ਪੰਜਾਬ ਚੋਣਾਂ ਵਾਸਤੇ ਗੁੱਛੀ-ਮਾਰ ਦਾਅ ਉੱਤੇ ਬੈਠੀ ਭਾਜਪਾ

ਜਤਿੰਦਰ ਪਨੂੰ
ਪੰਜਾਬ ਇਸ ਵੇਲੇ ਵਿਧਾਨ ਸਭਾ ਚੋਣਾਂ ਵੱਲ ਵਧ ਰਿਹਾ ਹੈ। ਦਿਨੋ-ਦਿਨ ਉਹ ਘੜੀ ਨੇੜੇ ਆਈ ਜਾਂਦੀ ਹੈ, ਜਦੋਂ ਲੋਕਾਂ ਨੇ ਵੋਟਾਂ ਪਾਉਣੀਆਂ ਅਤੇ ਆਗੂ ਚੁਣਨੇ ਹਨ, ਜਿਹੜੇ ਅਗਲੇ ਪੰਜ ਸਾਲਾਂ ਲਈ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧ ਵਜੋਂ ਭਵਿੱਖ ਨਕਸ਼ਾ ਸੁਧਾਰਨ ਦੇ ਜਿ਼ੰਮੇਵਾਰ ਹੋਣਗੇ, ਪਰ ਅਮਲ ਵਿਚ ਜਿੱਦਾਂ ਅੱਗੇ ਹੁੰਦਾ ਰਿਹਾ ਹੈ, ਉਸ ਕਾਰਨ ਆਸ ਰੱਖਣੀ ਫਜ਼ੂਲ ਹੈ ਕਿ ਉਹ ਮਾਣ-ਸਨਮਾਨ ਬਖਸ਼ਣ ਵਾਲੇ ਵੋਟਰਾਂ ਦਾ ਚੇਤਾ ਵੀ ਰੱਖਣਗੇ।

ਬਿਨਾਂ ਸਿਧਾਂਤ ਤੋਂ ਕੁਰਸੀਆਂ ਦੀ ਝਾਕ ਵਿਚ ਜਣਾ-ਖਣਾ ਆਗੂ ਬਣਨ ਤੁਰ ਪੈਂਦਾ ਹੈ ਤੇ ਆਗੂ ਬਣਨਾ ਵੀ ਔਖਾ ਨਹੀਂ, ਬੰਦੇ ਕੋਲ ਥੋੜ੍ਹਾ ਜਿਹਾ ਪੈਸਾ ਹੋਵੇ, ਲੋਕਾਂ ਦੀ ਨਜ਼ਰ ਵਿਚ ਲੀਡਰ ਬਣਾ ਕੇ ਪੇਸ਼ ਕਰਨ ਵਾਲਿਆਂ ਦੀ ਲਾਈਨ ਲੱਗ ਜਾਂਦੀ ਹੈ। ਕਿਸੇ ਵੱਡੇ ਰਾਜਸੀ ਆਗੂ ਨਾਲ ਕਿਸੇ ਤਰ੍ਹਾਂ ਦਾ ਉਸ ਦਾ ਰਿਸ਼ਤਾ ਹੋਵੇ ਤੇ ਉਹ ਉਸ ਰਿਸ਼ਤੇ ਨੂੰ ਵਰਤਣਾ ਜਾਣਦਾ ਹੋਵੇ ਤਾਂ ਆਪਣੇ ਲਈ ਮੈਦਾਨ ਬਣਾ ਲੈਣ ਵਿਚ ਉਸ ਨੂੰ ਉਂਜ ਹੀ ਦੇਰ ਨਹੀਂ ਲੱਗਦੀ। ਚਾਰ ਥਾਈਂ ਆਪਣੇ ਰਿਸ਼ਤੇਦਾਰ ਲੀਡਰ ਦੇ ਸਮਾਗਮ ਕਰਵਾਉਣ ਦਾ ਨਾਟਕ ਕਰ ਲਏ, ਫਿਰ ਚਾਰ ਥਾਈਂ ਉਸ ਲੀਡਰ ਨਾਲ ਜਾਂਦਿਆਂ ਸਟੇਜ ਸੈਕਟਰੀ ਨੂੰ ਕਹਿ ਕੇ ਭਾਸ਼ਣ ਕਰਨ ਲਈ ਵਕਤ ਕਢਵਾ ਲਵੇ ਤੇ ਉਸ ਭਾਸ਼ਣ ਵਾਲੀਆਂ ਫੋਟੋਆਂ ਚਾਰ ਅਖਬਾਰਾਂ ਵਿਚ ਛਪਵਾ ਲਵੇ ਤਾਂ ਉਹ ‘ਸੀਨੀਅਰ ਲੀਡਰ’ ਬਣ ਜਾਂਦਾ ਹੈ।
ਹੁਣ ਜਦੋਂ ਪੰਜਾਬ ਵਿਚ ਮੁੜ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ, ਉਦੋਂ ਕਈ ਆਗੂਆਂ ਦੇ ਕਾਕੇ ਅਤੇ ਚਹੇਤੇ ਰਿਸ਼ਤੇਦਾਰ ਰਾਤੋ-ਰਾਤ ਲੀਡਰ ਬਣਨ ਅਤੇ ਇੱਕ ਜਾਂ ਦੂਸਰੇ ‘ਹਲਕੇ ਦੇ ਲੋਕਾਂ ਦੀ ਮੰਗ’ ਦੱਸ ਕੇ ਟਿਕਟਾਂ ਵਾਸਤੇ ਦਾਅਵੇਦਾਰ ਬਣਦੇ ਆਮ ਮਿਲ ਜਾਂਦੇ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਟਿਕਟਾਂ ਮਿਲ ਵੀ ਜਾਣੀਆਂ ਹਨ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵਿਚ ਅਜਿਹਾ ਹੀ ਕਲਚਰ ਹੈ, ਜਿਸ ਕਰਕੇ ਕਿਸੇ ਇੱਕ ਜਾਂ ਦੂਸਰੀ ਪਾਰਟੀ ਦਾ ਨਾਂਅ ਲੈਣ ਦੀ ਲੋੜ ਨਹੀਂ। ਸਰਕਾਰ ਚਲਾ ਰਹੀ ਪਾਰਟੀ ਵਿਚ ਅਜਿਹੇ ਲੋਕ ਵੱਧ ਹਨ। ਇਸ ਦਾ ਕਾਰਨ ਇਹ ਹੈ ਕਿ ਰਾਜ ਕਰਦਿਆਂ ਜਿਹੋ ਜਿਹੀ ਕਮਾਈ ਰਾਤ-ਦਿਨ ਦੋਵੇਂ ਹੱਥੀਂ ਕੀਤੀ ਜਾਂਦੀਹੈ ਤੇ ਉਸ ਕਮਾਈ ਨੂੰ ਸੰਭਾਲਣ ਵਾਲਿਆਂ ਦੀ ਪਲਟਣ ਵੀ ਓਡੀ ਹੀ ਵੱਡੀ ਚਾਹੀਦੀ ਹੈ। ਜਿਹੜੇ ਲੋਕ ਇਨ੍ਹਾਂ ਕੰਮਾਂ ਲਈ ਵਰਤੇ ਜਾਂਦੇ ਹਨ, ਉਹ ਏਨੇ ਰਾਜ਼ ਜਾਣ ਜਾਂਦੇ ਹਨ ਕਿ ਟਿਕਟ ਮੰਗਣ ਤਾਂ ਉਨ੍ਹਾਂ ਨੂੰ ਇਨਕਾਰ ਕਰਨ ਦਾ ਮਤਲਬ ਆਪਣੇ ਭੇਦਾਂ ਦੀ ਖੇਹ ਉਡਾਉਣ ਦਾ ਰਿਸਕ ਲੈਣਾ ਹੁੰਦਾ ਹੈ। ਇਸ ਕਾਰਨ ਲੀਡਰਾਂ ਨਾਲ ਲੱਗੇ ਹੋਏ ਅਜਿਹੇ ਬੰਦਿਆਂ ਦੀ ਗਿਣਤੀ ਰਾਜ ਕਰਦੀ ਪਾਰਟੀ ਦੇ ਲੀਡਰਾਂ ਵੱਲ ਵੱਧ ਹੋ ਸਕਦੀ ਹੈ, ਪਰ ਵਿਰੋਧੀ ਧਿਰ ਵਿਚ ਬੈਠਦੇ ਆਗੂਆਂ ਦੇ ਨਾਲ ਵੀ ਅਜਿਹੇ ਲੋਕਾਂ ਦੀ ਛੋਟੀ ਗਿਣਤੀ ਨਹੀਂ ਹੁੰਦੀ।
ਜਿਹੜੇ ਲੋਕ ਪਹਿਲਾਂ ਕਿਸੇ ਨਾ ਕਿਸੇ ਰੁਤਬੇ ਉੱਤੇ ਜਾ ਚੁੱਕੇ ਹੁੰਦੇ ਹਨ ਅਤੇ ਫਿਰ ਉਹ ਰੁਤਬਾ ਬਚਾਉਣਾ ਜਾਂ ਹੋਰ ਵੱਡਾ ਰੁਤਬਾ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਵਿਚੋਂ ਵੱਡੀ ਗਿਣਤੀ ਲੋਕ ਹਰ ਵਾਰ ਚੋਣਾਂ ਨੇੜੇ ਆਉਣ `ਤੇ ਬੇਸ਼ਰਮ ਹੋਣ ਦੇ ਰਿਕਾਰਡ ਤੋੜਨ ਲੱਗਦੇ ਹਨ। ਅਸੀਂ ਜਦੋਂ ਪੰਜਾਬ ਦੇ ਮੌਜੂਦਾ ਵਿਧਾਨ ਸਭਾ ਮੈਂਬਰਾਂ ਦਾ ਪਿਛੋਕੜ ਫਰੋਲਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਇਨ੍ਹਾਂ ਵਿਚੋਂ ਦੋ ਦਰਜਨ ਤੋਂ ਵੱਧ ਆਪਣੇ ਬਾਪ-ਦਾਦੇ ਜਾਂ ਰਿਸ਼ਤੇ ਵਿਚ ਕਿਸੇ ਆਗੂ ਨਾਲ ਨੇੜਲੇ ਸਬੰਧਾਂ ਕਰਕੇ ਵਿਧਾਇਕ ਬਣੇ ਸਨ। ਕਰੀਬ ਸੱਤਵਾਂ ਹਿੱਸਾ ਉਹ ਲੋਕ ਇਸ ਵਿਧਾਨ ਸਭਾ ਦੇ ਮੈਂਬਰ ਹਨ, ਜਿਹੜੇ ਕਦੇ ਨਾ ਕਦੇ ਇੱਕ ਪਾਰਟੀ ਤੋਂ ਦੂਸਰੀ ਵੱਲ ਛੜੱਪੇ ਮਾਰ ਚੁੱਕੇ ਹਨ ਅਤੇ ਕੁਝ ਲੋਕ ਤਾਂ ਤੀਸਰੀ ਜਾਂ ਚੌਥੀ ਪਾਰਟੀ ਤਕ ਦੇ ਛੜੱਪੇ ਮਾਰਨ ਪਿੱਛੋਂ ਵੀ ਆਗੂ ਮੰਨੇ ਜਾਂਦੇ ਹਨ। ਅਜਿਹੇ ਲੋਕ ਮੌਜੂਦਾ ਵਿਧਾਨ ਸਭਾ ਵਿਚ ਹੀ ਨਹੀਂ ਹਨ, ਸਗੋਂ ਅਗਲੀ ਵਾਰ ਜਿਹੜੇ ਚੁਣ ਕੇ ਆਉਣੇ ਹਨ, ਉਹ ਵੀ ਵਧੇਰੇ ਏਦਾਂ ਦੇ ਹੀ ਹੋਣਗੇ।
ਕੁਝ ਹਫਤੇ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮੰਤਰੀ ਇਹ ਕੁਰਸੀ ਛੱਡਣ ਲਈ ਮਜਬੂਰ ਹੋਇਆ ਤਾਂ ਉਹ ਆਪਣੀ ਪਾਰਟੀ ਵੀ ਛੱਡ ਗਿਆ। ਫਿਰ ਉਸ ਨੇ ਇੱਕ ਨਵੀਂ ਕਾਂਗਰਸ ਪਾਰਟੀ ਬਣਾਈ ਅਤੇ ਇਹ ਆਸ ਰੱਖੀ ਬੈਠਾ ਹੈ ਕਿ ਜਿਸ ਦਿਨ ਅਗਲੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ ਹੋਣਾ ਤੇ ਚੋਣ ਜ਼ਾਬਤਾ ਲਾਇਆ ਜਾਣਾ ਹੈ, ਉਸ ਦਿਨ ਦੂਸਰੀਆਂ ਪਾਰਟੀਆਂ ਵਿਚੋਂ ਤੇ ਖਾਸ ਕਰ ਕੇ ਕਾਂਗਰਸ ਵਿਚੋਂ ਕਈ ਮੌਜੂਦਾ ਵਿਧਾਇਕ ਤੇ ਸ਼ਾਇਦ ਕੁਝ ਮੰਤਰੀ ਵੀ ਉਸ ਨਾਲ ਆ ਜੁੜਨਗੇ। ਸਾਫ ਹੈ ਕਿ ਖੁਦ ਤਿੰਨ ਪਾਰਟੀਆਂ ਬਦਲ ਚੁੱਕਾ ਆਗੂ ਇਸ ਨਵੀਂ ਪਾਰਟੀ ਦਾ ਮੁੱਢ ਹੀ ਏਦਾਂ ਦੇ ਦਲ-ਬਦਲੂਆਂ ਨਾਲ ਬੰਨ੍ਹਣ ਦੀ ਤਾਕ ਵਿਚ ਹੈ, ਜਿਹੜੇ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ਕਬੂਤਰ ਵਾਂਗ ਉਡਾਰੀ ਮਾਰ ਕੇ ਇਸ ਲੀਡਰ ਦੇ ਚੁਬਾਰੇ ਉੱਤੇ ਆ ਬੈਠਣਗੇ। ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਕਾਂਗਰਸ ਦੇ 25 ਦੇ ਕਰੀਬ ਵਿਧਾਇਕ ਉਸ ਨਾਲ ਜੁੜਨ ਨੂੰ ਤਿਆਰ ਹਨ, ਪਰ ਉਹ ਅਜਿਹੇ ਦਲ-ਬਦਲੂਆਂ ਲਈ ਆਪਣੇ ਦਰਵਾਜ਼ੇ ਨਹੀਂ ਖੋਲ੍ਹਣਾ ਚਾਹੁੰਦੀ। ਇਹ ਗੱਲ ਹੋ ਵੀ ਸਕਦੀ ਹੈ ਅਤੇ ਹਵਾ ਬੰਨ੍ਹਣ ਲਈ ਯੱਕੜ ਮਾਰਿਆ ਵੀ ਹੋਵੇ ਤਾਂ ਹੈਰਾਨੀ ਵਾਲੀ ਕੋਈ ਗੱਲ ਨਹੀਂ। ਏਦਾਂ ਦਾ ਦਾਅਵਾ ਹੀ ਇਸ ਪਾਰਟੀ ਨੇ ਅਕਾਲੀ ਦਲ ਬਾਰੇ ਵੀ ਕੀਤਾ ਹੈ। ਅਕਾਲੀ ਆਗੂ ਵੀ ਅਜਿਹੀ ਗੱਲ ਕਈ ਵਾਰ ਕਹਿ ਚੁੱਕੇ ਹਨ ਕਿ ਕਾਂਗਰਸ ਹੀ ਨਹੀਂ, ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਅਗਲੇ ਦਿਨਾਂ ਵਿਚ ਉਨ੍ਹਾਂ ਵੱਲ ਆ ਸਕਦੇ ਹਨ। ਜਦੋਂ ਆਇਆ ਤੇ ਜਿਹੜਾ ਕੋਈ ਵੀ ਉਨ੍ਹਾਂ ਕੋਲ ਆ ਗਿਆ, ਨਾ ਆਮ ਆਦਮੀ ਪਾਰਟੀ ਨੇ ਕਦੀ ਮੋੜਨ ਦੀ ਲੋੜ ਸਮਝੀ ਹੈ, ਨਾ ਅਕਾਲੀ ਦਲ ਨੇ ਮੋੜਨਾ ਹੈ ਅਤੇ ਨਾ ਉਸ ਕਾਂਗਰਸ ਪਾਰਟੀ ਨੇ, ਜਿਸ ਨੇ ਇਸੇ ਸਾਲ ਅੱਠ ਜਣੇ ਆਮ ਆਦਮੀ ਪਾਰਟੀ ਵਿਚੋਂ ਖਿੱਚ ਕੇ ਆਪਣੇ ਵਿਚ ਮਿਲਾਏ ਹਨ। ਇਨ੍ਹਾਂ ਵਿਚੋਂ ਤਿੰਨ ਜਣੇ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਉੱਤੇ ਏਧਰ ਆਏ ਸਨ ਤੇ ਉਸ ਵੱਲੋਂ ਪਾਰਟੀ ਛੱਡਣ ਪਿੱਛੋਂ ਕੋਈ ਕਦਰ ਨਾ ਪੈਂਦੀ ਵੇਖ ਕੇ ਅਸੈਂਬਲੀ ਮੈਂਬਰੀ ਤੋਂ ਹੀ ਅਸਤੀਫੇ ਦੇ ਗਏ ਹਨ। ਇੱਕ ਜਣਾ ਵਿਧਾਨ ਸਭਾ ਮੈਂਬਰੀ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਟਿਕਟ ਦੀ ਝਾਕ ਵਿਚ ਏਧਰ ਆਇਆ ਤੇ ਇੱਕ ਬੀਬੀ ਇਸ ਲਈ ਕਾਂਗਰਸ ਵਿਚ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਟਿਕਟ ਨਾ ਦੇਣ ਦਾ ਇਸ਼ਾਰਾ ਅਗੇਤਾ ਹੀ ਕਰ ਦਿੱਤਾ ਸੀ। ਇਸ ਤੋਂ ਕਾਂਗਰਸ ਵਾਲੇ ਇਹ ਸਮਝਦੇ ਹਨ ਕਿ ਉਨ੍ਹਾਂ ਵੱਲ ਲੋਕ ਆਈ ਜਾਂਦੇ ਹਨ, ਪਰ ਉਹ ਚੇਤਾ ਭੁਲਾ ਦੇਂਦੇ ਹਨ ਕਿ ਲੋਕ ਉਨ੍ਹਾਂ ਵੱਲ ਨਹੀਂ, ਸੱਤਾ ਵੱਲ ਆਏ ਹਨ, ਜਦੋਂ ਹਵਾ ਦਾ ਰੁਖ ਬਦਲ ਰਿਹਾ ਦਿਸੇਗਾ ਤਾਂ ਰਾਤੋ-ਰਾਤ ਕਿਸੇ ਹੋਰ ਪਾਸੇ ਜਾਣ ਵਿਚ ਵੀ ਪਲ ਨਹੀਂ ਲਾਉਣਗੇ। ਬਿਨਾਂ ਕਿਸੇ ਸਿਧਾਂਤ ਤੋਂ ਸੱਤਾ ਸੁਖ ਲਈ ਜਿਨ੍ਹਾਂ ਲੋਕਾਂ ਨੇ ਪਹਿਲਾਂ ਛੜੱਪੇ ਮਾਰਦਿਆਂ ਸ਼ਰਮ ਨਹੀਂ ਸੀ ਕੀਤੀ, ਅਗੋਂ ਵੀ ਕਦੇ ਨਹੀਂ ਕਰਨਗੇ।
ਅਕਾਲੀ ਦਲ ਨੇ ਪਿਛਲੇ ਦਿਨਾਂ ਵਿਚ ਅਜਿਹੇ ਕੁਝ ਲੋਕ ਨਾਲ ਮਿਲਾਏ ਹਨ, ਪਰ ਕਾਂਗਰਸੀਆਂ ਤੋਂ ਉਲਟ ਇਸ ਪਾਸੇ ਮੌਜੂਦਾ ਦੀ ਬਜਾਏ ਸਾਬਕਾ ਵਿਧਾਇਕਾਂ ਦੀ ਲਾਈਨ ਹੀ ਲੱਗਦੀ ਦਿਸੀ ਹੈ। ਉਨ੍ਹਾਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵਾਰੀ ‘ਅਭੀ ਨਹੀਂ ਤੋਂ ਕਭੀ ਨਹੀਂ’ ਵਾਲੀ ਸੋਚ ਨਾਲ ਚੋਣਾਂ ਦੇ ਮੈਦਾਨ ਵਿਚ ਹੈ। ਉਸ ਦੇ ਸਾਹਮਣੇ ਵੱਡੀ ਚੁਣੌਤੀ ਹੈ ਕਿ ਜੇ ਇਸ ਵਾਰ ਆਪਣੀ ਪਾਰਟੀ ਨੂੰ ਰਾਜ-ਗੱਦੀਆਂ ਤਕ ਨਾ ਪਹੁੰਚਾ ਸਕਿਆ ਤਾਂ ਅਗਲੀ ਵਾਰ ਪਾਰਟੀ ਦੀ ਅਗਵਾਈ ਵੀ ਉਸ ਦੇ ਹੱਥੋਂ ਨਿਕਲ ਸਕਦੀ ਹੈ। ਪਿਛਲੀ ਵਾਰ ਦੀਆਂ ਚੋਣਾਂ ਵਿਚ ਪਾਰਟੀ ਦੀ ਸਿਰਫ ਹਾਰ ਨਹੀਂ ਸੀ ਹੋਈ, ਪਾਰਟੀ ਦੀ ਹੈਸੀਅਤ ਏਨੀ ਪਾਣੀਉਂ ਪਤਲੀ ਹੋ ਗਈ ਸੀ ਕਿ ਜਦੋਂ ਚੋਣਾਂ ਦਾ ਰਿਵੀਊ ਕਰਨ ਲਈ ਸੀਨੀਅਰ ਲੀਡਰ ਬੈਠੇ ਸਨ ਤਾਂ ਉਸ ਦੀ ਪ੍ਰਧਾਨਗੀ ਨੂੰ ਚੁਣੌਤੀ ਦੇ ਦਿੱਤੀ ਗਈ ਸੀ। ਉਸ ਵੇਲੇ ਕਈ ਵੱਡੇ ਲੀਡਰ ਸਿੱਧੇ ਉਸ ਦੇ ਨਾਲ ਖੜੋਤੇ ਸਨ ਜਾਂ ਉਸ ਦੇ ਪਿਤਾ ਦੀ ਸ਼ਰਮ ਕਾਰਨ ਨਾਲ ਖੜੋਤੇ ਸਨ, ਪਰ ਉਸ ਵੇਲੇ ਉਹ ਚੁਣੌਤੀ ਟਲ ਗਈ ਸੀ, ਇਹੋ ਜਿਹੀ ਹਾਰ ਜੇ ਐਤਕੀਂ ਵੀ ਹੋ ਗਈ ਤਾਂ ਚੁਣੌਤੀ ਦੇਣ ਵਾਲਿਆਂ ਦੀ ਗਿਣਤੀ ਤੇ ਦਬਾਅ ਦੋਵੇਂ ਵਧਣ ਦਾ ਡਰ ਹੈ। ਆਮ ਆਦਮੀ ਪਾਰਟੀ ਜਦੋਂ ਪਿਛਲੀ ਵਾਰੀ ਜਿੱਤ ਦੀ ਵੱਡੀ ਆਸ ਲਾਈ ਬੈਠੀ ਸੀ ਤੇ ਸੌ ਸੀਟਾਂ ਜਿੱਤਣ ਦੇ ਦਾਅਵੇ ਕਰਦੀ ਮਸਾਂ ਵੀਹ ਕੁ ਸੀਟਾਂ ਉੱਤੇ ਸਿਮਟ ਗਈ ਸੀ, ਉਸ ਦੇ ਬਾਅਦ ਉਸ ਦੇ ਆਗੂ ਮੰਨਦੇ ਸਨ ਕਿ ਅਸੀਂ ‘ਜਿੱਤੀ ਹੋਈ ਚੋਣ ਕਿੱਦਾਂ ਹਾਰੀਏ’ ਵਾਲੀ ਕਿਤਾਬ ਲਿਖ ਸਕਦੇ ਹਾਂ। ਪਿਛਲੇ ਦਿਨੀਂ ਉਨ੍ਹਾਂ ਦੇ ਆਗੂਆਂ ਨਾਲ ਮਿਲਣ ਦਾ ਸਬੱਬ ਬਣਿਆ ਤਾਂ ਅਸੀਂ ਹਾਸੇ ਵਿਚ ਕਿਹਾ ਸੀ ਕਿ ਜਿਹੜੀ ਕਿਤਾਬ ਤੁਸੀਂ ਪਿਛਲੀ ਵਾਰੀ ਲਿਖ ਸਕਦੇ ਸੀ, ਪਰ ਉਦੋਂ ਲਿਖੀ ਨਹੀਂ ਸੀ, ਜੇ ਤੁਹਾਡੀ ਨੀਤੀ ਦਾ ਚੱਕਾ ਏਦਾਂ ਹੀ ਚੱਲਦਾ ਰਿਹਾ ਤਾਂ ਤੁਸੀਂ ਉਸੇ ਕਿਤਾਬ ਦੀ ਦੂਸਰੀ ਐਡੀਸ਼ਨ ਵੀ ਨਾਲ ਹੀ ਲਿਖਣ ਜੋਗੇ ਹੋ ਜਾਓਗੇ।
ਇੱਕ ਪਾਰਟੀ ਦਾ ਜਿ਼ਕਰ ਅਸੀਂ ਇਸ ਲਿਖਤ ਵਿਚ ਨਹੀਂ ਕੀਤਾ ਅਤੇ ਦੇਸ਼ ਉੱਤੇ ਰਾਜ ਕਰਦੀ ਉਸ ਪਾਰਟੀ ਬਾਰੇ ਜਿ਼ਕਰ ਇਸ ਲਈ ਨਹੀਂ ਕੀਤਾ ਕਿ ਉਹ ਕਿਸੇ ਵੱਡੀ ਤਾਕ ਵਿਚ ਅਜੇ ਪੱਤੇ ਨਹੀਂ ਖੋਲ੍ਹ ਰਹੀ। ਅਗਲੇ ਦਿਨੀਂ ਜਿਹੜੇ ਦਾਅ ਵਰਤਣ ਦੇ ਸੰਕੇਤ ਉਸ ਵੱਲੋਂ ਮਿਲ ਰਹੇ ਹਨ, ਉਨ੍ਹਾਂ ਬਾਰੇ ਅਗੇਤਾ ਕੁਝ ਕਹਿਣਾ ਔਖਾ ਹੈ। ਉਨ੍ਹਾਂ ਦੇ ਇਹ ਸੰਕੇਤ ਵੇਖਣੇ ਸ਼ੁਰੂ ਕਰੀਏ ਤਾਂ ਵਿਧਾਨ ਸਭਾ ਚੋਣਾਂ ਦੀ ਇਸ ਵਕਤ ਚੱਲਦੀ ਸਾਰੀ ਮੁਹਿੰਮ ਦਾ ਰੁਖ਼ ਹੀ ਪਲਟ ਸਕਦਾ ਹੈ। ਉਹ ਸੰਕੇਤ ਅਸਲੋਂ ਚੁੱਪ-ਚੁਪੀਤੇ ਦਾਅ ਖੇਡਣ ਵਾਲੇ ਸੁਣੇ ਜਾਂਦੇ ਹਨ। ਪੰਜਾਬ ਦੀ ਰਾਜਨੀਤੀ ਲਈ ਇਹੀ ਦਾਅ ਹੋਰ ਸਾਰੇ ਪੱਖਾਂ ਉੱਤੇ ਭਾਰੂ ਹੋਣ ਦਾ ਯਤਨ ਬਣ ਸਕਦਾ ਹੈ, ਏਨਾ ਭਾਰੂ ਕਿ ਕਈ ਧਨੰਤਰ ਵੀ ਚੱਕਰ ਵਿਚ ਪੈ ਸਕਦੇ ਹਨ।