ਪੰਜਾਬਣ ਗੁਲੂਕਾਰਾ ਹਮੀਦਾ ਬਾਨੋ

ਮਨਦੀਪ ਸਿੰਘ ਸਿੱਧੂ
ਹਮੀਦਾ ਬਾਨੋ ਦੀ ਪੈਦਾਇਸ਼ 19 ਅਕਤੂਬਰ 1928 `ਚ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਬਚਪਨ ਵਿਚ ਹੀ ਉਸ ਨੂੰ ਗਾਉਣ ਦਾ ਸ਼ੌਕ ਪੈਦਾ ਹੋ ਗਿਆ। ਜਦੋਂ ਵੱਡੀ ਹੋਈ ਤਾਂ ਗਾਇਨ ਕਲਾ ਵਿਚ ਮਾਹਿਰ ਹੋ ਗਈ।

ਪੰਜਾਬੀ ਤੋਂ ਇਲਾਵਾ ਉਰਦੂ ਤੇ ਹਿੰਦੀ ਵੀ ਵਧੀਆ ਬੋਲ ਲੈਂਦੀ ਸੀ। ਹਮੀਦਾ ਦਾ ਭਰਾ ਬੰਬੇ ਦੇ ਥੀਏਟਰ ਵਿਚ ਕੰਮ ਕਰਦਾ ਸੀ ਜੋ ਆਪਣੀ ਭੈਣ ਦੀ ਕਾਬਲੀਅਤ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਲਿਹਾਜ਼ਾ 1942 ਵਿਚ ਉਸ ਨੇ ਪਰਿਵਾਰ ਸਮੇਤ ਹਮੀਦਾ ਬਾਨੋ ਨੂੰ ਬੰਬੇ ਸੱਦ ਲਿਆ ਤੇ ਉਸ ਨੂੰ ਫਿਲਮਾਂ ਵਿਚ ਗਾਉਣ ਲਈ ਉਤਸ਼ਾਹਿਤ ਕੀਤਾ।
ਜਦੋਂ ਆਨੰਦ ਸੁਭਰਾਮਨੀਅਮ ਨੇ ਆਪਣੇ ਫਿਲਮਸਾਜ਼ ਅਦਾਰੇ ਜਾਗ੍ਰਿਤੀ ਪਿਕਚਰਜ਼, ਬੰਬੇ ਦੇ ਬੈਨਰ ਹੇਠ ਭਗਵਾਨ ਦੀ ਹਿਦਾਇਤਕਾਰੀ ਵਿਚ ਹਿੰਦੀ ਫਿਲਮ ‘ਨਗ਼ਮ-ਏ-ਸਹਰਾ` ਉਰਫ ‘ਸੌਂਗ ਆਫ ਡੇਜ਼ਰਟ` (1945) ਸ਼ੁਰੂ ਕੀਤੀ ਤਾਂ ਸੰਗੀਤਕਾਰ ਸੀ. ਰਾਮ ਚੰਦਰ (ਚਿਤਲਕਰ ਰਾਮ ਚੰਦਰ) ਨੇ ਲਾਹੌਰ ਦੀ ਪੰਜਾਬਣ ਗੁਲੂਕਾਰਾ ਹਮੀਦਾ ਬਾਨੋ ਨੂੰ ਨਵੀਂ ਗਾਇਕਾ ਵਜੋਂ ਪੇਸ਼ ਕੀਤਾ। ਹਮੀਦਾ ਬਾਨੋ ਨੇ ਇਸ ਫਿਲਮ ਵਿਚ ਅਹਿਸਾਨ ਰਿਜ਼ਵੀ ਦਾ ਲਿਖਿਆ ਗੀਤ ‘ਕਿਸੀ ਕੀ ਯਾਦ ਕਿਸੀ ਕੋ ਆਈ ਕੁਛ ਮੀਠਾ-ਮੀਠਾ ਦਰਦ ਉਠਾ` (ਨਾਲ ਚਿਤਲਕਰ) ਗਾਇਆ ਜੋ ਅਦਾਕਾਰਾ ਖੁਰਸ਼ੀਦ ਜੂਨੀਅਰ (ਨਰਗਿਸ) ਤੇ ਮਾਸਟਰ ਵਿੱਠਲ (ਪ੍ਰਿੰਸ ਫਿਰੋਜ਼) `ਤੇ ਫਿਲਮਾਇਆ ਗਿਆ ਜੋ ਬੜਾ ਪਸੰਦ ਕੀਤਾ ਗਿਆ। ਇਸ ਫਿਲਮ ਦੇ ਗੀਤ 1942 ਵਿਚ ਰਿਕਾਰਡ ਕਰ ਲਏ ਗਏ ਸਨ ਅਤੇ ਇਹ ਫਿਲਮ 1945 ਵਿਚ ਸੈਂਸਰ ਹੋਈ।
ਫਿਲਮ ‘ਸੰਜੋਗ` (1943) `ਚ ਨੌਸ਼ਾਦ ਅਲੀ (ਸਹਾਇਕ ਗ਼ੁਲਾਮ ਮੁਹੰਮਦ) ਦੇ ਸੰਗੀਤ `ਚ ਡੀ. ਐਨ. ਮਧੋਕ ਦਾ ਲਿਖਿਆ ਇੱਕ ਗੀਤ ਹਮੀਦਾ ਬਾਨੋ ਨੇ ਗਾਇਆ ‘ਓ ਓ…ਕੌਨ ਗਲੀ ਕਾ ਛੋਰਾ ਪੁਕਾਰੇ ਏ` (ਨਾਲ ਸ਼ਾਮ ਕੁਮਾਰ) ਜੋ ਬਹੁਤ ਹਿੱਟ ਹੋਇਆ ਸੀ। ਫਿਲਮ ‘ਬੜੇ ਨਵਾਬ ਸਾਹਬ` (1944) `ਚ ਬਸ਼ੀਰ ਦੇਹਲਵੀ ਦੇ ਸੰਗੀਤ `ਚ ਸ਼ਮਸ ਲਖਨਵੀ ਦੇ ਲਿਖੇ ਹਮੀਦਾ ਬਾਨੋ ਨੇ 5 ਗੀਤ ਗਾਏ, 2 ਗੀਤ ਜੀ. ਐਮ. ਦੁਰਾਨੀ ਨਾਲ ‘ਖੇਲ ਨਿਰਾਲੇ ਹਮ ਖੇਲੇਂ` ਤੇ ‘ਜਾਗ ਗਈ ਜਾਗ ਗਈ` ਤੇ 3 ਏਕਲ ਗੀਤ ਵੀ ਪਸੰਦ ਕੀਤੇ ਗਏ। ਫਿਲਮ ‘ਅਨਬਨ` (1944) `ਚ ਗਿਆਨ ਦੱਤ ਦੇ ਸੰਗੀਤ `ਚ ਹਮੀਦਾ ਨੇ 3 ਗੀਤ ਗਾਏ। ਫਿਲਮ ‘ਬੜੀ ਬਾਤ` (1944) `ਚ ਹਮੀਦਾ ਬਾਨੋ ਨੇ ਫਿਰੋਜ਼ ਨਿਜ਼ਾਮੀ ਦੇ ਸੰਗੀਤ `ਚ ਇੱਕ ਗੀਤ ‘ਮੇਰੇ ਭੋਲੇ ਸੇ ਬਾਲਮ ਕਾ ਭੋਲਾ ਹੈ ਦਿਲ` ਗਾਇਆ, ਜਿਸ ਦੇ ਬੋਲ ਸਵਾਮੀ ਰਾਮਾਨੰਦ ਸਰਸਵਤੀ ਨੇ ਲਿਖੇ ਸਨ। ‘ਜੀਵਨ` ਉਰਫ ‘ਬਹਾਰ` (1944) `ਚ ਹਮੀਦਾ ਬਾਨੋ ਨੇ ਨੌਸ਼ਾਦ ਅਲੀ ਦੇ ਸੰਗੀਤ `ਚ ਮਾਹਰ-ਉੱਲ-ਕਾਦਰੀ ਦਾ ਲਿਖਿਆ ਇੱਕ ਗੀਤ ਗਾਇਆ ‘ਆਜ ਮੋਰਾ ਮਨ ਮੋਰਾ ਮਨ ਨਾਚ ਰਹਾ ਹੈ` ਜੋ ਅਦਾਕਾਰਾ ਮਹਿਤਾਬ `ਤੇ ਫਿਲਮਾਇਆ ਗਿਆ ਸੀ। ਫਿਲਮ ‘ਲਲਕਾਰ` (1944) `ਚ ਸੀ. ਰਾਮ ਚੰਦਰ ਦੇ ਸੰਗੀਤ `ਚ ਹਮੀਦਾ ਬਾਨੋ ਨੇ ਪੰਡਤ ਮਧੁਰ ਦੇ ਲਿਖੇ 2 ਗੀਤ ਗਾਏ ‘ਚਿੜੀਓਂ ਕੋ ਉੜਨਾ ਸਿਖਾਇਆ ਕਿਸ ਨੇ` ਤੇ ‘ਯਾਦ ਨਹੀਂ ਜਾਤੀ`। ਫਿਲਮ ‘ਮਨੋਰਮਾ` (1944) `ਚ ਸੀ. ਰਾਮ ਚੰਦਰ ਦੇ ਸੰਗੀਤ ਵਿਚ ਅੰਜੁਮ ਪੀਲੀਭੀਤੀ ਦਾ ਲਿਖਿਆ ਇੱਕ ਦੋਗਾਣਾ ਗੀਤ ‘ਉੜ ਜਾਏਂ ਉੜ ਜਾਏਂ ਦੂਰ ਦੇਸ ਉੜ ਜਾਏਂ` ਨੂਰ ਮੁਹੰਮਦ ਚਾਰਲੀ ਨਾਲ ਗਾਇਆ। ਫਿਲਮ ‘ਰੌਣਕ` (1944) `ਚ ਸੀ. ਰਾਮ ਚੰਦਰ ਦੇ ਸੰਗੀਤ `ਚ ਈਸ਼ਵਰ ਚੰਦਰ ਕਪੂਰ ਦੇ ਲਿਖੇ 2 ਗੀਤ ਗਾਏ ‘ਹਮ ਦਿਲ ਕੋ ਲੂਟਾਤੇ ਹੈਂ ਔਰ ਲੂਟੇ ਜ਼ਮਾਨਾ` ਤੇ ਦੂਜਾ ‘ਦੁਨੀਆ ਕਿਸੀ ਕੋ ਹਾਏ ਮਜਬੂਰ ਨਾ ਕਰੇ`।
ਫਿਲਮ ‘ਸ਼ਹਿਨਸ਼ਾਹ ਬਾਬਰ` (1944) `ਚ ਖੇਮਚੰਦ ਪ੍ਰਕਾਸ਼ ਦੇ ਸੰਗੀਤ `ਚ ਪੰਡਤ ਇੰਦਰ ਦੇ ਲਿਖੇ 2 ਗੀਤ ਹਮੀਦਾ ਬਾਨੋ ਨੇ ਗਾਏ ‘ਮੁਝੇ ਕਰੇ ਸਨਮ ਬਦਨਾਮ` ਤੇ ‘ਛੇੜ ਗਯਾ ਬੇਦਰਦ ਮੇਰੀ ਦਿਲਰੂਬਾ ਕੇ ਤਾਰ ਕਯੂੰ` ਜੋ ਅਦਾਕਾਰਾ ਖੁਰਸ਼ੀਦ ਬਾਨੋ `ਤੇ ਫਿਲਮਾਏ ਗਏ ਸਨ। ਫਿਲਮ ‘ਪਰਖ` (1944) `ਚ ਖੁਰਸ਼ੀਦ ਅਨਵਰ ਦੇ ਸੰਗੀਤ `ਚ ਹਮੀਦਾ ਨੇ ਗ਼ਾਫਿਲ ਹਰਨਾਲਵੀ ਦਾ ਲਿਖਿਆ ਗੀਤ ‘ਪਯਾਸੇ ਸਾਜਨ ਪੀ ਲੇ` ਗਾਇਆ। ਫਿਲਮ ‘ਮੂਰਤੀ` (1945) `ਚ ਹਮੀਦਾ ਨੇ ਬੁਲੋ ਸੀ. ਰਾਨੀ (ਬੁਲੋ ਚੰਦ ਰਾਨੀ) ਦੇ ਸੰਗੀਤ `ਚ ਪੰਡਤ ਇੰਦਰ ਦੇ ਲਿਖੇ ‘ਸਾਵਨ ਆਯਾ ਸਾਵਨ ਆਯਾ`, ‘ਕਾਹੇ ਕੋ ਦੀਯਾ ਜਲਾਯਾ`, ‘ਭਲੀ ਨਿਭਾਈ ਪ੍ਰੀਤ ਰੇ` ਤੋਂ ਇਲਾਵਾ ਖੁਰਸ਼ੀਦ ਬਾਨੋ ਤੇ ਮੁਕੇਸ਼ ਨਾਲ ਮਿਲ ਕੇ ਗਾਇਆ ਗੀਤ ‘ਬਦਰੀਆ ਬਰਸ ਗਈ ਉਸ ਪਾਰ` ਗੀਤ ਖੂਬ ਚੱਲਿਆ। ਫਿਲਮ ‘ਨਸੀਬ` ਉਰਫ ‘ਕੈਂਟ ਹੈਲਪ ਇਟ` (1945) `ਚ ਪੰਜਾਬੀ ਸੰਗੀਤਕਾਰ ਪੰਡਤ ਗੋਬਿੰਦਰਾਮ ਦੇ ਸੰਗੀਤ `ਚ 3 ਗੀਤ ‘ਚਨਾ ਮਸਾਲੇਦਾਰ ਬਾਬੂ ਲੈ ਲੋ` (ਨਾਲ ਜ਼ੌਹਰਾ ਬਾਈ ਅੰਬਾਲਾ) ਅਤੇ 2 ਗੀਤ ਖਾਨ ਮਸਤਾਨਾ ਨਾਲ ‘ਦੀਵਾਨੀ ਤੇਰੀ ਦੋ ਦਿਨ ਕੀ ਜ਼ਿੰਦਗਾਨੀ` ਤੇ ‘ਹਮ ਪੰਛੀ ਹੈਂ ਆਜ਼ਾਦ`।
ਫਿਲਮ ‘ਪ੍ਰੀਤ` (1945) `ਚ ਬੁਲੋ ਸੀ. ਰਾਨੀ ਦੇ ਸੰਗੀਤ ਵਿਚ ਫਿਲਮ ਦੇ 13 ਗੀਤਾਂ `ਚੋਂ ਡੀ. ਐਨ. ਮਧੋਕ ਦਾ ਲਿਖਿਆ ਸਿਰਫ ਇੱਕੋ ਗੀਤ ਹਮੀਦਾ ਨੇ ਸਨੇਹ ਪ੍ਰਭਾ ਨਾਲ ਮਿਲ ਕੇ ਗਾਇਆ ‘ਮਨ ਮੇਂ ਉਠੇਂ ਉਛਾਲੇ ਮੇਰੇ ਘੂੰਘਟ ਖੋਲ੍ਹ ਮਤਵਾਲੇ` ਜੋ ਅਦਾਕਾਰਾ ਸਨੇਹ ਪ੍ਰਭਾ ਪ੍ਰਧਾਨ ਤੇ ਸਵਰਨ ਲਤਾ `ਤੇ ਫਿਲਮਾਇਆ ਗਿਆ ਸੀ। ਫਿਲਮ ‘ਸਾਵਨ` (1945) `ਚ ਹਮੀਦਾ ਨੇ ਸੀ. ਰਾਮ ਚੰਦਰ ਦੇ ਸੰਗੀਤ `ਚ ‘ਹੰਸੋ ਗ਼ਰੀਬੋਂ ਪੇ` ਗੀਤ ਖਾਨ ਮਸਤਾਨਾ ਨਾਲ ਮਿਲ ਕੇ ਗਾਇਆ।
ਫਿਲਮ ‘ਦੇਵਰ` (1946) `ਚ ਹਮੀਦਾ ਨੇ ਗੁਲਸ਼ਨ ਸੂਫੀ ਦੇ ਸੰਗੀਤ `ਚ ਖੁਮਾਰ ਬਾਰਾ ਬੰਕਵੀ ਦਾ ਲਿਖਿਆ ਇੱਕੋ ਗੀਤ ਸ਼ਮਸ਼ਾਦ ਬੇਗ਼ਮ ਤੇ ਜ਼ੌਹਰਾ ਬਾਈ ਅੰਬਾਲਾ ਨਾਲ ਮਿਲ ਕੇ ਗਾਇਆ ‘ਧੂਮ ਮਚਾਤੀ ਆਈ ਜਵਾਨੀ`। ਫਿਲਮ ‘ਨੇਕ ਪਰਵੀਨ` (1946) `ਚ ਹਮੀਦਾ ਬਾਨੋ ਨੇ ਫਿਰੋਜ਼ ਨਿਜ਼ਾਮੀ ਦੇ ਸੰਗੀਤ `ਚ ਵਾਹਿਦ ਕੁਰੈਸ਼ੀ ਦੀ ਲਿਖੀ ਨਾਅਤ ‘ਤੇਰੀ ਜ਼ਾਤ ਪਾਕ ਹੈ ਏ ਖੁਦਾ ਤੇਰੀ ਸ਼ਾਨ ਵੱਲਾ ਜਲਾਲ ਹੂ` (ਨਾਲ ਕੋਰਸ) ਗਾਈ ਜੋ ਅਦਾਕਾਰਾ ਰੇਹਾਨਾ ਤੇ ਸਹੇਲੀਆਂ `ਤੇ ਫਿਲਮਾਈ ਗਈ ਸੀ। ਇਸ ਤੋਂ ਇਲਾਵਾ ਹਮੀਦਾ ਦਾ ਗਾਇਆ ਇੱਕ ਪੁਰਸੋਜ਼ ਗੀਤ ‘ਦੁਨੀਆ ਗ਼ਰੀਬੋਂ ਕੋ ਕਯੂੰ ਜੀਨੇ ਨਹੀਂ ਦੇਤੀ` ਅਦਾਕਾਰਾ ਰਾਗਿਨੀ `ਤੇ ਫਿਲਮਾਇਆ ਗਿਆ ਸੀ। ਫਿਲਮ ‘ਰਾਜਪੂਤਾਨੀ` (1946) `ਚ ਹਮੀਦਾ ਨੇ ਬੁਲੋ ਸੀ. ਰਾਨੀ ਦੇ ਸੰਗੀਤ ਵਿਚ 4 ਏਕਲ ਗੀਤ ਤੇ ਇੱਕ ਦੋਗਾਣਾ ਗੀਤ ਮੁਕੇਸ਼ ਨਾਲ ਗਾਇਆ ‘ਜਾ ਪਰਵਾਨੇ ਜਾ ਕਹੀਂ ਸ਼ਮਾ ਜਲ ਰਹੀ ਹੈ` ਜੋ ਵੀਨਾ ਤੇ ਜੈਰਾਜ `ਤੇ ਫਿਲਮਾਇਆ ਗਿਆ। ਇਸੇ ਬੈਨਰ ਦੀ ਹੀ ਫਿਲਮ ‘ਫੁੱਲਵਾੜੀ` (1946) `ਚ ਹੰਸਰਾਜ ਬਹਿਲ ਦੇ ਸੰਗੀਤ `ਚ ਗੁਲੂਕਾਰਾ ਮੋਹਨਤਾਰਾ ਨਾਲ ਹਮੀਦਾ ਨੇ ਮਿਲ ਕੇ ਇੱਕੋ ਗੀਤ ਗਾਇਆ। ਫਿਲਮ ‘ਛੀਨ ਲੇ ਆਜ਼ਾਦੀ` (1947) `ਚ ਹੰਸਰਾਜ ਬਹਿਲ ਦੇ ਸੰਗੀਤ `ਚ ਪੰਡਤ ਇੰਦਰ ਦੇ ਲਿਖੇ 3 ਏਕਲ ਗੀਤਾਂ ਨੂੰ ਆਪਣੇ ਸੁਰ ਪ੍ਰਦਾਨ ਕੀਤੇ। ਫਿਲਮ ‘ਕੌਨ ਹਮਾਰਾ ਹੈ` (1947) `ਚ ਬੁਲੋ ਸੀ. ਰਾਨੀ ਦੇ ਸੰਗੀਤ `ਚ ਹਮੀਦਾ ਨੇ ਪੰਡਤ ਇੰਦਰ ਦੇ ਲਿਖੇ 4 ਗੀਤ ਗਾਏ ਜੋ ਅਦਾਕਾਰਾ ਰੂਪਾ `ਤੇ ਫਿਲਮਾਏ ਗਏ। ਇਸੇ ਬੈਨਰ ਦੀ ਹੀ ਤੈਮੂਰ ਬੈਹਰਾਮਾਸ਼ਾ ਨਿਰਦੇਸ਼ਿਤ ਫਿਲਮ ‘ਲਾਖੋਂ ਮੇਂ ਏਕ` (1947) `ਚ ਹਮੀਦਾ ਨੇ ਹੰਸਰਾਜ ਬਹਿਲ ਦੇ ਸੰਗੀਤ `ਚ ਪੰਡਤ ਇੰਦਰ ਦੇ ਲਿਖੇ 5 ਖੂਬਸੂਰਤ ਏਕਲ ਗੀਤ ਗਾਏ। ਰਣਜੀਤ ਦੀ ਹੀ ਫਿਲਮ ‘ਦੁਨੀਆ ਏਕ ਸਰਾਏ` (1947) `ਚ ਹਮੀਦਾ ਨੇ ਹੰਸ ਰਾਜ ਬਹਿਲ ਦੇ ਸੰਗੀਤ `ਚ ਮੁਕੇਸ਼ ਨਾਲ ਮਿਲ ਕੇ ਇੱਕੋ ਦੋਗਾਣਾ ਗੀਤ ਗਾਇਆ। ਫਿਲਮ ‘ਨੀਲ ਕਮਲ` (1947) `ਚ ਹਮੀਦਾ ਨੇ ਰਸ਼ੀਦ ਅੱਤਰੇ (ਅੰਮ੍ਰਿਤਸਰ) ਦੇ ਸੰਗੀਤ `ਚ ਕੇਦਾਰ ਸ਼ਰਮਾ ਦਾ ਲਿਖਿਆ ਦੋਗਾਣਾ ਗੀਤ ‘ਸੋਚਤਾ ਕਯਾ ਹੈ ਸੁਦਰਸ਼ਨ ਚਲਾਨੇ ਵਾਲੇ` (ਨਾਲ ਮੁਕੇਸ਼) ਅਦਾਕਾਰ ਰਜਿੰਦਰ ਸਿੰਘ ਤੇ ਬਾਲ ਅਦਾਕਾਰ `ਤੇ ਫਿਲਮਾਇਆ ਗਿਆ ਸੀ। ਫਿਲਮ ‘ਪਤੀ ਸੇਵਾ` ਉਰਫ ‘ਔਰਤ ਕਾ ਪਯਾਰ` (1947) `ਚ ਹਮੀਦਾ ਨੇ ਗੁਲਸ਼ਨ ਸੂਫੀ ਦੇ ਸੰਗੀਤ `ਚ ਵਾਹਿਦ ਕੁਰੈਸ਼ੀ ਦੇ ਲਿਖੇ 3 ਏਕਲ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।
ਫਿਲਮ ‘ਧੂਮ ਧਾਮ` (1949) `ਚ ਸੂਫੀ ਸਮਾਜ ਦੇ ਸੰਗੀਤ `ਚ ਉਸ ਨੇ 2 ਗੀਤ ਗਾਏ। ਫਿਲਮ ‘ਸ਼ੋਹਰਤ` (1949) `ਚ ਉਸ ਨੇ ਅਜ਼ੀਜ਼ ਹਿੰਦੀ ਦੇ ਸੰਗੀਤ `ਚ 3 ਗੀਤ, ਜਿਨ੍ਹਾਂ `ਚੋਂ ਇੱਕ ਰੁਮਾਨੀ ਗੀਤ ਮੁਹੰਮਦ ਰਫੀ ਨਾਲ ‘ਲੂਟ ਰਖਾ ਹੈ ਹਸੀਨੋਂ ਨੇ ਜ਼ਮਾਨਾ` ਜੋ ਅਦਾਕਾਰਾ ਸੋਫੀਆ ਤੇ ਜੇਯੰਤ `ਤੇ ਫਿਲਮਾਇਆ ਗਿਆ। ਹਿੰਦੋਸਤਾਨ ਚਿੱਤਰ, ਬੰਬੇ ਦੀ ਫਿਲਮ ‘ਰਿਮਝਿਮ` (1949) `ਚ ਪੰਡਤ ਖੇਮਚੰਦ ਪ੍ਰਕਾਸ਼ ਦੇ ਸੰਗੀਤ `ਚ ਹਮੀਦਾ ਨੇ ਇੱਕ ਗੀਤ ‘ਆਏ ਹੈਂ ਦਿਨ ਸਾਵਨ ਕੇ` (ਨਾਲ ਸ਼ਮਸ਼ਾਦ ਬੇਗ਼ਮ, ਸ਼ਾਂਤੀ) ਗਾਇਆ ਜੋ ਅਦਾਕਾਰਾ ਰਮੋਲਾ ਤੇ ਸਹੇਲੀਆਂ ਉੱਤੇ ਫਿਲਮਾਇਆ ਗਿਆ ਖੂਬਸੂਰਤ ਗੀਤ ਹੈ। ਫਿਲਮ ‘ਤਾਰਾ` (1949) `ਚ ਵਿਨੋਦ ਦੇ ਸੰਗੀਤ `ਚ ਹਜ਼ਰਤ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇੱਕ ਗੀਤ ਹਮੀਦਾ ਨੇ ਗਾਇਆ ‘ਤੇਰੇ ਮਨ ਕੀ ਕਲੀ ਮੁਸਕਾਈ ਜੀ` ਜੋ ਅਦਾਕਾਰਾ ਸ਼ਿਆਮਾ `ਤੇ ਫਿਲਮਾਇਆ ਗਿਆ। ਫਿਲਮ ‘ਜ਼ੇਵਰਾਤ` (1949) `ਚ ਹੰਸ ਰਾਜ ਬਹਿਲ ਦੇ ਸੰਗੀਤ `ਚ ਉਸ ਨੇ ਹਬੀਬ ਸਰਹੱਦੀ ਦਾ ਲਿਖਿਆ ਇੱਕ ਗੀਤ ਸ਼ਾਂਤਾ ਕੁੰਵਰ ਤੇ ਸਾਥਣਾਂ ਨਾਲ ਗਾਇਆ ਸੀ।
ਇਸ ਤੋਂ ਇਲਾਵਾ ਹਮੀਦਾ ਬਾਨੋ ਨੇ ਫਿਲਮ ‘ਸਲਮਾ` (1943), ‘ਰੰਗੀਲੇ ਦੋਸਤ`, ‘ਲੇਡੀ ਡਾਕਟਰ`, ‘ਮੌਜੀ ਜੀਵਨ` (1944), ‘ਬਚਪਨ`, ‘ਰਾਮਾਯਣੀ` (1944), ‘ਮਗਧਰਾਜ`, ‘ਦਰਬਾਨ`, ‘ਇਨਸਾਫ` (1946), ‘ਮਹਿੰਦੀ`, ‘ਦੇਖੋ ਜੀ`, ‘ਪਹਿਲੀ ਪਹਿਚਾਨ` (1947), ‘ਮਾਂਗ`, ‘ਚੋਰ` (1950) ਆਦਿ ਫਿਲਮਾਂ `ਚ ਸ਼ਾਹਕਾਰ ਗੀਤ ਗਾਏ।
ਹਮੀਦਾ ਨੇ ਸਿਰਫ 2 ਭਾਰਤੀ ਪੰਜਾਬੀ ਫਿਲਮਾਂ ਵਿਚ ਨਗ਼ਮਾਸਰਾਈ ਕੀਤੀ। ਪਹਿਲੀ ਜੈਮਿਨੀ ਦੀਵਾਨ ਦੇ ਫਿਲਮਸਾਜ਼ ਅਦਾਰੇ ਜੈਮਿਨੀ ਦੀਵਾਨ ਪ੍ਰੋਡਕਸ਼ਨਜ਼, ਬੰਬੇ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਪੰਜਾਬੀ ਫਿਲਮ ‘ਚਮਨ` (1948), ਜਿਸ ਵਿਚ ਵਿਨੋਦ ਦੇ ਸੰਗੀਤ `ਚ ਹਜ਼ਰਤ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇੱਕ ਗੀਤ ਹਮੀਦਾ ਬਾਨੋ ਨੇ ਗਾਇਆ ‘ਨਿੱਕੀ ਜਿੰਨੀ ਗੱਲੋਂ ਲਾਡੋ ਰਾਣੀ ਰੁੱਸ ਗਈ ਹਾਏ ਮੈਂ ਕੀ ਕਰਾਂ` (ਨਾਲ ਪੁਸ਼ਪਾ ਚੋਪੜਾ, ਪ੍ਰੇਮ ਲਤਾ)। ਇਹ ਫਿਲਮ ਵਿਚ ਅਦਾਕਾਰਾ ਸੁਰੱਈਆ ਚੌਧਰੀ (ਲਾਹੌਰ), ਸ਼ਿਆਮਾ (ਲਾਹੌਰ) ਤੇ ਮੀਨਾ ਰਾਏ (ਰਾਏਵਿੰਡ) `ਤੇ ਫਿਲਮਾਇਆ ਗਿਆ ਬੜਾ ਖੂਬਸੂਰਤ ਗੀਤ ਸੀ। ਪੰਜਾਬ ਵੰਡ ਤੋਂ ਬਾਅਦ ਬੰਬੇ `ਚ ਸੈਂਸਰ ਤੇ ਲਾਹੌਰ ਦੇ ਰਤਨ ਸਿਨਮਾ `ਚ 6 ਅਗਸਤ 1948 ਨੂੰ ਰਿਲੀਜ਼ ਹੋਣ ਵਾਲੀ ਇਹ ਪਹਿਲੀ ਬਲਾਕ ਬਸਟਰ ਪੰਜਾਬੀ ਫਿਲਮ ਸੀ। ਅੰਮ੍ਰਿਤ ਆਰਟ ਪ੍ਰੋਡਕਸ਼ਨਜ਼ ਲਿਮਟਿਡ, ਬੰਬੇ ਦੀ ਮਜ਼ਾਹੀਆ ਪੰਜਾਬੀ ਫਿਲਮ ‘ਫੁੱਮਣ` (1951) `ਚ ਸੰਗੀਤਕਾਰ ਏ. ਆਰ. ਕੁਰੈਸ਼ੀ ਉਰਫ ਅੱਲਾ ਰੱਖਾ ਕੁਰੈਸ਼ੀ ਨੇ ਹਰੀ ਮਲਿਕ ਦਾ ਲਿਖਿਆ ਇੱਕੋ ਗੀਤ ਹਮੀਦਾ ਬਾਨੋ ਕੋਲੋਂ ਗਵਾਇਆ ‘ਊਈ…ਸੁਣ ਕੇ ਤੇਰੀ ਊਈ ਮੇਰਾ ਦਿਲ ਧੜਕ ਗਿਆ…ਵਾਂਗ ਚਿੜੀ ਦੇ ਫੜਕ ਪਿਆ` (ਨਾਲ ਆਸ਼ਾ ਭੌਸਲੇ) ਜੋ ਫਿਲਮ ਵਿਚ ਗੀਤਾ ਬਾਲੀ ਤੇ ਸਹੇਲੀਆਂ `ਤੇ ਫਿਲਮਾਇਆ ਗਿਆ। ਇਹ ਫਿਲਮ 4 ਮਈ 1951 ਨੂੰ ਹਰੀ ਪੈਲੇਸ, ਜਲੰਧਰ ਵਿਖੇ ਨੁਮਾਇਸ਼ ਹੋਈ।
1955 ਵਿਚ ਹਮੀਦਾ ਬਾਨੋ ਬੰਬਈ ਫਿਲਮ ਨਗਰੀ ਨੂੰ ਖੈਰਬਾਦ ਕਹਿ ਕੇ ਲਾਹੌਰ (ਪਾਕਿਸਤਾਨ) ਚਲੀ ਗਈ। ਪਾਕਿਸਤਾਨ ਫਿਲਮ ਸਨਅਤ ਵਿਚ ਉਸ ਨੇ ਗੁੱਡਵਿਲ ਪਿਕਚਰਜ਼, ਲਾਹੌਰ ਦੀ ਮੁਹੰਮਦ ਅਲੀ ਨਿਰਦੇਸ਼ਿਤ ਉਰਦੂ ਫਿਲਮ ‘ਮੁਮਤਾਜ਼` (1958) ਵਿਚ ਸ਼ਹਿਰਯਾਰ ਦੇ ਸੰਗੀਤ `ਚ ਇੱਕ ਗੀਤ ਗਾਇਆ ‘ਸੋਏ ਚਾਂਦ ਤਾਰੇ ਸੋਏ ਸਬ ਨਜ਼ਾਰੇ` ਪਰ ਫਿਲਮ ਵਿਚ ਇਹ ਗੀਤ ਸ਼ਾਮਿਲ ਨਹੀਂ ਕੀਤਾ ਜਦੋਂਕਿ ਰਿਕਾਰਡਾਂ `ਤੇ ਇਹ ਗੀਤ ਹਮੀਦਾ ਦੇ ਨਾਮ ਨਾਲ ਦਰਜ ਹੈ। ਉਪਰੰਤ ਇਹੀ ਗੀਤ ਸ਼ਹਿਰਯਾਰ ਨੇ ਨਸੀਮ ਬੇਗ਼ਮ ਕੋਲੋਂ ਗਵਾ ਕੇ ਫਿਲਮ ਵਿ਼ਚ ਸ਼ਾਮਿਲ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੇ ਕਿਸੇ ਵੀ ਪਾਕਿਸਤਾਨੀ ਫਿਲਮ ਵਿਚ ਗੀਤ ਨਹੀਂ ਗਾਏ। ਉਹ ਰੇਡੀਓ ਸਟੇਸ਼ਨ, ਲਾਹੌਰ ਉੱਤੇ ਕੁਝ ਸਮੇਂ ਤੱਕ ਆਪਣੇ ਗੀਤ ਪੇਸ਼ ਕਰਦੀ ਰਹੀ, ਪਰ ਜੋ ਮਕਬੂਲੀਅਤ ਅਤੇ ਸ਼ੋਹਰਤ ਉਸ ਨੂੰ ਭਾਰਤੀ ਫਿਲਮ ਸਨਅਤ ਵਿਚ ਮਿਲੀ, ਉਹ ਮੁਕਾਮ ਪਾਕਿਸਤਾਨ ਫਿਲਮ ਸਨਅਤ ਵਿਚ ਨਾ ਪਾ ਸਕੀ। ਹਮੀਦਾ ਬਾਨੋ 11 ਸਤੰਬਰ 2007 ਨੂੰ 79 ਸਾਲਾਂ ਦੀ ਉਮਰ `ਚ ਲਾਹੌਰ ‘ਚ ਅਕਾਲ ਚਲਾਣਾ ਕਰ ਗਈ। ਉਸ ਦੇ ਪਰਿਵਾਰ ‘ਚ ਪੁੱਤ ਅਰਸ਼ਦ ਭੱਟੀ (ਰੰਗਮੰਚ ਅਦਾਕਾਰ) ਹੈ ਤੇ ਇੱਕ ਧੀ ਹੈ।