ਮਹਾਰਾਜਾ ਰਣਜੀਤ ਸਿੰਘ ਦਾ ਆਖਰੀ ਦਰਬਾਰ

ਐਸ. ਐਸ. ਛੀਨਾ
19ਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਉਤਰੀ ਭਾਰਤ ਵਿਚ ਵੱਡੀ ਸ਼ਕਤੀ ਵਜੋਂ ਉਭਰਿਆ ਜਿਸ ਦਾ ਰਾਜ ਅਫਗਾਨਿਸਤਾਨ ਦੀਆਂ ਹੱਦਾਂ ਤੋਂ ਲੈ ਕੇ ਲੱਦਾਖ ਤਕ ਅਤੇ ਸਤਲੁਜ ਤੋਂ ਸਿੰਧ ਤਕ ਫੈਲਿਆ ਹੋਇਆ ਸੀ। ਉਸ ਨੇ ਇੰਨਾ ਵੱਡਾ ਰਾਜ ਸਿਰਫ 40 ਸਾਲਾਂ ਦੇ ਸਮੇਂ ਵਿਚ ਇਕੱਲੇ ਨੇ ਹੀ ਸਥਾਪਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ 2 ਨਵੰਬਰ, 1780 ਨੂੰ ਗੁਜਰਾਂਵਾਲਾ ਵਿਖੇ ਜਨਮ ਲਿਆ।

ਉਸ ਦਾ ਸਬੰਧ ਜੱਟ ਸਿੱਖਾਂ ਦੀ ਸੰਧਾਵਾਲੀਆ ਬੰਸ ਲਾਲ ਸੀ। ਉਸ ਦੀ ਮਾਤਾ ਦਾ ਨਾਮ ਰਾਜ ਕੌਰ ਅਤੇ ਪਿਤਾ ਸਰਦਾਰ ਮਹਾ ਸਿੰਘ ਸੀ ਜੋ ਸ਼ੁਕਰਚਕੀਆ ਮਿਸਲ ਦਾ ਮੁਖੀ ਸੀ। ਉਸ ਦੀ ਮਾਤਾ ਰਾਜ ਕੌਰ ਜੀਂਦ ਦੇ ਰਾਜੇ ਗਜਪਤ ਸਿੰਘ ਦੀ ਲੜਕੀ ਸੀ। ਰਣਜੀਤ ਸਿੰਘ ਆਪਣੀ ਮਿਸਲ ਦਾ ਮੁਖੀ ਆਪਣੇ ਬਾਪ ਦੀ ਵਿਰਾਸਤ ਕਰਕੇ ਬਣਿਆ। ਉਸ ਦੇ ਦਾਦੇ ਦਾ ਨਾਂ ਚੜ੍ਹਤ ਸਿੰਘ ਸੀ ਜਿਹੜਾ ਉਸ ਵੇਲੇ ਦੇ ਮੁਖੀਆ ਵਿਚੋਂ ਸਿਰਕੱਢ ਸੀ। ਉਹ ਬਹਾਦਰ ਜਰਨੈਲ ਅਤੇ ਤਾਕਤਵਰ ਮੁਖੀ ਸੀ।
ਮਹਾਰਾਜਾ ਦੀ ਸ਼ਾਦੀ ਗੁਰਬਖਸ਼ ਸਿੰਘ ਘਨਈਆ ਅਤੇ ਬੀਬੀ ਸਦਾ ਕੌਰ ਦੀ ਲੜਕੀ ਨਾਲ ਹੋਈ। ਸਰਦਾਰ ਗੁਰਬਖਸ਼ ਸਿੰਘ ਦੀ ਮੌਤ ਤੋਂ ਬਾਅਦ ਬੀਬੀ ਸਦਾ ਕੌਰ ਆਪਣੀ ਮਿਸਲ ਦੀ ਮੁਖੀ ਬਣੀ। ਉਹ ਦੂਰਅੰਦੇਸ਼ ਅਤੇ ਸੂਝਵਾਨ ਔਰਤ ਸੀ। ਉਸ ਨੇ ਰਣਜੀਤ ਸਿੰਘ ਦਾ ਰਾਜ ਵਧਾਉਣ ਲਈ ਬਹੁਤ ਮਦਦ ਕੀਤੀ। ਉਸ ਨੇ ਰਣਜੀਤ ਸਿੰਘ ਨੂੰ ਉਸ ਦਾ ਰਾਜ ਵਧਾਉਣ ਅਤੇ ਮਜ਼ਬੂਤ ਕਰਨ ਲਈ ਪ੍ਰੇਰਿਆ। ਉਸ ਨੇ ਘਨਈਆ ਅਤੇ ਸ਼ੁਕਰਚਕੀਆ ਦੋਵਾਂ ਮਿਸਲਾਂ ਦੀ ਤਾਕਤ ਨਾਲ ਹੋਰ ਮਿਸਲਾਂ ‘ਤੇ ਜਿਤ ਪ੍ਰਾਪਤ ਕਰਨ ਲਈ ਮਦਦ ਕੀਤੀ।
ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਜਿਤ ਪ੍ਰਾਪਤ ਕਰ ਲਈ ਜਿਹੜਾ ਉਸ ਵਕਤ ਪੰਜਾਬ ਦਾ ਕੇਂਦਰੀ ਅਤੇ ਵੱਡਾ ਸ਼ਹਿਰ ਸੀ। ਉਸ ਵਕਤ ਰਣਜੀਤ ਸਿੰਘ ਸਿਰਫ 19 ਸਾਲਾਂ ਦਾ ਸੀ। ਇਸ ਜਵਾਨ ਉਮਰ ਵਿਚ ਉਸ ਨੂੰ ਪੰਜਾਬ ਅਤੇ ਪਖਤੂਨ ਖੇਤਰਾਂ ਵਿਚ ਫੈਲੇ ਅਤੇ ਖਿਲਰੇ ਛੋਟੇ-ਛੋਟੇ ਰਾਜਾਂ ‘ਤੇ ਕਬਜ਼ਾ ਕਰਨ ਅਤੇ ਇਕੱਠਾ ਕਰਨ ਦਾ ਬੜਾ ਜੋਸ਼ ਸੀ। ਇਹ ਕਿਸੇ ਚਮਤਕਾਰ ਤੋਂ ਘਟ ਨਹੀਂ ਸੀ ਕਿ ਇਕ ਸਦੀ ਵਿਚ ਪਹਿਲੀ ਵਾਰ ਰਣਜੀਤ ਸਿੰਘ ਨੇ ਅਫਗਾਨਾਂ ਨੂੰ ਲਲਕਾਰਿਆ ਅਤੇ ਜੰਗ ਦੇ ਮੈਦਾਨ ਵਿਚ ਭਾਂਜ ਦਿਤੀ; ਨਹੀਂ ਤਾਂ ਹਮੇਸ਼ਾ ਅਫਗਾਨ ਹੀ ਪੰਜਾਬ ਰਾਹੀਂ ਲੰਘ ਕੇ ਭਾਰਤ ਦੇ ਹੋਰ ਇਲਾਕਿਆਂ ‘ਤੇ ਹਮਲਾ ਕਰਦੇ ਸਨ ਅਤੇ ਲੁੱਟ ਮਾਰ ਕਰਕੇ ਵਾਪਿਸ ਚਲੇ ਜਾਂਦੇ ਸਨ ਜਿਨ੍ਹਾਂ ਵਿਚ ਮਹਿਮੂਦ ਗਜ਼ਨੀ, ਨਾਦਰ ਸ਼ਾਹ, ਮੁਹੰਮਦ ਗੌਰੀ, ਅਹਿਮਦ ਸ਼ਾਹ ਅਬਦਾਲੀ ਅਤੇ ਕਈ ਹੋਰਾਂ ਦੇ ਨਾਂ ਸਨ ਪਰ ਉਸ ਤੋਂ ਬਾਅਦ ਅਫਗਾਨ ਹਮਲਾ ਕਰਨੋਂ ਹਟ ਗਏ। ਇਨ੍ਹਾਂ ਕਾਰਨਾਂ ਕਰਕੇ ਮਹਾਰਾਜਾ ਨੂੰ ਪੰਜਾਬ ਦੇ ਸ਼ੇਰ (ਸ਼ੇਰ-ਏ-ਪੰਜਾਬ) ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਮਹਾਰਾਜਾ ਹਰਮਨ ਪਿਆਰਾ ਸ਼ਾਸਕ ਸੀ। ਦੇਸ਼ ਉਸ ਦੇ ਰਾਜ ਸਮੇਂ ਖੁਸ਼ਹਾਲ ਸੀ ਅਤੇ ਵਸੋਂ ਨੂੰ ਹਰ ਤਰ੍ਹਾਂ ਦਾ ਸੁੱਖ, ਆਰਾਮ, ਅਮਨ ਅਤੇ ਖੁਸ਼ਹਾਲੀ ਪ੍ਰਾਪਤ ਸੀ। ਉਸ ਵਕਤ ਖੇਤੀ ਹੀ ਲੋਕਾਂ ਦਾ ਮੁੱਖ ਪੇਸ਼ਾ ਹੁੰਦਾ ਸੀ ਅਤੇ ਪੰਜਾਬ ਦੀ ਉਪਜਾਊ ਜ਼ਮੀਨ ਤੇ ਸਿੰਜਾਈ ਦੇ ਸਾਧਨਾਂ ਕਰਕੇ ਪੰਜਾਬ ਭਾਰਤ ਦਾ ਖੁਸ਼ਹਾਲ ਅਤੇ ਅਮੀਰ ਪ੍ਰਾਂਤ ਸੀ। ਮਹਾਰਾਜਾ ਨੇ ਆਪਣੀ ਦੂਰ-ਅੰਦੇਸ਼ੀ ਨਾਲ ਪੰਜਾਬ ਵਿਚ ਅਮਨ ਤੇ ਖੁਸ਼ਹਾਲੀ ਲਿਆਂਦੀ ਅਤੇ ਉਸ ਦੇ ਰਾਜ ਵਿਚ ਕਾਨੂੰਨ ਤੇ ਪ੍ਰਬੰਧ ਦੀ ਪੂਰੀ ਵਿਵਸਥਾ ਸੀ। ਪੰਜਾਬ ਵਿਚ ਉਸ ਵਕਤ ਮੁੱਖ ਤੌਰ ‘ਤੇ ਹਿੰਦੂ, ਸਿੱਖ ਅਤੇ ਮੁਸਲਿਮ ਵਸੋਂ ਸੀ ਪਰ ਮਹਾਰਾਜਾ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦਾ ਸੀ ਅਤੇ ਸਾਰੇ ਧਰਮਾਂ ਦੇ ਲੋਕਾਂ ਵਲੋਂ ਉਸ ਨੂੰ ਸਤਿਕਾਰ ਮਿਲਦਾ ਸੀ। ਉਸ ਦੇ ਰਾਜ ਵਿਚ ਉਸ ਵਕਤ ਸਿੱਖਾਂ ਦੀ ਸਿਰਫ 13 ਫੀਸਦੀ ਗਿਣਤੀ ਸੀ।
ਉਸ ਦੇ ਰਾਜ ਦੀ ਰਾਜਧਾਨੀ ਲਾਹੌਰ ਸੀ। ਉਸ ਵਕਤ ਅੰਗਰੇਜ਼ਾਂ ਨੇ ਭਾਵੇਂ ਸਾਰੇ ਹੀ ਭਾਰਤ ‘ਤੇ ਆਪਣਾ ਕਬਜ਼ਾ ਜਮਾ ਲਿਆ ਸੀ ਅਤੇ ਉਹ ਉਸ ਵਕਤ ਦੁਨੀਆ ਦੀ ਵੱਡੀ ਸ਼ਕਤੀ ਸੀ ਪਰ ਉਹ ਮਹਾਰਾਜਾ ਦੀ ਫੌਜੀ ਸ਼ਕਤੀ ਅਤੇ ਮਹਾਰਾਜਾ ਦੀ ਦੂਰ-ਅੰਦੇਸ਼ੀ ਨੂੰ ਜਾਣਦੇ ਸਨ; ਇਸ ਲਈ ਦੋਵਾਂ ਤਾਕਤਾਂ ਨੇ ਇਕ ਦੂਜੇ ਨਾਲ ਚੰਗੇ ਸਬੰਧ ਬਣਾਏ ਹੋਏ ਸਨ।
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਸੰਧੀ ਹੋਈ ਸੀ ਕਿ ਉਹ ਇਕ ਦੂਸਰੇ ਦੇ ਖੇਤਰ ਵਿਚ ਦਖਲ ਨਹੀਂ ਦੇਣਗੇ। ਇਹ ਵੀ ਕਿਹਾ ਜਾਂਦਾ ਸੀ ਕਿ ਅੰਗਰੇਜ਼ ਮਹਾਰਾਜਾ ਦੀ ਫੌਜੀ ਤਾਕਤ ਤੋਂ ਡਰਦੇ ਸਨ, ਨਹੀਂ ਤਾਂ ਭਾਰਤ ਦੇ ਹੋਰ ਇਲਾਕਿਆਂ ਵਿਚ ਉਨ੍ਹਾਂ ਨੇ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ। ਇਹੀ ਵਜ੍ਹਾ ਸੀ ਕਿ ਅੰਗਰੇਜ਼ ਪੰਜਾਬ ਦੋਂ ਦੂਰ ਹੀ ਰਹੇ ਅਤੇ ਸਿੱਖਾਂ ਨਾਲ ਲੜਾਈ ਲੈਣ ਦੀ ਦਲੇਰੀ ਨਾ ਕੀਤੀ।
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚ ਰੋਪੜ ਦੇ ਸਥਾਨ ‘ਤੇ ਸੰਧੀ ਹੋਈ ਸੀ। ਇਸ ਇਤਿਹਾਸਕ ਸੰਧੀ ਵਿਚ ਇਹ ਸਮਝੌਤਾ ਹੋਇਆ ਸੀ ਕਿ ਅੰਗਰੇਜ਼ ਕਦੀ ਵੀ ਸਿੱਖਾਂ ਦੇ ਖੇਤਰ ਵਿਚ ਦਖਲ ਨਹੀਂ ਦੇਣਗੇ ਅਤੇ ਆਪਣੇ ਆਪ ਨੂੰ ਸਤਲੁਜ ਦੇ ਖੱਬੇ ਕੰਢੇ ਤਕ ਸੀਮਤ ਰੱਖਣਗੇ। ਦੂਸਰੀ ਤਰਫ ਸਿੱਖ ਵੀ ਅੰਗਰੇਜ਼ਾਂ ਦੇ ਸਤਲੁਜ ਦੇ ਖੱਬੇ ਕੰਢੇ ਦੇ ਕਿਸੇ ਖੇਤਰ ਵਿਚ ਦਖਲ ਨਹੀਂ ਦੇਣਗੇ।
ਕੁਝ ਸਮੇਂ ਬਾਅਦ 1839 ਦੇ ਸ਼ੁਰੂ ਵਿਚ ਮਹਾਰਾਜਾ ਨੂੰ ਅਧਰੰਗ ਦਾ ਦੌਰਾ ਪਿਆ ਅਤੇ ਉਸ ਦੀ ਬਿਮਾਰੀ ਦਿਨ-ਬ-ਦਿਨ ਵਧਦੀ ਗਈ। ਉਸ ਵਕਤ ਦੁਨੀਆ ਦੇ ਚੰਗੇ ਤੋਂ ਚੰਗੇ ਇਲਾਜ ਦੇ ਬਾਵਜੂਦ ਮਹਾਰਾਜਾ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਦੁਨੀਆ ਭਰ ਤੋਂ ਡਾਕਟਰ, ਹਕੀਮ ਅਤੇ ਵੈਦ ਬੁਲਾਏ ਗਏ ਪਰ ਮਹਾਰਾਜਾ ਦੀ ਸਿਹਤ ਹੋਰ ਖਰਾਬ ਹੁੰਦੀ ਗਈ ਅਤੇ ਅਖੀਰ ਜੂਨ ਮਹੀਨੇ ਦੇ ਆਖਰੀ ਦਿਨਾਂ ਵਿਚ ਮਹਾਰਾਜਾ ਨੇ ਆਪਣਾ ਦਰਬਾਰ ਬੁਲਾਇਆ ਅਤੇ ਉਹ ਇਕ ਪਾਲਕੀ ਵਿਚ ਆਪਣੇ ਦਰਬਾਰ ਵਿਚ ਗਏ।
ਇਸ ਦਰਬਾਰ ਵਿਚ ਮਹਾਰਾਜਾ ਨੇ ਕਿਹਾ ਕਿ ਮੈਂ ਆਪਣੀ ਸਮਰੱਥਾ ਅਨੁਸਾਰ ਜੋ ਕੁਝ ਕਰ ਸਕਦਾ ਸੀ, ਉਸ ਲਈ ਵੱਧ ਤੋਂ ਵੱਧ ਕੀਤਾ ਹੈ, ਮੈਂ ਆਪਣੇ ਜੀਵਨ ਵਿਚ ਦੁਸਮਣਾਂ ਨੂੰ ਰਾਜ ਤੋਂ ਦੂਰ ਰੱਖਿਆ ਹੈ ਪਰ ਹੁਣ ਤੁਸੀਂ ਦੁਸ਼ਮਣਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ ਅਤੇ ਉਨ੍ਹਾਂ ‘ਤੇ ਨਜ਼ਰ ਰੱਖਣਾ। ਉਸ ਨੇ ਹੋਰ ਕਿਹਾ ਕਿ ਮੇਰੀ ਇਕ ਖਾਹਿਸ਼ ਸੀ ਕਿ ਕੋਈ ਵਿਦੇਸ਼ੀ ਸਾਡੀ ਧਰਤੀ ‘ਤੇ ਨਾ ਆਵੇ।
ਉਸ ਤੋਂ ਬਾਅਦ ਉਸ ਨੇ ਆਪਣੀ ਉਸ ਵਕਤ ਦੀ ਹਾਲਤ ਅਨੁਸਾਰ ਆਪਣੇ ਵੱਡੇ ਲੜਕੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੇ ਖੜਕ ਸਿੰਘ ਨੂੰ ਆਪਣਾ ਵਾਰਿਸ ਐਲਾਨ ਦਿੱਤਾ ਅਤੇ ਰਾਜਾ ਧਿਆਨ ਸਿੰਘ ਨੂੰ ਉਸ ਦਾ ਧਿਆਨ ਰਖਣ ਲਈ ਕਿਹਾ। ਰਾਜਾ ਧਿਆਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਧਿਆਨ ਸਿੰਘ ਤੋਂ ਹਮੇਸ਼ਾ ਖੜਕ ਸਿੰਘ ਦਾ ਵਫਾਦਾਰ ਰਹਿਣ ਦਾ ਵਾਅਦਾ ਲਿਆ। ਫਿਰ ਮਹਾਰਾਜਾ ਉਸ ਹੀ ਬੈਠਕ ਵਿਚ ਬੇਹੋਸ਼ ਹੋ ਗਿਆ ਅਤੇ ਕਈ ਦਿਨ ਉਸੇ ਹੀ ਹਾਲਤ ਵਿਚ ਰਹਿਣ ਤੋਂ ਪੰਜਵੇਂ ਦਿਨ 20 ਜੂਨ 1839 ਸ਼ਾਮ ਨੂੰ ਸਵਰਗਵਾਸ ਹੋ ਗਿਆ। ਹੁਣ ਹਨੇਰਾ ਹੋ ਚੁੱਕਾ ਸੀ ਪ੍ਰਧਾਨ ਮੰਤਰੀ ਧਿਆਨ ਸਿੰਘ ਨੇ ਸ਼ਹਿਰ ਵਿਚ ਅਮਨ ਰੱਖਣ ਦਾ ਹੁਕਮ ਕੀਤਾ ਤਾਂ ਕਿ ਭੀੜ ਜਮ੍ਹਾਂ ਨਾ ਹੋ ਜਾਵੇ।
ਬਾਅਦ ਵਿਚ ਜੂਨ ਦੇ ਅਖੀਰ ਵਿਚ ਖੜਕ ਸਿੰਘ ਨੂੰ ਤਖਤ ‘ਤੇ ਬਿਠਾਇਆ ਗਿਆ। ਮਹਾਰਾਜਾ ਭਾਵੇਂ ਬਿਮਾਰ ਸੀ ਪਰ ਉਸ ਦੀ ਮੌਤ ਦੀ ਕੋਈ ਸੰਭਾਵਨਾ ਨਹੀਂ ਸੀ। ਇਸ ਕਰਕੇ ਹੀ ਖੜਕ ਸਿੰਘ ਨੂੰ ਪ੍ਰਬੰਧਕੀ ਕੰਮਾਂ ਦੀ ਕੋਈ ਸਿਖਲਾਈ ਹੀ ਨਹੀਂ ਦਿਤੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਮੌਤ ਸਮੇਂ ਸਿਰਫ 58 ਸਾਲ 7 ਮਹੀਨੇ ਅਤੇ 26 ਦਿਨਾਂ ਦਾ ਸੀ। ਉਸ ਦਾ ਚਲੇ ਜਾਣਾ ਪੰਜਾਬ ਲਈ ਬਹੁਤ ਦੁਖਦਾਇਕ ਸੀ। ਉਸ ਵਕਤ ਖਾਲਸਾ ਰਾਜ ਦੀ ਸ਼ਾਨ ਸਾਰੀ ਦੁਨੀਆ ਵਿਚ ਫੈਲੀ ਹੋਈ ਸੀ ਜਿਸ ਦਾ ਵੱਡਾ ਕਾਰਨ ਮਹਾਰਾਜਾ ਦੀ ਸ਼ਖਸੀਅਤ ਸੀ। ਉਸ ਦੀ ਮੌਤ ਤੋਂ ਬਾਅਦ ਹਰ ਜਗ੍ਹਾ ਵੱਡੀ ਰਾਜਨੀਤਕ ਹਲਚਲ ਦੇਖੀ ਗਈ। ਹਰ ਧਰਮ ਅਤੇ ਹਰ ਜਾਤ ਦੇ ਲੋਕਾਂ ਨੇ ਮਹਾਰਾਜਾ ਦੇ ਚਲੇ ਜਾਣ ਦਾ ਡੂੰਘਾ ਦੁਖ ਮਨਾਇਆ ਕਿਉਂ ਜੋ ਉਹ ਹਰ ਧਰਮ ਅਤੇ ਜਾਤ ਦਾ ਸਤਿਕਾਰ ਕਰਦਾ ਸੀ। ਦੂਸਰੇ ਦਿਨ ਸ਼ਾਹੀ ਰਵਾਇਤਾਂ ਅਨੁਸਾਰ ਮਹਾਰਾਜਾ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਗਿਆ ਅਤੇ ਉਸ ਨੂੰ ਸ਼ਾਹੀ ਲਿਬਾਸ ਅਤੇ ਹੀਰੇ ਪਹਿਨਾਏ ਗਏ ਜਿਸ ਤਰ੍ਹਾਂ ਉਹ ਦਰਬਾਰ ਵਿਚ ਜਾਂਦਾ ਸੀ। ਸੋਨੇ ਦੀ ਚਿਤਾ ਨੂੰ ਉਸ ਦੀਆਂ ਆਖਰੀ ਰਸਮਾਂ ਲਈ ਤਿਆਰ ਕੀਤਾ ਗਿਆ। ਮਹਾਨ ਮਹਾਰਾਜਾ ਦੇ ਸਨਮਾਨ ਵਿਚ ਤੋਪਾਂ ਦੀ ਸਲਾਮੀ ਦਿਤੀ ਗਈ ਅਤੇ ਉਸ ਕਿਲ੍ਹੇ ਦੇ ਸਾਹਮਣੇ ਜਿਥੇ ਮਹਾਰਾਜਾ ਦਰਬਾਰ ਲਾਉਂਦਾ ਹੁੰਦਾ ਸੀ, ਉਸ ਦੀ ਚਿਤਾ ਬਣਾਈ ਗਈ।
ਮਹਾਰਾਜਾ ਦੀਆਂ ਰਾਜਪੂਤ ਪਤਨੀਆਂ ਮਹਾਰਾਣੀ ਰਾਜ ਦੇਈ ਅਤੇ ਮਹਾਰਾਣੀ ਹਰ ਦੇਈ ਜੋ ਕਾਂਗੜਾ ਦੇ ਰਾਜੇ ਦੀਆਂ ਲੜਕੀਆਂ ਸਨ, ਉਨ੍ਹਾਂ ਨੇ ਸਤੀ ਹੋਣ ਦੀ ਤਿਆਰੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਸਾਰਾ ਧਨ ਜਿਸ ਵਿਚ ਉਨ੍ਹਾਂ ਦੀ ਜਗੀਰ ਤੇ ਜਾਇਦਾਦ, ਹੀਰੇ, ਮੋਤੀ ਅਤੇ ਕੀਮਤੀ ਪੱਥਰ ਸਨ, ਸਭ ਦਾਨ ਵਿਚ ਦੇ ਦਿਤੇ। ਮਹਾਰਾਜਾ ਦੇ ਪਿਆਰ ਕਰਕੇ ਉਨ੍ਹਾਂ ਨੇ ਸੁਹਾਗਣਾਂ ਵਾਲਾ ਲਿਬਾਸ ਪਹਿਨਿਆ ਅਤੇ ਮਹਿਲਾਂ ਤੋਂ ਬਾਹਰ ਨੰਗੇ ਪੈਰੀਂ ਨਿਕਲੀਆਂ ਅਤੇ ਚਿਤਾ ‘ਤੇ ਬੈਠ ਗਈਆਂ।
ਮਹਾਰਾਜਾ ਖੜਕ ਸਿੰਘ ਨੇ ਚਿਤਾ ਨੂੰ ਅੱਗ ਦਿਖਾਈ। ਉਸ ਵਕਤ ਮੰਤਰੀ, ਦਰਬਾਰੀ, ਉਚ ਅਫਸਰ ਅਤੇ ਫੌਜੀ ਕਮਾਂਡਰ, ਸ਼ਹਿਜ਼ਾਦੇ ਅਤੇ ਸਰਦਾਰ, ਸਭ ਸੋਗ ਵਿਚ ਡੁਬੇ ਹੋਏ ਸਨ। ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਵਾਰ-ਵਾਰ ਚਿਤਾ ਵੱਲ ਭੱਜਦਾ ਸੀ, ਜਦੋਂ ਕਿ ਗੁਲਾਬ ਸਿੰਘ ਉਸ ਨੂੰ ਫੜ ਲੈਂਦਾ ਸੀ। ਉਹ ਦਿਖਾਵਾ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਸ ਦਾ ਸਭ ਕੁਝ ਦਾਨ ਵਿਚ ਦੇ ਦਿੱਤਾ ਜਾਵੇ, ਉਹ ਵੀ ਮਹਾਰਾਜੇ ਨਾਲ ਹੀ ਚਲਾ ਜਾਣਾ ਚਾਹੁੰਦਾ ਹੈ ਪਰ ਉਸ ਦਾ ਭਰਾ ਗੁਲਾਬ ਸਿੰਘ ਅਤੇ ਹੋਰ ਦਰਬਾਰੀ ਉਸ ਨੂੰ ਇਹ ਕੁਝ ਨਾ ਕਰਨ ਲਈ ਪ੍ਰੇਰ ਰਹੇ ਸਨ। ਅਸਲ ਵਿਚ ਉਹ ਇਹ ਸਾਰਾ ਕੁਝ ਮਿਲ-ਮਿਲਾ ਕੇ ਅਤੇ ਜਾਣ-ਬੁੱਝ ਕੇ ਕਰ ਰਹੇ ਸਨ।
ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸਿਆਣਾ ਸੂਝਵਾਨ ਸਮਝ ਕੇ ਪੰਜਾਬ ਦੇ ਹਿੱਤਾਂ ਲਈ ਪ੍ਰਧਾਨ ਮੰਤਰੀ ਬਣਾਇਆ ਸੀ ਅਤੇ ਉਸ ਤੋਂ ਉਮੀਦ ਕੀਤੀ ਸੀ ਕਿ ਉਹ ਖੜਕ ਸਿੰਘ ਨੂੰ ਯੋਗ ਸਲਾਹ ਦੇਵੇਗਾ ਅਤੇ ਰਾਜ ਪ੍ਰਬੰਧ ਵਿਚ ਉਸ ਦੀ ਮਦਦ ਕਰੇਗਾ। ਮਹਾਰਾਜਾ ਖੜਕ ਸਿੰਘ ਵੀ ਉਸ ਕੋਲ ਗਿਆ ਅਤੇ ਉਸ ਨੂੰ ਆਪਣਾ ਮਨ ਬਦਲਣ ਲਈ ਕਿਹਾ ਅਤੇ ਉਹ ਮੰਨ ਵੀ ਗਿਆ।