ਰਾਹੁਲ ਗਾਂਧੀ ਵੱਲੋਂ ‘ਮਿਸ਼ਨ ਪੰਜਾਬ` ਲਈ ਚੰਨੀ, ਸਿੱਧੂ ਤੇ ਜਾਖੜ ਨੂੰ ਥਾਪੜਾ

ਚੰਡੀਗੜ੍ਹ: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ‘ਮਿਸ਼ਨ ਪੰਜਾਬ` ਦੀਆਂ ਤਿਆਰੀਆਂ ਲਈ ਪੰਜਾਬ ਕਾਂਗਰਸ ਨੂੰ ਇਕਸੁਰ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗਾਂ ਕਰਕੇ ਮੁੜ ਹੰਭਲਾ ਮਾਰਿਆ ਹੈ।

ਰਾਹੁਲ ਗਾਂਧੀ ਨੇ ਨਾਰਾਜ਼ਗੀ ਦੂਰ ਕਰਨ ਲਈ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਇਕੱਲੇ ਤੌਰ `ਤੇ ਕਾਫੀ ਸਮਾਂ ਮੀਟਿੰਗ ਕੀਤੀ। ਉਸ ਮਗਰੋਂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨਾਲ ਸਾਂਝੇ ਤੌਰ `ਤੇ ਕਾਫੀ ਲੰਮੀ ਮੀਟਿੰਗ ਕੀਤੀ ਹੈ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਕੀਤੀ ਮੀਟਿੰਗ ਵਿਚ ਜਿੱਥੇ ਆਪਸੀ ਤਾਲਮੇਲ ਨਾਲ ਚੱਲਣ ਦੀ ਨਸੀਹਤ ਦਿੱਤੀ, ਉਥੇ ਅਗਲੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਉਤੇ ਵੀ ਚਰਚਾ ਕੀਤੀ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਅਗਲੀਆਂ ਚੋਣਾਂ ‘ਚ ਚੰਨੀ ਤੇ ਸਿੱਧੂ ਨੂੰ ਇਕੱਠੇ ਚੋਣ ਮੈਦਾਨ ਵਿਚ ਨਿਕਲਣ ਤੋਂ ਪਹਿਲਾਂ ਕੁਝ ਸਿਆਸੀ ਸਲਾਹ ਮਸ਼ਵਰੇ ਵੀ ਕੀਤੇ ਹਨ। ਚੰਨੀ ਨੇ ਆਪਣੇ ਕਾਰਜਕਾਲ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਾਇਆ ਹੈ। ਰਾਹੁਲ ਨੇ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਨੂੰ ਸਫਲਤਾ ਦਾ ਮੰਤਰ ਦੱਸਿਆ ਹੈ।
ਮੀਟਿੰਗਾਂ ਦੌਰਾਨ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਬਾਰੇ ਵੀ ਚਰਚਾ ਹੋਈ ਹੈ। ਪਾਰਟੀ ਦੇ ਜਿਲ੍ਹਾ ਪ੍ਰਧਾਨਾਂ ਦੀ ਸੂਚੀ ਵੀ ਜਾਰੀ ਕੀਤੀ ਜਾਣੀ ਹੈ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਆਪਣਾ ਰਿਪੋਰਟ ਕਾਰਡ ਵੀ ਰਾਹੁਲ ਅੱਗੇ ਰੱਖਿਆ। ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਵਿਚ ਟਕਸਾਲੀ ਆਗੂਆਂ ਦੀ ਸ਼ਮੂਲੀਅਤ ਕੀਤੇ ਜਾਣ ਨੂੰ ਲੈ ਕੇ ਵੀ ਚਰਚਾ ਹੋਈ ਹੈ। ਸਿੱਧੂ ਵਿਰੋਧੀਆਂ ਦੀ ਥਾਂ ਆਪਣੀ ਸਰਕਾਰ ਨੂੰ ਨਿਸ਼ਾਨੇ ਉੱਤੇ ਰੱਖਦੇ ਹਨ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਵਿਅੰਗ ਕੱਸ ਰਹੇ ਹਨ। ਰਾਹੁਲ ਗਾਂਧੀ ਨੇ ਸੁਨੀਲ ਜਾਖੜ ਨੂੰ ਫੋਨ ਕਰਕੇ ਉਚੇਚੇ ਤੌਰ ‘ਤੇ ਦਿੱਲੀ ਸੱਦਿਆ ਹੋਇਆ ਸੀ। ਵੇਰਵਿਆਂ ਅਨੁਸਾਰ ਰਾਹੁਲ ਗਾਂਧੀ ਨੇ ਅਗਲੀਆਂ ਚੋਣਾਂ ਦੇ ਮੱਦਨਜਰ ਸੁਨੀਲ ਜਾਖੜ ਨੂੰ ਮਿਲ ਕੇ ਚੱਲਣ ਲਈ ਕਿਹਾ ਜਦੋਂ ਕਿ ਜਾਖੜ ਨੇ ਹਾਈਕਮਾਨ ਨੂੰ ਚਿੰਤਾਮੁਕਤ ਕੀਤਾ ਕਿ ਉਹ ਟਕਸਾਲੀ ਕਾਂਗਰਸੀ ਹਨ ਅਤੇ ਕਾਂਗਰਸ ‘ਚੋਂ ਬਾਹਰ ਕਦੇ ਨਹੀਂ ਵੇਖਣਗੇ। ਰਾਹੁਲ ਗਾਂਧੀ ਨੇ ਮੁੜ ਦੁਹਰਾਇਆ ਕਿ ਉਹ ਅਹਿਮ ਜ਼ਿੰਮੇਵਾਰੀ ਦੇਣ ਨੂੰ ਤਿਆਰ ਹਨ ਪਰ ਜਾਖੜ ਨੇ ਕਿਹਾ ਕਿ ਉਨ੍ਹਾਂ ਲਈ ਅਹੁਦੇ ਕੋਈ ਮਾਅਨੇ ਨਹੀਂ ਰੱਖਦੇ। ਜਾਖੜ ਨੇ ਸੰਪਰਕ ਕਰਨ ‘ਤੇ ਇੰਨਾ ਹੀ ਕਿਹਾ ਕਿ ਰਾਹੁਲ ਗਾਂਧੀ ਨੇ ਸਭਨਾਂ ਨੂੰ ਇਕਮੁੱਠ ਹੋ ਕੇ ਚੱਲਣ ਲਈ ਕਿਹਾ ਹੈ।