ਮਨ ਦਾ ਮੌਸਮ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਮਨ ਦਾ ਮੌਸਮ ਬਹੁਤ ਤਰਲ, ਬਹੁਤ ਅਸਥਿਰ, ਬਹੁਤ ਜਲਦੀ ਬਦਲਦਾ ਹੈ। ਇਸ ਦੀ ਤਾਸੀਰ, ਤਰੰਗਤਾ, ਤਬੀਅਤ ਅਤੇ ਤਰਬੀਅਤ ਬਹੁਤ ਜਲਦੀ ਬਦਲਣਯੋਗ ਹੈ। ਨਿੱਕੀ ਜਿਹੀ ਹਰਕਤ, ਆਵਾਜ਼, ਕਿਰਿਆ ਜਾਂ ਆਲ਼ੇ-ਦੁਆਲ਼ੇ ਵਿਚ ਕੁਝ ਵੀ ਵਪਾਰਦਾ ਹੈ ਤਾਂ ਇਸ ਦਾ ਸਿੱਧਾ ਅਸਰ ਮਨ ‘ਤੇ ਪੈਂਦਾ ਹੈ ਅਤੇ ਮਨ ਹੀ ਸਾਡੇ ਸਮੁੱਚ ਨੂੰ ਚਲਾਉਂਦਾ ਹੈ।

ਮਨ ਦਾ ਮੌਸਮ ਬੇ-ਇਤਬਾਰਾ, ਬੇ-ਤਰਤੀਬਾ, ਬੇ-ਵਿਸ਼ਵਾਸਾ ਅਤੇ ਬੇ-ਮੌਸਮਾ। ਪਤਾ ਹੀ ਨਹੀਂ ਲੱਗਦਾ ਕਿ ਕਿਸ ਵੇਲੇ ਕੀ ਵਾਪਰਦਾ ਅਤੇ ਮਨ ਬਦਲ ਜਾਂਦਾ। ਮਨ ਦਾ ਮੌਸਮ ਹਰ ਰੰਗ ਵਿਚ ਪੂਰਨ ਰੂਪ ਵਿਚ ਰੰਗਿਆ ਜਾਂਦਾ। ਕਦੇ ਖੇੜਿਆਂ ਦਾ ਲਾਲ ਸੂਹਾ ਰੰਗ, ਕਦੇ ਪੱਤਝੜ ਦੀ ਪਲਿੱਤਣ, ਕਦੇ ਮੋਹਲੇਧਾਰ ਬਾਰਸ਼ ਤੇ ਕਦੇ ਮਾਰੂਥਲੀ ਸੋਕਾ। ਕਦੇ ਹਾੜ ਜੇਠ ਦੀਆਂ ਤਿਖੇਰੀਆਂ ਧੁੱਪਾਂ ਅਤੇ ਕਦੇ ਪੋਹ ਮਾਘ ਦੀ ਹੱਡ-ਚੀਰਵੀਂ ਠੰਢ। ਕਦੇ ਤੱਤੀਆਂ ਲੂਆਂ ਅਤੇ ਕਦੇ ਹੱਡ-ਕੜਕਾਵੀਂ ਸੀਤ ਹੰਢਾਉਂਦਿਆਂ, ਇਨ੍ਹਾਂ ਹੀ ਰੰਗਾਂ ਵਿਚ ਖ਼ੁਦ ਨੂੰ ਰੰਗਦਾ ਹੈ।
ਬਾਹਰੀ ਮੌਸਮਾਂ ਦਾ ਮਨ ਦੇ ਮੌਸਮ `ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਚੌਗਿਰਦਾ ਵੀ ਅਸਰ-ਅੰਦਾਜ਼ ਕਰਦਾ। ਸਾਡਾ ਖਾਣਾ, ਆਦਤਾਂ ਅਤੇ ਮਨੁੱਖੀ ਕਿਰਆਵਾਂ ਵੀ ਇਸ ਨੂੰ ਸੁਚੱਜੇ ਜਾਂ ਕੁਚੱਜੇ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ। ਮਨ ਦਾ ਮੌਸਮ ਬਹੁਤ ਚੰਚਲ, ਸਦਾ ਬੱਚੇ ਵਰਗਾ ਅਤੇ ਮਾਸੂਮੀਅਤ ਨਾਲ ਉੱਛਲਦਾ ਹੈ ਪਰ ਕਈ ਵਾਰ ਇਹੀ ਮਾਸੂਮੀਅਤ ਮਨ ਦੇ ਮੌਸਮ ਲਈ ਮਾਰੂ ਸਾਬਤ ਹੁੰਦੀ ਹੈ।
ਮਨੁੱਖ, ਮਨ ਦਾ ਗੁਲਾਮ ਹੈ। ਇਸ ਦੀਆਂ ਮੁਹਾਰਾਂ ਨੂੰ ਕਿਸ ਪਾਸੇ ਮੋੜਨਾ ਅਤੇ ਕਿਹੜੀ ਦਿਸ਼ਾ ਅਤੇ ਸੇਧ ਦੇਣਾ, ਇਹ ਮਨ ਦੀਆਂ ਬਹੁ-ਪ੍ਰਤੀਤੀਆਂ ਹਨ। ਮਨ ਦਾ ਮੌਸਮ ਕਦੇ ਵੀ ਬੰਦੇ ਨੂੰ ਚੈਨ ਨਾਲ ਜੀਣ ਨਹੀਂ ਦਿੰਦਾ। ਪਲ-ਪਲ ਬਦਲੇ ਮਨ ਦੇ ਮੌਸਮਾਂ ਦਾ ਕੋਈ ਕੀ ਕਰੇ? ਕਿਵੇਂ ਇਸ ਦੀਆਂ ਬੇਤਰਤੀਬੀਆਂ ਵਿਚੋਂ ਖ਼ੁਦ ਨੂੰ ਜਿਊਣ ਜੋਗਾ ਕਰੇ? ਕਿਉਂ ਕੋਈ ਹੱਸਦਿਆਂ ਹੀ ਹਾਉਕਾ ਭਰੇ? ਕਿਸ ਲਈ ਕੋਈ ਜ਼ਿੰਦਗੀ ਦਾ ਉਹ ਪਾਠ ਪੜ੍ਹੇ, ਜਿਸ ਕਾਰਨ ਕੋਈ ਜਿਉਂਦੇ ਜੀਅ ਸੂਲੀ `ਤੇ ਚੜ੍ਹੇ?
ਮਨ ਦੇ ਮੌਸਮਾਂ ਦਾ ਕੇਹਾ ਮਿਜ਼ਾਜ ਕਿ ਕਦੇ ਬੰਦਾ ਔਲਾਦ ਨਾ ਹੋਣ `ਤੇ ਦੁਖੀ ਹੁੰਦਾ ਅਤੇ ਫਿਰ ਉਹੀ ਔਲਾਦ ਦਾ ਸਤਾਇਆ ਔਲਾਦ ਤੋਂ ਹੀ ਪੀੜਤ ਹੁੰਦਾ। ਕਦੇ ਮਨ ਦੁਖੀ ਕਰਦਾ ਕਿ ਉਹ ਕਿਉਂ ਨਹੀਂ ਪੜ੍ਹ ਸਕਦਾ? ਕਿਉਂ ਨਹੀਂ ਕਿਸੇ ਸਕੂਲ ‘ਚ ਦਾਖਲ ਹੁੰਦਾ ਅਤੇ ਪੜ੍ਹਾਈ ਕਰ ਕੇ ਕਿਸੇ ਮੁਕਾਮ `ਤੇ ਪਹੁੰਚਦਾ? ਪਰ ਉਹੀ ਮਨ ਜਦ ਸਕੂਲ ਵਿਚ ਹੁੰਦਾ ਤਾਂ ਉਹ ਪੜ੍ਹਾਈ ਤੋਂ ਹੀ ਦੁਖੀ ਹੋ ਕੇ ਇਸ ਤੋਂ ਨਿਜ਼ਾਤ ਪਾਉਣ ਲਈ ਤਰਕੀਬਾਂ ਘੜਦਾ। ਕਦੇ ਜਵਾਨ ਮਨ ਦੁਖੀ ਹੁੰਦਾ ਕਿ ਉਸ ਨੂੰ ਤਨ ਢੱਕਣ ਲਈ ਕੱਪੜੇ ਨਹੀਂ ਮਿਲਦੇ ਪਰ ਇਹੀ ਮਨ ਨੂੰ ਜਦ ਕੱਪੜਿਆਂ ਦੀ ਬਹੁਲਾਤ ਹੁੰਦੀ ਤਾਂ ਦੁਖੀ ਹੁੰਦਾ ਕਿ ਕਿਸ ਸਮਾਗ਼ਮ ਜਾਂ ਮੌਕੇ ‘ਤੇ ਕਿਹੜੇ ਕੱਪੜੇ ਪਾਵੇ? ਕੱਪੜੇ ਨਾ ਹੋਣ ਤੋਂ ਕੱਪੜਿਆਂ ਦੀ ਚੋਣ ਕਰਨ ਤੀਕ ਮਨ ਦੁਖੀ ਹੀ ਦੁਖੀ।
ਮਨ ਦੀ ਚੰਚਲਤਾ ਦਾ ਇਹ ਕੇਹਾ ਇਲਹਾਮ ਹੈ ਕਿ ਉਹ ਸਦਾ ਦੁਖੀ ਰਹਿਣਾ ਹੀ ਸਿੱਖਦਾ। ਕਦੇ ਵਿਅਕਤੀ ਭੁੱਖਾ ਹੁੰਦਾ ਤਾਂ ਮਨ ਬਹੁਤ ਦੁਖੀ ਹੁੰਦਾ ਅਤੇ ਜਦ ਖਾਣ ਨੂੰ ਬਹੁਤ ਕੁਝ ਹੁੰਦਾ ਤਾਂ ਸੋਚਦਾ ਕਿ ਕੀ ਖਾਵੇ ਤੇ ਕੀ ਨਾ ਖਾਵੇ ਜਾਂ ਡਾਕਟਰ ਹੀ ਖਾਣ ਤੋਂ ਪ੍ਰਹੇਜ਼ ਦੱਸ ਦਿੰਦੇ।
ਸਿਰ `ਤੇ ਛੱਤ ਨਾ ਹੋਵੇ ਤਾਂ ਮਨ ਆਪਣਾ ਘਰ ਅਤੇ ਸਿਰ ਦੀ ਛੱਤ ਲਈ ਤਾਂਘਦਾ ਅਤੇ ਜਦ ਮਹਿਲੀ ਛੱਤ ਹੇਠ ਕਿਲੇ ਵਰਗੀਆਂ ਦੀਵਾਰਾਂ ਨਾਲ ਘਿਰਿਆ ਹੁੰਦਾ ਤਾਂ ਉਹ ਤਾਰਿਆਂ ਭਰੀ ਰਾਤ ਲਈ ਤਾਂਘਦਾ। ਕਦੇ ਉਸ ਦਾ ਮਨ ਨੀਂਦ ਲਈ ਅਵਾਜਾਰ ਹੁੰਦਾ ਅਤੇ ਕਦੇ ਨੀਂਦ ਨਾ ਆਉਣ ਕਾਰਨ ਨੀਂਦ ਦੀਆਂ ਗੋਲੀਆਂ ਦਾ ਆਸਰਾ ਲੈਣਾ ਪੈਂਦਾ।
ਇਹ ਮਨ ਦਾ ਕੇਹਾ ਵਰਤਾਰਾ ਹੈ ਕਿ ਉਹ ਗ਼ਰੀਬੀ ਤੋਂ ਵੀ ਦੁਖੀ ਤੇ ਅਮੀਰੀ ਤੋਂ ਵੀ। ਕੁਆਰਾ ਵੀ ਦੁਖੀ ਤੇ ਵਿਆਹਿਆ ਵੀ। ‘ਕੱਲਾ ਵੀ ਤੇ ਮਿੱਤਰ ਪਿਆਰਿਆਂ ਦੀ ਸੰਗਤ ਵਿਚ ਵੀ। ਰਿਸ਼ਤਿਆਂ ਵਿਚ ਬੱਝਾ ਵੀ ਅਤੇ ਰਿਸ਼ਤਿਆਂ ਤੋਂ ਟੁੱਟਿਆ ਵੀ। ਦੋਸਤੀਆਂ ਨਿਭਾਉਂਦਾ ਵੀ ਅਤੇ ਦੋਸਤੀਆਂ ਤੋੜਦਾ ਵੀ।
ਦਰਅਸਲ ਮਨੁੱਖੀ ਜੀਵਨ ਬਾਹਰ ਤੋਂ ਅੰਤਰੀਵ ਵੱਲ ਦੀ ਯਾਤਰਾ ਹੈ ਅਤੇ ਇਸ ਸਫ਼ਰ ਵਿਚ ਮਨ ਦਾ ਸਾਥ ਸਭ ਤੋਂ ਪ੍ਰਮੁੱਖ ਹੈ। ਮਨ ਦੇ ਬਦਲੇ ਮੌਸਮਾਂ ਵੀ ਜੀਵਨੀ ਵਿਗਾੜਾਂ ਜਾਂ ਸੁਧਾਰਾਂ ਦੇ ਸਬੱਬ, ਮਨੁੱਖ ਬਾਹਰੀ ਸੰਸਾਰ ਨੂੰ ਸਮੁੱਚੇ ਰੂਪ ਵਿਚ ਬਦਲ ਨਹੀਂ ਸਕਦਾ ਪਰ ਖ਼ੁਦ ਨੂੰ ਤਾਂ ਬਦਲ ਸਕਦਾ ਹੈ। ਮਨ ਦੇ ਮੌਸਮ ਤਾਂ ਉਸ ਦੇ ਹੱਥ-ਵਸ ਹਨ। ਮਨ ਦੀ ਸਥਿਰਤਾ ਅਤੇ ਸਮਰੂਪਤਾ ਹੀ ਮਨੁੱਖੀ ਜੀਵਨ ਦੇ ਸਰੋਕਾਰਾਂ ਅਤੇ ਸਾਰਥਿਕਤਾਵਾਂ ਨੂੰ ਪਰਿਭਾਸ਼ਤ ਕਰਨ ਵਿਚ ਸਭ ਤੋਂ ਅਹਿਮ ਹੈ।
ਮਨ ਬਹੁਤ ਬੇਲਗ਼ਾਮ ਹੈ। ਇਸ ਦੀ ਪੈੜ੍ਹਚਾਲ ਤੇ ਪਾਕੀਜ਼ਗੀ ਦੀ ਪ੍ਰਪੱਕਤਾ ਅਤੇ ਪ੍ਰਮੁੱਖਤਾ ਲਈ ਜ਼ਰੂਰੀ ਹੈ ਕਿ ਮਨ ਨੂੰ ਸਮਝਿਆ, ਸਮਝਾਇਆ ਜਾਵੇ ਅਤੇ ਇਸ ਦੀ ਸਮਝ ਵਿਚ ਖ਼ੁਦ ਨੂੰ ਉਤਾਰਿਆ ਜਾਵੇ। ਜਦ ਅਸੀਂ ਬਾਹਰੀ ਬਦਲਾਅ ਪੈਦਾ ਹੀ ਨਹੀਂ ਕਰ ਸਕਦੇ, ਫਿਰ ਬਾਹਰੀ ਪਰਿਵਰਤਨ ਨੂੰ ਛੱਡ ਕੇ ਸਾਨੂੰ ਆਪਣੇ ਪਰਿਵਰਤਨ ਅਤੇ ਮਨ `ਤੇ ਆਪਣੀ ਪਕੜ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਪੀਰਾਂ, ਫ਼ਕੀਰਾਂ, ਗੁਰੂਆਂ ਅਤੇ ਰਿਸ਼ੀਆਂ-ਮੁਨੀਆਂ ਦਾ ਪਲੇਠਾ ਪੈਗ਼ਾਮ ਹੀ ਮਨ ਨੂੰ ਸਾਧਣਾ ਏ। ਇਸ ਲਈ ਉਨ੍ਹਾਂ `ਤੇ ਬਦਲਦੇ ਮੌਸਮਾਂ, ਹਾਲਾਤ, ਸਥਿਤੀਆਂ ਜਾਂ ਸਮਾਜਿਕ ਖਿੱਚੋਤਾਣ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਆਪਣੇ ਆਵੇਸ਼ ਵਿਚ ਜ਼ਿੰਦਗੀ ਦੇ ਸੁੱਚਮ ਦਾ ਉਚਤਮ ਰੂਪ ਵਿਚ ਰੰਗ ਮਾਣਦੇ ਨੇ। ਮਾਇਕ ਲਾਲਸਾਵਾਂ, ਪਰਿਵਾਰਕ ਮਜਬੂਰੀਆਂ ਜਾਂ ਮਾਨਤਾਵਾਂ ਵਿਚੋਂ ਮਨੁੱਖਤਾ ਨੂੰ ਕਿਵੇਂ ਵਿਸਥਾਰ ਦਿੱਤਾ ਜਾ ਸਕਦਾ? ਉਹ ਖੁਸ਼ੀ ਅਤੇ ਗ਼ਮੀ ਨੂੰ ਸਮ ਕਰ ਕੇ ਜਾਣਦੇ ਅਤੇ ਕੁਦਰਤ ਦੇ ਭਾਣੇ ਵਿਚ ਜ਼ਿੰਦਗੀ ਨੂੰ ਉਸ ਦੇ ਉਸ ਰੰਗ ਵਿਚ ਹੀ ਮਾਣਦੇ ਸਨ, ਜਿਵੇਂ ਇਹ ਜ਼ਿੰਦਗੀ ਰੂਪੀ ਵਰਤਾਰਾ ਉਨ੍ਹਾਂ ਦੀ ਝੋਲੀ ਵਿਚ ਪੈਂਦਾ ਸੀ।
ਸਾਡੇ ਬਜ਼ੁਰਗ ਮਾਨਸਿਕ ਤੌਰ `ਤੇ ਬਹੁਤ ਤਕੜੇ ਸਨ। ਉਹ ਸੀਮਤ ਸਾਧਨਾਂ ਵਿਚੋਂ ਵੀ ਜ਼ਿੰਦਗੀ ਨੂੰ ਸਮੁੱਚ ਵਿਚ ਜਿਊਂਦੇ ਸਨ। ਕੋਈ ਮਾਨਸਿਕ ਭਟਕਣਾ ਨਹੀਂ ਸੀ। ਕੁਦਰਤੀ ਵਰਤਾਰਿਆਂ ਵਿਚੋਂ ਹੀ ਖੁਸ਼ੀਆਂ ਤੇ ਖੇੜਿਆਂ ਨੂੰ ਜੀਵਨ ਦਾ ਹਿੱਸਾ ਬਣਾ ਕੇ ਇਸ ਨੂੰ ਜੀਵਨ-ਜਾਚ ਬਣਾ ਲੈਂਦੇ ਸਨ। ਉਨ੍ਹਾਂ ਦਾ ਸਮੁੱਚਾ ਜੀਵਨ ਹੀ ਕੁਦਰਤੀ ਮੌਸਮਾਂ ਅਨੁਸਾਰ ਮਨ ਦੇ ਮੌਸਮ ਨੂੰ ਕੁਦਰਤ ਦੇ ਰੰਗ ਵਿਚ ਰਾਜ਼ੀ ਰਹਿਣ ਹੀ ਸਭ ਤੋਂ ਉਤਮ ਫਿਲ਼ਾਸਫ਼ੀ ਸੀ। ਅਜੋਕੇ ਸਮਿਆਂ ਵਿਚ ਅਸੀਂ ਸੁਵਿਧਾਵਾਂ ਪੈਦਾ ਕਰ ਲਈਆਂ ਹਨ, ਸਾਧਨਾਂ ਦੀ ਬਹੁਲਤਾ ਹੈ। ਹਰ ਤਰ੍ਹਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਬਾਵਜੂਦ ਅਸੀਂ ਸਕੂਨ ਅਤੇ ਸਿਦਕ-ਸਬੂਰੀ ਤੋਂ ਵਿਰਵੇ ਹਾਂ। ਅਸੀਂ ਸਿਰਫ਼ ਸਾਹ ਪੂਰੇ ਕਰਨ ਲਈ ਜਿਊਂਦੇ ਹਾਂ। ਜ਼ਿੰਦਗੀ ਤਾਂ ਜਸ਼ਨ ਦਾ ਨਾਮ ਹੈ। ਬਹੁਤ ਘੱਟ ਲੋਕ ਮਾਨਣ ਲਈ ਜਿਉਂਦੇ ਨੇ। ਯਾਦ ਰਹੇ ਕਿ ਸਾਲਾਂ ਦੀ ਗਿਣਤੀ ਕਦੇ ਜ਼ਿੰਦਗੀ ਨਹੀਂ ਹੁੰਦੀ। ਜ਼ਿੰਦਗੀ ਹੁੰਦੀ ਹੈ ਕਿ ਤੁਸੀਂ ਖ਼ੁਦ ਲਈ ਕਿੰਨਾ ਕੁ ਜੀਵੇ ਹੋ? ਤੁਹਾਡੀ ਜੀਵਨ-ਜਾਚ ਵਿਚੋਂ ਸਮਾਜ ਨੂੰ ਕੀ ਮਿਲਿਆ ਹੈ ਅਤੇ ਕਿਹੜੀਆਂ ਪ੍ਰਾਪਤੀਆਂ ਨੇ ਸਮਾਜ ਨੂੰ ਹੋਰ ਖੂ਼ਬਸੂਰਤ ਅਤੇ ਸੁਹੰਢਣਾ ਬਣਾਇਆ ਹੈ? ਸਿਹਤਮੰਦ ਸਮਾਜ ਵਿਚੋਂ ਹੀ ਸਿਹਤਮੰਦ ਮਨ ਨੇ ਜਨਮ ਲੈਣਾ ਹੁੰਦਾ ਹੈ ਅਤੇ ਜਦ ਸਮਾਜ ਬਿਮਾਰ ਮਾਨਸਿਕਤਾ ਨਾਲ ਭਰਿਆ ਹੋਵੇ ਤਾਂ ਸਮਾਜਿਕ ਦਿੱਖ ਨੂੰ ਚਮਕਾਉਣ ਦਾ ਜ਼ਿੰਮਾ ਕੌਣ ਲਵੇਗਾ?
ਇਹ ਮਨ ਦੀਆਂ ਮੌਸਮਾਂ ਦੀਆ ਕੇਹੀਆਂ ਅਲਾਮਤਾਂ ਹਨ ਕਿ ਮਨੁੱਖ ਹੀ ਮਨੁੱਖ ਦਾ ਵੈਰੀ ਬਣ ਜਾਂਦਾਹੈ। ਧਰਮ ਹੀ ਧਰਮ ਦੇ ਸੀਰਮੇ ਪੀਣ ਲਈ ਕਾਹਲਾ ਹੈ। ਭਰਾ ਹੀ ਭਰਾ ਲਈ ਕਬਰ ਪੁੱਟਦਾ, ਭੈਣ ਹੀ ਵੀਰੇ ਦਾ ਸਿਵਾ ਸੇਕਦੀ, ਮਿੱਤਰ ਹੀ ਮਿੱਤਰ ਮਾਰ ਕਰਦਾ ਅਤੇ ਸੰਗੀ ਸਾਥੀ ਹੀ ਰਾਹਾਂ ਵਿਚ ਕੰਡੇ ਬੀਜਦੇ ਹਨ। ਹਮਰਾਹੀ ਹੀ ਖ਼ੱਡਿਆਂ, ਖਾਈਆਂ ਅਤੇ ਟੋਏ ਪੁੱਟਣ ਵਿਚ ਸ਼ਾਮਲ ਹਨ।
ਮਨ ਦੀ ਕੇਹੀ ਕਮੀਨਗੀ ਕਿ ਸ਼ੱਕ, ਸੰਦੇਹ ਅਤੇ ਸਨਕੀਪੁਣੇ ਨੇ ਮਨੁੱਖੀ ਸਕਾਰਾਤਮਿਕਤਾ ਨੂੰ ਨਕਾਰਾਤਮਿਕਤਾ ਵੱਲ ਮੋੜਿਆ ਏ। ਉਸਾਰੂ ਕਾਰਜਾਂ ਦੀ ਬਜਾਏ ਮਨੁੱਖ ਮਾਰੂ ਧੰਦਿਆਂ ਵਿਚ ਗ਼ਲਤਾਨ ਹੈ। ਨਸ਼ਿਆਂ, ਹਥਿਆਰਾਂ ਅਤੇ ਮਨੁੱਖੀ ਤਸਕਰੀ ਦਰਅਸਲ ਮਨੁੱਖੀ ਮਨ ਦੀ ਅਜਿਹੀ ਕਰਤੂਤ ਹੈ, ਜਿਸ ਨੇ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ ਏ। ਇਹ ਸ਼ਰਮਸ਼ਾਰ ਹੋਏ ਵਿਅਕਤੀ ਹੀ ਅਜੋਕੇ ਸਮਾਜ ਦੇ ਪ੍ਰਮੁੱਖ ਬਣੇ, ਕਿਸੇ ਕੌਮ, ਦੇਸ਼ ਜਾਂ ਸਮਾਜ ਦੀ ਕਿਸਮਤ-ਪੱਟੀ `ਤੇ ਉਕਰੇ ਅੱਖ਼ਰਾਂ ਨੂੰ ਮਿਟਾਉਣ ਲਈ ਕਾਹਲੇ ਹਨ।
ਮਨ ਨੂੰ ਸਾਧਣਾ ਆਸਾਨ ਵੀ ਹੈ ਤੇ ਕਠਿਨ ਵੀ। ਲੋੜ ਹੈ ਕਿ ਅਸੀਂ ਖ਼ੁਦ ਨੂੰ ਉਹੀ ਸਮਝੀਏ, ਜੋ ਅਸੀਂ ਹਾਂ। ਉਹ ਕੁਝ ਨਾ ਸਮਝੀਏ, ਜੋ ਅਸੀਂ ਨਹੀਂ ਹਾਂ। ਆਪਣੀ ਔਕਾਤ ਦੇ ਹਮੇਸ਼ਾ ਰੂਬਰੂ ਰਹੀਏ। ਆਪਣੀ ਅਸਲੀਅਤ ਤੋਂ ਕਦੇ ਮੁਨਕਰ ਨਾ ਹੋਈਏ। ਆਪਣੀਆਂ ਕਮੀਆਂ ਤੇ ਕੁਤਾਹੀਆਂ ਨੂੰ ਸੁਧਾਰੀਏ ਅਤੇ ਪੂਰਨਤਾ ਦੇ ਮਾਰਗ ਦੇ ਪਾਂਧੀ ਬਣੇ ਰਹੀਏ ਪਰ ਕਦੇ ਵੀ ਖੁ਼ਦ ਨੂੰ ਪੂਰਨ ਨਾ ਸਮਝੀਏ ਕਿਉਂਕਿ ਕੋਈ ਵੀ ਵਿਅਕਤੀ ਕਦੇ ਵੀ ਪੁਰਨ ਨਹੀਂ ਹੁੰਦਾ। ਅਸੀਂ ਸਦਾ ਅਪੂਰਨ ਹੀ ਰਹਿਣਾ ਹੈ।
ਮਾਂਗਵਂੇ ਮਨ ਦੇ ਮੌਸਮ ਵਿਚੋਂ ਕਦੇ ਵੀ ਸਕੂਨ, ਸਬਰ ਜਾਂ ਸੁਖਨ ਨੇ ਦਸਤਕ ਨਹੀਂ ਦੇਣੀ। ਇਸ ਨੇ ਤਾਂ ਸਗੋਂ ਮਨ ਦੀਆਂ ਲਾਲਸਾਵਾਂ, ਇੱਛਾਵਾਂ ਅਤੇ ਮਨੋਕਾਮਨਾਵਾਂ ਨੂੰ ਹੋਰ ਭੜਕਾਉਣਾ, ਲਲਸਾਉਣਾ ਅਤੇ ਲਰਜ਼ਾਉਣਾ ਹੁੰਦਾ ਹੈ।
ਮਨ ਦਾ ਮੌਸਮ ਮੁੱਲ ਵੀ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਦੀ ਮਿੰਨਤ ਜਾਂ ਮੰਨਤ ਨਾਲ ਮਿਲਦਾ। ਇਹ ਮੌਸਮ ਤਾਂ ਖੁ਼ਦ ਵਿਚੋਂ ਖ਼ੁਦ ਨੂੰ ਪ੍ਰਗਟਾਉਣਾ ਹੁੰਦਾ ਅਤੇ ਫਿਰ ਇਸ ਦੇ ਅਜ਼ੀਮ ਤੇ ਅਨੂਠੇ ਰੰਗਾਂ ਵਿਚ ਖ਼ੁਦ ਨੂੰ ਲਬਰੇਜ਼ ਕਰਨਾ। ਇਸ ਦੀ ਅਲਮਸਤਾ ਵਿਚ ਜਿਊਣ ਦਾ ਜਸ਼ਨ ਮਨਾਉਣਾ ਚਾਹੀਦਾ ਹੈ।
ਮਨ ਦਾ ਮੌਸਮ ਮ੍ਰਿਗ-ਤ੍ਰਿਸ਼ਨਾ ਹੈ। ਬਹੁਤ ਕੁਝ ਖ਼ਿਆਲਾਂ ਵਿਚ ਵਾਪਰਦਾ, ਕਿਆਸਿਆ ਜਾਂਦਾ ਅਤੇ ਇਸ ਵਿਚ ਕਲਪਿਤ ਵਿਚਾਰਾਂ ਦੀ ਆਮਦ ਹੁੰਦੀ ਪਰ ਸੱਚ ਕਦੀ ਵੀ ਕਲਪਿਤ ਨਹੀਂ ਹੁੰਦਾ। ਸੱਚ ਵਿਚ ਜਿਊਣਾ ਸਿੱਖੋ। ਵਰਤਮਾਨ ਵਿਚ ਜਿਊਣ ਵਾਲਿਆਂ ਨੂੰ ਕਦੇ ਵੀ ਬੀਤੇ ‘ਤੇ ਅਫਸੋਸ ਨਹੀਂ ਹੁੰਦਾ ਅਤੇ ਆਉਣ ਵਾਲੇ ਕੱਲ੍ਹ ਦਾ ਡਰ ਨਹੀਂ ਸਤਾਉਂਦਾ। ਉਹ ਤਾਂ ਜ਼ਿੰਦਗੀ ਦੇ ਹਰ ਪਲ ਨੂੰ ਮੌਜੂਦਾ ਪਲ ਵਿਚ ਜਿਊਣ ਦੇ ਆਦੀ ਹੁੰਦੇ ਹਨ। ਉਹ ਆਪਣੇ ਜੀਵਨ-ਰਾਹ ਦੇ ਸਦਾ ਧੰਨਵਾਦੀ ਕਿਉਂਕਿ ਇਹ ਉਨ੍ਹਾਂ ਦੀ ਅਜਿਹੀ ਵਾਦੀ, ਜਿਸ ਨੇ ਬਖਸ਼ੀ ਮਨ ਦੇ ਮਸਨੂਈ ਮੌਸਮਾਂ ਤੋਂ ਆਜ਼ਾਦੀ।
ਮਨ ਦੇ ਅੰਦਰ ਬੈਠੇ ਉਸ ਮਨ ਨੂੰ ਮਾਰਨ ਦੀ ਲੋੜ ਹੈ ਤਾਂ ਕਿ ਮਨ ਦਾ ਮੋਰ ਆਪਣੀ ਮਸਤੀ ਵਿਚ ਪੈਲ਼ਾਂ ਪਾਉਂਦਾ ਜੀਵਨ ਨੂੰ ਆਨੰਦਿਤ ਅਤੇ ਖੁਸ਼ਬੂਦਾਰ ਬਣਾਵੇ ਤਾਂ ਹੀ ਗੁਰਬਾਣੀ ਦਾ ਫੁਰਮਾਨ ਹੈ;
‘ਮਨ ਮੋਹ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ’
ਮਨ ਬਹੁਤ ਹੀ ਕੋਮਲ ਤੇ ਸੋਹਲ। ਇਸ `ਤੇ ਆਈ ਨਿੱਕੀ ਜਿਹੀ ਝਰੀਟ ਵੀ ਸਦੀਵ ਰਹਿੰਦੀ ਹੈ। ਇਸ ਦੇ ਜ਼ਖ਼ਮ ਕਦੇ ਨਹੀਂ ਭਰਦੇ। ਵਕਤ-ਬੇਵਕਤ ਇਹ ਚਸਕਦੇ, ਰਿਸਦੇ ਅਤੇ ਇਸ ਦੀ ਪੀੜਾ ਵਿਚ ਬੰਦਾ ਪੀੜ-ਪੀੜ ਹੋ ਜਾਂਦਾ ਪਰ ਇਸ ਪੀੜ ਨੂੰ ਜਰਨ ਅਤੇ ਇਸ ਤੋਂ ਸੁਰਖ਼ਰੂ ਹੋਣ ਅਤੇ ਪੀੜ ਵਿਚੋਂ ਪ੍ਰੇਮ-ਭਾਵਨਾ ਦਾ ਪੈਦਾ ਹੋਣਾ ਹੀ ਪ੍ਰਾਪਤੀਆਂ ਅਤੇ ਪੇਸ਼ਕਦਮੀਆਂ ਨੂੰ ਜਾਂਦਾ ਉਹ ਮਾਰਗ ਹੈ, ਜਿਸ ਤੋਂ ਥਿੜਕਾਉਣ ਲਈ ਲੋਕ ਤੁਹਾਡੇ ਮਨ ‘ਤੇ ਜ਼ਖ਼ਮ ਲਾਉਂਦੇ ਹਨ। ਲੋਕਾਂ ਨੇ ਦਰਦ ਦਿੰਦੇ ਰਹਿਣਾ ਪਰ ਇਹ ਤੁਹਾਡੇ `ਤੇ ਨਿਰਭਰ ਹੈ ਕਿ ਤੁਸੀਂ ਇਸ ਦਰਦ ਨੂੰ ਦਵਾ ਕਿਵੇਂ ਬਣਾਉਣਾ ਅਤੇ ਕਿਸੇ ਦੀ ਦਿੱਤੀ ਪੀੜ ਵਿਚੋਂ ਉਸ ਦੀ ਨਕਾਰਾਤਮਿਕਤਾ ਨੂੰ ਕਿਵੇਂ ਠੁਕਰਾਉਣਾ? ਇਹ ਹੀ ਬੰਦਿਆਈ ਨੂੰ ਜਾਂਦਾ ਮਾਰਗ ਹੈ ਅਤੇ ਸਭ ਲਈ ਇਸ ਦੇ ਰਾਹੀ ਬਣਨਾ ਜ਼ਰੂਰੀ ਹੈ।
ਪੱਤਝੜ ਮਨ ਦੇ ਮੌਸਮ ਦਾ ਅਜੇਹਾ ਹਿੱਸਾ ਹੈ, ਜਿੱਥੇ ਰਿਸ਼ਤੇ ਤੇ ਸਬੰਧ ਸੁੱਕ ਕੇ ਝੜ ਜਾਂਦੇ ਹਨ ਅਤੇ ਬੰਦੇ ਨੂੰ ਚੁਣੌਤੀਆਂ ਅਤੇ ਮੁਸ਼ਕਲਾਂ ਵਿਚੋਂ ਖ਼ੁਦ ਹੀ ਉਭਰਨਾ ਹੁੰਦਾ ਹੈ। ਕੁਦਰਤ ਵਿਚ ਵੀ ਜਦ ਪੱਤੇ ਝੜਦੇ ਤਾਂ ਬਿਰਖ਼ ਸਰਦ ਰੁੱਤ ਦਾ ਕਹਿਰ ਨੰਗੇ ਪਿੰਡੇ ਹੰਢਾਉਂਦਾ ਹੈ।
ਮਨ ਦੇ ਮੌਸਮ ਨੂੰ ਆਪਣੀ ਪਛਾਣ ਨਾ ਬਣਾਓ ਕਿਉਂਕਿ ਇਹ ਤਾਂ ਪਲ-ਪਲ ਬਦਲਦਾ ਹੈ ਅਤੇ ਬਦਲਣ ਵਾਲੀ ਪਛਾਣ ਨੂੰ ਲੋਕ ਕਦੇ ਪਸੰਦ ਨਹੀਂ ਕਰਦੇ। ਆਪਣੇ ਆਪ ਨੂੰ ਦਿੱਤੀ ਹੋਈ ਪਛਾਣ ਸਦਾ ਚਿਰੰਜੀਵ ਰਹੇਗੀ ਕਿਉਂਕਿ ਇਹ ਪਛਾਣ ਹੀ ਤੁਹਾਡੇ ਅੰਦਰ ਨਾਲ ਇਕਸੁਰ ਜੁ ਹੁੰਦੀ ਏ।
ਮਨ ਦਾ ਮੌਸਮ, ਇਸ ‘ਚ ਵੱਸਦੀਆਂ ਮਨੋ-ਭਾਵਨਾਵਾਂ ਅਤੇ ਮਨੁੱਖੀ ਬਿਰਤੀ ਹੀ ਨਿਰਧਾਰਤ ਕਰਦੀ ਹੈ ਕਿ ਮਨੁੱਖ ਕੀ ਏ, ਕੀ ਬਣਨਾ ਚਾਹੁੰਦਾ ਏ ਅਤੇ ਉਹ ਕੀ ਬਣ ਸਕਦਾ ਏ?
ਮਨ-ਮੰਜ਼ਲ ਦੀ ਪ੍ਰਾਪਤੀ ਲਈ ਸਭ ਤੋਂ ਜ਼ਰੂਰੀ ਹੈ ਮਨ ਨੂੰ ਸਾਧਨਾ, ਤੁਹਾਡੇ ਸੁਪਨੇ, ਸਾਧਨ, ਸਫ਼ਲਤਾਵਾਂ ਖ਼ੁਦ-ਬ-ਖੁ਼ਦ ਹੀ ਸਿਰਜੀਆਂ ਜਾਣਗੀਆਂ।
ਮਨ ਦੇ ਮੌਸਮ ਵਿਚ ਜਵਾਰਭਾਟਾ ਆ ਜਾਵੇ ਤਾਂ ਸਹਿਜ ਰਹੋ ਕਿਉਂਕਿ ਜਵਾਰਭਾਟੇ ਵਿਚ ਕੁਝ ਦਿਖਾਈ ਨਹੀਂ ਦਿੰਦਾ ਪਰ ਜਦ ਮਨ ਵਿਚੋਂ ਲਹਿਰਾਂ ਉਠਣ ਤਾਂ ਇਨ੍ਹਾਂ ਦੀ ਅਸਵਾਰੀ ਕਰਨ ਦੀ ਆਦਤ ਪਾਓ ਪਰ ਸਭ ਤੋਂ ਚੰਗਾ ਹੁੰਦਾ ਏ ਕਿ ਮਨ ਸ਼ਾਂਤ ਹੋ ਕੇ ਆਪਣੀਆਂ ਰਾਹਾਂ ਤੈਅ ਕਰੇ, ਜ਼ਿੰਦਗੀ ਦਾ ਆਨੰਦ ਤੁਹਾਨੂੰ ਅਸਲੀ ਖੁਸ਼ੀ ਨਾਲ ਭਰ ਦੇਵੇਗਾ।
ਮਨ ਜ਼ਿੰਦਗੀ ਦੀਆਂ ਸਮੂਹ ਖੁ਼ਸ਼ੀਆਂ ਦਾ ਖ਼ਜ਼ਾਨਾ ਹੈ ਪਰ ਅਜੋਕੇ ਸਮਿਆਂ ਦੀ ਕੇਹੀ ਤਰਾਸਦੀ ਹੈ ਕਿ ਇਹ ਮਨ ਹੀ ਮਨੁੱਖ ਦੀਆਂ ਮੂਲ ਸਮੱਸਿਆਵਾਂ ਦਾ ਕਾਰਨ ਬਣ ਗਿਆ ਹੈ ਕਿਉਂਕਿ ਅਸੀਂ ਸਿਰਫ਼ ਮਨ ਦੀ ਤਾਬਿਆਦਾਰੀ ਵਿਚ ਹੀ ਖ਼ੁਦ ਨੂੰ ਖ਼ਚਿੱਤ ਕਰ ਬੈਠੇ ਹਾਂ। ਸੰਸਾਰ ਵਿਚ ਜਿੰਨੀਆਂ ਵੀ ਸਮੱਸਿਆਵਾਂ ਜਾਂ ਦੁਸ਼ਵਾਰੀਆਂ ਹਨ, ਇਹ ਮਨ ਦੀਆਂ ਚੁਸਤੀਆਂ, ਚਲਾਕੀਆਂ, ਵਰਗਲਾਉਣ ਜਾਂ ਕਿਸੇ ਨੂੰ ਮਨਾਸਿਕ ਤੌਰ `ਤੇ ਬਲੈਕ ਮੇਲ ਕਰਨ ਦੀਆਂ ਘਤਿੱਤਾਂ ਹੀ ਹਨ, ਜਿਨ੍ਹਾਂ ਨੇ ਦੁਨੀਆ ਨੂੰ ਤਬਾਹੀ ਦੇ ਕੰਢ ਲਿਆ ਖ਼ਲਾਰਿਆ ਏ।
ਮਨ ਨੂੰ ਸੰਤੁਲਿਤ, ਸਹੀ ਅਤੇ ਸੰਭਾਲ ਕੇ ਵਰਤੋ, ਵਰਨਾ ਤੁਹਾਡੇ ਮਨ ਨੂੰ ਆਪਣੇ ਮੁਫ਼ਾਦ ਲਈ ਵਰਤਣ ਵਾਸਤੇ ਬਹੁਤ ਸਾਰੇ ਲੋਕ ਕਾਹਲੇ ਨੇ।
ਯਾਦ ਰੱਖਣਾ ਕਿ ਕਮਜ਼ੋਰ ਮਨ ਸਿਰਫ਼ ਲੋਕਾਂ ਬਾਰੇ ਹੀ ਸੋਚੇਗਾ, ਸਾਧਾਰਨ ਮਨ ਆਲ਼ੇ-ਦੁਆਲ਼ੇ ਵਿਚ ਵਾਪਰ ਰਹੀਆਂ ਘਟਨਾਵਾਂ ਦੀਆਂ ਤਹਿਆਂ ਫਰੋਲਣ ਤੀਕ ਹੀ ਸੀਮਤ ਹੋਵੇਗਾ ਪਰ ਸਭ ਤੋਂ ਤੇਜ਼-ਤਰਾਰ ਮਨ ਨਵੇਂ ਵਿਚਾਰਾਂ, ਖ਼ਿਆਲਾਂ, ਸੋਚਾਂ ਅਤੇ ਸੁਪਨਿਆਂ ਨੂੰ ਆਪਣੀ ਦਰਗਾਹ ਵਿਚ ਨਤਮਸਤਕ ਹੋਣ ਦੇਵੇਗਾ ਕਿਉਂਕਿ ਉਹ ਜਾਣਦਾ ਹੈ ਕਿ ਨਵੇਂ ਖ਼ਿਆਲ ਹੀ ਨਵੀਆਂ ਅਤੇ ਨਰੋਈਆਂ ਸੰਭਾਵਨਾਵਾਂ ਦੇ ਸੂਰਜੀ ਪੱਖ ਹੁੰਦੇ ਹਨ।
ਮਨ ਦਾ ਮੌਸਮ, ਰੂਹ-ਅੰਤਰੀਵਤਾ ਅਤੇ ਸਰੀਰ ਇਕਸੁਰ, ਇਕਸਾਰ, ਇਕਸੀਰਤ ਅਤੇ ਇਕਮਿਕ ਹੁੰਦੇ ਤਾਂ ਅੰਤਰੀਵ ਵਿਚੋਂ ਖੁ਼ਸ਼ੀਆਂ ਦੇ ਝਰਨੇ ਵਗਦੇ, ਜਿਹੜੇ ਮਨੁੱਖ ਨੂੰ ਵੀ ਭਿਉਂਦੇ ਅਤੇ ਆਲ਼ੇ-ਦੁਆਲ਼ੇ ਨੂੰ ਵੀ ਤਰ ਕਰਦੇ।
ਮਨ ਤੋਂ ਮਨ ਤੀਕ ਦੇ ਸਫ਼ਰ ਦੇ ਰਾਹੀ ਬਹੁਤ ਹੀ ਵਿਰਲੇ ਹੁੰਦੇ। ਉਹ ਮਨ ਦੀਆਂ ਤਹਿਆਂ ਨੂੰ ਫ਼ਰੋਲਦੇ। ਇਨ੍ਹਾਂ ਦੇ ਸੁੱਚਮ ਨੂੰ ਆਪਣੀਆਂ ਤਰਜੀਹਾਂ ਬਣਾਉਂਦੇ। ਇਨ੍ਹਾਂ ਦੀਆਂ ਕਾਲਖ਼ਾਂ ਨੂੰ ਨਕਾਰਦੇ। ਇਸ ਵਿਚ ਉਤਰੀ ਪੱਤਝੜ ਨੂੰ ਪੈਰ ਨਹੀਂ ਧਰਨ ਦੇਂਦੇ ਸਗੋਂ ਇਸ ਦੀਆਂ ਬਰੂਹਾਂ ਵਿਚ ਬਹਾਰਾਂ ਦੀ ਆਮਦ ਲਈ ਤੇਲ ਚੋਂਦੇ। ਮਨ ਦੀਆਂ ਗੁੰਝਲਾਂ ਨੂੰ ਆਪਣੀ ਜੀਵਨ ਸ਼ੈਲੀ ਨਹੀਂ ਬਣਾਉਂਦੇ ਸਗੋਂ ਸਧਾਰਨਤਾ, ਸੰਖ਼ੇਪਤਾ, ਸਮਝਤਾ, ਸਾਦਗੀ ਅਤੇ ਸਹਿਜਤਾ ਵਿਚੋਂ ਮਨ ਦੀ ਪਾਰਦਰਸ਼ਤਾ ਨੂੰ ਦੁਨੀਆ ਦੇ ਸਾਹਵੇਂ ਉਜਾਗਰ ਕਰਦੇ।
ਮਨ ਦੇ ਦਰਾਂ `ਤੇ ਸਰਬੱਤ ਦੇ ਭਲੇ ਦੀਆਂ ਮੰਨਤਾਂ ਮੰਗੋ। ਮਨੁੱਖ ਵਿਚ ਪਨਪੀ ਮਾਨਵਤਾ ਨੂੰ ਸ਼ੁੱਭ-ਆਮਦੀਦ ਕਹੋ। ਇਸ ਦੀਆਂ ਜੂਹਾਂ ਵਿਚ ਪੈ ਰਹੇ ਤਰੇਲ ਤੁਪਕਿਆਂ ਵਿਚੋਂ ਧੁੱਪ ਦੀ ਲਿਸ਼ਕੋਰ ਨਾਲ ਅੰਤਰੀਵ ਨੂੰ ਰੁਸ਼ਨਾਵੋ ਅਤੇ ਸੱਤਰੰਗੀ ਦੀ ਕਲਾ-ਨਕਾਸ਼ੀ ਕਰੋ। ਇਹ ਰੰਗ ਤੁਹਾਡੇ ਅੰਤਰੀਵ ਵਿਚੋਂ ਜਦੋਂ ਬਾਹਰ ਦੇ ਸਫ਼ਰ ਨੂੰ ਤੁਰਨਗੇ ਤਾਂ ਤੁਹਾਡੀਆਂ ਤਰਜੀਹਾਂ ਅਤੇ ਤਦਬੀਰਾਂ ਵਿਚ ਮਾਣਮੱਤੀ ਤਬਦੀਲੀ ਹੋਵੇਗੀ ਅਤੇ ਇਹੀ ਬਦਲਾਅ ਤੁਹਾਡੀ ਤਕਦੀਰ ਦਾ ਸਿਰਜਣਹਾਰਾ ਬਣੇਗਾ।