ਨਾਗਾਲੈਂਡ ਵਿਚ ਫੌਜ ਦੀ ਫਾਇਰਿੰਗ ਵਿਚ 14 ਨਾਗਰਿਕ ਹਲਾਕ

ਨਵੀਂ ਦਿੱਲੀ: ਭਾਰਤ ਦੇ ਉਤਰ-ਪੂਰਬੀ ਰਾਜ ਨਾਗਾਲੈਂਡ ਦੇ ਮੋਨ ਜਿਲ੍ਹੇ ਵਿਚ ਸੁਰੱਖਿਆ ਬਲਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਕਰੀਬ 14 ਆਮ ਨਾਗਰਿਕਾਂ ਦੀ ਮੌਤ ਹੋ ਗਈ ਹੈ। ਫੌਜ ਨੇ ਇਸ ਮਾਮਲੇ ਵਿਚ ਕੋਰਟ ਆਫ ਇਨਕੁਆਰੀ ਬਿਠਾ ਦਿੱਤੀ ਹੈ।

ਫੌਜ ਦਾ ਕਹਿਣਾ ਹੈ ਕਿ ਇਕ ਸੈਨਿਕ ਦੀ ਜਾਨ ਵੀ ਗਈ ਹੈ ਤੇ ਕਈ ਜ਼ਖਮੀ ਹੋ ਗਏ ਹਨ। ਭਾਰਤੀ ਫੌਜ ਨੇ ਕਿਹਾ ਕਿ ਇਸ ਘਟਨਾ ਅਤੇ ਮਗਰੋਂ ਜੋ ਵੀ ਹੋਇਆ ਉਸ ‘ਤੇ ਉਨ੍ਹਾਂ ਨੂੰ ‘ਬੇਹੱਦ ਅਫਸੋਸ‘ ਹੈ। ਜਾਨਾਂ ਜਾਣ ਦੀ ਜਾਂਚ ਉਚ ਪੱਧਰ ਉਤੇ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ 13 ਜਣੇ ਤਾਂ ਮੌਕੇ ‘ਤੇ ਹੀ ਮਾਰੇ ਗਏ। ਇਸ ਤੋਂ ਇਲਾਵਾ 11 ਫੱਟੜ ਵੀ ਹਨ। ਹੋਰਾਂ ਨੇ ਗੁਆਂਢੀ ਸੂਬੇ ਅਸਾਮ ਦੇ ਹਸਪਤਾਲਾਂ ਵਿਚ ਵੀ ਦਮ ਤੋੜਿਆ ਹੈ। ਮੁੱਖ ਮੰਤਰੀ ਨੇਫਿਊ ਰੀਓ ਨੇ ਉਚ ਪੱਧਰੀ ਜਾਂਚ ਦਾ ਵਾਅਦਾ ਕੀਤਾ ਹੈ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਓਟਿੰਗ ਤੇ ਟੀਰੂ ਪਿੰਡਾਂ ਵਿਚਾਲੇ ਵਾਪਰੀ ਹੈ ਜਦ ਕੁਝ ਦਿਹਾੜੀਦਾਰ ਮਜ਼ਦੂਰ ਇਕ ਵੈਨ ਵਿਚ ਸ਼ਾਮ ਘਰ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਵਾਹਨ ‘ਤੇ ਫੌਜ ਨੇ ਗੋਲੀ ਚਲਾਈ ਜੋ ਕਿ ਇਲਾਕੇ ਵਿਚ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਇਕ ਮੁਹਿੰਮ ਉਤੇ ਸੀ। ਫੌਜ ਨੂੰ ਜਾਣਕਾਰੀ ਮਿਲੀ ਸੀ ਕਿ ਪਾਬੰਦੀ ਅਧੀਨ ਸੰਗਠਨ ਐਨ.ਐਸ.ਸੀ.ਐਨ. (ਕੇ) ਦੇ ਯੁੰਗ ਓਂਗ ਧੜੇ ਦੇ ਅਤਿਵਾਦੀ ਇਲਾਕੇ ਵਿਚ ਘੁੰਮ ਰਹੇ ਹਨ। ਦਰਅਸਲ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਨੂੰ ਗਲਤ ਪਛਾਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੋਈ ਹਿੰਸਾ ਵਿਚ ਇਕ ਸੈਨਿਕ ਮਾਰਿਆ ਗਿਆ ਹੈ। ਗੋਲੀਬਾਰੀ ਦੀ ਪਹਿਲੀ ਘਟਨਾ ਵਿਚ ਛੇ ਨਾਗਰਿਕ ਮਾਰੇ ਗਏ ਸਨ। ਫੌਜ ਨੇ ਵੈਨ ਵਿਚ ਸਵਾਰ ਖਾਣ ਦੇ ਵਰਕਰਾਂ ਨੂੰ ਐਨ.ਐਸ.ਸੀ.ਐਨ. (ਕੇ) ਦੇ ਯੁੰਗ ਓਂਗ ਧੜੇ ਦੇ ਅਤਿਵਾਦੀ ਸਮਝ ਲਿਆ ਸੀ। ਸੈਨਾ ਨੂੰ ਇਨ੍ਹਾਂ ਅਤਿਵਾਦੀਆਂ ਦੀ ਗਤੀਵਿਧੀ ਬਾਰੇ ਹੀ ਜਾਣਕਾਰੀ ਮਿਲੀ ਸੀ। ਜਦ ਇਹ ਵਰਕਰ ਘਰ ਨਹੀਂ ਪਹੁੰਚੇ ਤਾਂ ਪਿੰਡਾਂ ਦੇ ਨੌਜਵਾਨ ਤੇ ਹੋਰ ਇਨ੍ਹਾਂ ਦੀ ਭਾਲ ਵਿਚ ਨਿਕਲੇ। ਉਨ੍ਹਾਂ ਫੌਜ ਦੇ ਵਾਹਨਾਂ ਨੂੰ ਘੇਰ ਲਿਆ ਤੇ ਅੱਗ ਲਾ ਦਿੱਤੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ ਤੇ ਸੈਨਿਕਾਂ ਨੇ ਆਤਮ ਰੱਖਿਆ ਲਈ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿਚ 8 ਨਾਗਰਿਕ ਮਾਰੇ ਗਏ।