ਕੁਲਵੰਤ ਸਿੰਘ ਵਿਰਕ ਦੀ ਪੰਜਾਬੀ ਤੇ ਪੰਜਾਬੀਅਤ ਨੂੰ ਦੇਣ

ਗੁਲਜ਼ਾਰ ਸਿੰਘ ਸੰਧੂ
ਮਾਤਾ ਸੰੁਦਰੀ ਮਹਿਲਾ ਕਾਲਜ ਨਵੀਂ ਦਿੱਲੀ ਵਲੋਂ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਦੇ ਪ੍ਰਸੰਗ ਵਿਚ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਨੂੰ ਤਿੰਨ ਦਿਨਾ ਕੌਮਾਂਤਰੀ ਕਾਨਫਰੰਸ ਦਾ ਧੁਰਾ ਬਣਾਉਣਾ ਇਕ ਪ੍ਰਮਾਣਿਕ ਯੋਜਨਾ ਸੀ।

ਕਾਨਫਰੰਸ ਦਾ ਆਗਾਜ਼ ਸ੍ਰੀ ਐਨ.ਐਨ. ਵੋਹਰਾ ਦੇ ਉਨ੍ਹਾਂ ਬੋਲਾਂ ਨਾਲ ਹੋਇਆ, ਜਿਨ੍ਹਾਂ ਵਿਚ ਉਨ੍ਹਾਂ ਨੇ ਕੁਲਵੰਤ ਸਿੰਘ ਵਿਰਕ ਵਰਗੇ ਉੱਤਮ ਕਹਾਣੀਕਾਰਾਂ ਦੀਆਂ ਰਚਨਾਵਾਂ ਨੂੰ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਉਲਥਾ ਕੇ ਸੱਤ ਸਮੰੁਦਰ ਪਾਰ ਪੁੱਜਦੀਆਂ ਕਰਨ ਦੀ ਚਾਹਨਾ ਜਤਾਈ। ਆਪਣੀਆਂ ਪਰਿਵਾਰਕ ਜੜ੍ਹਾਂ ਦੇ ਪਾਕਿਸਤਾਨ ਵਿਚ ਹੋਣ ਦਾ ਹਵਾਲਾ ਦਿੰਦਿਆਂ ਸ੍ਰੀ ਵੋਹਰਾ ਨੇ ਸਾਹਿਤਕਾਰਾਂ ਤੇ ਕਲਾਕਾਰਾਂ ਤੋਂ ਆਸ ਰੱਖੀ ਕਿ ਉਹ ਦੋਵਾਂ ਦੇਸ਼ਾਂ ਵਿਚ ਸ਼ਾਂਤੀ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਉਦਘਾਟਨੀ ਸੈਸ਼ਨ ਵਿਚ ਸ੍ਰੀ ਵੋਹਰਾ ਤੋਂ ਬਿਨਾਂ ਵਿਰਕ ਦੀ ਅਮਰੀਕਾ ਵਸਦੀ ਧੀ ਸਵੀਰਾ ਸਿੱਧੂ, ਪਾਕਿਸਤਾਨੀ ਅਦੀਬ ਅਫਜ਼ਲ ਸਾਹਿਰ, ਲਾਹੌਰ ਦੇ ਅਧਿਆਪਕ ਪ੍ਰੋ. ਕਲਿਆਣ ਸਿੰਘ ਕਲਿਆਣ ਤੇ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਸ਼ਿਰਕਤ ਇਸ ਕਾਨਫਰੰਸ ਦੀ ਵਡਿੱਤਣ ਉੱਤੇ ਮੋਹਰ ਲਾਉਂਦੀ ਹੈ।
ਚੇਤੇ ਰਹੇ ਕਿ ਕਾਨਫਰੰਸ ਦੇ ਅੱਧੀ ਦਰਜਨ ਤਕਨੀਕੀ ਸੈਸ਼ਨਾਂ ਦੀ ਸਦਾਰਤ ਬਲਬੀਰ ਮਾਧੋਪੁਰੀ, ਪੰਜਾਬੀ ਭਵਨ ਨਵੀਂ ਦਿੱਲੀ, ਡਾ. ਕ੍ਰਾਂਤੀਪਾਲ ਮੁਸਲਿਮ ਯੂਨੀਵਰਸਟੀ ਅਲੀਗੜ੍ਹ, ਡਾ. ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਟੀ, ਚੰਡੀਗੜ੍ਹ, ਪ੍ਰੋ. ਰਾਵਿੰਦਰ ਸਿੰਘ ਦਿਆਲ ਸਿੰਘ ਕਾਲਜ ਦਿੱਲੀ ਯੂਨੀਵਰਸਟੀ, ਡਾ. ਕੁਲਦੀਪ ਸਿੰਘ ਕੁਰੂਕਸ਼ੇਤਰ ਯੂਨੀਵਰਸਟੀ, ਪ੍ਰੋ. ਅਸਗ਼ਰ ਵਜਾਹਤ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਟੀ, ਪ੍ਰੋ. ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਟੀ, ਇਕਬਾਲ ਕੈਸਰ, ਪੰਜਾਬੀ ਖੋਜ ਘਰ ਕਸੂਰ ਨੇ ਕੀਤੀ। ਸਾਰੇ ਵਿਦਵਾਨਾਂ ਤੇ ਚਿੰਤਕਾਂ ਨੇ ਸੰਤਾਲੀ ਦੀ ਵੰਡ ਨੂੰ ਅਖੰਡ ਹਿੰਦੁਸਤਾਨ ਦੇ ਇਤਿਹਾਸ ਦਾ ਦੁਖਦਾਈ ਕਾਂਡ ਗਰਦਾਨਿਆ ਤੇ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੀਆਂ ਰਚਨਾਵਾਂ ਤੇ ਬੋਲ ਧਰਤੀ ਉੱਤੇ ਪਈਆਂ ਲਕੀਰਾਂ ਨੂੰ ਮਨਾਂ ਤੋਂ ਮੇਟਣ ਵਿਚ ਸਹਾਈ ਹੋਣਗੇ। ਬਲਦੇਵ ਸਿੰਘ ਧਾਲੀਵਾਲ ਦਾ ਭਾਸ਼ਣ ਇਸ ਧਾਰਨਾ ਦੀ ਨੀਂਹ ਰੱਖ ਚੁੱਕਿਆ ਸੀ।
ਪ੍ਰਬੰਧਕਾਂ ਵਲੋਂ ਵਿਚਕਾਰਲੇ ਦਿਨ ਦੀ ਸ਼ਾਮ ਨੂੰ ਕਵੀ ਦਰਬਾਰ ਵੀ ਕੀਤਾ ਗਿਆ, ਜਿਸ ਨੂੰ ‘ਦਰਦ ਵਿਛੋੜੇ ਦਾ’ ਨਾਂ ਦਿੱਤਾ ਗਿਆ। ਇਸ ਦਾ ਮੁੱਖ ਮਹਿਮਾਨ ਪਾਕਿਸਤਾਨ ਦਾ ਮਸ਼ਹੂਰ ਕਵੀ ਬਾਬਾ ਨਜ਼ਮੀ ਸੀ।ਕਵਿਤਾਵਾਂ ਪੇਸ਼ ਕਰਨ ਵਾਲਿਆਂ ਵਿਚ ਸੁਰਜੀਤ ਪਾਤਰ, ਗੁਰਭਜਨ ਗਿੱਲ, ਅਮਰ ਸੂਫੀ, ਗੁਰਦਿਆਲ ਰੌਸ਼ਨ, ਧਰਮ ਕੰਮੇਆਣਾ, ਅਮਨਜੀਤ ਵੜੈਚ, ਬਾਬਾ ਨਜ਼ਮੀ, ਸ਼ਾਹਿਦਾ ਸ਼ਾਹ, ਜੀਅਤ ਸੁਰਜੀਅਤ ਬੈਲਜੀਅਮ, ਇਕਬਾਲ ਕੈਸਰ ਤੇ ਦਰਜਨ ਕੁ ਹੋਰ ਕਵੀ ਸਨ।ਇਨ੍ਹਾਂ ਨੇ ਵੀ ਆਪਣੀਆਂ ਉਹ ਨਜ਼ਮਾਂ, ਗਜ਼ਲਾਂ ਤੇ ਗੀਤ ਪੇਸ਼ ਕੀਤੇ, ਜਿਨ੍ਹਾਂ ਵਿਚ ਦੇਸ਼ ਵੰਡ ਦਾ ਡੰੂਘਾ ਦਰਦ ਸੀ।
ਇਸ ਨਿਵੇਕਲੀ ਕਾਨਫਰੰਸ ਨੇ ਇਹ ਵੀ ਸਿੱਧ ਕੀਤਾ ਕਿ ਕਰੋਨਾ ਵਰਗੀ ਕਰੋਪੀ ਦਾ ਟਾਕਰਾ ਕਰਨ ਲਈ ਮਨੁੱਖੀ ਮਨ ਏਨਾ ਸ਼ਕਤੀਸ਼ਾਲੀ ਹੈ ਕਿ ਹਜ਼ਾਰਾਂ ਕਿਲੋਮੀਟਰਾਂ ਦਾ ਸਫਰ ਕੀਤੇ ਬਿਨਾਂ ਇਕ-ਦੂਜੇ ਨੂੰ ਦੇਖ ਹੀ ਨਹੀਂ ਸਕਦਾ, ਗੱਲਾਂ ਵੀ ਕਰ ਸਕਦਾ ਹੈ। ਵਿਰਕ ਪਰਿਵਾਰ ਦੇ ਬੱਚੇ ਰੁਬੀਨਾ ਵਿਰਕ ਉਰਫ ਮੰਜੂ, ਸਰਬਜੀਤ ਸਿੰਘ ਵਿਰਕ ਉਰਫ ਸਰਬੀ, ਸ਼ਦੀਪ ਭੰਗੂ ਉਰਫ ਦੀਪੀ, ਸਵੀਰਾ ਵਿਰਕ ਸਿੱਧੂ ਉਰਫ ਸਵੀਰਾ ਤੇ ਸੰਦੀਪ ਸਿੰਘ ਵਿਰਕ ਉਰਫ ਰਾਜੂ ਯੂਪੀ, ਕੈਨੇਡਾ, ਯੂ.ਐਸ.ਏ. ਤੇ ਚੰਡੀਗੜ੍ਹ ਬੈਠੇ ਇਕ-ਦੂਜੇ ਨੂੰ ਮਿਲੇ। ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੈਂ ਕਈ ਦਹਾਕਿਆਂ ਪਿੱਛੋਂ ਸਭਨਾਂ ਨੂੰ ਮਿਲਿਆ ਹਾਂ। ਇਸ ਵਿਉਂਤਬੰਦੀ ਲਈ ਮੈਂ ਕਾਲਜ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਤੇ ਕਾਨਫਰੰਸ ਦੇ ਕਨਵੀਨਰ ਵੀਨਾਕਸ਼ੀ ਸ਼ਰਮਾ ਦਾ ਸ਼ੁਕਰਗੁਜ਼ਾਰ ਹਾਂ। ਮਨੁੱਖੀ ਮਨ ਦੀ ਕਾਢ ਅਮਰ ਰਹੇ।
ਮੋਹਨ ਭੰਡਾਰੀ ਦਾ ਤੁਰ ਜਾਣਾ
ਇਹ ਸਬੱਬ ਦੀ ਗੱਲ ਹੈ ਕਿ ਇਨ੍ਹਾਂ ਦਿਨਾਂ ਵਿਚ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਸ ਦੀਆਂ ਕਹਾਣੀਆਂ ਵਿਚ ਵੀ ਵਿਰਕ ਦੀਆਂ ਕਹਾਣੀਆਂ ਵਰਗਾ ਦਮਖਮ ਸੀ। ਵਿਰਕ ਵਾਂਗ ਪ੍ਰਗਤੀਵਾਦੀ ਲਹਿਰਾਂ ਦੀ ਪੈੜ ਨੱਪੇ ਬਿਨਾਂ ਉਸ ਨੇ ਵੀ ਮਨੁੱਖੀ ਮਨ ਤੇ ਮਾਨਵਤਾ ਨੂੰ ਉਜਾਗਰ ਕਰਨ ਵਾਲੀਆਂ ਕਹਾਣੀਆਂ ਲਿਖੀਆਂ ਤੇ ਉੱਤਮਤਾ ਕਮਾਈ।
ਤੇਜਵੰਤ ਗਿੱਲ ਤੇ ਗੁਰਭਜਨ ਗਿੱਲ ਨੂੰ ਟੌਹੜਾ ਪੁਰਸਕਾਰ
ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਵਲੋਂ ਮੇਰੇ ਮਿੱਤਰਾਂ ਗੁਰਭਜਨ ਸਿੰਘ ਤੇ ਤੇਜਵੰਤ ਨੂੰ `ਜਥੇਦਾਰ ਟੌਹੜਾ ਯਾਦਗਾਰੀ ਪੁਰਸਕਾਰ` ਲਈ ਚੁਣਨਾ ਮੇਰੇ ਲਈ ਨਿੱਜੀ ਪ੍ਰਸੰਨਤਾ ਦਾ ਸੋਮਾ ਹੈ। ਇਨ੍ਹਾਂ ਦੋਵਾਂ ਦਾ ਸਿੱਖ ਜੱਟ ਹੋਣਾ ਮੇਰੀ ਜਟਕੀ ਧਾਰਨਾ ਉੱਤੇ ਮੋਹਰ ਲਾਉਂਦਾ ਹੈ।ਇਸ ਸਮਾਗਮ ਵਿਚ ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ ਇਟਰਨਲ ਯੂਨੀਵਰਸਟੀ ਬੜੂ ਸਾਹਿਬ ਤੇ ਪ੍ਰੋ. ਕਰਮਜੀਤ ਸਿੰਘ ਜਗਤ ਗੁਰੂ ਨਾਨਕ ਓਪਨ ਯੂਨੀਵਰਸਟੀ ਦੇ ਵਾਈਸ ਚਾਂਸਲਰਾਂ ਦਾ ਸ਼ਾਮਲ ਹੋਣਾ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਸੋਚ ਅਤੇ ਦੇਣ ਉੱਤੇ ਫੁੱਲ ਚੜ੍ਹਾਉਣਾ ਸੀ। ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਤੇ ਸਕੱਤਰ ਜਨਰਲ ਕਰਨਲ ਜਸਮੇਰ ਸਿੰਘ ਬਾਲਾ ਇਸ ਢੁਕਵੀਂ ਚੋਣ ਲਈ ਧੰਨਵਾਦ ਦੇ ਪਾਤਰ ਹਨ। ਇਸ ਮੌਕੇ ਜਿਹੜੀਆਂ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ, ਉਨ੍ਹਾਂ ਵਿਚੋਂ ਇਕ ਦਾ ਵਿਸ਼ਾ-ਵਸਤੂ `ਸਿੱਖ ਨੈਸ਼ਨਲ ਕਾਲਜ ਲਾਹੌਰ ਦੀ ਸਥਾਪਨਾ ਤੇ ਵਿਕਾਸ` ਹੈ, ਜਿਹੜਾ ਪੰਜਾਬੀ ਪਿਆਰਿਆਂ ਨੂੰ ਉਸ ਲਾਹੌਰ ਦਾ ਚੇਤਾ ਕਰਾਉਂਦਾ ਹੈ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਜਿਸ ਨੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ। ਛੋਟਾ ਸਮਾਗਮ ਵੱਡੀਆਂ ਗੱਲਾਂ। ਸਿੱਖ ਐਜੂਕੇਸ਼ਨਲ ਸੁਸਾਇਟੀ ਜ਼ਿੰਦਾਬਾਦ!
ਪੇਂਡੂ ਪੰਜਾਬੀਆਂ ਦੇ ਨਾਨਕੇ-ਦਾਦਕੇ
ਆਮ ਤੌਰ `ਤੇ ਸ਼ਹਿਰੀ ਪੰਜਾਬਣਾਂ ਦੇ ਬੱਚੇ ਹਸਪਤਾਲਾਂ ਵਿਚ ਜਨਮ ਲੈਂਦੇ ਹਨ ਤੇ ਪੇਂਡੂ ਪੰਜਾਬਣਾਂ ਦੇ ਆਪਣੇ ਨਾਨਕੇ ਘਰ। ਖਾਸ ਕਰਕੇ ਏਸ ਲਈ ਕਿ ਪੇਂਡੂ ਕੁੜੀ ਆਪਣੇ ਸਹੁਰੇ ਘਰ ਨਾਲੋਂ ਆਪਣੀ ਮਾਂ ਕੋਲ ਵਧੇਰੇ ਸੁਰੱਖਿਅਤ ਮਹਿਸੂਸ ਕਰਦੀ ਹੈ। ਨਾਨਕਿਆਂ ਨਾਲ ਚਲੇ ਆ ਰਹੇ ਮੋਹ ਦਾ ਸਬੂਤ ਉਜਾਗਰ ਸਿੰਘ ਰਚਿਤ ਸੱਜਰੀ ਪੁਸਤਕ ‘ਵਰਿਆਮ ਸਿੰਘ ਸੇਖੋਂ: ਪੁਸਤਕਾਂ ਤੇ ਪਤਵੰਤੇ’ ਹੈ, ਜਿਹੜੀ ਦਲਜੀਤ ਸਿੰਘ ਭੰਗੂ ਨੇ ਆਪਣੇ ਨਾਨਕਿਆਂ ਬਾਰੇ ਲਿਖਵਾਈ ਹੈ। ਇਹ ਦੱਸਦੀ ਹੈ ਕਿ ਦਲਜੀਤ ਦੇ ਨਾਨੇ ਵਰਿਆਮ ਸਿੰਘ ਸੇਖੋਂ ਤੇ ਨਾਨੀ ਗੁਲਾਬ ਕੌਰ ਨੇ ਮੁੱਲਾਂਪੁਰ ਦਾਖਾ ਪਿੰਡ ਦੇ ਅੱਡੇ ਦੀ ਉਸਾਰੀ ਤੇ ਵਿਕਾਸ ਵਿਚ ਅਜਿਹਾ ਯੋਗਦਾਨ ਪਾਇਆ ਕਿ ਅੱਜ ਦੇ ਦਿਨ ਇਹ ਨਗਰ ਦਾ ਰੂਪ ਧਾਰ ਚੁੱਕਿਆ ਹੈ। ਅੱਜ-ਕੱਲ੍ਹ ਰਾਤ ਵੇਲੇ ਜਗ-ਮਗ ਕਰਦੀ ਰੋਸ਼ਨੀ ਵਿਚ ਇਸ ਦਾ ਜਲਵਾ ਵੇਖਣ ਵਾਲਾ ਹੰੁਦਾ ਹੈ। ਵਰਿਆਮ ਸਿੰਘ ਨੇ ਉਥੇ ਇੱਟਾਂ ਦੇ ਅੱਠ ਭੱਠੇ ਲਗਵਾਏ, ਜਿਨ੍ਹਾਂ ਦੇ ਪਿੰਡ ਵਾਲਿਆਂ ਦੇ ਘਰ ਕੱਚੇ ਤੋਂ ਪੱਕੇ ਹੋਏ ਤੇ ਪਿੰਡ ਵਾਸੀਆਂ ਨੂੰ ਰੁਜ਼ਗਾਰ ਮਿਲਿਆ। ਪਿਛਲੀ ਸਦੀ ਦੇ ਪੰਜਵੇਂ ਦਹਾਕੇ ਵਿਚ ਪਿੰਡ ਦੀਆਂ ਕੁੜੀਆਂ ਨੂੰ ਸਿਧਵਾਂ ਦੇ ਕਾਲਜ ਭੇਜਣ ਲਈ ਮੁਫਤ ਬੱਸ ਸੇਵਾ ਪ੍ਰਦਾਨ ਕਰਨੀ ਵੀ ਉਨ੍ਹਾਂ ਦੀ ਜੁਗਤ ਸੀ, ਜਿਸ ਸਦਕਾ ਸੈਂਕੜੇ ਕੁੜੀਆਂ ਚੰਗੀ ਵਿਦਿਆ ਦੇ ਯੋਗ ਹੋਈਆਂ। ਇਕੱਲੇ ਵਰਿਆਮ ਸਿੰਘ ਦੇ ਪਰਿਵਾਰ ਵਿਚੋਂ 21 ਨੂੰਹਾਂ-ਧੀਆਂ ਨੇ ਵਿਦਿਆ ਗ੍ਰਹਿਣ ਕੀਤੀ ਤੇ ਵਧੀਆ ਕਾਰੋਬਾਰਾਂ ਦੁਆਰਾ ਨਾਮਣਾ ਖੱਟਿਆ।
ਮੇਰਾ ਆਪਣਾ ਜਨਮ ਮੇਰੇ ਨਾਨਕੇ ਘਰ ਹੋਇਆ, ਜਿਹੜਾ ਦਲਜੀਤ ਸਿੰਘ ਦਾ ਦਾਦਕਾ ਪਿੰਡ ਹੈ। ਮੈਂ ਜਾਣਦਾ ਹਾਂ ਕਿ ਜੇ ਮੇਰੇ ਨਾਨਕਿਆਂ ਤੋਂ ਪੜ੍ਹਨ ਦੀ ਸੁਵਿਧਾ ਨਾ ਮਿਲਦੀ ਤਾਂ ਮੈਂ ਹਲ-ਵਾਹਕ ਹੋ ਕੇ ਰਹਿ ਜਾਣਾ ਸੀ। ਦਲਜੀਤ ਦਾ ਕਜ਼ਨ ਹੋਣ ਦੇ ਨਾਤੇ ਮੈਨੂੰ ਇਸ ਪੁਸਤਕ ਦੇ ਲੋਕ ਅਰਪਣ ਸਮਾਗਮ ਵਿਚ ਸ਼ਿਰਕਤ ਕਰਨ ਦਾ ਸੁਭਾਗ ਵੀ ਮਿਲਿਆ। ਉਸ ਖੇਤਰ ਵਿਚ ਦਲਜੀਤ ਦੇ ਨਾਨਾ ਵਰਿਆਮ ਸਿੰਘ ਸੇਖੋਂ ਦੀ ਆਭਾ ਏਨੀ ਹੈ ਕਿ ਇਸ ਸਮਾਗਮ ਵਿਚ ਪੰਜਾਬ ਦੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਹੀ ਨਹੀਂ, ਵਰਤਮਾਨ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ, ਗਰਭਜਨ ਗਿੱਲ ਤੇ ਉਜਾਗਰ ਸਿੰਘ ਵਰਗੇ ਜਾਣੇ-ਪਛਾਣੇ ਅਨੇਕਾਂ ਸੱਜਣਾਂ ਨੇ ਹਾਜ਼ਰੀ ਭਰੀ। ਸਮਾਗਮ ਦਾ ਤੋੜਾ ਏਸ ਗੱਲ ਉੱਤੇ ਟੁੱਟਿਆ ਕਿ ਵਰਿਆਮ ਸਿੰਘ ਵਰਗੇ ਸੰਗਠਿਤ ਪਰਿਵਾਰਾਂ ਬਾਰੇ ਦਸਤਾਵੇਜ਼ੀ ਰਚਨਾਵਾਂ ਤਿਆਰ ਕਰ ਕੇ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਾਈਆਂ ਜਾਣ ਤਾਂ ਇਸ ਨਾਲ ਖਿੱਲਰ ਰਹੇ ਸਮਾਜਿਕ ਤਾਣੇ-ਬਾਣੇ ਨੂੰ ਜੋੜੀ ਰੱਖਣ ਵਿਚ ਸਹਾਇਤਾ ਮਿਲ ਸਕਦੀ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪਰਿਵਾਰ ਦੇ ਦੋਹਤਰੇ ਨੇ ਨਾਨਕਿਆਂ ਦੀ ਦੇਣ ਨੂੰ ਉਜਾਗਰ ਕੀਤਾ ਹੈ। ਪੇਂਡੂ ਪੰਜਾਬੀਆਂ ਦੇ ਮਨਾਂ ਵਿਚ ਨਾਨਕਿਆਂ ਦਾ ਮੋਹ ਉਨ੍ਹਾਂ ਦੇ ਅਸਲੀ ਪੰਜਾਬੀ ਹੋਣ ਉੱਤੇ ਮੋਹਰ ਲਾਉਂਦਾ ਹੈ। ਪੇਂਡੂ ਨਾਨਕੇ ਜ਼ਿੰਦਾਬਾਦ!
ਅੰਤਿਕਾ
ਜਤਿੰਦਰ ਲਸਾੜਾ
ਯਾਦਾਂ ਦੇ ਪਰਛਾਵੇਂ ਰੁੱਤਾਂ ਢਲ ਗਈਆਂ,
ਕਿੰਨੀਆਂ ਰੁੱਤਾਂ ਆ ਕੇ ਰੰਗ ਬਦਲ ਗਈਆਂ।