇ ਬੈਠ ਗਏ। ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਆਪਣੇ ਨਾਲ ਸੋਫੇ `ਤੇ ਬੈਠਣ ਲਈ ਮਜਬੂਰ ਕੀਤਾ। ਚਾਹ-ਪਾਣੀ ਪਿਲਾਇਆ। ਕਹਿਣ ਲੱਗੇ, ‘ਅਸਾਂ ਮੁੰਡੇ ਨੂੰ ਡਿਪਲੋਮਾ ਕਰਾ ਦਿੱਤਾ ਹੈ ਪਰ ਨੌਕਰੀ ਨਹੀਂ ਮਿਲ ਰਹੀ।’
‘ਪਰ ਤੁਸੀਂ ਗਰਚਾ ਸਾਹਿਬ ਨੂੰ ਕਿਵੇਂ ਜਾਣਦੇ ਹੋ।’ ਮੈਂ ਉਨ੍ਹਾਂ ਨੂੰ ਸੁਭਾਵਕ ਹੀ ਪੁੱਛ ਲਿਆ।
‘ਉਹ ਸਾਡੇ ਸਾਹਿਬ ਨੇ। ਮੈਂ ਉਨ੍ਹਾਂ ਦੀ ਪੈਲੀ ਵਾਹੁੰਦਾ ਹਾਂ ਤੇ ਇਹ ਉਨ੍ਹਾਂ ਘਰ ਭਾਂਡੇ ਮਾਂਜਦੀ ਹੈ।’ ਉਨ੍ਹਾਂ ਆਪਣੀ ਜਾਣ-ਪਛਾਣ ਕਰਾਈ। ਮੈਨੂੰ ਉਹਦੀ ਗਰੀਬੀ `ਤੇ ਤਰਸ ਆ ਗਿਆ।
ਮੇਰੇ ਗੁਆਂਢ ਸਿੱਧੂ ਸਾਹਿਬ, ਚੀਫ ਇੰਜਨੀਅਰ ਰਹਿੰਦੇ ਸਨ। ਮੇਰੇ ਚੰਗੇ ਮਿੱਤਰ ਵੀ ਸਨ ਤੇ ਇਮਾਨਦਾਰ ਅਫਸਰ ਵੀ। ਅਸੀਂ ਰੋਜ਼ ਸ਼ਾਮ ਨੂੰ ਰਲ ਕੇ ਸੈਰ ਕਰਨ ਜਾਂਦੇ। ਕਦੇ ਕਦੇ ਛੁੱਟੀ ਵਾਲੇ ਦਿਨ ਰਲ ਕੇ ਤਾਸ਼ ਵੀ ਖੇਡ ਲੈਂਦੇ। ਇਕ ਵਾਰ ਗਰਚਾ ਸਾਹਿਬ ਅਚਾਨਕ ਮੇਰੇ ਘਰ ਆਏ ਤਾਂ ਅਸੀਂ ਤਾਸ਼ ਖੇਡ ਰਹੇ ਸੀ। ਬਸ ਉਸੇ ਦਿਨ ਉਨ੍ਹਾਂ ਨੂੰ ਸਿੱਧੂ ਸਾਹਿਬ ਤੇ ਮੇਰੀ ਗੂੜ੍ਹੀ ਮਿੱਤਰਤਾ ਦਾ ਪਤਾ ਲੱਗਿਆ।
ਖੈਰ, ਮੈਂ ਸੁੱਖੀ ਨੂੰ ਸਿੱਧੂ ਸਾਹਿਬ ਦੇ ਘਰ ਲੈ ਗਿਆ। ਮੈਂ ਉਨ੍ਹਾਂ ਨਾਲ ਗਰਚਾ ਸਾਹਿਬ ਦਾ ਜ਼ਿਕਰ ਨਹੀਂ ਕੀਤਾ। ਆਖਿਆ, ਇਹ ਮੇਰਾ ਭਤੀਜਾ ਹੈ। ਉਸ ਨੇ ਮੇਰੀ ਪੂਰੀ ਗੱਲ ਸੁਣੀ ਪਰ ਆਪਣੀ ਮਜਬੂਰੀ ਦੱਸੀ, ‘ਯਾਰ, ਅਜੇ ਵਕੈਂਸੀ ਨਹੀਂ ਹੈ ਤੇ ਮਨਿਸਟਰ ਸਾਹਿਬ ਨੇ ਨਵੀਂ ਭਰਤੀ `ਤੇ ਰੋਕ ਲਗਾ ਰੱਖੀ ਹੈ।’
ਅਸੀਂ ਵਾਪਸ ਆ ਗਏ ਪਰ ਮੈਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸ਼ਾਮ ਨੂੰ ਮੈਂ ਇਕੱਲਿਆਂ ਉਹਦੇ ਘਰ ਜਾ ਕੇ ਗੱਲ ਕਰਾਂਗਾ, ਉਹ ਕੋਈ ਨਾ ਕੋਈ ਰਸਤਾ ਜ਼ਰੂਰ ਲੱਭੇਗਾ।
ਸ਼ਾਮ ਹੋਣ ਤੋਂ ਪਹਿਲਾਂ ਹੀ ਸਿੱਧੂ ਸਾਹਿਬ ਮੇਰੇ ਘਰ ਆ ਗਏ। ਕਹਿਣ ਲੱਗੇ, ‘ਮੈਂ ਸੋਚਿਆ ਹੈ, ਇਹਨੂੰ ਰਾਖਵੀਆਂ ਸੀਟਾਂ ਦੇ ਕੋਟੇ ਵਿਚੋਂ ਆਰਜ਼ੀ ਤੌਰ `ਤੇ ਨੌਕਰੀ ਦੇ ਦਿਆਂ, ਹੌਲੀ-ਹੌਲੀ ਪੱਕੀ ਨੌਕਰੀ ਲਈ ਵੀ ਕੋਈ ਢੰਗ ਸੋਚ ਲਵਾਂਗਾ।’
‘ਪਰ ਇਹ ਤਾਂ ਸਵਰਨ ਜਾਤ ਦਾ ਹੈ।’
‘ਤੇਰਾ ਭਤੀਜਾ ਤਾਂ ਹੈ। ਇਹਦੇ ਲਈ ਮੈਨੂੰ ਕੋਈ ਰਾਹ ਤਾਂ ਲੱਭਣਾ ਹੀ ਪਵੇਗਾ। ਤੂੰ ਫ਼ਿਕਰ ਨਾ ਕਰ, ਇਹ ਗੱਲ ਮੇਰੇ ਉਤੇ ਛੱਡ ਦਿ।’
ਦੋ ਹਫ਼ਤਿਆਂ ਬਾਅਦ ਸੁੱਖੀ ਨੇ ਨੌਕਰੀ ਜੁਆਇਨ ਕਰ ਲਈ। ਮੇਰੀ ਤੇ ਸਿੱਧੂ ਸਾਹਿਬ ਦੀ ਰੁਟੀਨ ਉਵੇਂ ਚਲਦੀ ਰਹੀ।
ਉਸ ਤੋਂ ਬਾਅਦ ਹਰ ਦੂਜੇ ਤੀਜੇ ਹਫ਼ਤੇ ਸੁੱਖੀ ਦੇ ਘਰੋਂ ਮੇਰੇ ਘਰ ਮਠਿਆਈ ਜਾਂ ਕੋਈ ਹੋਰ ਤੋਹਫਾ ਆ ਜਾਂਦਾ। ਮੈਨੂੰ ਬਹੁਤ ਬੁਰਾ ਲਗਦਾ। ਇਸ ਤੋਂ ਵੀ ਜ਼ਿਆਦਾ ਮੈਨੂੰ ਬੁਰਾ ਲਗਦਾ, ਜਦ ਦੋਨੋਂ ਪਿਓ-ਪੁੱਤ ਆ ਕੇ ਮੇਰੇ ਪੈਰੀਂ ਹੱਥ ਲਾਉਂਦੇ। ਮੇਰੇ ਰੋਕਣ `ਤੇ ਵੀ ਨਾ ਰੁਕਦੇ। ਅਖੀਰ ਉਸ ਦੇ ਬਾਪ ਨੂੰ ਤਾਂ ਮੈਂ ਮਨਾ ਸਕਿਆ, ਉਹ ਉਮਰ `ਚ ਮੇਰੇ ਤੋਂ ਵੱਡਾ ਸੀ ਪਰ ਸੁੱਖੀ ਨੇ ਜ਼ਿਦ ਨਾ ਛੱਡੀ।
‘ਤੁਸੀਂ ਮੇਰੇ ਰੋਜ਼ੀਦਾਤੇ ਹੋ ਤੇ ਮੇਰੇ ਪਿਤਾ ਸਮਾਨ ਵੀ ਹੋ’, ਉਹ ਆਖਦਾ ਤੇ ਇੰਨਾ ਕਹਿ ਕਹਿ ਕੇ ਉਸ ਨੇ ਮੇਰੇ ਦਿਲ ਵਿਚ ਸਦੀਵੀ ਜਗ੍ਹਾ ਬਣਾ ਲਈ ਤੇ ਮੈਂ ਸੱਚਮੁੱਚ ਹੀ ਉਸ ਨੂੰ ਆਪਣਾ ਬੇਟਾ ਸਮਝਣ ਲਗ ਪਿਆ।
ਮੈਨੂੰ ਯਾਦ ਨਹੀਂ ਕਿਹੜਾ ਤਿਓਹਾਰ ਸੀ ਪਰ ਉਸ ਦਿਨ ਮੈਂ ਤੇ ਚੀਫ ਇੰਜਨੀਅਰ ਸ਼ਾਮ ਨੂੰ ਤਾਸ਼ ਖੇਡ ਰਹੇ ਸੀ ਤੇ ਨਾਲ-ਨਾਲ ਵਿਸਕੀ ਪੀ ਰਹੇ ਸੀ। ਮੈਂ ਲਗਾਤਾਰ ਤਿੰਨ ਵਾਰ ਬਾਜ਼ੀ ਜਿੱਤਦਾ ਗਿਆ ਪਰ ਚੌਥੀ ਵਾਰ ਉਸ ਨੇ ਮੇਰੇ ਸਾਰੇ ਰਸਤੇ ਬੰਦ ਕਰ ਦਿੱਤੇ। ਸ਼ਰਾਬ ਦੇ ਨਸ਼ੇ ਵਿਚ ਆਖਣ ਲੱਗਿਆ, ਇਸ ਵਾਰ ਜਿੱਤ ਕੇ ਦਿਖਾਏਂਗਾ ਤਾਂ ਜੋ ਮੂੰਹੋਂ ਮੰਗੇਂਗਾ, ਦਿਆਂਗਾ ਤੇ ਉਸ ਵਾਰ ਵੀ ਮੈਂ ਜਿੱਤ ਗਿਆ। ਸਿਆਣਪ ਨਾਲ ਨਹੀਂ, ਚੀਟਿੰਗ ਕਰ ਕੇ। ਉਹ ਜਦ ਪੈੱਗ ਪਾ ਰਿਹਾ ਸੀ, ਮੈਂ ਪੱਤੇ ਬਦਲ ਲਏ।
‘ਚਲ, ਮੰਗ ਜੋ ਮੰਗਣਾ ਈ ਯਾਰ।’
ਮੈਨੂੰ ਕੁਝ ਨਾ ਸੁੱਝਿਆ। ਰੱਬ ਦਾ ਦਿੱਤਾ ਸਭ ਕੁਝ ਮੇਰੇ ਕੋਲ ਸੀ। ਫਿਰ ਇਕਦਮ ਮੇਰੇ ਮੂੰਹੋਂ ਨਿਕਲ ਗਿਆ, ‘ਸੁੱਖੀ ਦੀ ਤਰੱਕੀ ਕਰ ਦੇ।’
ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋਇਆ, ‘ਕਿੱਥੇ ਤਾਸ਼ ਤੇ ਕਿੱਥੇ ਸੁੱਖੀ, ਤੂੰ ਤਾਂ ਮੇਰੀ ਪੀਤੀ ਹੋਈ ਸਾਰੀ ਲਾਹ ਦਿੱਤੀ।’
ਹਫ਼ਤੇ ਕੁ ਬਾਅਦ ਮੈਂ ਉਸ ਨੂੰ ਫਿਰ ਯਾਦ ਦਿਵਾਇਆ। ਉਸ ਦੀਆਂ ਅੱਖਾਂ ਵਿਚੋਂ ਉਸ ਦੀ ਬੇਵਸੀ ਨਜ਼ਰ ਆ ਰਹੀ ਸੀ। ਅਗਲੇ ਕੁਝ ਦਿਨਾਂ ਵਿਚ ਉਸ ਨੇ ਸੁੱਖੀ ਦੀ ਤਰੱਕੀ ਕਰ ਦਿੱਤੀ। ਮੈਂ ਸੁੱਖੀ ਨੂੰ ਪਤਾ ਹੀ ਨਾ ਲਗਣ ਦਿੱਤਾ ਕਿ ਮੈਂ ਉਸ ਦੀ ਸਿਫ਼ਾਰਿਸ਼ ਕੀਤੀ ਹੈ। ਸੁੱਖੀ ਦੇ ਸਵੈ-ਮਾਣ ਵਿਚ ਖਿੜੇ ਚਿਹਰੇ `ਤੇ ਮੈਂ ਕੋਈ ਹੋਰ ਰੰਗ ਨਹੀਂ ਦੇਖਣਾ ਚਾਹੁੰਦਾ ਸੀ।
ਅਜੇ ਸੁੱਖੀ ਦੀ ਤਰੱਕੀ ਨੂੰ ਮਹੀਨਾ ਵੀ ਨਹੀਂ ਸੀ ਹੋਇਆ, ਮੈਨੂੰ ਪਤਾ ਲਗਿਆ, ਸਿੱਧੂ ਸਾਹਿਬ ਨੂੰ ਆਪਣੀ ਮਨਮਾਨੀ ਕਰਨ ਕਰਕੇ ਮੁਅੱਤਲ ਕਰ ਦਿੱਤਾ ਗਿਆ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਸਿੱਧੂ ਸਾਹਿਬ ਕੋਲ ਜਾ ਕੇ ਬਹੁਤ ਅਫਸੋਸ ਕੀਤਾ। ਹੰਝੂ ਮੇਰੀਆਂ ਅੱਖਾਂ `ਚੋਂ ਵਗ ਰਹੇ ਸਨ ਪਰ ਉਨ੍ਹਾਂ ਆਪਣਾ ਜਿਗਰਾ ਦਿਖਾਉਂਦਿਆਂ ਕਿਹਾ: ‘ਪਰਮਾਤਮਾ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ। ਮੈਂ ਖ਼ੁਦ ਵੀ ਆਪਣੇ ਮਹਿਕਮੇ ਵਿਚ ਪੋਲੀਟੀਕਲ ਦਖ਼ਲਅੰਦਾਜ਼ੀ ਤੋਂ ਤੰਗ ਸੀ। ਮੈਂ ਹੁਣ ਆਪਣਾ ਬਿਜ਼ਨਸ ਹੀ ਕਰਾਂਗਾ।’
ਮੈਨੂੰ ਪਤਾ ਸੀ ਕਿ ਉਹ ਆਪਣੀ ਨੌਕਰੀ ਨੂੰ ਕਿੰਨਾ ਪਿਆਰ ਕਰਦੇ ਸਨ ਤੇ ਉਨ੍ਹਾਂ ਨੂੰ ਪਤਾ ਸੀ ਕਿ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ। ਸੋ, ਉਨ੍ਹਾਂ ਨੇ ਆਪਣੇ ਚਿਹਰੇ `ਤੇ ਇਕ ਪਲ ਵੀ ਉਦਾਸੀ ਨਹੀਂ ਦਿਖਾਈ। ਕੁਝ ਮਹੀਨਿਆਂ ਬਾਅਦ ਉਹ ਉਥੋਂ ਮੂਵ ਹੋ ਗਏ।
ਸਮਾਂ ਬੀਤਦਾ ਗਿਆ। ਬਦਕਿਸਮਤੀ ਨਾਲ ਮੇਰੀ ਫੈਕਟਰੀ ਨੂੰ ਅੱਗ ਲੱਗ ਗਈ। ਬਹੁਤ ਨੁਕਸਾਨ ਹੋਇਆ। ਮੈਂ ਸ਼ਹਿਰ ਛੱਡ ਕੇ ਜਲੰਧਰ ਆ ਗਿਆ। ਇੱਥੇ ਨਵਾਂ ਕੰਮ ਸ਼ੁਰੂ ਕੀਤਾ ਪਰ ਕੁਦਰਤ ਨੇ ਸਾਥ ਨਾ ਦਿੱਤਾ। ਮੇਰੇ ਦਿਨ ਬਦਲਦੇ ਗਏ। ਉਦੋਂ ਮੈਂ ਆਪਣੇ ਦੋਸਤਾਂ ਨੂੰ ਟੈਸਟ ਕੀਤਾ। ਕਈਆਂ ਸਾਥ ਦਿੱਤਾ, ਕਈਆਂ ਮੂੰਹ ਮੋੜ ਲਿਆ। ਕਈਆਂ ਮਾਣ ਰੱਖਿਆ, ਕਈਆਂ ਪਛਾਨਣ ਤੋਂ ਇਨਕਾਰ ਕਰ ਦਿੱਤਾ। ਹੌਲੀ-ਹੌਲੀ ਮੈਂ ਆਪ ਹੀ ਸਾਰਿਆਂ ਤੋਂ ਦੂਰ ਹੋ ਗਿਆ।
ਸਿੱਧੂ ਸਾਹਿਬ ਤੇ ਸੁੱਖੀ ਮੈਨੂੰ ਕਦੇ-ਕਦੇ ਯਾਦ ਆਉਂਦੇ। ‘ਸ਼ਾਇਦ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਿੱਥੇ ਰਹਿੰਦਾ ਹਾਂ, ਨਹੀਂ ਤਾਂ ਮਿਲਣ ਜ਼ਰੂਰ ਆਉਂਦੇ’-ਮੈਂ ਸੋਚਦਾ।
ਫਿਰ ਸੁੱਖ ਨਾਲ ਮੇਰੇ ਬੇਟੇ ਨੇ ਵੀ ਪੜ੍ਹਾਈ ਪੂਰੀ ਕਰ ਲਈ। ਬੀ.ਏ. ਕਰਾ ਕੇ ਟਾਈਪ ਦਾ ਕੋਰਸ ਕਰਵਾ ਦਿੱਤਾ। ਸੋਚਿਆ, ਆਪਣੇ ਪੈਰਾਂ `ਤੇ ਖੜ੍ਹਾ ਹੋ ਜਾਵੇਗਾ। ਉਸ ਨੇ ਵੀ ਨੌਕਰੀ ਲਈ ਕਈ ਇੰਟਰਵਿਊ ਦਿੱਤੀਆਂ ਪਰ ਕਿਤੇ ਸਫਲਤਾ ਨਾ ਮਿਲੀ। ਦਿਲ ਟੁੱਟ ਗਿਆ ਵਿਚਾਰੇ ਦਾ। ਕਹਿਣ ਲੱਗਾ, ‘ਪਿਤਾ ਜੀ ਮੈਂ ਹੋਰ ਇੰਟਰਵਿਊ `ਤੇ ਨਹੀਂ ਜਾਣਾ, ਮਜ਼ਦੂਰੀ ਕਰ ਕੇ ਹੀ ਘਰ ਚਲਾਵਾਂਗਾ।’ ਮੈਂ ਸਮਝਾਇਆ, ‘ਕਮਲਿਆ ਦਿਲ ਥੋੜ੍ਹਾ ਛੱਡੀਦਾ ਹੈ- ਰੱਬ ਦੇ ਘਰ ਦੇਰ ਹੈ ਹਨੇਰ ਨਹੀਂ।’
ਫਿਰ ਇਕ ਦਿਨ ਦੱਸਣ ਲੱਗਾ, ਪਿਤਾ ਜੀ ਨੌਕਰੀ ਲਈ ਇੰਟਰਵਿਊ ਆਈ ਹੈ। ਸੁਣਿਆ ਏ, ਇੰਟਰਵਿਊ ਤਾਂ ਇਕ ਬਹਾਨਾ ਹੈ, ਰਿਸ਼ਵਤ ਦਿੱਤੇ ਬਿਨਾ ਨੌਕਰੀ ਨਹੀਂ ਮਿਲਣੀ ਤੇ ਰਿਸ਼ਵਤ ਵੀ ਵੀਹ ਹਜ਼ਾਰ। ਇਹ ਸੁਖਵੰਤ ਸਿੰਘ ਬੜਾ ਲਾਲਚੀ ਅਫਸਰ ਹੈ।
ਸੁਖਵੰਤ ਦਾ ਨਾਮ ਸੁਣ ਕੇ ਮੈਨੂੰ ਸੁੱਖੀ ਦੀ ਯਾਦ ਆਈ। ‘ਇਹ ਜ਼ਰੂਰ ਮੇਰਾ ਪੁੱਤ ਸੁੱਖੀ ਹੀ ਹੋਵੇਗਾ’, ਮੇਰੇ ਦਿਲ `ਚੋਂ ਆਵਾਜ਼ ਆਈ। ਮੈਂ ਆਪਣੇ ਬੇਟੇ ਨੂੰ ਇਸ ਅਫਸਰ ਦਾ ਪਿਛੋਕੜ ਪਤਾ ਕਰਨ ਲਈ ਕਿਹਾ। ਇਹ ਸੱਚਮੁੱਚ ਸੁੱਖੀ ਹੀ ਸੀ। ਮੈਂ ਸੋਚਿਆ, ਪਰਮਾਤਮਾ ਨੇ ਮੇਰੀ ਸੁਣ ਲਈ ਹੈ। ਮੈਂ ਬੱਸ ਲੈ ਕੇ ਸਿੱਧਾ ਸੁੱਖੀ ਦੇ ਦਫਤਰ ਗਿਆ। ਚਪੜਾਸੀ ਨੇ ਮੈਨੂੰ ਛੋਟਾ ਜਿਹਾ ਕਾਗਜ਼ ਅਤੇ ਪੈੱਨ ਦਿੱਤਾ, ‘ਇਸ `ਤੇ ਆਪਣਾ ਨਾਮ ਲਿਖ ਦਿਓ, ਮੈਂ ਸਾਹਿਬ ਨੂੰ ਦੇ ਦਿਆਂਗਾ ਤੇ ਉਹ ਤੁਹਾਨੂੰ ਬੁਲਾ ਲੈਣਗੇ।’
ਉਸ ਦੇ ਆਖਣ `ਤੇ ਮੈਂ ਪਰਚੀ ਲਿਖ ਭੇਜੀ ਪਰ ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਸ ਨੇ ਮੈਨੂੰ ਅੰਦਰ ਨਾ ਬੁਲਾਇਆ। ਮੈਂ ਚਪੜਾਸੀ ਕੋਲ ਗਿਆ, ‘ਤੁਸੀਂ ਉਸ ਨੂੰ ਜਾ ਕੇ ਆਖੋ ਕਿ ਉਸ ਦਾ ਪਿਤਾ ਆਇਆ ਹੈ।’
ਚਪੜਾਸੀ ਨੇ ਉਠ ਕੇ ਮੈਨੂੰ ਸਲਾਮ ਕੀਤੀ, ਮੁਆਫ਼ੀ ਮੰਗੀ ਤੇ ਅੰਦਰ ਜਾਣ ਦਿੱਤਾ।
ਇੰਨੇ ਵੱਡੇ ਤੇ ਸਜੇ ਹੋਏ ਦਫਤਰ ਵਿਚ ਇਕੱਲਿਆਂ ਸੁੱਖੀ ਨੂੰ ਬੈਠਿਆਂ ਦੇਖ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੈਂ ਉਸ ਨੂੰ ਤਰੱਕੀ `ਤੇ ਵਧਾਈ ਦਿੱਤੀ। ਉਸ ਨੇ ਮੁਸਕਰਾ ਕੇ ਧੰਨਵਾਦ ਕੀਤਾ ਪਰ ਨਾਲ ਹੀ ਆਖ ਦਿੱਤਾ, ‘ਮੈਂ ਤੁਹਾਨੂੰ ਪਛਾਣਿਆ ਨਹੀਂ।’
ਵੈਸੇ ਸਮੇਂ ਨੇ ਮੈਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ, ਮੈਨੂੰ ਉਸ ਦੇ ਨਾ ਪਛਾਣਨ ਕਰਕੇ ਹੈਰਾਨੀ ਨਾ ਹੋਈ। ਮੈਂ ਯਾਦ ਕਰਵਾਇਆ ਕਿ ਉਸ ਦੀ ਪਹਿਲੀ ਨੌਕਰੀ ਮੈਂ ਹੀ ਸਿੱਧੂ ਸਾਹਿਬ ਨੂੰ ਆਖ ਕੇ ਲਵਾਈ ਸੀ।
‘ਹਾਂ ਹਾਂ, ਸਿੱਧੂ ਸਾਹਿਬ ਵਿਚਾਰੇ, ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਹ ਨਾ ਸੈਕਟਰੀ ਦੀ ਮੰਨਦੇ ਸਨ ਨਾ ਕਿਸੇ ਮੰਤਰੀ ਦੀ ਤੇ ਕੁਝ ਗੈਰ-ਕਾਨੂੰਨੀ ਕੰਮ ਵੀ ਕੀਤੇ ਸਨ। ਮੈਂ ਆਪਣੀ ਤਰੱਕੀ ਲਈ ਮਿਹਨਤ ਵੀ ਕੀਤੀ ਤੇ ਉਪਰ ਦੇ ਅਫਸਰਾਂ ਨਾਲ ਬਣਾ ਕੇ ਵੀ ਰੱਖੀ। ਅੱਜ ਤੁਹਾਡੇ ਸਾਹਮਣੇ ਐਸ.ਈ. ਦੀ ਕੁਰਸੀ `ਤੇ ਬੈਠਾ ਹਾਂ।’
‘ਬਹੁਤ ਖੁਸ਼ੀ ਦੀ ਗੱਲ ਹੈ ਤੇ ਹੁਣ ਮੇਰੇ ਬੇਟੇ ਨੇ ਤੁਹਾਡੇ ਮਹਿਕਮੇ ਵਿਚ ਟਾਈਪਿਸਟ ਦੀ ਨੌਕਰੀ ਲਈ ਅਪਲਾਈ ਕੀਤਾ ਹੈ। ਮੈਂ ਸੋਚਿਆ, ਤੁਹਾਨੂੰ ਉਸ ਦਾ ਨਾਮ ਤੇ ਅਰਜ਼ੀ ਨੰਬਰ ਦੇ ਦਿਆਂ।’
‘ਹਾਂ, ਪਰ ਉਸ ਨੌਕਰੀ ਲਈ ਤਾਂ ਮੈਰਿਟ ਚੱਲਣੀ ਹੈ। ਕੋਈ ਸਿਫ਼ਾਰਿਸ਼ ਨਹੀਂ ਚੱਲਣੀ।’
‘ਮੈਂ ਤੁਹਾਨੂੰ ਕਿਸੇ ਨੂੰ ਸਿਫ਼ਾਰਿਸ਼ ਕਰਨ ਲਈ ਨਹੀਂ ਕਹਿ ਰਿਹਾ। ਖੁਸ਼ਕਿਸਮਤੀ ਨਾਲ ਉਸ ਦੀ ਇੰਟਰਵਿਉ ਤੁਸੀਂ ਹੀ ਲੈ ਰਹੇ ਹੋ।’
‘ਉਹ ਠੀਕ ਹੈ ਪਰ ਮੈਂ ਤਾਂ ਉਹੀ ਕਰਨਾ ਹੈ ਜੋ ਉਪਰਲੇ ਅਫਸਰਾਂ ਨੇ ਆਖਣਾ ਹੈ। ਆਪਣੀ ਮਰਜ਼ੀ ਕਰ ਕੇ ਸਿੱਧੂ ਸਾਹਿਬ ਵਾਂਗ ਆਪਣੀ ਨੌਕਰੀ ਤਾਂ ਨਹੀਂ ਗਵਾ ਸਕਦਾ। ਨਾਲੇ ਹੁਣ ਜ਼ਮਾਨਾ ਬਦਲ ਗਿਆ ਹੈ। ਟੈਕਨਾਲੋਜੀ ਦਾ ਯੁੱਗ ਹੈ। ਤੁਸੀਂ ਕਿਸੇ ਤੋਂ ਕੁਝ ਛੁਪਾ ਨਹੀਂ ਸਕਦੇ।’
‘ਸੁਖਵੰਤ ਬੇਟੇ, ਉਹ ਹੁਣ ਇੰਟਰਵਿਊ ਦੇ-ਦੇ ਥੱਕ ਗਿਆ ਹੈ। ਕਿਤੇ ਪੈਸਾ ਚਲਦਾ ਹੈ ਤੇ ਕਿਤੇ ਸਿਫ਼ਾਰਿਸ਼। ਅੱਜ ਮੇਰੀ ਹਸਤੀ ਨਹੀਂ ਹੈ, ਮੈਂ ਇਸ ਨੌਕਰੀ ਲਈ 20,000 ਰੁਪਏ ਕਿਸੇ ਨੂੰ ਰਿਸ਼ਵਤ ਦਿਆਂ।’
‘ਦੇਖੋ ਮੇਰੇ ਦਫਤਰ ਵਿਚ ਮੈਨੂੰ ਬੇਟਾ ਕਹਿ ਕਹਿ ਕੇ ਸ਼ਰਮਿੰਦਾ ਨਾ ਕਰੋ। ਮੇਰੀ ਹੈਸੀਅਤ ਦਾ ਖਿਆਲ ਕਰੋ।’
‘ਸੁਖਵੰਤ, ਤੈਨੂੰ ਆਪਣਾ ਸਮਾਂ ਇੰਨੀ ਜਲਦੀ ਭੁੱਲ ਗਿਆ ਏ, ਜਦ ਤੁਸੀਂ ਸਾਰਾ ਪਰਿਵਾਰ ਮੇਰੇ ਕੋਲ ਆਏ ਸੀ, ਗਰਚੇ ਦੀ ਚਿੱਠੀ ਲੈ ਕੇ’।
‘ਯਾਦ ਏ, ਕਲਰਕ ਦੀ ਆਰਜ਼ੀ ਅਸਾਮੀ ਮਿਲੀ ਸੀ ਤੇ ਉਸ ਬਦਲੇ ਬਹੁਤ ਕੁਝ ਦੇ ਦਿੱਤਾ ਸੀ ਤੁਹਾਡੇ ਘਰ। ਉਸ ਤੋਂ ਲੈ ਕੇ ਅੱਜ ਤਕ ਮੈਂ ਕਿਸੇ ਸਿਫ਼ਾਰਿਸ਼ ਨਾਲ ਨਹੀਂ, ਆਪਣੀ ਲਿਆਕਤ ਦੇ ਸਿਰ `ਤੇ ਤਰੱਕੀਆਂ ਲੈਂਦਾ ਆਇਆਂ ਹਾਂ।’
‘ਚਲੋ ਕਿਸੇ ਤਰੀਕੇ ਵੀ, ਅੱਜ ਤੂੰ ਇਸ ਪੁਜ਼ੀਸ਼ਨ ਵਿਚ ਤਾਂ ਹੈਂ ਕਿ ਇਕ ਮੁੰਡਾ ਭਰਤੀ ਕਰ ਸਕੇਂ।’
‘ਮੈਂ ਉਸ ਦਾ ਜਵਾਬ ਪਹਿਲਾਂ ਹੀ ਦੇ ਚੁੱਕਾਂ ਹਾਂ। ਹੁਣ ਤੁਸੀਂ ਸਿਰਫ ਮੇਰਾ ਸਮਾਂ ਨਸ਼ਟ ਕਰ ਰਹੇ ਹੋ। ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਇਥੋਂ ਭੇਜਣ ਲਈ ਚਪੜਾਸੀ ਬੁਲਾਵਾਂ।’ ਤੇ ਉਸ ਨੇ ਆਪਣਾ ਹੱਥ ਕੋਲ ਪਈ ਘੰਟੀ ਵੱਲ ਵਧਾਇਆ।
‘ਜ਼ਰੂਰ ਬੁਲਾ, ਜੇ ਤੈਨੂੰ ਆਪਣੀ ਕੁਰਸੀ ਨਹੀਂ ਚਾਹੀਦੀ ਤਾਂ। ਸ਼ਾਇਦ ਤੈਨੂੰ ਅੱਜ ਤਕ ਇਸ ਭੇਤ ਦਾ ਪਤਾ ਹੀ ਨਹੀਂ ਲੱਗਿਆ ਕਿ ਤੇਰੀ ਇਕ ਤਰੱਕੀ ਤੋਂ ਬਾਅਦ ਦੂਸਰੀ ਤਰੱਕੀ ਕਿਵੇਂ ਹੋ ਰਹੀ ਹੈ।’
‘ਕੀ ਮਤਲਬ?’
‘ਤੈਨੂੰ ਸਿੱਧੂ ਸਾਹਿਬ ਨੇ ਨੌਕਰੀ ਰਾਖਵੇਂ ਕੋਟੇ ਵਿਚੋਂ ਦਿੱਤੀ ਸੀ। ਅੱਜ ਤਕ ਇਹ ਭੇਤ ਸਿੱਧੂ ਸਾਹਿਬ ਤੇ ਮੇਰੇ ਵਿਚਕਾਰ ਹੀ ਸੀ। ਤੂੰ ਹੁਣ ਚਪੜਾਸੀ ਨੂੰ ਬੁਲਾ ਸਕਦਾ ਹੈਂ।’
ਸੁੱਖੀ ਜਿਵੇਂ ਪੂਰੇ ਦਾ ਪੂਰਾ ਧਰਤੀ ਵਿਚ ਦੱਬਿਆ ਗਿਆ ਹੋਵੇ। ਇਕ ਪਲ ਲਈ ਉਸ ਨੂੰ ਸਭ ਕੁਝ ਘੁੰਮਦਾ ਨਜ਼ਰ ਆਇਆ। ਮੈਂ ਉਸ ਨੂੰ ਕੋਲ ਪਿਆ ਪਾਣੀ ਦਾ ਗਿਲਾਸ ਫੜਾਇਆ। ਜਦ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤਾਂ ਕੁਰਸੀ ਤੋਂ ਉਠ ਖੜ੍ਹਿਆ, ‘ਬੈਠੋ ਅੰਕਲ ਜੀ ਪਲੀਜ਼’, ਪਰ ਮੈਂ ਦਰਵਾਜ਼ੇ ਵੱਲ ਤੁਰ ਪਿਆ। ਉਸ ਨੇ ਮੈਨੂੰ ਰੋਕਣਾ ਚਾਹਿਆ। ਮੈਂ ਪਿੱਛੇ ਨਹੀਂ ਦੇਖਿਆ। ਦੂਰ ਤਕ ਉਸ ਦੀ ਆਵਾਜ਼ ਮੇਰਾ ਪਿੱਛਾ ਕਰਦੀ ਰਹੀ।