ਮਨਜਿੰਦਰ ਸਿੰਘ ਸਿਰਸਾ ਦੇ ਝਟਕੇ ਨਾਲ ਅਕਾਲੀ ਦਲ ਫਿਕਰਮੰਦ

ਚੰਡੀਗੜ੍ਹ: ਦਿੱਲੀ ਦੀ ਸਿੱਖ ਸਿਆਸਤ ਵਿਚ ਬੇਹੱਦ ਸਰਗਰਮ ਰਹਿਣ ਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਨੇੜਲੇ ਸਾਥੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਚਾਨਕ ਭਾਜਪਾ ਵਿਚ ਸ਼ਾਮਲ ਹੋਣ ਦੇ ਐਲਾਨ ਨੇ ਸਿਆਸੀ ਹਲਚਲ ਵਧਾ ਦਿੱਤੀ ਹੈ।

ਸਿਰਸਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਡੀ.ਜੀ.ਪੀ. ਸਰਬਦੀਪ ਸਿੰਘ ਵਿਰਕ, ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਅਵਤਾਰ ਸਿੰਘ ਜ਼ੀਰਾ, ਉਦਯੋਗਪਤੀ ਹਰਚਰਨ ਸਿੰਘ ਰਣੌਤਾ ਅਤੇ ‘ਆਪ` ਆਗੂ ਗੁਰਪ੍ਰੀਤ ਸਿੰਘ ਭੱਟੀ ਆਦਿ ਭਾਜਪਾ ਵਿਚ ਸ਼ਾਮਲ ਹੋ ਗਏ। ਚੋਣਾਂ ਤੋਂ ਪਹਿਲਾਂ ਅਕਾਲੀ ਦਲ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਅਤੇ ਖਾਸ ਕਰਕੇ ਟਕਸਾਲੀ ਪਰਿਵਾਰਾਂ ‘ਤੇ ਨਿਗ੍ਹਾ ਟਿਕਾ ਰੱਖੀ ਹੈ, ਜਿਨ੍ਹਾਂ ਨੂੰ ਪਾਰਟੀ ਦੇ ਸਿੱਖ ਚਿਹਰਿਆਂ ਵਜੋਂ ਚੋਣ ਮੈਦਾਨ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਭਰ ਤੋਂ ਕਿਸਾਨ ਅੰਦੋਲਨ ਦੇ ਚਲਦਿਆਂ ਹਾਲਾਤ ਨੂੰ ਦੇਖਦੇ ਹੋਏ ਅਕਾਲੀ ਦਲ ਨੇ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਤੋਂ ਅਕਾਲੀ ਦਲ (ਬ) ਇਸ ਤਰ੍ਹਾਂ ਦਾ ਪ੍ਰਭਾਵ ਦਿੰਦਾ ਆਇਆ ਹੈ, ਜਿਵੇਂ ਉਹ ਭਾਜਪਾ ਦਾ ਕਦੀ ਸਾਥੀ ਨਾ ਰਿਹਾ ਹੋਵੇ, ਸਗੋਂ ਇਸ ਸਮੇਂ ਦੌਰਾਨ ਅਕਾਲੀ ਆਗੂਆਂ ਵੱਲੋਂ ਭਾਜਪਾ ਬਾਰੇ ਅਜਿਹੀ ਤਿੱਖੀ ਬਿਆਨਬਾਜ਼ੀ ਵੀ ਕੀਤੀ ਜਾਂਦੀ ਰਹੀ, ਜਿਸ ਤੋਂ ਕਿ ਇਹ ਪ੍ਰਭਾਵ ਬਣੇ ਕਿ ਅਕਾਲੀ ਦਲ, ਭਾਜਪਾ ਦਾ ਕੱਟੜ ਵਿਰੋਧੀ ਹੈ। ਪੰਜਾਬ ਵਿਚ ਪਿਛਲੀਆਂ ਚੋਣਾਂ ਉਹ ਭਾਜਪਾ ਨਾਲ ਰਲ ਕੇ ਲੜਦਾ ਰਿਹਾ ਸੀ ਪਰ ਇਸ ਵਾਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਉਸ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨਾਲ ਸਾਂਝ ਪਾ ਲਈ ਹੈ ਅਤੇ ਦੋਵਾਂ ਪਾਰਟੀਆਂ ਵਲੋਂ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਕਿਸਾਨ ਅੰਦੋਲਨ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਮਨਜਿੰਦਰ ਸਿੰਘ ਸਿਰਸਾ ਨੇ ਜਾਹਿਰਾ ਤੌਰ ਉੱਤੇ ਲੰਗਰ ਸਮੇਤ ਹਰ ਤਰ੍ਹਾਂ ਦੀ ਮਦਦ ਕਰਕੇ ਪਛਾਣ ਬਣਾਈ। ਉਸ ਨੂੰ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਭ ਤੋਂ ਨਜ਼ਦੀਕੀ ਆਗੂ ਮੰਨਿਆ ਜਾਂਦਾ ਸੀ। ਹੁਣ ਮਨਜਿੰਦਰ ਸਿਰਸਾ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਹੋਰਨਾਂ ਆਗੂਆਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਭਾਜਪਾ ਨੇ ਸਿਰਸਾ ਦੀ ਬਾਂਹ ਮਰੋੜ ਕੇ ਦਲ ਬਦਲੀ ਕਰਵਾਈ ਹੈ, ਪਰ ਅਕਾਲੀ ਦਲ ‘ਚ ਇਸ ਦਲ ਬਦਲੀ ਨਾਲ ਘਬਰਾਹਟ ਦਾ ਮਾਹੌਲ ਬਣ ਗਿਆ ਹੈ। ਚੋਣਾਂ ਦਾ ਐਲਾਨ ਇਕ ਮਹੀਨੇ ਤੱਕ ਹੋਣ ਦੇ ਚਰਚੇ ਹਨ। ਇਨ੍ਹਾਂ ਚੋਣਾਂ ਲਈ ਅਕਾਲੀ ਦਲ ਜਿਥੇ ਵੱਕਾਰ ਦੀ ਲੜਾਈ ਲੜਦਾ ਦਿਖਾਈ ਦੇ ਰਿਹਾ ਹੈ, ਉਥੇ ਭਾਜਪਾ ਤੇ ‘ਆਪ‘ ਵੀ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਹਨ।
ਉਧਰ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ‘ਤੇ ਗੁੰਮਰਾਹਕੁਨ ਅਤੇ ਬੇਬੁਨਿਆਦ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਕਾਲੀ ਦਲ ਸਿੱਖ ਮਸਲੇ ਹੱਲ ਕਰਾਉਣ ਦੇ ਸਮਰੱਥ ਨਹੀਂ ਰਿਹਾ। ਭਾਜਪਾ ਵਿਚ ਸ਼ਮੂਲੀਅਤ ਨੂੰ ਜਾਇਜ਼ ਠਹਿਰਾਉਂਦਿਆਂ ਸਿਰਸਾ ਨੇ ਕਿਹਾ ਕਿ ਦਲਬਦਲੀ ਦਾ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ ਹੈ ਅਤੇ ਹੁਣ ਅਜਿਹਾ ਪਲੇਟਫਾਰਮ ਮਿਲ ਗਿਆ ਹੈ ਜਿਸ ਨਾਲ ਲੰਮੇ ਸਮੇਂ ਤੋਂ ਲਟਕ ਰਹੇ ਸਿੱਖ ਮਸਲੇ ਹੱਲ ਕਰਵਾਉਣ ਵਿਚ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਉਹ ਆਪਣੀ ਇੱਛਾ ਨਾਲ ਭਾਜਪਾ ਵਿਚ ਸ਼ਾਮਲ ਹੋਏ ਹਨ ਕਿਉਂਕਿ ਇਸ ਪਾਰਟੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਨ ਦੀ ਸਮਰੱਥਾ ਵਿਚ ਨਹੀਂ ਰਿਹਾ ਕਿਉਂਕਿ ਉਸ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ।
ਸਿਰਸਾ ਨੂੰ ਡਰਾ ਕੇ ਭਾਜਪਾ `ਚ ਸ਼ਾਮਲ ਕੀਤਾ: ਸੁਖਬੀਰ
ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ‘ਚ ਸ਼ਾਮਲ ਹੋਣ ਬਾਰੇ ਕਿਹਾ ਕਿ ਸਿਰਸਾ ਨੂੰ ਬੰਦੂਕ ਨਾਲ ਡਰ ਕੇ ਭਾਜਪਾ ‘ਚ ਸ਼ਾਮਲ ਕਰਵਾਇਆ ਗਿਆ ਹੈ। ਸ੍ਰੀ ਬਾਦਲ ਨੇ ਮਨਜਿੰਦਰ ਸਿਰਸਾ ਵੱਲੋਂ ਭੇਜਿਆ ਗਿਆ ਵ੍ਹਟਸਐਪ ਸੰਦੇਸ਼ ਵੀ ਦਿਖਾਇਆ, ਜਿਸ ਵਿਚ ਉਨ੍ਹਾਂ ਖਿਲਾਫ ਦਰਜ ਕੀਤੀ ਗਈ ਐਫ.ਆਈ.ਆਰ. ਦੀ ਕਾਪੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਿਰਸਾ ਨੇ ਉਨ੍ਹਾਂ ਨੂੰ ਫੋਨ ‘ਤੇ ਦੱਸਿਆ ਸੀ ਕਿ ਭਾਜਪਾ ਵੱਲੋਂ ਉਨ੍ਹਾਂ ਨੂੰ ਧਮਕਾਇਆ ਗਿਆ ਸੀ ਕਿ ਜਾਂ ਉਹ ਅਕਾਲੀ ਦਲ ਨੂੰ ਛੱਡ ਦੇਣ ਤੇ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹਿਣ।
ਸਿਰਸਾ ਨੇ ਦਬਾਅ ਹੇਠ ਛੱਡੀ ਪਾਰਟੀ: ਜਥੇਦਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਰਸਾ ਦੀ ਭਾਜਪਾ ਵਿਚ ਸ਼ਮੂਲੀਅਤ ਬਾਰੇ ਗੱਲ ਕਰਦਿਆਂ ਕਿਹਾ ਕਿ ਸ੍ਰੀ ਸਿਰਸਾ ਨੇ ਭਾਜਪਾ ਦੇ ਦਬਾਅ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਹੈ। ਉਨ੍ਹਾਂ ਕਿਹਾ ਕਿ ਸਿਰਸਾ ਨਾਲ ਉਨ੍ਹਾਂ ਦੀ ਗੱਲ ਹੋਈ ਸੀ, ਜਿਸ ਦੌਰਾਨ ਸਿਰਸਾ ਨੇ ਦੱਸਿਆ ਸੀ ਕਿ ਉਨ੍ਹਾਂ ਅੱਗੇ ਪੇਸ਼ਕਸ਼ ਰੱਖੀ ਗਈ ਹੈ ਕਿ ਜਾਂ ਉਹ ਭਾਜਪਾ ਵਿਚ ਸ਼ਾਮਲ ਹੋਣ ਨਹੀਂ ਤਾਂ ਜੇਲ੍ਹ ਜਾਣ ਲਈ ਤਿਆਰ ਰਹਿਣ। ਜਥੇਦਾਰ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜਰ ਸਿਰਸਾ ਭਾਜਪਾ ਵਿਚ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮੁੱਚੀ ਕਾਰਵਾਈ ਲਈ ਦਿੱਲੀ ਦੇ ਕੁਝ ਸਿੱਖ ਆਗੂ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਇਸ ਘਟਨਾ ਲਈ ਜ਼ਮੀਨ ਤਿਆਰ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ 11 ਹੋਰ ਮੈਂਬਰਾਂ ਖਿਲਾਫ ਪਹਿਲਾਂ ਪੁਲਿਸ ਕੇਸ ਦਰਜ ਕਰਵਾਏ ਗਏ ਤੇ ਮਗਰੋਂ ਉਨ੍ਹਾਂ ‘ਤੇ ਭਾਜਪਾ ‘ਚ ਸ਼ਾਮਲ ਹੋਣ ਦਾ ਦਬਾਅ ਪਾਇਆ ਗਿਆ।