ਉਘੇ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਦਾ ਦੇਹਾਂਤ

ਸ੍ਰੀ ਮੁਕਤਸਰ ਸਾਹਿਬ: ਤਕਰੀਬਨ ਇਕ ਮਹੀਨੇ ਤੋਂ ਛਾਤੀ ਦੀ ਇਨਫੈਕਸ਼ਨ ਤੋਂ ਪੀੜਤ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ (85) ਦਾ ਦੇਹਾਂਤ ਹੋ ਗਿਆ ਹੈ। ਉਹ ਤਕਰੀਬਨ ਇਕ ਮਹੀਨਾ ਪਹਿਲਾਂ ਮੁਕਤਸਰ ਦੇ ਪ੍ਰਾਈਵੇਟ ਹਸਪਤਾਲ ‘ਚ ਸਾਹ ਦੀ ਤਕਲੀਫ ਦੇ ਇਲਾਜ ਲਈ ਦਾਖਲ ਹੋਏ ਸਨ ਤੇ ਹੁਣ ਕਰੀਬ ਦੋ ਹਫਤਿਆਂ ਤੋਂ ਆਪਣੇ ਪਿੰਡ ਹੀ ਘਰ ‘ਚ ਸਨ।

ਜ਼ਿਕਰਯੋਗ ਹੈ ਕਿ ਪੰਜਾਬੀ ਵਿਚ ਮਾਸਟਰਜ ਡਿਗਰੀ ਹਾਸਲ ਕਰਨ ਤੋਂ ਬਾਅਦ ਤੋਂ ਬਾਅਦ ਉਹ ਕੁਝ ਸਮਾਂ ਮੁਕਤਸਰ ਦੇ ਕਾਲਜ ਵਿਚ ਪੜ੍ਹਾਉਂਦੇ ਰਹੇ ਤੇ ਉਪਰੰਤ ਪੱਕੇ ਤੌਰ ‘ਤੇ ਦਿੱਲੀ ਦੇ ਸਕੂਲ ਵਿਚ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਦਿੱਲੀ ਦੇ ਸਾਹਿਤਕ ਹਲਕਿਆਂ ‘ਚ ਉਹ ਛਾਏ ਰਹੇ। ਅੰਮ੍ਰਿਤਾ ਪ੍ਰੀਤਮ ਸਣੇ ਹੋਰ ਸਿਰਮੌਰ ਲੇਖਕਾਂ ਨਾਲ ਉਨ੍ਹਾਂ ਦੀ ਗੂੜ੍ਹੀ ਸਾਂਝ ਰਹੀ। ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਇਕ ਟੋਟਾ ਔਰਤ‘ 1970 ਵਿਚ ਪ੍ਰਕਾਸ਼ਿਤ ਹੋਈ। ਉਸ ਤੋਂ ਬਾਅਦ ‘ਡਿਫੈਂਸ ਲਾਈਨ‘, ‘ਸ਼ੀਸ਼ਾ‘, ਰਾਂਝਾ ਵਾਰਿਸ ਹੋਇਆ ਪ੍ਰਕਾਸ਼ਿਤ ਹੋਈਆਂ। ਇਸ ਤੋਂ ਇਲਾਵਾ ਚਾਰ ਨਾਵਲ- ਜਲਦੇਵ, ਆਸ਼ੋ ਦਾ ਟੱਬਰ, ਗੋਰੀ ਅਤੇ ਸ੍ਰੀ ਪਾਰਵਾ ਵੀ ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਪਾਏ। ਸ੍ਰੀ ਰੁਪਾਣਾ ਨੇ ਦਿੱਲੀ ਰਹਿੰਦਿਆਂ ਪੰਜਾਬ ਦੇ ਪਿੰਡਾਂ, ਪੰਜਾਬੀ ਸਭਿਆਚਾਰ ਤੇ ਸੁਭਾਅ ਨੂੰ ਬਾਖੂਬੀ ਚਿੱਤਰਿਆ ਤੇ ਸੇਵਾਮੁਕਤੀ ਉਪਰੰਤ ਆਪਣੇ ਪਿੰਡ ਰੁਪਾਣਾ ਆ ਕੇ ਦਿੱਲੀ ਨੂੰ ਚਿੱਤਰਿਆ।
ਉਹ ਕਹਿੰਦੇ ਸਨ ਕਿ ਦੂਰੋਂ ਦੇਖਿਆਂ ਜ਼ਿਆਦਾ ਵਿਸਥਾਰ ਵਿਖਾਈ ਦਿੰਦਾ ਹੈ। ਉਨ੍ਹਾਂ ਦੀਆਂ ਕਈ ਪੁਸਤਕਾਂ ਅਤੇ ਕਹਾਣੀਆਂ ਦਾ ਅੰਗਰੇਜ਼ੀ, ਤੇਲਗੂ ਤੇ ਹਿੰਦੀ ‘ਚ ਲਿੱਪੀਅੰਤਰ ਵੀ ਹੋ ਚੁੱਕਿਆ ਹੈ। ਉਨ੍ਹਾਂ ਨੂੰ ਕੈਨੇਡਾ ਦੇ ‘ਢਾਹਾਂ ਸਨਮਾਨ‘ ਸਣੇ, ਪੰਜਾਬੀ ਅਕਾਦਮੀ ਦਿੱਲੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਸ੍ਰੀ ਰੁਪਾਣਾ ਨੁੂੰ ਪੰਜਾਬੀ ਸਾਹਿਤ ‘ਚ ਘੱਟ ਪਰ ਸਾਰਥਕ ਲਿਖਣ ਵਾਲੇ ਲੇਖਕ ਵਜੋਂ ਜਾਣਿਆ ਜਾਂਦਾ ਹੈ।