ਤੁਰ ਗਿਆ ਯਾਰ ਗੁਰਦੇਵ ਰੁਪਾਣਾ

ਪ੍ਰਿੰ. ਸਰਵਣ ਸਿੰਘ
ਹਫ਼ਤਾ ਕੁ ਪਹਿਲਾਂ ‘ਮੂੰਨ ਦੀ ਅੱਖ’ ਵਾਲਾ ਕਹਾਣੀਕਾਰ ਮੋਹਨ ਭੰਡਾਰੀ ਚਲਾ ਗਿਆ। ਹੁਣ ‘ਸ਼ੀਸ਼ਾ’ ਤੇ ‘ਹਵਾ’ ਵਰਗੀਆਂ ਕਹਾਣੀਆਂ ਲਿਖਣ ਵਾਲਾ ਗੁਰਦੇਵ ਰੁਪਾਣਾ ਵੀ ਤੁਰ ਗਿਐ। ਓਵੇਂ ਹੀ, ਜਿਵੇਂ ਦੋ ਕੁ ਸਾਲ ਪਹਿਲਾਂ ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਅੱਗੜ-ਪਿੱਛੜ ਤੁਰ ਗਏ ਸਨ। ਸਿਆਣੇ ਸੱਚ ਕਹਿੰਦੇ ਹਨ, ਜੋ ਆਇਆ ਸੋ ਚੱਲਸੀ। ਹਰ ਇੱਕ ਨੇ ਕਿਸੇ ਦਿਨ ਤੁਰ ਹੀ ਜਾਣਾ ਹੈ।

ਥਿਰ ਨਾ ਕੋਈ ਜੱਗ ਰਿਹਾ ਪਰ ਚਲੇ ਜਾਣ ਵਾਲੇ ਦਾ ਦੁੱਖ ਤਾਂ ਹੁੰਦਾ ਈ ਹੈ ਨਾ। ਰੁਪਾਣੇ ਦੇ ਜਾਣ ਦਾ ਵੀ ਬੜਾ ਦੁੱਖ ਹੋਇਆ। ਉਹਦੇ ਸੰਗ ਬਿਤਾਈਆਂ ਘੜੀਆਂ ਮੁੜ ਯਾਦ ਆ ਗਈਆਂ। ਯਾਦ ਕਰ ਕੇ ਅੱਖਾਂ ਭਰ ਆਈਆਂ, ਮਨ ਮਸੋਸਿਆ ਗਿਆ।
ਰੁਪਾਣਾ ਸਾਡਾ ਸ਼ੁਗਲੀ ਯਾਰ ਸੀ। ਸ਼ੁਗਲ ਕਰਦਿਆਂ ਨਾ ਅਗਲੇ ਨੂੰ ਬਖਸ਼ਦਾ ਸੀ, ਨਾ ਆਪਣੇ ਆਪ ਨੂੰ। ਲੱਗਦਾ ਨਹੀਂ ਸੀ, ਏਡੀ ਛੇਤੀ ਵਿਗੋਚਾ ਦੇ ਜਾਵੇਗਾ। ਨਾਲੇ ਹੁਣ ਹੀ ਤਾਂ ਉਸ ਨੂੰ ਮਾਣ-ਸਨਮਾਨ ਮਿਲਣ ਲੱਗੇ ਸਨ। ਆਏ ਸਾਲ ਵੱਡੇ ਅਵਾਰਡ! ਕਦੇ ਢਾਹਾਂ ਅਵਾਰਡ, ਕਦੇ ਸਾਹਿਤ ਅਕਾਡਮੀ ਅਵਾਰਡ ਤੇ ਕਦੇ ਸ਼੍ਰੋਮਣੀ ਸਾਹਿਤਕਾਰ ਅਵਾਰਡ। ਮੈਂ ਮੁਬਾਰਕਾਂ ਦਿੰਦਾ ਤਾਂ ਉਹ ਪੁੱਛਦਾ, ‘ਭਲਾ ਦਸ ਹਜ਼ਾਰ ਡਾਲਰਾਂ ਦੇ ਕਿੰਨੇ ਰੁਪਈਏ ਬਣਨਗੇ?’
ਮੈਂ ਉਹਦੀ ਜ਼ਮੀਨ ਦੀ ਠੇਕੇ ਦੀ ਆਮਦਨ ਪੁੱਛ ਕੇ ਦੱਸਦਾ, ‘ਜ਼ਮੀਨ ਦੇ ਠੇਕੇ ਤੋਂ ਦੁੱਗਣੇ!’
ਮਚਲਾ ਬਣ ਕੇ ਉਹ ਆਖਦਾ, ‘ਮੈਂ ਤਾਂ ਅਵਾਰਡ ਦੇਣ ਆਲਿਆਂ ਨੂੰ ਜਵਾਬ ਦੇਣ ਲੱਗਾ ਸੀ ਬਈ ਪੱਚੀ ਹਜ਼ਾਰ ਡਾਲਰ ਦੀ ਥਾਂ ਦਸ ਹਜ਼ਾਰ ਕਿਉਂ? ਮੈਂ ਨੀ ਲੈਣੇ, ਮੈਂ ਕੀਹਤੋਂ ਮਾੜਾਂ?’
ਮੈਂ ਝੇਡ ਕਰਦਾ, ‘ਹੋਰ ਤੂੰ ਵੰਝ ਭਾਲਦੈਂ? ਲੈ-ਲੈ ਚੁੱਪ ਕਰ ਕੇ ਜਿੰਨੇ ਮਿਲਦੇ ਐ। ਨਹੀਂ ਕੋਈ ਹੋਰ ਲੈ-ਜੂ। ਪੰਜ ਲੱਖ ਥੋੜ੍ਹੈ?’
ਉਹ ਮੁਸ਼ਕਣੀਏਂ ਹੱਸਦਾ, ‘ਓਏ ਆਹੋ, ਏਥੇ ਤਾਂ ਅਵਾਰਡਾਂ ਨੂੰ ਬਥੇਰੇ ਜੁੱਤੀਆਂ ਲਾਹੀ ਖੜ੍ਹੇ ਆ। ਚੱਲ ਤੇਰੇ ਆਖੇ ਲੈ ਈ ਲੈਨਾਂ। ਭਲਾ ਜਹਾਜ਼ ਦਾ ਕਿਰਾਇਆ ਕਿੰਨਾ ਲੱਗੂ?’
‘ਕਿਰਾਇਆ ਅਵਾਰਡ ਦੇਣ ਵਾਲੇ ਲਾਉਣਗੇ, ਤੈਨੂੰ ਘਰ ਰੱਖੂੰ ਮੈਂ ਆਪਣੇ ਕੋਲ। ਸੇਵਾ ਪੂਰੀ। ਤੈਨੂੰ ਸਿਰਫ਼ ਪਾਸਪੋਰਟ ਬਣਾਉਣਾ ਪਊ। ਵੀਜ਼ਾ ਲੱਗ-ਜੂ। ਮੁਫ਼ਤ ਦਾ ਸੈਰ ਸਪਾਟਾ।’ ਪਰ ਉਹ ਅਵਾਰਡ ਲੈਣ ਨਹੀਂ ਸੀ ਪਹੁੰਚਿਆ। ਰਕਮ ਜ਼ਰੂਰ ਰੁਪਾਣੇ ਪਹੁੰਚ ਗਈ, ਜੀਹਦੀ ਉਹਨੂੰ ਤਲਬ ਵੀ ਸੀ।
ਕਦੇ-ਕਦੇ ਚਾਂਭਲਿਆ ਕਹਿ ਦਿੰਦਾ ਸੀ, ‘ਕੀ ਪਤਾ ਮੈਂ ਕੰਵਲ ਤੇ ਗੁਰਦਿਆਲ ਤੋਂ ਵੀ ਵੱਧ ਅਵਾਰਡ ਭੋਟ-ਲਾਂ।’ ਸ਼ਾਇਦ ਭੋਟ ਵੀ ਜਾਂਦਾ ਜੇ ਸਿਹਤ ਸੰਭਾਲੀ ਰੱਖਦਾ। ਖਾਣ-ਪੀਣ ਦਾ ਪਾਬੰਦ ਰਹਿੰਦਾ ਤੇ ਉਤੋਂ ਦੀ ਨਾ ਹੁੰਦਾ। ਪਰ ਜਿਵੇਂ ਕਹਿੰਦੇ ਹਨ, ਰੱਜ ਨਾ ਕੋਈ ਜੀਵਿਆ, ਉਹੀ ਗੱਲ ਰੁਪਾਣੇ ਨਾਲ ਹੋਈ। ਸੱਚੀ ਗੱਲ ਐ, ਦੁਨੀਆ ਚਲੋ-ਚੱਲੀ ਦਾ ਮੇਲਾ ਹੈ। ਕਿਹਾ ਕਰਦਾ ਸੀ, ‘ਓੜਕ ਨੂੰ ਮਰ ਜਾਣੈ, ਚੱਲ ਮੇਲੇ ਚੱਲੀਏ।’ ਮੈਨੂੰ ਉਹਦੇ ਪਿੰਡ ਨੇੜਲਾ ਮੁਕਤਸਰ ਦਾ ਮੇਲਾ ਯਾਦ ਆ ਜਾਂਦਾ। ਉਹ ਮੁਢਲੀ ਪੜ੍ਹਾਈ ਰੁਪਾਣੇ ਤੋਂ ਕਰ ਕੇ, ਖਾਲਸਾ ਹਾਈ ਸਕੂਲ ਮੁਕਤਸਰ `ਚ ਪੜ੍ਹਿਆ ਜਿਥੇ ਫੁੱਟਬਾਲ ਵੀ ਖੇਡਿਆ। ਕਦੇ ਡਾ. ਮਹਿੰਦਰ ਸਿੰਘ ਰੰਧਾਵਾ ਵੀ ਉਸੇ ਸਕੂਲ ਵਿਚ ਪੜ੍ਹਿਆ ਸੀ। ਦਿੱਲੀ ਯੂਨੀਵਰਸਿਟੀ ਦੀ ਮਾਸਟਰ ਡਿਗਰੀ ਦਾ ਗੋਲਡ ਮੈਡਲਿਸਟ ਸਾਡਾ ਸਾਂਝਾ ਮਿੱਤਰ ਗਿਆਨ ਸਿੰਘ ਸੰਧੂ ਉਹਦਾ ਜਮਾਤੀ ਸੀ। ਉਸ ਨੇ 1953 ਵਿਚ ਮੈਟ੍ਰਿਕ ਕੀਤੀ। ਫਿਰ ਉਹ ਜੇ.ਬੀ.ਟੀ. ਕਰ ਕੇ ਬਾਅਦ ਵਿਚ ਬਣੇ ਸਰਕਾਰੀ ਕਾਲਜ ਮੁਕਤਸਰ `ਚ ਪੜ੍ਹਿਆ ਤੇ ਚੰਡੀਗੜ੍ਹ ਤੋਂ ਬੀ.ਐਡ ਕੀਤੀ। ਮੈਂ ਉਸ ਤੋਂ ਤਿੰਨ-ਚਾਰ ਸਾਲ ਛੋਟਾ ਹੋਣ ਕਰਕੇ ਬਾਅਦ ਵਿਚ ਮੁਕਤਸਰ ਦੇ ਬੀ.ਐਡ ਕਾਲਜ ਵਿਚ ਪੜ੍ਹਿਆ ਪਰ ਉਥੇ ਸਾਡਾ ਮੇਲ ਨਹੀਂ ਹੋ ਸਕਿਆ।
ਮੇਲ ਸਾਡਾ ਦਿੱਲੀ ਜਾ ਕੇ ਹੋਇਆ, ਜਿੱਥੇ ਮੈਂ ਐਮ.ਏ. ਦਾ ਵਿਦਿਆਰਥੀ ਸਾਂ ਤੇ ਉਹ ਸਕੂਲ ਟੀਚਰ ਸੀ। ਦਿੱਲੀ `ਚ ਪੰਜ ਸਾਲ ਸਾਡੀ ਜੋੜੀ ਬਣੀ ਰਹੀ। ਅਸੀਂ ‘ਕੱਠੇ ਕਾਫੀ ਹਾਊਸ ਜਾਂਦੇ, ‘ਕੱਠੇ ਸਾਹਿਤ ਸਭਾ ਵਿਚ ਕਹਾਣੀਆਂ ਸੁਣਾਉਂਦੇ ਤੇ ‘ਕੱਠੇ ਖਾਂਦੇ-ਪੀਂਦੇ। ਰੱਜ ਕੇ ਹਾਸਾ-ਮਖੌਲ ਕਰਦੇ। ਉਹ ਰੌਣਕੀ ਤਾਂ ਸੀ ਪਰ ਪੰਗੇਹੱਥਾ ਵੀ ਪੂਰਾ ਸੀ। ਮੇਰੇ ਦਿੱਲੀ ਛੱਡਣ ਸਾਰ ਗੁਰਬਚਨ ਸਿੰਘ ਭੁੱਲਰ ਦਿੱਲੀ ਪੁੱਜਾ ਤਾਂ ਭੁੱਲਰ-ਰੁਪਾਣਾ ਜੋੜੀ ਬਣ ਗਈ, ਜੋ ਲੰਮਾ ਸਮਾਂ ਨਿਭੀ। ਅਸੀਂ ਤਿੰਨਾਂ ਨੇ ‘ਆਰਸੀ’ ਨੂੰ ਰੰਗ ਭਾਗ ਲਾਉਣੇ ਸ਼ੁਰੂ ਕੀਤੇ ਤਾਂ ‘ਆਰਸੀ’ ਨੇ ਸਾਨੂੰ ਵੀ ਰੰਗ ਭਾਗ ਲਾ ਦਿੱਤੇ। ਸਾਡੀਆਂ ਪਲੇਠੀਆਂ ਪੁਸਤਕਾਂ ਨਵਯੁੱਗ ਪਬਲਿਸ਼ਰ ਦੇ ਭਾਪਾ ਪ੍ਰੀਤਮ ਸਿੰਘ ਨੇ ਪ੍ਰਕਾਸ਼ਿਤ ਕੀਤੀਆਂ। ਰੁਪਾਣੇ ਦੀ ਪਲੇਠੀ ਪੁਸਤਕ ‘ਇਕ ਟੋਟਾ ਔਰਤ’ 1970 ਵਿਚ ਛਪੀ। ਫੇਰ ਕਹਾਣੀ ਸੰਗ੍ਰਹਿ ‘ਆਪਣੀ ਅੱਖ ਦਾ ਜਾਦੂ’, ‘ਡਿਫੈਂਸ ਲਾਈਨ’, ‘ਸ਼ੀਸ਼ਾ ਤੇ ਹੋਰ ਕਹਾਣੀਆਂ’, ‘ਰਾਂਝਾ ਵਾਰਿਸ ਹੋਇਆ’, ‘ਤੇਲਗੂ ਕਹਾਣੀਆਂ’, ‘ਪਾਸਤੋਵਸਕੀ ਦੀਆਂ ਕਹਾਣੀਆਂ ਵੀਰਾਨੇ ਤੇ ਬਹਾਰਾਂ’, ‘ਆਮ-ਖ਼ਾਸ’, ਨਾਵਲ ‘ਜਲ ਦੇਵ’, ‘ਗੋਰੀ’, ‘ਆਸੋ ਦਾ ਟੱਬਰ’, ‘ਸ਼੍ਰੀ ਪਾਰਵਾ’ ਤੇ ਨਿਬੰਧ ‘ਟੁੱਟਦੇ ਬੰਧਨ’ ਛਪਦੀਆਂ ਗਈਆਂ। ‘ਬੁੱਢਾ ਤੇ ਸਮੁੰਦਰ’ ਤੇ ‘ਪਾਕਿਸਤਾਨ ਮੇਲ’ ਵਾਂਗ ਨਿੱਕ-ਆਕਾਰੀ ਨਾਵਲ ‘ਗੋਰੀ’ ਦੇ ਪੱਚੀ ਐਡੀਸ਼ਨ ਛਪੇ ਜਿਸ ਦਾ ਮੁੱਖਬੰਦ ਜਸਵੰਤ ਸਿੰਘ ਕੰਵਲ ਨੇ ਲਿਖਿਆ, ‘ਗੋਰੀ’ ਇੱਕ ਸਾਹਿਤਕ ਵੰਨਗੀ:
ਸ਼ੱਕਰ ਭਰੀ ਪਰਾਤ ਕੀ, ਮਿਸ਼ਰੀ ਕੀ ਏਕ ਡਲ਼ੀ।
ਮੂਰਖ ਝਗੜੇ ਰਾਤ ਭਰ, ਚਤਰ ਕੀ ਏਕ ਘੜੀ।
ਗੁਰਦੇਵ ਰੁਪਾਣਾ ਗੁੱਝੀਆਂ ਆਰਾਂ ਲਾਉਣ ਵਾਲਾ ਖੁੰਧਕੀ ਬੰਦਾ ਸੀ। ਹਾਸ-ਵਿਅੰਗ ਤੇ ਟਿੱਚਰਾਂ-ਮਖੌਲਾਂ ਨਾਲ ਮੂੰਹੋਂ-ਮੂੰਹ ਭਰਿਆ ਹੋਇਆ। ਮੈਂ ਉਸ ਨੂੰ ਗਲਪ ਦਾ ਨੈਸ਼ਨਲ ਚੈਂਪੀਅਨ ਕਹਿੰਦਾ। ਵੇਖਣ ਨੂੰ ਤਾਂ ਅਮਲੀ ਜਿਹਾ ਲੱਗਦਾ ਸੀ ਪਰ ਸੀਗਾ ਕਥਾ ਕਹਾਣੀਆਂ ਦਾ ਭਲਵਾਨ। ਖ਼ੁਸ਼ਵੰਤ ਸਿੰਘ ਵਾਂਗ ਅੰਗਰੇਜ਼ੀ `ਚ ਲਿਖਦਾ ਹੁੰਦਾ ਤਾਂ ਸੰਭਵ ਸੀ ਇੰਟਰਨੈਸ਼ਨਲ ਚੈਂਪੀਅਨ ਬਣਦਾ ਪਰ ਨਿਮਨ ਕਿਸਾਨੀ ਦੇ ਜੰਮੇ ਜਾਏ ਤੋਂ ਨਿੱਕੇ ਕਦਮਾਂ ਨਾਲ ਵੱਡੀ ਛਾਲ ਨਾ ਵੱਜ ਸਕੀ। ਕੁੱਝ ਉਹਦੀ ਬੋਲ ਬਾਣੀ ਲੈ ਬੈਠੀ। ਕਿਸੇ ਨੂੰ ਬਖਸ਼ਦਾ ਜੁ ਨਹੀਂ ਸੀ। ਉਸ ਨੇ ‘ਕਾਦਰਯਾਰ-ਇੱਕ ਅਧਿਐਨ’ ਵਿਸ਼ੇ `ਤੇ ਪੀ.ਐਚ.ਡੀ. ਕੀਤੀ ਸੀ। ਉਹਦੇ ਵਿਚ ਵਿਰਕਾਂ ਵਾਲੇ ਗੁਣ ਵੀ ਸਨ ਤੇ ਔਗੁਣ ਵੀ। ਬੋਲਬਾਣੀ ਐਸੀ ਕਿ ਬਣਦਾ ਕੰਮ ਵਿਗਾੜ ਬਹਿੰਦਾ ਸੀ। ਜੇਕਰ ਮਾੜਾ-ਮੋਟਾ ਖ਼ੁਸ਼ਾਮਦੀ ਹੁੰਦਾ ਤਾਂ ਆਹ ਅਵਾਰਡ-ਸ਼ਵਾਰਡ ਕਦੋਂ ਦੇ ਵੱਟ `ਤੇ ਪਏ ਸਨ। ‘ਹਵਾ’ ਤੇ ‘ਸ਼ੀਸ਼ਾ’ ਵਰਗੀਆਂ ਕਲਾਸਿਕ ਕਹਾਣੀਆਂ ਕਦੋਂ ਦੀਆਂ ਲਿਖੀਆਂ ਜਾ ਚੁੱਕੀਆਂ ਸਨ। ‘ਗੋਰੀ’ ਨਾਵਲ ਦੇ ਪੱਚੀ ਐਡੀਸ਼ਨ ਛਪ ਚੁੱਕੇ ਸਨ।
ਉਹ ਆਮ ਵੀ ਸੀ ਤੇ ਖ਼ਾਸ ਵੀ। ਰੁਪਾਣੇ `ਚ ਆਮ, ਦਿੱਲੀ `ਚ ਖ਼ਾਸ। ਦੋਵੇਂ ਵੱਡੇ ਅਵਾਰਡ ਵੀ ਉਹਦੇ ‘ਆਮ-ਖ਼ਾਸ’ ਕਹਾਣੀ ਸੰਗ੍ਰਹਿ ਨੂੰ ਮਿਲੇ। ਆਪਣੇ ਨਾਂ ਨਾਲੋਂ ਵਿਰਕ ਉਸ ਨੇ ਇਸ ਕਰਕੇ ਹਟਾ ਲਿਆ ਸੀ ਕਿ ਉਹਦੀਆਂ ਚੰਗੀਆਂ ਕਹਾਣੀਆਂ ਕੁਲਵੰਤ ਸਿੰਘ ਵਿਰਕ ਦੇ ਖਾਤੇ `ਚ ਨਾ ਪੈ ਜਾਣ ਤੇ ਵਿਰਕ ਦੀਆਂ ਮਾੜੀਆਂ ਉਹਦੇ ਖਾਤੇ ਨਾ ਚੜ੍ਹ ਜਾਣ! ਘਰ `ਚ ਉਹਦਾ ਨਾਂ ਦੇਵ ਸੀ, ਹਾਣੀਆਂ ਦਾ ਦੇਬਾ, ਦਸਵੀਂ ਦਾ ਫਾਰਮ ਭਰਨ ਵੇਲੇ ਗੁਰਦੇਵ ਸਿੰਘ ਵਿਰਕ ਤੇ ਪੀ.ਐਚ.ਡੀ. ਕਰਨ ਪਿੱਛੋਂ ਡਾ. ਗੁਰਦੇਵ ਸਿੰਘ ਵਿਰਕ। ਉਸ ਨੂੰ ਕਲਮੀ ਨਾਂ ਗੁਰਦੇਵ ਰੁਪਾਣਾ ਇਸ ਲਈ ਰੱਖਣਾ ਪਿਆ ਕਿ ਸੱਤ ਗੁਰਦੇਵ ਤਾਂ ਉਹਦੇ ਸਕੂਲ `ਚ ਹੀ ਪੜ੍ਹਦੇ ਸਨ। ਲਿਖਣ ਵਾਲੇ ਕੀ ਪਤਾ ਸਤਾਰਾਂ ਹੋਣ?
ਉਹਦੀ ਪਹਿਲੀ ਕਹਾਣੀ ਦਸਵੀਂ `ਚ ਪੜ੍ਹਦਿਆਂ ਪ੍ਰੋ. ਮੋਹਨ ਸਿੰਘ ਦੇ ‘ਪੰਜ ਦਰਿਆ’ ਵਿਚ ਛਪੀ ਸੀ। ਉਹ ਉਸ ਨੇ ਗੁਰਦੇਵ ਸਿੰਘ ਵਿਰਕ ਦੇ ਨਾਮ ਹੇਠ ਭੇਜੀ ਸੀ। ਕੰਪੋਜ਼ੀਟਰ ਨੇ ਲੋਹੜਾ ਮਾਰਿਆ ਕਿ ਵਿਰਕ ਦਾ ਵਿਰਦੀ ਬਣਾ ਧਰਿਆ। ਜੱਟ ਤੋਂ ਰਾਮਗੜ੍ਹੀਆ। ਇਹ ਵੀ ਇੱਕ ਕਾਰਨ ਸੀ ਨਾਂ ਨਾਲੋਂ ਵਿਰਕ ਲਾਹੁਣ ਦਾ। ਉਦੋਂ ਪੰਜ ਦਰਿਆ ਦਾ ਸਾਲਾਨਾ ਚੰਦਾ ਛੇ ਰੁਪਏ ਸੀ। ਕਹਾਣੀ ਛਪਣ ਦੀ ਭੇਟਾ ਵਜੋਂ ਉਸ ਨੂੰ ‘ਪੰਜ ਦਰਿਆ’ ਦੋ ਸਾਲ ਮੁਫ਼ਤ ਮਿਲਿਆ। ‘ਟ੍ਰਿਬਿਊਨ’ ਉਹ ਖਰੀਦ ਕੇ ਪੜ੍ਹਦਾ ਜੋ ਢਾਈ ਆਨਿਆਂ ਦਾ ਆਉਂਦਾ। ਉਹ ਮੁਕਤਸਰੋਂ ਟਾਂਗੇ ਵਾਲਾ ਲਿਆਉਂਦਾ।
ਗੁਰਦੇਵ ਰੁਪਾਣਾ ਨਾਂ ਥਾਂ-ਥਾਂ ਛਪਣ ਪਿੱਛੋਂ ਵੀ ਪਿੰਡ ਰੁਪਾਣੇ ਦੇ ਸੌ `ਚੋਂ ਨੱਬੇ ਬੰਦਿਆਂ ਨੂੰ ਨਹੀਂ ਪਤਾ ਕਿ ਸਾਹਿਤ ਅਕਾਡਮੀ ਅਵਾਰਡ ਹਾਸਲ ਕਰਨ ਵਾਲਾ ਗੁਰਦੇਵ ਰੁਪਾਣਾ ਉਨ੍ਹਾਂ ਦੇ ਪਿੰਡ ਦਾ ਹੀ ਹੈ! ਮੈਂ ਦੋ ਕੁ ਸਾਲ ਪਹਿਲਾਂ ਉਹਨੂੰ ਮਿਲਣ ਗਿਆ ਤਾਂ ਸੱਥ `ਚ ਬੈਠੇ ਬੰਦਿਆਂ ਤੋਂ ਪੁੱਛਿਆ, ‘ਭਾਈ ਸਾਹਿਬ, ਗੁਰਦੇਵ ਰੁਪਾਣੇ ਦਾ ਘਰ ਕਿਧਰ ਹੈ?’ ਕਿਸੇ ਤੋਂ ਪਤਾ ਨਾ ਲੱਗੇ। ਵੇਰਵੇ ਦੇ ਕੇ ਮੈਂ ਉਹਦਾ ਘਰ ਮਸਾਂ ਲੱਭਿਆ। ਅਸਲ ਵਿਚ ਪਿੰਡ `ਚ ਉਹ ਗੁਰਦੇਵ ਰੁਪਾਣਾ ਨਹੀਂ ‘ਗੁਰਦੇਵ ਦਿੱਲੀ ਵਾਲਾ’ ਵੱਜਦਾ ਸੀ! ਤਦੇ ਉਹਦੇ ਨੜੋਏ ਨਾਲ ਬੜੇ ਘੱਟ ਰੁਪਾਣੀਏਂ ਗਏ।
ਉਹਦੀ ਪੀ.ਐਚ.ਡੀ. ਦੀ ਗੱਲ ਵੀ ਸੁਣ ਲਓ। ਸਈਅਦ ਨਜ਼ਮ ਹੁਸੈਨ ਨੇ ਅੰਗਰੇਜ਼ੀ ਦੀ ਕਿਤਾਬ ‘ਰਿਕਰੰਟ ਪੈਟਰਨ ਇਨ ਪੰਜਾਬੀ ਪੋਇਟਰੀ’ ਅੰਮ੍ਰਿਤਾ ਪ੍ਰੀਤਮ ਨੂੰ ਭੇਜੀ। ਅੰਮ੍ਰਿਤਾ ਦਾ ਅੰਗਰੇਜ਼ੀ ਵਿਚ ਹੱਥ ਤੰਗ ਹੋਣ ਕਰਕੇ ਬੇਦੀ ਨੂੰ ਭੇਜ ਦਿੱਤੀ। ਉਹਦਾ ਹੱਥ ਓਦੂੰ ਵੀ ਤੰਗ। ਬੇਦੀ ਨੇ ਰੁਪਾਣੇ ਨੂੰ ਦੇ ਦਿੱਤੀ ਕਿ ‘ਨਾਗਮਣੀ ਸ਼ਾਮ’ `ਚ ਅੰਮ੍ਰਿਤਾ ਨੂੰ ਮੋੜ ਦੇਈਂ। ਰੁਪਾਣੇ ਨੇ ਕਿਤਾਬ ਪੜ੍ਹ ਲਈ ਤੇ ਪ੍ਰੋ. ਅਤਰ ਸਿੰਘ ਨੂੰ ਜਾ ਪੜ੍ਹਾਈ। ਉਹ ਕਹਿੰਦਾ, ‘ਤੂੰ ਇਸ ਪੈਟਰਨ `ਤੇ ਪੀ.ਐਚਡੀ. ਕਰ ਸਕਦੈਂ। ਕਾਦਰਯਾਰ ਦੀ ਕਵਿਤਾ `ਤੇ ਕਰ ਲੈ, ਮੈਂ ਤੇਰਾ ਗਾਈਡ ਬਣਜੂੰ।’ ਰੁਪਾਣੇ ਅੰਦਰਲਾ ਦੇਬਾ ਫਿਰ ਜਾਗ ਪਿਆ, ‘ਗਾਈਡ-ਗੂਡ ਨੀ ਮੈਂ ਤੈਨੂੰ ਬਣਾਉਣਾ। ਤਰਲੋਕ ਕੰਵਰ ਨੂੰ ਬਣਾਊਂ। ਚੱਲ ਗਾਈਡੈਂਸ ਤੈਥੋਂ ਈ ਲਈ ਜਾਊਂ।’ ਅਤਰ ਸਿਓਂ ਦਰੂਅੰਦੇਸ਼ ਸੀ, ਰੁਪਾਣੇ ਦੀ ਰਮਜ਼ ਸਮਝਦਾ ਸੀ। ਇਉਂ ਹੋਈ ਉਹਦੀ ਪੀ.ਐਚਡੀ.। ਉਸ ਨੇ ਪ੍ਰਾਇਮਰੀ ਤੋਂ ਐਮਏ ਤਕ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ।
ਆਪਣੇ ਨਾਂ ਨਾਲ ਡਾਕਟਰ ਨਾ ਲਾਉਣ ਬਾਰੇ ਕੋਈ ਪੁੱਛਦਾ ਤਾਂ ਜਵਾਬ ਮਿਲਦਾ, ‘ਪਹਿਲਾਂ ਈ ਸਾਹਿਤ ਦੇ ਡਾਕਟਰ ਬਹੁਤ ਨੇ। ਪਈ ਟਰ-ਟਰ ਹੋਈ ਜਾਂਦੀ ਐ! ਜੇ ਕੋਈ ਡਾ. ਗੁਰਦੇਵ ਰੁਪਾਣਾ ਕਹੂ ਤਾਂ ਲੱਗੂ ਜਿਵੇਂ ਮਰੀਜ਼ਾਂ ਦਾ ਡਾਕਟਰ ਹੋਊ। ਨਾਲੇ ਡਾਕਟਰ ਵੀ ਕਾਹਦਾ? ਅੱਖਾਂ ਦਾ? ਦੰਦਾਂ ਦਾ? ਡੰਗਰਾਂ ਦਾ? ਆਪਾਂ ਤੋਂ ਨੀ ਬਣ ਹੁੰਦਾ ਡੰਗਰ ਡਾਕਟਰ!’
ਸਰੀਰਕ ਮੌਤ ਭਾਵੇਂ ਬੰਦੇ ਦਾ ਬਹੁਤ ਕੁੱਝ ਲੈ ਜਾਂਦੀ ਹੈ ਪਰ ਸਾਰਾ ਕੁੱਝ ਨਹੀਂ। 5 ਦਸੰਬਰ, 2021 ਨੂੰ ਮੌਤ ਰੁਪਾਣੇ ਦੇ ਦਰ `ਤੇ ਆਈ ਤੇ ਉਹਦੀ ਜਿੰਦ ਲੈ ਕੇ ਤੁਰਦੀ ਹੋਈ। ਪਿੱਛੇ ਮੁਰਦਾ ਦੇਹ ਛੱਡ ਗਈ। ਪਿੰਡ ਰੁਪਾਣੇ `ਚ ਹੀ 13 ਅਪਰੈਲ, 1936 ਨੂੰ ਉਹਦਾ ਜਨਮ ਹੋਇਆ ਸੀ। ਕਿਹਾ ਜਾਂਦੈ ਕਿ ਮਨੁੱਖ ਨਾਸ਼ਵਾਨ ਹੈ। ਹਾਂ, ਨਾਸ਼ਵਾਨ ਹੈ, ਪਰ ਮਨੁੱਖ ਦਾ ਜੀਵਨ ਨਾਸ਼ਵਾਨ ਨਹੀਂ। ਬੰਦੇ ਦੀ ਮੁਰਦਾ ਦੇਹ ਭਾਵੇਂ ਦੱਬ/ਸਾੜ ਦਿੱਤੀ ਜਾਂਦੀ ਹੈ ਪਰ ਉਹਦੀ ਨੇਕੀ ਜਿਊਂਦੀ ਰਹਿੰਦੀ ਹੈ। ਘਾਲ-ਕਮਾਈਆਂ ਤੇ ਮਾਰੀਆਂ ਮੱਲਾਂ ਦੀ ਸ਼ੋਭਾ ਕਦੇ ਨਹੀਂ ਮਰਦੀ। ਰੁਪਾਣਾ ਭਾਵੇਂ ਓਥੇ ਤੁਰ ਗਿਐ ਜਿਥੋਂ ਕੋਈ ਮੁੜ ਕੇ ਨਹੀਂ ਪਰਤਦਾ ਪਰ ਉਹ ਕਹਾਣੀਆਂ ਤੇ ਨਾਵਲਾਂ ਨਾਲ ਸਦਾ ਸਾਡੇ ਵਿਚਕਾਰ ਰਹੇਗਾ। 14 ਦਸੰਬਰ ਨੂੰ ਗੁਰਦੇਵ ਸਿੰਘ ਦਾ ਰੁਪਾਣੇ ਦੇ ਗੁਰਦੁਆਰੇ `ਚ ਭੋਗ ਪੈ ਜਾਣੈ ਤੇ ਸ਼ਰਧਾਂਜਲੀਆਂ ਦਿੱਤੀਆਂ ਜਾਣੀਆਂ ਹਨ। ਜਿਹੜਾ ਪਾਠਕ/ਲੇਖਕ ਪਹੁੰਚ ਸਕਦੈ ਜ਼ਰੂਰ ਪਹੁੰਚੇ ਤੇ ਸ਼ਰਧਾ ਦੇ ਫੁੱਲ ਭੇਟ ਕਰੇ।