ਬਦਲਦੇ ਰਿਸ਼ਤੇ

ਸੁਰਿੰਦਰ ਗੀਤ
403-605-3734
ਚਾਰ ਸਾਲ ਹੋ ਗਏ ਸਨ ਬਿੱਕਰ ਸਿੰਘ ਦੀ ਪਤਨੀ ਕਰਤਾਰੋ ਨੂੰ ਇਸ ਸੰਸਾਰ ਤੋਂ ਗਿਆਂ। ਉਹਦੇ ਨਾਲ ਹੀ ਬਿੱਕਰ ਸਿੰਘ ਦੇ ਘਰ ਦੀ ਰੌਣਕ ਚਲੀ ਗਈ।
ਕੈਂਸਰ ਦੀ ਨਾਮੁਰਾਦ ਬਿਮਾਰੀ ਕੀ ਆਈ, ਕਰਤਾਰੋ ਨੂੰ ਆਪਣੇ ਨਾਲ ਹੀ ਲੈ ਗਈ। ਘਰ ਖਾਲੀ ਹੋ ਗਿਆ।

ਕਈ ਹਾੜੀਆਂ-ਸਾਉਣੀਆਂ ਇਸ ਚੰਦਰੇ ਰੋਗ ਦੇ ਲੇਖੇ ਲੱਗ ਗਈਆਂ। ਮਹਿੰਗੇ ਤੋਂ ਮਹਿੰਗਾ ਇਲਾਜ ਵੀ ਕਰਤਾਰ ਕੌਰ ਨੂੰ ਬਚਾ ਨਾ ਸਕਿਆ। ਬਿੱਕਰ ਸਿੰਘ ਨੂੰ ਕਰਤਾਰ ਕੌਰ ਦੀ ਬਿਮਾਰੀ ਦੀ ਮਾਰ ਤਾਂ ਪਈ ਪਰ ਚੰਗੀ ਮੋਟੀ ਢੇਰੀ ਹੋਣ ਕਰਕੇ ਲੋਕਾਂ `ਚ ਦਬਦਬਾ ਬਣਿਆ ਰਿਹਾ। ਬਹੁਤ ਘੱਟ ਲੋਕਾਂ ਨੂੰ ਉਸ ਦੀ ਅੰਦਰੂਨੀ ਹਾਲਤ ਦਾ ਪਤਾ ਸੀ। ਜੱਟ ਦੇ ਪੰਦਰਾਂ-ਵੀਹ ਕਿੱਲੇ, ਕਿਵੇਂ ਉਸ ਨੂੰ ਲੋਕਾਂ ਵਿਚ ਸਿਰ ਨੀਵਾਂ ਕਰ ਕੇ ਤੁਰਨ ਦਿੰਦੇ!
ਇਹ ਵੀ ਚੰਗਾ ਹੋਇਆ ਕਿ ਕਰਤਾਰ ਕੌਰ ਦੇ ਜਿਊਂਦੇ-ਜੀਅ ਉਨ੍ਹਾਂ ਦੀ ਬੇਟੀ ਹਰਪਾਲ ਨੂੰ ਕੈਨੇਡਾ ਵਾਲਾ ਮੁੰਡਾ ਮਿਲ ਗਿਆ। ਕੁੜੀ ਭਾਵੇਂ ਪੜ੍ਹੀ-ਲਿਖੀ ਨਹੀਂ ਸੀ ਪਰ ਸੋਹਣੀ ਬਥੇਰੀ ਸੀ। ਕੱਦ-ਕਾਠ ਦੀ ਉਚੀ-ਲੰਬੀ ਤੇ ਆਪਣੀ ਮਾਂ ਕਰਤਾਰ ਕੌਰ ਵਰਗੇ ਤਿੱਖੇ ਨੈਣ ਨਕਸ਼ਾਂ ਨੇ ਕੈਨੇਡਾ ਤੋਂ ਵਿਆਹ ਕਰਵਾਉਣ ਆਏ ਰਵਿੰਦਰ ਨੂੰ ਅਜਿਹਾ ਮੋਹਿਆ ਕਿ ਉਸ ਨੇ ਦੇਖਣ ਸਾਰ ਹੀ ਹਾਂ ਕਰ ਦਿੱਤੀ। ਰਵਿੰਦਰ ਅਗਾਂਹ-ਵਧੂ ਖਿਆਲਾਂ ਦਾ ਧਾਰਨੀ ਨਹੀਂ ਸੀ। ਉਸਨੇ ਦਾਜ ਦੀ ਗੱਲ ਗੋਲ-ਮੋਲ ਕਰ ਕੇ ਦੱਸ ਦਿੱਤੀ ਤੇ ਕਿਸੇ ਮਹਿੰਗੇ ਮੈਰਿਜ ਪੈਲੇਸ ਵਿਚ ਵਿਆਹ ਕਰਵਾਉਣ ਦੀ ਇੱਛਾ ਵੀ।
ਸੋ ਬਿਨਾਂ ਲੰਬੀ-ਚੌੜੀ ਸੋਚ ਦੇ ਬਿੱਕਰ ਸਿੰਘ ਨੇ ਜ਼ਮੀਨ ਦੇ ਨੰਬਰ ਦੇ ਕੇ ਬੈਂਕ ਤੋਂ ਵੱਡੀ ਰਕਮ ਚੁੱਕ ਲਈ। ਜੱਟ ਦੇ ਪੰਦਰਾਂ ਕਿੱਲੇ ਹੋਣ ਤੇ ਉਹ ਧੀ ਦਾ ਵਿਆਹ ਸਾਦਾ ਜਿਹਾ ਕਰ ਦੇਵੇ…ਇਹ ਕਿਵੇਂ ਹੋ ਸਕਦਾ ਸੀ! ਲੋਕ ਕੀ ਕਹਿਣਗੇ। ਜੱਟ ਨੇ ਧੀ ਦੇ ਵਿਆਹ `ਤੇ ਝੱਗਾ ਚੁੱਕ ਦਿੱਤਾ…ਖਾਲੀ ਤੋਰ ਦਿੱਤੀ ਕੁੜੀ!
ਗਹਿਣਿਆਂ ਨਾਲ ਲੱਦੀ ਹਰਪਾਲ ਆਪਣੇ ਪਿਤਾ ਵਲੋਂ ਦਿੱਤੀ ਅਉਡੀ ਕਾਰ ਵਿਚ ਬਹਿ ਕੇ ਸਹੁਰੇ ਚਲੀ ਗਈ।
ਬਿੱਕਰ ਸਿੰਘ ਨੇ ਵਿਆਹ `ਤੇ ਮਣਾਂ-ਮੂੰਹ ਖਰਚ ਕਰ ਕੇ ਸ਼ਰੀਕੇ ਵਿਚ ਆਪਣਾ ਨੱਕ ਤਾਂ ਬਚਾ ਲਿਆ ਪਰ ਕਰਜ਼ੇ ਹੇਠ ਆ ਗਿਆ। ਨਰਮੇ ਨੂੰ ਪਈ ਸੁੰਡੀ ਨੇ ਤਾਂ ਉਸ ਸਾਲ ਕਿਸਾਨਾਂ ਦਾ ਉਹ ਬੁਰਾ ਹਾਲ ਕੀਤਾ ਕਿ ਰਹੇ ਰੱਬ ਦਾ ਨਾਂ। ਨਕਲੀ ਦਵਾਈਆਂ ਨੇ ਹਰ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ। ਇਕ ਵਾਰ ਜਿ਼ਮੀਂਦਾਰ ਕਰਜ਼ੇ ਦੀ ਮਾਰ ਹੇਠ ਆ ਜਾਵੇ ਤਾਂ ਛੇਤੀ ਠੀਕ ਹੋਣਾ ਮੁਸ਼ਕਿਲ ਹੋ ਜਾਂਦੈ।
ਪਰ ਬਿੱਕਰ ਸਿੰਘ ਦਾ ਪਰਿਵਾਰ ਇਸ ਗੱਲੋਂ ਖੁਸ਼ ਸੀ ਕਿ ਕਰਤਾਰ ਕੌਰ ਦੇ ਜਿਊਂਦੇ ਜੀਅ ਧੀ ਦਾ ਭਾਰ ਸਿਰੋਂ ਲਹਿ ਗਿਆ ਹੈ। ਬਿੱਕਰ ਸਿੰਘ ਦੇ ਪੁੱਤਰ ਜਿੰਦਰ ਤੇ ਉਸਦੀ ਵਹੁਟੀ ਗੁਰਮੇਲ ਨੂੰ ਤਾਂ ਆਪਣੀ ਮਾਂ ਕਰਤਾਰ ਕੌਰ ਦੀ ਸਿਹਤ ਨਾਲੋਂ ਹਰਪਾਲ ਦੇ ਵਿਆਹ ਦੀ ਚਿੰਤਾ ਜਿ਼ਆਦਾ ਸੀ ਕਿ ਪਤਾ ਨਈਂ ਕਿੰਨਾ ਕੁ ਪੈਸਾ ਉਸ ਦੇ ਵਿਆਹ `ਤੇ ਫੂਕਣਾ ਪੈਣਾ ਹੈ। ਪੈਸਾ ਭਾਵੇਂ ਬਹੁਤ ਲੱਗ ਗਿਆ ਪਰ ਤਸੱਲੀ ਸੀ ਕਿ ਉਨ੍ਹਾਂ ਦੇ ਸਿਰੋਂ ਭਾਰ ਲਹਿ ਗਿਆ। ਗੁਰਮੇਲ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਕੈਨੇਡਾ ਜਾ ਕੇ ਉਸ ਦੀ ਨਨਾਣ ਉਸ ਨੂੰ ਸੂਟ ਤੇ ਹੋਰ ਨਿੱਕ-ਸੁੱਕ ਭੇਜਦੀ ਰਹੇਗੀ ਅਤੇ ਉਹ ਵੀ ਸੱਜ-ਧੱਜ ਕੇ ਰਿਹਾ ਕਰੇਗੀ। ਉਸ ਦੇ ਨਿਆਣੇ ਵੀ ਭੂਆ ਦੇ ਭੇਜੇ ਕੱਪੜੇ ਪਾ ਕੇ ਬਾਹਰ ਨਿਕਲਿਆ ਕਰਨਗੇ। ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ ਜੇਕਰ ਹਰਪਾਲ ਦਾ ਵਿਆਹ ਇਥੇ ਪੰਜਾਬ ਵਿਚ ਹੁੰਦਾ ਤਾਂ ਸਾਰੀ ਉਮਰ ਉਸ ਨੂੰ ਦੇਣਾ ਪੈਣਾ ਸੀ। ਹੁਣ ਇਕ ਵਾਰ ਖਰਚ ਹੋ ਗਿਆ ਤੇ ਬਾਕੀ ਉਮਰ ਮੌਜਾਂ ਹੀ ਮੌਜਾਂ।
ਅੱਠ-ਦਸ ਮਹੀਨਿਆਂ ਵਿਚ ਹਰਪਾਲ ਦਾ ਕੰਮ ਬਣ ਗਿਆ ਤੇ ਉਹ ਕੈਨੇਡਾ ਚਲੀ ਗਈ। ਭਾਵੇਂ ਹਰਪਾਲ ਨੂੰ ਪਤਾ ਸੀ ਕਿ ਮਾਂ ਨੇ ਹੁਣ ਬਹੁਤੀ ਦੇਰ ਨਹੀਂ ਰਹਿਣਾ, ਫਿਰ ਵੀ ਮਾਂ ਦੇ ਗਲ ਲੱਗ ਕੇ ਕਹਿਣ ਲੱਗੀ, ‘ਮਾਂ, ਤੂੰ ਠੀਕ ਹੋ ਜਾਣਾ ਹੈ। ਮੈਂ ਛੇਤੀ ਹੀ ਮਿਲਣ ਆਵਾਂਗੀ। ਮੇਰੀ ਫਿਕਰ ਨਾ ਕਰੀਂ।`
ਕਰਤਾਰ ਕੌਰ ਨੂੰ ਪਤਾ ਸੀ ਕਿ ਇਹ ਉਸਦੀ ਆਖਰੀ ਮਿਲਣੀ ਹੈ ਪਰ ਫਿਰ ਵੀ ਉਸ ਨੇ ਧੀ ਦਾ ਮੱਥਾ ਚੁੰਮਦੇ ਆਖ ਹੀ ਦਿੱਤਾ, ‘ਪੁੱਤ ਸਿਆਣੇ ਬਣ ਕੇ ਰਹੀਦੈ ਬਿਗਾਨੇ ਘਰ। ਮੇਰੀ ਫਿਕਰ ਨਾ ਕਰੀਂ, ਰੱਬ `ਤੇ ਭਰੋਸਾ ਰੱਖ, ਮੈਂ ਠੀਕ ਹੋ ਜਾਵਾਂਗੀ। ਤੂੰ ਚਿੱਠੀ ਛੇਤੀ-ਛੇਤੀ ਪਾਉਂਦੀ ਰਹੀਂ।`
ਇਹ ਆਖ ਕਰਤਾਰ ਕੌਰ ਦਾ ਮਨ ਭਰ ਆਇਆ ਪਰ ਉਸ ਨੇ ਆਪਣੇ ਹੰਝੂ ਅੰਦਰ ਹੀ ਪੀ ਲਏ ਤੇ ਜਿਹੜੇ ਛੁਪਾਏ ਨਾ ਗਏ ਉਹ ਚੁੰਨੀ ਦੇ ਲੜ ਨਾਲ ਪੂੰਝ ਲਏ। ਆਪਣੇ ਬਾਪੂ ਦੇ ਗਲ ਲੱਗ ਰੋਂਦੀ ਰੋਦੀਂ ਨੇ ਆਖ ਹੀ ਦਿੱਤਾ, ‘ਬਾਪੂ ਮੈਨੂੰ ਪਤਾ ਹੈ ਘਰ ਦੀ ਹਾਲਤ ਦਾ। ਮੇਰੇ ਵਿਆਹ `ਤੇ ਬਹੁਤ ਖਰਚ ਹੋ ਗਿਐ ਪਰ ਫਿਰ ਵੀ ਮਾਂ ਦੀ ਦਵਾ-ਦਾਰੂ ਵਿਚ ਫਰਕ ਨਾ ਆਉਣ ਦੇਵੀਂ।` ਤੇ ਫਿਰ ਉਹ ਆਪਣੀ ਭਾਬੀ ਦੇ ਗਲ ਲੱਗ ਕੇ ਏਨਾ ਰੋਈ ਕਿ ਆਪਣੇ ਅੰਦਰ ਸਾਂਭਿਆ ਸਾਰਾ ਕੁਝ ਹੂੰਝਆਂ ਰਾਹੀਂ ਬਾਹਰ ਕੱਢ ਦਿੱਤਾ।
ਜਿੰਦਰ ਆਪਣੀ ਭੈਣ ਨੂੰ ਦਿੱਲੀ ਤਕ ਛੱਡਣ ਆਇਆ। ਬਿੱਕਰ ਸਿਉਂ ਨੂੰ ਭਾਵੇਂ ਧੀ ਦੇ ਕੈਨੇਡਾ ਜਾਣ ਦਾ ਚਾਅ ਸੀ ਪਰ ਸੀ ਤਾਂ ਉਸ ਦੇ ਦਿਲ ਦਾ ਟੋਟਾ। ਉਸ ਦੇ ਅੰਦਰ ਇਕ ਧੂਹ ਜੇਹੀ ਪਈ। ਉਹ ਕਰਤਾਰ ਕੌਰ ਨੂੰ ਹੌਸਲਾ ਦਿੰਦਾ ਕਿ ਵੇਖ ਆਪਣੀ ਹਰਪਾਲ ਕੈਨੇਡਾ ਜਾ ਕੇ ਮੌਜਾਂ ਕਰੂ। ਜਿਹਦੀ ਧੀ ਸੁਖੀ ਉਸ ਦੀ ਕੁਲ ਸੁਖੀ। ਤੇ ਅੱਗੋਂ ਕਰਤਾਰ ਕੌਰ ਆਖਦੀ, ‘ਉਹ ਤਾਂ ਠੀਕ ਹੈ ਪਰ ਉਹਦੇ ਬਿਨਾਂ ਤਾਂ ਜਾਣੀਂ ਘਰ ਹੀ ਸੁੰਨਾ ਹੋ ਗਿਆ। ਉਹ ਜਾਣੇ ਆਖਿਰ ਨੂੰ ਉਸ ਨੇ ਆਪਣੇ ਘਰ ਜਾਣਾ ਹੀ ਸੀ। ਰੱਬ ਰਾਜ਼ੀ ਰੱਖੇ ਉਸ ਨੂੰ ਅਤੇ ਉਸ ਦੇ ਸਿਰ ਦੇ ਸਾਈਂ ਨੂੰ।` ਤੇ ਫਿਰ ਆਪਣੀ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਣ ਲੱਗ ਪੈਂਦੀ। ਹਰਪਾਲ ਦੇ ਕੈਨੇਡਾ ਜਾਣ ਤੋਂ ਦੋ ਮਹੀਨੇ ਬਾਅਦ ਕਰਤਾਰ ਕੌਰ ਰੱਬ ਨੂੰ ਪਿਆਰੀ ਹੋ ਗਈ।
ਬਿੱਕਰ ਸਿੰਘ ਤੋਂ ਹੁਣ ਖੇਤੀਬਾੜੀ ਦਾ ਕੰਮ ਵੀ ਘੱਟ ਹੀ ਹੁੰਦਾ ਸੀ। ਉਹ ਮਾੜਾ ਮੋਟਾ ਖੇਤ ਗੇੜਾ ਮਾਰ ਆਉਂਦਾ ਜਾਂ ਜਵਾਕਾਂ ਨੂੰ ਖਿਡਾ ਛੱਡਦਾ। ਜੇਕਰ ਬਾਹਰ ਬੋਹੜ ਦੇ ਥੱਲੇ ਬੈਠੇ ਆਪਣੇ ਸਾਥੀਆਂ ਕੋਲ ਜਾ ਬੈਠਦਾ ਤਾਂ ਨੂੰਹ ਬੁੜ-ਬੁੜ ਕਰਦੀ ਕਿ ਸਾਡਾ ਬੁੜਾ ਤਾਂ ਵਿਹਲੀਆਂ ਖਾਂਦੈ। ਲੋਕਾਂ ਦੇ ਬੁੜੇ ਬਥੇਰਾ ਕੰਮ ਕਰਦੇ ਨੇ, ਪਰ ਸਾਡਾ ਤਾਂ ਡੱਕਾ ਦੂਹਰਾ ਨੀ ਕਰਦਾ। ਅਖੇ ਗੋਡੇ ਦੁੱਖਦੇ ਆ! ਗੋਡੇ ਤਾਂ ਅੱਜ-ਕਲ੍ਹ ਸਾਰਿਆਂ ਦੇ ਹੀ ਦੁਖਦੇ ਆ!
ਖਾ-ਪੀ ਲਿਆ, ਏਥੇ ਬਹਿ ਲਿਆ, ਉਥੇ ਬਹਿ ਲਿਆ। ਏਹਨੂੰ ਭੋਰਾ ਸੰਗ ਨੀਂ ਆਉਂਦੀ ਬਈ ਦੋਨੇਂ ਜੀਅ ਟੁੱਟ-ਟੁੱਟ ਮਰਦੇ ਆ। ਇਹ ਤਾਂ ਆਪਣੇ ਢਿੱਡ ਦਾ ਹੀ ਪਿਆਰਾ ਹੈ। ਖਾਣ-ਪੀਣ ਨੂੰ ਚੰਗਾ ਭਾਲਦੈ। ਦਾਲ `ਚ ਦੋਨੋਂ ਵੇਲੇ ਘਿਉ ਭਾਲਦੈ।
ਬਿੱਕਰ ਸਿਉਂ ਸਭ ਕੁਝ ਸੁਣੀ ਜਾਂਦਾ। ਕੰਨਾਂ `ਚ ਕੌੜਾ ਤੇਲ ਪਾ ਫਿਰਦਾ ਰਹਿੰਦਾ। ਉਸਦੀ ਨੂੰਹ ਗੁਰਮੇਲ ਕਿਹੜਾ ਲਕੋ-ਛੁਪਾ ਕੇ ਆਖਦੀ ਸੀ, ਆਂਢਣਾਂ-ਗਵਾਂਢਣਾਂ ਨਾਲ ਗੱਲ ਏਨੀ ਉਚੀ ਕਰਦੀ ਕਿ ਬਿੱਕਰ ਸਿਉਂ ਨੂੰ ਸੁਣ ਜਾਵੇ।
ਇਕ ਦਿਨ ਜਿੰਦਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬਾਪੂ ਦੇ ਕੋਲ ਜਾ ਬੈਠਾ, ‘ਬਾਪੂ ਏਥੇ ਵੀ ਤਾਂ ਤੂੰ ਵਿਹਲਾ ਰਹਿਨੈਂ, ਮੈਂ ਤੇ ਗੁਰਮੇਲ ਨੇ ਸੋਚਿਆ ਕਿ ਕਿਉਂ ਨਾ ਬਾਪੂ ਨੂੰ ਕੈਨੇਡਾ ਭੇਜ ਦੇਈਏ। ਸਾਫ- ਸੁਥਰੇ ਦੇਸ਼ `ਚ ਮੌਜਾਂ ਕਰੂ। ਏਥੇ ਕੀ ਪਿਆ ਹੁਣ। ਨਾਲੇ ਕਹਿੰਦੇ ਆ ਉਥੇ ਬੁੜਿਆਂ ਨੂੰ ਪੈਨਸ਼ਨ ਲੱਗ ਜਾਂਦੀ ਆ।
ਬਿੱਕਰ ਸਿੰਘ ਮੰਜੇ `ਤੇ ਚੌਕੜੀ ਮਾਰ ਕੇ ਬੈਠ ਗਿਆ ਤਾਂ ਜੋ ਪੁੱਤ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੇ। ਉਸਨੇ ਗੱਲ ਤਾਂ ਭਾਵੇਂ ਸਾਰੀ ਸਮਝ ਲਈ ਸੀ ਪਰ ਫਿਰ ਵੀ ਆਪਣੇ ਆਪ ਨੂੰ ਹੌਸਲਾ ਜਿਹਾ ਦੇਣ ਲਈ ਕਹਿਣ ਲੱਗਾ, ‘ਪੁੱਤ ਜਿੰਦਰ, ਗੱਲ ਤਾਂ ਤੇਰੀ ਠੀਕ ਆ, ਪਰ ਤੈਨੂੰ ਛੱਡ ਕੇ ਜਾਣ ਨੂੰ ਜੀਅ ਜਿਹਾ ਨੀਂ ਕਰਦਾ। ਭਾਵੇਂ ਹੁਣ ਮੈਥੋਂ ਕੰਮ ਤਾਂ ਬਹੁਤਾ ਨਹੀਂ ਹੁੰਦਾ ਪਰ ਫਿਰ ਵੀ ਸ਼ਰੀਕਾਂ ਨੂੰ ਹੈ ਬਈ ਇਹਦਾ ਪਿਉ ਵੀ ਹੈਗਾ, ਕੋਈ ਤੇਰੇ ਵੱਲ ਝਾਕਦਾ ਨੀਂ।`
‘ਉਹ ਤਾਂ ਠੀਕ ਆ ਬਾਪੂ…ਤੇਰੇ ਨਾਲ ਹੀ ਸਾਡੀ ਇੱਜ਼ਤ ਆ ਪਰ…ਪਰ…ਦੇਖ ਨਾ ਕਹਿੰਦੇ ਆ, ਉਥੇ ਬੁੜੇ-ਬੁੜੀਆਂ ਵੀ ਬਥੇਰੇ ਕਮਾ ਲੈਂਦੇ ਆ। ਉਥੇ ਤਾਂ ਮਸ਼ੀਨਾਂ ਨਾਲ ਕੰਮ ਹੁੰਦੇ ਆ ਤੇ ਨਾਲੇ ਥੋੜੇ ਸਾਲਾਂ ਬਾਅਦ ਪੈਨਸ਼ਨ।` ਇਹ ਕਹਿ ਕੇ ਉਹ ਬਿਜਲੀ ਦੇ ਬੱਲਬ ਦੀ ਡਿੰਮ ਜੇਹੀ ਲੋਅ `ਚ ਬਾਪੂ ਦਾ ਚਿਹਰਾ ਪੜ੍ਹਨ ਲੱਗਾ।
ਬਿੱਕਰ ਸਿਉਂ ਨੇ ਨਾ ਹਾਂ ਕਹੀ ਤੇ ਨਾ ਨਾਂਹ। ਆਪਣੀ ਬਾਂਹ ਸਿਰ ਥੱਲੇ ਦੇ ਕੇ ਸਿੱਧਾ ਹੋ ਕੇ ਲੇਟ ਗਿਆ।
ਕੁਝ ਦੇਰ ਹੋਰ ਬਾਪੂ ਦੇ ਮੰਜੇ ਦੀ ਬਾਹੀ 1ਤੇ ਬਹਿ ਕੇ ਤੇ ਬਾਪੂ ਦੀ ਚੁੱਪ ਨੂੰ ਭਾਂਪਦਿਆਂ, ਜਿੰਦਰ ਨੇ ਉਠਣਾ ਹੀ ਠੀਕ ਸਮਝਿਆ। ਉਹ ਸਮਝ ਤਾਂ ਗਿਆ ਕਿ ਬਾਪੂ ਜਾਣਾ ਨਹੀਂ ਚਾਹੁੰਦਾ। ਉਸ ਨੇ ਇਸ ਸਮੇਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਤੇ ਬਾਪੂ ਦੇ ਕਮਰੇ `ਚੋਂ ਬਾਹਰ ਨਿਕਲ ਗਿਆ।
ਉਸ ਰਾਤ ਬਿੱਕਰ ਸਿੰਘ ਨੂੰ ਨੀਂਦ ਨਾ ਆਈ। ਕਦੇ ਮਨ ਹੀ ਮਨ ਕਰਤਾਰ ਕੌਰ ਨਾਲ ਗੱਲਾਂ ਕਰਦਾ, ਕਦੇ ਆਪਣੇ ਆਪ ਨਾਲ। ਕਦੇ ਜਿੰਦਰ ਨੂੰ ਆਪਣੇ ਮਨ ਵਿਚ ਹੀ ਕਹਿੰਦਾ ਕਿ ਪੁੱਤਰਾ ਤੂੰ ਇਹ ਕੀ ਕਹਿ ਤਾ। ਕਿਉਂ ਮੈਂ ਤੇਰੇ `ਤੇ ਬੋਝ ਬਣ ਗਿਆ? ਕਈ ਵਾਰੀ ਉਸ ਦੀਆਂ ਅੱਖਾਂ ਭਰੀਆਂ ਪਰ ਆਪਣੇ ਹੰਝੂ ਕਿਸ ਨੂੰ ਦਿਖਾਉਂਦਾ! ਕੋਈ ਵੀ ਤਾਂ ਨਹੀਂ ਸੀ ਉਸ ਦੇ ਦਿਲ ਦੀ ਸੁਣਨ ਵਾਲਾ।
ਗੁਰਦੁਆਰੇ ਬਾਬੇ ਦੇ ਬੋਲਣ ਨਾਲ ਹੀ ਬਿੱਕਰ ਸਿੰਘ ਉਠ ਕੇ ਬੈਠ ਗਿਆ। ਅੱਜ ਪਾਠ ਵਿਚ ਵੀ ਮਨ ਨਹੀਂ ਸੀ ਲੱਗਦਾ। ਬਿਨਾਂ ਚਾਹ ਪੀਤੇ ਖੇਤ ਨੂੰ ਤੁਰ ਪਿਆ। ਉਸ ਦਾ ਜੀਅ ਕੀਤਾ ਕਿ ਆਪਣੇ ਖੇਤ ਨਾਲ ਰੱਜ ਕੇ ਗੱਲਾਂ ਕਰੇ। ਦੱਸੇ ਕਿ ਹੁਣ ਤੇਰੇ ਤੋਂ ਵਿੱਛੜਨ ਦਾ ਸਮਾਂ ਆ ਗਿਆ ਹੈ।
ਬੀਤਿਆ ਸਮਾਂ ਫਿਲਮ ਵਾਂਗ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗਾ। ਕਿਵੇਂ ਉਸ ਨੇ ਤੇ ਉਸ ਦੇ ਬਾਪੂ ਨੇ ਮਿੱਟੀ ਨਾਲ ਮਿੱਟੀ ਹੋ ਕੇ ਥੋੜੀ ਥੋੜੀ ਕਰ ਕੇ ਜ਼ਮੀਨ ਬਣਾਈ ਸੀ…ਕਿਵੇਂ ਪਿੰਡ `ਚ ਮਾੜਾ ਮੋਟਾ ਰੋਹਬ ਬਣਇਆ ਸੀ ਤੇ ਫਿਰ ਕਰਤਾਰ ਕੁਰ ਖੇਤ ਰੋਟੀਆਂ ਢੋਂਹਦੀ, ਪਸ਼ੂ ਸਾਂਭਦੀ, ਜੈਲੇ ਸੀਰੀ ਦੀ ਬਹੂ ਬਚਨੋ ਨੂੰ ਗੋਹੇ ਕੂੜੇ ਦੀਆਂ ਟੋਕਰੀਆਂ ਭਰ ਭਰ ਕੇ ਚੁਕਾਉਂਦੀ ਤੇ ਕਿਵੇਂ ਉਹ ਜੈਲੇ ਸੀਰੀ ਨੂੰ ਕੰਮ ਘੱਟ ਕਰਨ `ਤੇ ਗਾਲ੍ਹਾਂ ਕੱਢਦਾ ਤੇ ਕਿਵੇਂ ਉਹ ਬੁੜ-ਬੁੜ ਕਰਦਾ ਕਿ ਜੈਲਾ ਆਪਣੇ ਮੁੰਡੇ ਨੂੰ ਆਪਣੇ ਨਾਲ ਕੰਮ `ਤੇ ਕਿਉਂ ਨਹੀਂ ਲਿਆਉਂਦਾ। ਉਹ ਤੇ ਉਸ ਦੇ ਪੁਰਖੇ ਕਿੰਨੀਆਂ ਪੀੜੀਆਂ ਤੋਂ ਸਾਡੇ ਨਾਲ ਸੀਰ ਕਰਦੇ ਰਹੇ ਸਨ। ਉਸਦੀ ਧਾਹ ਨਿਕਲ ਗਈ, ਆਪਣੇ ਸੀਰੀ ਜੈਲੇ ਨੂੰ ਯਾਦ ਕਰ ਕੇ ਕਿ ਕਿਵੇਂ ਉਸਨੇ ਇਸ ਖੇਤ ਖਾਤਿਰ ਆਪਣੀ ਜਾਨ ਗਵਾ ਲਈ ਸੀ। ਬਿੱਕਰ ਸਿੰਘ ਬਿਲਕੁਲ ਉਸੇ ਥਾਂ `ਤੇ ਹੀ ਬੈਠਾ ਸੀ, ਜਿੱਥੇ ਉਸਦੇ ਸੀਰੀ ਜੈਲੇ ਨੇ ਦਮ ਤੋੜਿਆ ਸੀ। ਨਾਲ ਦੇ ਖੇਤ ਵਾਲਿਆਂ ਦੇ ਸੀਰੀ ਨੇ ਰੌਲਾ ਪਾਇਆ ਕਿ ਜੈਲੇ ਦਾ ਸਿਰ ਪਾਟ ਗਿਆ ਹੈ। ਜੈਲਾ ਡਿੱਗਿਆ ਪਿਆ ਹੈ। ਬਿੱਕਰ ਸਿੰਘ ਸੁੱਤਾ ਪਿਆ ਸੀ। ਪਿੰਡ `ਚ ਪੈਂਦਾ ਰੌਲਾ ਸੁਣ ਅੱਭੜ-ਵਾਹੇ ਉਠਿਆ ਤੇ ਖੇਤ ਵੱਲ ਨੂੰ ਭੱਜ ਤੁਰਿਆ ਪਰ ਉਸਦੇ ਉਥੇ ਪੁੱਜਣ ਤੋਂ ਪਹਿਲਾਂ ਹੀ ਜੈਲਾ ਦਮ ਤੋੜ ਗਿਆ ਸੀ।
ਬਿੱਕਰ ਸਿੰਘ ਦਾ ਨਾਲ ਦੇ ਖੇਤ ਵਾਲਿਆਂ ਨਾਲ ਵੱਟ ਦਾ ਰੌਲਾ ਸੀ। ਬਿੱਕਰ ਸਿਉਂ ਨੇ ਆਈ ਬਿਜਲੀ ਦਾ ਫਾਇਦਾ ਲੈਣ ਲਈ ਜੈਲੇ ਨੂੰ ਇਕੱਲੇ ਨੂੰ ਹੀ ਮੋਟਰ ਚਲਾ ਕੇ ਪਾਣੀ ਲਾਉਣ ਭੇਜ ਦਿੱਤਾ।
ਜਦੋਂ ਜੈਲੇ ਨੇ ਰੌਲੇ ਵਾਲੇ ਖੇਤ ਦੀ ਵੱਟ `ਤੇ ਪੈਰ ਧਰਿਆ ਤਾਂ ਨਾਲ ਦੇ ਖੇਤ ਵਿਚ ਕੰਮ ਕਰਦੇ ਕੇਹਰੂ ਨੇ ਜੈਲੇ ਨੂੰ ਦੋ-ਤਿੰਨ ਗਾਲ੍ਹਾਂ ਕੱਢ ਕੇ ਪੁੱਠੀ ਕਹੀ ਉਸ ਦੇ ਸਿਰ `ਚ ਆ ਮਾਰੀ। ਜੈਲਾ ਥਾਈਂ ਡਿੱਗ ਪਿਆ।
ਬਿੱਕਰ ਸਿਉਂ ਵੱਟ ਤੇ ਖਾਲ `ਚ ਲੱਤਾਂ ਲਮਕਾਅ ਕੇ ਬੈਠ ਗਿਆ ਤੇ ਫਿਰ ਨਿਸਰ ਰਹੀ ਕਣਕ ਨੂੰ ਸੰਬੋਧਨ ਕਰ ਕੇ ਕਹਿਣ ਲੱਗਾ, ‘ਜਦੋਂ ਜੈਲਾ ਮਰਿਆ ਸੀ, ਤੂੰ ਏਸੇ ਤਰ੍ਹਾਂ ਨਿਸਰ ਰਹੀ ਸੀ।` ਉਸਦੀ ਭੁੱਬ ਨਿਕਲ ਗਈ।
ਗਿੱਲੀਆਂ ਅੱਖਾਂ ਨੂੰ ਪਰਨੇ ਨਾਲ ਪੂੰਝਦਿਆਂ ਉਸ ਦਾ ਚਿੱਤ ਕੀਤਾ ਕਿ ਉਹ ਜੈਲੈ ਨੂੰ ਉਚੀ ਆਵਾਜ਼ ਮਾਰੇ ਤੇ ਜੈਲਾ ਕਿਧਰੋਂ ਭੱਜ ਕੇ ਆ ਜਾਵੇ।
ਬਿੱਕਰ ਸਿੰਘ ਨੇ ਆਪਣਾ ਫਰਜ਼ ਸਮਝਦਿਆਂ ਜੈਲੇ ਦਾ ਸੰਸਕਾਰ ਕੀਤਾ। ਮਕਾਣਾਂ ਤੇ ਭੋਗ `ਤੇ ਵੀ ਪੱਲਿਓਂ ਖਰਚ ਕੀਤਾ।
ਪਿੰਡ ਦੇ ਲੋਕਾਂ ਨੇ ਵਿਚ ਪੈ ਕੇ ਰਾਜ਼ੀ-ਨਾਮਾ ਕਰਵਾ ਦਿੱਤਾ। ਬਚਨੋ ਵਿਚਾਰੀ ਥੋੜ੍ਹੇ ਜਿਹੇ ਪੈਸੇ ਲੈ ਕੇ ਚੁੱਪ ਕਰ ਗਈ।
ਸ਼ਿੰਦਾ ਉਦੋਂ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਜੈਲੇ ਦੀ ਮੌਤ ਤੋਂ ਬਾਅਦ ਬਿੱਕਰ ਸਿੰਘ ਨੇ ਉਸ ਦੇ ਪੁੱਤਰ ਸ਼ਿੰਦੇ ਨੂੰ ਬਥੇਰਾ ਕਿਹਾ ਕਿ ਉਹ ਪੜ੍ਹਾਈ ਛੱਡ ਕੇ ਉਸ ਨਾਲ ਸੀਰੀ ਆ ਰਲੇ। ਘਰ ਵਰਗੀ ਗੱਲ ਹੈ। ਉਸਦੀ ਮਾਂ ਵੀ ਤਾਂ ਉਨ੍ਹਾਂ ਦੇ ਘਰ ਹੀ ਗੋਹਾ-ਕੂੜਾ ਕਰਦੀ ਹੈ। ਪਰ ਸ਼ਿੰਦਾ ਆਪਣੇ ਬਾਪੂ ਤੇ ਦਾਦੇ ਵਾਂਗ ਸੀਰੀ ਨਹੀਂ ਸੀ ਰਲਣਾ ਚਾਹੁੰਦਾ। ਉਹ ਕੁਝ ਹੋਰ ਬਣਨਾ ਚਾਹੁੰਦਾ ਸੀ। ਉਸ ਦੀ ਇਹ ਜਿੱ਼ਦ ਦੇਖ ਕੇ ਬਿੱਕਰ ਸਿਉਂ ਨੇ ਕਈ ਵਾਰ ਬਚਨੋ ਨੂੰ ਕਿਹਾ ਸੀ ਕਿ ਮੁੰਡੇ ਨੂੰ ਸਮਝਾਵੇ। ਉਹਨੇ ਕਿਹੜਾ ਡੀਸੀ ਲੱਗਣਾ ਹੈ, ਆਖਿਰ ਜੱਟਾਂ ਦੇ ਘਰੀਂ ਕੰਮ ਹੀ ਕਰਨਾ ਹੈ। ਇਕ ਵਾਰ ਬਿੱਕਰ ਸਿੰਘ ਨੇ ਬਚਨੋ ਦੇ ਸਾਹਮਣੇ ਹੀ ਸ਼ਿੰਦੇ ਦੇ ਦੋ ਚਾਰ ਚਪੇੜਾਂ ਵੀ ਜੜ ਦਿੱਤੀਆਂ ਅਤੇ ਗੰਦੀਆਂ ਗਾਲ੍ਹਾਂ ਨਾਲ ਹਵਾ ਵੀ ਗੰਦੀ ਕਰ ਦਿੱਤੀ।
ਬਚਨੋ ਇਸ ਰੋਜ਼-ਰੋਜ਼ ਦੇ ਕਲੇਸ਼ ਤੋਂ ਤੰਗ ਆ ਗਈ ਤੇ ਇਕ ਦਿਨ ਉਸ ਨੇ ਬਿੱਕਰ ਸਿੰਘ ਦੇ ਮੂਹਰੇ ਹੱਥ ਬੰਨ੍ਹ ਕੇ ਕਿਹਾ, ‘ਸਰਦਾਰਾ! ਰੱਬ ਦੇ ਵਾਸਤੇ ਮੇਰੇ ਪੁੱਤ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਨਾ ਕਰ।`
ਬਿੱਕਰ ਸਿੰਘ ਨੇ ਸ਼ਿੰਦੇ ਨੂੰ ਬਾਹੋਂ ਫੜ ਕੇ ਝੰਜੋੜ ਕੇ ਕਿਹਾ, ‘ਇਸ ਨੇ ਡੀ.ਸੀ. ਬਣਨਾ ਹੈ ਝੜੰਮੇ?`
ਬਚਨੋ ਨੇ ਬਿੱਕਰ ਸਿੰਘ ਦੇ ਪੈਰ ਫੜ ਲਏ ਤੇ ਆਖਣ ਲੱਗੀ, ‘ਸਰਦਾਰਾ! ਕੀ ਪਤਾ ਮੇਰਾ ਪੁੱਤ ਡੀ.ਸੀ. ਹੀ ਬਣ ਜਾਵੇ। ਰੱਬ ਦੇ ਵਾਸਤੇ ਇਹ ਪਾਪ ਨਾ ਕਮਾ। ਇਹਦਾ ਪਿਉ ਤਾਂ ਠੰਢ `ਚ ਤੁਹਾਡੇ ਨੱਕੇ ਮੋੜਦਾ ਤੁਹਾਡੇ ਸ਼ਰੀਕਾਂ ਨੇ ਮਾਰ ਦਿੱਤਾ ਪਰ ਏਹਨੂੰ ਬਖਸ਼ ਦੇਵੋ। ਮੈਥੋਂ ਕਰਵਾ ਲਵੋ ਜਿਹੜਾ ਕੁਝ ਕਰਵਾਉਣਾ ਹੈ।’
ਬਿੱਕਰ ਸਿੰਘ ਨੇ ਬਚਨੀ `ਤੇ ਗਾਲ੍ਹਾਂ ਦੀ ਝੜੀ ਬਰਸਾ ਦਿੱਤੀ। ਅਖੇ ਝੜੰਮ ਕਿਵੇਂ ਮਸਤੀ ਫਿਰਦੀ ਹੈ। ਖਾਂਦੀ-ਫਿਰਦੀ ਆਫਰ ਗਈ ਹੈ। ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ!
ਸ਼ਿੰਦੇ ਦਾ ਜੀਅ ਕੀਤਾ ਕਿ ਬਿੱਕਰ ਸਿਉਂ ਨੂੰ ਫੜ ਲਵੇ, ਮਾਂ ਦੀ ਬੇਇਜ਼ਤੀ ਦਾ ਬਦਲਾ ਲੈ ਲਵੇ। ਪਰ ਬਚਨੋ ਦੀਆਂ ਅੱਖਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।
ਬਚਨੋ ਦੀ ਚੁੱਪ ਕਹਿ ਰਹੀ ਸੀ, ‘ਪੁੱਤ, ਇਸ ਜ਼ਾਲਮ ਦੇ ਮੂਹਰੇ ਨਾ ਬੋਲ। ਮੈਂ ਤੇਰੀ ਪੜ੍ਹਾਈ ਨਹੀਂ ਟੁੱਟਣ ਦਿੰਦੀ। ਥੋੜ੍ਹਾ ਸਬਰ ਹੋਰ ਕਰ ਮੇਰੇ ਪੁੱਤ!’
ਸ਼ਿੰਦਾ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਬੇਸ਼ੱਕ ਉਸਨੂੰ ਜੱਟਾਂ ਦੇ ਮੁੰਡਿਆਂ ਤੋਂ ਦੂਰ ਹੋ ਕੇ ਬੈਠਣਾ ਪੈਂਦਾ ਸੀ ਪਰ ਉਹ ਇਸ ਗੱਲ ਦੀ ਬਿਨਾ ਪ੍ਰਵਾਹ ਕੀਤੇ ਆਪਣੀ ਪੜ੍ਹਾਈ ਵਿਚ ਜੁਟਿਆ ਰਹਿੰਦਾ।
ਇਸ ਦਿਨ ਤੋਂ ਬਾਅਦ ਬਚਨੋ ਨੇ ਮਨ ਬਣਾ ਲਿਆ ਕਿ ਉਹ ਆਪਣੇ ਪੁੱਤ ਨੂੰ ਲੈ ਕੇ ਲੁਧਿਆਣੇ ਚਲੀ ਜਾਵੇਗੀ। ਉਥੇ ਉਸ ਦੀ ਭੈਣ ਵੀ ਤਾਂ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲ ਰਹੀ ਹੈ। ਉਹ ਵੀ ਲੋਕਾਂ ਦੇ ਭਾਂਡੇ ਮਾਂਜ-ਮਾਂਜ ਆਪਣੇ ਹੋਣਹਾਰ ਪੁੱਤ ਦੀ ਪੜ੍ਹਾਈ ਜਾਰੀ ਰੱਖੇਗੀ।
ਬਚਨੋ ਤੇ ਸ਼ਿੰਦੇ ਨੇ ਪਿੰਡ ਛੱਡ ਦਿੱਤਾ ਤੇ ਲੁਧਿਆਣੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਪਿੰਡ ਵਿਚ ਕਿਸੇ ਨੂੰ ਭਿਣਕ ਵੀ ਨਾ ਪਈ। ਕੋਈ ਆਖੇ ਬਚਨੋ ਆਪਣੇ ਪੇਕੀਂ ਚਲੀ ਗਈ, ਕੋਈ ਆਖੇ, ਆਪੇ ਧੱਕੇ ਖਾ ਕੇ ਮੁੜ ਆਉਣਗੇ, ਕੋਈ ਕੁਝ ਕਹੇ…ਕੋਈ ਕੁਝ। ਜਿੰਨੇ ਮੂੰਹ ਓਨੀਆਂ ਗੱਲਾਂ।
ਲੁਧਿਆਣੇ ਬਚਨੋ ਆਪਣੇ ਪੁੱਤ ਸ਼ਿੰਦੇ ਸਮੇਤ ਆਪਣੀ ਵਿਧਵਾ ਭੈਣ ਨਾਲ ਉਸਦੇ ਛੋਟੇ ਜਿਹੇ ਘਰ ਵਿਚ ਰਹਿਣ ਲੱਗ ਪਈ।
ਬਚਨੋ ਦੀ ਭੈਣ ਸ਼ਾਮੋ ਦਾ ਇਕ ਹੀ ਮੁੰਡਾ ਸੀ ਤੇ ਉਹ ਕਿਸੇ ਫੈਕਟਰੀ ਵਿਚ ਕੰਮ ਕਰਦਾ ਸੀ। ਉਸਦੀ ਘਰ ਵਾਲੀ ਦੀ ਸ਼ਾਮੋ ਨਾਲ ਨਹੀਂ ਸੀ ਬਣਦੀ, ਉਹ ਸ਼ਹਿਰ ਦੇ ਦੂਸਰੇ ਪਾਸੇ ਅੱਡ ਰਹਿੰਦਾ ਸੀ।
ਬਚਨੋ ਦੀ ਭੈਣ ਸ਼ਾਮੋ ਨੇ ਦੌੜ-ਭੱਜ ਕਰ ਕੇ ਬਚਨੋ ਨੂੰ ਦੋ-ਚਾਰ ਕੋਠੀਆਂ ਦੇ ਭਾਂਡੇ-ਟੀਂਡੇ ਮਾਂਜਣ ਦਾ ਕੰਮ ਦਿਵਾ ਦਿੱਤਾ ਤੇ ਹੌਲੀ-ਹੌਲੀ ਕਰ ਕੇ ਉਸ ਨੇ ਫੋਰਮੈਨ ਦੀਆਂ ਮਿੰਨਤਾਂ ਕਰ ਕੇ ਆਪਣੇ ਨਾਲ ਹੀ ਧਾਗਿਆਂ ਵਾਲੀ ਫੈਕਟਰੀ ਵਿਚ ਲਵਾ ਲਿਆ। ਵਿਹਲੇ ਵੇਲੇ ਸ਼ਿੰਦਾ ਵੀ ਕੁਝ ਕੰਮ-ਕਾਰ ਕਰ ਲੈਂਦਾ। ਇਉਂ ਤਿੰਨੇ ਜਣੇ ਇਕ ਦੂਸਰੇ ਦਾ ਸਹਾਰਾ ਬਣ ਕੇ ਰਹਿਣ ਲੱਗੇ।
ਸ਼ਿੰਦਾ ਖਾਲਸਾ ਕਾਲਜ ਦੋ ਸਾਲ ਪੜ੍ਹਾਈ ਕਰ ਕੇ ਖੇਤੀ ਯੂਨੀਵਰਸਿਟੀ ਵਿਚ ਦਾਖਲ ਹੋ ਗਿਆ। ਸਰਕਾਰੀ ਮਦਦ ਨਾਲ ਅਤੇ ਆਪਣੀ ਤੇ ਆਪਣੀ ਮਾਂ ਦੀ ਲਗਨ ਸਦਕਾ ਉਸ ਨੇ ਖੇਤੀਬਾੜੀ ਵਿਚ ਐਮ.ਐਸ.ਸੀ. ਦੀ ਡਿਗਰੀ ਲੈ ਲਈ। ਸ਼ਿੰਦਾ ਆਪਣੇ ਬਾਪ ਦੀ ਤਰ੍ਹਾਂ ਕੱਦ-ਕਾਠ ਦਾ ਪੂਰਾ ਨਿਕਲਿਆ। ਨੈਣ-ਨਕਸ਼ ਭਾਵੇਂ ਬਹੁਤ ਤਿੱਖੇ ਨਹੀਂ ਸਨ ਤੇ ਰੰਗ ਵੀ ਪੱਕਾ ਸੀ ਪਰ ਉਹ ਬਹੁਤ ਸੁਨੱਖਾ ਤੇ ਦਿਲਕਸ਼ ਜਾਪਦਾ ਸੀ।
ਐਮ.ਐਸ.ਸੀ. ਪੂਰੀ ਹੋਣ ਸਾਰ ਉਸਨੂੰ ਨੌਕਰੀਆਂ ਦੇ ਆਫਰ ਮਿਲਣੇ ਸ਼ੁਰੂ ਹੋ ਗਏ। ਯੂਨੀਵਰਸਿਟੀ ਵਿਚ ਹੀ ਚੰਗੀ ਨੌਕਰੀ ਮਿਲ ਗਈ। ਉਸਦੇ ਪ੍ਰੋਫੈਸਰ ਨੇ ਕੈਨੇਡਾ ਵਸਦੇ ਆਪਣੇ ਇਕ ਦੋਸਤ ਦੀ ਇਕਲੌਤੀ ਕੁੜੀ ਦਾ ਰਿਸ਼ਤਾ ਸ਼ਿੰਦੇ ਨੂੰ ਕਰਵਾ ਦਿੱਤਾ। ਪ੍ਰੋਫੈਸਰ ਦੀ ਤੇਜ਼ ਨਜ਼ਰ ਨੇ ਸ਼ਿੰਦੇ ਦੀਆਂ ਅੱਖਾਂ `ਚ ਮਿਹਨਤ ਦੇ ਪੁੰਗਰੇ ਬੀਜ ਦੇਖ ਲਏ ਸਨ। ਸ਼ਿੰਦੇ ਦੀ ਮੰਗੇਤਰ ਉਸਦੀ ਜਾਤ ਬਰਾਦਰੀ `ਚੋਂ ਹੀ ਸੀ। ਸ਼ਿੰਦੇ ਦੀ ਮਾਂ ਇਸ ਗੱਲ ਤੋਂ ਬਾਹਲੀ ਖੁਸ਼ ਸੀ ਕਿ ਕਿਸੇ ਹੰਕਾਰੀ ਜੱਟ ਨਾਲ ਰਿਸ਼ਤਾ ਨਹੀਂ ਜੁੜਿਆ।
ਉਹ ਆਪਣੀ ਭੈਣ ਨੂੰ ਗੱਲਾਂ-ਗੱਲਾਂ 1ਚ ਕਹਿੰਦੀ, ‘ਸ਼ੁਕਰ ਹੈ ਕੁੜੀ ਆਪਣੀ ਜਾਤ ਦੀ ਹੈ। ਨਹੀਂ ਤਾਂ ਮੈਨੂੰ ਉਹਦੇ `ਚੋਂ ਵੱਡੀ ਜਾਤ ਦੀ ਬਦਬੂ ਹੀ ਆਉਂਦੀ ਰਹਿਣੀ ਸੀ।’
ਸ਼ਿੰਦਾ, ਪੜ੍ਹੀ-ਲਿਖੀ ਅਤੇ ਉਚੀ-ਲੰਮੀ ਸਿਮਰ ਦੀ ਫੋਟੋ ਦਿਨ ਵਿਚ ਕਿੰਨੀ ਵਾਰ ਵੇਖਦਾ। ਮਾਂ ਨੂੰ ਖੁਸ਼ ਕਰਨ ਲਈ ਆਖਦਾ, ‘ਮਾਂ! ਤੈਨੂੰ ਕੁੜੀ ਸੱਚੀਂ ਹੀ ਪਸੰਦ ਆ ਕਿ ਉਪਰੋਂ-ਉਪਰੋਂ ਮੇਰਾ ਦਿਲ ਰੱਖਣ ਲਈ ਆਖਦੀ ਏਂ।’
ਬਚਨੋ ਲਾਡ ਨਾਲ ਉਸਦੀ ਗਲ੍ਹ `ਤੇ ਪੋਲੀ ਜੇਹੀ ਚਪੇੜ ਮਾਰਦੀ ਤੇ ਮਨ ਹੀ ਮਨ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਪਰ ਫਿਰ ਵੀ ਕਦੇ-ਕਦੇ ਪਿੰਡ, ਸਿਰ `ਤੇ ਮਤਰਾਲ ਨਾਲ ਭਰਿਆ ਟੋਕਰਾ, ਤੇ ਟੋਕਰੇ `ਚੋਂ ਚੋਅ-ਚੋਅ ਕੇ ਉਸਦੀ ਪਾਟੀ ਕੁੜਤੀ `ਤੇ ਡਿੱਗਦਾ ਮਤਰਾਲ ਜਦ ਯਾਦ ਆ ਜਾਂਦਾ ਤਾਂ ਉਸਦੀਆਂ ਅੱਖਾਂ ਭਰ ਜਾਂਦੀਆਂ।
ਹੁਣ ਉਸਨੂੰ ਇਹ ਸਭ ਕੁਝ ਕਰਨਾ ਨਹੀਂ ਸੀ ਪੈਂਦਾ। ਕਦੇ-ਕਦੇ ਉਸਨੂੰ ਖਿਆਲ ਆਉਂਦਾ ਕਿ ਉਹ ਪਿੰਡ ਜਾ ਕੇ ਬਿੱਕਰ ਸਿਉਂ ਨੂੰ ਦੱਸੇ ਕਿ ਕਿਸਮਤ ਦੇ ਰੰਗ ਤੁਹਾਡੇ ਨਾਲ ਹੀ ਨਹੀਂ ਖੇਡਦੇ, ਸਾਡੇ ਭਾਗਾਂ ਵਿਚ ਵੀ ਸਤਰੰਗੀਆਂ ਪੀਂਘਾਂ ਆ ਜਾਂਦੀਆਂ ਹਨ। ਉਸਨੂੰ ਪਿੰਡ ਛੱਡ ਕੇ ਸ਼ਹਿਰ ਆਉਣ ਦੇ ਫੈਸਲੇ `ਤੇ ਵੀ ਮਾਣ ਹੋਣ ਲੱਗਦਾ। ਉਹ ਆਪਣੇ ਮੂੰਹ ਆਈ ਗਾਲ੍ਹ ‘ਸਾਲਾ ਹੰਕਾਰੀ ਜੱਟ…ਮਾਂ ਦਾ ਖਸਮ’ ਮਸੀਂ-ਮਸੀਂ ਰੋਕਦੀ।
ਮਹੀਨੇ ਕੁ ਬਾਅਦ ਸਿਮਰ ਅਤੇ ਉਸਦਾ ਬਾਪ ਬੰਤਾ ਸਿੰਘ ਕੈਨੇਡਾ ਤੋਂ ਆ ਗਏ। ਬਚਨੋ ਨੂੰ ਫਿਕਰ ਪੈ ਗਿਆ ਕਿ ਉਹ ਉਨ੍ਹਾਂ ਨੂੰ ਕਿੱਥੇ ਬਿਠਾਉਣਗੇ। ਕਿਰਾਏ ਦਾ ਘਰ ਸੀ। ਰਸੋਈ, ਗੁਸਲਖਾਨੇ ਤੋਂ ਇਲਾਵਾ ਦੋ ਛੋਟੇ-ਛੋਟੇ ਕਮਰੇ ਸਨ। ਇਕ ਸ਼ਿੰਦੇ ਦੇ ਪੜ੍ਹਨ-ਸੌਣ ਦਾ ਕਮਰਾ ਸੀ ਅਤੇ ਦੂਜੇ ਵਿਚ ਸ਼ਿੰਦੇ ਦੀ ਮਾਂ ਅਤੇ ਮਾਸੀ ਸੌਂਦੀਆਂ ਸਨ।
ਖੈਰ…ਸਿਮਰ ਦੇ ਬਾਪ ਨੇ ਇਸ ਗੱਲ ਦਾ ਭੋਰਾ ਵੀ ਬੁਰਾ ਨਾ ਮਨਾਇਆ। ਉਸਨੇ ਖੁਦ ਬਥੇਰੀ ਗਰੀਬੀ ਹੰਢਾਈ ਸੀ। ਜੱਟਾਂ ਦੀਆਂ ਬਥੇਰੀਆਂ ਗਾਲ੍ਹਾਂ ਲਈਆਂ ਸਨ। ਨਿੱਕੀ-ਨਿੱਕੀ ਗੱਲ `ਤੇ ਮਾਂ-ਭੈਣ ਇਕ ਕਰਾਈ ਸੀ। ਦੁੱਖ ਸੀ ਤਾਂ ਸਿਰਫ ਏਸ ਗੱਲ ਦਾ ਕਿ ਸਿਮਰ ਦੀ ਮਾਂ ਇਹ ਖੁਸ਼ੀ ਦੇਖਣ ਤੋਂ ਪਹਿਲਾਂ ਹੀ ਕਾਰ ਹਾਦਸੇ ਵਿਚ ਰੱਬ ਨੂੰ ਪਿਆਰੀ ਹੋ ਗਈ ਸੀ। ਉਸਨੇ ਚਾਵਾਂ-ਲਾਡਾਂ ਨਾਲ ਧੀ ਨੂੰ ਪਾਲਿਆ ਅਤੇ ਮਨ ਵਿਚ ਧਾਰ ਲਿਆ ਕਿ ਉਹ ਕਿਸੇ ਹੋਣਹਾਰ ਮੁੰਡੇ ਨੂੰ ਸਿਮਰ ਦਾ ਹੱਥ ਫੜਾਉਣ ਸਮੇਂ ਆਪਣੀ ਧੀ ਦੀ ਪਸੰਦ ਦਾ ਵੀ ਖਿਆਲ ਰੱਖੇਗਾ। ਉਹ ਖੁਸ਼ ਸੀ ਕਿ ਸ਼ਿੰਦਰ ਸਿੰਘ ਤੇ ਸਿਮਰ ਦੋਨੋਂ ਇਕ-ਦੂਸਰੇ ਨੂੰ ਪਸੰਦ ਕਰਦੇ ਹਨ।
ਬੰਤਾ ਸਿੰਘ ਨੂੰ ਇਸ ਗੱਲ ਦੀ ਤਸੱਲੀ ਵੀ ਸੀ ਕਿ ਸ਼ਿੰਦਾ ਉਸਦੇ ਮਿਹਨਤ ਨਾਲ ਬਣਾਏ ਬਲੂ ਬੇਰੀ ਤੇ ਰਸਬੇਰੀ ਦੇ ਫਾਰਮ ਨੂੰ ਚੰਗੀ ਤਰ੍ਹਾਂ ਸੰਭਾਲ ਲਵੇਗਾ।
ਸਾਦੀ ਜਿਹੀ ਰਸਮ ਨਾਲ ਸ਼ਿੰਦੇ ਤੇ ਸਿਮਰ ਦਾ ਵਿਆਹ ਹੋ ਗਿਆ। ਬਚਨੋ ਦਾ ਦਿਲ ਤਾਂ ਕੀਤਾ ਕਿ ਪਿੰਡ ਗੰਢ ਦੇ ਆਵੇ ਪਰ ਅਨੇਕ ਤਰ੍ਹਾਂ ਦੀਆਂ ਸੋਚਾਂ ਨੇ ਉਸਨੂੰ ਰੋਕ ਲਿਆ।
ਵਿਆਹ ਕਰਵਾ ਸਿਮਰ ਵਾਪਸ ਕੈਨੇਡਾ ਆ ਗਈ। ਕੁਝ ਹੀ ਮਹੀਨਿਆਂ ਵਿਚ ਸਿ਼ੰਦਾ ਸਿਮਰ ਕੋਲ ਆ ਗਿਆ। ਸ਼ਿੰਦੇ ਦੀ ਇੱਛਾ ਸੀ ਕਿ ਹੋਰ ਪੜ੍ਹ ਲਵੇ…ਪਰ ਏਡੇ ਵੱਡੇ ਕਾਰੋਬਾਰ ਦੀ ਜਿ਼ੰਮੇਵਾਰੀ ਵੀ ਤਾਂ ਹੁਣ ਉਸਦੇ ਸਿਰ `ਤੇ ਸੀ।
ਸ਼ਿੰਦੇ ਨੇ ਖੇਤੀਬਾੜੀ ਦੀ ਪੀ.ਐਚਡੀ. ਦੀ ਡਿਗਰੀ ਕਰਨ ਦੀ ਖਾਹਿਸ਼ ਜ਼ਾਹਰ ਕੀਤੀ ਤਾਂ ਸਿਮਰ ਅਤੇ ਉਸਦੇ ਬਾਪ ਨੇ ਬੜੀ ਖੁਸ਼ੀ ਨਾਲ ਉਸ ਦੀ ਹਾਂ ਵਿਚ ਹਾਂ ਮਿਲਾ ਦਿੱਤੀ।
ਪੜ੍ਹਾਈ ਦੇ ਨਾਲ-ਨਾਲ ਸ਼ਿੰਦੇ ਨੇ ਫਾਰਮ ਦੀ ਦੇਖਭਾਲ ਦਾ ਜ਼ਿੰਮਾ ਚੁੱਕ ਲਿਆ। ਉਹ ਨਵੀਆਂ ਨਵੀਆਂ ਸਕੀਮਾਂ ਘੜਦਾ ਅਤੇ ਘੰਟਿਆਂਬੱਧੀ ਆਪਣੇ ਸਹੁਰੇ ਬੰਤਾ ਸਿੰਘ ਨਾਲ ਨਵੀਆਂ-ਨਵੀਆਂ ਕਿਸਮਾਂ ਅਤੇ ਵੱਧ ਝਾੜ ਲੈਣ ਦੀਆਂ ਵਿਉਂਤਾਂ ਸਾਂਝੀਆਂ ਕਰਦਾ ਰਹਿੰਦਾ। ਸ਼ਿੰਦੇ ਦੀ ਮਿਹਨਤ ਅਤੇ ਦੂਰ ਅੰਦੇਸ਼ੀ ਕਾਰਨ ਇਸ ਸਾਲ ਬਲੂ ਬੇਰੀ ਦੀ ਦਾ ਝਾੜ ਵੀ ਬਹੁਤ ਵਧੀਆ ਹੋਇਆ। ਸ਼ਿੰਦੇ ਨੇ ਵੱਟਾਂ ਤੋ ਘਾਹ ਆਪ ਕੱਢਿਆ ਸੀ।
ਸਿਮਰ ਨੂੰ ਚੰਗੀ ਫਰਮ `ਚ ਨੌਕਰੀ ਮਿਲ ਗਈ ਅਤੇ ਇਉਂ ਤਿੰਨੇ ਜਣੇ ਖੁਸ਼ੀ-ਖੁਸ਼ੀ ਰਹਿਣ ਲੱਗੇ।
ਖੁਸ਼ੀ ਜਿਆਦਾ ਦੇਰ ਨਾ ਰਹੀ। ਬੰਤਾ ਸਿਉਂ ਨੂੰ ਦਿਲ ਦਾ ਦੌਰਾ ਕੀ ਪਿਆ, ਹਸਪਤਾਲ ਜਾਂਦਿਆਂ ਹੀ ਦਮ ਤੋੜ ਗਿਆ। ਦੂਸਰੀ ਵਾਰੀ ਪਿਓ ਦਾ ਸਹਾਰਾ ਸਿਰ `ਤੋਂ ਉਠ ਗਿਆ।
ਇਕ ਦਿਨ ਸਿਮਰ ਕਹਿਣ ਲੱਗੀ, ‘ਸ਼ਿੰਦਰ, ਤੁਹਾਡਾ ਬਹੁਤਾ ਸਮਾਂ ਫਾਰਮ ਵਿਚ ਹੀ ਲੰਘ ਜਾਂਦਾ ਹੈ, ਪੜ੍ਹਾਈ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ। ਕਿਉਂ ਨਾ ਆਪਾਂ ਫਾਰਮ ਵੇਚ ਦੇਈਏ ਤੇ ਪੈਸੇ ਕਿਸੇ ਹੋਰ ਥਾਂ ਇਨਵੈਸਟ ਕਰ ਦੇਈਏ।’
ਸ਼ਿੰਦਾ ਆਪਣੇ ਸਹੁਰੇ ਬੰਤਾ ਸਿੰਘ ਦੀ ਕਹੀ ਗੱਲ ਹਮੇਸ਼ਾ ਚੇਤੇ ਰੱਖਦਾ ਸੀ। ‘ਪੁੱਤਰਾ ਇਹ ਫਾਰਮ ਮੈਂ ਬਹੁਤ ਮਿਹਨਤ ਨਾਲ ਬਣਾਇਆ ਹੈ। ਪਿੰਡ ਜਦੋਂ ਮੈਂ ਪਿੰਡ ਦੇ ਧਨਾਢ ਜੱਟ ਦਾ ਸੀਰੀ ਹੁੰਦਾ ਸਾਂ ਤਾਂ ਮਨ ਵਿਚ ਰੀਝ ਹੁੰਦੀ ਸੀ ਕਿ ਕਿਤੇ ਮੇਰਾ ਵੀ ਫਾਰਮ ਹੋਵੇਗਾ। ਇਹ ਫਾਰਮ ਮੇਰਾ ਸੁਪਨਾ ਹੈ। ਮੈਨੂੰ ਅਜੇ ਵੀ ਪਿੰਡ ਦੇ ਸਰਦਾਰ ਦੀਆਂ ਗਾਲ੍ਹਾਂ ਯਾਦ ਹਨ। ਇਕ ਦਿਨ ਸਰਦਾਰ ਨੇ ਮੈਨੂੰ ਪਰਾਣੀਆਂ ਨਾਲ ਕੁੱਟਿਆ ਸੀ। ਉਸਦੀ ਕੁੱਟ ਨੇ ਤਾਂ ਪਿੰਡਾ ਹੀ ਛਿਲਿਆ ਸੀ ਪਰ ਮੈਨੂੰ ਛੁਡਾਉਣ ਲੱਗੀ ਮੇਰੀ ਮਾਂ ਨੂੰ ਗੁੱਤੋਂ ਫੜ ਕੇ ਵਿਹੜੇ ਵਿਚ ਇਉਂ ਘੜੀਸਿਆ ਸੀ ਕਿ ਮੇਰੀ ਰੂਹ ਕੰਬ ਉਠੀ ਸੀ।’
ਸੋ ਸ਼ਿੰਦੇ ਨੇ ਸਿਮਰ ਦੀ ਇਸ ਤਜਵੀਜ਼ ਨੂੰ ਬੜੇ ਹੀ ਪਿਆਰ ਨਾਲ ਠੁਕਰਾ ਦਿੱਤਾ। ਉਸ ਨੇ ਵੀ ਆਪਣੀ ਮਾਂ-ਪਿਓ ਨੂੰ ਗਾਲ੍ਹਾਂ ਲੈਂਦੇ ਸੁਣਿਆ ਸੀ। ਉਸ ਨੇ ਵੀ ਤਾਂ ਆਪਣੇ ਨੈਣੀਂ ਫਾਰਮ ਦਾ ਮਾਲਕ ਹੋਣ ਦਾ ਸੁਪਨਾ ਲਿਆ ਸੀ। ਏਸੇ ਕਰਕੇ ਹੀ ਉਸ ਨੇ ਖੇਤੀਬਾੜੀ ਦੀ ਐਮ. ਐਸ. ਸੀ. ਕੀਤੀ ਸੀ ਤੇ ਹੁਣ ਪੀ ਐਚ ਡੀ ਕਰ ਰਿਹਾ ਸੀ।
ਅਕਸਰ ਹੀ ਸ਼ਿੰਦੇ ਨੂੰ ਆਪਣੀ ਮਾਂ ਤੇ ਮਾਸੀ ਦਾ ਖਿਆਲ ਆ ਜਾਂਦਾ। ਅੱਜ ਮਾਂ ਨੇ ਕੀ ਬਣਾਇਆ ਹੋਵੇਗਾ, ਮਾਸੀ ਦੀ ਦਵਾਈ ਮੁੱਕ ਗਈ ਹੋਵੇਗੀ…ਕਿਰਾਇਆ ਦੇਣ ਵਾਲਾ ਹੋਣਾ ਹੈ…ਠੰਢ ਸੁ਼ਰੂ ਹੋ ਗਈ ਹੈ…ਮਾਂ ਦੀ ਰਜਾਈ ਵੀ ਪਾਟ ਗਈ ਸੀ। ਮਾਂ ਤੇ ਮਾਸੀ ਦੋਵੇਂ ਹੀ ਬਹੁਤ ਲਾਪ੍ਰਵਾਹ ਹਨ…ਆਪਣੇ ਬਾਰੇ ਘੱਟ ਹੀ ਸੋਚਦੀਆਂ ਹਨ।
ਕਈ ਵਾਰੀ ਫਾਰਮ `ਚ ਫਿਰਦਿਆਂ ਉਸ ਦੀਆਂ ਅੱਖਾਂ ਭਰ ਆਉਂਦੀਆਂ। ਉਹ ਛੇਤੀ ਤੋਂ ਛੇਤੀ ਮਾਂ ਤੇ ਮਾਸੀ ਨੂੰ ਆਪਣੇ ਕੋਲ ਮੰਗਵਾਉਣਾ ਚਾਹੁੰਦਾ ਸੀ। ਪੈਸਾ-ਧੇਲਾ ਭਾਵੇਂ ਉਹ ਭੇਜਦਾ ਰਹਿੰਦਾ ਸੀ, ਪਰ ਫਿਰ ਵੀ ਝੇਲੀਆਂ ਪੀੜਾਂ ਦੀਆਂ ਯਾਦਾਂ ਉਸ ਦਾ ਪਿੱਛਾ ਨਹੀਂ ਸੀ ਛੱਡ ਰਹੀਆਂ। ਜਦੋਂ ਵੀ ਕੋਈ ਅਜਿਹੀ ਯਾਦ ਆਉਂਦੀ, ਉਸ ਨੂੰ ਲੱਗਦਾ ਜਿਵੇਂ ਅੱਕ ਦੀ ਡੋਡੀ `ਤੇ ਜੀਭ ਰੱਖੀ ਗਈ ਹੋਵੇ।
ਸਿਮਰ ਬਹੁਤ ਹੀ ਸਮਝਦਾਰ ਅਤੇ ਭਾਵੁਕ ਕਿਸਮ ਦੀ ਕੁੜੀ ਸੀ। ਉਸ ਦੇ ਬਾਪ ਨੇ ਆਪਣੇ ਜੀਵਨ ਦੀ ਪੂਰੀ ਕਹਾਣੀ ਆਪਣੀ ਧੀ ਨਾਲ ਸਾਂਝੀ ਕੀਤੀ ਹੋਈ ਸੀ। ਇ ਸੇ ਕਰਕੇ ਉਸ ਨੂੰ ਮਿਹਨਤ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਸੀ। ਭਾਵੇਂ ਉਸ ਨੇ ਖੁਦ ਕਦੇ ਬੁਰੇ ਦਿਨ ਨਹੀਂ ਸਨ ਦੇਖੇ, ਪਰ ਉਸਨੂੰ ਆਪਣੇ ਪਿਤਾ ਦੀ ਕਹਾਣੀ ਯਾਦ ਸੀ।
ਸਿਮਰ `ਤੇ ਇਨ੍ਹਾਂ ਗੱਲਾਂ ਦਾ ਬਹੁਤ ਪ੍ਰਭਾਵ ਸੀ। ਉਸ ਨੂੰ ਪਤਾ ਸੀ ਕਿ ਭਾਵੇਂ ਕੈਨੇਡਾ ਵਿਚ ਉਹ ਬਾਕੀ ਲੋਕਾਂ ਵਾਂਗ ਹੈ ਪਰ ਭਾਰਤ ਵਿਚ ਉਹ ਨੀਵੀਂ ਜਾਤੀ ਦੀ ਸਮਝੀ ਜਾਂਦੀ ਹੈ। ਪਿਤਾ ਦੀਆਂ ਦੱਸੀਆਂ ਗੱਲਾਂ ਨੇ ਉਸ ਨੂੰ ਬਹੁਤ ਭਾਵੁਕ ਬਣਾ ਦਿੱਤਾ ਸੀ ਅਤੇ ਉਹ ਹਰ ਉਸ ਇਨਸਾਨ ਦੀ ਮਦਦ ਕਰਨਾ ਚਾਹੁੰਦੀ ਸੀ, ਜਿਸ ਉਪਰ ਉਚੀ ਜਾਤ ਨੇ ਤਸ਼ੱਦਦ ਕੀਤਾ ਸੀ।
ਉਹ ਸ਼ਿੰਦੇ ਦੀਆਂ ਭਾਵਨਾਵਾਂ ਨੂੰ ਸਮਝਦੀ ਸੀ। ਇਸੇ ਕਰਕੇ ਹੀ ਉਸਨੇ ਇਕ ਦਿਨ ਸ਼ਿੰਦੇ ਨੂੰ ਸਲਾਹ ਦਿੱਤੀ ਕਿ ਆਪਾਂ ਮਾਂ ਨੂੰ ਅਪਲਾਈ ਕਰਕੇ ਮੰਗਵਾ ਲਈਏ। ਸ਼ਿੰਦੇ ਦਾ ਚਿੱਤ ਤਾਂ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ ਉਸ ਦੀ ਮਾਸੀ ਵੀ ਆ ਜਾਵੇ ਪਰ ਆਵੇ ਤਾਂ ਕਿਵੇਂ ਆਵੇ। ਮਾੜੇ ਦਿਨਾਂ ਵਿਚ ਮਾਸੀ ਨੇ ਹੀ ਤਾਂ ਸਹਾਰਾ ਦਿੱਤਾ ਸੀ। ਉਸਦਾ ਰੋਮ-ਰੋਮ ਮਾਸੀ ਦਾ ਰਿਣੀ ਸੀ।
ਬਚਨੋ ਦਾ ਅਪਲਾਈ ਹੋ ਗਿਆ ਅਤੇ ਛੇਤੀ ਹੀ ਉਹ ਆਪਣੇ ਨੂੰਹ ਪੁੱਤ ਕੋਲ ਆ ਗਈ। ਸਾਰਾ-ਸਾਰਾ ਦਿਨ ਸਿਆਲਾਂ `ਚ ਨੰਗੇ ਪੈਰੀਂ ਠੁਰ-ਠੁਰ ਕਰਦੀ ਬਚਨੋ ਹੁਣ ਮਹਿਲ ਵਰਗੇ ਘਰ ‘ਚ ਫਾਇਰ ਪਲੇਸ ਦੇ ਸਾਹਮਣੇ ਬੈਠੀ ਸੀ।
ਸ਼ਿੰਦਾ ਆਪਣੀ ਪੜ੍ਹਾਈ ਦੇ ਨਾਲ ਫਾਰਮ ਦੀ ਦੇਖਭਾਲ ਵੀ ਕਰਦਾ। ਉਹ ਖੁਦ ਟਰੈਕਟਰ ਚਲਾਉਂਦਾ, ਬਲੂ-ਬੇਰੀ ਦੇ ਖੇਤ `ਚੋਂ ਖੁਦ ਘਾਹ ਕੱਢਦਾ। ਉਹ ਵੱਡਿਆਂ ਦਾ ਸਤਿਕਾਰ ਕਰਦਾ ਅਤੇ ਛੋਟਿਆਂ ਨਾਲ ਪਿਆਰ ਨਾਲ ਪੇਸ਼ ਆਉਂਦਾ। ਕਾਮੇ ਵੀ ਉਸਨੂੰ ਪੂਰਾ ਮਾਣ ਸਤਿਕਾਰ ਦਿੰਦੇ।
ਇਕ ਦਿਨ ਬਲੂ ਬੇਰੀ ਪੂਰੇ ਜ਼ੋਰ-ਸ਼ੋਰ ਨਾਲ ਤੋੜੀ ਜਾ ਰਹੀ ਸੀ। ਕਿਸੇ ਦੇ ਰੌਲਾ ਪਾਉਣ ਦੀ ਆਵਾਜ਼ ਆਈ, ‘ਓਏ ਆਇਓ…ਬਿੱਕਰ ਸਿਉਂ ਨੂੰ ਪਤਾ ਨੀਂ ਕੀ ਹੋ ਗਿਆ।’ ਆਸੇ-ਪਾਸੇ ਬੇਰੀ ਤੋੜ ਰਹੇ ਲੋਕ ਭੱਜ ਕੇ ਗਏ। ਬਿੱਕਰ ਸਿੰਘ ਬਲੂ-ਬੇਰੀ ਦੀਆਂ ਦੋਹਾਂ ਵੱਟਾਂ ਵਿਚਕਾਰ ਡਿੱਗਿਆ ਪਿਆ ਸੀ।
ਸ਼ਿੰਦਾ ਵੀ ਭੱਜ ਕੇ ਗਿਆ। ਉਸ ਦੇਖਿਆ ਤਾਂ ਹੈਰਾਨ ਰਹਿ ਗਿਆ…‘ਇਹ ਤਾਂ ਸਰਦਾਰ ਬਿੱਕਰ ਸਿੰਘ ਹੈ। ਇਹ ਮੇਰੇ ਫਾਰਮ ਵਿਚ ਬਲੂ ਬੇਰੀ ਤੋੜ ਰਿਹਾ ਹੈ।’
ਉਸਨੇ ਦੇਖਿਆ…ਨਬਜ਼ ਠੀਕ-ਠਾਕ ਚੱਲ ਰਹੀ ਸੀ। ਮੂੰਹ `ਤੇ ਪਾਣੀ ਦੇ ਛਿੱਟੇ ਮਾਰੇ…ਕੁਝ ਹੋਸ਼ ਜਿਹੀ ਆਈ।
ਇਨੇ ਨੂੰ ਐਂਬੂਲੈਂਸ ਆ ਗਈ। ਕੁਝ ਹੀ ਮਿੰਟਾਂ `ਚ ਬਿੱਕਰ ਸਿੰਘ ਹਸਪਤਾਲ ਸੀ।
ਸ਼ਿੰਦਾ ਜਿਸਨੂੰ ਹੁਣ ਸਾਰੇ ਸ਼ਿੰਦਰ ਸਿੰਘ ਹੀ ਆਖਿਆ ਕਰਦੇ ਸਨ, ਅਂੈਬੂਲੈਂਸ ਦੇ ਪਿੱਛੇ ਹੀ ਹਸਪਤਾਲ ਚਲਾ ਗਿਆ। ਡਾਕਟਰ ਬਿੱਕਰ ਸਿੰਘ ਦਾ ਚੈਕਅਪ ਕਰ ਰਹੇ ਸਨ। ਇਸ ਲਈ ਸ਼ਿੰਦਾ ਬਾਹਰ ਉਡੀਕ ਕਰਨ ਲੱਗ ਪਿਆ।
ਪੰਦਰਾਂ ਵੀਹਾਂ ਮਿੰਟਾਂ ਬਾਅਦ ਡਾਕਟਰ ਬਾਹਰ ਆਇਆ, ‘ਇਹਨਾਂ ਨੂੰ ਕੁਝ ਦਿਨ ਇਥੇ ਹਸਪਤਾਲ ਚ ਹੀ ਰੱਖਾਂਗੇ। ਪੂਰੀ ਜਾਂਚ ਕਰਨੀ ਪੈਣੀ ਹੈ ਕਿ ਬੇਹੋਸ਼ੀ ਦਾ ਕੀ ਕਾਰਨ ਸੀ।’
ਸੋ ਬਿੱਕਰ ਸਿੰਘ ਨੂੰ ਐਮਰਜੈਂਸੀ `ਚੋਂ ਕੱਢ ਕੇ ਚੌਥੀ ਮੰਜ਼ਿਲ ਦੇ ਕਮਰੇ ‘ਚ ਭੇਜ ਦਿੱਤਾ। ਨਰਸ ਨੇ ਸਿ਼ੰਦੇ ਨੂੰ ਕਿਹਾ ਕਿ ਹੁਣ ਤੁਸੀਂ ਉਨ੍ਹਾਂ ਦੇ ਕਮਰੇ ‘ਚ ਜਾ ਸਕਦੇ ਹੋ।
ਜਿਉਂ ਹੀ ਸ਼ਿੰਦਾ ਕਮਰੇ `ਚ ਦਾਖਲ ਹੋਇਆ, ਬਿੱਕਰ ਸਿੰਘ ਦੀ ਹਾਲਤ ਦੁਬਾਰਾ ਦੌਰਾ ਪੈਣ ਵਾਲੀ ਹੋ ਗਈ। ਉਹ ਹੈਰਾਨ ਪਰੇਸ਼ਾਨ ਸੀ। ਉਸ ਦੀ ਆਵਾਜ਼ ਨਹੀਂ ਸੀ ਨਿਕਲ ਰਹੀ।
‘ਬਿਲਕੁਲ ਸ਼ਿੰਦੇ ਵਰਗਾ ਲੱਗਦਾ ਹੈ…ਪਰ ਇਹ ਇਥੇ ਕਿਵੇਂ…ਸ਼ੈਦ ਕੋਈ ਹੋਰ ਹੋਵੇ…ਨਹੀਂ-ਨਹੀਂ ਇਹ ਸ਼ਿੰਦਾ ਹੀ ਹੈ…ਤਾਂ ਹੀ ਤਾਂ ਇਥੇ ਮੇਰੇ ਕੋਲ ਆਇਆ ਹੈ।’ ਮਿੰਟਾਂ ਸਕਿੰਟਾਂ `ਚ ਉਹ ਕਿਤੇ ਦਾ ਕਿਤੇ ਪੁੱਜ ਗਿਆ।
ਸ਼ਿੰਦੇ ਨੇ ਕੁਰਸੀ ਬੈੱਡ ਦੇ ਨੇੜੇ ਖਿੱਚ ਲਈ। ਜਿਉਂ ਹੀ ਸ਼ਿੰਦੇ ਨੇ ਬਿੱਕਰ ਸਿੰਘ ਦਾ ਹੱਥ ਫੜਿਆ, ਬਿੱਕਰ ਸਿੰਘ ਨੂੰ ਯਕੀਨ ਹੋ ਗਿਆ ਕਿ ਇਹ ਸ਼ਿੰਦਾ ਹੀ ਹੈ। ਬਿੱਕਰ ਸਿੰਘ ਦੀਆਂ ਅੱਖਾਂ ਭਰ ਆਈਆਂ। ਉਹ ਲੜਖੜਾਉਂਦੀ ਆਵਾਜ਼ `ਚ ਕਹਿਣ ਲੱਗਾ, ‘ਪੁੱਤ…ਤੂੰ ਸ਼ਿੰ…।’
ਸ਼ਿੰਦਾ ਬਿੱਕਰ ਸਿੰਘ ਦੇ ਹੋਰ ਨੇੜੇ ਹੋ ਗਿਆ ਤੇ ਕਹਿਣ ਲੱਗਾ, ‘ਹਾਂ..ਸਰਦਾਰ ਜੀ ਮੈਂ ਸ਼ਿੰਦਾ ਹੀ ਹਾਂ।’ ਬਿੱਕਰ ਸਿੰਘ ਨੇ ਸ਼ਿੰਦੇ ਨੂੰ ਗਲਵੱਕੜੀ ਪਾਉਣੀ ਚਾਹੀ ਪਰ ਉਠ ਨਾ ਸਕਿਆ।
ਸ਼ਿੰਦੇ ਨੇ ਆਪ ਹੀ ਲੇਟੇ ਹੋਏ ਬਿੱਕਰ ਸਿੰਘ ਨੂੰ ਗਲਵੱਕੜੀ ਪਾ ਲਈ। ਦੋਹਾਂ ਦੀਆਂ ਅੱਖਾਂ ਨਮ ਸਨ।
ਜਿਉਂ-ਜਿਉਂ ਸ਼ਿੰਦਾ ਆਪਣੀ ਕੈਨੇਡਾ ਆਉਣ ਦੀ ਕਹਾਣੀ ਦੱਸ ਰਿਹਾ ਸੀ ਬਿੱਕਰ ਸਿੰਘ ਦੇ ਚੇਹਰੇ `ਤੇ ਪਛਤਾਵਾ ਤੇ ਸ਼ਰਮਿੰਦਗੀ ਦਾ ਆਲਮ ਵਧ ਰਿਹਾ ਸੀ।
ਬਿੱਕਰ ਸਿਉਂ ਨੇ ਵੀ ਆਪਣੀ ਗੱਲ ਦੱਸ ਦਿੱਤੀ ਕਿ ਉਹ ਆਉਣਾ ਨਹੀਂ ਸੀ ਚਾਹੁੰਦਾ ਪਰ ਜਿੰਦਰ ਨੇ ਜਿ਼ੱਦ ਕੀਤੀ ਕਿ ਕੈਨੇਡਾ ਜਾ ਕੇ ਬੁੜੇ ਬਹੁਤ ਪੈਸੇ ਬਣਾ ਲੈਂਦੇ ਆ। ਬਾਪੂ ਤੂੰ ਵੀ ਜਾ, ਨਾਲੇ ਚੰਗੇ ਮੁਲਕ ਦੀਆਂ ਮੌਜਾਂ ਮਾਣ ਤੇ ਨਾਲੇ ਪੈਸੇ ਕਮਾ ਲੋਕਾਂ ਦੇ ਬੁੜਿਆਂ ਵਾਂਗ। ਤੇਰਾ ਕਿਹੜਾ ਓਥੇ ਬਾਹਲਾ ਖਰਚ ਹੋਣਾ ਹੈ, ਸਾਡੀ ਬਹੁਤ ਮਦਦ ਹੋ ਜੂ‘ਗੀ।
ਸ਼ਿੰਦਾ ਲਗਾਤਾਰ ਉਸਦਾ ਹੱਥ ਪਲੋਸ ਰਿਹਾ ਸੀ। ਬਿੱਕਰ ਸਿੰਘ ਲਗਾਤਾਰ ਪਸੀਜ ਰਿਹਾ ਸੀ। ਆਖਿਰ ਉਸ ਨੇ ਸਾਰਾ ਹੌਸਲਾ ਇਕੱਠਾ ਕਰ ਕੇ ਕਹਿ ਹੀ ਦਿੱਤਾ, ‘ਸ਼ਿੰਦੇ ਪੁੱਤ! ਹੁਣ ਮੈਂ ਸਰਦਾਰ ਜੀ ਨਹੀਂ, ਤੇਰਾ ਚਾਚਾ ਹਾਂ।’
ਏਨਾ ਕਹਿਣ ਸਾਰ ਬਿੱਕਰ ਸਿੰਘ ਦੀ ਭੁੱਬ ਨਿਕਲ ਗਈ ਪਰ ਹਸਪਤਾਲ ਦੇ ਵਾਤਾਵਰਨ ਨੂੰ ਮੱਦੇ-ਨਜ਼ਰ ਰੱਖਦਿਆਂ ਉਸ ਨੇ ਕਸੀਸ ਵੱਟ ਲਈ।
ਸ਼ਿੰਦੇ ਨੇ ਬੜੇ ਪਿਆਰ ਨਾਲ ਬਿੱਕਰ ਸਿੰਘ ਦੇ ਮੱਥੇ `ਤੇ ਹੱਥ ਫੇਰਿਆ ਤੇ ਕਹਿਣ ਲੱਗਾ, ‘ਚਾਚਾ! ਮਨ ਖਰਾਬ ਨਹੀਂ ਕਰਨਾ। ਮੈਂ ਹੁਣ ਤੈਨੂੰ ਮਿਲ ਗਿਆਂ ਹਾਂ, ਹੌਸਲਾ ਰੱਖ। ਤੂੰ ਜਲਦੀ ਠੀਕ ਹੋ ਜਾਵੇਂਗਾ। ਮੈਂ ਕੱਲ੍ਹ ਨੂੰ ਬੇਬੇ ਨੂੰ ਨਾਲ ਲਿਆਊਂਗਾ। ਬਹੁਤ ਖੁਸ਼ ਹੋਊ ਤੈਨੂੰ ਮਿਲ ਕੇ।’
ਹਰਪਾਲ ਵੀ ਆ ਗਈ। ਕਿਸੇ ਕਾਮੇ ਨੇ ਫਾਰਮ `ਚੋਂ ਹੀ ਹਰਪਾਲ ਨੂੰ ਫੋਨ ਕਰ ਦਿੱਤਾ ਸੀ। ਹਰਪਾਲ ਤੇ ਸ਼ਿੰਦੇ ਨੇ ਝੱਟਪਟ ਇਕ ਦੂਸਰੇ ਨੂੰ ਪਹਿਚਾਣ ਲਿਆ। ਹਰਪਾਲ ਦਾ ਆਪਣੇ ਪਤੀ ਰਵਿੰਦਰ ਨਾਲ ਤਲਾਕ ਹੋ ਚੁੱਕਾ ਸੀ। ਉਹ ਪੀ ਕੇ, ਬਹਾਨੇ ਬਣਾ-ਬਣਾ ਹਰਪਾਲ ਦੀ ਕੁੱਟਮਾਰ ਕਰਦਾ ਰਹਿੰਦਾ। ਆਖਿਰ ਹਰਪਾਲ ਸ਼ਰਾਬੀ ਰਵਿੰਦਰ ਤੋਂ ਖਹਿੜਾ ਛੁਡਾ ਆਪਣੇ ਦੋ ਬੱਚਿਆਂ ਅਤੇ ਬਾਪ ਨਾਲ ਕਿਸੇ ਦੀ ਬੇਸਮੈਂਟ `ਚ ਰਹਿਣ ਲੱਗ ਪਈ ਸੀ।
ਹਰਪਾਲ ਤੇ ਸ਼ਿੰਦਾ ਚਿਰਾਂ ਤੋਂ ਵਿੱਛੜੇ ਭੈਣ ਭਰਾਵਾਂ ਵਾਂਗ ਮਿਲੇ। ਜਦੋਂ ਸ਼ਿੰਦੇ ਨੂੰ ਬਿੱਕਰ ਸਿਉਂ ਤੋਂ ਗਾਲ੍ਹਾਂ ਮਿਲਦੀਆਂ, ਹਰਪਾਲ ਨੂੰ ਸ਼ਿੰਦੇ ਨਾਲ ਹਮਦਰਦੀ ਰਹਿੰਦੀ ਸੀ। ਉਹ ਜਦੋਂ ਵੀ ਬਿੱਕਰ ਸਿੰਘ ਨੂੰ ਘਰ ਲਿਜਾਣ ਵਾਸਤੇ ਰੋਟੀ ਦਿੰਦੀ ਤਾਂ ਦਾਲ `ਚ ਬਹੁਤਾ ਸਾਰਾ ਘਿਓ ਪਾ ਦਿੰਦੀ ਅਤੇ ਸਾਰਿਆਂ ਤੋਂ ਚੋਰੀ ਸ਼ਿੰਦੇ ਵਾਸਤੇ ਕਾੜ੍ਹਨੀ ਦਾ ਦੁੱਧ ਵੀ ਦੇ ਦਿਆ ਕਰਦੀ ਸੀ। ਉਸ ਨੂੰ ਸ਼ਿੰਦਾ ਆਪਣੇ ਵੀਰ ਜਿਹਾ ਲੱਗਦਾ ਸੀ, ਪਰ ਉਸ ਨੇ ਆਪਣੀ ਇਸ ਹਮਦਰਦੀ ਦੀ ਭਿਣਕ ਕਿਸੇ ਦੇ ਕੰਨੀਂ ਨਾ ਪੈਣ ਦਿੱਤੀ।
ਹਰਪਾਲ ਨੇ ਸ਼ਿੰਦੇ ਦੁਆਲੇ ਆਪਣੀਆਂ ਬਾਹਾਂ ਢਿੱਲੀਆਂ ਕਰਦੇ ਹੋਏ ਕਿਹਾ, ‘ਸ਼ਿੰਦੇ ਵੀਰ! ਤੂੰ ਮੈਨੂੰ ਪਛਾਣਿਆ?’
ਸ਼ਿੰਦੇ ਨੇ ਬੜੇ ਪਿਆਰ ਨਾਲ ਉਸ ਨੂੰ ਫਿਰ ਗਲਵੱਕੜੀ ਪਾ ਲਈ ਤੇ ਕਹਿਣ ਲੱਗਾ, ‘ਭੈਣੇ, ਮੈਂ ਕਿਵੇਂ ਭੁੱਲ ਸਕਦਾਂ ਤੈਨੂੰ? ਤੇਰਾ ਖਾਮੋਸ਼ ਪਿਆਰ ਹਮੇਸ਼ਾਂ ਹੀ ਮੇਰੇ ਨਾਲ ਰਿਹਾ ਹੈ। ਤੂੰ, ਤੂੰ…ਹੁਣ ਭੋਰਾ ਫਿਕਰ ਨਾ ਕਰ…ਮੈਂ, ਤੇਰਾ ਵੀਰ ਤੇਰੇ ਨਾਲ ਹਾਂ।’
ਕੁਝ ਦੇਰ ਹੋਰ ਬਹਿ ਕੇ, ਬੇਬੇ ਤੇ ਸਿਮਰ ਨੂੰ ਨਾਲ ਲਿਆਉਣ ਦਾ ਵਾਅਦਾ ਕਰਕੇ ਸ਼ਿੰਦਾ ਘਰ ਆ ਗਿਆ।
ਬਿੱਕਰ ਸਿਉਂ ਨੂੰ ਨਰਸ ਸੌਣ ਲਈ ਗੋਲੀ ਦੇ ਗਈ। ਨਹੀਂ ਤਾਂ ਸ਼ਾਇਦ ਉਸਨੂੰ ਨੀਂਦ ਹੀ ਨਾ ਆਉਂਦੀ। ਉਸਨੂੰ ਧੁੜਕੂ ਸੀ ਕਿ ਬਚਨੋ ਉਸ ਦਾ ਪਤਾ ਲੈਣ ਜੇ ਆਈ ਤਾਂ ਕਿਹੜੇ ਮੂੰਹ ਨਾਲ ਉਸਦੇ ਸਾਹਮਣੇ ਹੋਵੇਗਾ।
ਸ਼ਿੰਦੇ ਨੇ ਘਰ ਆ ਕੇ ਸਾਰੀ ਕਹਾਣੀ ਆਪਣੀ ਮਾਂ ਬਚਨੋ ਤੇ ਸਿਮਰ ਨੂੰ ਦੱਸੀ। ਬਚਨੋ ਤਾਂ ਬਿੱਕਰ ਸਿਉਂ ਨੂੰ ਮਿਲਣ ਲਈ ਬਹੁਤ ਹੀ ਉਤਾਵਲੀ ਹੋ ਗਈ। ਉਸਨੂੰ ਆਪਣੇ ਪੁੱਤ `ਤੇ ਮਾਣ ਵੀ ਸੀ ਕਿ ਹੁਣ ਦਿਖਾਊਗੀ ਬਿੱਕਰ ਸਿਉਂ ਨੂੰ ਕਿ ਇਉਂ ਕਿਸਮਤ ਪਲਟੇ ਮਾਰਦੀ ਹੈ ਤੇ ਹੁਣ ਮੇਰਾ ਪੁੱਤ ਕਿਸੇ ਡੀ.ਸੀ. ਤੋਂ ਘੱਟ ਨੀ!
ਅਗਲੇ ਦਿਨ ਤਿੰਨੇ ਜਣੇ ਬਿੱਕਰ ਸਿੰਘ ਨੂੰ ਮਿਲਣ ਚਲੇ ਗਏ। ਬਿੱਕਰ ਸਿੰਘ ਬਚਨੋ ਨੂੰ ਦੇਖ ਕੇ ਪਹਿਲਾਂ ਤਾਂ ਕੁਝ ਸ਼ਰਮਿੰਦਾ ਜਿਹਾ ਹੋ ਗਿਆ ਪਰ ਇਹ ਦੇਖ ਕੇ ਬਚਨੋ ਦੇ ਚਿਹਰੇ `ਤੇ ਤਾਂ ਕਿਸੇ ਵੀ ਤਰ੍ਹਾਂ ਦਾ ਗਿਲਾ-ਸ਼ਿਕਵਾ ਨਹੀਂ, ਉਹ ਕੁਝ ਹੌਸਲੇ `ਚ ਆ ਗਿਆ। ਬਚਨੋ ਨੇ ਆਪਣੇ ਰੋਸ `ਤੇ ਕਾਬੂ ਪਾ ਲਿਆ ਸੀ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਸ਼ਿੰਦੇ ਨੂੰ ਬਿਲਕੁਲ ਸ਼ਾਂਤ ਦੇਖ ਬਿੱਕਰ ਸਿਉਂ ਪ੍ਰਤੀ ਉਸ ਨੇ ਆਪਣੀਆਂ ਵਿਰੋਧੀ ਸੁਰਾਂ ਨੂੰ ਕਾਬੂ ਕਰ ਲਿਆ ਸੀ।
ਬਚਨੋ ਨੇ ਕਿਹਾ ‘ਸਤਿ ਸ੍ਰੀ ਅਕਾਲ ਸਰਦਾਰ ਜੀ।’
ਬਿੱਕਰ ਸਿੰਘ ਦਾ ਮਨ ਭਰ ਆਇਆ। ਬਚਨੋ ਸਫਿਆਨੇ ਸੂਟ ਵਿਚ ਵੱਡੀ ਸਰਦਾਰਨੀ ਲੱਗ ਰਹੀ ਸੀ।
ਬਿੱਕਰ ਸਿੰਘ ਨੇ ਭਰੇ ਗੱਚ ਨਾਲ ਸਤਿ ਸ੍ਰੀ ਆਕਾਲ ਦਾ ਜਵਾਬ ਦਿੱਤਾ ਤੇ ਕਿਹਾ, ‘ਕੀ ਹਾਲ ਹੈ ਬਚਨ ਕੁਰੇ।’
ਬਚਨੋ ਹੁਣ ਬਚਨੋ ਤੋਂ ‘ਬਚਨ ਕੁਰ’ ਬਣ ਗਈ ਸੀ।
‘ਬਚਨ ਕੁਰ’ ਸੁਣ ਕੇ ਬਚਨੋ ਦਾ ਮਨ ਭਰ ਆਇਆ। ਉਸਨੇ ਭਰੇ ਗਲੇ ਨਾਲ ਕਿਹਾ, ‘ਮੈਂ ਤਾਂ ਠੀਕ ਆਂ, ਪਰ ਇਹ ਤੁਹਾਨੂੰ ਕੀ ਹੋ ਗਿਆ। ਸ਼ਿੰਦਾ ਤਾਂ ਬਾਹਲਾ ਹੀ ਫਿਕਰ ਕਰਦਾ ਰਿਹਾ ਸਾਰੀ ਰਾਤ।’
ਬਿੱਕਰ ਸਿੰਘ ਇਕ ਦਮ ਬੋਲ ਪਿਆ, ‘ਦੇਖ ਜੈਲਾ ਮੈਥੋਂ ਬਹੁਤ ਵੱਡਾ ਸੀ, ਮੇਰਾ ਤੂੰ ਨਾਂ ਹੀ ਲੈ ਦਿਆ ਕਰ।’ ਸਾਰੇ ਥੋੜਾ ਜਿਹਾ ਹੱਸ ਪਏ।
ਸਿਮਰ ਨੇ ਬਿੱਕਰ ਸਿਉਂ ਦੇ ਪੈਰੀਂ ਹੱਥ ਲਾਏ। ਬਿੱਕਰ ਸਿੰਘ ਨੇ ਸੌ-ਸੌ ਅਸੀਸਾਂ ਦਿੱਤੀਆਂ।
ਤਿੰਨ ਚਾਰ ਦਿਨਾਂ ਬਾਅਦ ਬਿੱਕਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਡਾਕਟਰਾਂ ਨੇ ਸਾਰੀ ਚੈਕ-ਅਪ ਕਰ ਕੇ ਕਹਿ ਦਿੱਤਾ ਕਿ ਇਹ ਬਿਲਕੁਲ ਤੰਦਰੁਸਤ ਹੈ। ਗਰਮੀ ਕਾਰਨ ਮਾਮੂਲੀ ਜਿਹਾ ਚੱਕਰ ਆਉਣ ਕਰਕੇ ਬੇਹੋਸ਼ ਹੋ ਗਿਆ ਸੀ। ਖੂਨ ਦੀ ਕੁਝ ਕਮੀ ਹੈ, ਦਵਾਈ ਲਿਖ ਦਿੱਤੀ ਹੈ।
ਸ਼ਿੰਦਾ, ਬਿੱਕਰ ਸਿੰਘ ਨੂੰ ਆਪ ਹਸਪਤਾਲੋਂ ਲੈਣ ਗਿਆ। ਜਿਸ ਬੇਸਮੈਂਟ ਵਿਚ ਬਿੱਕਰ ਸਿੰਘ ਤੇ ਹਰਪਾਲ ਰਹਿ ਰਹੇ ਸਨ, ਉਹ ਬਹੁਤ ਪੁਰਾਣੀ ਅਤੇ ਹਨੇਰੀ ਜਿਹੀ ਸੀ।
ਹਰਪਾਲ ਨੇ ਬੜੇ ਹੀ ਚਾਅ ਨਾਲ ਆਪਣੇ ਬੱਚਿਆਂ ਨੂੰ ਦੱਸਿਆ ਕਿ ਤੁਹਾਡਾ ਮਾਮਾ ਜੀ ਹੈ। ਸ਼ਿੰਦੇ ਨੇ ਵੀ ਬੱਚਿਆਂ ਨੂੰ ਲੋਹੜੇ ਦਾ ਪਿਆਰ ਦਿੱਤਾ।
ਸ਼ਿੰਦੇ ਦਾ ਦਿਲ ਤਾਂ ਕੀਤਾ ਕਿ ਉਹ ਆਖ ਦੇਵੇ, ‘ਚਾਚਾ ਉਠ…ਮੇਰੇ ਨਾਲ ਚੱਲ। ਏਨੇ ਵੱਡੇ ਘਰ ਅਸੀਂ ਤਿੰਨ ਜਣੇ ਹੀ ਤਾਂ ਹਾਂ। ਤੁਹਾਡੇ ਜੋਗੀ ਬਥੇਰੀ ਥਾਂ ਹੈ।’
ਪਰ ਕਿਸੇ ਸੋਚ ਨੇ ਉਸ ਨੂੰ ਚੁੱਪ ਰਹਿਣ ਲਈ ਹੀ ਕਿਹਾ। ਉਸ ਨੇ ਆਪਣੀ ਮਾਂ ਤੇ ਸਿਮਰ ਨਾਲ ਵੀ ਸਲਾਹ ਨਹੀਂ ਸੀ ਕੀਤੀ।
ਤੀਸਰੇ ਦਿਨ ਸ਼ਿੰਦਾ ਫਿਰ ਬਿੱਕਰ ਸਿੰਘ ਤੇ ਹਰਪਾਲ ਨੂੰ ਮਿਲਣ ਚਲਾ ਗਿਆ। ਬਿੱਕਰ ਸਿੰਘ ਕਹਿਣ ਲੱਗਾ, ‘ਪੁੱਤ ਮੇਰਾ ਵਿਹਲੇ ਬੈਠਿਆਂ ਨਹੀਂ ਸਰਦਾ। ਕੁੜੀ ਦੀ ਕਮਾਈ ਨਾਲ ਕੁਝ ਨੀ ਬਣਦਾ, ਨਾਲੇ ਇਹਨੂੰ ਵੀ ਤਾਂ ਮਸਾਂ ਬਾਰਾਂ ਤੇਰਾਂ ਡਾਲੇ ਮਿਲਦੇ ਆ। ਤੂੰ ਦੱਸ ਮੈਂ ਹੁਣ ਕੰਮ ਕਰਨ ਕਦੋਂ ਆਵਾਂ ਤੇ ਨਾਲੇ ਜੇ ਤੂੰ ਮੈਨੂੰ ਫਾਰਮ `ਤੇ ਬੇਰੀ ਟੁੱਟਣ ਤੋਂ ਬਾਅਦ ਕੋਈ ਹੋਰ ਕੰਮ ਦੇ ਦੇਵੇਂ ਤਾਂ ਜਾਨ ਸੌਖੀ ਰਹੂ।’
ਸ਼ਿੰਦੇ ਨੇ ਡੂੰਘਾ ਸਾਹ ਲਿਆ ਤੇ ਕਿਹਾ, ‘ਚਾਚਾ ਹੁਣ ਤੂੰ ਫਾਰਮ ਦੀ ਦੇਖ-ਭਾਲ ਕਰਨੀ ਹੈ। ਮੇਰੀਆਂ ਤਾਂ ਕਲਾਸਾਂ ਸ਼ੁਰੂ ਹੋ ਜਾਣੀਆਂ ਹਨ। ਤੈਨੂੰ ਹੀ ਸਾਰਿਆਂ `ਤੇ ਨਿਗਾਹ ਰੱਖਣੀ ਪੈਣੀ ਹੈ। ਤੂੰ ਸੁਪਰਵਾਈਜ਼ਰ ਹਂੈ ਚਾਚਾ! ਐਵੇਂ ਨਾ ਝੂਰਿਆ ਕਰ…ਕਹਿ ਦੇ ਆਪਣੇ ਬੇਲੀਆਂ ਨੂੰ ਕਿ ਮੈਂ ਬੰਤਾ ਫਾਰਮ ਦਾ ਸੁਪਰਵਾਈਜ਼ਰ ਹਾਂ।’
ਬਿੱਕਰ ਸਿੰਘ, ਹਰਪਾਲ ਤੇ ਦੋਨੋਂ ਬੱਚੇ ਫਾਰਮ `ਚ ਸੁਪਰਵਾਈਜ਼ਰ ਲਈ ਬਣੇ ਛੋਟੇ ਜਿਹੇ ਪਰ ਖੁਬਸੂਰਤ ਘਰ ਵਿਚ ਰਹਿਣ ਲੱਗ ਪਏ।