ਮਿਲਵਾਕੀ: ਗੁਰਦੁਆਰਾ ਓਕ ਕਰੀਕ ਵਿਚ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਗੋਰੇ ਨਸਲਪ੍ਰਸਤਾਂ ਦੇ ਇਕ ਆਗੂ ਨੂੰ ਗਲਤੀ ਦਾ ਪਛਤਾਵਾ ਹੋਇਆ ਹੈ। ਪਿਛਲੇ ਸਾਲ ਇਕ ਨਸਲਪ੍ਰਸਤ ਹਮਲਾਵਰ ਵੱਲੋਂ ਗੁਰਦੁਆਰਾ ਓਕ ਕਰੀਕ ਸਥਿਤ ਗੁਰਦੁਆਰੇ ਵਿਚ ਵੜ ਕੇ ਪ੍ਰਦੀਪ ਕਾਲੇਕਾ ਦੇ ਪਿਤਾ ਤੇ ਪੰਜ ਹੋਰਾਂ ਨੂੰ ਗੋਲੀਆਂ ਮਾਰ ਕੇ ਮਾਰਨ ਤੋਂ ਛੇ ਹਫਤੇ ਮਗਰੋਂ ਕਿਸੇ ਵੇਲੇ ਨਸਲਪ੍ਰਸਤਾਂ ਦੇ ਆਗੂ ਰਹੇ ਆਰਨੋ ਮਿਸ਼ੇਲਿਸ਼ ਨੇ ਪ੍ਰਦੀਪ ਕਾਲੇਕਾ ਤੱਕ ਪਹੁੰਚ ਕਰਕੇ ਉਸ ਨੂੰ ਰਾਤ ਦੇ ਖਾਣੇ ‘ਤੇ ਸੱਦਿਆ ਸੀ। ਪ੍ਰਦੀਪ ਨੇ ਇਹ ਸੱਦਾ ਸਵੀਕਾਰ ਕਰ ਲਿਆ ਤੇ ਹੁਣ ਇਸ ਗੱਲੋਂ ਸ਼ੁਕਰ ਮਨਾਉਂਦਾ ਹੈ ਕਿ ਉਸ ਨੇ ਠੀਕ ਕੀਤਾ ਸੀ।
ਪਿਤਾ ਗਵਾ ਚੁੱਕੇ ਇਸ ਦੁਖੀ ਪੁੱਤਰ ਤੇ ਪਛਤਾਵਾ ਕਰ ਰਹੇ ਨਸਲਪ੍ਰਸਤ ਦੀ ਉਦੋਂ ਤੋਂ ਕੁਝ ਇਸ ਤਰ੍ਹਾਂ ਦੀ ਜੋੜੀ ਬਣ ਗਈ ਹੈ ਕਿ ਸਭ ਨੂੰ ਹੈਰਤ ਹੁੰਦੀ ਹੈ। ਦੋਵੇਂ ਰਲ ਕੇ ਸਾਰੇ ਮਿਲਵਾਕੀ ਵਿਚ ਅਮਨ ਦਾ ਸੁਨੇਹਾ ਦੇ ਰਹੇ ਹਨ। ਇਨ੍ਹਾਂ ਦੋਵਾਂ ਦੀ ਆਪਸੀ ਸਾਂਝ ਇੰਨੀ ਪੀਡੀ ਹੋ ਗਈ ਹੈ ਕਿ ਦੋਵਾਂ ਨੇ ਆਪਣੀਆਂ ਤਲੀਆਂ ‘ਤੇ ਇਕੋ ਜਿਹੇ ਟੈਟੂ 8/5/12 ਖੁਣਵਾ ਲਏ ਹਨ। ਇਹ ਉਹ ਤਰੀਕ ਹੈ ਜਿਸ ਦਿਨ ਹਮਲਾਵਰ ਖੁਦ ਨੂੰ ਗੋਲੀ ਮਾਰਨ ਤੋਂ ਕੁਝ ਮਿੰਟ ਪਹਿਲਾਂ ਮਿਲਵਾਕੀ ਦੇ ਗੁਰਦੁਆਰੇ ਵਿਚ ਛੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ।
ਪ੍ਰਦੀਪ ਕਾਲੇਕਾ ਲਈ ਆਰਨੋ ਮਿਸ਼ੇਲਿਸ਼ (42) ਨੂੰ ਮਿਲਣਾ ਸੌਖਾ ਨਹੀਂ ਸੀ ਜੋ ਖੁਦ ਮੰਨਦਾ ਹੈ ਕਿ ਉਸ ਨੇ ਗੋਰਿਆਂ ਦੀ ਨਸਲਪ੍ਰਸਤੀ ਵਾਲੀ ਇਸ ਲਹਿਰ ਨੂੰ ਮਜ਼ਬੂਤ ਕਰਨ ਲਈ ਬਹੁਤ ਜੀਅ-ਜਾਨ ਨਾਲ ਕੰਮ ਕੀਤਾ ਸੀ ਤੇ ਉਹ ਹਮਲਾਵਰ ਨੂੰ ਵਰਜ ਸਕਦਾ ਸੀ। ਪ੍ਰਦੀਪ ਕਾਲੇਕਾ ਨੂੰ ਆਰਨੋ ਦਾ ਇਤਿਹਾਸ ਪਤਾ ਸੀ। ਉਹ ਨਸਲਪ੍ਰਸਤਾਂ ਦੇ ਬੈਂਡ ਦਾ ਮੋਹਰੀ ਗਾਇਕ ਰਿਹਾ ਸੀ ਤੇ ਗੋਰਿਆਂ ਦੀ ਤਾਕਤ, ਸਵਾਸਤਿਕ ਟੈਟੂ, ਬੇਅੰਤ ਲੜਾਈਆਂ ਤੇ ਦਰਜਨ ਤੋਂ ਵੱਧ ਗ੍ਰਿਫਤਾਰੀਆਂ ਦਾ ਉਸ ਦਾ ਇਤਿਹਾਸ ਪ੍ਰਦੀਪ ਲਈ ਨਵਾਂ ਨਹੀਂ ਸੀ ਪਰ ਨਾਲ ਹੀ ਉਸ ਨੂੰ ਇਹ ਵੀ ਪਤਾ ਸੀ ਕਿ 1990ਵਿਆਂ ਦੇ ਅੱਧ ਵਿਚ ਇਸ ਧੱਕੜ ਲਹਿਰ ਨਾਲੋਂ ਵੱਖ ਹੋਏ ਮਿਸ਼ੇਲਿਸ਼ ਨੇ ਚੰਗੇ ਕੰਮ ਵੀ ਕੀਤੇ ਸਨ। 37 ਸਾਲਾ ਪ੍ਰਦੀਪ ਕਾਲੇਕਾ ਚਾਹੁੰਦਾ ਸੀ ਕਿ ਉਸ ਦੇ ਪਿਤਾ ਦੀ ਮੌਤ ਅਮਨ ਦਾ ਆਧਾਰ ਬਣੇ ਤੇ ਇਸੇ ਕਰਕੇ ਉਸ ਨੇ ਆਰਨੋ ਦਾ ਸੱਦਾ ਮਨਜ਼ੂਰ ਕੀਤਾ ਸੀ।
ਮਿਸ਼ੇਲਿਸ਼ ਨੇ ਆਪਣੀ ਪੁਸਤਕ ‘ਮਾਈ ਲਾਈਫ ਆਫਟਰ ਹੇਟ’ ਵਿਚ ਦੱਸਿਆ ਕਿ ਕਿਵੇਂ ਉਹ ਕਿੰਡਰਗਾਰਟਨ ਵਿਚ ਪੜ੍ਹਦਾ ਹੀ ਵਹਿਸ਼ਤੀ ਬਣ ਗਿਆ ਸੀ ਪਰ ਧੀ ਦੇ ਜਨਮ ਮਗਰੋਂ ਉਸ ਨੂੰ ਲੱਗਿਆ ਕਿ ਉਸ ਨੂੰ ਅਜਿਹਾ ਨਹੀਂ ਹੋਣਾ ਚਾਹੀਦਾ। ਪ੍ਰਦੀਪ ਕਾਲੇਕਾ ਨੂੰ ਪਹਿਲਾਂ ਤੌਖਲਾ ਸੀ ਕਿ ਮਿਸ਼ੇਲਿਸ਼ ਕਦੇ ਵੀ ਅਤੀਤ ਵੱਲੋਂ ਪਰਤ ਸਕਦਾ ਹੈ ਪਰ ਉਸ ਨੂੰ ਜਾਨਣ ਮਗਰੋਂ ਉਸ ਦੇ ਸਾਰੇ ਤੌਖਲੇ ਸ਼ਾਂਤ ਹੋ ਗਏ ਹਨ।
ਇਨਫਰਮੇਸ਼ਨ ਟੈਕਨੋਲੋਜੀ ਕੰਸਲਟੈਂਟ ਵਜੋਂ ਕੰਮ ਕਰਦਾ ਮਿਸ਼ੇਲਿਸ਼ ਇਨ੍ਹਾਂ ਤੌਖਲਿਆਂ ਤੋਂ ਵਾਕਫ ਸੀ। ਉਹ ਜਾਣਦਾ ਸੀ ਕਿ ਉਸ ਨੇ ਸੱਤ ਸਾਲਾਂ ਵਿਚ ਇੰਨੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਸੀ ਕਿ ਉਸ ਦੀ ਸੁਹਿਰਦਤਾ ਹਰ ਵੇਲੇ ਸ਼ੱਕ ਦੇ ਘੇਰੇ ਵਿਚ ਰਹੇਗੀ। ਇਸੇ ਕਰਕੇ ਉਹ ਲੋਕਾਂ ਦਾ ਭਰੋਸਾ ਜਿੱਤਣ ਲਈ ਹੋਰ ਵੀ ਸਖ਼ਤ ਮਿਹਨਤ ਕਰਦਾ ਹੈ। ਦੋਵਾਂ ਨੇ ਰਲਕੇ ‘ਸਰਵ ਟੂ ਯੂਨਾਈਟ’ ਭਾਈਚਾਰਕ ਗਰੁੱਪ ਬਣਾਇਆ ਹੈ ਜੋ ਹਿੰਸਾ ਦਾ ਟਾਕਰਾ ਅਮਨ ਨਾਲ ਕਰਨ ਲਈ ਕੰਮ ਕਰਦਾ ਹੈ। ਪ੍ਰਦੀਪ ਕਾਲੇਕਾ, ਮਿਸ਼ੇਲਿਸ਼ ਤੇ ਹੋਰ ਰਲ ਕੇ ਮਿਡਲ ਤੇ ਹਾਈ ਸਕੂਲਾਂ ਵਿਚ ਜਾਂਦੇ ਹਨ ਜਿੱਥੇ ਪ੍ਰਦੀਪ ਵਿਸਕਾਨਸਨ ਗੁਰਦੁਆਰੇ ਦੀ ਘਟਨਾ ਬਿਆਨਦਾ ਹੈ ਤੇ ਮਿਸ਼ੇਲਿਸ਼ ਹਮਲਾਵਰ ਦੇ ਆਪਣੇ ਵਰਗੇ ਪਿਛੋਕੜ ਬਾਰੇ ਦੱਸਦਾ ਹੈ। ਇਸ ਦਾ ਬੱਚਿਆਂ ‘ਤੇ ਸਹੀ ਪ੍ਰਭਾਵ ਪੈਂਦਾ ਹੈ। ਪ੍ਰਦੀਪ ਕਾਲੇਕਾ ਕਲੀਨਸ਼ੇਵਨ ਹੈ ਤੇ ਇਕ ਸਕੂਲ ਵਿਚ ਸੋਸ਼ਲ ਸਟੱਡੀਜ਼ ਪੜ੍ਹਾਉਂਦਾ ਹੈ। ਮਿਸ਼ੇਲਿਸ਼ ਗੋਰਾ ਹੈ ਜਿਸ ਦੀਆਂ ਦੋਵੇਂ ਬਾਹਵਾਂ ਟੈਟੂਆਂ ਨਾਲ ਭਰੀਆਂ ਪਈਆਂ ਹਨ ਪਰ ਪਹਿਲਾਂ ਇਨ੍ਹਾਂ ‘ਤੇ ਸਿਰਫ ਨਸਲੀ ਨਫਰਤ ਭਰੇ ਸੁਨੇਹੇ ਸਨ।
Leave a Reply