ਪੂਰੀ ਦੁਨੀਆ ਨੂੰ ਲਪੇਟਣ ਲੱਗਾ ‘ਓਮੀਕਰੋਨ’; ਭਾਰਤ `ਚ ਚੌਕਸੀ ਦੇ ਹੁਕਮ

ਨਵੀਂ ਦਿੱਲੀ: ਕਰੋਨਾ ਵਾਇਰਸ ਦੇ ਨਵਾਂ ਰੂਪ ਓਮੀਕਰੋਨ ਪੂਰੀ ਦੁਨੀਆਂ ਨੂੰ ਘੇਰੇ ਵਿਚ ਲੈ ਰਿਹਾ ਹੈ। ਇਹ ਰੂਪ ਬੋਸਤਵਾਨਾ ਆਸਟਰੇਲੀਆ, ਜਰਮਨੀ, ਇਟਲੀ, ਬੈਲਜੀਅਮ, ਚੈੱਕ ਗਣਰਾਜ, ਇਜਰਾਈਲ, ਇੰਗਲੈਂਡ ਤੋਂ ਬਾਅਦ ਭਾਰਤ, ਅਮਰੀਕਾ ਸਣੇ ਵੱਡੀ ਗਿਣਤੀ ਦੇਸ਼ਾਂ ਵਿਚ ਫੈਲ ਰਿਹਾ ਹੈ।

ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੇ ਦੱਖਣੀ ਅਫਰੀਕਾ ਤੋਂ ਆਉਂਦੀਆਂ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਹਨ। ਦੱਖਣੀ ਅਫਰੀਕਾ ਅਤੇ ਬੋਸਤਵਾਨਾ ਦੇ ਵਿਗਿਆਨੀਆਂ ਨੇ ਇਸ ਰੂਪ ਦੀ ਸ਼ਨਾਖ਼ਤ ਕੀਤੀ ਹੈ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਇਹ ਰੂਪ ਦੱਖਣੀ ਅਫਰੀਕਾ ਵਿਚ ਹੀ ਪੈਦਾ ਹੋਇਆ ਹੈ। ਦੱਖਣੀ ਅਫਰੀਕਾ ਦੇ ਵਿਗਿਆਨੀਆਂ ਅਨੁਸਾਰ ਇਸ ਰੂਪ ਵਿਚ ਕਰੋਨਾ ਵਾਇਰਸ ਦੇ ਸਭ ਤੋਂ ਪਹਿਲਾਂ ਪਾਏ ਗਏ ਰੂਪ ਦੇ ਮੁਕਾਬਲੇ ਲਗਭਗ 50 ਤਬਦੀਲੀਆਂ ਹੋ ਚੁੱਕੀਆਂ ਹਨ ਅਤੇ ਇਹ ਤੇਜੀ ਨਾਲ ਫੈਲਦਾ ਹੈ।
ਅਮਰੀਕਾ ਦੇ ਨਿਊ ਯਾਰਕ ਵਿਚ ਓਮੀਕਰੋਨ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਸੂਬੇ ਵਿਚ ਕਰੋਨਾ ਵਾਇਰਸ ਦੇ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਉਨ੍ਹਾਂ ਸੂਬਿਆਂ ਦੀ ਗਿਣਤੀ ਵਧ ਗਈ ਹੈ ਜਿੱਥੇ ਓਮੀਕਰੋਨ ਸਰੂਪ ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ।
ਅਜਿਹੇ ਸੂਬਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਜਿਨ੍ਹਾਂ ਵਿਚ ਕਰੋਨਾ ਦੇ ਇਸ ਨਵੇਂ ਸਰੂਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਸੂਬਿਆਂ ਵਿਚੋਂ ਨਿਊ ਜਰਸੀ, ਜੌਰਜੀਆ, ਪੈਨਸਿਲਵੇਨੀਆ ਅਤੇ ਮੈਰੀਲੈਂਡ ਵਿਚ ਪਹਿਲੀ ਵਾਰ ਇਸ ਸਰੂਪ ਦੇ ਮਾਮਲੇ ਸਾਹਮਣੇ ਆਏ ਸਨ ਜਦਕਿ ਮਿਸੂਰੀ ਵਿਚ ਵੀ ਇਸ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਤੋਂ ਇਲਾਵਾ ਨੈਬ੍ਰਾਸਕਾ, ਮਿਨੈਸੋਟਾ, ਕੈਲੀਫੋਰਨੀਆ, ਹਵਾਈ, ਕੋਲੋਰਾਡੋ ਅਤੇ ਉਟਾਹ ਵਿਚ ਵੀ ਓਮੀਕਰੋਨ ਸਰੂਪ ਦੇ ਮਾਮਲੇ ਸਾਹਮਣੇ ਆਏ ਹਨ। ਨਿਊ ਯਾਰਕ ਸੂਬੇ ਵਿੱਚੋਂ ਸੱਤ ਮਾਮਲੇ ਨਿਊਯਾਰਕ ਸਿਟੀ ‘ਚ ਮਿਲੇ ਹਨ ਜਦਕਿ ਇਕ ਹੋਰ ਮਰੀਜ਼ ਸੂਫੋਲਕ ਕਾਊਂਟੀ ਵਿਚ ਮਿਲਿਆ ਹੈ।
ਉਧਰ, ਭਾਰਤ ਸਰਕਾਰ ਨੇ ਕਰਨਾਟਕ, ਕੇਰਲਾ, ਤਾਮਿਲ ਨਾਡੂ, ਜੰਮੂ ਕਸ਼ਮੀਰ, ਉੜੀਸਾ ਤੇ ਮਿਜੋਰਮ ਨੂੰ ਪੱਤਰ ਲਿਖ ਕੇ ਕੋਵਿਡ-19 ਦੇ ਪਸਾਰੇ ‘ਤੇ ਕੰਟਰੋਲ ਲਈ ਜਾਂਚ-ਪਤਾ ਲਾਉਣ, ਇਲਾਜ ਕਰਨ, ਟੀਕਾਕਰਨ ਕਰਨ, ਕੋਵਿਡ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਨੀਤੀ ਲਈ ਜਰੂਰੀ ਕਦਮ ਚੁੱਕਣ ਨੂੰ ਕਿਹਾ। ਕੁਝ ਜਿਲ੍ਹਿਆਂ ‘ਚ ਕਰੋਨਾ ਦੇ ਵਧਦੇ ਕੇਸਾਂ, ਹਫਤਾਵਾਰੀ ਲਾਗ ਤੇ ਮੌਤ ਦਰ ਵਧਣ ਦੇ ਮਾਮਲਿਆਂ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ।
ਕਰੋਨਾ ਵਾਇਰਸ ਦੇ ਨਵੇਂ ਓਮੀਕਰੋਨ ਸਰੂਪ ਨੂੰ ਦੇਖਦਿਆਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੇ ਪੱਤਰ ਦਾ ਜ਼ਿਕਰ ਕਰਦਿਆਂ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕਿਹਾ ਕਿ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੌਮਾਂਤਰੀ ਮੁਸਾਫਰਾਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇ, ਨਵੇਂ ਹੌਟ ਸਪੌਟਾਂ ਦੀ ਨਿਗਰਾਨੀ ਕੀਤੀ ਜਾਵੇ, ਲਾਗ ਪੀੜਤਾਂ ਦੇ ਸੰਪਰਕ ‘ਚ ਆਏ ਲੋਕਾਂ ਦਾ ਤੁਰੰਤ ਪਤਾ ਲਾਇਆ ਜਾਵੇ।
ਅਮਰੀਕਾ ਆਉਣ ਵਾਲਿਆਂ ਲਈ ਨੈਗੇਟਿਵ ਰਿਪੋਰਟ ਜ਼ਰੂਰੀ
ਵਾਸ਼ਿੰਗਟਨ: ਕਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਸਣੇ ਹੋਰ ਦੇਸ਼ਾਂ ਤੋਂ ਇਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਨਾਲ ਲੈ ਕੇ ਆਉਣਾ ਜਾਂ ਲਾਗ ਤੋਂ ਉੱਭਰਨ ਦਾ ਸਬੂਤ ਨਾਲ ਲੈ ਕੇ ਆਉਣਾ ਜਰੂਰੀ ਕਰ ਦਿੱਤਾ ਹੈ। ਇਹ ਨਵਾਂ ਨਿਯਮ 6 ਦਸੰਬਰ ਤੋਂ ਪ੍ਰਭਾਵੀ ਹੋਵੇਗਾ। ਸਿਹਤ ਤੇ ਮਨੁੱਖੀ ਸੇਵਾ ਵਿਭਾਗ ਅਧੀਨ ਆਉਂਦੇ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਨੇ ਇਹ ਜਾਣਕਾਰੀ ਦਿੱਤੀ।