ਸੁਰਿੰਦਰ ਨੀਰ ਦੀ ‘ਮਾਇਆ’ ਬਨਾਮ ਜ਼ਿੰਦਗੀ ਦਾ ਜਸ਼ਨ (1)
ਜੰਮੂ ਵੱਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਵੱਡ-ਆਕਾਰੀ ਨਾਵਲ ‘ਮਾਇਆ’ ਨੇ ਪੰਜਾਬੀ ਸਾਹਿਤ ਜਗਤ ਵਿਚ ਚੋਖੀ ਹਲਚਲ ਕੀਤੀ ਹੈ। ਹਰ ਬੁੱਧੀਜੀਵੀ ਅਤੇ ਪਾਠਕ ਨੇ ਇਸ ਨਾਵਲ ਦੇ ਟੈਕਸਟ ਦੇ ਵੱਖ-ਵੱਖ ਅਰਥ ਸਿਰਜਣ ਦਾ ਯਤਨ ਕੀਤਾ ਹੈ। ਸਾਹਿਤ ਜਗਤ ਵਿਚ ਚਿਰਾਂ ਬਾਅਦ ਅਜਿਹੀ ਰਚਨਾ ਸਾਹਮਣੇ ਆਈ ਹੈ ਜਿਸ ਬਾਰੇ ਇਸ ਤਰ੍ਹਾਂ ਦੀ ਚਰਚਾ ਆਰੰਭ ਹੋਈ ਹੈ। ਮੋਟੇ ਤੌਰ ‘ਤੇ ਤਾਂ ਇਸ ਰਚਨਾ ਦਾ ਸਵਾਗਤ ਹੀ ਹੋਇਆ ਹੈ, ਪਰ ਕੁਝ ਪਾਠਕਾਂ/ਬੁੱਧੀਜੀਵੀਆਂ ਨੇ ਇਸ ਨਾਵਲ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਹੈ। ਇਸ ਨਾਵਲ ਬਾਰੇ ‘ਪੰਜਾਬ ਟਾਈਮਜ਼’ ਦੇ ਖੈਰ-ਖਵਾਹ ਅਤੇ ਮਿੱਤਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਨਿਰਾ-ਪੁਰਾ ਇਸ ਨਾਵਲ ਬਾਰੇ ਹੀ ਨਹੀਂ, ਬਲਕਿ ਇਸ ਵਿਚ ਸੰਸਾਰ ਸਾਹਿਤ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਹੜੀਆਂ ਜ਼ਿੰਦਗੀ ਨੂੰ ਸਮਝਣ/ਸਮਝਾਉਣ ਲਈ ਕਹਿੰਦੇ-ਕਹਾਉਂਦੇ ਲੇਖਕਾਂ ਨੇ ਵੱਖ-ਵੱਖ ਸਮਿਆਂ ਵਿਚ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਈਆਂ ਸਨ।-ਸੰਪਾਦਕ
ਗੁਰਦਿਆਲ ਸਿੰਘ ਬੱਲ
ਸੁਰਿੰਦਰ ਨੀਰ ਵਧਾਈ ਦੀ ਹੱਕਦਾਰ ਹੈ ਜਿਸ ਨੇ ਜ਼ਿੰਦਗੀ ਦੇ ਅਰਥਾਂ ਦੀ ਸਾਹਸੀ ਤਲਾਸ਼ ‘ਤੇ ਆਧਾਰਤ ਪੰਜਾਬੀ ਭਾਸ਼ਾ ‘ਚ ਪਹਿਲਾ ਪ੍ਰਮਾਣਿਕ ਨਾਵਲ ‘ਮਾਇਆ’ ਲਿਖ ਦਿੱਤਾ ਹੈ ਜਿਸ ਨੂੰ ਹੁਣ ਕਿਸੇ ਮਿੱਤਰ ਪਿਆਰੇ ਅਜ਼ੀਜ਼ ਨੂੰ ਫਖਰ ਨਾਲ ਤੋਹਫੇ ਵਜੋਂ ਦਿੱਤਾ ਜਾ ਸਕਦਾ ਹੈ। ਸੁਰਿੰਦਰ ਨੇ ਨਾਵਲ ਦੀ ਨਾਇਕਾ ਬਲਬੀਰ ਦੀ ਆਪਣੀ ਹੋਂਦ ਦੇ ਅਰਥਾਂ ਦੀ ਤਲਾਸ਼ ਨੂੰ ਜਿਸ ਭਾਵਪੂਰਤ ਅਤੇ ਸ਼ਿੱਦਤ ਭਰੇ ਅੰਦਾਜ਼ ਵਿਚ ਬਿਆਨ ਕੀਤਾ ਹੈ, ਪੜ੍ਹਦਿਆਂ ਪੜ੍ਹਦਿਆਂ ਰੂਹ ਨਸ਼ਿਆ ਜਾਂਦੀ ਹੈ। ਅੰਤਰ ਆਤਮਾ ਦਾ ਕੁੰਚਨ ਇਸ਼ਨਾਨ ਹੋ ਜਾਂਦਾ ਹੈ। ਬਲਬੀਰ ਦੇ ਸਫਰ ਵਿਚ ਖੂਬਸੂਰਤ ਪਲਾਂ ਦੇ ਨਾਲ-ਨਾਲ ਕਦਮ-ਕਦਮ ‘ਤੇ ਦੁੱਖ ਅਤੇ ਹਾਦਸੇ ਇੰਨੀ ਤੇਜ਼ੀ ਨਾਲ ਚਲੇ ਆਉਂਦੇ ਹਨ ਕਿ ਮਨ ਕਿਸੇ ਤਕੜੀ ਦਹਿਸ਼ਤ ਦੀ ਗ੍ਰਿਫਤ ਵਿਚ ਵਾਰ-ਵਾਰ ਆਉਂਦਾ ਅਤੇ ਨਿਕਲਦਾ ਚਲਾ ਜਾਂਦਾ ਹੈ।
‘ਮਾਇਆ’ ਪੜ੍ਹਨ ਉਪਰੰਤ ਤੁਰੰਤ ਬਾਅਦ ਮਨ ਅੰਦਰ ਸਵਾਲ ਉਠਦਾ ਹੈ ਕਿ ਨਾਵਲ ਦੀ ਨਾਇਕਾ ਬਲਬੀਰ ਭਲਾ ਕੀ ਚਾਹੁੰਦੀ ਹੈ? ਚੜ੍ਹਦੀ ਜਵਾਨੀ ਵਿਚ ਉਸ ਨੂੰ ਚਾਹੁਣ ਵਾਲਾ ਅਤੇ ਉਸ ਨੂੰ ਸਤਿਕਾਰ ਦੇਣ ਵਾਲਾ, ਗਗਨ ਨਾਂ ਦਾ ਅਜਿਹਾ ਸਾਥੀ ਮਿਲ ਗਿਆ ਸੀ ਜੋ ਉਸ ਉਮਰ ਦੀ ਹਰ ਕੁੜੀ ਦੇ ਖੁਆਬਾਂ ਦਾ ਸ਼ਹਿਜ਼ਾਦਾ ਹੁੰਦਾ ਹੈ; ਪਰ ਉਹ ਵਿਆਹ ਕਰਨ ਦੀ ਉਸ ਦੀ ਪੇਸ਼ਕਸ਼ ਠੁਕਰਾ ਕੇ ਨਾ ਕੇਵਲ ਉਸ ਦੀ ਮਾਤਾ ਗਿਆਨ ਕੌਰ ਦੀ ਹਉਂ ਨੂੰ ਹੀ ਪੰਕਚਰ ਕਰਦੀ ਹੈ ਅਤੇ ਆਪਣੇ ਮਾਣਮੱਤੇ ਬਾਪ ਦੇ ਗਰੂਰ ‘ਤੇ ਸੱਟ ਮਾਰਦੀ ਹੈ, ਬਲਕਿ ਦੋ-ਤਿੰਨ ਪਰਿਵਾਰਾਂ ਨੂੰ ਬਰਬਾਦੀ ਦੇ ਰਾਹ ਵੱਲ ਵੀ ਧੱਕ ਦਿੰਦੀ ਹੈ। ਬਲਬੀਰ ਦੀਆਂ ਰੁਚੀਆਂ ਕਲਾਤਮਿਕ ਹਨ; ਉਹ ਚਿੱਤਰਕਾਰ ਬਣਨਾ ਚਾਹੁੰਦੀ ਹੈ। ਗਗਨ ਦੀ ਮਾਂ ਨੂੰ ਉਸ ਦੀਆਂ ਇਸ ਕਿਸਮ ਦੀਆਂ ਰੀਝਾਂ ਕਤਈ ਮਨਜ਼ੂਰ ਨਹੀਂ। ਬਲਬੀਰ ਘਰੋਂ ਭੱਜਦੀ ਹੈ; ਵਾਰ-ਵਾਰ ਧੋਖੇ ਖਾਂਦੀ ਹੈ, ਪਰ ਉਹ ਆਪਣਾ ਸਿਰੜ ਨਹੀਂ ਛੱਡਦੀ। ਉਹ ਕਾਮਯਾਬੀ ਦੀਆਂ ਸਿਖਰਾਂ ਛੂਹ ਲੈਂਦੀ ਹੈ; ਭਾਰਤ ਦੀ ਮਹਾਨ ਚਿੱਤਰਕਾਰ ਵਜੋਂ ਆਪਣਾ ਲੋਹਾ ਮੰਨਵਾ ਲੈਂਦੀ ਹੈ, ਪਰ ਅਖੀਰ ਵਿਚ ਕੀ ਉਸ ਦੀ ਰੂਹ ਨੂੰ ਰੱਜ ਆ ਗਿਆ ਹੈ? ਕੀ ਉਸ ਨੂੰ ਮੰਜ਼ਿਲ ਮਿਲ ਗਈ ਹੈ? ਇਸ ਕਿਸਮ ਦੇ ਸਵਾਲ ਮਨ ਅੰਦਰ ਨਿਰੰਤਰ ਉਭਰਨ ਲੱਗ ਪੈਂਦੇ ਹਨ ਅਤੇ ਇਹੋ ਲੇਖਿਕਾ ਦੀ ਵੱਡੀ ਕਾਮਯਾਬੀ ਹੈ।
‘ਮਾਇਆ’ ਵਿਚੋਂ ਲੰਘਦਿਆਂ ਮੈਨੂੰ ਆਪਣੇ ਮਿੱਤਰ ਪਿਆਰੇ ਨਰਿੰਦਰ ਭੁੱਲਰ ਦੀ ਯਾਦ ਇਕ ਵਾਰ ਨਹੀਂ, ਹਜ਼ਾਰ ਵਾਰ ਆਈ। ਉਹ ਜਿਉਂਦਾ ਹੁੰਦਾ ਤਾਂ ਉਹਨੇ ਟੇਢਾ ਸਵਾਲ ਜ਼ਰੂਰ ਪਾ ਦੇਣਾ ਸੀ, ਕਿ ਨਾਵਲ ਦੀ ਨਾਇਕਾ ਬਲਬੀਰ ਨੂੰ ਅਜਿਹੇ ਪੰਗਿਆਂ ‘ਚ ਪੈਣ ਦੀ ਐਡੀ ਵੀ ਭਲਾ ਕੀ ਲੋੜ ਸੀ? ਚੰਗਾ ਨਹੀਂ ਸੀ ਕਿ ਉਹ ਅੰਗਰੇਜ਼ੀ ਦੀ ਐਮæਏæ ਕਰਦੀ; ਭੱਜ-ਨੱਠ ਕਰ ਕੇ ਕਿਸੇ ਕਾਲਜ ਵਿਚ ਨੌਕਰੀ ਮਿਲ ਹੀ ਜਾਣੀ ਸੀ; ਬਲਬੀਰ ਪਰੀਆਂ ਵਰਗੀ ਸੁੰਦਰ ਸੀ; ਪੁੱਜ ਕੇ ਸੁਚੱਜੀ ਸੀ; ਹੰਸਾਂ ਵਰਗੇ ਦੋ ਉਸ ਦੇ ਪੁੱਤਰ ਹੋ ਜਾਣੇ ਸਨ; ਇਕ ਆਸਟਰੇਲੀਆ ‘ਚ ਜਾ ਕੇ ਡਾਕਟਰੀ ਪਾਸ ਕਰਦਾ; ਦੂਜੇ ਨੇ ਨਿਊਜ਼ੀਲੈਂਡ ਤੋਂ ਇੰਜੀਨੀਅਰਿੰਗ ਦੀ ਡਿਗਰੀ ਲੈ ਲੈਣੀ ਸੀ; ਰਿਟਾਇਰਮੈਂਟ ਪਿੱਛੋਂ ਮਹਿਲਾਂ ਵਰਗਾ ਘਰ ਬਣਾ ਕੇ ਸਵੇਰੇ ਸੁਖਮਨੀ ਸਾਹਿਬ ਅਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਰਹਿਰਾਸ ਸਾਹਿਬ ਪਾਠ ਕਰ ਕੇ ਕਿਹੜੀ ਘੱਟ ਤਸੱਲੀ ਹੋਇਆ ਕਰਨੀ ਸੀ?
ਨਰਿੰਦਰ ਭੁੱਲਰ ਦੇ ਅਜਿਹੇ ਸੰਭਾਵੀ ਸਵਾਲ ਮਨ ਵਿਚ ਆਉਣ ਦਾ ਵੀ ਕਾਰਨ ਹੈ। ਸਾਲ 2007 ਵਿਚ ਅਮਰੀਕਾ ਪੁੱਜਣ ਤੋਂ ਪਹਿਲੇ 5-6 ਮਹੀਨਿਆਂ ਵਿਚ ਉਸ ਨੇ ਆਪਣੀ ਕਿਸੇ ਯੋਜਨਾ ਤਹਿਤ ‘ਲੋਲਿਤਾ’, ‘ਲੇਡੀ ਚੈਟਰਲੀ’ਜ਼ ਲਵਰ’ ਅਤੇ ‘ਅੱਨਾ ਕਾਰੇਨਿਨਾ’ ਨਾਂ ਦੇ ਤਿੰਨ ਵਚਿੱਤਰ ਨਾਵਲ ਪੜ੍ਹੇ ਸਨ। ਉਹਨੇ ‘ਅੱਨਾ ਕਾਰੇਨਿਨਾ’ ਪੜ੍ਹਿਆ ਤਾਂ ਅਗਲੀ ਸ਼ਾਮ ਮੈਨੂੰ ਮਿਲਣ ਆ ਗਿਆ। ਮਹਾਨ ਟਾਲਸਟਾਏ ਨੇ ‘ਅੱਨਾ ਕਾਰੇਨਿਨਾ’ ਵਿਚ ਦੁਨੀਆਂ ਦੀ ਸਭ ਤੋਂ ਹੁਸੀਨ ਅਤੇ ਰਹੱਸਮਈ ਜਾਦੂਈ ਸ਼ਖਸੀਅਤ ਵਾਲੀ ਡਾਢੀ ਵੇਗਮਤੀ ਨਾਇਕਾ ਦੀ ਸਿਰਜਣਾ ਕੀਤੀ ਹੈ। ਨਰਿੰਦਰ ਅੱਨਾ ਕਾਰੇਨਿਨਾ ਦੇ ਆਪਣੇ ਮਹਿਬੂਬ ਵਰੋਸਕੀ ਦੇ ਸਿਰ ਚੜ੍ਹ ਕੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਆਤਮ-ਹੱਤਿਆ ਅਤੇ ਮੁਹੱਬਤ ਦੀ ਉਸ ਵਚਿੱਤਰ ਗਾਥਾ ਦੇ ਅਜਿਹੇ ਭਿਆਨਕ ਤਰਾਸਦਿਕ ਅੰਤ ਨੂੰ ਪੜ੍ਹਦਿਆਂ ਧੁਰ ਅੰਦਰ ਤੱਕ ਹਿੱਲਿਆ ਹੋਇਆ ਸੀ। ਨਰਿੰਦਰ ਦਾ ਸਵਾਲ ਇਹ ਸੀ ਕਿ ਅੱਨਾ ਵਰਗੀ ਸੁਘੜ ਔਰਤ ਨੇ ਬੜੀ ਹੀ ਸਤਿਕਾਰਤ ਪਦਵੀ ‘ਤੇ ਲੱਗੇ ਹੋਏ ਸੰਤ ਸੁਭਾਅ ਪਤੀ ਕਾਊਂਟ ਕਾਰੇਨੀਨ ਅਤੇ ਸਿਰੋਜ ਵਰਗੇ ਆਪਣੇ ਸੋਨੇ ਵਰਗੇ ਮਸੂਮ ਪੁੱਤਰ ਨੂੰ ਛੱਡ ਕੇ ਅੰਨ੍ਹੇ ਖੂਹ ਵਿਚ ਛਾਲ ਕਿਉਂ ਤੇ ਕਿਵੇਂ ਮਾਰ ਦਿੱਤੀ? ਉਸ ਨੂੰ ਬਾਹੋਂ ਫੜ ਕੇ ਸਮਝਾਉਣ ਵਾਲਾ ਕੋਈ ਨਾਸੇਹ ਕਿਉਂ ਨਾ ਟੱਕਰਿਆ! ਨਾਵਲ ਮੇਰਾ ਵੀ ਇਕ ਵਾਰੀ ਨਹੀਂ, ਸਗੋਂ ਦੋ ਵਾਰੀ ਪੜ੍ਹਿਆ ਹੋਇਆ ਸੀ, ਬਲਕਿ ਪਿਛਲੇ 40 ਵਰ੍ਹਿਆਂ ਤੋਂ ਮੈਂ ਤਾਂ ਆਪਣੇ ਯਾਰਾਂ ਮਿੱਤਰਾਂ ਨੂੰ ਲਗਾਤਾਰ ਹੀ ਇਹ ਕਹਿੰਦਾ ਆ ਰਿਹਾ ਹਾਂ ਕਿ ਜਿਸ ਕਿਸੇ ਨੇ ਵੀ ਇਨਸਾਨ ਦੀ ਜੂਨੇ ਪੈ ਕੇ, ਪੜ੍ਹਨਾ ਲਿਖਣਾ ਸਿੱਖ ਲੈਣ ਦੇ ਬਾਵਜੂਦ ‘ਜੰਗ ਤੇ ਅਮਨ’ ਜਾਂ ‘ਅੱਨਾ ਕਾਰੇਨਿਨਾ’ ਨਹੀਂ ਪੜ੍ਹੇ, ਉਹ ਸ਼ਖਸ ਸਿਰੇ ਦਾ ਬਦਕਿਸਮਤ ਹੈ। ਨਰਿੰਦਰ ਖਹਿੜੇ ਪਿਆ ਹੋਇਆ ਸੀ ਅਤੇ ਮੈਨੂੰ ਸਿੱਧਾ ਜਵਾਬ ਕੋਈ ਸੁੱਝ ਨਹੀਂ ਰਿਹਾ ਸੀ। ਹਾਰ ਕੇ ਮੈਂ ਉਸ ਨੂੰ ਇਹ ਕਿਹਾ ਕਿ ਦੁਨੀਆਂ ਵਿਚ ਇਕ ਤੋਂ ਵਧ ਕੇ ਇਕ ਖੂਬਸੂਰਤ ਅਜੂਬੇ ਬਥੇਰੇ ਬਣੇ ਹੋਏ ਹਨ, ਪਰ ਉਨ੍ਹਾਂ ਵਿਚੋਂ ਕੋਈ ਵੀ ਤਾਜ ਮਹਿਲ ਦਾ ਬਦਲ ਭਲਾ ਹੋ ਸਕਦਾ ਸੀ! ਨਰਿੰਦਰ ਨੂੰ ਮੈਂ ਪੁੱਛਿਆ ਕਿ ਅੱਨਾ ਕਾਰੇਨਿਨਾ ਦੀ ਸਿਰਜਣਾ ਕੀ ਆਪਣੀ ਤਰ੍ਹਾਂ ਨਾਲ ਤਾਜ ਮਹੱਲ ਵਰਗਾ ਹੀ, ਰਹਿੰਦੀ ਦੁਨੀਆਂ ਤੱਕ ਅਚੰਭਿਤ ਕਰਦਾ ਰਹਿਣ ਵਾਲਾ ਜਲਵਾ ਖੜ੍ਹਾ ਕਰਨ ਵਰਗੀ ਗੱਲ ਨਹੀਂ ਸੀ! ਜੇ ਟਾਲਸਟਾਏ ਅੱਨਾ ਕੋਲੋਂ ਉਹ ਕੌਤਿਕ ਨਾ ਕਰਵਾਉਂਦਾ, ਤਾਂ ਕੀ ਇਹ ਸੰਭਵ ਹੋ ਸਕਦਾ ਸੀ? ਦਰਅਸਲ ਮੇਰਾ ਵਿਸ਼ਵਾਸ ਇਹ ਹੈ ਕਿ ਮਨੁੱਖੀ ਇਤਿਹਾਸ ਅੰਦਰ ਹਰ ਕਲਾਕਾਰ ਜਾਂ ਸਿਰਜਣਾਤਮਕ ਲਿਖਾਰੀ ਨੇ ਆਪਣੀਆਂ ਕਿਰਤਾਂ ਵਿਚ ਅੱਜ ਤੱਕ ਇਨਸਾਨੀ ਹਸਤੀ ਦੇ ਭਾਂਤ-ਸਭਾਂਤੇ ਜਜ਼ਬਾਤ ਦੀ ਇੰਤਹਾ ਨੂੰ ਆਸ਼ਕਾਰ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ। ‘ਮਹਾਂਭਾਰਤ’ ਅਤੇ ‘ਰਮਾਇਣ’ ਜਾਂ ‘ਇਲੀਅਡ’ ਅਤੇ ‘ਉਡੀਸੀ’ ਵਰਗੇ ਮਹਾਂਕਾਵਿ ਵੀ ਇਸ ਤੋਂ ਬਾਹਰ ਨਹੀਂ ਹਨ। ‘ਮਹਾਂਭਾਰਤ’ ਬਾਰੇ ਤਾਂ ਕਿਹਾ ਜਾ ਸਕਦਾ ਹੈ ਕਿ ਸਾਰਾ ਗ੍ਰੰਥ ਹੀ ਵਚਿੱਤਰ ਘਟਨਾਵਾਂ ਅਤੇ ਹਵਾਲਿਆਂ ਨਾਲ ਭਰਿਆ ਪਿਆ ਹੈ, ਪਰ ਵਚਿੱਤਰ ਪ੍ਰਸੰਗਾਂ ਦੀ ਸਿਖਰ ਉਸ ਸਮੇਂ ਆਉਂਦੀ ਹੈ ਜਦੋਂ ਭਗਵਾਨ ਕ੍ਰਿਸ਼ਨ ਦੇ ਖੁਦ, ਵੀਰ ਕਰਨ ਅੱਗੇ ਪਾਂਡੋਆਂ ਦਾ ਸਭ ਤੋਂ ਵੱਡਾ ਭਰਾ ਜਾਂ ਕੁੰਤੀ ਪੁੱਤਰ ਹੋਣ ਦਾ ਰਹੱਸ ਉਜਾਗਰ ਕਰ ਦੇਣ ਦੇ ਬਾਵਜੂਦ, ਕੇਹੇ ਸ਼ਾਨਾਮਤੇ ਅੰਦਾਜ਼ ਵਿਚ ਬਗੈਰ ਇਕ ਲਫਜ਼ ਵੀ ਮੂੰਹੋਂ ਬੋਲਿਆਂ ਉਹ ਯੋਧਾ, ਦੁਰਯੋਧਨ ਦਾ ਸਾਥ ਛੱਡਣ ਬਾਰੇ ਸੋਚਣ ਤੋਂ ਵੀ ਨਾਂਹ ਕਰ ਦਿੰਦਾ ਹੈ। ਕਰਨ ਅਤੇ ਦੁਰਯੋਧਨ ਦੋਸਤੀ ਦੇ ਜਿਸ ਕੋਡ ਵਿਚ ਬੱਝੇ ਹੋਏ ਹਨ, ਉਸ ਵਿਚ ਰੱਬ ਛੱਡ ਕੇ ਰੱਬ ਦਾ ਪਿਉ ਵੀ ਆ ਜਾਵੇ, ਕਰਨ ਵਰਗੀ ਸ਼ਖਸੀਅਤ ਲਈ ਪਿੱਛੇ ਹਟਣਾ ਸੰਭਵ ਨਹੀਂ ਹੈ।
‘ਮਾਇਆ’ ਨਾਵਲ ਬਾਰੇ ਗੱਲ ਕਰਦਿਆਂ ਪੰਨਾ 516 ਉਪਰ ਜਦੋਂ ਬਲਬੀਰ ਆਪਣੇ ਬਚਪਨ ਦੇ ਅਜ਼ੀਜ਼ ਸਾਹਿਬਜੀਤ ਨੂੰ ਇਹ ਕਹਿੰਦਿਆਂ ਮੁਖਾਤਬ ਹੁੰਦੀ ਹੈ- “ਮੈਨੂੰæææਬੱਚਾæææਦੇ ਦੇæææਸਾਹਿਬ! ਪਲੀਜ਼! ਮੇਰੇ ਅੰਦਰ ਪਹਿਲੀ ਵਾਰ ਬੱਚੇ ਦੀ ਚਾਹਤ ਜਾਗੀ ਹੈ। ਮੈਂ ਤੇਰਾ ਬੀਜ ਆਪਣੀ ਕੁੱਖ ‘ਚ ਪੁੰਗਰਦੇ ਅਤੇ ਫੈਲਦੇ ਮਹਿਸੂਸ ਕਰਨਾ ਚਾਹੁੰਦੀ ਹਾਂ” ਵਾਲੀਆਂ ਸਤਰਾਂ ਜਦੋਂ ਮੈਂ ਪੜ੍ਹ ਰਿਹਾ ਸਾਂ ਤਾਂ ਮੈਨੂੰ ਕਾਊਂਟ ਵਰੋਸੰਕੀ ਜਾਂ ਅੱਨਾ ਵਰਗੀਆਂ ਤਾਕਤਵਰ ਸ਼ਖਸੀਅਤਾਂ ਦੇ ਪਹਿਲੀ ਮਿਲਣੀ ‘ਤੇ ਇਕ-ਦੂਜੇ ਦੀਆਂ ਨਜ਼ਰਾਂ ਤੋਂ ਡੰਗੇ ਜਾਣ ਦੇ ਪਲ ਦੀ ਖੂਬਸੂਰਤੀ ਦੀ ਇੰਤਹਾ ਵਰਗਾ ਕੋਈ ਅਹਿਸਾਸ ਤਾਂ ਮਹਿਸੂਸ ਹੋ ਹੀ ਰਿਹਾ ਸੀ। ਨਾਲ ਹੀ ਕ੍ਰਿਸ਼ਨ ਭਗਵਾਨ ਅਤੇ ਮਹਾਂਵੀਰ ਕਰਨ ਦੇ ‘ਸੰਵਾਦ’ ਵਾਲੀਆਂ ਮਹਾਂਭਾਰਤ ਦੀ ਮਹਾਨ ਕਥਾ ਦੇ ਅਦਭੁਤ ਦ੍ਰਿਸ਼ ਦੀਆਂ ਸ਼ਾਨਾਂ ਵੀ ਚੇਤਿਆਂ ਵਿਚ ਉਭਰੀਆਂ ਜਾ ਰਹੀਆਂ ਸਨ।
ਵੈਸੇ ਤਾਂ ਡੀæਐਚæ ਲਾਰੰਸ ਦਾ ਹਰ ਨਾਵਲ ਹੀ ਕਮਾਲ ਹੈ, ਪਰ ‘ਲੇਡੀ ਚੈਟਰਲੀ’ਜ਼ ਲਵਰ’ ਵਿਚ ਜਿਸ ਸ਼ਿਦਤ ਅਤੇ ਭਾਸ਼ਾ ਦੇ ਜਿਸ ਸੰਜਮ ਨਾਲ ਵਿਆਹ ਤੋਂ ਬਾਹਰੇ ਸਬੰਧਾਂ ਵਾਲੀ ਇਸ ਕਥਾ ਵਿਚ ਲਾਰੰਸ ਦੋਵਾਂ ਪ੍ਰੇਮੀਆਂ ਦੀ ਕਾਮ-ਕ੍ਰੀੜਾ ਬਿਆਨ ਕਰਦਾ ਹੈ, ਉਹ ਕਮਾਲ ਹੈ। ਜ਼ਿੰਦਗੀ ਦੇ ਕਿਸੇ ਵੀ ਮੁਕਾਮ ‘ਤੇ ਪੜ੍ਹੇ ਨਾਵਲ ਦੇ ਉਨ੍ਹਾਂ ਹਿੱਸਿਆਂ ਦਾ ਜਾਦੂਮਈ ਬਿਆਨ ਬੰਦੇ ਦੀ ਰੂਹ ਦੇ ਧੁਰ ਅੰਦਰ ਆਪਣੀ ਛਾਪ ਛੱਡ ਜਾਂਦਾ ਹੈ। ‘ਮਾਇਆ’ ਵਿਚ ਜਿਸ ਸੰਜਮ ਅਤੇ ‘ਰੀਝ’ ਨਾਲ ਸੁਰਿੰਦਰ ਨੀਰ ਨੇ ਬਲਬੀਰ ਅਤੇ ਸਾਹਿਬਜੀਤ ਦੇ ਬੱਚਾ ਪੈਦਾ ਕਰਨ ਦਾ ਐਕਸਪੀਰੀਐਂਸ ਚਿਤਰਿਆ ਹੈ, ਉਹ ਬਹੁਤ ਪਵਿੱਤਰ ਵੀ ਹੈ ਅਤੇ ਹੁਸੀਨ ਵੀ। ਸ਼ੁਕਰ ਹੈ ਕਿ ਸਾਡੀ ਪੰਜਾਬੀ ਜ਼ੁਬਾਨ ਵਿਚ ਵੀ ਆਖਰ ਇਨਸਾਨੀ ਜ਼ਿੰਦਗੀ ਦੇ ਇਸ ਸਭ ਤੋਂ ਸੋਹਣੇ ਕੇਂਦਰੀ ਅੱਯਾਮ ਨੂੰ ਉਤਨੇ ਹੀ ਸੁੰਦਰ ਸ਼ਬਦਾਂ ਵਿਚ ਚਿਤਰਨ ਦਾ ਸਾਹਸ ਕੀਤਾ ਗਿਆ ਹੈ।
ਮਨੁੱਖੀ ਜਜ਼ਬਾਤ ਦੀ ਵਿਆਕਰਨ ਨੂੰ ਸਮਝਣ ਦੀ ਗੱਲ ਜੇ ਸ਼ੁਰੂ ਹੋ ਹੀ ਗਈ ਹੈ ਤਾਂ ਮੇਰਾ ਜੀਅ ਕਰਦਾ ਹੈ ਕਿ ਪਾਠਕਾਂ ਨਾਲ ਪ੍ਰਾਚੀਨ ਯੂਨਾਨੀ ਨਾਟਕਕਾਰ ਯੂਰੀਪੀਡਸ ਦੇ ‘ਫੀਦਰਾ’ ਨਾਂ ਦੇ ਨਾਟਕ ਬਾਰੇ ਵੀ ਗੱਲ ਕਰ ਲਈ ਜਾਵੇ; ਤੇ ਇਸ ਬਾਰੇ ਵੀ ਕਿ ਫੀਦਰਾ ਆਪਣੇ ਪਤੀ ਦੀ ਬੇਵਫਾਈ ਦਾ ਬਦਲਾ ਲੈਣ ਲਈ ਆਪਣੇ ਦੋ ਮਸੂਮ ਬੱਚਿਆਂ ਨੂੰ ਜਦੋਂ ਗਲਾ ਘੁੱਟ ਕੇ ਮਾਰ ਦਿੰਦੀ ਹੈ, ਤਾਂ ਅਜਿਹੇ ਭਿਆਨਕ ਕਾਰੇ ਦੇ ਬਾਵਜੂਦ ਭਲਾ ਦਰਸ਼ਕ ਉਸ ਨੂੰ ਤ੍ਰਿਸਕਾਰ ਦੀ ਭਾਵਨਾ ਨਾਲ ਕਿਉਂ ਨਹੀਂ ਵੇਖਦੇ? ਉਂਜ ਬਿਹਤਰ ਰਹੇਗਾ ਕਿ ਪਹਿਲਾਂ ਐਮਲੀ ਬਰੌਂਟੇ ਦੇ ਸ਼ਾਹਕਾਰ ‘ਵੂਦਰਿੰਗ ਹਾਈਟਸ’ ਬਾਰੇ ਚਰਚਾ ਕਰ ਲਈ ਜਾਵੇ। ‘ਵੂਦਰਿੰਗ ਹਾਈਟਸ’ ਨਾਵਲ ਦੀ ਨਾਇਕਾ ਕੈਥੀ, ਹੈੱਥਕਲਿੱਫ ਪ੍ਰਤੀ ਅੰਨ੍ਹੀ ਮੁਹੱਬਤ ਦੀ ਆਪਣੀ ਅੰਤਰ-ਆਤਮਾ ਦੀ ਕਾਲਿੰਗ ਪ੍ਰਤੀ ਉਸੇ ਸ਼ਿੱਦਤ ਅਤੇ ਸੁਹਿਰਦਤਾ ਨਾਲ ਪ੍ਰਤੀਬੱਧ ਹੈ ਜਿਸ ਤਰ੍ਹਾਂ ਬਲਬੀਰ ਪੇਂਟਿੰਗ ਦੀ ਕਲਾ ਰਾਹੀਂ ਆਪਣੀ ਆਤਮਾ ਦੇ ਹੁਸਨ ਨੂੰ ਅਭਿਵਿਅਕਤ ਕਰਨ ਦੀ ਲੋੜ ਪ੍ਰਤੀ ਹੈ। ਐਮਲੀ ਬਰੌਂਟੇ ਨੇ 1847 ਵਿਚ ਇਹ ਕਹਾਣੀ ਲਿਖੀ ਸੀ ਅਤੇ 1848 ਵਿਚ ਜਦੋਂ ਕਾਰਲ ਮਾਰਕਸ ਕਮਿਊਨਿਸਟ ਮੈਨੀਫੈਸਟੋ ਲਿਖ ਰਿਹਾ ਸੀ, ਉਹ ਮਰੀ ਤਾਂ ਉਸ ਦੀ ਉਮਰ ਅਜੇ 30 ਸਾਲ ਵੀ ਪੂਰੀ ਨਹੀਂ ਸੀ। ਨਾਵਲ ਦੀ ਕਹਾਣੀ ਵਿਚ ਨਾਇਕਾ ਕੈਥੀ ਬਚਪਨ ਵਿਚ ਹੀ ਆਪਣੇ ਪਿਤਾ ਅਰਨਸ਼ਾਅ ਵਲੋਂ ਤਰਸ ਕਰ ਕੇ ਘਰ ਲਿਆਂਦੇ ਹੈਥਕਲਿੱਫ ਨਾਂ ਦੇ ਅਨਾਥ, ਕਾਲੇ ਕਲੂਟੇ ਬੱਚੇ ਨਾਲ ਅਤਿਅੰਤ ਭਿਆਨਕ ਮੁਹੱਬਤ ਦੇ ਜਜ਼ਬੇ ਵਿਚ ਬੱਝ ਜਾਂਦੀ ਹੈ ਪਰ ਉਸ ਨੂੰ ਹਾਲਾਤ ਦੀ ਮਜਬੂਰੀਵਸ ਵਿਆਹ ‘ਵੂਦਰਿੰਗ ਹਾਈਟਸ’ ਦੇ ਨੇੜੇ ਹੀ ‘ਥਰੈਸ਼ਕਰੋਸ ਗਰੇਂਜ’ ਫਾਰਮ ਹਾਊਸ ਵਿਚਲੇ ਲਿੰਟਨ ਨਾਂ ਦੇ ਸਰਦਾਰਾਂ ਦੇ ਮੁੰਡੇ ਨਾਲ ਕਰਾਉਣਾ ਪੈ ਜਾਂਦਾ ਹੈ। ਕਮਾਲ ਇਹ ਹੈ ਕਿ ਲਿੰਟਨ ਵੀ ਕੈਥੀ ਨੂੰ ਬੇਹੱਦ ਮੁਹੱਬਤ ਕਰਦਾ ਹੈ। ਉਸ ਦੇ ਮਨ ਅੰਦਰ ਕੈਥੀ ਪ੍ਰਤੀ ਬੇਹੱਦ ਸਤਿਕਾਰ ਵੀ ਹੈ, ਪਰ ਕੈਥੀ ਹੈ ਕਿ ਹੈੱਥਕਲਿੱਫ ਵਰਗੇ ਕਾਲੇ ਭੂਤ ਦੀ ਯਾਦ ਇਕ ਪਲ ਲਈ ਵੀ ਨਹੀਂ ਭੁੱਲਦੀ। ਉਸ ਦਾ ਇਹ ਜਜ਼ਬਾ ਹੀ ਉਸ ਦੀ ਜਾਨ ਦਾ ਖੌਅ ਬਣ ਜਾਂਦਾ ਹੈ ਅਤੇ ਨਤੀਜੇ ਵਜੋਂ ਕੈਥੀ ਦੀ ਜਾਨ ਤਾਂ ਜਾਂਦੀ ਹੀ ਜਾਂਦੀ ਹੈ- ਜਿਸ ਕਿਸਮ ਦੀ ਬਰਬਾਦੀ ਅਤੇ ਬਦਲੇ ਦੀ ਅੱਗ ਦਾ ਸ਼ਿਕਾਰ ਦੋਵੇਂ ਪਰਿਵਾਰ ਹੁੰਦੇ ਹਨ, ਉਹਦੀ ਕਹਾਣੀ ਇਕ ਵਾਰੀ ਪੜ੍ਹ ਲੈਣ ਤੋਂ ਬਾਅਦ ਫਿਰ ਉਮਰ ਭਰ ਚੇਤੇ ਆਉਂਦਿਆਂ ਹੀ ਆਦਮੀ ਨੂੰ ਕੱਚੀਆਂ ਤਰੇਲੀਆਂ ਆਉਂਦੀਆਂ ਰਹਿੰਦੀਆਂ ਹਨ।
ਮੇਰੀ ਜਾਚੇ ਕੈਥੀ ਵੀ ਬਲਬੀਰ ਦੀ ਭੈਣ ਹੀ ਸੀ। ਇਹ ਵੱਖਰੀ ਗੱਲ ਹੈ ਕਿ ਉਸ ਦੀ ਆਤਮਾ ਦੀ ਤਲਾਸ਼ ਦਾ ਦੁਖਾਂਤ ਐਮਲੀ ਬਰੌਂਟੋ ਨੇ ਮੂਲੋਂ ਹੀ ਵੱਖਰੀ ਤਰ੍ਹਾਂ ਉਜਾਗਰ ਕੀਤਾ ਹੈ।
ਕੈਥੀ ਤੋਂ ਬਾਅਦ ਮਨ ਅੰਦਰ ਸਾਡੇ ਇਸ ਮਹਾਂਕਾਵਿਕ ਨਾਵਲ ਦੀ ਨਾਇਕਾ ਬਲਬੀਰ ਦੇ ਇਕ ਹੋਰ ‘ਰੂਹਾਨੀ ਭਾਈ’ ਵਿਨਸੈਂਟ ਵਾਨਗੌਗ ਦੀ ਯਾਦ ਆਉਣੀ ਸ਼ੁਰੂ ਹੋ ਗਈ ਹੈ। 1850-55 ਦੇ ਆਸਪਾਸ ਹਾਲੈਂਡ ਦੇ ਜੁੰਕਰੇ ਨਾਂ ਦੇ ਕਿਸੇ ਦੁਰੇਡੇ ਕਸਬੇ ਵਿਚ ਜਨਮ ਲੈਣ ਵਾਲੇ ਦੁਨੀਆਂ ਦੇ ਇਸ ਮਹਾਨ ਚਿਤਰਕਾਰ ਨੂੰ ਜ਼ਿੰਦਗੀ ਭਰ ਉਨ੍ਹਾਂ ਸਮਿਆਂ ਦੇ ਕਲਾ ਜਗਤ ਵਿਚ ਕੋਈ ਸਵੀਕ੍ਰਿਤੀ ਨਾ ਮਿਲੀ। ਉਹ ਕੇਵਲ 34 ਕੁ ਵਰ੍ਹਿਆਂ ਦੀ ਛੋਟੀ ਉਮਰ ਵਿਚ ਹੀ ਆਤਮ-ਹੱਤਿਆ ਕਰ ਗਿਆ, ਪਰ ਹਰ ਤਰ੍ਹਾਂ ਦੇ ਦੁੱਖਾਂ ਅਤੇ ਭੁੱਖਾਂ ਨਾਲ ਜੂਝਦਿਆਂ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਜਿਸ ਜਜ਼ਬੇ ਅਤੇ ਸ਼ਿੱਦਤ ਨਾਲ ਉਸ ਨੇ ਜਾਰੀ ਰੱਖੀ- ਇਰਵਿੰਗ ਸਟੋਨ ਨਾਂ ਦੇ ਨਾਵਲਕਾਰ ਨੇ ਸਾਲ 1934 ਵਿਚ ਉਸ ਨੂੰ ‘ਲਸਟ ਫਾਰ ਲਾਈਫ’ ਸਿਰਲੇਖ ਹੇਠਲੇ ਨਾਵਲ ਵਿਚ ਉਤਾਰ ਕੇ ਵਾਨਗੌਗ ਦੇ ਮਹਾਤਮ ਨੂੰ ਦੁਨੀਆਂ ਭਰ ਦੇ ਕਲਾ ਪ੍ਰੇਮੀਆਂ ਅੱਗੇ ਹਮੇਸ਼ਾ ਹਮੇਸ਼ਾ ਲਈ ਉਜਾਗਰ ਕਰ ਦਿੱਤਾ।
ਸੁਰਿੰਦਰ ਨੀਰ ਦੀ ਕਥਾ ਵਿਚ ਨਾਵਲ ਦੀ ਨਾਇਕਾ ਬਲਬੀਰ ਅਤੇ ਸਾਹਿਬਜੀਤ ਦੇ ਰਿਸ਼ਤੇ ਦੀ ਅਹਿਮੀਅਤ ਤਾਂ ਹੈ ਹੀ, ਬਲਬੀਰ ਵਲੋਂ ਆਪਣੇ ਤੋਂ ਛੋਟੀ ਉਮਰ ਦੇ ਆਪ ਦੀ ਪਿਆਰੀ ਮਿੱਤਰ ਸਪਰਸ਼ ਦੇ ਭਾਈ ਸਾਹਿਬਜੀਤ ਨਾਲ ਪਹਿਲੇ ਤੁਆਰਫ ‘ਤੇ ਬੜੀ ਹੀ ਅਪਣੱਤ ਨਾਲ ਜਿਸ ਕਿਸਮ ਦਾ ਪਹਿਲਾ ਚੁੰਮਣ ਦਿੱਤਾ ਜਾਂਦਾ ਹੈ, ਉਸ ਦੀ ਰਹੱਸਮਈ ਪਵਿੱਤਰਤਾ ਅਤੇ ਸਦੀਵੀ ਜਾਦੂਈ ਪ੍ਰਭਾਵ ਦਾ ਜ਼ਿਕਰ ਨਾਵਲ ਦੇ ਸਾਰੇ ਵਿਸ਼ਾਲ ਕਥਾਨਕ ਉਪਰ ਹੀ ਫੈਲਿਆ ਹੋਇਆ ਹੈ।
‘ਮਾਇਆ’ ਦੇ ਪੰਨਾ 123 ਉਪਰ ਇਸ ਹੁਸੀਨ ਇਤਫਾਕ ਨੂੰ ਸੁਰਿੰਦਰ ਨੀਰ ਇੰਜ ਬਿਆਨ ਕਰਦੀ ਹੈ: ਬਿੱਲੀ ਸਪਰਸ਼ ਦੀ ਸਹੇਲੀ ਸੀ। ਸਾਰੇ ਘਰਦਿਆਂ ਨੂੰ ਮਿਲਣ ਬਾਅਦ ਸਪੀ ਨੇ ਜਦ ਸਾਹਿਬ ਨਾਲ ਮਿਲਾਇਆ, ਉਸ ਨੂੰ ਦੱਸਿਆ ਕਿ ਇਹ ਮੇਰਾ ਛੋਟਾ ਜਿਹਾ ਲਾਡਲਾ ਵੀਰ ਹੈ ਤਾਂ ਬਿੱਲੀ ਨੇ ਉਸ ਦੀਆਂ ਗੱਲ੍ਹਾਂ ਨੂੰ ਛੂੰਹਦਿਆਂ ਪਿਆਰ ਨਾਲ ਚੁੰਮੀ ਲੈ ਲਈ ਸੀ।æææ æææ ਕਾਫੀ ਸਮਾਂ ਬਾਅਦ ਸਾਹਿਬ ਨੇ ਇਕ ਦਮ ਆਪਣੀਆਂ ਗੱਲ੍ਹਾਂ ‘ਤੇ ਹੱਥ ਰੱਖ ਦਿੱਤੇ। ਉਸ ਦੇ ਚੁੰਮਣ ਦੇ ਸੇਕ ਨਾਲ ਹੁਣ ਵੀ ਉਸ ਦੀਆਂ ਗੱਲ੍ਹਾਂ ਭਖ ਉਠੀਆਂ ਸਨ।æææ
ਤੇ ਫਿਰ ਪੰਨਾ 518 ਉਪਰ ਸਾਹਿਬਜੀਤ ਦੀ ਪਤਨੀ ਸੂਖਮ ਲਈ ਜਦੋਂ ਬੱਚਾ ਪੈਦਾ ਕਰਨ ਦੀ ਗੱਲ ਚੱਲਦੀ ਹੈ ਤਾਂ ਇਕ ਜਗ੍ਹਾ ‘ਤੇ ਸਾਹਿਬਜੀਤ ਬਲਬੀਰ ਨੂੰ ਪੁੱਛਦਾ ਹੈ ਕਿ
“ਤੂੰ ਵੀ ਮੈਨੂੰ ਮੁਹੱਬਤ ਕਰਦੀ ਰਹੀ ਹੈਂ?”
“ਬਹੁਤ æææ ਬੇਹੱਦ æææ ਬੇਇੰਤਹਾ æææ ਉਦੋਂ ਤੋਂ ਹੀ ਜਦੋਂ ਤੂੰ ਅਜੇ ਬੱਚਾ ਸੀ। ਤੇਰੇ ਬਰਥਡੇ ਵਾਲੇ ਦਿਨ ਮੈਂ ਤੇਰੇ ਮੱਥੇ ‘ਤੇ ਚੁੰਮਣ ਦਿੱਤਾ ਸੀ।”
ਤੇ ਫਿਰ ਸਾਹਿਬਜੀਤ ਅਤੇ ਤਾਬਿੰਦਾ ਰਾਣੀ ਖੇਤ ਕਲਾ ਮੇਲੇ ‘ਤੇ ਜਦੋਂ ਮਾਇਆ ਨੂੰ ਮਿਲਣ ਜਾਂਦੇ ਹਨ ਤਾਂ ਨਾਵਲ ਦੇ ਪੰਨਾ 457 ਉਪਰ ਸੁਰਿੰਦਰ ਕੁਦਰਤ ਦੀ ਖੂਬਸੂਰਤੀ ਦਾ ਗਾਇਨ ਜਿਸ ਅੰਦਾਜ਼ ਵਿਚ ਕਰਦੀ ਹੈ, ਉਹ ਕਮਾਲ ਹੈ। ਉਥੇ ਫਿਰ ਆਤਮਾ ਦੀਆਂ ਧੁਰ ਗਹਿਰਾਈਆਂ ਵਿਚ ਉਤਰ ਗਏ ਹੋਏ ਉਸੇ ਚੁੰਮਣ ਦੇ ਰਹੱਸ ਦਾ ਜ਼ਿਕਰ ਇਸ ਪ੍ਰਕਾਰ ਨਾਵਲੀ ਬਿਆਨ ਵਿਚ ਆ ਜਾਵੇਗਾ: ਅਚਾਨਕ ਇਕ ਕੂਲੇ ਜਿਹੇ ਸਪਰਸ਼ ਦੇ ਅਹਿਸਾਸ ਨੇ ਸਾਹਿਬਜੀਤ ਨੂੰ ਚੌਂਕਾ ਕੇ ਜਗ੍ਹਾ ਦਿੱਤਾ। ਉਸ ਨੂੰ ਲੱਗਾ ਜਿਵੇਂ ਕਿਸੇ ਚੀਜ਼ ਨੇ ਉਸ ਦੇ ਮੱਥੇ ਨੂੰ ਕੋਮਲਤਾ ਨਾਲ ਛੂਹਿਆ ਹੈ। ਅੱਖਾਂ ਖੋਲ੍ਹ ਵੇਖਿਆ ਤਾਂ ਬੂਟੇ ਦਾ ਨੰਨ੍ਹਾ ਜਿਹਾ ਫੁੱਲ ਉਸ ਦੀ ਗੱਲ੍ਹ ‘ਤੇ ਉਸੇ ਥਾਂ ਡਿੱਗਿਆ ਸੀ ਜਿੱਥੇ ਚੁੰਮਣ ਨੇ ਆਪਣਾ ਅਹਿਸਾਸ ਸਦਾ ਲਈ ਸੁਰੱਖਿਅਤ ਕਰ ਰੱਖਿਆ ਹੋਇਆ ਸੀ।æææ
ਨਾਵਲ ਦਾ ਇਹ ਪੰਨਾ ਜਦੋਂ ਮੈਂ ਪੜ੍ਹ ਰਿਹਾ ਸਾਂ ਤਾਂ ਮੈਨੂੰ ਸੁਰਿੰਦਰ ਨੀਰ ਦੀ ਸੰਵੇਦਨਾ ਦੀ ਤਾਜ਼ਗੀ ‘ਤੇ ਰਸਕ ਮਹਿਸੂਸ ਹੋ ਰਿਹਾ ਸੀ।
ਹੁਣ ਇਹ ਤਾਂ ਦੱਸਣਾ ਮੁਸ਼ਕਿਲ ਹੈ ਕਿ ਕਿਉਂ ਇਸੇ ਪਰਥਾਏ ਮੈਨੂੰ ਵਾਨਗੌਗ ਦੀ ਕਥਾ ਵਿਚ ਗੁਸ਼ੇਲ ਨਾਂ ਦੀ ਚੜ੍ਹਦੀ ਉਮਰ ਦੀ ਵੇਸਵਾ ਨਾਲ ਉਸ ਦੇ ਆਪਣੇ ਹੀ ਅੰਦਾਜ਼ ਵਿਚ ਸ਼ਿੱਦਤਮਈ ਪਿਆਰ ਦੇ ਵਿਲੱਖਣ ਇਜ਼ਹਾਰ ਦੀ ਯਾਦ ਆ ਰਹੀ ਸੀ। ਗਸ਼ੇਲ ਬੜੀ ਪਿਆਰੀ ਕੁੜੀ ਹੈ। ਵਾਨਗੌਗ ਕੋਲ ਉਸ ਦੀਆਂ ਸੇਵਾਵਾਂ ਬਦਲੇ ਉਸ ਨੂੰ ਦੇਣ ਲਈ 5 ਫਰੈਂਕ ਨਹੀਂ ਜੁੜਦੇ ਅਤੇ ਉਹ ਕਈ ਦਿਨ ਉਸ ਦੇ ਕੋਠੇ ਉਪਰ ਨਹੀਂ ਜਾ ਸਕਦਾ। ਅਖੀਰ ਜਦੋਂ ਜਾਂਦਾ ਹੈ, ਗਸ਼ੇਲ ਉਸ ਨੂੰ ਨਾ ਆਉਣ ਦਾ ਕਾਰਨ ਪੁੱਛਦੀ ਹੈ ਤਾਂ ਉਹ ਉਸ ਨੂੰ ਆਪਣੀ ਮਜਬੂਰੀ ਦੱਸ ਦਿੰਦਾ ਹੈ। ਗਸ਼ੇਲ ਬੜੀ ਮਾਸੂਮੀਅਤ ਨਾਲ ਉਸ ਨੂੰ ਕਹਿੰਦੀ ਹੈ ਕਿ, “ਲੈ ਜੇ 5 ਫਰੈਂਕ ਨਹੀਂ ਹਨ ਤਾਂ ਕੀ ਹੈ, ਤੂੰ ਮੈਨੂੰ ਆਪਣਾ ਕੰਨ ਦੇ ਦੇਵੀਂ। ਕੰਨ ਤੇਰੇ ਮੈਨੂੰ ਡਾਢੇ ਸੋਹਣੇ ਲੱਗਦੇ ਹਨ।” ਵਾਨਗੌਗ ਗਸ਼ੇਲ ਨਾਲ ਚਲਿਆ ਜਾਂਦਾ ਹੈ। ਬਾਅਦ ਵਿਚ ਵਾਪਸ ਆਪਣੇ ਕਮਰੇ ਵਿਚ ਪਰਤ ਕੇ ਉਹ ਉਸਤਰੇ ਨਾਲ ਆਪਣਾ ਸੱਜਾ ਕੰਨ ਜੜੋਂ ਕੱਢ ਕੇ ਕਾਗਜ਼ ਵਿਚ ਲਪੇਟਦਾ ਹੈ ਅਤੇ ਸੌਗਾਤ ਵਜੋਂ ਗਸ਼ੇਲ ਨੂੰ ਜਾ ਭੇਟ ਕਰਦਾ ਹੈ।
ਸੁਰਿੰਦਰ ਨੀਰ ਬਲਬੀਰ ਦੇ ਜਿਸ ਚੁੰਮਣ ਦਾ ਜ਼ਿਕਰ ਕਰਦੀ ਹੈ, ਉਹ ਪਵਿੱਤਰ ਮਸੂਮੀਅਤ ਦੀ ਇੰਤਹਾ ਹੈ। ਉਸ ਬਾਰੇ ਵਾਰ-ਵਾਰ ਜ਼ਿਕਰ ਪੜ੍ਹਦਿਆਂ ਮੈਨੂੰ ਗੁਸ਼ੇਲ ਦੀ ਮੰਗ ਅਤੇ ਵਾਨਗੌਗ ਦੇ ਜੈਸਚਰ ਦੀ ਮਸੂਮੀਅਤ ਵੀ ਉਸੇ ਸਾਰਨੀ ਵਿਚ ਦਰਜ ਹੁੰਦੀ ਪ੍ਰਤੀਤ ਹੋਈ ਜਾਂਦੀ ਹੈ।
ਵਾਨਗੌਗ ਨੂੰ ਨਿਰਸੰਦੇਹ ਉਸੇ ਚੀਜ਼ ਦੀ ਤਲਾਸ਼ ਹੈ ਜਿਸ ਦੀ ਭਟਕਣਾ ਨਾਵਲ ਦੀ ਨਾਇਕਾ ਮਾਇਆ ਨੂੰ ਹੈ ਜਿਸ ਕਰ ਕੇ ਉਹ ਨਾ ਸਰਦਾਰਨੀ ਬਲਬੀਰ ਕੌਰ ਬਣ ਸਕਦੀ ਹੈ ਅਤੇ ਨਾ ਅੰਗਰੇਜ਼ੀ ਦੀ ਐਮæਏæ ਕਰ ਕੇ ਕਾਲਜ ਅਧਿਆਪਕਾ ਦੇ ਰੋਲ ਵਿਚ ਚਿਣੇ ਜਾਣ ਦੀ ਹੋਣੀ ਨੂੰ ਹੀ ਸਵੀਕਾਰ ਕਰ ਸਕਦੀ ਹੈ। ਵਾਨਗੌਗ ਅਤੇ ਬਲਬੀਰ ਦੀ ਰੂਹਾਨੀ ਸਾਂਝ ਦਾ ਜ਼ਿਕਰ ਕਰ ਲੈਣ ਤੋਂ ਤੁਰੰਤ ਬਾਅਦ ਹੀ ਮੁੱਦਤ ਪਹਿਲਾਂ ਪੜ੍ਹੇ ਜਗਤ ਪ੍ਰਸਿੱਧ ਜਰਮਨ ਨਾਵਲਕਾਰ ਹਰਮਨ ਹੈੱਸ ਦੇ ਨਾਵਲ ‘ਸਿਧਾਰਥ’ ਦੀਆਂ ਯਾਦਾਂ ਉਭਰ ਆਉਂਦੀਆਂ ਹਨ। ਇਸ ਨਾਵਲ ਦੀਆਂ ਦੁਨੀਆਂ ਭਰ ਦੀਆਂ ਸਭ ਅਹਿਮ ਬੋਲੀਆਂ ਵਿਚ ਪਤਾ ਹੀ ਨਹੀਂ ਹੈ ਕਿ ਕਿਤਨੀਆਂ ਕੁ ਐਡੀਸ਼ਨਾਂ ਛਪ ਚੁੱਕੀਆਂ ਹਨ। ਇਸ ਛੋਟੇ ਜਿਹੇ ਨਾਵਲ ਵਿਚ ਹਰਮਨ ਹੈੱਸ ਨੇ ਇਨਸਾਨੀ ਹੋਂਦ ਦੇ ਅਰਥਾਂ ਦੀ ਤਲਾਸ਼ ਦੇ ਪ੍ਰੋਜੈਕਟ ਨੂੰ ਬਹੁਤ ਹੀ ਸੁੰਦਰ ਸ਼ਬਦਾਂ ਅਤੇ ਸੰਜਮੀ ਸ਼ੈਲੀ ਵਿਚ ਇਨਵੈਸਟੀਗੇਟ ਕੀਤਾ ਹੈ, ਪਰ ਬਿਹਤਰ ਰਹੇਗਾ ਕਿ ‘ਸਿਧਾਰਥ’ ਨਾਵਲ ਵੱਲ ਜਾਣ ਤੋਂ ਪਹਿਲਾਂ ਬਲਬੀਰ ਦੇ ਜੀਵਨ ਸੰਗਰਾਮ ਦੇ ਕੁਝ ਹੋਰ ਅਯਾਮਾਂ ਉਪਰ ਵੀ ਨਜ਼ਰ ਮਾਰ ਲਈ ਜਾਵੇ। ਇਨ੍ਹਾਂ ਆਯਾਮਾਂ ਦੀ ਚਰਚਾ ਅਗਲੇ ਅੰਕ ਵਿਚ ਕੀਤੀ ਜਾਵੇਗੀ।
(ਚਲਦਾ)
Leave a Reply