ਅਮਰੀਕਾ ‘ਚ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ‘ਤੇ ਜ਼ੋਰ

ਵਾਸ਼ਿੰਗਟਨ: ਗੁਰਦੁਆਰਾ ਓਕ ਕਰੀਕ ਵਿਚ ਤਕਰੀਬਨ ਇਕ ਸਾਲ ਪਹਿਲਾਂ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਹੁਣ ਰਿਵਰਸਾਈਡ ਗੁਰਦੁਆਰੇ ਵਿਚ ਵਾਪਰੀ ਘਟਨਾ ਨਾਲ ਕੌਮਾਂਤਰੀ ਪੱਧਰ ‘ਤੇ ਸਿੱਖ ਭਾਈਚਾਰਾ ਫਿਕਰਮੰਦ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਅਮਰੀਕੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦੇਵੇ।
ਇਸੇ ਤਰ੍ਹਾਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਘਟਨਾ ‘ਤੇ ਫਿਕਰ ਜ਼ਾਹਿਰ ਕੀਤਾ ਹੈ। ਇਸ ਘਟਨਾ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਅਮਰੀਕੀ ਪ੍ਰਸ਼ਾਸਨ ਨੂੰ ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਤੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਉਥੋਂ ਦਾ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਦੇ ਅਦੇਸ਼ ਦੇਵੇ ਤੇ ਪਤਾ ਲਾਵੇ ਕਿ ਇਸ ਘਟਨਾ ਪਿਛੇ ਕੌਣ ਲੋਕ ਹਨ ਤੇ ਉਨ੍ਹਾਂ ਦਾ ਮੰਤਵ ਕੀ ਹੈ।
ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ, ਕੋਆਰਡੀਨੇਟਰ ਡਾæ ਪ੍ਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਨਵੀਂ ਵਾਪਰੀ ਘਟਨਾ ਦਾ ਉਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਨੋਟਿਸ ਲਿਆ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ ਤੋਂ ਬਾਅਦ ਇਕ ਵਾਰ ਮੁੜ ਸਿੱਖ ਜਗਤ ਚੌਕਸ ਹੋ ਗਿਆ ਹੈ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਘਟਨਾ ਦੀ ਨਿੰਦਾ ਕਰਦਿਆਂ ਆਖਿਆ ਕਿ ਭਾਵੇਂ ਅਮਰੀਕਾ ਪ੍ਰਸ਼ਾਸਨ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯਤਨ ਕੀਤੇ ਹਨ ਪਰ ਭਵਿੱਖ ਵਿਚ ਹੋਰ ਵੀ ਚੌਕਸ ਹੋਣ ਦੀ ਲੋੜ ਹੈ। ਯੂਨਾਈਟਿਡ ਸਿੱਖਸ ਦੇ ਆਗੂਆਂ ਨੇ ਆਖਿਆ ਕਿ ਸਿੱਖ ਭਾਈਚਾਰੇ ਨੂੰ ਗੁਰਦੁਆਰਿਆਂ ਵਿਚ ਸੀæਸੀæਟੀæਵੀæ ਕੈਮਰੇ ਲਾਉਣੇ ਚਾਹੀਦੇ ਹਨ ਤੇ ਕਿਸੇ ਵੀ ਥਾਂ ‘ਤੇ ਹੋਣ ਵਾਲੇ ਅਜਿਹੇ ਹਮਲਿਆਂ ਖਿਲਾਫ਼ ਇਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਿੱਖ ਧਰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਯਤਨ ਕਰਨੇ ਚਾਹੀਦੇ ਹਨ।
______________________________
ਗੁਰਦੁਆਰੇ ਵਿਚ ਹੁੱਲੜਬਾਜ਼ੀ ਬਾਰੇ ਜਾਂਚ ਸ਼ੁਰੂ
ਸੈਕਰਾਮੈਂਟੋ (ਬਿਊਰੋ): ਕੈਲੀਫੋਰਨੀਆ ਲਾਅ ਇਨਫੋਰਸਮੈਂਟ ਅਧਿਕਾਰੀ ਗੁਰਦੁਆਰੇ ਵਿਚ ਹੁੱਲੜਬਾਜ਼ੀ ਦੀ ਘਟਨਾ ਨੂੰ ਨਫਰਤੀ ਹਿੰਸਾ ਦਾ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ। ਇਸ ਦੌਰਾਨ ਭਾਰਤ ਤੇ ਭਾਰਤੀ ਅਮਰੀਕੀ ਮਿੱਤਰ ਮੰਡਲ ਨੇ ਇਸ ਘਟਨਾ ਦੀ ਅਲੋਚਨਾ ਕੀਤੀ ਹੈ। ਰਿਵਰਸਾਈਡ ਕਾਊਂਟੀ ਸ਼ੈਰਿਫ ਦੇ ਡਿਪਟੀ ਐਲਬਰਟ ਮਾਰਟੀਕੇਜ਼ ਨੇ ਕਿਹਾ ਕਿ ਜਾਂਚ ਟੀਮ ਨਫਰਤ ਨੂੰ ਇਸ ਘਟਨਾ ਦਾ ਕਾਰਨ ਮੰਨ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਲਾਸ ਏਂਜਲਸ ਵਿਚ ਸਿੱਖ ਅਮਰੀਕੀ ਨਿਆਂਇਕ ਰੱਖਿਆ ਤੇ ਫੰਡ ਦੀ ਪ੍ਰਬੰਧਕ ਵੀਰਪਾਲ ਕੌਰ ਨੇ ਦੱਸਿਆ ਕਿ ਏਜੰਸੀਆਂ ਜਾਂਚ ਅੱਗੇ ਵਧਾ ਰਹੀਆਂ ਹਨ। ਐਫ਼ਬੀæਆਈæ ਨੂੰ ਚੌਕਸ ਕਰ ਦਿੱਤਾ ਗਿਆ ਹੈ ਤੇ ਉਹ ਜਾਂਚ ‘ਤੇ ਨਜ਼ਰ ਰੱਖ ਰਹੀ ਹੈ। ਰਿਵਰਸਾਈਡ ਪੁਲਿਸ ਵਿਭਾਗ ਤੇ ਸ਼ੈਰਿਫ ਦਾ ਦਫਤਰ ਇਸ ਘਟਨਾ ਦਾ ਸੰਭਾਵਿਤ ਕਾਰਨ ਨਫਰਤ ਮੰਨ ਰਹੇ ਹਨ। ਕੁਝ ਅਣਪਛਾਤੇ ਲੋਕਾਂ ਨੇ ਗੁਰਦੁਆਰੇ ਦੀ ਚਾਰਦੀਵਾਰੀ ਉਪਰ ‘ਟੈਰਰਿਸਟ’ (ਅਤਿਵਾਦੀ) ਸ਼ਬਦ ਲਿਖ ਦਿੱਤਾ ਸੀ।
ਇਸ ਦੌਰਾਨ ਗੁਰਦੁਆਰੇ ਦੇ ਹੈੱਡ ਗ੍ਰੰਥੀ ਅਨੰਤਵੀਰ ਸਿੰਘ ਨੇ ਕਿਹਾ ਕਿ 11 ਸਤੰਬਰ, 2001 ਵਿਚ ਹੋਏ ਹਮਲੇ ਮਗਰੋਂ ਕਈ ਲੋਕ ਸੌੜੀ ਸੋਚ ਕਰਕੇ ਸਿੱਖਾਂ ਨੂੰ ਅਤਿਵਾਦੀ ਸਮਝਦੇ ਹਨ। ਉਨ੍ਹਾਂ ਕਈ ਵਾਰ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਗੁਰਦੁਆਰੇ ਵਿਚ ਆ ਕੇ ਦੇਖਣ ਕਿ ਸਿੱਖ ਕੌਣ ਹਨ। ਇਸ ਨਾਲ ਉਨਾਂ ਨੂੰ ਇਥੇ ਆ ਕੇ ਪਤਾ ਲੱਗੇਗਾ ਕਿ ਸਿੱਖ ਧਰਮ ਕਿੰਨਾ ਚੰਗਾ ਹੈ।
_________________________
ਪੀੜਤਾਂ ਲਈ 5æ12 ਲੱਖ ਡਾਲਰ ਜਾਰੀ
ਵਾਸ਼ਿੰਗਟਨ: ਓਬਾਮਾ ਪ੍ਰਸ਼ਾਸਨ ਨੇ ਬੀਤੇ ਸਾਲ ਵਿਸਕਾਨਸਿਨ ਸੂਬੇ ਵਿਚ ਓਕ ਕਰੀਕ ਸਥਿਤ ਗੁਰਦੁਆਰੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੇ ਪੀੜਤਾਂ ਲਈ 5æ12 ਲੱਖ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਘਟਨਾ ਵਿਚ ਬੀਤੇ ਸਾਲ ਪੰਜ ਅਗਸਤ ਨੂੰ ਇਕ ਗੋਰੇ ਨਸਲਪ੍ਰਸਤ ਹੱਥੋਂ ਛੇ ਸਿੱਖ ਸ਼ਰਧਾਲੂ ਮਾਰੇ ਗਏ ਸਨ। ਅਮਰੀਕੀ ਅਟਾਰਨੀ ਜਨਰਲ ਐਰਿਕ ਹੋਲਡਰ ਨੇ ਇਕ ਬਲਾਗ ਪੋਸਟਿੰਗ ਵਿਚ ਕਿਹਾ ਹੈ ਕਿ ਵਿਸਕਾਨਸਿਨ ਦੇ ਨਿਆਂ ਵਿਭਾਗ ਨੂੰ 5,12,000 ਡਾਲਰ ਦੀ ਐਮਰਜੈਂਸੀ ਸਹਾਇਤਾ ਦਿੱਤੀ ਜਾਵੇਗੀ ਜਿਸ ਦਾ ਇਸਤੇਮਾਲ ਗੋਲੀਬਾਰੀ ਦੀ ਹੌਲਨਾਕ ਘਟਨਾ ਦੇ ਪੀੜਤਾਂ ਤੇ ਪਿੱਛੇ ਬਚੇ ਲੋਕਾਂ ਲਈ ਕੀਤੀ ਜਾਵੇਗੀ।
ਆਪਣੇ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਇਸ ਦਰਦਨਾਕ ਕਾਂਡ ਤੋਂ ਬਾਅਦ ਦੇਸ਼ ਅੰਦਰ ਵੱਖ ਵੱਖ ਭਾਈਚਾਰੇ ਅਤੇ ਵਿਅਕਤੀ ਪੂਰੀ ਤਰ੍ਹਾਂ ਝੰਜੋੜੇ ਗਏ। ਲੱਖਾਂ ਲੋਕਾਂ ਦੇ ਮਨ ਮਸੋਸੇ ਗਏ। ਅਮਰੀਕਾ ਉਹ ਦੇਸ਼ ਹੈ ਜਿਥੇ ਹਮੇਸ਼ਾ ਹੀ ਹਰ ਇਕ ਦੇ ਧਾਰਮਿਕ ਆਸਥਾ ਦੇ ਹੱਕ ਦੀ ਰਾਖੀ ਕੀਤੀ ਗਈ ਹੈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਹ ਘਟਨਾ ਇਕ ਧਾਰਮਿਕ ਸਥਾਨ ਵਿਚ ਵਾਪਰੀ ਜੋ ਸਰਬਤ ਦਾ ਭਲਾ ਮੰਗਦਾ ਹੈ। ਉਨ੍ਹਾਂ ਆਖਿਆ ਕਿ ਇਸ ਸਾਲ ਪਹਿਲਾਂ ਇਹ ਕਾਂਡ ਵਾਪਰਨ ਸਮੇਂ ਮੈਂ ਓਕ ਕਰੀਕ ਗਿਆ ਸਾਂ ਜਿਥੇ ਮੈਨੂੰ ਸਿੱਖਾਂ ਦੇ ਸਿਦਕ ਅਤੇ ਹੋਰਨਾਂ ਭਾਈਚਾਰਿਆਂ ਦੀ ਹਮਦਰਦੀ ਨੇ ਬਹੁਤ ਪ੍ਰਭਾਵਿਤ ਕੀਤਾ ਸੀ।
ਸ੍ਰੀ ਐਰਿਕ ਹੋਲਡਰ ਨੇ ਆਖਿਆ ਕਿ ਨਿਆਂ ਵਿਭਾਗ ਵਲੋਂ ਵਿਸਕਾਨਸਿਨ ਦੇ ਨਿਆਂ ਵਿਭਾਗ ਨੂੰ ਦਿੱਤੀ ਗਈ 5 ਲੱਖ 12 ਹਜ਼ਾਰ ਦੀ ਗ੍ਰਾਂਟ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਇਸ ਦੁਖਾਂਤ ਕਰਕੇ ਸਰੀਰਕ ਅਤੇ ਮਾਨਸਿਨ ਦੁਖ ਭੋਗਿਆ ਹੈ। ਇਹ ਗ੍ਰਾਂਟ ਓਕ ਕਰੀਕ ਦੇ ਸਮੁੱਚੇ ਭਾਈਚਾਰੇ ਲਈ ਹੈ ਤਾਂ ਜੋ ਉਹ ਮੁੜ ਸਾਵੀਂ ਜ਼ਿੰਦਗੀ ਜੀ ਸਕਣ।
ਅਟਾਰਨੀ ਜਨਰਲ ਨੇ ਕਿਹਾ ਕਿ ਨਿਆਂ ਵਿਭਾਗ ਐਫ ਬੀ ਆਈ, ਸਾਡੀ ਮਨੁੱਖੀ ਅਧਿਕਾਰ ਡਿਵੀਜ਼ਨ ਅਤੇ ਯੂ ਐਸ ਅਟਾਰਨੀ ਦਫਤਰ ਵਲੋਂ ਨਸਲ ਅਤੇ ਧਾਰਮਿਕ ਵਖਰੇਵਿਆਂ ਕਾਰਨ ਕਿਸੇ ਵੀ ਵਰਗ ਉਪਰ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਕੋਸ਼ਿਸ਼ ਕਰਦਾ ਹੈ।

Be the first to comment

Leave a Reply

Your email address will not be published.