ਫੇਲ੍ਹ ਹੋਣ ਦਾ ਵਰਦਾਨ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਜੂਨ 1971 ਦੀ ਤਿੱਖੜ ਦੁਪਹਿਰ। ਕਣਕ ਦੇ ਵੱਢ ਵਿਚ ਰੂੜੀ ਪਾਉਣ ਦਾ ਸਮਾਂ। ਬਾਪ ਨਾਲ ਗੱਡੇ `ਤੇ ਰੂੜੀ ਪਵਾ ਰਿਹਾ ਸਾਂ ਤਾਂ ਮੇਰੇ ਜਮਾਤੀ ਨੇ ਆ ਕੇ ਦੱਸਿਆ ਕਿ ਮੈਂ ਤਾਂ ਪ੍ਰੈਪ ਵਿਚੋਂ ਪਾਸ ਹੋ ਗਿਆ ਹਾਂ ਪਰ ਤੂੰ ਫੇਲ੍ਹ ਹੋ ਗਿਆ ਏਂ।

ਪ੍ਰੈਪ ਵਿਚੋਂ ਫੇਲ੍ਹ ਹੋਣਾ ਅਤੇ ਇਸ ਨੂੰ ਵਰਦਾਨ ਕਹਿਣਾ, ਪਾਠਕ ਨੂੰ ਅਚੰਭਤ ਜ਼ਰੂਰ ਕਰੇਗਾ, ਪਰ ਸੱਚ ਇਹੀ ਹੈ ਕਿ ਮਨੁੱਖ ਆਪਣੀਆਂ ਨਾਕਾਮੀਆਂ ਵਿਚੋਂ ਹੀ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਹੈ। ਆਪਣੀਆਂ ਕਮੀਆਂ ਤੇ ਖਾਮੀਆਂ ਨੂੰ ਸੁਧਾਰ, ਨਵੀਆਂ ਪੁਲਾਂਘਾਂ ਪੁੱਟਦਾ ਹੈ। ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਉਣ ਲਈ, ਮਨ-ਬਿਰਤੀ ਨੂੰ ਉਸਾਰੂ ਮੋੜ ਦਿੰਦਾ ਅਤੇ ਥਿੜਕਦੇ ਪੈਰਾਂ ਨੂੰ ਤਕੜਾਈ ਦੀ ਪੈੜ ਵਿੱਚ ਧਰਦਾ ਹੈ। ਅਜਿਹਾ ਕੁਝ ਹੀ ਮੇਰੇ ਨਾਲ ਵੀ ਵਾਪਰਿਆ।
ਦਰਅਸਲ ਦਸਵੀਂ `ਚ ਫਸਟ ਡਿਵੀਜ਼ਨ ਵਿਚ ਪਾਸ ਹੋਣ `ਤੇ, ਨਵੇਂ ਐਮਏ ਪਾਸ ਤੇ ਗੁਆਂਢੀ, ਸ. ਜਰਨੈਲ ਸਿੰਘ ਭੰਡਾਲ ਨੇ ਪੱਤੀ ਦੇ ਸਾਨੂੰ ਤਿੰਨ ਜਮਾਤੀਆਂ, ਬਲਵੰਤ ਸਿੰਘ, ਰਣਜੀਤ ਸਿੰਘ ਤੇ ਮੈਨੂੰ ਰਣਧੀਰ ਕਾਲਜ, ਕਪੂਰਥਲਾ ਵਿਚ ਨਾਨ-ਮੈਡੀਕਲ `ਚ ਦਾਖ਼ਲ ਕਰਵਾ ਦਿੱਤਾ। ਉਸ ਦਾ ਸੋਚਣਾ ਸੀ ਕਿ ਅਸੀਂ ਸਾਇੰਸ ਪੜ੍ਹ ਕੇ ਤੇ ਚੰਗੀਆਂ ਵਿਦਿਅਕ ਪ੍ਰਾਪਤੀਆਂ ਨਾਲ ਚੰਗਾ ਭਵਿੱਖ ਉਸਾਰ ਤੇ ਮਾਣ ਸਕੀਏ।
ਪਿੰਡ ਦੇ ਜਵਾਕਾਂ ਦਾ ਨਵਾਂ-ਨਵਾਂ ਕਾਲਜ ਵਿਚ ਦਾਖਲ ਹੋਣਾ ਤੇ ਨਵੇਂ ਮਾਹੌਲ ਨੂੰ ਦੇਖ ਕੇ ਅਚੰਭਿਤ ਹੋਣਾ ਲਾਜ਼ਮੀ ਸੀ। ਪੜ੍ਹਨ ਦਾ ਚਾਅ ਸੀ ਪਰ ਸਾਇੰਸ ਦੀ ਸਮੁੱਚੀ ਪੜ੍ਹਾਈ ਅੰਗਰੇਜ਼ੀ ਮੀਡੀਅਮ ਵਿਚ ਹੋਣ ਕਾਰਨ, ਸਾਡੇ ਕੁਝ ਵੀ ਸਮਝ ਨਾ ਆਉਂਦਾ ਅਤੇ ਕੋਰੇ ਹੀ ਕਾਲਜ ਤੋਂ ਪਰਤ ਆਉਂਦੇ।ਪੜ੍ਹਾਈ ਦਾ ਫਿਕਰ ਕਰਨ ਦੀ ਥਾਂ, ਅਸੀਂ ਸਾਇੰਸ ਦੀ ਪੜ੍ਹਾਈ ਤੋਂ ਬਚਣ ਦੀਆਂ ਤਰਕੀਬਾਂ ਸੋਚਣ ਲੱਗ ਪਏ ਅਤੇ ਮਨ ਵਿਚ ਆਉਂਦਾ ਕਿ ਆਰਟਸ ਪੜ੍ਹਨ ਵਾਲੇ ਕਿੰਨੀ ਬੇਫ਼ਿਕਰੀ ਅਤੇ ਅਨੰਦ ਨਾਲ ਕਾਲਜੀਏਟ ਬਣੇ, ਮੌਜਾਂ ਲੁੱਟਦੇ ਹਨ।ਦਰਅਸਲ ਮਨ ਜਦ ਢੇਰੀ ਢਾਹ ਲਵੇ ਤੇ ਬਚਾਅ ਵਿਚ ਆ ਜਾਵੇ ਤਾਂ ਚੁਣੌਤੀ ਦਾ ਮੁਕਾਬਲਾ ਕਰਨ ਦੀ ਬਿਰਤੀ ਹੀ ਮਰ ਜਾਂਦੀ ਹੈ। ਫਿਰ ਪੱਲੇ ਬਹਾਨੇ ਹੀ ਹੁੰਦੇ ਹਨ। ਅਜਿਹਾ ਕੁਝ ਹੀ ਸਾਡੇ ਨਾਲ ਹੋਇਆ ਅਤੇ ਕਿਸੇ ਨੂੰ ਦੱਸੇ ਬਗੈਰ, ਅਸੀਂ ਤਿੰਨਾਂ ਨੇ ਛੱਡ ਕੇ ਆਰਟਸ ਦੇ ਵਿਸ਼ੇ ਪੜ੍ਹਨੇ ਸ਼ੁਰੂ ਕਰ ਦਿੱਤੇ। ਮਾਪੇ ਕੋਰੇ ਅਨਪੜ੍ਹ ਸਨ। ਉਨ੍ਹਾਂ ਵਾਸਤੇ ਵਿਸ਼ਿਆਂ ਦਾ ਕੋਈ ਮਤਲਬ ਹੀ ਨਹੀਂ ਸੀ। ਉਹ ਤਾਂ ਇਸ ਗੱਲੋਂ ਹੀ ਖੁਸ਼ ਸਨ ਕਿ ਸਾਡੇ ਬੱਚੇ ਕਾਲਜ ਵਿਚ ਪੜ੍ਹਦੇ ਹਨ।
ਪੰਦਰਾਂ ਕੁ ਦਿਨ ਸਾਨੂੰ ਆਰਟਸ ਪੜ੍ਹਦਿਆਂ ਵੀ ਹੋ ਗਏ ਤਾਂ ਮੇਰੇ ਮਾਮਾ ਜੀ, ਹੈੱਡ-ਮਾਸਟਰ ਪਿਆਰਾ ਸਿੰਘ ਖੈੜਾ ਮੇਰੀ ਪੜ੍ਹਾਈ ਬਾਰੇ ਜਾਨਣ ਲਈ ਕਾਲਜ ਹੀ ਆ ਗਏ ਅਤੇ ਕਾਲਜ ਦੇ ਕਲਰਕ ਹੀਰਾ ਲਾਲ ਰਾਹੀਂ ਮੈਨੂੰ ਕਲਾਜ ਕੰਟੀਨ ਵਿਚ ਲੱਭ ਲਿਆ। ਜਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸਾਇੰਸ ਛੱਡ ਕੇ ਆਰਟਸ ਦੇ ਮਜ਼ਮੂਨ ਪੜ੍ਹਨੇ ਸ਼ੂਰੁ ਕਰ ਦਿੱਤੇ ਹਨ ਤਾਂ ਉਨ੍ਹਾਂ ਦੀ ਪਹਿਲੀ ਪ੍ਰਤੀਕਰਮ ਰੂਪੀ ਚੇਤਾਵਨੀ ਸੀ, `ਜੇ ਤਾਂ ਸਾਇੰਸ ਪੜ੍ਹਨੀ ਏ ਤਾਂ ਠੀਕ ਆ।ਵਰਨਾ ਚੁੱਕ ਆਪਣਾ ਬੈਗ ਤੇ ਚੱਲ ਕੇ ਆਪਣੇ ਬਾਪ ਨਾਲ ਵਾਹੀ ਕਰਵਾ।` ਵੱਡਿਆਂ ਨੂੰ ਜਵਾਬ ਦੇਣ ਦਾ ਤਾਂ ਮਤਲਬ ਹੀ ਨਹੀਂ ਸੀ ਅਤੇ ਮੈਂ ਮੁੜ ਕੇ ਸਾਇੰਸ ਪੜ੍ਹਨ ਦੀ ਹਾਮੀ ਭਰ ਦਿੱਤੀ ਜਦਕਿ ਕਲਾਸਾਂ ਲੱਗਦੀਆਂ ਨੂੰ ਮਹੀਨਾ ਕੁ ਹੋ ਚੱਕਾ ਸੀ। ਮੈਂ ਤਾਂ ਸਾਇੰਸ ਦੀਆਂ ਪੁਸਤਕਾਂ ਵਾਪਸ ਕਰ ਕੇ ਆਰਟਸ ਦੀਆਂ ਲੈ ਲਈਆਂ ਸਨ ਤੇ ਆਪਣਾ ਰੋਲ ਨੰਬਰ ਵੀ ਬਦਲ ਲਿਆ ਸੀ।ਮਾਨਸਿਕ ਦੁਚਿੱਤੀ ਅਤੇ ਵਿਸ਼ੇ ਦੀ ਅਦਲਾ-ਬਦਲੀ ਵਿੱਚ ਹੀ ਮਹੀਨੇ ਤੋਂ ਵੱਧ ਸਮਾਂ ਲੰਘ ਗਿਆ।ਫਿਰ ਉਹੀ ਅੰਗਰੇਜ਼ੀ ਮੀਡੀਅਮ, ਔਖੀ ਪੜ੍ਹਾਈ ਅਤੇ ਪਹਿਲੀਆਂ ਕਲਾਸਾਂ ਮਿਸ ਹੋਣ ਕਾਰਨ ਅਗਲੇਰੇ ਚੈਪਟਰਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੋ ਗਿਆ ਤੇ ਸਾਲਾਨਾ ਇਮਤਿਹਾਨ ਵਿਚ ਮੈਂ ਪ੍ਰੈਪ ਵਿੱਚੋਂ ਫੇਲ੍ਹ ਹੋ ਗਿਆ।
ਜਦ ਰੂੜੀ ਪਾਉਂਦਿਆਂ, ਪਿਤਾ ਜੀ ਨੂੰ ਮੇਰੇ ਫੇਲ੍ਹ ਹੋਣ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਉਦਾਸ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿਚ ਆਈ ਨਮੀ ਵਿਚੋਂ, ਉਨ੍ਹਾਂ ਵੱਲੋਂ ਸਿਰਜੇ ਸੁਪਨੇ ਦੀ ਤਿੜਕਣ ਨੂੰ ਮੈਂ ਮਹਿਸੂਸ ਕੀਤਾ ਅਤੇ ਸ਼ਰਮਿੰਦੇ ਹੋ ਕੇ ਨੀਵੀਂ ਪਾ ਲਈ। ਦੁੱਖ ਹੋਇਆ ਕਿ ਬਾਪ ਦੀ ਮਿਹਨਤ ਅਤੇ ਉਨ੍ਹਾਂ ਦੀਆਂ ਆਸ਼ਾਵਾਂ ਨੂੰ ਮਿੱਟੀ ‘ਚ ਮਿਲਾਉਣ ਲਈ ਮੈਂ ਹੀ ਕਸੂਰਵਾਰ ਹਾਂ ਪਰ ਉਨ੍ਹਾਂ ਨੇ ਹੌਸਲਾ ਦਿੰਦਿਆਂ ਕਿਹਾ ਕਿ ਕੋਈ ਨਾ। ਹੁਣ ਹੋਰ ਮਿਹਨਤ ਕਰੀਂ।ਅਗਲੇ ਸਾਲ ਆਪੇ ਹੀ ਪਾਸ ਹੋ ਜਾਵੇਂਗਾ। ਉਸ ਪਲ ਮੈਂ ਮਨ ਵਿਚ ਪਿਤਾ ਦੀਆਂ ਅੱਖਾਂ ਵਿਚ ਜੰਮ ਚੁੱਕੇ ਅੱਥਰੂਆਂ ਦੀ ਸਹੁੰ ਖਾਧੀ ਕਿ ਹੁਣ ਉਨ੍ਹਾਂ ਦੇ ਦੀਦਿਆਂ ਵਿਚ ਨਿਰਾਸ਼ਾ ਦੇ ਨਹੀਂ, ਸਗੋਂ ਖੁਸ਼ੀ ਦੇ ਹੰਝੂ ਦੇਖਣ ਲਈ ਖੁਦ ਨੂੰ ਅਰਪਿਤ ਕਰਾਂਗਾ। ਇਨ੍ਹਾਂ ਬੇਸ਼ਕੀਮਤੀ ਪਰ ਜੰਮੇ ਹੰਝੂਆਂ ਦਾ ਮੁੱਲ ਮੋੜ ਕੇ ਹੀ ਸਾਹ ਲਵਾਂਗਾ।ਇਹ ਬਾਪ ਦੇ ਮਾਣ ਨੂੰ ਕਾਇਮ ਰੱਖਣ ਦਾ ਆਪਣੇ ਆਪ ਨਾਲ ਤੇ ਆਪਣੇ ਅੰਤਰੀਵ ਨਾਲ ਮੂਕ ਪਰ ਪੱਕਾ ਵਾਅਦਾ ਸੀ।
ਦਰਅਸਲ ਮੇਰਾ ਫੇਲ੍ਹ ਹੋਣਾ ਹੀ ਮੈਨੂੰ ਮੇਰੀਆਂ ਕਮਜ਼ੋਰੀਆਂ ਦੇ ਰੂਬਰੂ ਕਰ, ਇਨ੍ਹਾਂ ਨੂੰ ਤਾਕਤ ਬਣਾਉਣ ਦਾ ਵੱਲ ਸਿਖਾ ਗਿਆ।ਪਹਿਲੀ ਮੁਸ਼ਕਲ ਸੀ ਅੰਗਰੇਜ਼ੀ ਮੀਡੀਅਮ। ਪਹਿਲਾਂ-ਪਹਿਲਾਂ ਪਿੰਡਾਂ ਦੇ ਪੜ੍ਹਿਆਂ ਨੂੰ, ਸ਼ਹਿਰਾਂ ਵਿਚ ਪੜ੍ਹਿਆਂ ਨਾਲੋਂ ਅੰਗਰੇਜ਼ੀ ਸਮਝਣੀ ਤੇ ਬੋਲਣੀ ਔਖੀ ਲੱਗਦੀ ਆ।ਇਸ ਔਕੜ ਤੋਂ ਰਾਹਤ ਪਾਉਣ ਲਈ, ਮੈਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਚੈਪਟਰਾਂ ਨੂੰ ਘਰ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਹੜੇ ਅਗਲੇ ਦਿਨ ਪ੍ਰੋਫੈਸਰ ਨੇ ਪੜ੍ਹਾਉਣੇ ਹੁੰਦੇ ਸਨ।ਇਸ ਨਾਲ ਮੈਨੂੰ ਸਾਇੰਸ ਸਮਝਣ ਵਿਚ ਆਸਾਨੀ ਹੋ ਗਈ। ਤਾਂ ਹੀ ਮੈਂ ਆਪਣੇ ਅਧਿਆਪਨ ਦੌਰਾਨ, ਨਵੇਂ ਵਿਦਿਆਰਥੀਆਂ ਲਈ, ਪਹਿਲੇ ਕੁਝ ਦਿਨ ਅੰਗਰੇਜ਼ੀ ਦੇ ਨਾਲ ਨਾਲ, ਪੰਜਾਬੀ ਵਿਚ ਵੀ ਫਿਜਿ਼ਕਸ ਪੜ੍ਹਾਉਣ ਦੀ ਆਦਤ ਬਣਾ ਲਈ।ਇਸ ਨਾਲ ਪਿੰਡ ਤੋਂ ਦਸਵੀਂ ਕਰ ਕੇ ਆਇਆਂ ਲਈ ਸਾਇੰਸ ਨੂੰ ਸਮਝਣਾ ਆਸਾਨ ਹੋ ਜਾਂਦਾ ਸੀ।
ਸਾਇੰਸ ਦੀਆਂ ਕਲਾਸਾਂ ਵਿਚ ਪਿੰਡਾਂ ਦੇ ਬੱਚੇ ਘੱਟ ਹੁੰਦੇ ਸਨ ਜਦਕਿ ਸ਼ਹਿਰਾਂ ਦੇ ਚੰਗੇ ਸਕੂਲਾਂ ਤੋਂ ਪੜ੍ਹ ਕੇ ਆਏ ਬੱਚੇ ਵਧੇਰੇ ਹੁੰਦੇ ਸਨ।ਸ਼ਹਿਰੀ ਵਿਦਿਆਰਥੀਆਂ (ਕੁਝ ਕੁ ਪ੍ਰੋਫੈਸਰ ਵੀ) ਦੀ ਇਹ ਬਿਰਤੀ ਹੁੰਦੀ ਹੈ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਘੱਟ ਅਹਿਮੀਅਤ ਦਿੱਤੀ ਜਾਵੇ ਅਤੇ ਉਹ ਸਾਇੰਸ ਹੀ ਛੱਡ ਜਾਣ। ਫੇਲ੍ਹ ਹੋਣ ਦੀ ਹੀਣ-ਭਾਵਨਾ ਵਿਚੋਂ ਉਭਰਨ ਲਈ ਮੈਂ ਪੜ੍ਹਾਈ ਵੱਲ ਪੂਰਨ ਅਰਪਿਤ ਹੋ ਗਿਆ ਅਤੇ ਕੁਝ ਚੰਗੇਰਾ ਕਰ ਗੁਜ਼ਰਨ ਦੀ ਤਮੰਨਾ ਹਰ ਵੇਲੇ ਮਨ ਵਿਚ ਤਾਰੀ ਰਹਿੰਦੀ। ਚੰਗੇ ਨੰਬਰ ਆਉਣ ਨਾਲ, ਅਧਿਆਪਕਾਂ ਦੀਆਂ ਨਜ਼ਰਾਂ ਵਿਚ ਵੀ ਚੰਗਾ ਵਿਦਿਆਰਥੀ ਸਮਝਿਆ ਜਾਣ ਲੱਗਾ। ਮੈਂ ਅਧਿਆਪਨ ਦੌਰਾਨ ਦੇਖਿਆ ਕਿ ਪਿੰਡਾਂ ਦੇ ਬੱਚੇ ਕਿਸੇ ਗੱਲੋਂ ਵੀ ਘੱਟ ਨਹੀਂ ਹੁੰਦੇ।ਜ਼ਰਾ ਕੁ ਪ੍ਰੇਰਨਾ ਨਾਲ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਦੇ ਨੇ।ਮੇਰਾ ਇਕ ਵਿਦਿਆਰਥੀ ਅਮਨਪ੍ਰੀਤ ਸਿੰਘ ਨਵਾਂ-ਨਵਾਂ ਪ੍ਰੈਪ ਵਿਚ ਦਾਖਲ ਹੋਇਆ। ਸਾਥੀਆਂ ਨੇ ਪੁੱਛਿਆ ਕਿ ਉਸ ਨੇ ਕੀ ਬਣਨਾ ਹੈ? ਤਾਂ ਉਸ ਨੇ ਕਿਹਾ, `ਮੈਂ ਸੀਐਮਓ ਬਣਨਾ ਏ। ਮਖ਼ੌਲ ਵਜੋਂ ਜਮਾਤੀਆਂ ਵਿਚ ਉਸ ਦਾ ਨਾਮ ਹੀ ਸੀਐਮਓ ਮਸ਼ਹੂਰ ਹੋ ਗਿਆ ਅਤੇ ਹਰੇਕ ਇਸ ਨਾਮ ਨਾਲ ਬੁਲਾ ਕੇ ਉਸ ਦੀ ਖਿੱਲੀ ਉਡਾਉਂਦਾ ਪਰ ਉਸ ਦੀ ਮਿਹਨਤ ਅਤੇ ਲਗਨ ਨੂੰ ਸਲਾਮ ਕਰਨਾ ਬਣਦਾ ਹੈ ਕਿ ਉਹ ਹੁਣ ਉੱਚ ਕੋਟੀ ਦਾ ਡਾਕਟਰ ਹੈ ਅਤੇ ਉਸ ਦਾ ਭਰਾ ਵੀ ਡਾਕਟਰ ਹੈ।ਅੱਜ-ਕੱਲ੍ਹ ਸੁਲਤਾਨਪੁਰ ਲੋਧੀ ਵਿਚ ਉਸ ਦਾ ਆਪਣਾ ਹਸਪਤਾਲ ਹੈ।
ਕਾਲਜ ਵਿਚ ਆਰਟਸ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ। ਅਕਸਰ ਸਾਇੰਸ ਦੇ ਵਿਦਿਆਰਥੀਆਂ ਨੂੰ ਪੜ੍ਹਾਕੂ, ਕਿਤਾਬੀ ਕੀੜੇ, ਮੋਟੀਆਂ ਐਨਕਾਂ ਵਾਲੇ ਜਾਂ ਹੋਰ ਅਜਿਹੇ ਨਾਵਾਂ ਨਾਲ ਪੁਕਾਰ ਨੇ ਉਨ੍ਹਾਂ ਦਾ ਮੌਜੂ ਉਡਾਇਆ ਜਾਂਦਾ। ਇਸ ਤੋਂ ਬਚਣ ਲਈ ਮੈਂ ਹੁਣ ਖੁਦ ਨੂੰ ਅਜਿਹੇ ਸਾਥੀਆਂ ਤੋਂ ਦੂਰ ਰਹਿਣ ਅਤੇ ਸਾਇੰਸ ਦੇ ਜਮਾਤੀਆਂ ਨਾਲ ਸਾਂਝ ਪੈਦਾ ਕਰਨ ਅਤੇ ਇਕ ਦੂਜੇ ਕੋਲੋਂ ਸਿੱਖਣ ਅਤੇ ਸਿਖਾਉਣ ਦੀ ਬਿਰਤੀ ਬਣਾ ਲਈ।ਇਸ ਨਾਲ ਬਾਹਰੋਂ ਮਿਲਣ ਵਾਲੇ ਨਕਾਰਾਤਮਿਕ ਵਿਚਾਰਾਂ ਅਤੇ ਹੀਣ ਭਾਵਨਾਵਾਂ ਨਾਲ ਭਰੀਆਂ ਗੱਲਾਂ ਤੋਂ ਕਿਨਾਰਾਕਸ਼ੀ ਹੋ ਗਈ। ਮੈਂ ਆਪਣੇ ਟੀਚੇ ਪ੍ਰਤੀ ਹੋਰ ਸਮਰਪਿਤ ਹੋ ਗਿਆ ਅਤੇ ਸਿਰਫ਼ ਪੜ੍ਹਾਈ ਹੀ ਜਿ਼ੰਦਗੀ ਦਾ ਇਕੋ ਇਕ ਲਕਸ਼ ਬਣ ਗਈ।
ਅੱਜ ਜਦੋਂ ਮੈਂ ਪਿੱਛਲਝਾਤੀ ਮਾਰਦਾ ਹਾਂ ਤਾਂ ਪ੍ਰੋਫੈਸਰਾਂ ਦਾ ਇਕ ਵਤੀਰਾ ਬਹੁਤ ਖਟਕਦਾ ਹੈ ਕਿ ਉਹ ਸਿਰਫ਼ ਕਿਤਾਬੀ ਗਿਆਨ ਅਤੇ ਸਿਲੇਬਸ ਮੁਕਾਉਣ ਤਕ ਹੀ ਖੁਦ ਨੂੰ ਸੀਮਤ ਰੱਖਦੇ ਸਨ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ, ਉਤਸ਼ਾਹ ਵਧਾਉਣ ਜਾਂ ਚੰਗੇ ਮਨੁੱਖ ਬਣਨ ਲਈ ਨਜ਼ਰੀਆ ਪੈਦਾ ਕਰਨ ਵੱਲ ਕੋਈ ਧਿਆਨ ਨਹੀਂ ਸੀ ਹੁੰਦਾ, ਜਦਕਿ ਪੜ੍ਹਾਈ ਦੇ ਨਾਲ-ਨਾਲ ਇਹ ਬਹੁਤ ਜ਼ਰੂਰੀ ਹੁੰਦਾ ਹੈ। ਅਮਰੀਕਾ ਵਿਚ ਪੜ੍ਹਾਉਣ ਦੌਰਾਨ ਦੇਖਿਆ ਕਿ ਇਹ ਵਰਤਾਰਾ ਵਿਦੇਸ਼ਾਂ ਦੇ ਅਧਿਆਪਕਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ।ਅਧਿਆਪਕਾਂ ਨੂੰ ਸਿਰਫ਼ ਕਿਤਾਬੀ ਗਿਆਨ ਤੀਕ ਹੀ ਸੀਮਤ ਨਹੀਂ ਹੋਣਾ ਚਾਹੀਦਾ। ਅਧਿਆਪਕ ਤਾਂ ਰੋਲ ਮਾਡਲ ਹੁੰਦਾ ਹੈ। ਇਕ ਗਾਇਡ, ਮਾਪਿਆਂ ਦਾ ਰੂਪ, ਸਲਾਹਕਾਰ, ਜੀਵਨ ਦੀਆਂ ਕਦਰਾਂ ਕੀਮਤਾਂ ਦਾ ਪਹਿਰੇਦਾਰ, ਬੱਚਿਆਂ ਦੇ ਮਨਾਂ ਵਿਚ ਸੁਪਨਿਆਂ ਦਾ ਸਿਰਜਣਹਾਰ ਅਤੇ ਇਨ੍ਹਾਂ ਦੀ ਪੂਰਤੀ ਲਈ ਮਾਰਗ-ਦਰਸ਼ਕ। ਵਿਦਿਆਰਥੀਆਂ ਦੀਆਂ ਨੂੰ ਕਮੀਆਂ ਨੂੰ ਉਨ੍ਹਾਂ ਦੀ ਤਾਕਤ ਬਣਾਉਣ ਦਾ ਗੁਰ-ਮੰਤਰ ਸਮਝਾਉਣ ਵਾਲਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਤਾਕਤ, ਹਿੰਮਤ ਅਤੇ ਸਿਰੜ ਦਾ ਗਿਆਨ ਕਰਵਾਉਣ ਵਾਲਾ। ਉਸ ਦੀ ਪ੍ਰਤੀਬੱਧਤਾ ਵਿਚ ਸ਼ਾਮਲ ਹੁੰਦਾ ਹੈ ਕਿ ਪੂਰਨ ਸਮਰੱਥਾ ਨਾਲ ਵਿਦਿਆਰਥੀਆਂ ਦੇ ਸੁਪਨਿਆਂ ਦਾ ਸੂਰਜ ਉਗਾਉਣਾ।
ਉਸ ਸਮੇਂ ਮੇਰੀ ਨਾਕਾਮੀ ਜਾਂ ਫੇਲ੍ਹ ਹੋਣ ਦਾ ਪ੍ਰਮੁੱਖ ਕਾਰਨ ਮੇਰੀ ਦੁਚਿੱਤੀ ਸੀ। ਕਦੇ ਅੰਗਰੇਜ਼ੀ ਮੀਡੀਅਮ ਦਾ ਬਹਾਨਾ, ਕਦੇ ਸਾਇੰਸ ਲੈ ਲੈਣਾ, ਫਿਰ ਛੱਡ ਦੇਣਾ ਅਤੇ ਫਿਰ ਲੈ ਲੈਣਾ। ਦੁਚਿੱਤੀ ਵਿਚ ਪੈਰ ਕਿਹੜੇ ਰਾਹ ਵੱਲ ਵਧਣ। ਸੋਚ ਕਿਹੜੀ ਸਾਧਨਾ ਨੂੰ ਅਪਣਾਵੇ।ਸਭ ਤੋਂ ਆਤਮਘਾਤੀ ਹੁੰਦਾ ਹੈ ਬੰਦੇ ਦਾ ਚੌਰਾਹੇ ਵਿਚ ਖੜ੍ਹੇ ਰਹਿਣਾ।ਰਾਹਾਂ ਤੇ ਮੰਜ਼ਲਾਂ ਨੂੰ ਹੀ ਕੋਸੀ ਜਾਣਾ।ਮੰਜ਼ਲਾਂ ਨਾ ਮਿੱਥਣਾ ਅਤੇ ਪੈਰਾਂ ਵਿਚ ਸਫ਼ਰ ਉਗਾਉਣ ਤੋਂ ਆਨਾ-ਕਾਨੀ ਕਰਨੀ। ਬੰਦੇ ਵਿਚ ਅਸੀਮ ਸਮਰੱਥਾ ਹੁੰਦੀ ਹੈ ਅਤੇ ਕੁਝ ਵੀ ਅਸੰਭਵ ਨਹੀਂ ਹੁੰਦਾ। ਬਸ਼ਰਤੇ ਉਸ ਨੂੰ ਆਪਣੇ ਆਪ ਦਾ ਗਿਆਨ ਹੋਵੇ, ਦੀਦਿਆਂ ਵਿਚ ਸੁਪਨੇ ਹੋਣ ਅਤੇ ਇਨ੍ਹਾਂ ਦੀ ਪ੍ਰਾਪਤੀ ਲਈ ਉਦਮ ਕਰਨ ਅਤੇ ਸਿਰੜ-ਸਾਧਨਾ ਦਾ ਤਹੱਈਆ ਕਰ ਲਿਆ ਜਾਵੇ। ਫੇਲ੍ਹ ਹੋਣ ਨੇ ਹੀ ਸਿਖਾਇਆ ਕਿ ਐ ਮਨਾ! ਦੁਚਿੱਤੀ ਛੱਡ। ਸਿਰਫ਼ ਇਕ ਸੇਧ ਵਿਚ ਤੁਰ ਕੇ ਹੀ ਆਪਣੇ ਪੈਰਾਂ ਨੂੰ ਪੈੜਾਂ ਅਤੇ ਰਾਹਾਂ ਨੂੰ ਮੰਜ਼ਲਾਂ ਦਾ ਸਿਰਨਾਵਾਂ ਦਿੱਤਾ ਜਾ ਸਕਦਾ ਹੈ।
ਬਾਪ ਦੀ ਅੱਖ ਵਿਚ ਆਏ ਹੰਝੂਆਂ ਦਾ ਜੰਮ ਜਾਣਾ, ਮੇਰੀ ਜ਼ਿੰਦਗੀ ਨੂੰ ਬਦਲਣ ਲਈ ਵਰਦਾਨ ਸਾਬਤ ਹੋਇਆ ਤੇ ਮੇਰੀ ਸੁੱਤੀ ਹੋਈ ਕਾਇਆ ਨੂੰ ਜਗਾ ਗਿਆ। ਮੈਂ ਖੁਦ ਨੂੰ ਖੁਦ ‘ਤੇ ਵਿਸ਼ਵਾਸ ਕਰਨ ਦਾ ਵਲ ਸਿਖਾਇਆ, ਮਿਹਨਤ ਦੀ ਭੱਠੀ ਵਿਚ ਝੁਲਸਣ ਲਈ ਖੁਦ ਨੂੰ ਤਿਆਰ ਕੀਤਾ ਅਤੇ ਰਾਤਾਂ ਦੀ ਨੀਂਦ ਹੰਘਾਲਣ ਲਈ ਮਾਨਸਿਕ ਤੌਰ ‘ਤੇ ਤਿਆਰ ਹੋਇਆ। ਕਿਸੇ ਵੀ ਪ੍ਰਾਪਤੀ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਵਿਅਕਤੀ ਦਾ ਮਾਨਸਿਕ ਤੌਰ `ਤੇ ਖੁਦ ਨੂੰ ਮਜ਼ਬੂਤ ਕਰਨਾ। ਆਸ਼ੇ ਦੀ ਪੂਰਤੀ ਪ੍ਰਤੀ ਪ੍ਰਤੀਬੱਧਤਾ।ਫਿਰ ਸਰੀਰਕ ਰੂਪ ਵਿਚ ਬੰਦਾ ਆਪ ਹੀ ਤਿਆਰ ਹੋ ਜਾਂਦਾ ਹੈ। ਤਰਕੀਬਾਂ ਹੀ ਤਰਜੀਹਾਂ ਬਣਦੀਆਂ ਅਤੇ ਇਨ੍ਹਾਂ ਵਿਚੋਂ ਹੀ ਤਕਦੀਰ ਦੀ ਤਰਤੀਬ ਨਿੱਖਰਦੀ ਹੈ।
ਫੇਲ੍ਹ ਹੋਣਾ ਉਹ ਹੁੰਦਾ ਹੈ, ਜਦ ਤੁਸੀਂ ਮਨ ਵਿਚ ਫੇਲ੍ਹ ਹੋਣਾ ਮੰਨ, ਨਿਰਾਸ਼ਾ ਵਿਚ ਡੁੱਬਦੇ ਹੋ। ਇਸ ਨੂੰ ਕਬੂਲ ਕਰਦੇ ਹੋ ਅਤੇ ਹਥਿਆਰ ਸੁੱਟ ਦਿੰਦੇ ਹੋ। ਇਸ ਦੇ ਉਲਟ, ਫੇਲ੍ਹ ਹੋਣ ਦੇ ਕਾਰਨਾਂ ਨੂੰ ਸਮਝਣਾ ਅਤੇ ਇਨ੍ਹਾਂ ਵਿਚੋਂ ਖੁਦ ਨੂੰ ਉਭਾਰਨਾ ਹੀ, ਅਸਫ਼ਲਤਾ ਨੂੰ ਸਫ਼ਲਤਾ ਵਿਚ ਬਦਲਣ ਦਾ ਗੁਣ ਹੁੰਦਾ ਹੈ। ਇਸ ਤੋਂ ਵਿਰਵੇ ਲੋਕ ਹੀ ਅਸਫ਼ਲਤਾਵਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੁੰਦੇ ਹਨ।ਵਿਅਕਤੀ ਨੂੰ ਪ੍ਰੇਰਨਾ ਮਿਲਦੀ ਰਹੇ ਅਤੇ ਹੌਸਲਾ-ਅਫ਼ਜ਼ਾਈ ਹੁੰਦੀ ਰਹੇ ਤਾਂ ਕੋਈ ਵੀ ਮੰਜ਼ਲ ਨਾ-ਮੁਮਕਿਨ ਨਹੀਂ ਹੁੰਦੀ। ਕ੍ਰਿਸ਼ਮੇ, ਮਨੁੱਖ ਹੀ ਕਰਦੇ ਅਤੇ ਇਹ ਕ੍ਰਿਸ਼ਮੇ ਸਿਰਫ਼ ਮਨੁੱਖੀ ਬਿਰਤੀ ਅਤੇ ਮਾਨਸਿਕਤਾ ਵਿਚੋਂ ਹੀ ਉੱਗਦੇ ਨੇ।
‘ਕੇਰਾਂ ਜੰਗਾਂ ਵਿਚ ਲੜਨ ਵਾਲਾ ਹਾਥੀ ਚਿੱਕੜ ਵਿਚ ਫਸ ਗਿਆ ਅਤੇ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਹੋਰ ਡੂੰਘਾ ਚਿੱਕੜ ਵਿਚ ਖੁੱਭਦਾ ਜਾ ਰਿਹਾ ਸੀ।ਰਾਜਾ ਤੇ ਅਹਿਲਕਾਰ ਇਹ ਸਭ ਕੁਝ ਦੇਖ ਕੇ ਬਹੁਤ ਫਿਕਰਮੰਦ ਹੋ ਰਹੇ ਸਨ। ਇੰਨੇ ਚਿਰ ਨੂੰ ਮਹਾਤਮਾ ਬੁੱਧ ਉਸ ਰਾਹੇ ਜਾ ਰਹੇ ਸਨ ਅਤੇ ਉਹ ਭੀੜ ਨੂੰ ਦੇਖ ਕੇ ਰੁਕ ਗਏ। ਰਾਜੇ ਨੇ ਮਹਾਤਮਾ ਬੁੱਧ ਕੋਲੋਂ ਹਾਥੀ ਨੂੰ ਬਾਹਰ ਕੱਢਣ ਦਾ ਉਪਾਅ ਪੁੱਛਿਆ। ਮਹਾਤਮਾ ਬੁੱਧ ਨੇ ਹਾਥੀ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਹਾਥੀ ਜੰਗ ਵਿਚ ਸਭ ਤੋਂ ਅੱਗੇ ਹੁੰਦਾ ਹੈ ਤਾਂ ਬੁੱਧ ਨੇ ਕਿਹਾ ਕਿ ਇਸ ਦੇ ਆਲੇ-ਦੁਆਲੇ ਜੰਗ ਦੇ ਢੋਲ-ਨਗਾਰੇ ਵਜਾਓ। ਰਾਜਾ ਹੈਰਾਨ ਹੋਇਆ ਪਰ ਬੁੱਧ ਦਾ ਹੁਕਮ ਮੰਨ ਕੇ ਢੋਲ-ਨਗਾਰੇ ਵਜਾਉਣ ਦਾ ਹੁਕਮ ਦਿੱਤਾ। ਜੰਗ ਦੌਰਾਨ ਵੱਜਣ ਵਾਲੇ ਢੋਲ-ਨਗਾਰਿਆਂ ਦਾ ਸ਼ੋਰ ਸੁਣ ਕੇ ਹਾਥੀ ਨੇ ਇੰਨਾ ਜ਼ੋਰ ਲਾਇਆ ਕਿ ਉਹ ਚਿੱਕੜ ਵਿਚੋਂ ਬਾਹਰ ਆ ਗਿਆ ਤਾਂ ਬੁੱਧ ਨੇ ਸਮਝਾਇਆ ਕਿ ਲੋੜ ਸਿਰਫ਼ ਤਾਕਤ ਤੇ ਸਮਰੱਥਾ ਨੂੰ ਕੇਂਦਰਤ ਕਰਨ ਦੀ ਹੁੰਦੀ ਏ। ਢੋਲ-ਨਗਾਰੇ ਸੁਣ ਕੇ ਹਾਥੀ ਨੇ ਆਪਣੀ ਸਮੁੱਚੀ ਤਾਕਤ ਕੇਂਦਰਤ ਕੀਤੀ ਤੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ। ਬੰਦਿਆਂ ਵਾਂਗ ਜਾਨਵਰਾਂ ਵਿਚ ਅਥਾਹ ਸ਼ਕਤੀ ਹੁੰਦੀ ਹੈ। ਸਿਰਫ਼ ਇਸ ਨੂੰ ਕੇਂਦਰਤ ਕਰਨ ਅਤੇ ਸਹੀ ਪਾਸੇ ਲਗਾਉਣ ਦੀ ਲੋੜ ਦੀ ਚਾਹ ਅਤੇ ਮਨਚਾਹੇ ਸਿੱਟੇ ਪ੍ਰਾਪਤ ਕਰਨ ਦੀ ਲੋਚਾ ਮਨ ਵਿਚ ਹੋਣੀ ਚਾਹੀਦੀ ਹੈ।
ਕੁਝ ਅਜਿਹਾ ਹੀ ਮੇਰੇ ਨਾਲ ਵਾਪਰਿਆ।ਧਿਆਨ ਨੂੰ ਕੇਂਦਰਤ ਕਰ ਕੇ, ਔਖੀ ਜਾਪਦੀ ਸਾਇੰਸ ਦੀ ਪੜ੍ਹਾਈ ਨੂੰ ਸੁਖਾਲਾ ਕਰ ਸਕਿਆ।ਸਾਰੀ ਉਮਰ ਫਿਜਿ਼ਕਸ ਪੜ੍ਹਾਈ ਅਤੇ ਇਸ ਨੂੰ ਕਿੱਤਾ ਨਹੀਂ ਸਗੋਂ ਸ਼ੌਕ ਸਮਝ ਕੇ, ਇਸ `ਚੋਂ ਮਾਨਸਿਕ ਅਤੇ ਅੰਤਰੀਵੀ ਆਨੰਦ ਪ੍ਰਾਪਤ ਕੀਤਾ ਅਤੇ ਅਜੇ ਤੀਕ ਕਰ ਰਿਹਾਂ।ਤਾਂ ਹੀ ਅਮਰੀਕਾ ਦੀ ਯੂਨੀਵਰਸਿਟੀ ਦੇ ਫਿਜਿ਼ਕਸ ਵਿਭਾਗ ਦੇ ਚੇਅਰ ਡਾ. ਪੈਟਰੂ ਐਸ ਫੋਡਰ ਦਾ ਕਹਿਣਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਪ੍ਰੋਫੈਸਰ ਤੇਰੇ ਵਰਗੇ ਹੀ ਹੋਣ।ਇਹ ਮਾਣ ਮੇਰਾ ਨਹੀਂ, ਸਗੋਂ ਮੇਰੇ ਬਾਪ ਦਾ ਹੈ, ਜਿਸ ਨੇ ਫੇਲ੍ਹ ਹੋਣ ਤੋਂ ਬਾਅਦ ਮੈਨੂੰ ਸਾਇੰਸ ਦੀ ਪੜ੍ਹਾਈ ਜਾਰੀ ਰੱਖਣ ਲਈ ਹੱਲਾਸ਼ੇਰੀ ਦਿੱਤੀ ਸੀ।
ਫੇਲ੍ਹ ਹੋਣ ਤੋਂ ਬਾਅਦ ਪਿਤਾ ਦੀ ਦਿੱਤੀ ਹੌਸਲਾ ਅਫ਼ਜ਼ਾਈ ਦਾ ਕੇਹਾ ਕਮਾਲ ਸੀ ਕਿ ਇਸ ਤੋਂ ਬਾਅਦ ਸਾਇੰਸ ਨੂੰ ਪੜ੍ਹਨਾ ਜਨੂੰਨ ਬਣ ਗਿਆ।ਜਦ ਤੁਸੀਂ ਕਿਸੇ ਵੀ ਮਜ਼ਮੂਨ ਨੂੰ ਮਜਬੂਰੀ ਦੀ ਬਜਾਏ ਸ਼ੌਕ ਵਜੋਂ ਪੜ੍ਹਦੇ ਹੋ ਤਾਂ ਤੁਹਾਡੇ ਮਨ ਵਿਚ ਲਗਨ ਅਤੇ ਉਤਸ਼ਾਹ ਹੁੰਦਾ ਹੈ। ਕੁਝ ਵੀ ਔਖਾ ਜਾਂ ਅਕਾਊ ਨਹੀਂ ਲੱਗਦਾ।ਤੁਹਾਨੂੰ ਜਾਪਣ ਲੱਗਦਾ ਹੈ ਕਿ ਇਹ ਤਾਂ ਬਹੁਤ ਅਸਾਨ ਸੀ। ਮੈਂ ਤਾਂ ਐਵੇਂ ਇਸ ਤੋਂ ਡਰਦਾ ਰਿਹਾ।
ਫੇਲ੍ਹ ਹੋਣ ਦਾ ਵਰਦਾਨ ਜਾਂ ਬਰਕਤ ਹੀ ਸਮਝੀ ਜਾ ਸਕਦੀ ਕਿ ਇਸ ਤੋਂ ਬਾਅਦ ਫਿਜਿ਼ਕਸ ਦੀ ਐਮਐਸਸੀ ਤੱਕ ਦੀ ਸਮੁੱਚੀ ਪੜ੍ਹਾਈ ਮੈਂ ਮੈਰਿਟ ਸਕਲਾਰਸ਼ਿਪ ਲੈ ਕੇ ਕੀਤੀ।ਭਾਵੇਂ ਮੇਰੇ ਬਾਪ ਲਈ ਇਹੀ ਮਾਣ ਵਾਲੀ ਗੱਲ ਸੀ ਕਿ ਉਸ ਦਾ ਪੁੱਤ ਸੋਲਾਂ ਜਮਾਤਾਂ ਪੜ੍ਹ ਗਿਆ ਹੈ। ਬਾਪ ਲਈ ਇਹ ਤਸੱਲੀ ਵਾਲੀ ਗੱਲ ਸੀ ਕਿ ਉਸ ਦੇ ਪੁੱਤ ਦੇ ਜਮਾਤੀ ਪ੍ਰੈਪ ਵਿਚ ਪਾਸ ਹੋ ਕੇ ਕੋਈ ਵੀ ਸੋਲਾਂ ਜਮਾਤਾਂ ਨਹੀਂ ਕਰ ਸਕੇ ਜਦਕਿ ਉਸ ਦਾ ਬੇਟਾ ਫੇਲ੍ਹ ਹੋ ਕੇ ਵੀ ਸੋਲਾਂ ਜਮਾਤਾਂ ਕਰ ਗਿਆ।
ਇਸ ਤੋਂ ਬਾਅਦ ਪੀਐੱਚਡੀ ਕਰਨਾ, ਮੇਰੀ ਖੁਦ ਨੂੰ ਪਾਈ ਉਸ ਕਸਮ ਦਾ ਪੂਰਾ ਕਰਨਾ ਸੀ, ਜਿਹੜੀ ਮੈਂ ਪ੍ਰੈਪ ਵਿਚ ਫੇਲ੍ਹ ਹੋਣ ਤੋਂ ਬਾਅਦ ਪਾਈ ਸੀ। ਪੀਐਚਡੀ ਦੀ ਇੰਟਰਵਿਊ ਦੌਰਾਨ ਜਦ ਐਗਜ਼ਾਮੀਨਰ ਨੇ ਮੈਨੂੰ ਪੁੱਛਿਆ ਕਿ ਤੂੰ ਸਰਕਾਰੀ ਕਾਲਜ ਵਿਚ ਪੜ੍ਹਾਉਂਦਾ ਏਂ। ਟਿਊਸ਼ਨਾਂ ਪੜ੍ਹਾ ਕੇ ਬਹੁਤ ਪੈਸੇ ਕਮਾ ਸਕਦਾ ਸੀ।ਫਿਰ ਪੰਜ ਸਾਲ ਪੀਐਚਡੀ ਕਰਨ `ਤੇ ਕਿਉਂ ਗਵਾਏ? ਉਹ ਵੀ ਨੌਕਰੀ ਕਰਨ ਦੇ ਨਾਲ-ਨਾਲ, ਬਿਨਾਂ ਛੁੱਟੀ ਲਿਆਂ ਤਾਂ ਮੇਰਾ ਸਨਿਮਰ ਉੱਤਰ ਸੀ ਕਿ ਇਹ ਪੰਜ ਸਾਲ ਵਿਅਰਥ ਨਹੀਂ ਗਵਾਏ। ਇਹ ਤਾਂ ਬਾਪ ਦੀ ਅੱਖ ਵਿਚ ਜੰਮ ਚੁੱਕੇ ਅੱਥਰੂਆਂ ਦਾ ਭਾਰ ਘਟਾਉਣ ਲਈ ਨਿਮਰ ਯਤਨ ਹੈ ਤਾਂ ਕਿ ਬਾਪ ਨੂੰ ਇਹ ਮਾਣ ਹੋਵੇ ਕਿ ਉਸ ਦਾ ਪੁੱਤ ਪ੍ਰੈਪ ਵਿਚੋਂ ਫੇਲ੍ਹ ਹੋ ਕੇ ਵੀ ਸਾਇੰਸ ਦੀ ਸਿਖਰਲੀ ਡਿਗਰੀ ਹਾਸਲ ਕਰ ਸਕਦਾ ਹੈ। ਹਲ ਵਾਹੁਣ ਵਾਲੇ ਬਾਪ ਦੀ ਕਿਰਤ-ਕਮਾਈ, ਹੌਸਲਾ-ਅਫ਼ਜ਼ਾਈ ਅਤੇ ਫੱਕਰਤਾਈ ਨੂੰ ਪੀਐਚਡੀ ਦੀ ਡਿਗਰੀ ਅਰਪਿਤ ਕਰ ਸਕਾਂ। ਆਪਣੇ ਬਾਪ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂ।ਉਨ੍ਹਾਂ ਦੀਆਂ ਅੱਖਾਂ ਵਿਚ ਸ਼ਰਫ਼ ਦਾ ਰੰਗ ਭਰ ਸਕਾਂ, ਜਿਨ੍ਹਾਂ ਵਿਚ ਕਦੇ ਮੇਰੇ ਫੇਲ੍ਹ ਹੋਣ ਨੇ ਨਿਰਾਸ਼ਾ ਤਰੌਂਕੀ ਸੀ।