ਚੰਨੀ ਨੇ 72 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਕੇ ਪੱਲਾ ਝਾੜਿਆ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ ਦਿਖਾਉਣ ਲਈ ਤੱਥਾਂ ਤੇ ਸਬੂਤਾਂ ਸਮੇਤ 60 ਅਹਿਮ ਫੈਸਲਿਆਂ ਵਾਲਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਵਿਰੋਧੀ ਧਿਰਾਂ ਦੇ ਸਿਆਸੀ ਪ੍ਰਚਾਰ ਦੇ ਟਾਕਰੇ ਲਈ ਜਾਰੀ ਰਿਪੋਰਟ ਕਾਰਡ ‘ਚ ਚੰਨੀ ਨੇ ਪਹਿਲਾਂ ਹਰ ਫੈਸਲੇ ਤੋਂ ਜਾਣੂ ਕਰਾਇਆ ਤੇ ਮਗਰੋਂ ਹਰ ਫੈਸਲਾ ਲਾਗੂ ਕਰਨ ਦੇ ਪੱਤਰ/ਨੋਟੀਫਿਕੇਸ਼ਨ ਵੀ ਦਿਖਾਏ।

ਮੁੱਖ ਮੰਤਰੀ ਦੇ ਰਿਪੋਰਟ ਕਾਰਡ ਵਿਚੋਂ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਗਾਇਬ ਰਹੇ। ਕਿਸਾਨ ਦੇ ਕਰਜ਼ ਮੁਆਫੀ ਬਾਰੇ ਗੱਲ ਨਹੀਂ ਕੀਤੀ। ਕੇਬਲ ਮਾਫੀਏ ਨੂੰ ਠੱਲ੍ਹਣ ਲਈ 100 ਰੁਪਏ ਕੇਬਲ ਰੇਟ ਵਾਲਾ ਐਲਾਨ ਅਤੇ ਬੱਸ ਮਾਫੀਏ ਨੂੰ ਨੱਥ ਪਾਉਣ ਲਈ ਰੱਦ ਕੀਤੇ ਪਰਮਿਟਾਂ ਅਤੇ ਜ਼ਬਤ ਬੱਸਾਂ ਦਾ ਮਾਮਲਾ ਵੀ ਰਿਪੋਰਟ ਕਾਰਡ ‘ਚ ਸ਼ਾਮਲ ਨਹੀਂ ਕੀਤਾ ਗਿਆ। ਭ੍ਰਿਸ਼ਟਾਚਾਰ ਨੂੰ ਠੱਲ੍ਹਣ ਲਈ ਜ਼ੀਰੋ ਟੌਲਰੈਂਸ ਨੂੰ ਲੈ ਕੇ ਕਿਸੇ ਪ੍ਰਾਪਤੀਆਂ ਨੂੰ ਰਿਪੋਰਟ ਕਾਰਡ ‘ਚ ਨਹੀਂ ਉਭਾਰਿਆ ਗਿਆ। ਰਿਪੋਰਟ ਕਾਰਡ ਵਿਚ ਬਿਜਲੀ ਨਾਲ ਸਬੰਧਤ ਮੁੱਦੇ ਮੁੱਖ ਰੂਪ ਵਿਚ ਅੱਗੇ ਰੱਖੇ ਗਏ।
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 2017 ਦੀਆਂ ਪੰਜਾਬ ਚੋਣਾਂ ‘ਚ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਅਤੇ 2014 ਦੀਆਂ ਲੋਕ ਸਭਾ ਚੋਣਾ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਵੀ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਸੀ। ‘ਆਪ‘ ਆਗੂ ਨੇ ਦੋਸ਼ ਲਾਇਆ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਦੇਸ਼ ਦੇ ਅੰਨਦਾਤਾ ਅਤੇ ਖੇਤ ਮਜ਼ਦੂਰਾਂ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ ਹੈ।
ਉਧਰ, ਚੰਨੀ ਨੇ ਵਿਰੋਧੀ ਧਿਰਾਂ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹਾ ਇਕ ਵੀ ਫੈਸਲਾ ਗਿਣਾਉਣ, ਜੋ ਉਨ੍ਹਾਂ (ਚੰਨੀ) ਨੇ ਲਿਆ ਹੋਵੇ ਤੇ ਹਕੀਕੀ ਰੂਪ ਵਿਚ ਲਾਗੂ ਨਾ ਹੋਇਆ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਜਲਦ ਹੀ ਉਹ ਬਾਕੀ ਮਸਲੇ ਵੀ ਹੱਲ ਕਰ ਦੇਣਗੇ। ਮੁੱਖ ਮੰਤਰੀ ਚੰਨੀ ਨੇ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਸਿਆਸੀ ਟਕੋਰਾਂ ਵੀ ਕੀਤੀਆਂ। ਉਨ੍ਹਾਂ 13 ਨੁਕਾਤੀ ਏਜੰਡੇ ਦੀ ਗੱਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ, ਉਨ੍ਹਾਂ ਨੂੰ ਰਿਪੋਰਟ ਕਾਰਡ ਦੇਖ ਕੇ ਯਕੀਨ ਆ ਜਾਵੇਗਾ।
ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਪਾਰਟੀ ਦੀਆਂ ਨੀਤੀਆਂ ਨੂੰ ਹੀ ਲਾਗੂ ਕਰ ਰਹੀ ਹੈ। ਮੁੱਖ ਮੰਤਰੀ ਨੇ ਅੱਜ ਮੁੱਖ ਤੌਰ ‘ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਰੱਖਿਆ। ਉਨ੍ਹਾਂ ਵਿਰੋਧੀਆਂ ‘ਤੇ ਤਨਜ ਕਸਦੇ ਹੋਏ ਕਿਹਾ, ”ਮੈਂ ਐਲਾਨਜੀਤ ਨਹੀਂ, ਪਰ ਵਿਸ਼ਵਾਸਜੀਤ ਜਰੂਰ ਹਾਂ, ਜੋ ਕਹਿੰਦਾ ਹਾਂ, ਉਹ ਕਰਦਾ ਹਾਂ, ਹਰ ਫੈਸਲੇ ਨੂੰ ਹਕੀਕਤ ‘ਚ ਲਾਗੂ ਕੀਤਾ ਹੈ।‘ ਉਨ੍ਹਾਂ ਕਿਹਾ ਕਿ ‘ਲੋਕ ਆਖਦੇ ਹਨ, ‘ਚੰਨੀ ਸਰਕਾਰ‘ ਪਰ ਮੈਂ ਇਸ ਨੂੰ ‘ਚੰਗੀ ਸਰਕਾਰ‘ ਆਖਦਾ ਹਾਂ, ਜੋ ਸਭ ਵਰਗਾਂ ਲਈ ਅਤੇ ਆਮ ਲੋਕਾਂ ਦੀ ਸਰਕਾਰ ਹੈ। ਜੋ ਕਿਹਾ ਜਾਂਦਾ ਹੈ, ਉਹ ਕਾਨੂੰਨ ਬਣਦਾ ਹੈ, ਜੋ ਲੋਕ ਲੋੜਾਂ ‘ਤੇ ਅਧਾਰਿਤ ਹੁੰਦਾ ਹੈ।“ ਚੰਨੀ ਨੇ ਕਿਹਾ ਕਿ ਵਿਰੋਧੀ ਧਿਰਾਂ ਸਾਰੇ ਫੈਸਲੇ ਲਾਗੂ ਹੋਣ ਤੋਂ ਤਕਲੀਫ ‘ਚ ਹਨ।
ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕ ਪੱਖੀ ਏਜੰਡੇ ਨੂੰ ਦਿੱਲੀ ਵਿਚ ਵੀ ਲਾਗੂ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ‘ਪੰਜਾਬ ਕੋਈ ਸ਼ਾਮਲਾਟ ਨਹੀਂ, ਜੋ ਮਰਜ਼ੀ ਆ ਕੇ ਦੱਬ ਲਵੇ`। ਚੰਨੀ ਨੇ ਕਿਹਾ ਕਿ ਉਹ ‘ਆਪ` ਦਾ ਝੂਠ ਪੰਜਾਬ ਵਿੱਚ ਚੱਲਣ ਨਹੀਂ ਦੇਣਗੇ। ਚੰਨੀ ਨੇ ‘ਆਪ` ਨੂੰ ਘੇਰਨ ਲਈ ਖਪਤਕਾਰਾਂ ਦੇ ਬਿਜਲੀ ਦੇ ‘ਜ਼ੀਰੋ ਬਿੱਲ` ਵੀ ਦਿਖਾਏ। ਉਨ੍ਹਾਂ ਕਿਹਾ ਕਿ ਬਿਜਲੀ ਦਰਾਂ ਵਿਚ ਤਿੰਨ ਰੁਪਏ ਦੀ ਕਟੌਤੀ ਦਾ 68 ਲੱਖ ਲੋਕਾਂ ਨੂੰ ਫਾਇਦਾ ਪੁੱਜਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਗੱਠਜੋੜ ਸਰਕਾਰ ਸਮੇਂ ਜੋ ਸੂਰਜੀ ਊਰਜਾ 17.91 ਰੁਪਏ ਖਰੀਦੀ ਗਈ, ਉਹ ਸਿਰਫ 2.34 ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦ ਰਹੇ ਹਨ। ਇਸੇ ਤਰ੍ਹਾਂ ਬਿਜਲੀ ਸਮਝੌਤੇ ਰੱਦ ਕੀਤੇ ਗਏ ਹਨ। ਪੇਂਡੂ ਤੇ ਸ਼ਹਿਰੀ ਜਲ ਸਪਲਾਈ ਸਕੀਮਾਂ ਦੇ ਬਿਜਲੀ ਬਕਾਏ ਮੁਆਫ ਕੀਤੇ ਗਏ ਹਨ ਅਤੇ ਅੱਗੇ ਤੋਂ ਇਹ ਬਿੱਲ ਸਰਕਾਰ ਤਾਰੇਗੀ।ਮੁੱਖ ਮੰਤਰੀ ਨੇ ਦੱਸਿਆ ਕਿ ‘ਮੇਰਾ ਘਰ ਮੇਰੇ ਨਾਮ` ਸਕੀਮ ਤਹਿਤ ਦਸੰਬਰ 2022 ਤੱਕ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਸਨਅਤਾਂ ਲਈ ਓ.ਟੀ.ਐਸ ਸਕੀਮ ਲਿਆਂਦੀ ਗਈ ਹੈ। ਸਾਰੀਆਂ ਨੌਕਰੀਆਂ ਲਈ ਦਸਵੀਂ ਪੱਧਰ ਤੱਕ ਪੰਜਾਬੀ ਲਾਜ਼ਮੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਰੇਤ ਮਾਫੀਏ ਦੇ ਖਾਤਮੇ ਦੀ ਗੱਲ ਕੀਤੀ ਅਤੇ ਰੇਤੇ ਦਾ ਰੇਟ 5.50 ਰੁਪਏ ਪ੍ਰਤੀ ਘਣ ਫੁੱਟ ਕਰਨ ਦਾ ਜ਼ਿਕਰ ਕੀਤਾ। ਕਿਸਾਨੀ ਮੁੱਦਿਆਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਵਿਚ ਕੀਤੇ ਵਾਅਦੇ, ਗੰਨਾ ਕਾਸ਼ਤਕਾਰਾਂ ਨੂੰ ਸਰਕਾਰ ਤਰਫੋਂ 35 ਰੁਪਏ ਦੇਣ, ਕੰਟਰੈਕਟ ਫਾਰਮਿੰਗ ਬਿੱਲ 2013 ਨੂੰ ਰੱਦ ਕਰਨ, ਏਪੀਐਮਸੀ ‘ਚ ਕਿਸਾਨ ਵਿਰੋਧੀ ਉਪਬੰਧਾਂ ਨੂੰ ਹਟਾਉਣ ਦੀ ਮੁੱਖ ਤੌਰ ‘ਤੇ ਚਰਚਾ ਕੀਤੀ। ਉਨ੍ਹਾਂ ਡੀਜ਼ਲ ਪੈਟਰੋਲ ਦੇ ਰੇਟ ਘਟਾਉਣ ਦੀ ਗੱਲ ਵੀ ਕੀਤੀ। ਮੁੱਖ ਮੰਤਰੀ ਚੰਨੀ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿਚ ਕੀਤੇ ਵਾਅਦੇ ਅਤੇ 36 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕੀਤੇ ਜਾਣ ਨੂੰ ਵੀ ਰਿਪੋਰਟ ਕਾਰਡ ਵਿਚ ਪੇਸ਼ ਕੀਤਾ। ਮੁੱਖ ਮੰਤਰੀ ਦੀ ਸੁਰੱਖਿਆ ਲਈ ਭਰਤੀ ਕੀਤੇ ਗੈਰ-ਪੰਜਾਬੀਆਂ ਦੀ ਨਿਯੁਕਤੀ ਬਾਰੇ ਚੰਨੀ ਨੇ ਕਿਹਾ ਕਿ ਇਸ ਬਾਰੇ ਦੋ ਚਾਰ ਦਿਨਾਂ ਵਿਚ ਨਿਤਾਰਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਤਰਜੀਹੀ ਕੋਟੇ ਲਈ ਜਲਦ ਕਾਨੂੰਨ ਵੀ ਲਿਆ ਰਹੇ ਹਨ। ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਅਫਸਰਾਂ ਦੀ ਪੂਰੀ ਟੀਮ ਵੀ ਹਾਜਰ ਰਹੀ।
ਚੰਨੀ ਦਾ ਰਿਪੋਰਟ ਕਾਰਡ ਝੂਠ ਦਾ ਪੁਲੰਦਾ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਪੋਰਟ ਕਾਰਡ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਸੁਆਲ ਕੀਤੇ ਹਨ ਕਿ ਚੰਨੀ ਹੁਣ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਜੁਆਬ ਦੇਣ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਦੀ ਸਿਰਫ ਇਕ ਤਸਵੀਰ ਬਦਲੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਸੀ। ਚੀਮਾ ਨੇ ਚੰਨੀ ਨੂੰ ਆਖਿਆ ਕਿ ਉਹ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਦੋਸ਼ ਪਿਛਲੇ ਮੁੱਖ ਮੰਤਰੀ ਸਿਰ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ।
ਮੁੱਦੇ ਉਠਾਉਣ `ਤੇ ਕੈਪਟਨ ਨੇ ਮੈਨੂੰ ਤੰਗ ਕੀਤਾ: ਚੰਨੀ
ਪਠਾਨਕੋਟ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਦੋਂ ਵੀ ਉਨ੍ਹਾਂ (ਚੰਨੀ) ਨੇ ਆਮ ਲੋਕਾਂ ਦੀ ਭਲਾਈ ਦੇ ਮੁੱਦੇ ਉਠਾਏ ਤਾਂ ਕੈਪਟਨ ਨੂੰ ਉਨ੍ਹਾਂ ਨੂੰ ‘ਤੰਗ ਪਰੇਸ਼ਾਨ‘ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਲੋੜਵੰਦ ਲੋਕਾਂ ਨਾਲ ਸਬੰਧਤ ਮੁੱਦੇ ਉਠਾਉਂਦੇ ਰਹੇ। ਉਨ੍ਹਾਂ ਨੇ ਅਕਾਲੀ ਦਲ, ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਇਆ ਕਿ ਤਿੰਨਾਂ ਨੇ ਖੇਤੀ ਕਾਨੂੰਨ ਪਾਸ ਕਰਵਾਉਣ ਲਈ ਮਿਲੀਭੁਗਤ ਕੀਤੀ ਤਾਂ ਕਿ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।