ਭਗਵੰਤ ਮਾਨ ਵੱਲੋਂ ਭਾਜਪਾ `ਤੇ ਪੈਸਿਆਂ ਤੇ ਕੈਬਨਿਟ ਰੈਂਕ ਦੀ ਪੇਸ਼ਕਸ਼ ਦਾ ਦੋਸ਼

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਖਰੀਦੋ-ਫਰੋਖਤ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਕ ਸੀਨੀਅਰ ਆਗੂ ਨੇ ਉਨ੍ਹਾਂ ਨੂੰ ਫੋਨ ਕਰਕੇ ਪੈਸਿਆਂ ਅਤੇ ਕੈਬਨਿਟ ਰੈਂਕ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਅਜਿਹੀ ਕਿਸੇ ਵੀ ਪੇਸ਼ਕਸ਼ ਤੋਂ ਨਾਂਹ ਕਰ ਦਿੱਤੀ ਹੈ।

ਉਨ੍ਹਾਂ ਕਿਹਾ, ‘ਮੈਨੂੰ ਕੋਈ ਖਰੀਦ ਨਹੀਂ ਸਕਦਾ। ਮੈਂ ਮਿਸ਼ਨ ਉਤੇ ਹਾਂ, ਕਮਿਸ਼ਨ ਉਤੇ ਨਹੀਂ।‘ ਉਨ੍ਹਾਂ ਕਿਹਾ ਕਿ ਭਾਜਪਾ ਨੇ ‘ਆਪ‘ ਦੇ ਕੁਝ ਵਿਧਾਇਕਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਕਾਮਯਾਬ ਨਹੀਂ ਹੋ ਸਕੀ। ਸ੍ਰੀ ਮਾਨ ਨੇ ਕਿਹਾ ਕਿ ਉਹ ਆਪਣੇ ਪੈਸੇ ਕਮਾਉਣ ਦੇ ਕੈਰੀਅਰ ਨੂੰ ਛੱਡ ਕੇ ਪੰਜਾਬ ਦੀ ਸੇਵਾ ਵਿਚ ਆਏ ਹਨ। ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਹੀ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦਾ ਬੂਟਾ ਪੰਜਾਬ ‘ਚ ਲਾਇਆ ਤੇ ਇਸ ਬੂਟੇ ਨੂੰ ਆਪਣੇ ਖ਼ੂਨ-ਪਸੀਨੇ ਨਾਲ ਸਿੰਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਹਾਲੀ ਲਈ ਕੰਮ ਕਰਦੇ ਆਏ ਹਨ ਅਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ। ਪੰਜਾਬ ਲਈ ਉਹ ਭਾਜਪਾ ਦੀ ਕੁਰਸੀ ਨੂੰ ਲੱਤ ਮਾਰਦੇ ਹਨ। ਉਨ੍ਹਾਂ ਭਾਜਪਾ ‘ਤੇ ਜੋੜ-ਤੋੜ ਕਰਨ, ਡਰਾਉਣ-ਧਮਕਾਉਣ ਅਤੇ ਖਰੀਦੋ-ਫ਼ਰੋਖ਼ਤ ਦੀ ਖੇਡ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਨੇ ਬੰਗਾਲ, ਗੋਆ, ਮੇਘਾਲਿਆ ਤੇ ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ‘ਚ ਜੋੜ-ਤੋੜ ਕਰਕੇ ਹੀ ਸਰਕਾਰਾਂ ਬਣਾਈਆਂ ਸਨ, ਪਰ ਭਾਜਪਾ ਅਤੇ ਕੇਂਦਰ ਸਰਕਾਰ, ਸਰਕਾਰ ਦੀਆਂ ਏਜੰਸੀਆਂ ਨਾ ਤਾਂ ਭਗਵੰਤ ਮਾਨ ਨੂੰ ਖਰੀਦ ਸਕਦੀਆਂ ਹਨ ਤੇ ਨਾ ਹੀ ਡਰਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਣਦੇਖੀ ਕਾਰਨ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਭਾਜਪਾ ‘ਆਪ` ਦੇ ਕਿਸੇ ਅਹੁਦੇਦਾਰ, ਵਰਕਰ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰੇ ਅਤੇ ਮਾਨ ਨੂੰ ਖਰੀਦਣ ਦਾ ਭਰਮ ਵੀ ਮਨ ਵਿਚੋਂ ਕੱਢ ਦੇਵੇ।
ਵੁੱਕਤ ਵਧਾਉਣ ਲਈ ਦੋਸ਼ ਲਗਾ ਰਹੇ ਨੇ ਮਾਨ: ਅਸ਼ਵਨੀ
ਨਵੀਂ ਦਿੱਲੀ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਪਾਰਟੀ ‘ਚ ਆਪਣੀ ਵੁੱਕਤ ਵਧਾਉਣ ਲਈ ਭਾਜਪਾ ‘ਤੇ ਅਜਿਹੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲਾਲਚ ਦੇਣ ਦੇ ਨਾਮ ‘ਤੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਅਰਵਿੰਦ ਕੇਜਰੀਵਾਲ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਭਗਵੰਤ ਮਾਨ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਜਾਬ ਵਿਚ ਭਾਜਪਾ ਪੂਰੇ ਜ਼ੋਰ ਸ਼ੋਰ ਨਾਲ ਚੋਣ ਲੜੇਗੀ।