ਕਿਸ ਕੋਲ ਦਿਲ ਫ਼ਰੋਲਣ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਦਿਲ ‘ਚ ਦੁਨੀਆ ਦਾ ਦਰਦ। ਆਲ਼ੇ-ਦੁਆਲ਼ੇ ਵਿਚ ਵਾਪਦੀਆਂ ਘਟਨਾਵਾਂ ਦੀ ਚਸਕ ਅਤੇ ਚੌਗਿਰਦੇ ‘ਚ ਵਾਪਰ ਰਹੇ ਘਟਨਾਕ੍ਰਮ ਦੀ ਤਫ਼ੜਣੀ।
ਦਿਲ ਦੀਆਂ ਅਸੀਮ ਪਰਤਾਂ, ਅਥਾਹ ਡੂੰਘਾਈ ਅਤੇ ਅੰਬਰ ਜੇਡ ਉਚਾਈ। ਨਹੀਂ ਕੋਈ ਥਾਹ ਇਸ ਦੀ ਅਤੇ ਇਸ ਵਿਚ ਹੋ ਰਹੀਆਂ ਕਿਰਿਆਵਾਂ, ਘਟਨਾਵਾਂ ਅਤੇ ਪ੍ਰਤੀਕਿਰਿਆਵਾਂ ਦੀ।

ਇਹ ਦਿਲ ਖ਼ੌਫਜ਼ਦਾ ਹੈ ਕਿ ਹਰਦਮ ਕੀ ਵਾਪਰ ਰਿਹੈ, ਕੀ ਹੋ ਰਿਹੈ, ਕਿਉਂ ਹੋ ਰਿਹੈ, ਕਿਸ ਲਈ ਹੋ ਰਿਹੈ, ਕੌਣ ਕਰ ਰਿਹੈ ਅਤੇ ਕਿਸ ਦੇ ਹਿੱਤਾਂ ਲਈ ਹੋ ਰਿਹਾ ਏ?
ਦਿਲ ਦੀ ਲੋਥੜੇ ਦੀ ਧੜਕਣ ਦੇ ਨਾਲ ਧੜਕਦਾ ਏ ਉਹ ਕੁਝ, ਜਿਸ ਦਾ ਪਤਾ ਸਿਰਫ਼ ਦਿਲ ਨੂੰ ਹੀ ਹੁੰਦਾ ਅਤੇ ਦਿਲ ਕਦੇ ਵੀ ਆਪਣੇ ਆਪ ਨੂੰ ਜੱਗ-ਜ਼ਾਹਰ ਨਹੀਂ ਕਰਦਾ।
ਦਿਲ ਤੋਂ ਦਿਲ ਤੀਕ ਦਾ ਸਫ਼ਰ ਬਹੁਤ ਹੀ ਲੰਮੇਰਾ ਅਤੇ ਦੁਰਾਡਾ। ਭਾਵੇਂ ਕਿ ਇਸ ਦੀ ਦੂਰੀ ਕੁਝ ਕੁ ਛਿਣਾ ਤੀਕ ਹੀ ਸੀਮਤ ਪਰ ਇਸ ਸਫ਼ਰ `ਤੇ ਤੁਰਨ ਦੀ ਕੋਈ ਲੋੜ ਨਹੀਂ ਸਮਝਦਾ ਅਤੇ ਨਾ ਹੀ ਇਸ ਯਾਤਰਾ ਦੀ ਕਿਸੇ ਨੂੰ ਸੋਝੀ ਹੈ।
ਦਿਲ ਨੂੰ ਟੁੱਕਰ ਲੋਚਦੇ ਭੁੱਖੇ ਪੇਟ ਦੀ ਲੇਰ ਵੀ ਸੁਣਾਈ ਦਿੰਦੀ। ਸੁਪਨਹੀਣ ਅੱਖਾਂ ਵਿਚ ਉਤਰ ਚੁੱਕੀ ਉਦਾਸੀ ਵਿਚ ਉਦਾਸ ਹੋਣ ਦੀ ਤਮੰਨਾ ਵੀ। ਸਿਰ ਦੀ ਛੱਤ ਲੋਚਦਿਆਂ ਲਈ ਹਾਅ ਦਾ ਨਾਅਰਾ ਮਾਰਨਾ ਚਾਹੁੰਦਾ।ਨੰਗੇ ਸਿਰ ਲਈ ਦੁਪੱਟੇ ਦੀ ਲੋਚਾ ਵੀ ਦੁਖਦਾਈ ਕਰਦੀ ਹੈ ਅਤੇ ਨੈਣਾਂ ਦੇ ਅੰਬਰ ਵਿਚ ਗਾੜ੍ਹਾ ਧੁੰਧਲਕਾਨ ਇਸ `ਚ ਉਤਰਦਾ।
ਦਿਲ ਵਿਚ ਚੀਸਾਂ ਉਠਦੀਆਂ, ਜਦ ਖੇਤ ਰੱਕੜ ਬਣਦੇ, ਫ਼ਸਲਾਂ ਵਿਚ ਖੁਦਕੁਸ਼ੀਆਂ ਉਗਦੀਆਂ, ਆੜ ਵਿਚ ਹੰਝੂਆਂ ਦੀ ਨੈਂ ਵਗਦੀ, ਗੋਭਲ ਕਰੂੰਬਲਾਂ ਵਿਚ ਹਿਚਕੀਆਂ ਦਾ ਸ਼ੋਰ ਸੁਣਾਈ ਦਿੰਦਾ, ਮੱਕੀ ਦੇ ਦੋਧੇ ਦਾਣਿਆਂ ਨੂੰ ਠੂੰਗਿਆ ਜਾਂਦਾ ਜਾਂ ਵਾੜ ਹੀ ਖੇਤ ਨੂੰ ਖਾਣ ਲੱਗਦੀ। ਜੋਗ ਦੇ ਗਲ਼ ਲੱਗ ਕੇ ਹਾਲੀ ਰੋਂਦਾ ਅਤੇ ਮੋਟਰ ਦੇ ਔਲ਼ੂ ਵਿਚ ਸਪਰੇਅ ਵਾਲੀ ਖਾਲੀ ਕੇਨੀ ਤਰਦੀ। ਬੰਨ੍ਹਿਆਂ ਤੇ ਬਿਰਖ਼ਾਂ ਦੇ ਨੰਗੇ ਸਿਰਾਂ `ਤੇ ਬੀਜੜਿਆਂ ਦੇ ਆਲ੍ਹਣਿਆਂ ਦੇ ਬਿਖਰੇ ਤੀਲੇ੍ਹ ਦਰਦ-ਗਾਥਾ ਦੀ ਬਾਤ ਪਾਉਂਦੇ। ਆਲ੍ਹਣਿਆਂ ਦੀ ਸੱਖਣਤਾ ਹੀ ਇਹ ਦਰਸਾਉਣ ਲਈ ਕਾਫ਼ੀ ਕਿ ਪਰਿੰਦਿਆਂ ਤੋਂ ਬਗੈਰ ਮਨੁੱਖ ਸਿਰਫ਼ ਆਪਣੀ ਮਰਨ ਮਿੱਟੀ ਢੋਣ ਜੋਗਾ ਹੀ ਰਹਿ ਗਿਆ ਏ।
ਦਿਲ ਦੇ ਦਰਵਾਜ਼ੇ `ਤੇ ਹਰਦਮ ਗ਼ਮਾਂ ਦੀ ਦਸਤਕ। ਉਹ ਹਰ ਗ਼ਮ ਦਾ ਹੁੰਗਾਰਾ ਭਰਦਾ, ਜਿਊਂਦੇ ਜੀਅ ਕਈ ਮਾਰ ਮਰਦਾ ਅਤੇ ਮਰਦਿਆਂ ਵੀ ਜਿਊਣ ਤੋਂ ਨਾਂਹ ਨਾ ਕਰਦਾ ਪਰ ਦਿਲ ਆਪਣਾ ਦਰਦ ਕਿਸ ਨੂੰ ਸੁਣਾਵੇ? ਕਿਸ ਦੀ ਬੀਹੀ ਵਿਚ ਫ਼ੱਕਰਾਂ ਵਾਲੀ ਗੇੜੀ ਲਾਵੇ, ਹੋਕਰਾ ਲਗਾਵੇ ਅਤੇ ਦਿਲ `ਤੇ ਪਿਆ ਹੋਇਆ ਬੋਝ ਘਟਾਵੇ?
ਦਿਲ ਚਾਹੁੰਦਾ ਏ ਕਿ ਕੋਈ ਤਾਂ ਉਸ ਨੂੰ ਗਲ਼ ਨਾਲ ਲਾਵੇ, ਕਿਸੇ ਦੇ ਮੋਢੇ `ਤੇ ਸਿਰ ਰੱਖ ਸੁਸਤਾਵੇ, ਆਪਣੀ ਵੇਦਨਾ ਦਾ ਪਾਠ ਸੁਣਾਵੇ ਅਤੇ ਇਸ ਵਿਚੋਂ ਕਿਸੇ ਰਾਹਤ ਦਾ ਭਰਮ ਤਾਂ ਉਪਜਾਵੇ ਤਾਂ ਕਿ ਉਹ ਵੀ ਜਿਊਣ ਦਾ ਹੱਕਦਾਰ ਕਹਾਵੇ।
ਦਿਲ ਦਾ ਬਹੁਤ ਮਨ ਕਰਦਾ ਕਿ ਉਹ ਆਪਣੇ ਵਿਹੜੇ ਵਿਚ ਫੁੱਲਾਂ ਦੀ ਖੇਤੀ ਕਰੇ, ਮਹਿਕਾਂ ਨਾਲ ਆਪਣਾ ਅੰਦਰ ਭਰੇ, ਰੰਗਾਂ ਨਾਲ ਖ਼ੁਦ ਨੂੰ ਰੰਗੀਨ ਕਰੇ ਅਤੇ ਆਪਣੇ ਅੰਤਰੀਵ ਨੂੰ ਫੁੱਲਾਂ ਵਰਗੀ ਅਉਧ ਦਾ ਨਾਮਕਰਨ ਦੇਵੇ। ਫੁੱਲ ਵਿਚ ਫੁੱਲ ਹੋਣ ਦਾ ਸੁਪਨਾ ਸਾਕਾਰ ਕਰੇ ਤਾਂ ਕਿ ਉਹ ‘ਕੇਰਾਂ ਤਾਂ ਮਰੇ ਪਰ ਨਿੱਤ-ਨਿੱਤ ਨਾ ਮਰੇ।
ਦਿਲ ਦੀ ਤਮੰਨਾ ਇਹ ਵੀ ਹੈ ਕਿ ਉਹ ਵੀ ਜਿਊਂਦਾ ਜਾਗਦਾ ਏ।ਉਸ ਦੀਆਂ ਵੀ ਕੋਈ ਭਾਵਨਾਵਾਂ ਨੇ, ਚਾਅ ਨੇ। ਉਸ ਦੀਆਂ ਰੀਝਾਂ ਦੀ ਭਰਪਾਈ ਕੋਈ ਤਾਂ ਕਰੇ। ਉਸ ਦੇ ਦੀਦਿਆਂ ਵਿਚ ਅਪਣੱਤ ਦਾ ਦੀਦਾਰ ਧਰੇ।ਉਸ ਨੂੰ ਕੋਈ ਤਾਂ ਅਪਣਾਵੇ, ਉਸ ਦੇ ਦਰੀਂ ਪੀੜ੍ਹਾ ਡਾਹਵੇ, ਜੀਵਨ ਨਾਦ ਅਲਾਹੇ ਅਤੇ ਜੀਵਨ ਧੁਨਾਂ ਵਿਚੋਂ ਯੁੱਗ ਜਿਊਣ ਦਾ ਰਾਜ਼ ‘ਵਾਵਾਂ ਦੇ ਨਾਮ ਲਾਵੇ।
ਦਿਲ ਵੀ ਤਾਂ ਚਾਹੁੰਦਾ ਕਿ ਕੋਈ ਉਸ ਨੂੰ ਸਹਿਲਾਵੇ, ਕੋਲ ਬਿਠਾਵੇ ਤੇ ਉਸ ਦੇ ਅੰਦਰ ਬੈਠੀ ਪੀੜਾ ਨੂੰ ਸੁਣੇ ਅਤੇ ਘਟਾਵੇ ਤਾਂ ਕਿ ਉਹ ਹੋਰਨਾਂ ਦੀ ਪੀੜਾ ਨੂੰ ਸਮਝਣ, ਸਮਾਉਣ ਅਤੇ ਘਟਾਉਣ ਲਈ ਫਿਰ ਤੋਂ ਨਵਾਂ ਨਰੋਇਆ ਹੋ ਕੇ ਕੁਝ ਉਪਰਾਲਾ ਕਰੇ ਅਤੇ ਆਪਣੇ ਜੀਵਨ ਦਾ ਮਕਸਦ ਸਮਿਆਂ ਦੇ ਨਾਮ ਕਰੇ।
ਦਿਲ ਤਾਂ ਆਖ਼ਰ ਦਿਲ ਹੀ ਹੈ, ਕੋਈ ਪੱਥਰ ਤਾਂ ਨਹੀਂ। ਬਹੁਤ ਹੀ ਕੋਮਲ, ਮਾਸੂਮ ਅਤੇ ਸ਼ਫ਼ਾਫ਼। ਝਿੜਕਣ `ਤੇ ਮਸੋਸੇ ਜਾਣ ਵਾਲਾ, ਨਿੱਕੇ ਜਹੇ ਹਿਲੋਰੇ ਨਾਲ ਬਾਗੋ-ਬਾਗ ਹੋਣ ਵਾਲਾ ਪਰ ਜ਼ਰਾ ਕੁ ਜਿੰਨੀ ਆਹਟ ਨਾਲ ਫਿਰ ਉਦਾਸੀ ਦੇ ਸਮੁੰਦਰ ਵਿਚ ਤਾਰੀਆਂ ਲਾਉਣ ਵਾਲਾ।
ਦਿਲ ਦਾ ਮਨ ਕਰਦਾ ਹੈ ਕਿ ਕੋਈ ਉਸ `ਤੇ ਲਿਖੀ ਹੋਈ ਉਸ ਇਬਾਰਤ ਨੂੰ ਪੜ੍ਹੇ, ਜਿਹੜੀ ਉਹ ਆਪਣਿਆਂ ਨੂੰ ਦਿਖਾਉਣਾ, ਪੜ੍ਹਾਉਣਾ ਅਤੇ ਇਸ ਦੀ ਹਾਥ ਤੇ ਥਾਹ ਪਾਉਣਾ ਲੋਚਦਾ ਪਰ ਕੋਈ ਤਾਂ ਇਸ ਨੂੰ ਪੜ੍ਹੇ। ਇਸ ਵਿਚ ਖ਼ੁਦ ਨੂੰ ਉਤਾਰੇ ਅਤੇ ਦਿਲ ਦੀ ਦਰਿਆ-ਦਿਲੀ ਤੋਂ ਖ਼ੁਦ ਨੂੰ ਵਾਰੇ ਪਰ ਕੋਈ ਨਹੀਂ ਅਜਿਹੇ ਵਕਤਾਂ ਵਿਚ ਦਿਲ ਦੇ ਨੇੜੇ ਢੁਕਦਾ।
ਕੌਣ ਸੁਣਦਾ ਏ ਉਸ ਮਾਸੂਮ ਬੱਚੇ ਦੇ ਦਿਲ ਦੀ ਦਾਸਤਾਂ ਜਿਹੜਾ ਟੁੱਕ ਤੋਂ ਲਾਚਾਰ, ਜਿਊਣ ਲਈ ਅਵਾਜ਼ਾਰ। ਜਿਸ ਦਾ ਰੂੜੀਆਂ `ਤੇ ਵਸਦਾ ਏ ਭਗਵਾਨ ਅਤੇ ਦੁਨੀਆ ਸਿਰਫ਼ ਉਜਾੜ ਦਾ ਨਾਮ। ਉਸ ਦੇ ਅੰਬਰ ਨੂੰ ਵੀ ਦੁੱਖਾਂ ਦੀ ਤਿੱਤਰਖੰਭੀਆਂ ਢੱਕੀ ਰੱਖਦੀਆਂ। ਉਹ ਤਾਂ ਆਪਣੇ ਦਿਲ ਦੀ ਪੀੜਾ ਚੰਦਾ ਮਾਮਾ ਨੂੰ ਵੀ ਨਹੀਂ ਸੁਣਾ ਸਕਦਾ ਕਿਊਂਕਿ ਉੱਚੀਆਂ ਮੰਜ਼ਲਾਂ ਵਾਲਿਆਂ ਨੇ ਝੁੱਗੀਆਂ ਦੇ ਹਿੱਸੇ ਦਾ ਤਾਂ ਚੰਦਰਮਾ ਵੀ ਹਜ਼ਮ ਕਰ ਲਿਆ ਏ।
ਨਹੀਂ ਸੁਣਦਾ ਉਸ ਦਿਲ ਦੇ ਕੋਰੇ ਵਰਕਿਆਂ `ਤੇ ਲਿਖੀ ਧੁਆਂਖ਼ੇ ਸੁਪਨਿਆਂ ਦੀ ਗਾਥਾ, ਜਿਹੜੇ ਅੱਖ ਪੁੱਟਣ ਤੋਂ ਪਹਿਲਾਂ ਹੀ ਦਮ ਤੋੜ ਗਏ। ਸਿਰਫ਼ ਸਿਵਿਆਂ ਦੀ ਸੁੰਨਸਾਨ ਜਾਂ ਕਬਰਾਂ ਦੀ ਚੁੱਪ ਹੀ ਜਿਨ੍ਹਾਂ ਦਾ ਹਾਸਲ ਬਣ ਸਕੀ। ਇਸ ਸੁਪਨੇ ਦੇ ਮਰਨ ਨਾਲ ਹੀ ਮਰ ਗਿਆ ਮਾਪਿਆਂ ਦੇ ਦੀਦਿਆਂ ਵਿਚ ਸਿਰਜਿਆ ਸੁਪਨ-ਸੰਸਾਰ ਅਤੇ ਉਨ੍ਹਾਂ ਦੀਆਂ ਸੱਧਰਾਂ ਦਾ ਉੱਜੜ ਗਿਆ ਘੁੱਗ ਵੱਸਣ ਵਾਲਾ ਘਰ-ਬਾਹਰ।
ਖੇਤ ਦੇ ਦਿਲ `ਤੇ ਲੱਗੀ ਹੋਈ ਗੁੱਝੀ ਸੱਟ ਦੀ ਚੀਸ ਸਿਰਫ਼ ਉਹੀ ਸੁਣੇਗਾ, ਜਿਸ ਨੂੰ ਖੇਤ ਨਾਲ ਮੋਹ ਹੋਵੇ, ਜਿਸ ਨੇ ਖੇਤ ਵਿਚੋਂ ਮੂਲੀਆਂ ਤੇ ਗਾਜਰਾਂ ਪੁੱਟ ਕੇ ਬਿਨਾਂ ਧੋਤਿਆਂ ਖਾਧੀਆਂ ਹੋਣ, ਜਿਸ ਨੇ ਗੋਡੀ ਕਰਦਿਆਂ ਵਧ ਰਹੀ ਫ਼ਸਲ ਨੂੰ ਪਿਆਰਿਆ ਅਤੇ ਪਾਣੀ ਦਿੰਦਿਆਂ ਦੁਲਾਰਿਆ ਹੋਵੇ, ਜਿਸ ਦੇ ਸਾਹਵੇਂ ਟਾਂਡਿਆਂ `ਤੇ ਪੂਣੀਆਂ ਕੱਤਦੀਆਂ ਛੱਲੀਆਂ ਨੇ ਆਪਣਾ ਆਕਾਰ ਧਾਰਿਆ ਹੋਵੇ। ਜਿਸ ਨੇ ਦੋਧੀਆ ਛੱਲੀਆਂ ਨੂੰ ਖ਼ੂਹ ‘ਤੇ ਲੱਕੜੀਆਂ ‘ਕੱਠੀਆਂ ਕਰ ਕੇ ਧੂਣੀ ਬਾਲ ਕੇ ਚੱਬਿਆ ਹੋਵੇ ਅਤੇ ਇਨ੍ਹਾਂ ਦਾਣਿਆਂ ਦੀ ਮਿਠਾਸ ਉਸ ਦੇ ਚੇਤਿਆਂ ਵਿਚ ਸਦੀਵੀ ਉੱਕਰੀ ਗਈ ਹੋਵੇ।
ਸੁੰਨੀ ਹਵੇਲੀ ਆਪਣਾ ਦਿਲ ਕਿਸ ਸਾਹਵੇਂ ਫ਼ਰੋਲੇ, ਜਿਸ ਦੀ ਸੁੰਨਤਾ ਉਸ ਨੂੰ ਖਾ ਰਹੀ ਏ, ਜਿਸ ਦੇ ਕਿੱਲਿਆਂ `ਤੇ ਬੱਝੀਆਂ ਬੂਰੀਆਂ ਝੋਟੀਆਂ ਅਤੇ ਨਾਹਰੇ ਬਲਦਾਂ ਦੀ ਜੋੜੀ ਦਾ ਭੁਲੇਖ਼ਾ ਉਸ ਦੀਆਂ ਅੱਖਾਂ ਵਿਚੋਂ ਨਹੀਂ ਨਿਕਲਦਾ। ਨਾ ਹੀ ਉਸ ਨੂੰ ਇਹ ਭੁੱਲਦਾ ਕਿ ਘਰ ਦਾ ਬੁੱਢਾ ਬਾਪੂ ਇਸ ਹਵੇਲੀ ਦਾ ਰਖਵਾਲਾ ਹੁੰਦਾ ਸੀ। ਉਸ ਨੂੰ ਆਪਣੇ ਨਾਲੋਂ ਵੀ ਪਿਆਰੀ ਸੀ ਇਹ ਹਵੇਲੀ, ਇਸ ਦੀਆਂ ਦਾਤਾਂ ਅਤੇ ਇਸ ‘ਚ ਵੱਸਣ ਵਾਲੇ ਪਸ਼ੂ, ਪੰਛੀ ਅਤੇ ਹੱਥੀਂ ਬਣਾਈਆਂ ਵਸਤਾਂ ਦਾ ਸੰਸਾਰ। ਬੜਾ ਔਖ਼ਾ ਹੁੰਦਾ ਏ ਕਿਸੇ ਲਈ ਆਪਣੇ ਵਸਦੇ-ਰਸਦੇ ਜਹਾਨ ਨੂੰ ਉਜਾੜ ਦੇ ਰੂਪ ਵਿਚ ਦੇਖਣਾ ਅਤੇ ਖੁ਼ਦ ਨੂੰ ਹੰਝੂਆਂ ਵਿਚ ਖ਼ੋਰਨਾ।
ਭਲਾ ਕਲਮ ਆਪਣੀ ਵੇਦਨਾ ਕਿਸ ਨੂੰ ਸੁਣਾਏ, ਜਿਸ ਦੀ ਠਾਕੀ ਹੋਈ ਜ਼ੁਬਾਨ ਨੂੰ ਆਪਣੀ ਖ਼ੁੱਦਾਰੀ ਸੰਗ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਹੋਵੇ। ਜਿਸ ਦੇ ਸ਼ਬਦਾਂ ਵਿਚ ਬੁੱਝੇ ਹੋਏ ਦੀਵਿਆਂ ਦਾ ਰੁਦਨ ਸੁਣਾਵੇ, ਜਿਸ ਦੇ ਅਰਥਾਂ ਵਿਚ ਸੂਰਜਾਂ ਦਾ ਰੋਣਾ ਹੋਵੇ ਅਤੇ ਜਿਹੜਾ ਵਰਕਿਆਂ ਦੇ ਨਾਵੇਂ ਸਿਸਕੀਆਂ ਦਾ ਸ਼ੋਰ ਕਰਦੀ ਹੋਵੇ ਜਾਂ ਜਿਸ ਨੂੰ ਆਪਣੀ ਗੱਲੋਂ ਕਹਿਣ ਤੋਂ ਵਰਜ ਦਿੱਤਾ ਗਿਆ ਹੋਵੇ। ਵਰਜੇ ਵਕਤਾਂ, ਵਰਤਾਰਿਆਂ ਅਤੇ ਵਸਤਾਂ ਨੂੰ ਜਦ ਸਮਿਆਂ ਵਿਚੋਂ ਹੀ ਮਨਫ਼ੀ ਕਰ ਦਿੱਤਾ ਜਾਵੇ ਤਾਂ ਕਲਮ ਦੇ ਦਿਲ ਵਿਚ ਅਜਿਹੀ ਖ਼ਲਬਲੀ ਮਚਦੀ ਕਿ ਉਹ ਕਲਾ ਅਤੇ ਕੀਰਤੀ ਨੂੰ ਭਸਮ ਕਰਨ ਲੱਗਿਆਂ ਦੇਰ ਨਹੀਂ ਲਾਉਂਦੀ ਅਤੇ ਫਿਰ ਇਸ ਭਸਮ ਵਿਚੋਂ ਕੁਕਨੂਸ ਜਨਮ ਲੈਂਦੀ ਅਤੇ ਰਾਖ਼ ਵਿਚੋਂ ਉਗੇ ਸ਼ਬਦ ਸੂਰਜਾਂ ਦੀ ਬਸਤੀ ਵਸਾਉਂਦੇ ਹਨ ਅਤੇ ਸਮਿਆਂ ਦੇ ਨਾਵੇਂ ਉਜਾਲਾ ਹੀ ਕਰਦੀ ਏ। ਕਲਮ ਦੇ ਦਿਲ ਵਿਚ ਬੈਠੀ ਗੰਢ ਨੂੰ ਖੋਲ੍ਹਣ ਦਾ ਕੋਈ ਨਾ ਕੋਈ ਉਦਮ ਕਰਨਾ। ਵਰਨਾ ਇਹ ਗੰਢਾਂ ਫਿਰ ਮੂੰਹ ਨਾਲ ਵੀ ਨਹੀਂ ਖੁੱਲ੍ਹਦੀਆਂ।
ਦਿਲ ਵਿਚ ਬਹੁਤ ਕੁਝ ਅਜਿਹਾ ਵੀ ਆਉਂਦਾ ਹੈ, ਜੋ ਬੰਦਾ ਸਿਰਫ਼ ਖ਼ੁਦ ਨਾਲ ਹੀ ਸਾਂਝਾ ਕਰਨਾ ਚਾਹੁੰਦਾ ਹੈ। ਖ਼ੁਦ ਨਾਲ ਇਸ ਦੀਆਂ ਬਾਤਾਂ ਪਾਉਂਦਾ, ਵਰਚਾਉਂਦਾ ਅਤੇ ਆਪਣੀ ਹਸਤੀ ਨੂੰ ਵਡਿਆਉਂਦਾ ਏ ਪਰ ਸਭ ਤੋਂ ਫ਼ਿਕਰਮੰਦੀ ਦੀ ਗੱਲ ਹੈ ਕਿ ਬੰਦੇ ਕੋਲ ਖ਼ੁਦ ਨੂੰ ਹੀ ਮਿਲਣ ਦਾ ਸਮਾਂ ਨਹੀਂ। ਫਿਰ ਉਹ ਆਪਣੇ ਦਿਲ ਦੀ ਕਿੰਝ ਸੁਣੇਗਾ? ਜਦ ਬੰਦੇ ਦੇ ਅੰਦਰ ਵਸਦਾ ਦਿਲ ਹੀ ਬੰਦੇ ਨੂੰ ਹੀ ਕੁਝ ਨਹੀਂ ਸੁਣਾ ਸਕਦਾ ਤਾਂ ਦੱਸੋ ਇਹ ਦਿਲ ਕਿਸ ਕੋਲ ਜਾ ਕੇ ਰੋਣਾ ਰੋਵੇ? ਅੰਦਰਲੀ ਕਾਲਖ਼ ਧੋਵੇ, ਖੁ਼ਦ ਦੇ ਸਾਹਵੇਂ ਖ਼ੁਦ ਤੋਂ ਸੁਰਖ਼ਰੂ ਹੋਵੇ ਅਤੇ ਆਪਣੇ ਦਰਾਂ `ਤੇ ਸ਼ਗਨਾਂ ਦਾ ਤੇਲ ਚੋਵੇ।
ਦਿਲ ਦੀ ਗੁਥਲੀ ਭਰੀ ਭਰਾਈ
ਪਤਾ ਨਹੀਂ ਵਿਚ ਕੀ?
ਨਾ ਹੀ ਇਸ ਦੀਆਂ ਰਮਜ਼ਾਂ ਜਾਣੇ
ਇਸ ‘ਚ ਰਹਿੰਦਾ ਜੀਅ?
ਇਸ ਨਗਰੀ ਕਦੇ ਹਾਸੇ ਗੂੰਜਣ
ਤੇ ਕਦੇ ਰੋਣ-ਆਵਾਜ਼
ਕਦੇ ਇਹ ਮਸਤੀ ਵਿਚ ਮੌਲੇ
ਜਾਪੇ ਜਿਊਣ ਅੰਦਾਜ਼
ਕਦੇ ਇਸ ਦੀਆਂ ਬਰੂਹਾਂ ਵਿਚੋਂ
ਸਿੰਮਦਾ ਖ਼ਾਰਾ ਪਾਣੀ
ਕਦੇ ਇਸ ਦੀ ਸਰਦਲ ਉਤੇ
ਨਿੰਮ ਦੀ ਬੱਧੀ ਟਾਹਣੀ
ਕਦੇ ਕਦਾਈਂ ਇਸ ਦੀ ਬੀਹੀ
ਗੂੰਜੇ ਲੰਮੀਂ ਹੇਕ
ਪਰ ਕਦੇ ਇਸ ਦੇ ਵਿਹੜੇ
ਗੁੰਮਸੁਮ ਵਧੀ ਧਰੇਕ
ਦਿਲ ਦੀਆਂ ਜੂਹਾਂ ਵਿਚ
ਵੱਸਦੇ ਭਲੇ ਜੋ ਲੋਕ
ਉਨ੍ਹਾਂ ਦੀਆਂ ਬਰਕਤਾਂ ਸਦਕਾ
ਧੜਕਦੇ ਰਹੇ ਬੇਰੋਕ।
ਦਿਲ ਕੇਹਾ ਕਿ ਇਸ ਦਾ ਤਾਂ
ਦਮ ਦਾ ਨਹੀਂ ਵਸਾਹ,
ਪਤਾ ਨਹੀਂ ਕਦ ਹੱਸਦਾ-ਹੱਸਦਾ,
ਮਾਰੇ ਉਚੀ ਧਾਹ।
ਜਿੰਦ-ਸਾਜ਼ ਚਲਾਵਣ ਵਾਲੇ ਨੂੰ,
ਖ਼ੁਦ ਦਾ ਨਹੀਂ ਭਰੋਸਾ,
ਕਾਹਦਾ ਕਿਸੇ `ਤੇ ਸ਼ਿਕਵਾ ਕਰਨਾ
ਕੀਹਦਾ ਕਰਨਾ ਰੋਸਾ।
ਜ਼ਿੰਦਗੀ ਦਾ ਸਫ਼ਰ ਮੁਕਾ ਕੇ,
ਸਮੇਟ ਲੈਣੀ ਇਸ ਸਫ਼,
ਤੇ ਮਿੱਟੀ ਦੀ ਢੇਰੀ ਬਣਨੀ,
ਮਾਸ ਦੇ ਲੋਥੜੇ ਤੇ ਰੱਤ।
ਦਿਲ ਦਿਲਾਂ ਦੀਆਂ ਸੁਣਦਾ ਰਹੇ ਅਤੇ ਦਿਲਾਂ ਦਾ ਹੁੰਗਾਰਾ ਭਰਦਾ। ਹਰੇਕ ਚੁੱਪ ਨੂੰ ਬੋਲ ਬਖਸ਼ਦਾ ਰਹੇ ਅਤੇ ਸੁੰਨ ਵਿਚ ਵੀ ਰਾਗ-ਰਾਗਣੀ ਪੈਦਾ ਕਰਦਾ ਰਹੇ। ਇਸ ਲਈ ਜ਼ਰੂਰੀ ਹੈ ਕਿ ਦਿਲ ਦਾ ਹਾਲ-ਚਾਲ ਪੁੱਛਦੇ ਰਹੀਏ। ਇਸ ਦੀ ਮਿਜ਼ਾਜ਼ਪੁਰਸ਼ੀ ਬਾਰੇ ਫ਼ਿਕਰਮੰਦ ਰਹੀਏ। ਇਸ ਦੀ ਚਿੰਤਾ ਵਿਚੋਂ ਚੇਤਨਾ ਅਤੇ ਚਿੰਤਨ ਪੈਦਾ ਕਰੀਏ ਕਿਉਂਕਿ ਦਿਲ ਰਿਹਾ ਤਾਂ ਅਸੀਂ ਰਹਾਂਗੇ। ਦਿਲ ਤੋਂ ਬਗੈਰ ਤਾਂ ਅਸੀਂ ਸਿਰਫ਼ ਮਿੱਟੀ ਦੀ ਢੇਰੀ। ਇਸ ਤੋਂ ਪਹਿਲਾਂ ਕਿ ਇਹ ਮਿੱਟੀ ਦੀ ਢੇਰੀ ਬੇਗਾਨੇ ਮੋਢਿਆਂ ਤੇ ਕਬਰਾਂ ਵੱਲ ਦਾ ਸਫ਼ਰ ਆਰੰਭੇ, ਦਿਲ ਦੀਆਂ ਦੁਆਵਾਂ ਮੰਗਿਆ ਕਰੀਏ। ਇਸ ਨੂੰ ਦੁਆ-ਸਲਾਮ ਕਰਦੇ ਰਹੀਏ ਅਤੇ ਪੀੜਾ ਤੋਂ ਇਲਾਵਾ ਕਦੇ ਕਦਾਈਂ ਖੁਸ਼ੀਆਂ ਦਾ ਨਿਊਂਦਾ ਵੀ ਪਾਈਏ। ਇਸ ਦੀ ਝੋਲੀ ਵਿਚ ਚਾਵਾਂ ਦਾ ਸ਼ਗਨ ਪਾਈਏ ਅਤੇ ਇਸ ਦੀ ਲੰਮੀ ਉਮਰ ਤੇ ਸਿਹਤਯਾਬੀ ਦਾ ਰਿਆਜ਼ ਕਰਦੇ ਰਹੀਏ।
ਦਿਲ ਨੂੰ ਜਦ ਕੋਈ ਆਪਣਾ ਨਹੀਂ ਮਿਲਦਾ ਖ਼ੁਦ ਨੂੰ ਫ਼ਰੋਲਣ ਲਈ ਤਾਂ ਉਹ ਖ਼ੁਦ ਨੂੰ ਸ਼ਬਦਾਂ ਦੇ ਹਵਾਲੇ ਕਰਦਾ, ਅਰਥਾਂ ‘ਚ ਖ਼ੁਦ ਨੂੰ ਹੰਘਾਲਦਾ ਅਤੇ ਵਰਕਿਆਂ ਦੇ ਸੱਖਣੇਪਣ ਨੂੰ ਆਪਣੀ ਹੋਂਦ ਨਾਲ ਭਰਦਾ। ਇਬਾਰਤ ਵਿਚ ਦਿਲ ਦੀਆਂ ਬਹੁਤ ਸਾਰੀਆਂ ਪਰਤਾਂ ਜ਼ਾਹਰ ਪਰ ਕਈ ਪਰਤਾਂ ਜੱਗ-ਜ਼ਾਹਰ ਹੋਣ ਤੋਂ ਵੀ ਰਹਿ ਜਾਂਦੀਆਂ। ਦਿਲ ਦੀਆਂ ਬਾਤਾਂ ਹੀ ਹੁੰਦੀਆਂ ਜੋ ਕਵਿਤਾ, ਕਹਾਣੀ ਜਾਂ ਕਿਸੇ ਵੀ ਕਿਰਤ ਵਿਚ ਬੈਠੀਆਂ ਹੁੰਦੀਆਂ ਕਿਉਂਕਿ ਇਨ੍ਹਾਂ ਵਿਚ ਕਲਮਕਾਰ ਦੇ ਦਿਲ ਦੀ ਪੀੜਾ ਨੂੰ ਕਦੇ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ।
ਇਹ ਦਿਲ ਦਾ ਆਵਾਗਵਣ ਹੀ ਹੁੰਦਾ, ਜੋ ਕਦੇ ਬੁਰਸ਼ ਦੀਆਂ ਛੋਹਾਂ ਬਣ ਕੇ ਕੈਨਵਸ `ਤੇ ਫੈਲਦਾ ਅਤੇ ਇਸ ਵਿਚੋਂ ਨਜ਼ਰ ਆਉਂਦੇ ਨਕਸ਼ਾਂ ਵਿਚੋਂ ਦਿਲ ਦੀ ਰਹਿਤਲ ਵਿਚ ਬੈਠੀਆਂ ਉਨ੍ਹਾਂ ਖਾਮੋਸ਼ ਲਹਿਰਾਂ ਦਾ ਸ਼ੋਰ ਹੁੰਦਾ, ਜੋ ਸਿਰਫ਼ ਦਿਲ ਹੀ ਸੁਣਦਾ।ਕੋਈ ਵੀ ਇਸ ਸ਼ੋਰ ਨੂੰ ਸੁਣਨਾ ਨਹੀਂ ਚਾਹੁੰਦਾ ਕਿਉਂਂਕਿ ਕੌਣ ਕਿਸੇ ਦੇ ਦਰਦ ਨਾਲ ਭਿਆਲੀ ਪਾਵੇ, ਖ਼ੁਦ ਨੂੰ ਸਤਾਵੇ ਅਤੇ ਖੁ਼ਦ ਨੂੰ ਤੜਫਾਵੇ। ਲੋਕ ਤਾਂ ਕਿਸੇ ਦੀ ਤੜਫ਼ਣ ਵਿਚੋਂ ਹੀ ਆਪਣੇ ਸਾਹਾਂ ਦੀ ਖ਼ੈਰ ਮੰਗਦੇ।
ਦਿਲ ਦੀਆਂ ਹੂਕਾਂ ਹੀ ਹੁੰਦੀਆਂ, ਜਿਹੜੀਆਂ ਘਰ ਦੀ ਚਾਰ-ਦੀਵਾਰੀ ਵਿਚ ਕੈਦ ਹੋਣ ਤੋਂ ਮੁਨਕਰ ਹੋ, ਹੋਠਾਂ `ਤੇ ਪਹਿਰਾ ਲਾਉਂਦੀਆਂ ਅਤੇ ਖ਼ਾਮੋਸ਼ੀ ਦੀ ਜੂਨ ਹੰਢਾਉਂਦੀਆਂ। ਇਹ ਖਾਮੋਸ਼ੀ ਸ਼ਾਂਤ ਪਾਣੀਆਂ ਦੇ ਅੰਤਰੀਵ ਵਿਚ ਬੈਠੀ ਉਸ ਭੈਅਭੀਤਾ ਦਾ ਰੂਪ ਹੁੰਦਾ, ਜਿਸ ਨੂੰ ਕੋਈ ਵੀ ਦੇਖਣ, ਸਮਝਣ, ਸਮਝਾਉਣ ਅਤੇ ਆਪਣੇ ਮੋਢੇ ਲਾ ਕੇ ਵਰ੍ਹਾਉਣ ਤੋਂ ਸਦਾ ਹੀ ਆਨਾ-ਕਾਨੀ ਕਰਦਾ।
ਦਿਲ ਜਦ ਬਹੁਤ ਹੀ ਜ਼ਿਆਦਾ ਉਪਰਾਮ ਹੁੰਦਾ ਤਾਂ ਇਹ ਲੰਮੀਆਂ ਰਾਤਾਂ ਵਿਚ ਤਾਰਿਆਂ ਨਾਲ ਗੱਲਾਂ ਕਰਦਾ, ਚੰਨ ਨੂੰ ਆਪਣੀ ਵੇਦਨਾ ਸੁਣਾਉਂਦਾ, ਕਦੇ ਬਿਰਖ਼ਾਂ ‘ਚੋਂ ਝਰਦੀ ਚਾਨਣੀ ਦੀ ਛਾਨਣੀ ਨਾਲ ਆਪਣੀ ਪੀੜਾ ਨੂੰ ਛਾਨਣ ਦੀ ਕੋਸ਼ਿਸ਼ ਕਰਦਾ ਪਰ ਪੱਲੇ ਵਿਚ ਸਿਰਫ਼ ਪੀੜਾ ਦਾ ਛਾਣ ਹੀ ਰਹਿ ਜਾਂਦਾ। ਰਾਤ ਦੀ ਚੁੱਪ ਵੀ ਦਿਲ ਨੂੰ ਬਹੁਤ ਸਮਝਾਉਂਦੀ, ਗੋਦ ਵਿਚ ਲੈ ਕੇ ਸਹਿਲਾਉਂਦੀ ਪਰ ਦਿਲ ਹੈ ਕਿ ਵੱਸ ਵਿਚ ਨਾ ਰਹਿੰਦਾ। ਇਹ ਮੁਖੜੇ ਨੂੰ ਖ਼ਾਰੇ ਪਾਣੀਆਂ ਨਾਲ ਧੋਂਦਾ ਅਤੇ ਖ਼ੁਦ ਨੂੰ ਖ਼ੁਦ ਹੀ ਕੋਂਹਦਾ।
ਦਿਲ ਤਾਂ ਦਿਲ ਹੈ ਦਿਲ ਦਾ ਕਰੀਏ ਕੀ? ਦੁਖੀ ਦਿਲ ਸਦਾ ਲਗੇਂਦਾ ਹੂਕਾਂ ਵਰਗਾ ਜੀਅ। ਇਸ ਦੀਆਂ ਤਹਿਆਂ ਵਿਚ ਛੁਪਿਆ ਹੈ ਦਿਲ ਤੋਂ ਦਿਲ ਤੀਕ ਦਾ ਸਫ਼ਰ ਪਰ ਦਿਲ ਨੂੰ ਦੱਸੋ ਕੌਣ ਸਮਝਾਵੇ ਅਤੇ ਕਿਹੜਾ ਇਸ ਦੀਆਂ ਝੋਲੀਆਂ ਵਿਚ ਸੁਖ਼ਨ-ਸਕੂਨ ਦਾ ਸ਼ਗਨ ਪਾਵੇ।
ਦਿਲ ਦੇ ਅੰਦਰ ਬੈਠੀ ਬੇਚੈਨੀ ਤੋਂ ਜਦ ਬਹੁਤ ਬੇਬਸ ਹੋ ਜਾਵਾਂ ਤਾਂ ਫਿਰ ਮੈਂ ਚੁੱਪ ਹੋ ਜਾਂਦਾ ਅਤੇ ਅੱਜ-ਕੱਲੈ ਮੈਂ ਅਕਸਰ ਚੁੱਪ ਹੀ ਰਹਿੰਦਾ ਹਾਂ।