ਸਿਕਲੀਗਰੀ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਸਿਕਲੀਗਰ ਹੋਣਾ ਤੇ ਬਣਨਾ, ਜੀਵਨ ਦਾ ਸੱਚ।ਜੀਵਨ ਦਾ ਧੁਰਾ।ਇਸ ਦੁਆਲੇ ਘੁੰਮਦਾ ਹੈ, ਮਨੁੱਖੀ ਜੀਵਨ ਦਾ ਆਦਿ ਤੇ ਅੰਤ।ਸਿਖਰ ਤੇ ਢਲਾਣ।ਸਵੇਰ ਤੇ ਸ਼ਾਮ ਅਤੇ ਦੁਪਹਿਰ ਤੇ ਲੌਢਾ ਵੇਲਾ ਵੀ।ਅਸੀਂ ਸਾਰੇ ਸਿਕਲੀਗਰ ਹਾਂ। ਕੁਝ ਘੱਟ, ਕੁਝ ਵੱਧ। ਕੁਝ ਖੁਦ ਤੋਂ ਖੁਦ ਦੇ ਯਾਤਰੀ। ਕੁਝ ਅੰਦਰ ਤੋਂ ਬਾਹਰ ਦੀ ਯਾਤਰਾ ਕਰਦੇ ਅਤੇ ਕੁਝ ਅੰਦਰ ਤੋਂ ਬਾਹਰ ਦੇ ਯਾਤਰੂ।

ਸਿਕਲੀਗਰੀ ਹੰਢਾਉਂਦਿਆਂ ਹੀ ਬੰਦਾ ਪੇਂਡੂ ਤੋਂ ਸ਼ਹਿਰੀ, ਵਾਸੀ ਤੋਂ ਪਰਵਾਸੀ, ਆਪਣੇ ਤੋਂ ਬੇਗਾਨਾ ਅਤੇ ਦੇਸੀ ਤੋਂ ਵਿਦੇਸ਼ੀ ਹੁੰਦਾ।ਸਿਕਲੀਗਰੀ ਸਾਡਾ ਮੂਲ।ਕਦੇ ਯੂਰਪ ਤੋਂ ਉੱਠ ਪੰਜਾਬ ਵਿਚ ਆ ਕੇ ਅਸੀਂ ਆਰੀਆ ਲੋਕ ਬਣੇ।ਸਮੇਂ ਦੇ ਬਦਲਣ ਨਾਲ ਆਪਣੇ ਮੂਲ ਵੱਲ ਪਰਤਣ ਲਈ ਯੂਰਪ ਵੱਲ ਨੂੰ ਚਾਲੇ ਪਾ ਦਿੱਤੇ।ਪੰਜਾਬ ਤੋਂ ਕੈਨੇਡਾ, ਅਮਰੀਕਾ ਅਤੇ ਸਾਰੇ ਦੇਸ਼ਾਂ ਨੂੰ ਆ/ਜਾ ਰਹੇ ਲੋਕ ਸਿਕਲੀਗਰ। ਸਿਕਲੀਗਰੀ ਕਦੇ ਥੋੜ੍ਹੇ ਸਮੇਂ ਲਈ, ਕਈ ਵਾਰ ਉਮਰ ਭਰ ਦੀ। ਕਦੇ ਦਿਨਾਂ ਦੀ ਅਤੇ ਕਦੇ ਪਲਾਂ ਦੀ। ਕਦੇ ਅੱਖ ਝਪਕਦਿਆਂ ਅਤੇ ਕਦੇ ਖੁੱਲ੍ਹੀਆਂ ਅੱਖਾਂ ਨਾਲ। ਸਿਕਲੀਗਰੀ, ਅਗਿਆਨਤਾ ਤੋਂ ਗਿਆਨ ਦੀ ਅਸੀਮਤ ਤੇ ਅਮੁੱਕ।ਖੁਦ ਨੂੰ ਜਾਨਣ ਦੀ ਜਗਿਆਸਾ, ਸਮਾਜਿਕ ਕਦਰਾਂ-ਕੀਮਤਾਂ ਨੂੰ ਪਛਾਨਣ ਅਤੇ ਵਿਰਾਸਤੀ ਸਰੋਕਾਰਾਂ ਨੂੰ ਅਗਲੀ ਪੀੜ੍ਹੀ ਦੇ ਨਾਮ ਕਰਨ ਦਾ ਹੁਨਰ ਤੇ ਹਾਸਲ।ਸਿਕਲੀਗਰੀ, ਮਨ ਦੀ, ਸੋਚਾਂ ਦੀ, ਸੁਪਨਿਆਂ ਦੀ, ਸੰਭਾਵਨਾਵਾਂ ਦੀ, ਸਾਧਨਾਂ ਦੀ ਅਤੇ ਸਮਰੱਥਾਵਾਂ ਦੀ। ਸਿਕਲੀਗਰੀ ਬੋਲ ਵਿਚ ਵੀ ਤੇ ਚੁੱਪ ਵਿਚ ਵੀ, ਤੁਰਦਿਆਂ ਵੀ ਅਤੇ ਬੈਠਿਆਂ ਵੀ।ਹਰ ਵੇਲੇ ਨਵੀਂ ਤਲਾਸ਼, ਨਵੀਂ ਭਟਕਣ, ਨਵੇਂ ਵਿਚਾਰ, ਨਵੀਂ ਧੁਖਧੁਖੀ, ਵੱਖਰਾ ਹੀ ਚਿੰਤਨ ਤੇ ਚੇਤਨਾ।
ਸਿਕਲੀਗਰੀ, ਦੁੱਖ ਤੋਂ ਸੁੱਖ, ਨਿਰਾਸ਼ਾ ਤੋਂ ਆਸ, ਉਦਾਸੀ ਤੋਂ ਉਤਸ਼ਾਹ, ਹਾਰ ਤੋਂ ਜਿੱਤ, ਹੰਭਲੇ ਤੋਂ ਹੰਭਣਾ, ਤੁਰਨ ਤੋਂ ਰੁਕਣਾ, ਲੈਣ ਤੋਂ ਦੇਣ, ਅਰਪਣ ਤੋਂ ਪ੍ਰਾਪਤੀ, ਹਾਕ ਤੋਂ ਹੁੰਗਾਰਾ, ਹੂਕ ਤੋਂ ਹਾਸਲ ਅਤੇ ਆਪਣੇਪਣ ਤੋਂ ਪਰਾਏਪਣ ਦੀ ਵੀ।ਸਿਕਲੀਗਰੀ, ਸਭ ਤੋਂ ਅਹਿਮ ਹੈ ਰੂਹ ਦੀ। ਸੁਖਨ ਤੇ ਸਕੂਨ ਲਈ ਨਵੀਆਂ ਪਰਤਾਂ ਫਰੋਲਣ ਅਤੇ ਨਵੀਨਤਮ ਤੈਹਾਂ ਵਿਚ ਛੁਪੇ ਰਤਨਾਂ ਦੀ ਤਲਾਸ਼।ਸਿਕਲੀਗਰੀ, ਖੁਸ਼ੀਆਂ, ਬਾਦਸ਼ਾਹੀਆਂ ਦੀ ਤਲਾਸ਼, ਅਧੂਰੇ ਸੁਪਨਿਆਂ ਦੀ ਪੂਰਤੀ ਲਈ ਭਟਕਣਾ, ਤੜਫਦੀਆਂ ਤਾਂਘਾਂ ਦੇ ਠਹਿਰਾਅ ਲਈ ਭਾਲ, ਸੱਖਣੀਆਂ ਖਾਹਸ਼ਾਂ ਦੀ ਭਰਪਾਈ ਲਈ ਖੋਜ `ਤੇ ਨਿਕਲਣਾ ਅਤੇ ਨਵੇਂ ਅੰਬਰਾਂ ਦੀ ਤਲਾਸ਼ ਵਿਚ ਮਨ ਦੀਆਂ ਧਰਤੀਆਂ ਨੂੰ ਗਾਹੁਣਾ।
ਗੁਰੂ ਨਾਨਕ ਜੀ ਦੀਆਂ ਉਦਾਸੀਆਂ ਵੀ ਸਿਕਲੀਗਰੀ ਹੀ ਸੀ, ਜੋ ਚਾਰੇ ਦਿਸ਼ਾਵਾਂ ਵਿਚ ਮਾਨਵਵਾਦੀ ਸੁਨੇਹਾ ਦਿੰਦੇ ਰਹੇ। ਫ਼ਕੀਰ, ਯੋਗੀ, ਭਗਤ, ਪੀਰ, ਸਾਧੂ ਤੇ ਧਰਮੀ ਲੋਕ ਹਮੇਸ਼ਾ ਹੀ ਸਿਕਲੀਗਰੀ ਹੰਢਾਉਂਦੇ। ਕੁਝ ਨਹੀਂ ਜੋੜਦੇ, ਨਾ ਹੀ ਕੋਈ ਟਿਕਾਣਾ ਅਤੇ ਨਾ ਹੀ ਆਪਣੇ ਪੈਰਾਂ ਵਿਚ ਕਿਸੇ ਧਰਤੀ, ਧਾਮ ਜਾਂ ਧਰਮ ਦੀ ਜ਼ੰਜੀਰ ਪਾਉਂਦੇ। ਉਹ ਅਜਿਹੇ ਪਰਿੰਦੇ ਜੋ ਹਰ ਰੋਜ਼ ਨਵੀਂ ਪ੍ਰਵਾਜ਼ ਭਰਦੇ, ਅੱਡਰਾ ਅੰਦਾਜ਼ ਅਤੇ ਆਪਣੇ ਹਿੱਸੇ ਦਾ ਅੰਬਰ ਗਾਹੁੰਦੇ।ਸਿਕਲੀਗਰੀ, ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ, ਨਵੇਂ ਲੋਕ, ਨਵੀਂ ਰਹਿਤਲ, ਨਵੇਂ ਗਰਾਂ ਤੇ ਦਰਾਂ `ਤੇ ਦਸਤਕ। ਕੁਝ ਦਿਨ ਠਹਿਰਦੇ ਤੇ ਅਗਲੀ ਯਾਤਰਾ ਦਾ ਅਰੰਭ।
ਸਿਕਲੀਗਰੀ ਦੌਰਾਨ ਮਰਨਾ, ਜੰਮਣਾ, ਹੱਸਣਾ, ਰੋਣਾ, ਵਿਆਹ, ਸ਼ਗਨ, ਅਪਸ਼ਗਨ, ਤਿੱਥ, ਤਿਓਹਾਰ ਬਿਨ-ਉਚੇਚ।ਸਿਕਲੀਗਰੀ ਹੀ ਮਾਣ ਤੇ ਮਰਿਆਦਾ।ਰਸਮਾਂ, ਰਿਵਾਜਾਂ ਅਤੇ ਬੰਦਨਾਂ ਤੋਂ ਮੁਕਤ।ਸਿਕਲੀਗਰੀ ਤੋਂ ਬਗੈਰ ਮਨੁੱਖ ਊਣਾ। ਸੀਮਤ ਦਾਇਰੇ ਵਿਚ ਕੈਦੀ।ਪਿੰਜਰੇ ਵਿਚ ਪਾਇਆ ਪੰਛੀ। ਸੋਚ ਦੇ ਸੀਮਤ ਦਾਇਰੇ ਅਤੇ ਆਪਣੇ ਸੁਪਨਿਆਂ, ਸੰਭਾਵਨਾਵਾਂ ਤੇ ਸਮਰੱਥਾਵਾਂ ਤੋਂ ਅਣਜਾਣ। ਵਸੀਹ ਸਾਧਨਾਂ ਤੋਂ ਅਗਿਆਤ। ਸੀਮਤ ਜਹੇ ਗਿਆਨ ਤੇ ਸਾਧਨਾਂ ਵਿਚੋਂ ਵਿਸਥਾਰ ਤੇ ਵਿਕਾਸ ਕਿਵੇਂ ਹੋ ਸਕਦਾ? ਸਿਕਲੀਗਰ ਲੋਕ ਸੁਖਨ, ਸਕੂਨ ਅਤੇ ਸੰਤੁਸ਼ਟੀ ਦਾ ਅਹਿਦਨਾਮਾ।ਦੁਨੀਆ ਗਾਹੁੰਦੇ, ਰੰਗ-ਤਮਾਸ਼ਾ ਦੇਖਦੇ। ਖੁੱਲ੍ਹੇ ਅੰਬਰ ਹੇਠ ਚਾਨਣੀ ‘ਚ ਨਹਾਉਂਦੇ। ਤਾਰਿਆਂ ਵਰਗੇ ਲੋਕ, ਤਾਰਿਆਂ ਦੀਆਂ ਬਾਤਾਂ ਪਾਉਂਦੇ।ਫ਼ਿਜ਼ਾ ਦੇ ਨਾਮ ਅਵਾਰਗੀ ਲਾਉਂਦੇ ਅਤੇ ਆਲੇ-ਦੁਆਲੇ ਨੂੰ ਮਹਿਕਾਉਂਦੇ।
ਸਿਕਲੀਗਰੀ ਜੀਵਨ ਦਾ ਸੁੱਚਮ ਤੇ ਉਚਮ।ਆਪਣੇ ਮੂਲ ਨੂੰ ਪਛਾਣ, ਸਮੁੱਚੀ ਕਾਇਨਾਤ ਦਾ ਕਿਣਕਾ ਹੋ, ਇਸ ਦੀ ਅਸੀਮਤਾ ਦਾ ਹਿੱਸਾ ਬਣਨਾ। ਰੂਹ-ਰੇਜ਼ਤਾ ਨੂੰ ਹੰਢਾਉਣਾ, ਸਿਰਫ਼ ਸਿਕਲੀਗਰੀ ਦੇ ਹਿੱਸੇ ਆਇਆ। ਸਿਕਲੀਗਰੀ ਨੂੰ ਕਿਵੇਂ ਹੰਢਾਉਣਾ, ਇਸ ਦੀਆਂ ਰਹਿਮਤਾਂ ਨੂੰ ਕਿਵੇਂ ਮਾਨਣਾ ਅਤੇ ਅਨਾਇਤਾਂ ਨੂੰ ਚੌਗਿਰਦੇ ਦੇ ਕਿਵੇਂ ਨਾਮ ਲਾਉਣਾ, ਇਹ ਜੇ ਮਨੁੱਖ ਦੀ ਜੀਵਨ-ਜਾਚ ਬਣ ਜਾਵੇ ਤਾਂ ਮਨੁੱਖ ਇਨਸਾਨ ਬਣਨ ਦੇ ਰਾਹ ਦਾ ਪਾਂਧੀ ਬਣਦਾ। ਸਿਕਲੀਗਰੀ, ਪੰਜਾਬੀਆਂ ਦਾ ਸਭ ਤੋਂ ਪ੍ਰਮੁੱਖ ਹਾਸਲ ਪਰ ਅਸੀਂ ਇਸ ਨੂੰ ਮਾਨਣ ਤੋਂ ਵਿਰਵੇ। ਅਸੀਂ ਸਿਰਫ਼ ਸੱਤ ਪੀੜ੍ਹੀਆਂ ਲਈ ਧਨ ਜੋੜਨ, ਵੱਡੇ-ਵੱਡੇ ਬੰਗਲੇ, ਸੁੱਖ-ਸਹੂਲਤਾਂ ਦੀ ਪ੍ਰਾਪਤੀ ਅਤੇ ਅਮੀਰ ਹੋਣ ਦੀ ਦੌੜ ਵਿਚ ਇੰਨਾ ਗਵਾਚ ਗਏ ਕਿ ਸਾਨੂੰ ਸਿਕਲੀਗਰਾਂ ਵਾਂਗ ਜਿਊੁਣਾ ਹੀ ਭੁੱਲ ਗਿਆ। ਸਿਕਲੀਗਰਾਂ ਵਾਂਗ ਜਿਊਣ ਦੀ ਜਾਚ ਸਿੱਖਣੀ ਹੋਵੇ ਤਾਂ ਗੋਰਿਆਂ ਦੇ ਜੀਵਨ-ਜਾਚ `ਤੇ ਝਾਤ ਪਾਉਣਾ। ਉਹ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਉਂਦੇ ਅਤੇ ਸਿਕਲੀਗਰੀ ਦੀ ਫਕੀਰੀ ਮਾਣਦੇ।

ਬੰਦੇ ਦਾ ਜੀਵਨ-ਚੱਕਰ ਹੀ ਸਿਕਲੀਗਰੀ।ਹਰ ਵਿਅਕਤੀ ਹੀ ਸਿਕਲੀਗਰੀ ਹੰਢਾਉਂਦਾ ਜਾਂ ਮਾਣਦਾ। ਕੋਈ ਜੀਵਨ ਵਿਚ ਇਕ ਵਾਰ, ਕੋਈ ਦੋ ਵਾਰ, ਕੋਈ ਤਿੰਨ ਵਾਰ ਤੇ ਕੋਈ ਵਾਰ-ਵਾਰ। ਵੱਧ ਤੋਂ ਵੱਧ ਸਿਕਲੀਗਰੀ ਮਨੁੱਖ ਨੂੰ ਪੂਰਨਤਾ ਦੇ ਰਾਹ ਤੋਰਦੀ ਕਿਉਂਕਿ ਸਿਕਲੀਗਰੀ ਹਿੰਮਤ, ਹੱਠ, ਹੌਸਲੇ ਦੀ ਪਰਖ।ਸਿਕਲੀਗਰੀ ਨੂੰ ਸੀਮਤ ਜਹੇ ਅਰਥਾਂ ਤੀਕ ਰੱਖਣਾ, ਇਸਦਾ ਨਿਰਾਦਰ।
ਖੁਦ ਦੀ ਸਿਕਲੀਗਰੀ ਨੂੰ ਕਿਆਸਦਾ ਹਾਂ ਤਾਂ ਚੇਤੇ ਆਉਂਦਾ ਏ ਸਿਕਲੀਗਰੀ ਦਾ ਪਹਿਲਾ ਪੜਾਅ ਸੀ ਕੱਚੀ ਪੱਕੀ ਦੇ ਸਕੂਲ ਤੋਂ ਹਾਈ ਸਕੂਲ ਤੇ ਫਿਰ ਕਾਲਜ ਵਿਚ ਜਾਣਾ। ਵੱਖਰਾ ਮਾਹੌਲ, ਨਵੀਆਂ ਸੰਭਾਵਨਾਵਾਂ, ਨਵਾਂ ਚੌਗਿਰਦਾ, ਨਵੇਂ ਸਾਥੀ।ਨਵੇਂ ਤਰੀਕੇ ਨਾਲ ਗਿਆਨ ਹਾਸਲ ਕਰਨਾ। ਵੱਡੇ ਦਾਇਰੇ ਵਿਚ ਖੁਦ ਦਾ ਸਥਾਨ ਨਿਸ਼ਚਿਤ ਕਰਨ ਦਾ ਅਹਿਦ।ਸਾਈਕਲ `ਤੇ ਸ਼ੁਰੂ ਕੀਤੀ ਸੁਪਨਿਆਂ ਦੀ ਸਿਕਲੀਗਰੀ ਹੀ ਸੀ ਕਿ ਪਿੰਡ ਦਾ ਜੁਆਕ ਬੀਐਸਸੀ ਵਿਚ ਸਕਲਾਰਸ਼ਿਪ ਲੈਣ ਦੇ ਯੋਗ ਹੋਇਆ।ਉਸ ਸਮੇਂ ਦੀਆਂ ਤੰਗੀਆਂ-ਤੁਰਸ਼ੀਆਂ ਤੇ ਪੜ੍ਹਾਈ ਦੇ ਜਨੂੰਨ ਕਾਰਨ ਹੀ, ਸਿਕਲੀਗਰੀ ਦਾ ਪਹਿਲਾ ਪੜਾਅ ਜੀਵਨ-ਯਾਦਾਂ ਵਿਚ ਮਹਿਕਦਾ ਏ।ਦੂਸਰੀ ਸਿਕਲੀਗਰੀ ਸੀ ਕਾਲਜ ਵਿਚੋਂ ਯੂਨੀਵਰਸਿਟੀ ਦਾ ਖੁੱਲ੍ਹਾ-ਡੁੱਲ੍ਹਾ ਵਾਤਾਵਰਨ ਅਤੇ ਵਿਦਿਅਕ ਮਾਹੌਲ। ਹੋਸਟਲ ਦੀ ਜ਼ਿੰਦਗੀ ਦੇ ਅਵੱਲੇ ਸ਼ੌਕਾਂ ਤੋਂ ਖੁਦ ਨੂੰ ਪਾਕੀਜ਼ ਰੱਖਦਿਆਂ ਅਤੇ ਅਲਾਮਤਾਂ ‘ਚੋਂ ਅਲੂਫ ਰਹਿੰਦਿਆਂ, ਖੁਦ ਨੂੰ ਉਸ ਸੁਪਨੇ ਦੀ ਪ੍ਰਾਪਤੀ ਵੱਲ ਸੇਧਤ ਰੱਖਿਆ, ਜਿਹੜਾ ਮੈਂ ਬਾਪ ਦੀਆਂ ਅੱਖਾਂ ਵਿਚ ਤਿੜਕਦਾ ਦੇਖਿਆ ਸੀ ਤੇ ਜਿਸ ਦੀ ਚੀਸ ਮੇਰੇ ਰੋਮ ਰੋਮ ਵਿਚ ਸਮਾਈ ਹੋਈ ਸੀ। ਇਸ ਸਿਕਲੀਗਰੀ ਨੇ ਦਰਸਾਇਆ ਕਿ ਕਿਵੇਂ ਨਵੇਂ ਸਰੋਕਾਰਾਂ, ਸਾਥੀਆਂ ਅਤੇ ਸਥਾਨ ‘ਤੇ ਖੁਦ ਦੀਆਂ ਖੂਬੀਆਂ ਅਤੇ ਖਾਮੀਆਂ ਵਿਚੋਂ ਖੁਦ ਨੂੰ ਵਿਸਥਾਰ ਤੇ ਵਿਲੱਖਣਤਾ ਦੇਣੀ ਏ। ਇਹ ਸਿਕਲੀਗਰੀ ਦਾ ਕੇਹਾ ਵਿਸਮਾਦ ਏ ਕਿ ਹੁਣ ਵੀ ਕਦੇ-ਕਦਾਈਂ ਇਸ ਦੀਆਂ ਪੈੜਾਂ ਦੇ ਨਿਸ਼ਾਨ ਦੇਖਣ ਲਈ ਯੂਨੀਵਰਸਿਟੀ ਦਾ ਗੇੜਾ ਮਾਰਦਾ ਹਾਂ। ਉਹ ਰਾਹਾਂ-ਰਸਤਿਆਂ, ਕਲਾਸ ਰੂਮਾਂ ਅਤੇ ਲੈਬ ਦੀ ਪਰਿਕਰਮਾ ਕਰਦਾ ਹਾਂ ਜਿਸ ਨੇ ਜ਼ਿੰਦਗੀ ਨੂੰ ਨਵੀਆਂ ਸੰਭਾਵਨਾਵਾਂ ਦਾ ਹਾਣੀ ਬਣਾਇਆ।
ਸਿਕਲੀਗਰੀ ਕਦੇ ਵੀ ਖਤਮ ਨਹੀਂ ਹੁੰਦੀ।ਇਹ ਤਾਂ ਸਦਾ ਪੜਾਂਵਾਂ ਵਿਚ ਵੰਡੀ, ਹਰ ਪੜਾਅ `ਤੇ ਹੋਰ ਨਵੇਂ ਪੜਾਅ ਦਾ ਸਿਰਨਾਵਾਂ ਬਣਦੀ। ਸਿਕਲੀਗਰੀ ਦਾ ਉਹ ਪੜਾਅ ਵੀ ਕੇਹਾ ਹੁਸੀਨ ਅਤੇ ਹੰਢਣਸਾਰ ਸੀ, ਜਦ ਇਕ ਬੈਗ ਲੈ ਕੇ ਘਰੋਂ ਰੁਜ਼ਗਾਰ ਦੀ ਭਾਲ ਵਿਚ ਪਿੰਡ ਵਿਚੋਂ ਅਜਿਹਾ ਨਿਕਲਿਆ ਕਿ ਫਿਰ ਵਾਪਸ ਨਾ ਪਰਤ ਸਕਿਆ। ਰੁਜ਼ਗਾਰ ਦੇ ਨਾਲ ਨਾਲ, ਖੁਦ ਨੂੰ ਸਮੇਂ ਦਾ ਹਾਣੀ ਤੇ ਸਮਰੱਥ ਬਣਾਉਣ ਲਈ ਗਿਆਨ ਦਾ ਸਫ਼ਰ ਜਾਰੀ ਰੱਖਦਿਆਂ, ਸਾਹਿਤਕ ਸਫ਼ਰ ਦਾ ਆਗਾਜ਼, ਸਿਰ ਦੀ ਛੱਤ ਬਣਾਉਣੀ ਅਤੇ ਪਰਿਵਾਰਕ ਲੋੜਾਂ ਦੀ ਪੂਰਤੀ ਵਿਚੋਂ ਸੁਖਨ ਅਤੇ ਸੰਤੁਸ਼ਟੀ ਦੀ ਤਾਂਘ ਪਾਲਣਾ।ਦਰਅਸਲ ਜਦ ਮਨੁੱਖ ਧਨ ਦੀ ਹੋੜ ਤੋਂ ਹਟ ਕੇ ਮਨੁੱਖੀ ਭਾਵਨਾਵਾਂ ਨੂੰ ਤਵੱਜੋਂ ਦਿੰਦਾ ਤਾਂ ਉਹ ਸੱਚਮੁੱਚ ਸਿਕਲੀਗਰੀ ਮਾਣਦਾ। ਇਹ ਸਿਕਲੀਗਰੀ ਦਾ ਕੇਹਾ ਰੰਗ ਸੀ ਕਿ ਸੰਤੁਲਿਤ ਰਾਹਾਂ `ਤੇ ਤੁਰਦਿਆਂ, ਹਰ ਪੈੜ, ਮਾਰਗ ਅਤੇ ਰੂਪ ਵਿਚ ਇਸ ਦੀਆਂ ਨਿਆਮਤਾਂ ਨੂੰ ਜ਼ਿੰਦਗੀ ਦੀ ਬਿਹਤਰੀ ਲਈ ਵਰਤਿਆ।ਸਵੈ ਤੋਂ ਸਮੂਹ ਤੀਕ ਦੀ ਸਿਕਲੀਗਰੀ ਹਮੇਸ਼ਾ ਹੀ ਮੇਰੀ ਪ੍ਰਮੁੱਖਤਾ। ਇਸ ਨਾਲ ਹੀ ਜ਼ਿੰਦਗੀ ਨੂੰ ਰੰਗ-ਬਿਰੰਗਤਾ ਨਾਲ ਰੰਗਿਆ।
ਪਰ ਇਹ ਸਿਕਲੀਗਰੀ ਵੀ ਸੀਮਤ ਨਾ ਰਹੀ ਤੇ ਫਿਰ ਤੁਰ ਪਿਆ ਦੇਸ ਤੋਂ ਪ੍ਰਦੇਸ ਵੱਲ ਨੂੰ।ਨਵੀਂ ਸਿਕਲੀਗਰੀ ਦੀ ਜੂਹ ਵਿਚ ਪੈਰ ਧਰਨ। ਜਵਾਨੀ ਵਿਚ ਲਏ ਸੁਪਨਿਆਂ ਦੀ ਖੁੱਲ੍ਹੀ ਜਾਗ ਨੂੰ ਸਮਰਪਿਤ ਹੋਣ।ਉਨ੍ਹਾਂ ਸੁਪਨਿਆਂ ਦਾ ਪਿੱਛਾ ਕਰਦਿਆਂ, ਕੈਨੇਡਾ ਨੂੰ ਉਡਾਣ ਭਰੀ। ਫਿਰ ਇਕ ਅਟੈਚੀ ਅਤੇ ਬੋਝੇ ਵਿਚ ਕੁਝ ਡਾਲਰ ਪਾ, ਆਪਣੀ ਨਵੀਂ ਤਲਾਸ਼ ਖਾਤਰ, ਰੁਜ਼ਗਾਰ ਦੀ ਭਾਲ ਅਤੇ ਸਿਰ ਦੀ ਛੱਤ ਲਈ ਵੀ ਅਹੁਲਣਾ।ਖੁਦ ਨੂੰ ਉਨ੍ਹਾਂ ਮੁਸ਼ਕਲਾਂ ਦੇ ਰੂਬਰੂ ਕਰਨਾ ਸੀ, ਜਿਨ੍ਹਾਂ ਨੂੰ ਕਦੇ ਚਿਤਵਿਆ ਨਹੀਂ ਸੀ।ਸਿਰਫ਼ ਉਹੀ ਕਿਆਸ ਸਕਦਾ, ਜਿਹੜਾ ਇਨ੍ਹਾਂ ਨੂੰ ਹੰਢਾਉਂਦਾ।ਵੱਡੇ ਘਰ ਤੋਂ ਨਿੱਕੀ ਜਿਹੀ ਬੇਸਮੈਂਟ ਤੀਕ ਦੀ ਸਿਕਲੀਗਰੀ।ਦਿਹਾੜੀਦਾਰ ਬਣਨਾ, ਆਪਣਿਆਂ ਦੀ ਬੇਰੁਖੀ ਨੂੰ ਹੰਢਾਉਣਾ। ਅਲੱਗ ਕਿਸਮ ਦੀਆਂ ਹਾਲਤਾਂ ਵਿਚੋਂ ਖੁਦ ਨੂੰ ਉਘਾੜਨਾ, ਕਾਫੀ ਔਖਾ, ਪਰ ਜਦ ਤੁਸੀਂ ਹਾਰ ਨਾ ਮੰਨਣ ਦਾ ਮਨ ਵਿਚ ਧਾਰਦੇ ਹੋ ਅਤੇ ਸੁਪਨਿਆਂ ਦੀ ਪਰਵਾਜ਼ ਦੇ ਪਰਾਂ ਨੂੰ ਨਾ ਮਰੋੜੋ ਤਾਂ ਸਭ ਕੁਝ ਸੰਭਵ ਹੋ ਜਾਂਦਾ।
ਬੇਸਮੈਂਟ ਤੋਂ ਆਪਣਾ ਘਰ ਤੇ ਆਦਰਯੋਗ ਨੌਕਰੀ, ਇਸ ਨਵੀਂ ਸਿਕਲੀਗਰੀ ਦੇ ਹਿੱਸੇ ਆਇਆ। ਇਸ ਸਿਕਲੀਗਰੀ ਦੌਰਾਨ ਇਕ ਦ੍ਰਿਸ਼ ਜਿਸ ਨੇ ਸਿਕਲੀਗਰੀ ਨੂੰ ਨਵੇਂ ਅਰਥਾਂ ਵਿਚ ਪਰਿਭਾਸ਼ਤ ਕੀਤਾ ਅਤੇ ਇਸ ਦੀਆਂ ਬਰਕਤਾਂ ਨੂੰ ਜੀਵਨ ਦੇ ਨਾਂ ਲਾਇਆ, ਹੁਣ ਵੀ ਅਕਸਰ ਯਾਦਾਂ ਵਿਚ ਆ ਕੇ, ਖੁਸ਼ਨੁਮਾ ਸਰੂਰ ਨਾਲ ਰੂਹ ਨੂੰ ਭਰ ਜਾਂਦਾ ਏ। ਕੈਨੇਡਾ ਵਿਚ ਬੇਸਮੈਂਟ ਵਿਚ ਰਹਿੰਦੇ ਸਾਂ। ਅਮਰੀਕਾ ਤੋਂ ਵੱਡੀ ਬੇਟੀ ਆਪਣੇ ਬੱਚਿਆਂ ਸਮੇਤ ਮਿਲਣ ਆਈ। ਵੱਡੇ ਘਰ ਵਿਚ ਰਹਿਣ ਦੇ ਆਦੀ ਬੱਚੇ, ਬੇਸਮੈਂਟ ਦੀਆਂ ਪੌੜੀਆਂ `ਤੇ ਬੈਠੇ ਨਿੰਮੋਝੂਣੇ ਤੇ ਉਦਾਸੇ ਜਿਹੇ ਕੈਦ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਮਨ ਅਜਿਹਾ ਪਸੀਜਿਆ ਕਿ ਘਰ ਲੈਣ ਦਾ ਫੈਸਲਾ ਕਰ ਲਿਆ। ਅਗਲੀ ਵਾਰ ਜਦ ਉਹ ਆਏ ਤਾਂ ਖੁੱਲ੍ਹੇ ਘਰ ਵਿਚ ਆਪਣੇ ਘਰ ਵਰਗੀ ਬੇਫ਼ਿਕਰੀ, ਬੇਤੁਕੱਲਫ਼ੀ ਅਤੇ ਬੇਪ੍ਰਵਾਹੀ ਮਾਣਦੇ ਦੇਖ ਕੇ ਮਨ ਬਾਗੋਬਾਗ ਹੋ ਗਿਆ। ਇਸ ਸਿਕਲੀਗਰੀ ਨੇ ਹੀ ਸਿਖਾਇਆ ਕਿ ਕਿਰਾਏ ਦੇ ਮਕਾਨ ਤੋਂ ਘਰ ਤੀਕ ਦੀ ਯਾਤਰਾ ਕਦੇ ਦੇਸ਼ ਵਿਚ ਕੀਤੀ ਸੀ।ਅਜਿਹੀ ਜੱਦੋ-ਜਹਿਦ ਵਿਦੇਸ਼ ਵਿਚ ਹੋਰ ਜ਼ਿਆਦਾ ਕਰਨੀ ਪੈਂਦੀ ਹੈ। ਪਰ ਆਪਣੇ ਘਰ ਦਾ ਲੁਤਫ਼ ਵੱਖਰਾ ਹੀ ਹੁੰਦਾ ਏ।
ਪਰ ਕਦੋਂ ਮੁੱਕਦੀ ਏ ਬੰਦੇ ਦੀ ਸਿਕਲੀਗਰੀ ਜਿਉਂਦੇ ਜੀਅ? ਸਿਕਲੀਗਰੀ ਖਤਮ ਹੋ ਜਾਵੇ ਤਾਂ ਮਨੁੱਖ ਹੀ ਖਤਮ ਹੋ ਜਾਂਦਾ। ਨਵੇਂ ਦਿਸਹੱਦੇ ਅਤੇ ਮਾਨਸਿਕ ਉਭਾਰ ਨੂੰ ਨਵੀਆਂ ਤਰਕੀਬਾਂ ਤਾਂ ਹੀ ਮਿਲਣਗੀਆਂ, ਜੇ ਉਹ ਨਵੀਂ ਸਿਕਲੀਗਰੀ ਨੂੰ ਅਹੁਲੇ ਅਤੇ ਨਵੀਆਂ ਧਰਤੀਆਂ, ਥਾਵਾਂ ਅਤੇ ਗਰਾਵਾਂ ਦੀ ਖੋਜ ਵਿਚ ਆਪਣੇ ਖੋਲ ਤੋਂ ਬਾਹਰ ਨਿਕਲੇ। ਕੁਦਰਤ ਮਿਹਰਬਾਨ ਹੋਈ ਅਤੇ ਅਜਿਹਾ ਹੀ ਮੇਰੇ ਨਾਲ ਵਾਪਰਿਆ ਕਿ ਨਵੀਂ ਸਿਕਲੀਗਰੀ ਲਈ ਕੈਨੇਡਾ ਤੋਂ ਅਮਰੀਕਾ ਨੂੰ ਤੁਰ ਪਿਆ।ਘਰ-ਬਾਹਰ ਵੇਚ-ਵੱਟ ਅਤੇ ਸਭ ਕੁਝ ਸਮੇਟ ਕੈਨੇਡਾ ਤੋਂ ਅਮਰੀਕਾ ਆ ਗਿਆ। ਮੇਰੀਆਂ ਬੇਟੀਆਂ ਅਮਰੀਕਾ ਵਿਚ ਰਹਿੰਦੀਆਂ ਹਨ ਅਤੇ ਪਰਿਵਾਰਕ ਇਕਮੁੱਠਤਾ ਲਈ ਬੇਟੀਆਂ ਦੀ ਜਿੱਦ ਸਾਹਮਣੇ ਖੁਦ ਨਾਲ ਸਮਝੌਤਾ ਕਰਨਾ, ਅਤੇ ਖੁਦ ਨੂੰ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਲਈ ਅਰਪਿਤ ਕਰਨ ਦਾ ਜਨੂੰਨ ਇਕ ਵਾਰ ਫਿਰ ਉਮੜ ਪਿਆ।
ਅਮਰੀਕਾ ਆਉਣਾ ਅਤੇ ਬੇਟੀਆਂ ‘ਤੇ ਨਿਰਭਰ ਨਾ ਰਹਿਣਾ, ਇਸ ਸਿਕਲੀਗਰੀ ਦਾ ਪਹਿਲਾ ਅਸੂਲ ਮਿੱਥ ਲਿਆ। ਸਭ ਤੋਂ ਪਹਿਲਾਂ ਆਪਣਾ ਘਰ ਲਿਆ ਤਾਂ ਕਿ ਸਿਰ ਦੀ ਛੱਤ ਤਾਂ ਆਪਣੀ ਹੋਵੇ।