ਰੱਬੀ ਸ਼ੇਰਗਿੱਲ, ਚਲੰਤ ਗਾਇਕੀ, ਤੇ ਮੰਡੀ ਦਾ ਸੱਭਿਆਚਾਰ

ਪ੍ਰਭਸ਼ਰਨਦੀਪ ਸਿੰਘ
ਫੋਨ: 510-479-4346

ਰੱਬੀ ਸ਼ੇਰਗਿੱਲ ਦੀ ਦਲਜੀਤ ਅਮੀ ਨਾਲ ਗੱਲਬਾਤ ਪੜ੍ਹੀ। ਗੱਲਬਾਤ ਦਲਜੀਤ ਅਮੀ ਦੇ ਭਾਵਪੂਰਤ ਬਿਆਨ ਨਾਲ ਸ਼ੁਰੂ ਹੁੰਦੀ ਹੈ ਤੇ ਰੱਬੀ ਸ਼ੇਰਗਿੱਲ ਦੀ ਨਾ-ਸਮਝੀ ਤੇ ਦੁਬਿਧਾ ਦੀਆਂ ਭੀੜੀਆਂ ਗਲੀਆਂ ਵਿਚ ਦਮ ਤੋੜ ਦਿੰਦੀ ਹੈ।

ਰੱਬੀ ਨਾ-ਸਮਝ ਹੈ ਕਿਉਂਕਿ ਜਿਸ ਕਿਸਮ ਦੇ ਅਧਿਐਨ ਦਾ ਉਹ ਦਾਅਵਾ ਕਰਦਾ ਹੈ, ਉਸ ਨਾਲ ਉਸ ਦਾ ਕੋਈ ਸਬੰਧ ਨਹੀਂ। ਉਹ ਦੁਬਿਧਾਗ੍ਰਸਤ ਹੈ ਕਿਉਂਕਿ ਬੋਲੀ, ਸੰਗੀਤ ਅਤੇ ਲੋਕਾਂ ਦੀ ਸਿਆਸੀ ਹੋਣੀ ਨਾਲ ਜੁੜੇ ਫਲਸਫਾਨਾ ਸਵਾਲ ਉਸ ਨੂੰ ਗੱਲਬਾਤ ਵਿਚ ਵਰਤਣਯੋਗ ਤਾਂ ਲੱਗਦੇ ਹਨ ਪਰ ਉਸ ਦੀ ਵਪਾਰਕ ਮਾਨਸਿਕਤਾ ਨੂੰ ਰਾਸ ਨਹੀਂ ਆਉਂਦੇ।
ਅਮੀ ਨੇ ਕਿਹਾ: “ਜ਼ਿੰਦਗੀ, ਕੁਦਰਤ ਅਤੇ ਸੰਗੀਤ ਦਾ ਰਿਸ਼ਤਾ ਮੁੱਢ ਕਦੀਮੀ ਹੈ। ਇਸ ਰਿਸ਼ਤੇ ਵਿਚੋਂ ਮਨੁੱਖ ਨੇ ਆਪਣੀ ਬੋਲੀ ਸਿੱਖੀ ਹੋਵੇਗੀ, ਚਾਹੇ ਉਹ ਕੋਈ ਵੀ ਬੋਲੀ ਕਿਉਂ ਨਾ ਹੋਵੇ। … ਜਦੋਂ ਅਸੀਂ ਮੌਜੂਦਾ ਦੌਰ ਵਿਚ ਪਹੁੰਚੇ ਹਾਂ ਤਾਂ ਸੰਗੀਤ ਇਸ ਦੌਰ ਦੇ ਸਵਾਲਾਂ, ਸਾਡੇ ਸੁਹਜ-ਸੁਆਦਾਂ ਨਾਲ ਵੀ ਜੁੜਿਆ ਹੋਇਆ ਹੈ। … ਸਾਡੀ ਗੱਲ ਦਾ ਹਵਾਲਾ ਹੋਵੇਗਾ ਪੰਜਾਬ, ਕਿਸਾਨ ਅੰਦੋਲਨ ਅਤੇ ਸੰਗੀਤ ਦਾ ਵਿਰੋਧ ਨਾਲ, ਮਨੁੱਖ ਦੀ ਨਾਬਰੀ ਨਾਲ ਰਿਸ਼ਤਾ ਕਿਸ ਕਿਸਮ ਦਾ ਹੈ?”
ਗੱਲਬਾਤ ਦੇ ਵਿਸ਼ੇ ਨਾਲ ਅਮੀ ਦੀ ਇਹ ਸੁਚੱਜੀ ਜਾਣ-ਪਛਾਣ ਸੰਭਾਵਨਾ ਭਰਪੂਰ ਹੈ; ਇਸ ਵਿਚ ਚੰਗੀਆਂ ਅਤੇ ਮਾੜੀਆਂ, ਸਾਰੀਆਂ ਸੰਭਾਵਨਾਵਾਂ ਪਈਆਂ ਹਨ। ਬੇਅੰਤ ਲੋਕ, ਬੇਅੰਤ ਤਰੀਕਿਆਂ ਨਾਲ, ਇਸ ਵਿਸ਼ੇ ਨੂੰ ਸੰਬੋਧਿਤ ਹੋ ਸਕਦੇ ਹਨ। ਜੋ ਸੰਭਾਵਨਾਵਾਂ ਰੱਬੀ ਸ਼ੇਰਗਿੱਲ ਦੇ ਜਵਾਬਾਂ ਨਾਲ ਸਾਕਾਰ ਹੋਈਆਂ, ਉਹ ਸਾਡੇ ਜ਼ਮਾਨੇ ਦੇ, ਖਾਸ ਤੌਰ ‘ਤੇ ਸਾਡੇ ਲੋਕਾਂ ਦੇ ਸੰਕਟ ਦੀ ਦੱਸ ਪਾਉਂਦੀਆਂ ਹਨ।
ਸੰਕਟ ਇਹ ਹੈ ਕਿ ਅਸੀਂ ਅੱਜ ਮੰਡੀ ਦੀ ਸਲਤਨਤ ਵਿਚ ਜੀਅ ਰਹੇ ਹਾਂ ਜਿੱਥੇ ਨਾ ਕਿਸੇ ਗੱਲ ਜਾਂ ਬੰਦੇ ਦਾ ਕੋਈ ਸਤਿਕਾਰ ਹੈ, ਨਾ ਕਿਸੇ ਦੀ ਹੋਣੀ ਦੀ ਪ੍ਰਵਾਹ। ਮੰਡੀ ਦੇ ਮਾਲਕਾਂ-ਸੰਚਾਲਕਾਂ ਨੂੰ ਉੱਕਾ ਹੀ ਕੋਈ ਫਰਕ ਨਹੀਂ ਪੈਂਦਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਸਭਿਆਚਾਰਕ ਇਕਸਾਰਤਾ ਲਿਆਉਣ ਦੇ ਮਨਸੂਬੇ ਨਾਲ ਉਹ ਕਿੰਨੇ ਕੀਮਤੀ ਰਾਹ ਬਰਬਾਦ ਕਰ ਰਹੇ ਹਨ, ਮਨੁੱਖੀ ਜੀਵਨ ਨਾਲ ਕਿੰਨਾ ਖਿਲਵਾੜ ਕਰ ਰਹੇ ਹਨ, ਤੇ ਸਾਡੇ ਧਰਤੀ ਅਸਮਾਨ ਨੂੰ ਕਿਸ ਕਦਰ ਆਲੂਦਗੀ (ਨਾਪਾਕੀ, ਅਪਵਿੱਤਰਤਾ) ਵਿਚ ਗਰਕ ਕਰ ਰਹੇ ਹਨ।
ਅੱਜ ਮਸਲਾ ਇਹ ਜ਼ਰੂਰ ਹੈ ਕਿ ਅਸੀਂ ਕਿੱਥੇ ਪਹੁੰਚ ਗਏ ਹਾਂ। ਇਸ ਬਾਰੇ ਸਰੋਕਾਰ ਰੱਖਣੇ, ਤੇ ਗੱਲ ਕਰਨੀ ਵੀ ਜ਼ਰੂਰੀ ਹੈ ਪਰ ਇਸ ਮਸਲੇ ਦੀ ਜੜ੍ਹ ਫੜਨ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਇਸ ਬਰਬਾਦੀ ਦੀ ਘੜੀ ਤੱਕ ਕਿਵੇਂ ਪਹੁੰਚੇ। ਇੱਥੋਂ ਤੱਕ ਪਹੁੰਚਣ ਦਾ ਸਫਰ ਮਨੁੱਖ ਜਾਤੀ ਨਾਲ ਹੋਏ ਖਿਲਵਾੜ ਦੀ ਬੁਨਿਆਦ, ਸਿਆਸਤ ਤੇ ਗੁੰਝਲਾਂ ਨੂੰ ਸਪਸ਼ਟ ਕਰਦਾ ਹੈ।
ਇਸ ਸੰਕਟ ਪਿੱਛੇ ਮੁੱਖ ਤੌਰ ‘ਤੇ ਦੋ ਇਤਿਹਾਸਕ ਅਮਲ ਕੰਮ ਕਰਦੇ ਹਨ: ਪਹਿਲਾ ਬਸਤੀਵਾਦ ਤੇ ਦੂਜਾ ਇਸ ਦੇ ਨਾਲ ਹੀ ਸ਼ੁਰੂ ਹੋਇਆ ਸੰਸਾਰੀਕਰਨ। ਸੰਸਾਰੀਕਰਨ ਦੀ ਜੜ੍ਹ ਭਾਵੇਂ ਬਸਤੀਵਾਦ ਕਰਕੇ ਹੀ ਲੱਗੀ, ਤਾਂ ਵੀ ਇਸ ਨੇ ਅਸਲ ਜ਼ੋਰ ਦੂਜੀ ਸੰਸਾਰ ਜੰਗ ਤੋਂ ਬਾਅਦ, ਬਸਤੀਵਾਦ ਦੇ ਖਾਤਮੇ ਦੀ ਸ਼ੁਰੂਆਤ ਨਾਲ ਹੀ ਫੜਿਆ।
ਬਸਤੀਵਾਦ ਹਿੰਸਕ ਵਰਤਾਰਾ ਸੀ। ਇਸ ਤੋਂ ਪਹਿਲਾਂ, ਮਨੁੱਖੀ ਇਤਿਹਾਸ ਦੇ ਹਰ ਦੌਰ ਵਿਚ ਹਿੰਸਕ ਵਰਤਾਰੇ ਸਾਹਮਣੇ ਆਉਂਦੇ ਰਹੇ ਹਨ ਪਰ ਪਹਿਲੇ ਵਰਤਾਰਿਆਂ ਦਾ ਪੈਮਾਨਾ ਬਸਤੀਵਾਦੀ ਹਿੰਸਾ ਦੇ ਮੁਕਾਬਲੇ ਬਹੁਤ ਛੋਟਾ ਸੀ। ਇਸ ਦੇ ਨਾਲ ਹੀ ਬਸਤੀਵਾਦੀ ਹਿੰਸਾ ਦਾ ਵਿਲੱਖਣ ਪਹਿਲੂ ਸੀ ਕਿ ਇਸ ਨੇ ਬਿਰਤਾਂਤਕ ਹਿੰਸਾ ਦੇ ਨਵੇਂ ਪ੍ਰਤੀਮਾਨ ਸਾਹਮਣੇ ਲਿਆਂਦੇ। ਬਸਤੀਵਾਦੀ ਬਿਰਤਾਂਤਕ ਹਿੰਸਾ ਲੋਕਾਂ ਦੀ ਜ਼ਿੰਦਗੀ ਦੇ ਅਰਥ ਬਦਲਣ ਤੋਂ ਲੈ ਕੇ ਉਨ੍ਹਾਂ ਦੀ ਸਿਆਸੀ ਤਾਂਘ ਨੂੰ ਖਾਸ ਚੌਖਟੇ ਵਿਚ ਢਾਲਣ ਤੱਕ ਦੇ ਅਨੇਕ ਪਹਿਲੂਆਂ ‘ਤੇ ਕੰਮ ਕਰਦੀ ਸੀ। ਆਪਣੇ ਜ਼ਮਾਨੇ ਵਿਚ ਭਾਵੇਂ ਬ੍ਰਾਹਮਣਵਾਦੀ ਬਿਰਤਾਂਤਕ ਹਿੰਸਾ ਵੀ ਬਹੁਤ ਪ੍ਰਭਾਵਕਾਰੀ ਸੀ, ਦੱਖਣੀ ਏਸ਼ੀਆਈ ਪ੍ਰਸੰਗ ਵਿਚ ਤਾਂ ਇਸ ਦਾ ਪ੍ਰਭਾਵ ਅੱਜ ਤੱਕ ਖਤਮ ਨਹੀਂ ਹੋਇਆ ਪਰ ਇਹ ਆਧੁਨਿਕਤਾ ਦੇ ਸਿਰਜੇ ਮਨੁੱਖ ਤੇ ਸੱਭਿਆਚਾਰ ਦੇ ਪ੍ਰਸੰਗ ਵਿਚ ਓਨੀ ਅਸਰਅੰਦਾਜ਼ ਨਹੀਂ ਸੀ ਹੋ ਸਕਦੀ। ਬਸਤੀਵਾਦੀ ਬਿਰਤਾਂਤਕ ਹਿੰਸਾ ਆਪਣੇ-ਆਪ ਨੂੰ ਬਦਲਦੇ ਹਾਲਾਤ ਮੂਜਬ ਨਵਿਆਉਂਦੀ ਰਹੀ ਸੀ।
ਦੂਜੀ ਸੰਸਾਰ ਜੰਗ ਨੇ ਬਸਤੀਵਾਦ ਦਾ ਲਾਹਾ ਲੈਣ ਵਾਲੇ ਪੱਛਮੀ ਜਗਤ ਨੂੰ ਵੀ ਧੁਰ ਅੰਦਰੋਂ ਝੰਜੋੜਿਆ। ਇਸ ਨਾਲ ਪੁਰਾਣਾ ਬਹੁਤ ਕੁਝ ਵੇਲਾ ਵਿਹਾ ਗਿਆ। ਪਹਿਲਾਂ ਦੇ ਮੁਕਾਬਲੇ ਨਸਲਵਾਦ ਦਾ ਜ਼ਿਆਦਾ ਸੂਖਮ, ਲੱਗਭੱਗ ਅਣਦਿਸਦਾ ਰੂਪ ਸਾਹਮਣੇ ਆਇਆ। ਬਦੀ ਹੋਰ ਬਾਰੀਕ ਤੇ ਪ੍ਰਭਾਵਕਾਰੀ ਹੋ ਗਈ ਪਰ ਇਸ ਦਾ ਇੱਕ ਸਾਰਥਕ ਪਹਿਲੂ ਵੀ ਸੀ। ਪੱਛਮੀ ਸਥਾਪਤੀ ਦੇ ਧੁਰ ਅੰਦਰ ਪਈ ਬਦੀ ਦਾ ਬੁਨਿਆਦੀ ਪਰ ਬਹੁਤ ਦੀਰਘ ਵਿਸ਼ਲੇਸ਼ਣ ਵੀ ਸ਼ੁਰੂ ਹੋਇਆ।
ਪੰਜਾਬ ਨੇ ਬਸਤੀਵਾਦ ਦੀ ਮਾਰ ਤਾਂ ਝੱਲੀ ਪਰ ਬਸਤੀਵਾਦੀ ਬਿਰਤਾਂਤਾਂ ਦੀਆਂ ਫਲਸਫਾਨਾ ਬੁਨਿਆਦਾਂ ਨੂੰ ਚੁਣੌਤੀਆਂ ਦੇਣ ਵਾਲੇ ਬਿਰਤਾਂਤ ਲੋੜ ਮੁਤਾਬਕ ਪੈਦਾ ਨਾ ਹੋ ਸਕੇ। ਭਾਈ ਵੀਰ ਸਿੰਘ, ਪੂਰਨ ਸਿੰਘ, ਤੇ ਹਰਿੰਦਰ ਸਿੰਘ ਮਹਿਬੂਬ ਤਿੰਨ ਹੀ ਵਿਦਵਾਨ ਸਾਹਿਤਕਾਰ ਹੋਏ ਹਨ ਜਿਨ੍ਹਾਂ ਨੇ ਕਿਸੇ ਪੱਛਮੀ ਚਿੰਤਨ-ਧਾਰਾ ਦੇ ਨੁਮਾਇੰਦੇ ਬਣਨ ਦੀ ਬਜਾਇ ਸਾਹਿਤ ਅਤੇ ਫਲਸਫੇ ਦੇ ਨਵੇਂ ਦਿਸਹੱਦੇ ਤਲਾਸ਼ ਕਰਨ ਦੀ ਕੋਸਿ਼ਸ਼ ਕੀਤੀ ਪਰ ਪੱਛਮੀ ਫਲਸਫਿਆਂ ਦੇ ਅਨੁਸਾਰੀ ਬਣ ਕੇ ਚੱਲਣ ਵਾਲੇ ਸਾਹਿਤਕਾਰ ਅਤੇ ਵਿਦਵਾਨ ਜ਼ਿਆਦਾ ਅਸਰਅੰਦਾਜ਼ ਹੋ ਨਿੱਬੜੇ। ਇਸ ਦਾ ਮੁੱਖ ਕਾਰਨ ਨੌਜਵਾਨ ਵਰਗ ਵਿਚ ਮਾਰਕਸਵਾਦੀ ਸਿਆਸੀ ਲਹਿਰ ਦਾ ਫੈਲ ਜਾਣਾ ਸੀ। ਇੱਕ ਤਾਂ ਮਾਰਕਸਵਾਦ ਦੇ ਪ੍ਰਭਾਵ ਤਹਿਤ ਉੱਭਰੀ ਪ੍ਰਗਤੀਵਾਦੀ ਲਹਿਰ ਨੇ ਸਾਹਿਤ ਦਾ ਨਵਾਂ ਮੁਹਾਵਰਾ ਪ੍ਰਚੱਲਿਤ ਕਰ ਦਿੱਤਾ; ਦੂਜਾ, ਇਨ੍ਹਾਂ ਹਲਕਿਆਂ ਵਿਚ ਸਾਹਿਤ ਰਚਨਾ ਵਧੇਰੇ ਹੋਈ ਕਿਉਂਕਿ ਇਸ ਲਹਿਰ ਤਹਿਤ ਲਿਖਤ-ਮਿਆਰ ਕਾਫੀ ਹੇਠਾਂ ਡਿੱਗ ਪਏ ਸਨ ਜਿਸ ਕਰ ਕੇ ਹਰ ਜਣੇ-ਖਣੇ ਲਈ ਲਿਖ ਸਕਣਾ ਸੌਖਾ ਸੀ; ਤੇ ਤੀਜਾ, ਪੰਜਾਬ ਦੇ ਮਾਰਕਸੀਆਂ ਨੂੰ ਭਾਰਤੀ ਸੱਤਾ ਦੀ ਖਾਸ ਪੁਸ਼ਤਪਨਾਹੀ ਸੀ ਜਿਸ ਕਰ ਕੇ ਉਹ ਵਿੱਦਿਅਕ ਅਤੇ ਸਾਹਿਤਕ ਅਦਾਰਿਆਂ ‘ਤੇ ਕਾਬਜ਼ ਹੋਣ ਵਿਚ ਕਾਮਯਾਬ ਹੋਏ।
ਸੈਕੂਲਰ ਰਾਸ਼ਟਰਵਾਦ ਅਤੇ ਮਾਰਕਸਵਾਦ ਬਸਤੀਵਾਦੀ ਦੌਰ ਵਿਚ ਹੀ ਆ ਗਏ ਸਨ। ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਰੁਝਾਨ 1930ਵਿਆਂ ਵਿਚ ਹੀ ਉੱਭਰਨ ਲੱਗੇ ਸਨ। ਬਦਕਿਸਮਤੀ ਨੂੰ ਪ੍ਰਗਤੀਵਾਦ ਨੂੰ ਵਿਚਾਰਧਾਰਾ ਵਜੋਂ ਅਪਨਾਉਣ ਵਾਲੇ ਸਾਹਿਤਕਾਰਾਂ ਵਿਚੋਂ ਬਹੁਤਿਆਂ ਨੇ ਇਸ ਦੀ ਸਿਧਾਂਤਕ ਬੁਨਿਆਦ ਮਾਰਕਸਵਾਦ ਦਾ ਗੰਭੀਰ ਅਧਿਐਨ ਨਹੀਂ ਕੀਤਾ ਸੀ। ਉਹ ਪ੍ਰਗਤੀਵਾਦ ਨੂੰ ਧਰਮ-ਸਿਧਾਂਤ ਵਜੋਂ ਅਪਨਾਉਣ ਵਾਲੇ ਸ਼ਰਧਾਵਾਨ ਤੇ ਜੋਸ਼ੀਲੇ ਸਿਆਸੀ ਕਾਰਕੁਨ ਸਨ। ਦਲਜੀਤ ਅਮੀ ਉਨ੍ਹਾਂ ਸ਼ਰਧਾਵਾਨ ਪ੍ਰਗਤੀਵਾਦੀਆਂ ਦਾ ਜਾਨਸ਼ੀਨ ਹੈ ਤੇ ਰੱਬੀ ਸ਼ੇਰਗਿੱਲ ਮਾਰਕਸੀ ਧਰਮ-ਸਿਧਾਂਤ ਦੀ ਖੁਰਾਕ ‘ਤੇ ਪਲਣ ਵਾਲਾ ਉਦਾਰਵਾਦੀ ਵਪਾਰੀ ਹੈ ਜਿਹੜਾ ਆਪਣੇ ਵਪਾਰਕ ਹਿਤਾਂ ਦੀ ਪੂਰਤੀ ਦੇ ਨਾਲ-ਨਾਲ ਫਕੀਰਾਨਾ ਵਿਦਵਾਨ ਵਜੋਂ ਸਥਾਪਤ ਹੋਣ ਦੀ ਭਾਵਨਾ ਵੀ ਰੱਖਦਾ ਹੈ।
ਰੱਬੀ ਪ੍ਰਗਤੀਵਾਦੀਆਂ ਦਾ ਸਭਿਆਚਾਰਕ ਦੂਤ ਹੈ ਜਿਹੜਾ ਮਾਰਕਸੀ ਫਸਲ ਬੀਜਣ ਲਈ ਜ਼ਮੀਨ ਤਿਆਰ ਕਰਦਾ ਹੈ। ਇਨ੍ਹਾਂ ਪਰਸਪਰ ਸਬੰਧਾਂ ਦੇ ਅਰਥਚਾਰੇ ਵਿਚ ਪੰਜਾਬ ਦੇ ਹਿਤ ਦਾਅ ‘ਤੇ ਲੱਗੇ ਹੋਏ ਹਨ। ਇਸੇ ਲਈ ਦਲਜੀਤ ਸਵਾਲ ਤਾਂ ਸੋਹਣੇ ਖੜ੍ਹੇ ਕਰਦਾ ਹੈ, ਗੱਲ ਨੂੰ ਉਸ ਦੇ ਪ੍ਰਸੰਗ ਵੱਲ ਮੋੜਨ ਦਾ ਯਤਨ ਵੀ ਕਰਦਾ ਹੈ ਪਰ ਮੋੜਵੇਂ ਸਵਾਲਾਂ ਰਾਹੀਂ ਰੱਬੀ ਦੇ ਜਵਾਬਾਂ ਦੇ ਗੰਧਲੇਪਣ ਨੂੰ ਚੁਣੌਤੀ ਨਹੀਂ ਦਿੰਦਾ।
ਰੱਬੀ ਤੇ ਦਲਜੀਤ ਪੰਜਾਬੀਅਤ ਬਾਰੇ ਆਪਣੇ ਸਰੋਕਾਰ ਸਾਂਝੇ ਕਰਦੇ ਹਨ। ਗੱਲ ਕਰਦੇ-ਕਰਦੇ ਇਸ ਦੀ ਸਥਾਨਕਤਾ ਦੇ ਸਵਾਲ ਦੇ ਸਨਮੁਖ ਹੁੰਦੇ ਹਨ। ਸਥਾਨਕਤਾ ਦੇ ਮੁੱਦੇ ‘ਤੇ ਆ ਕੇ ਦੋਵੇਂ ਸੂਖਮ ਅਤੇ ਸਥੂਲ ਦੇ ਮਸਲੇ ਵਿਚ ਉਲਝ ਜਾਂਦੇ ਹਨ। ਰੱਬੀ ਕੁਝ ਆਪਾ-ਵਿਰੋਧੀ ਗੱਲਾਂ ਕਰਦਾ ਹੈ; ਜਿਵੇਂ- ਪੰਜਾਬ ਭੂਗੋਲ ਨਹੀਂ, ਸੂਖਮ ਪਛਾਣ ਹੈ ਜਿਸ ਨੂੰ ਅਸੀਂ ਆਪਣੀ ਜੇਬ ਵਿਚ ਰੱਖਦੇ ਹਾਂ। ਪਹਿਲਾਂ ਰੱਬੀ ਸਥਾਨਕਤਾ ਨੂੰ ਰੱਦ ਕਰਦਾ ਹੈ, ਫਿਰ ਗੱਲਾਂ ਦੀ ਲੋਰ ਵਿਚ ਪਹਿਲਾ ਕਿਹਾ ਭੁੱਲ ਕੇ, ਸਥਾਨਕਤਾ ਦੀ ਅਹਿਮੀਅਤ ਬਾਰੇ ਬੋਲਣ ਲੱਗਦਾ ਹੈ। ਇਹ ਦੋਵੇਂ ਪਹਿਲੂ ਛੋਹਣੇ ਕੋਈ ਮਾੜੀ ਗੱਲ ਨਹੀਂ ਪਰ ਗੱਲ ਦਾ ਕੋਈ ਸੰਤੁਲਨ ਤਾਂ ਹੋਵੇ, ਗੱਲ ਕਿਸੇ ਤਾਲ ਵਿਚ ਤਾਂ ਤੁਰੇ। ਰੱਬੀ ਕਹਿੰਦਾ ਹੈ, ਪੰਜਾਬੀਅਤ ਬਾਰੇ ਸਪੱਸ਼ਟ ਹੋਣ ਲਈ ਸਾਨੂੰ ਲਹਿੰਦੇ ਪੰਜਾਬ ਵਾਲਿਆਂ ਨਾਲ ਤੇ ਪੰਜਾਬੋਂ ਬਾਹਰ ਪਰਦੇਸੀਂ ਵੱਸਦੇ ਪੰਜਾਬੀਆਂ ਨਾਲ ਵੀ ਗੱਲ ਕਰਨੀ ਪੈਣੀ ਹੈ। ਨਾਲ ਬੈਠਾ ਦਲਜੀਤ ਜੋੜ ਦਿੰਦਾ ਹੈ ਕਿ ਹਰਿਆਣੇ ਤੇ ਹਿਮਾਚਲ ਵਾਲਿਆਂ ਨਾਲ ਵੀ ਗੱਲ ਕਰਨੀ ਪੈਣੀ ਹੈ। ਜ਼ਾਹਰ ਹੈ, ਦਲਜੀਤ ਤੇ ਰੱਬੀ ਪਛਾਣ ਦਾ ਆਧਾਰ ਧਾਰਮਿਕ ਦੀ ਬਜਾਇ ਨਸਲੀ ਜਾਂ ਭਾਸ਼ਾਈ ਬਣਾਉਣਾ ਚਾਹੁੰਦੇ ਹਨ। ਉਹ ਇਹ ਮਿੱਥ ਕੇ ਤੁਰੇ ਜਾਪਦੇ ਹਨ ਕਿ ਸਿੱਖੀ ਦਾ ਤਾਂ ਨਾਂ ਵੀ ਲੈਣ ਦੀ ਲੋੜ ਨਹੀਂ, ਸਿਰਫ ਪੰਜਾਬੀਅਤ ਹੀ ਪਛਾਣ ਦਾ ਆਧਾਰ ਹੋ ਸਕਦੀ ਹੈ। ਇਹ ਤਾਂ ਸਮਝ ਸਕਦੇ ਹਾਂ ਕਿ ਦਲਜੀਤ ਦੇ ਮਾਰਕਸੀ ਤੇ ਰੱਬੀ ਦੇ ਉਦਾਰਵਾਦੀ ਨਜ਼ਰੀਏ ਦੀ ਧਰਮ ਦੇ ਮੁਕਾਬਲੇ ਸੈਕੂਲਰਵਾਦ ਨਾਲ ਭਾਈਬੰਦੀ ਹੈ ਪਰ ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਉਪਰੋਕਤ ਨਜ਼ਰੀਆ ਅਟੱਲ ਸੱਚਾਈ ਹੈ ਜਿਸ ਨੂੰ ਕਾਇਨਾਤੀ ਮੰਨਣਾ ਹਰ ਕਿਸੇ ਦਾ ਨੈਤਿਕ ਫਰਜ਼ ਹੈ, ਤੇ ਜਿਹੜਾ ਨਹੀਂ ਮੰਨੇਗਾ, ਉਸ ਨੂੰ ਗੁਲਾਗ ਦਾ ਰਾਹ ਦਿਖਾ ਕੇ ਦੁਨੀਆ ਤੋਂ ਰੁਖਸਤ ਕਰਨਾ ਲੋਕਾਈ ਦੇ ਭਵਿੱਖ ਲਈ ਚਿੰਤਤ ਸਾਥੀਆਂ ਦਾ ਹੱਕ ਹੋਵੇਗਾ।
ਮਾਰਕਸਵਾਦ ਤੇ ਉਦਾਰਵਾਦ, ਜਾਂ ਇਨ੍ਹਾਂ ਲਈ ਲੋੜੀਂਦੇ ਸੈਕੂਲਰਵਾਦ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਸ ਲਈ ਉਪਰੋਕਤ ਚਿੰਤਨ-ਧਾਰਾਵਾਂ ਦੀ ਤਨਕੀਦ ਜ਼ਰੂਰੀ ਹੈ। ਪੰਜਾਬ ਤੋਂ ਪਰ੍ਹੇ, ਦੁਨੀਆ ਭਰ ਦੇ ਵਿਚਾਰਵਾਨ, ਸਮੇਤ ਮਾਰਕਸਵਾਦੀਆਂ ਦੇ, ਉਪਰੋਕਤ ਚਿੰਤਨ-ਧਾਰਾਵਾਂ ਦੇ ਆਲੋਚਨਾਤਮਕ ਵਿਸ਼ਲੇਸ਼ਣ ਵਿਚ ਰੁੱਝੇ ਹੋਏ ਹਨ। ਇਹ ‘ਸਾਡੇ ਆਲਿਆਂ` ਨੂੰ ਹੀ ਮਾਰ ਵਗੀ ਹੈ ਕਿ ਬੁਨਿਆਦੀ ਸਵਾਲਾਂ ਨੂੰ ਜੀ ਆਇਆਂ ਕਹਿਣ ਦੀ ਬਜਾਇ ਉਨ੍ਹਾਂ ਤੋਂ ਚਲਾਕੀ ਜਾਂ ਹੈਂਕੜ ਨਾਲ ਪਾਸਾ ਵੱਟਣ ਦੀ ਕੋਸਿ਼ਸ਼ ਕਰਦੇ ਹਨ। ਇਸ ਲਈ ਮੇਰੀ ਬੇਨਤੀ ਹੈ- ਭਰਾਵੋ, ਵਿਚਾਰਧਾਰਕ ਅਤਿਵਾਦ ਦੀ ਕਾਮਯਾਬੀ ‘ਤੇ ਟੇਕ ਰੱਖ ਕੇ ਇਹ ਨਾ ਸਮਝੋ ਕਿ ਕਿਸਾਨ ਮੋਰਚੇ ਜਿਹੇ ਪਿਛਲੇ ਦਰਵਾਜ਼ੇ ਰਾਹੀਂ ਆ ਕੇ ਜੇ ਮਾਰਕਸੀ ਪੰਜਾਬ ਦੀ ਨੁਮਾਇੰਦਾ ਸਿਆਸੀ ਧਿਰ ਬਣ ਗਏ ਤਾਂ ਸਭ ਮਸਲੇ ਹੱਲ ਹੋ ਜਾਣਗੇ। ਜੇ ਅਜਿਹੀ ਕੋਈ ਸੰਭਾਵਨਾ ਹੁੰਦੀ ਤਾਂ ਅਕਾਲੀਆਂ ਦੀ ਚੜ੍ਹਤ ਵੇਲੇ ਸਿੱਖਾਂ ਦੇ ਮਸਲੇ ਹੱਲ ਹੋ ਜਾਣੇ ਸਨ ਪਰ ਹੋਇਆ ਸਗੋਂ ਇਸ ਦੇ ਐਨ ਉਲਟ ਹੈ। ਲੋੜ ਸਾਨੂੰ ਦਰਪੇਸ਼ ਮਸਲਿਆਂ ‘ਤੇ ਗੰਭੀਰ ਵਿਚਾਰ-ਵਟਾਂਦਰੇ ਦੀ ਹੈ। ਇਸ ਲਈ ਸਾਨੂੰ ਸਭ ਨੂੰ ਤਿਆਰੀ ਦੀ ਵੀ ਲੋੜ ਹੈ ਤੇ ਖੁੱਲ੍ਹੇ ਮਨ ਨਾਲ ਵਿਚਾਰ ਕਰਨ ਲਈ ਲੋੜੀਂਦਾ ਸਭਿਆਚਾਰ ਪੈਦਾ ਕਰਨ ਦੀ ਵੀ।
ਹੁਣ ਇਸ ਬਹਿਸ ਦੇ ਪਿਛੋਕੜ ਵਿਚ ਕਾਰਜਸ਼ੀਲ ਮੂਲ ਮੁੱਦੇ ਵੱਲ ਮੁੜੀਏ ਕਿ ਪਛਾਣ ਦਾ ਆਧਾਰ ਪੰਜਾਬੀਅਤ ਹੀ ਕਿਉਂ ਹੋਣੀ ਚਾਹੀਦੀ ਹੈ, ਸਿੱਖੀ ਕਿਉਂ ਨਹੀਂ ਹੋਣੀ ਚਾਹੀਦੀ। ਮਾਰਕਸੀ ਦਲੀਲ ਹੈ ਕਿ ਸਿੱਖੀ ਧਰਮ ਹੈ, ਧਰਮ ਸਦਾ ਮਾੜਾ ਹੁੰਦਾ ਹੈ, ਧਰਮ ਪਿਛਾਂਹਖਿੱਚੂ ਹੈ, ਆਧੁਨਿਕਤਾ ਅਗਾਂਹਵਧੂ ਹੈ, ਧਰਮ ਦੇ ਆਧਾਰ ‘ਤੇ ਮਨੁੱਖੀ ਇਤਿਹਾਸ ਵਿਚ ਸਭ ਤੋਂ ਜ਼ਿਅਦਾ ਖੂਨ-ਖਰਾਬਾ ਹੋਇਆ ਹੈ, ਆਦਿਕ ਆਦਿਕ।
ਇਸ ਨਜ਼ਰੀਏ ਦੀ ਸਮੱਸਿਆ ਹੈ ਕਿ ਇਸ ਦੀ ਜੜ੍ਹ ਵਿਧੀਵਤ ਅਕਾਦਮਿਕ ਅਧਿਐਨ ਦੀ ਬਜਾਇ ਸਿਆਸੀ ਪ੍ਰਚਾਰ ਦੇ ਮੁਹਾਵਰੇ ਵਿਚ ਹੈ। ਧਰਮ ਦੀ ਜਿਹੜੀ ਪਰਿਭਾਸ਼ਾ ਦੀ ਤਨਕੀਦ ਕਾਰਲ ਮਾਰਕਸ ਕਰ ਰਿਹਾ ਸੀ, ਉਹ ਧਰਮ ਪ੍ਰਤੀ ਯੂਰਪੀ ਈਸਾਈਅਤ ਦੀ ਪਹੁੰਚ ਜਾਂ ਸਮਝ ਵਿਚੋਂ ਨਿੱਕਲੀ ਸੀ। ਬਸਤੀਵਾਦ ਦੌਰਾਨ ਯੂਰਪੀਨਾਂ ਨੇ ਇਸ ਪਰਭਿਾਸ਼ਾ ਨੂੰ ਆਧੁਨਿਕ ਕਰਾਰ ਦੇ ਕੇ ਇਸ ਨੂੰ ਕਾਇਨਾਤੀ ਬਣਾਉਣ ਦੀ ਕੋਸ਼ਿਸ਼ ਕੀਤੀ। ਸਿੱਖੀ ਸਮੇਤ ਬਸਤੀਵਾਦ ਦੀ ਮਾਰ ਵਿਚ ਆਈਆਂ ਬਾਕੀ ਕੌਮਾਂ ਦੇ ਅਕਾਦਮਿਕ ਕੰਮਾਂ ‘ਤੇ ਇਸ ਪਰਿਭਾਸ਼ਾ ਦਾ ਅਸਰ ਵੀ ਹੋਇਆ ਪਰ ਇਸ ਦਾ ਇਹ ਅਰਥ ਤਾਂ ਨਹੀਂ ਕਿ ਧਰਮ ਦੀਆਂ ਗੈਰ-ਯੂਰਪੀ ਪਰਿਭਾਸ਼ਾਵਾਂ ਹੋਂਦ ਹੀ ਨਹੀਂ ਰੱਖਦੀਆਂ। ਮਾਰਕਸੀ ਤੇ ਉਦਾਰਵਾਦੀ ਵੱਖ-ਵੱਖ ਧਰਮਾਂ ਦੀਆਂ ਪਰਿਭਾਸ਼ਾਵਾਂ ਅਤੇ ਅਨੁਭਵਾਂ ਅੰਦਰਲੀਆਂ ਸੂਖਮਤਾਈਆਂ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹਨ। ਉਹ ਸਭ ਧਰਮਾਂ ਨੂੰ ਸਾਂਝੀ ਪਰਿਭਾਸ਼ਾ ਵਿਚ ਕੈਦ ਕਰ ਕੇ, ਸਾਰਿਆਂ ਨੂੰ ਇੱਕੋ ਆਧਾਰ ‘ਤੇ ਰੱਦ ਕਰਨ ਨੂੰ ਤਰਜੀਹ ਦਿੰਦੇ ਹਨ। ਇਹ ਜ਼ਰੂਰੀ ਹੈ ਕਿ ਹਰ ਧਰਮ ਦੀ ਪਰਿਭਾਸ਼ਾ ਵਿਚ ਪਈਆਂ ਸੰਭਾਵਨਾਵਾਂ ‘ਤੇ ਵੱਖਰੇ ਤੌਰ ‘ਤੇ ਵਿਚਾਰ ਹੋਵੇ। ਸਿੱਖੀ ਅੰਦਰਲੀ ਸੰਤੁਲਿਤ ਅਤੇ ਨਿਆਂਕਾਰੀ ਜੀਵਨ ਜਾਚ ਅਤੇ ਇਸ ਦੀ ਪ੍ਰੇਰਨਾ ਸਦਕਾ ਪੈਦਾ ਹੋਏ ਇਤਿਹਾਸ ਦੇ ਪ੍ਰਸੰਗ ਵਿਚ ਅਜਿਹੀ ਵਿਚਾਰ ਖਾਸ ਤੌਰ ‘ਤੇ ਜ਼ਰੂਰੀ ਹੈ।
ਧਰਮ ਦੇ ਨਾਂ ‘ਤੇ ਸਭ ਤੋਂ ਵੱਧ ਕਤਲੋਗਾਰਤ ਵਾਲੇ ਦਾਅਵੇ ਦੀ ਪੜਚੋਲ ਕਰੀਏ ਤਾਂ ਇਹ ਵੀ ਸਰਾਸਰ ਝੂਠ ਹੈ। ਮਨੁੱਖੀ ਇਤਹਿਾਸ ਵਿਚ ਸਭ ਤੋਂ ਵੱਡੀਆਂ ਨਸਲਕੁਸ਼ੀਆਂ ਵੀਹਵੀਂ ਸਦੀ ਵਿਚ ਹੋਈਆਂ ਹਨ। 1915 ਵਿਚ ਆਰਮੀਨੀਆਈ ਲੋਕਾਂ ਦੀ ਨਸਲਕੁਸ਼ੀ ਹੋਈ। ਇਸ ਲਈ ‘ਨੌਜੁਆਨ ਤੁਰਕ’ (ੈੋੁਨਗ ਠੁਰਕਸ) ਨਾਂ ਦੀ ਧਿਰ ਜ਼ਿੰਮੇਵਾਰ ਸੀ। 15 ਲੱਖ ਆਰਮੀਨੀਆਈ ਲੋਕਾਂ ਨੂੰ ਅਤਿ ਦੀ ਦਰਿੰਦਗੀ ਨਾਲ ਮਾਰ-ਮੁਕਾਉਣ ਵਾਲੀ ਇਹ ਧਿਰ ਸੈਕੂਲਰ ਤੇ ਉਦਾਰਵਾਦੀ ਸੀ। ਇਸ ਤੋਂ ਬਾਅਦ ਹਿਟਲਰ, ਸਤਾਲਿਨ ਅਤੇ ਮਾਓ ਸਭ ਤੋਂ ਵੱਡੀਆਂ ਨਸਲਕੁਸ਼ੀਆਂ ਲਈ ਜ਼ਿੰਮੇਵਾਰ ਰਹੇ ਹਨ। ਇਹ ਤਿੰਨੇ ਸੈਕੂਲਰ ਸੀ ਤੇ ਮਗਰਲੇ ਦੋ- ਸਤਾਲਿਨ ਤੇ ਮਾਓ ਪੱਕੇ ਮਾਰਕਸਵਾਦੀ। ਫਿਰ ਧਰਮ ਦੇ ਨਾਂ ਤੇ ਸਭ ਤੋਂ ਵੱਧ ਕਤਲੋਗਾਰਤ ਹੋਈ ਜਾਂ ਸੈਕੂਲਰਵਾਦ ਤੇ ਮਾਰਕਸਵਾਦ ਦੇ ਨਾਂ ‘ਤੇ?
ਜਦੋਂ ਰੱਬੀ ਸ਼ੇਰਗਿੱਲ ਵਰਗੇ ਚਲੰਤ ਗਾਇਕ ਜਿਨ੍ਹਾਂ ਨੇ ਕੋਈ ਵਿਧੀਵਤ ਅਧਿਐਨ ਨਹੀਂ ਕੀਤਾ, ਚਿੰਤਕ ਬਣ ਕੇ ਦੁਨੀਆ ਨੂੰ ਸੇਧ ਦੇਣ ਦੀ ਕੋਸਿ਼ਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਪ੍ਰਚੱਲਿਤ ਵਿਚਾਰਧਾਰਾ ਦਾ ਪੱਲਾ ਫੜਨਾ ਪੈਂਦਾ ਹੈ। ਰੱਬੀ ਸ਼ੇਰਗਿੱਲ ਵਰਗੇ ਜੁਗਾੜੀ ਲੋਕ ਵਿਦਵਾਨ ਬਣ ਕੇ ਲੋਕਾਈ ਨੂੰ ਮੱਤਾਂ ਦੇਣ ਲੱਗ ਪੈਂਦੇ ਹਨ ਤੇ ਚਲੰਤ ਗਾਇਕੀ ਨਾਲ ਪੈਦਾ ਹੋਏ ਸਭਿਆਚਾਰਕ ਸੰਕਟ ਦਾ ਮੁੱਦਾ ਵਿਚਾਰ ਵਿਚ ਹੀ ਨਹੀਂ ਆਉਂਦਾ। ਇਸ ਦੇ ਉਲਟ ਚਲੰਤ ਗਾਇਕੀ ਨੂੰ ਇਨਕਲਾਬੀ ਸੰਭਾਵਨਾਵਾਂ ਵਾਲੇ ਵਰਤਾਰੇ ਵਜੋਂ ਪੇਸ਼ ਕੀਤਾ ਜਾਂਦਾ ਹੈ; ਅਖੇ, ਇਸ ਨਾਲ ਲੋਕ ਜਾਗਰੂਕ ਹੁੰਦੇ ਹਨ।
ਚਲੰਤ ਗਾਇਕੀ ਉਸ ਚੇਤਨਾ ਦਾ ਸਾਧਨ ਬਣਦੀ ਹੈ ਜਿਹੜੀ ਆ ਕੇ ਵੀ ਨਹੀਂ ਆਉਂਦੀ। ਇਸ ਦੀ ਵਜ੍ਹਾ ਹੈ ਕਿ ਚੇਤਨਾ ਦੇ ਦੋ ਪਹਿਲੂ ਹਨ: ਇੱਕ ਤਾਂ ਲੋਕਾਂ ਨਾਲ ਹੋਈਆਂ ਤੇ ਹੋ ਰਹੀਆਂ ਬੇਇਨਸਾਫੀਆਂ ਦੀ ਤੱਥਮੂਲਕ ਜਾਣਕਾਰੀ; ਦੂਜਾ, ਇਸ ਹਿੰਸਾ ਦਾ ਸ਼ਿੱਦਤ ਭਰਿਆ ਅਹਿਸਾਸ। ਮੌਜੂਦਾ ਚਲੰਤ ਸੰਗੀਤ ਦੀ ਬੇਹੂਦਗੀ ਜਾਣਕਾਰੀ ਤਾਂ ਮੁਹੱਈਆ ਕਰਵਾ ਸਕਦੀ ਹੈ ਪਰ ਅਹਿਸਾਸ ਦੀ ਸ਼ਿੱਦਤ ਪੈਦਾ ਨਹੀਂ ਕਰ ਸਕਦੀ। ਇਸ ਦੇ ਉਲਟ ਚਲੰਤ ਗਾਇਕੀ ਅਹਿਸਾਸ ਦੀ ਸ਼ਿੱਦਤ ਪੈਦਾ ਹੋਣ ਦੇ ਰਾਹ ਵਿਚ ਅੜਿੱਕਾ ਹੈ। ਇਹ ਸੰਵੇਦਨਸ਼ੀਲਤਾ ਨੂੰ ਮਾਰਦੀ ਹੈ: ਲੋਕਾਂ ਦੇ ਦਰਦ ਨਾਲ ਜੁੜੇ ਅਹਿਸਾਸ ਦਾ ਬਾਜ਼ਾਰੂ ਤੇ ਹੋਛੇ ਕਿਸਮ ਦਾ ਤਮਾਸ਼ਾ ਬਣਾ ਦਿੰਦੀ ਹੈ। ਰੱਬੀ ਇਸੇ ਵਰਤਾਰੇ ਦਾ ਹਿੱਸਾ ਹੈ।
ਰੱਬੀ ਸ਼ੇਰਗਿੱਲ ਨੂੰ ਸਮਝਣ ਲਈ ਮਦਨ ਗੋਪਾਲ ਸਿੰਘ ਦੇ ਹਵਾਲੇ ਨਾਲ ਗੱਲ ਕਰਨੀ ਕੁਥਾਂ ਨਹੀਂ ਹੋਵੇਗੀ। ਰੱਬੀ ਮਦਨ ਗੋਪਾਲ ਸਿੰਘ ਜਿੰਨਾ ਬੇਸੁਰਾ ਨਹੀਂ, ਨਾ ਹੀ ਉਹ ਨਵੇਂ ਜੁਗ ਦੀ ਅਧਿਆਤਮਕਤਾ ਦੀ ਸਾਲੂ-ਲਿਪਟੀ ਨੁਮਾਇਸ਼ ਲਾਉਂਦਾ ਹੈ। ਰੱਬੀ ਦਰਦ ਵੇਚਦਾ ਹੈ। ਉਹ ਜਿਨ੍ਹਾਂ ਦਰਦਾਂ ਦੀ ਬਾਤ ਪਾਉਂਦਾ ਹੈ, ਉਹ ਕਿਸੇ ਅਸਮਾਨੋਂ ਡਿੱਗੀ ਬਿਜਲੀ ਸਦਕਾ ਪੈਦਾ ਨਹੀਂ ਹੋਏ। ਉਹ ਭਾਰਤ ਦੀ ਸਿਆਸੀ ਸਥਾਪਤੀ ਦੇ ਫਾਸ਼ੀ ਮਨਸੂਬਿਆਂ ਨੂੰ ਸਿਰੇ ਚਾੜ੍ਹਨ ਲਈ ਢਾਹੇ ਜ਼ੁਲਮਾਂ ਦੀ ਪੈਦਾਇਸ਼ ਹਨ। ਲੋਕਾਂ ਦੇ ਦਰਦ ਗਾਉਂਦਿਆਂ ਜਦੋਂ ਕਦੇ ਰੱਬੀ ਦੀ ਨਜ਼ਰ ਪੰਜਾਬ ਵੱਲ ਮੁੜਦੀ ਹੈ ਤਾਂ ਉਹ ਮਜ਼ਲੂਮਾਂ ਨੂੰ ਦੋਸ਼ੀ ਬਣਾਉਣ ਦਾ ਰਾਹ ਫੜ ਲੈਂਦਾ ਹੈ। ਉਹ ਲੋਕਾਂ ਨੂੰ ਮੱਤਾਂ ਦਿੰਦਾ ਹੈ ਕਿ ਕਿਹੜੀ ਫਸਲ ਬੀਜਣੀ ਹੈ ਤੇ ਕਿਹੜੀਆਂ ਲਹਿਰਾਂ ਚਲਾਉਣੀਆਂ ਹਨ। ਰੱਬੀ ਦੇ ਇਸ ਵਿਹਾਰ ਪਿੱਛੇ ਧਾਰਨਾ ਹੈ ਕਿ ਪੰਜਾਬ ਦੇ ਲੋਕ ਆਪਣੀ ਮਰਜ਼ੀ ਕਰਨ ਲਈ ਆਜ਼ਾਦ ਹਨ। ਇਹ ਬਹੁਤ ਨਿਰਦਈ ਰਵੱਈਆ ਹੈ। ਲੋਕ ਕਾਨੂੰਨਾਂ ਤੇ ਨੀਤੀਆਂ ਦੇ ਨੂੜੇ ਹਕੂਮਤ ਦੇ ਚਲਾਏ ਚੱਲ ਰਹੇ ਹਨ ਪਰ ਰੱਬੀ ਵਰਗੇ ਨਿਰਦਈ ਵਪਾਰੀ ਇਸ ਪ੍ਰਤੱਖ ਦਿਸਦੀ ਅਸਲੀਅਤ ਨੂੰ ਦੇਖਣ ਤੋਂ ਇਨਕਾਰੀ ਹਨ।
ਰੱਬੀ ਸ਼ੇਰਗਿੱਲ ਦੀ ਇਸ ਗੱਲਬਾਤ ਰਾਹੀਂ ਬਹੁਤ ਕੁਝ ਸਪੱਸ਼ਟ ਹੁੰਦਾ ਹੈ; ਜਿਵੇਂ: ਮੰਡੀ ਦੀ ਆਮ ਲੋਕਾਂ ਦੀ ਜ਼ਿੰਦਗੀ ‘ਤੇ ਇਜਾਰੇਦਾਰੀ ਜ਼ਿੰਦਗੀ ਨਾਲ ਬਹੁਤ ਘਿਨਾਉਣਾ ਤੇ ਅਣਮਨੁੱਖੀ ਮਜ਼ਾਕ ਹੈ। ਮੰਡੀ ਨੇਂਹਵਾਦ ਦੀ ਜ਼ਮੀਨ ‘ਤੇ ਖੜ੍ਹੀ ਹੈ। ਇਸ ਨੇ ਸਭ ਉਚੇਰੀਆਂ ਕਦਰਾਂ-ਕੀਮਤਾਂ ਤੇ ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਹਸਤੀਆਂ ਨੂੰ ਆਪਣੀ ਗੰਵਾਰੂ ਬਿਰਤਾਂਤਕ ਹਿੰਸਾ ਦਾ ਨਿਸ਼ਾਨਾ ਬਣਾਇਆ ਹੈ। ਦੁਨੀਆ ਦੇ ਪੁਰਾਣੇ ਪ੍ਰੇਰਨਾ ਸਰੋਤ ਖਤਮ ਕਰ, ਮੰਡੀ ਨੇ ਆਪਣੀ ਲੋੜ ਅਨੁਸਾਰ ਨਵੇਂ ਬੁੱਤ ਸਿਰਜੇ ਹਨ। ਗਾਇਕ ਤੇ ਅਦਾਕਾਰ ਅਜਿਹੇ ਬੁੱਤ ਹਨ ਜਿਨ੍ਹਾਂ ਨੇ ਅੰਨ੍ਹੀ ਰਈਅਤ ਆਪਣੇ ਮਗਰ ਲਾ ਕੇ ਹੋਰ ਬਉਰੀ ਕੀਤੀ ਹੋਈ ਹੈ। ਆਪਣੇ ਮਗਰ ਲੱਗੀਆਂ ਨ-ਕਦਰੀਆਂ ਭੀੜਾਂ ਦੀ ਤਾਕਤ ਦੇ ਸਿਰ ‘ਤੇ ਰੱਬੀ ਸ਼ੇਰਗਿੱਲ ਜਿਹੇ ਇਹ ਲੋਕ ਆਪਣੇ-ਆਪ ਨੂੰ ਮਹਾਨ ਵਿਚਾਰਵਾਨ ਵੀ ਸਮਝਦੇ ਹਨ। ਰੱਬੀ ਸ਼ੇਰਗਿੱਲ ਵਰਗਾ ਬੰਦਾ ਮਾਰਟਿਨ ਹਾਇਡਿਗਰ ਦਾ ਨਾਂ ਲੈ ਰਿਹਾ ਹੈ। ਜ਼ਾਹਰ ਹੈ ਕਿ ਰੱਬੀ ਸਮਝਦਾ ਹੈ ਕਿ ਜਦੋਂ ਉਸ ਨੂੰ ਹਾਇਡਿਗਰ ਦਾ ਲੜ-ਸਿਰਾ ਨਹੀਂ ਥਿਆਉਂਦਾ ਤਾਂ ਉਸ ਦੀ ਮਰੀਅਲ ਆਵਾਜ਼ ‘ਤੇ ਵਾਹ-ਵਾਹ ਕਰਨ ਵਾਲੇ ਲੋਕ ਕਿਵੇਂ ਸਮਝਣਗੇ ਕਿ ਰੱਬੀ ਹਾਇਡਿਗਰ ਨੂੰ ਸਹੀ ਪ੍ਰਸੰਗ ਵਿਚ ਪੇਸ਼ ਕਰ ਰਿਹਾ ਹੈ ਜਾਂ ਉਸ ਦਾ ਨਾਂ ਲੈ ਕੇ ਆਪਣੀਆਂ ਥਵ੍ਹੀਆਂ ਛੱਡ ਰਿਹਾ ਹੈ?
ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਸਭ ਕੁਝ ਮਹਿਜ਼ ਰੱਬੀ ਵਰਗੇ ਤਮਾਸ਼ਬੀਨਾਂ ਦਾ ਤਮਾਸ਼ਾ ਨਹੀਂ। ਇਹ ਸਾਡੀ ਜ਼ਿੰਦਗੀ ਨਾਲ ਹੋ ਰਿਹਾ ਸਭ ਤੋਂ ਵੱਡਾ ਖਿਲਵਾੜ ਹੈ। ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਸਿੱਖ ਨੌਜਵਾਨਾਂ ਨੂੰ ਗੰਭੀਰ ਚਿੰਤਨ ਤੇ ਉਚੇਰੀ ਸਿਰਜਣਾਤਮਕ ਉਡਾਰੀ ਦਾ ਰਾਹ ਫੜਨਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਮੰਡੀ ਦਾ ਪੈਦਾ ਕੀਤਾ ਗੰਵਾਰੂ ਸਭਿਆਚਾਰ ਸਾਨੂੰ ਆਪਣੀ ਲਪੇਟ ਵਿਚ ਨਾ ਲੈ ਸਕੇ। ਅਸੀਂ ਆਪਣਾ ਨਿਆਰਾਪਣ ਬਰਕਰਾਰ ਰੱਖੀਏ ਤੇ ਸੰਵਾਦ ਨੂੰ ਸੰਜੀਦਾ ਬਣਾਈ ਰੱਖਣ ਲਈ ਯਤਨਸ਼ੀਲ ਰਹੀਏ।