ਭਾਜਪਾ ਵੱਲੋਂ ਪੰਜਾਬ ਵਿਚ ਪੈਰ ਧਰਾਵੇ ਲਈ ਹੰਭਲਾ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਪਿੱਛੋਂ ਪੰਜਾਬ ਦਾ ਸਿਆਸੀ ਮਾਹੌਲ ਭਖ ਗਿਆ ਹੈ। ਸਿਆਸੀ ਧਿਰਾਂ ਨੇ ਪੰਜਾਬ ਵਿਚ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਹੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਰਣਨੀਤੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਨ੍ਹਾਂ ਚੋਣਾਂ ਲਈ ਅਕਾਲੀ ਦਲ ਜਿਥੇ ਵੱਕਾਰ ਦੀ ਲੜਾਈ ਲੜਦਾ ਦਿਖਾਈ ਦੇ ਰਿਹਾ ਹੈ, ਉਥੇ ਭਾਜਪਾ ਤੇ ‘ਆਪ` ਵੀ ਸਿਰ ਧੜ ਦੀ ਬਾਜ਼ੀ ਲਾਉਣ ਲਈ ਤਿਆਰ ਹਨ।
ਕਾਂਗਰਸ ਵੱਲੋਂ ਮੁੜ ਤੋਂ ਸੱਤਾ ਹਥਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਸਮੇਂ ਸਭ ਤੋਂ ਵੱਧ ਚਰਚਾ ਭਾਜਪਾ ਵੱਲੋਂ ਪੰਜਾਬ ਵਿਚ ਨਵੀਆਂ ਉਠੀਆਂ ਸਿਆਸੀ ਧਿਰਾਂ ਉਤੇ ਡੋਰੇ ਪਾਉਣ ਦੇ ਨਾਲ-ਨਾਲ ਅਕਾਲੀ ਦਲ ਬਾਦਲ ਤੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਆਪਣੇ ਵੱਲ ਖਿੱਚਣ ਦੀ ਹੈ। ਅਸਲ ਵਿਚ, ਪੰਜਾਬ ਵਿਚ ਸਿਆਸੀ ਪੈਰ ਜਮਾਉਣ ਲਈ ਭਾਜਪਾ ਸਿੱਖ ਚਿਹਰਿਆਂ ਦੀ ਭਾਲ ਵਿਚ ਹੈ। ਦਿੱਲੀ ਦੀ ਸਿੱਖ ਸਿਆਸਤ ਵਿਚ ਬੇਹੱਦ ਸਰਗਰਮ ਰਹਿਣ ਵਾਲੇ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਨੇੜਲੇ ਸਾਥੀ ਮਨਜਿੰਦਰ ਸਿੰਘ ਸਿਰਸਾ ਤੋਂ ਬਾਅਦ ਭਾਜਪਾ ਦੀ ਅੱਖ ਅਕਾਲੀ ਦਲ ਦੇ ਹੋਰ ਵੱਡੇ ਚਿਹਰਿਆਂ ਉਤੇ ਹੈ। ਸਿਰਸਾ ਮਗਰੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਡੀ.ਜੀ.ਪੀ. ਸਰਬਦੀਪ ਸਿੰਘ ਵਿਰਕ, ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਅਵਤਾਰ ਸਿੰਘ ਜ਼ੀਰਾ, ਉਦਯੋਗਪਤੀ ਹਰਚਰਨ ਸਿੰਘ ਰਣੌਤਾ ਅਤੇ ‘ਆਪ` ਆਗੂ ਗੁਰਪ੍ਰੀਤ ਸਿੰਘ ਭੱਟੀ ਆਦਿ ਨੂੰ ਭਾਜਪਾ ਆਪਣੇ ਵੱਲ ਖਿੱਚਣ ਵਿਚ ਸਫਲ ਰਹੀ ਹੈ। ਚਰਚਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਦੇ ਹੋਰ ਟਕਸਾਲੀ ਆਗੂ ਵੀ ਭਾਜਪਾ ਦੇ ਸੰਪਰਕ ਵਿਚ ਹਨ।
ਭਾਜਪਾ ਨੇ ਅਕਾਲੀ ਦਲ ਤੋਂ ਨਾਰਾਜ਼ ਤੇ ਖਾਸ ਕਰਕੇ ਟਕਸਾਲੀ ਪਰਿਵਾਰਾਂ ‘ਤੇ ਨਿਗ੍ਹਾ ਟਿਕਾ ਰੱਖੀ ਹੈ ਜਿਨ੍ਹਾਂ ਨੂੰ ਪਾਰਟੀ ਦੇ ਸਿੱਖ ਚਿਹਰਿਆਂ ਵਜੋਂ ਚੋਣ ਮੈਦਾਨ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਭਾਜਪਾ ਸਿੱਖ ਭਾਈਚਾਰੇ ਵਿਚ ਬਣੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਭਾਜਪਾ ਦੀ ਇਸ ਸਰਗਰਮੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਦਰੋ-ਅੰਦਰੀ ਕਾਫੀ ਖ਼ੌਫ਼ ਵਿਚ ਜਾਪ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਇਹ ਗੱਲ ਖੁੱਲ੍ਹ ਕੇ ਆਖ ਰਹੇ ਹਨ ਕਿ ਭਾਜਪਾ ਏਜੰਸੀਆਂ ਤੇ ਜੇਲ੍ਹ ਦਾ ਡਰ ਦਿਖਾ ਕੇ ਸਿਆਸੀ ਭਰਤੀ ਕਰ ਰਹੀ ਹੈ ਤੇ ਮਨਜਿੰਦਰ ਸਿੰਘ ਸਿਰਸਾ ਵੀ ਇਸੇ ਰਣਨੀਤੀ ਦਾ ਸ਼ਿਕਾਰ ਹੋਏ ਹਨ।
ਚੇਤੇ ਰਹੇ ਕਿ ਭਾਜਪਾ ਹੁਣ ਤੱਕ ਪੰਜਾਬ ਚੋਣਾਂ ਅਕਾਲੀ ਦਲ ਨਾਲ ਰਲ ਕੇ ਲੜਦੀ ਰਹੀ ਹੈ ਪਰ ਇਸ ਵਾਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸਾਂਝ ਪਾ ਲਈ ਹੈ। ਖੇਤੀ ਕਾਨੂੰਨਾਂ ਕਾਰਨ ਦਹਾਕਿਆਂ ਪੁਰਾਣੀ ਸਾਂਝ ਟੁੱਟਣ ਕਾਰਨ ਭਾਜਪਾ ਪਹਿਲੀ ਵਾਰ ਚੋਣ ਮੈਦਾਨ ਵਿਚ ਇਕੱਲੀ ਰਹਿ ਗਈ ਹੈ। ਭਗਵਾ ਧਿਰ ਨੂੰ ਆਪਣੇ ਖਿਲਾਫ ਸੂਬੇ ਵਿਚ ਪੈਦਾ ਹੋਏ ਲੋਕ ਰੋਹ ਬਾਰੇ ਕੋਈ ਭੁਲੇਖਾ ਨਹੀਂ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਸਿਆਸੀ ਪਾਰਟੀ ਤੋਂ ਇਲਾਵਾ ਭਾਜਪਾ, ਬਾਗੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਆਸਰੇ ਪੰਜਾਬ ਦੇ ਚੋਣ ਪਿੜ ਵਿਚ ਕੁੱਦਣ ਦੀ ਤਿਆਰੀ ਵਿਚ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅਮਰਿੰਦਰ ਅਤੇ ਢੀਂਡਸਾ ਧੜੇ ਨਾਲ ਸਾਂਝ ਪਾਉਣ ਬਾਰੇ ਖੁੱਲ੍ਹਾ ਕੇ ਐਲਾਨ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮੰਨਿਆ ਕਿ ਉਨ੍ਹਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਸੀ ਪਰ ਗੱਲ ਹਾਲੇ ਸਿਰੇ ਨਹੀਂ ਲੱਗੀ। ਅਸਲ ਵਿਚ, ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਢੀਂਡਸੇ ਧੜੇ ਦੇ ਅੰਦਰੋਂ ਬਗਾਵਤ ਉਠ ਖਲੋਤੀ ਹੈ। ਸੂਤਰ ਦੱਸਦੇ ਹਨ ਕਿ ਢੀਂਡਸਾ ਖੁਦ ਭਾਜਪਾ ਨਾਲ ਰਲ ਕੇ ਚੋਣ ਲੜਨ ਲਈ ਤਿਆਰ ਹਨ ਪਰ ਪਾਰਟੀ ਅੰਦਰ ਇਕ ਵੱਡਾ ਧੜਾ ਇਸ ਦੇ ਵਿਰੋਧ ਵਿਚ ਹੈ। ਹਾਲਾਂਕਿ ਢੀਂਡਸਾ ਵੱਲੋਂ ਵੀ ਮਨਜਿੰਦਰ ਸਿੰਘ ਸਿਰਸਾ ਵਾਂਗ ਸਿੱਖ ਕੌਮ, ਕਿਸਾਨੀ ਅਤੇ ਪੰਜਾਬ ਦੇ ਹੋਰ ਮਸਲਿਆਂ ਦੇ ਹੱਲ ਲਈ ਸਾਂਝ ਪਾਉਣ ਦਾ ਤਰਕ ਰੱਖਿਆ ਜਾ ਰਿਹਾ ਹੈ।
ਅਕਾਲੀ ਦਲ ਸੰਯੁਕਤ, ਅਕਾਲੀ ਦਲ ਦੇ ਦੋ ਬਾਗੀ ਧੜਿਆਂ (ਢੀਂਡਸਾ ਤੇ ਬ੍ਰਹਮਪੁਰਾ) ਦੇ ਰਲੇਵੇਂ ਨਾਲ ਬਣਿਆ ਸੀ। ਇਸ ਤੋਂ ਬਾਅਦ ਇਸ ਵਿਚ ਹੋਰ ਛੋਟੀਆਂ ਸਿਆਸੀ ਧਿਰਾਂ ਨੂੰ ਵੀ ਜੋੜਿਆ ਗਿਆ। ਢੀਂਡਸਾ ਦੇ ਭਾਜਪਾ ਨਾਲ ਸੁਰ ਮਿਲਣ ਦੀ ਸ਼ੁਰੂ ਤੋਂ ਹੀ ਚਰਚਾ ਰਹੀ ਹੈ। ਅਕਾਲੀ ਦਲ ਬਾਦਲ ਨਾਲੋਂ ਵੱਖ ਹੋਣ ਪਿੱਛੋਂ ਪੂਰੀ ਚਰਚਾ ਸੀ ਕਿ ਉਹ ਭਾਜਪਾ ਦਾ ਚਿਹਰਾ ਬਣਨ ਲਈ ਤਿਆਰ ਬਰ ਤਿਆਰ ਹਨ ਪਰ ਕਿਸਾਨ ਅੰਦੋਲਨ ਪਿੱਛੋਂ ਸਾਰਾ ਪਾਸਾ ਹੀ ਪਲਟ ਗਿਆ। ਪੰਜਾਬ ਵਿਚ ਸਿਆਸੀ ਧਿਰਾਂ ਭਗਵਾ ਧਿਰ ਤੋਂ ਦੂਰੀ ਬਣਾਉਣ ਲੱਗੀਆਂ। ਹੁਣ ਜਦੋਂ ਖੇਤੀ ਕਾਨੂੰਨ ਵਾਪਸ ਹੋ ਗਏ ਹਨ ਤਾਂ ਇਹ ਆਨੇ-ਬਹਾਨੇ ਭਾਜਪਾ ਦੇ ਨੇੜੇ ਲੱਗਣ ਲੱਗੇ ਹਨ। ਹਾਲਾਂਕਿ ਸਿਆਸੀ ਮਾਹਰਾਂ ਦੀ ਰਾਏ ਹੈ ਕਿ ਭਾਜਪਾ ਤੇ ਇਸ ਦੇ ਨੇੜੇ ਲੱਗ ਰਹੀਆਂ ਧਿਰਾਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਕਿ ਪੰਜਾਬੀਆਂ ਦੇ ਮਨ ਵਿਚ ਭਗਵਾ ਧਿਰ ਪ੍ਰਤੀ ਕਿੰਨਾ ਰੋਸ ਹੈ। ਇਹੀ ਕਾਰਨ ਹੈ ਕਿ ਭਾਜਪਾ ਨਾਲ ਗੱਠਜੋੜ ਦੇ ਐਲਾਨ ਪਿੱਛੋਂ ਟਕਸਾਲੀ ਆਗੂ ਕੈਪਟਨ ਵੱਲੋਂ ਬਣਾਈ ਨਵੀਂ ਪਾਰਟੀ ਤੋਂ ਦੂਰੀ ਬਣਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਹੈ ਪਰ ਕੋਈ ਵੀ ਨਾਮੀ ਕਾਂਗਰਸ ਆਗੂ, ਵਿਧਾਇਕ ਫਿਲਹਾਲ ਉਨ੍ਹਾਂ ਦੇ ਨਾਲ ਖੜ੍ਹਨ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਅਜੇ ਤੱਕ ਆਪਣੀ ਪਾਰਟੀ ਦਾ ਕੋਈ ਜਥੇਬੰਦਕ ਢਾਂਚਾ ਵੀ ਨਹੀਂ ਬਣਾਇਆ।
ਇਧਰ, ਢੀਂਡਸਾ ਧੜੇ ਨੂੰ ਵੀ ਭਾਜਪਾ ਨਾਲ ਗੱਠਜੋੜ ਘਾਟੇ ਦਾ ਸੌਦਾ ਲੱਗਣ ਲੱਗਾ ਹੈ। ਚਰਚਾ ਹੈ ਕਿ ਅੰਦਰੂਨੀ ਵਿਰੋਧ ਕਾਰਨ ਭਾਜਪਾ ਨਾਲ ਗੱਠਜੋੜ ਦੇ ਆਸਾਰ ਮੱਧਮ ਪੈ ਗਏ ਹਨ। ਭਾਜਪਾ ਦੇ ਰਣਨੀਤੀ ਘਾੜੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੁਖਦੇਵ ਸਿੰਘ ਢੀਂਡਸਾ ਦਰਮਿਆਨ ਪਿਛਲੇ ਹਫਤੇ ਨਵੀਂ ਦਿੱਲੀ ਵਿਚ ਮੁਲਾਕਾਤ ਹੋਈ ਸੀ। ਇਸ ਮੀਟਿੰਗ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨਾਲ ਭਾਜਪਾ ਗੱਠਜੋੜ ਕਰੇਗੀ।
ਸਿਆਸੀ ਮਾਹਰ ਆਖਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸਿਆਸਤ ਵਿਚ ਜੋ ਜਗ੍ਹਾ ਬਣਾਉਣੀ ਸੀ, ਉਹ ਬਾਦਲ ਧੜੇ ਤੋਂ ਕਈ ਕਾਰਨਾਂ ਕਰਕੇ ਨਾਰਾਜ਼ ਹੋਏ ਸਿੱਖ ਵੋਟਰਾਂ ‘ਚੋਂ ਮਿਲਣੀ ਸੀ। ਪੰਜਾਬ ਵਿਚ ਮੌਜੂਦਾ ਮਾਹੌਲ ਇਹ ਹੈ ਕਿ ਭਾਜਪਾ ਦੀ ਸਹਾਇਤਾ ਨਾਲ ਬਣਾਏ ਕਿਸੇ ਵੀ ਗੱਠਜੋੜ ਨੂੰ ਸਵੀਕਾਰ ਕਰਨਾ ਪੰਜਾਬੀਆਂ ਲਈ ਮੁਸ਼ਕਿਲ ਹੋਵੇਗਾ।
ਕੇਂਦਰ ਨੇ ਤਿੰਨੇ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਹਨ ਪਰ ਅੰਦੋਲਨਕਾਰੀ ਕਿਸਾਨੀ ਅਤੇ ਪੰਜਾਬੀਆਂ ਵਿਚ ਭਾਜਪਾ ਪ੍ਰਤੀ ਉਸਾਰੂ ਸੋਚ ਨਹੀਂ ਬਣੀ। ਅਜੇ ਅੰਦੋਲਨਕਾਰੀਆਂ ਨੇ ਦਿੱਲੀ ਤੋਂ ਵਾਪਸ ਪਰਤਣਾ ਹੈ।
ਇਸ ਸੂਰਤ ਵਿਚ ਭਾਰਤੀ ਜਨਤਾ ਪਾਰਟੀ ਨਾਲ ਤੁਰਨ ਦੀ ਵਿਉਂਤ ਘੜ ਰਹੇ ਧੜੇ ਵੀ ਸੋਚਾਂ ਵਿਚ ਹਨ। ਭਾਜਪਾ ਨੂੰ ਵੀ ਕੁਝ ਹੱਦ ਤੱਕ ਆਪਣੇ ਪ੍ਰਤੀ ਨਾਰਾਜ਼ਗੀ ਦੀ ਭਿਣਕ ਹੈ। ਇਸ ਲਈ ਉਹ ਕਿਸੇ ਵੀ ਕੀਮਤ ਉਤੇ ਵੱਡੇ ਸਿਆਸੀ ਸਿੱਖ ਚਿਹਰਿਆਂ ਨੂੰ ਆਪਣੇ ਨਾਲ ਜੋੜਨ ਦੀ ਰਣਨੀਤੀ ਉਤੇ ਚੱਲ ਰਹੀ ਹੈ, ਕਿਉਂਕਿ ਫਿਲਹਾਲ ਕੈਪਟਨ ਦੇ ਸਿਵਾਏ ਕੋਈ ਵੀ ਧੜਾ ਉਸ ਨਾਲ ਚੱਲਣ ਲਈ ਤਿਆਰ ਨਹੀਂ ਤੇ ਭਾਜਪਾ ਨਾਲ ਸਾਂਝ ਪਿੱਛੋਂ ਕੈਪਟਨ ਦੀ ਸਿਆਸੀ ਪਾਰਟੀ ਵੀ ਡਾਵਾਂਡੋਲ ਜਾਪ ਰਹੀ ਹੈ।
ਅਮਰਿੰਦਰ-ਬਾਦਲ ਦਾ ਦੋਸਤਾਨਾ ਮੈਚ?
ਚੰਡੀਗੜ੍ਹ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਮਰਿੰਦਰ ਤੇ ਬਾਦਲ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਦੋਸਤਾਨਾ ਮੈਚ ਖੇਡਣਗੇ। ਉਨ੍ਹਾਂ ਕਿਹਾ ਕਿ ਅਮਰਿੰਦਰ ਤੇ ਬਾਦਲ ਆਪਸ ਵਿਚ ਅਖੌਤੀ ਦੁਸ਼ਮਣ-ਦੋਸਤ ਬਣੇ ਹੋਏ ਹਨ ਅਤੇ ਅਗਲੀਆਂ ਚੋਣਾਂ ਵਿਚ ਵੀ ਇਕ ਦੂਜੇ ਨੂੰ ਸਿਆਸੀ ਲਾਹਾ ਪਹੁੰਚਾਉਣ ਲਈ ਸੀਟਾਂ ਦੀ ਵਿਵਸਥਾ ਵਿਚ ਰੁੱਝੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਇਕ ਦੂਸਰੇ ਦੀ ਸਹੂਲਤ ਲਈ ਅਮਰਿੰਦਰ ਤੇ ਬਾਦਲ ਦੋਸਤਾਨਾ ਮੈਚ ਖੇਡਦੇ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਗਲੀਆਂ ਚੋਣਾਂ ਕਰਕੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਲੀਡਰਸ਼ਿਪ ਨੇ ਸਿਰਫ ਸਿਆਸੀ ਫਾਇਦੇ ਲਈ ਪੰਜਾਬ ਦੇ ਹਿੱਤਾਂ ਦਾ ਅੰਦਰਖਾਤੇ ਨੁਕਸਾਨ ਕੀਤਾ ਹੈ।