ਭਾਜਪਾ ਤੋਂ ਸੱਟ ਖਾਧੀ ਅਕਾਲੀ ਦਲ (ਬਾਦਲ) ਨੇ, ਪਰ ਹਾਲਾਤ ਕਿਸ ਨੇ ਬਣਾਏ ਸਨ!

ਜਤਿੰਦਰ ਪਨੂੰ
ਅਗਲੇ ਸਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਸਰਪੱਟ ਦੌੜਾਂ ਲਾ ਰਹੇ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਵਾਲੇ ਪ੍ਰਮੁੱਖ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਦਲਬਦਲੀ ਕਰਨ ਅਤੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਵੱਡਾ ਝਟਕਾ ਲੱਗਾ ਹੈ।

ਮਨਜਿੰਦਰ ਸਿੰਘ ਸਿਰਸਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ, ਪਰ ਬੀਤੇ ਅਗਸਤ ਮਹੀਨੇ ਹੋਈਆਂ ਚੋਣਾਂ ਵਿਚ ਪਾਰਟੀ ਜਿੱਤ ਗਈ, ਸਿਰਸਾ ਆਪਣੇ ਵਾਲੀ ਸੀਟ ਤੋਂ ਹਾਰ ਗਿਆ ਸੀ।
ਬਾਅਦ ਵਿਚ ਉਹ ਕਈ ਕੇਸਾਂ ਵਿਚ ਉਲਝਦਾ ਗਿਆ ਅਤੇ ਇਕ ਦਿਨ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ। ਦਿੱਲੀ ਗੁਰਦੁਆਰਾ ਕਮੇਟੀ ਦੀ ਨਵੀਂ ਟੀਮ ਕਾਨੂੰਨੀ ਤੌਰ ਉੱਤੇ ਹਾਲੇ ਬਣੀ ਨਹੀਂ ਸੀ ਤੇ ਸਿਰਸਾ ਉਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਸੀ। ਜਾਣ ਲੱਗਾ ਉਹ ਇਸ ਅਹੁਦੇ ਤੋਂ ਅਸਤੀਫਾ ਦੇ ਗਿਆ ਤੇ ਭਾਜਪਾ ਲੀਡਰਾਂ ਦੀ ਬੁੱਕਲ ਵਿਚ ਖੜੋ ਕੇ ਉਸ ਨੇ ਕਹਿ ਦਿੱਤਾ ਕਿ ਉਹ ਸਾਰੇ ਭਾਰਤ ਵਿਚਲੇ ਸਿੱਖਾਂ ਦੇ ਹਿੱਤਾਂ ਵਾਸਤੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿਚ ਆਇਆ ਹੈ। ਅਕਾਲੀ ਲੀਡਰਸਿ਼ਪ ਨੇ ਇਸ ਤੋਂ ਉਲਟ ਸਟੈਂਡ ਲੈ ਲਿਆ। ਪਹਿਲਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਹ ਕਿਹਾ ਕਿ ਸਿਰਸਾ ਨੂੰ ਕੇਸਾਂ ਵਿਚ ਗ੍ਰਿਫਤਾਰ ਕਰਨ ਦਾ ਡਰਾਵਾ ਦੇ ਕੇ ਭਾਜਪਾ ਨੇ ਆਪਣੇ ਵੱਲ ਖਿੱਚਿਆ ਹੈ। ਫਿਰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਤੋਂ ਕਹਾਇਆ ਕਿ ਜਿੱਦਾਂ ਮੁਗਲ ਬਾਦਸ਼ਾਹ ਧਰਮ ਬਦਲੀ ਜਾਂ ਮੌਤ ਵਿਚੋਂ ਇੱਕ ਪਾਸਾ ਚੁਣਨ ਨੂੰ ਆਖਦੇ ਸਨ, ਕੇਂਦਰ ਸਰਕਾਰ ਨੇ ਸਿਰਸੇ ਨੂੰ ਜੇਲ੍ਹ ਜਾਂ ਭਾਜਪਾ ਵਿਚੋਂ ਇੱਕ ਦੀ ਚੋਣ ਕਰਨ ਲਈ ਕਹਿ ਕੇ ਦਲਬਦਲੀ ਕਰਵਾਈ ਹੈ। ਜਥੇਦਾਰ ਨੇ ਇਹ ਵੀ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਉਸ ਨੂੰ ਫੋਨ ਉੱਤੇ ਅਗੇਤਾ ਹੀ ਦੱਸ ਦਿੱਤਾ ਸੀ ਕਿ ਕੇਂਦਰ ਸਰਕਾਰ ਆਹ ਦਬਾਅ ਪਾ ਰਹੀ ਹੈ।
ਸਾਰਿਆਂ ਤੋਂ ਪਿੱਛੋਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੋਲਿਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਦੋ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਭਾਜਪਾ ਜੇਲ੍ਹ ਜਾਣ ਦਾ ਡਰਾਵਾ ਦੇ ਕੇ ਆਪਣੇ ਨਾਲ ਆਉਣ ਨੂੰ ਕਹਿੰਦੀ ਹੈ ਤੇ ਇਸ ਬਾਰੇ ਵ੍ਹਟਸਐਪ ਮੈਸੇਜ ਵੀ ਕਰ ਦਿੱਤਾ ਸੀ। ਜੇ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਸਹੀ ਹੈ ਤਾਂ ਮਨਜਿੰਦਰ ਸਿੰਘ ਸਿਰਸਾ ਦੀ ਸਾਰੇ ਦੇਸ਼ ਦੇ ਸਿੱਖਾਂ ਦੇ ਭਲੇ ਲਈ ਦਲਬਦਲੀ ਦੀ ਗੱਲ ਕੱਟਣ ਲਈ ਉਸ ਨੂੰ ਸਿਰਸੇ ਦਾ ਵ੍ਹਟਸਐਪ ਮੈਸੇਜ ਲੋਕਾਂ ਨੂੰ ਦਿਖਾ ਦੇਣਾ ਚਾਹੀਦਾ ਸੀ। ਉਸ ਨੇ ਇਹ ਕੰਮ ਨਹੀਂ ਕੀਤਾ। ਇਸ ਦੀ ਥਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਉਂਕਿ ਕਿਸਾਨ ਅੰਦੋਲਨ ਵਿਚ ਪੰਜਾਬ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ, ਭਾਜਪਾ ਲੀਡਰਸਿ਼ਪ ਉਸੇ ਕੌੜ ਕਾਰਨ ਸਿੱਖਾਂ ਦੀ ਸੰਸਥਾ ਅਕਾਲੀ ਦਲ ਨੂੰ ਖਤਮ ਕਰਨ ਤੇ ਦਿੱਲੀ ਦੇ ਗੁਰਦੁਆਰਿਆਂ ਉੱਤੇ ਕਬਜ਼ਾ ਕਰਨ ਦੀ ਸਾਜਿ਼ਸ਼ ਕਰ ਰਹੀ ਹੈ। ਉਸ ਦਾ ਕਹਿਣ ਦਾ ਢੰਗ ਏਦਾਂ ਦਾ ਹੈ, ਜਿਵੇਂ ਭਾਜਪਾ ਨਾਲ ਬੜੀ ਕੌੜ ਰੱਖੀ ਬੈਠਾ ਹੋਵੇ ਤੇ ਭਾਵੇਂ ਇਹ ਵੀ ਕਹਿੰਦਾ ਹੈ ਕਿ ਅਕਾਲੀ ਦਲ ਇਨ੍ਹਾਂ ਸਾਜਿ਼ਸ਼ਾਂ ਤੋਂ ਘਬਰਾਉਣ ਵਾਲਾ ਨਹੀਂ, ਪਰ ਨਾਲ ਹੀ ਇਹ ਗੱਲ ਵੀ ਕਹੀ ਜਾਂਦਾ ਹੈ ਕਿ ਭਾਜਪਾ ਸਾਡੇ ਦਿੱਲੀ ਦੇ ਆਗੂਆਂ ਨੂੰ ਤੋੜਨ ਲਈ ਕੇਂਦਰ ਦੀਆਂ ਜਾਂਚ ਏਜੰਸੀਆਂ ਵੀ ਵਰਤਣ ਲੱਗ ਪਈ ਹੈ।
ਕਿਸੇ ਵੀ ਸੂਬੇ ਦੀ ਚੋਣ ਵਿਚ ਭਾਜਪਾ ਜਿਸ ਤਰ੍ਹਾਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ, ਲੋਕ ਪੱਛਮੀ ਬੰਗਾਲ ਵਿਚ ਉਸ ਦੀ ਵੱਡੀ ਵੰਨਗੀ ਵੇਖ ਚੁੱਕੇ ਹਨ। ਭਾਜਪਾ ਪੰਜਾਬ ਵਿਚ ਵੀ ਇਹੋ ਕਰਨਾ ਚਾਹੇਗੀ। ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਗੱਲ ਮੰਨਣੀ ਮੁਸ਼ਕਲ ਜਾਪਦੀ ਹੈ, ਉਹ ਇਹ ਹੈ ਕਿ ਜਿਹੜੇ ਦਿੱਲੀ ਦੇ ਆਗੂ ਇਨ੍ਹਾਂ ਨੂੰ ਆਪਣੇ ਪੱਕੇ ਸਾਥੀ ਲੱਗਦੇ ਹਨ, ਉਹ ਭਾਜਪਾ ਦੇ ਨਿਸ਼ਾਨ ਉੱਤੇ ਚੋਣਾਂ ਲੜ ਚੁੱਕੇ ਹੋਣ ਕਾਰਨ ਪਹਿਲਾਂ ਹੀ ਉਨ੍ਹਾਂ ਦੇ ਸੰਪਰਕ ਵਿਚ ਸਨ। ਮਨਜਿੰਦਰ ਸਿੰਘ ਸਿਰਸਾ ਨੂੰ ਸਿਆਸੀ ਆਗੂ ਵਜੋਂ ਜਦੋਂ ਲੋਕ ਜਾਣਦੇ ਨਹੀਂ ਸਨ, ਓਦੋਂ ਉਸ ਨੇ ਦਿੱਲੀ ਅਸੈਂਬਲੀ ਦੇ ਜੰਗਪੁਰਾ ਹਲਕੇ ਤੋਂ ਸਾਲ 2008 ਵਿਚ ਭਾਜਪਾ ਦੇ ਨਿਸ਼ਾਨ ਕਮਲ ਦੇ ਫੁੱਲ ਨਾਲ ਚੋਣ ਲੜੀ ਤੇ ਕਾਂਗਰਸ ਪਾਰਟੀ ਦੇ ਤਰਵਿੰਦਰ ਸਿੰਘ ਮਰਵਾਹਾ ਤੋਂ ਹਾਰਿਆ ਸੀ। ਫਿਰ ਸਾਲ 2012 ਵਿਚ ਉਸ ਦੀ ਪਤਨੀ ਸਤਵਿੰਦਰ ਕੌਰ ਸਿਰਸਾ ਦੱਖਣੀ ਦਿੱਲੀ ਨਗਰ ਨਿਗਮ ਦੇ ਪੰਜਾਬੀ ਬਾਗ ਵਾਰਡ ਤੋਂ ਭਾਜਪਾ ਦੇ ਹੀ ਚੋਣ ਨਿਸ਼ਾਨ ਨਾਲ ਚੋਣ ਲੜੀ ਤੇ ਜਿੱਤੀ ਸੀ। ਬਾਅਦ ਵਿਚ ਉਹ ਅਕਾਲੀ ਦਲ ਵਿਚ ਆਇਆ ਅਤੇ ਰਾਕੇਟ ਵਾਂਗ ਚੜ੍ਹਦਾ ਹੋਇਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰਨ ਤਕ ਵੀ ਪਹੁੰਚ ਗਿਆ ਸੀ। ਇਸ ਦੌਰਾਨ ਸਾਲ 2017 ਵਿਚ ਜਰਨੈਲ ਸਿੰਘ ਵੱਲੋਂ ਵਿਹਲੀ ਕੀਤੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਉਪ ਚੋਣ ਲੜਨ ਲਈ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਲਾਹ ਨਾਲ ਭਾਜਪਾ ਦੇ ਚੋਣ ਨਿਸ਼ਾਨ ਵਾਲਾ ਉਮੀਦਵਾਰ ਬਣਿਆ ਤੇ ਜਿੱਤਿਆ ਸੀ। ਅੱਜ ਵਾਲੀਆਂ ਗੱਲਾਂ ਛੋਟੇ ਬਾਦਲ ਨੂੰ ਉਦੋਂ ਸੋਚਣੀਆਂ ਚਾਹੀਦੀਆਂ ਸਨ ਕਿ ਇਹ ਬੰਦਾ ਭਾਜਪਾ ਵੱਲ ਨੂੰ ਛੜੱਪਾ ਵੀ ਮਾਰ ਸਕਦਾ ਹੈ।
ਮਨਜਿੰਦਰ ਸਿੰਘ ਸਿਰਸਾ ਦੀ ਦਲਬਦਲੀ ਦੇ ਬਾਅਦ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਹੈ ਅਤੇ ਉਸ ਦੇ ਕਹਿਣ ਉੱਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਹਿ ਦਿੱਤਾ ਹੈ ਕਿ ਭਾਜਪਾ ਸਿੱਖਾਂ ਦੇ ਧਾਰਮਿਕ ਅਸਥਾਨਾਂ ਉੱਤੇ ਕਬਜ਼ੇ ਕਰਨ ਲਈ ਯਤਨ ਕਰ ਰਹੀ ਹੈ। ਜਦੋਂ ਭਾਜਪਾ ਵੱਲੋਂ ਵਾਰ-ਵਾਰ ਚੋਣਾਂ ਲੜ ਚੁੱਕੇ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਿੱਤੀ ਸੀ, ਭਾਜਪਾ ਦਾ ਪੈਰ-ਧਰਾਵਾ ਤਾਂ ਉਦੋਂ ਹੀ ਹੋ ਗਿਆ ਸੀ। ਸਿਰਸਾ ਦੇ ਜਾਣ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟੇਕ ਹਰਮੀਤ ਸਿੰਘ ਕਾਲਕਾ ਉੱਤੇ ਹੈ, ਪਰ ਉਹ ਵੀ 2015 ਵਿਚ ਵਿਧਾਨ ਸਭਾ ਲਈ ਕਾਲਕਾਜੀ ਹਲਕੇ ਤੋਂ ਭਾਜਪਾ ਟਿਕਟ ਉੱਤੇ ਚੋਣ ਲੜ ਚੁੱਕਾ ਹੈ। ਇੱਕ ਜਣਾ ਭਾਜਪਾ ਵਿਚ ਹੈ, ਉਸ ਪਿੱਛੋਂ ਫਿਰ ਉਹ ਹਰਮੀਤ ਸਿੰਘ ਕਾਲਕਾ ਅਕਾਲੀ ਆਗੂ ਵਜੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਵੱਡਾ ਪ੍ਰਬੰਧਕ ਹੈ, ਜਿਹੜਾ ਚੋਣਾਂ ਵਿਚ ਭਾਜਪਾ ਉਮੀਦਵਾਰ ਬਣਦਾ ਰਿਹਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਾਦਲ ਅਕਾਲੀ ਦਲ ਦੇ ਮੈਂਬਰਾਂ ਵਿਚੋਂ ਸਾਡੀ ਜਾਣਕਾਰੀ ਮੁਤਾਬਕ ਅੱਜ ਵੀ ਚਾਰ ਜਣੇ ਉਹ ਹਨ, ਜਿਹੜੇ ਉਥੇ ਤਾਂ ਅਕਾਲੀ ਦਲ ਦੇ ਆਗੂ ਹਨ ਅਤੇ ਦਿੱਲੀ ਨਗਰ ਨਿਗਮ ਵਿਚ ਭਾਜਪਾ ਦੇ ਕੌਂਸਲਰ ਹਨ। ਸੰਸਾਰ ਦੇ ਸਿੱਖਾਂ ਦੀ ਸ਼ਰਧਾ ਵਾਲੇ ਧਾਰਮਿਕ ਸਥਾਨਾਂ ਵਿਚ ਸਭ ਤੋਂ ਪਹਿਲਾ ਨਾਂ ਪੰਜ ਤਖਤ ਸਾਹਿਬਾਨ ਦਾ ਹੁੰਦਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿਚ ਦਸਵੇਂ ਗੁਰੂ ਸਾਹਿਬ ਦੇ ਜਨਮ ਸਥਾਨ ਵਾਲੇ ਤਖਤ ਸਾਹਿਬ ਦਾ ਪ੍ਰਧਾਨ ਅੱਜ-ਕੱਲ੍ਹ ਅਵਤਾਰ ਸਿੰਘ ਹਿੱਤ ਹੈ। ਉਸ ਨੂੰ ਵੀ ਇਹ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਰਿਕਾਰਡ ਹੋਰ ਫੋਲਿਆ ਜਾਵੇ ਤਾਂ ਅਵਤਾਰ ਸਿੰਘ ਹਿੱਤ ਵੀ ਸਾਲ 2015 ਵਿਚ ਹਰੀ ਨਗਰ ਹਲਕੇ ਤੋਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ `ਤੇ ਚੋਣ ਲੜ ਅਤੇ ਹਾਰ ਚੁੱਕਾ ਹੈ। ਕਹਿਣ ਨੂੰ ਉਹ ਵੀ ਅਕਾਲੀ ਦਲ ਦਾ ਆਗੂ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਹੈ, ਪਰ ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਉਹ ਭਾਜਪਾ ਆਗੂ ਹੈ।
ਹੈਰਾਨੀ ਇਸ ਗੱਲ ਦੀ ਨਹੀਂ ਕਿ ਅਕਾਲੀ ਦਲ ਬਾਦਲ ਦੇ ਆਗੂ ਵਾਰੀ-ਵਾਰ ਇਸ ਨੂੰ ਛੱਡ ਕੇ ਭਾਜਪਾ ਵੱਲ ਤੁਰੇ ਜਾਂਦੇ ਹਨ, ਸਗੋਂ ਇਸ ਗੱਲ ਕਰਕੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨੂੰ ਆਪਣੇ ਮੰਨੀ ਜਾਂਦਾ ਹੈ। ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਸ਼ ਲਾਉਂਦਾ ਹੈ ਕਿ ਭਾਜਪਾ ਸਿੱਖ ਧਰਮ ਅਸਥਾਨਾਂ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ, ਪਰ ਸੱਚਾਈ ਇਹ ਹੈ ਕਿ ਭਾਜਪਾ ਉਮੀਦਵਾਰ ਬਣ ਚੁੱਕੇ ਬੰਦਿਆਂ ਨੂੰ ਆਪਣੇ ਬੰਦੇ ਮੰਨ ਕੇ ਦਿੱਲੀ ਤੋਂ ਪਟਨਾ ਸਾਹਿਬ ਤਕ ਉਨ੍ਹਾਂ ਦਾ ਕਬਜ਼ਾ ਬਾਦਲ ਦਲ ਖੁਦ ਕਰਵਾ ਚੁੱਕਾ ਹੈ। ਸਾਰਾ ਕੁਝ ਭਾਜਪਾ ਦੀ ਝੋਲੀ ਖੁਦ ਪਾਉਣ ਮਗਰੋਂ ਅਜਿਹੀ ਚਿੰਤਾ ਦਾ ਕੋਈ ਫਾਇਦਾ ਨਹੀਂ ਹੋਣਾ ਤੇ ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਰਪੱਟ ਦੌੜਾਂ ਲਾਉਣ ਦਾ ਭਰਮ ਪਾਉਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਸੱਚਾਈ ਮੰਨਣੀ ਔਖੀ ਹੋ ਰਹੀ ਹੈ ਕਿ ਉਸ ਦੀਆਂ ਤਿਕੜਮਾਂ ਪੁੱਠੀਆਂ ਪਈਆਂ ਹਨ। ਏਨੀ ਵੱਡੀ ਸੱਟ ਖਾਣ ਪਿੱਛੋਂ ਆਮ ਆਦਮੀ ਇਹ ਸੋਚਣ ਦੀ ਕੋਸਿ਼ਸ਼ ਕਰਦਾ ਹੈ ਕਿ ਉਸ ਤੋਂ ਗਲਤੀ ਕਿੱਥੇ ਰਹੀ ਹੈ ਤੇ ਅੱਗੇ ਤੋਂ ਬਚਣ ਦਾ ਯਤਨ ਕਰਦਾ ਹੈ, ਪਰ ਸੁਖਬੀਰ ਸਿੰਘ ਬਾਦਲ ਇਹ ਵੀ ਕਰਨ ਨੂੰ ਤਿਆਰ ਨਹੀਂ। ਇਸ ਦਾ ਅਸਰ ਸ਼ਾਇਦ ਉਸ ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣ ਦੌਰਾਨ ਦਿਸੇਗਾ।