ਨਸ਼ਿਆਂ ਦਾ ਕਾਰੋਬਾਰ ਅਤੇ ਅੰਗਰੇਜ਼

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਬਹੁਤ ਪੁਰਾਣਾ ਹੈ ਨਸ਼ਿਆਂ ਦਾ ਕਾਰੋਬਾਰ। ਅਫੀਮ ਇਸ ਕਾਰੋਬਾਰ ਦੀ ਮੁੱਖ ਜਿਣਸ ਰਹੀ ਹੈ। ਰੋਮਨ ਸਾਮਰਾਜ ਦੇ ਦਿਨਾਂ ਦੌਰਾਨ ਰੋਮਨ ਹਕੀਮ ਇਸ ਦੀ ਵਰਤੋਂ ਮਰੀਜ਼ਾਂ ਤੇ ਜੰਗੀ ਜ਼ਖਮੀਆਂ ਲਈ ਦਰਦ ਨਿਵਾਰਕ ਵਜੋਂ ਕਰਦੇ ਸਨ। ਬਾਦਸ਼ਾਹਾਂ ਤੇ ਸ਼ਾਹੀ ਅਹਿਲਕਾਰਾਂ ਦੀ ਗੱਲ ਵੱਖਰੀ ਸੀ। ਉਨ੍ਹਾਂ ਲਈ ‘ਮਾਵਾ` ਛਕਣਾ ਜਾਂ ਜਲਾ ਕੇ ਧੂੰਆਂ ਸੁੰਘਣਾ ਤਫਰੀਹ ਵੀ ਸੀ, ਅੱਯਾਸ਼ੀ ਵੀ। ਭਾਰਤੀ ਉਪ ਮਹਾਂਦੀਪ ਵਿਚ ਵੀ ਅਫੀਮ ਦਾ ਸੇਵਨ ਆਮ ਹੀ ਸੀ।

ਖੁਰਾਸਾਨ ਤੇ ਖੋਸਤ ਭਾਰਤ ਦਾ ਹਿੱਸਾ ਸਨ। ਉੱਥੇ ਪੋਸਤ ਦੀ ਖੇਤੀ ਆਮ ਸੀ। ਇਸ ਤੋਂ ਉਪਜਣ ਵਾਲੀ ਅਫੀਮ ਪੱਛਮ ਵੱਲ ਮੱਧ ਏਸ਼ੀਆ ਤੇ ਯੂਰਪ ਤਕ ਜਾਂਦੀ ਸੀ ਅਤੇ ਪੂਰਬ ਵੱਲ ਵੱਖ-ਵੱਖ ਭਾਰਤੀ ਰਿਆਸਤਾਂ ਤਕ ਵੀ ਪਹੁੰਚਦੀ ਸੀ। ਅਫੀਮ ਨੂੰ ਉਦੋਂ ਵੀ ਕਾਲਾ ਸੋਨਾ ਮੰਨਿਆ ਜਾਂਦਾ ਸੀ ਅਤੇ ਹੁਣ ਵੀ ਇਸ ਦੀ ਕਾਰੋਬਾਰੀ ਵੁਕਅਤ ਸੋਨੇ ਵਰਗੀ ਹੀ ਹੈ। ਇਸੇ ਵੁਕਅਤ ਨੂੰ ਸਭ ਤੋਂ ਪਹਿਲਾਂ ਬਾਬਰ ਨੇ ਪਛਾਣਿਆ। ਉਸ ਨੇ ਕਾਬੁਲ ਉਪਰ ਆਪਣੀ ਹਕੂਮਤ ਦੌਰਾਨ ਪੋਸਤ ਦੀ ਕਾਸ਼ਤ ਸਰਕਾਰੀ ਕੰਟਰੋਲ ਹੇਠ ਲਿਆਂਦੀ। ਖੁਦ ਵੀ ਅਫੀਮ ਦਾ ਸ਼ੌਕੀਨ ਸੀ ਉਹ। ‘ਬਾਬੁਰਨਾਮਾ` ਵਿਚ ਉਸ ਨੇ ਸਾਫਗੋਈ ਨਾਲ ਕਬੂਲਿਆ ਹੈ ਕਿ ਅਫੀਮ ਦੇ ਐਬ ਨੇ ਉਸ ਤੋਂ ਕਈ ਵੱਡੀਆਂ ਗਲਤੀਆਂ ਕਰਵਾਈਆਂ। ਜੇਕਰ ਇਹ ਐਬ ਨਾ ਹੁੰਦਾ ਤਾਂ ਸਮਰਕੰਦ ਦਾ ਸੁਲਤਾਨ ਹੋਣ ਦਾ ਉਸ ਦਾ ਸੁਫਨਾ ਅਧੂਰਾ ਨਹੀਂ ਸੀ ਰਹਿਣਾ। ਬਾਬਰ ਦਾ ਵੱਡਾ ਪੁੱਤਰ ਹਮਾਯੂੰ ਵੀ ਇਸੇ ਨਸ਼ੇ ਦਾ ਆਦੀ ਸੀ। ਉਸ ਦੇ ਇਸ ਐਬ ਦਾ ਫਾਇਦਾ ਉਠਾਉਂਦਿਆਂ ਉਸ ਦੀ ਮਤਰੇਈ ਮਾਂ ਗੁਲਰੁਖ ਬੇਗਮ (ਮਿਰਜ਼ਾ ਕਾਮਰਾਨ ਤੇ ਮਿਰਜ਼ਾ ਅਸਕਰੀ ਦੀ ਮਾਂ) ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਗੁਲਾਬ ਦੇ ਸ਼ਰਬਤ ਵਿਚ ਢੇਰ ਸਾਰੀ ਅਫੀਮ ਘੋਲ ਕੇ। ਇਹ ਹਮਾਯੂੰ ਦੀ ਖੁਸ਼ਕਿਸਮਤੀ ਸੀ ਕਿ ਉਸ ਦੀ ਨਿੱਕੀ ਭੈਣ ਗ਼ੁਲਬਦਨ ਅਤੇ ਰਖੇਲ ਸਲੀਮਾ ਨੇ ਸਮੇਂ ਸਿਰ ਹਕੀਮੀ ਇਮਦਾਦ ਹਾਸਿਲ ਕਰ ਕੇ ਹਮਾਯੂੰ ਦੀ ਜਾਨ ਬਚਾ ਲਈ। ਹਮਾਯੂੰ ਦੇ ਪੁੱਤਰ ਅਕਬਰ ਦੀ ਬਾਦਸ਼ਾਹਤ ਸਮੇਂ ਉਸ ਦਾ ਮਤਰੇਆ ਭਰਾ ਹਕੀਮ ਮਿਰਜ਼ਾ ਕਾਬੁਲ ਦਾ ਸੂਬੇਦਾਰ ਸੀ। ਉਸ ਨੇ ਆਪਣੀ ਨੀਮ ਖੁਦਮੁਖਤਾਰੀ ਦਾ ਲਾਭ ਬਾਕੀ ਭਾਰਤ ਵੱਲ ਅਫੀਮ ਦੀ ਬਰਾਮਦ ਰੋਕ ਕੇ ਲਿਆ। ਉਦੋਂ ਤਕ ਬਿਹਾਰ-ਬੰਗਾਲ ’ਚ ਪੋਸਤ ਦੀ ਕਾਸ਼ਤ ਸ਼ੁਰੂ ਹੋ ਚੁੱਕੀ ਸੀ। ਅਕਬਰ ਨੇ ਇਸ ਕਾਸ਼ਤ ਨੂੰ ਉਤਸ਼ਾਹਿਤ ਕੀਤਾ। ਅਕਬਰ ਖੁਦ ਨਸ਼ਿਆਂ ਤੋਂ ਪਰਹੇਜ਼ ਕਰਦਾ ਸੀ। ਇਸੇ ਲਈ ਉਸ ਨੇ ਇਸ ਕਾਸ਼ਤ ਉੱਤੇ ਸਖਤ ਸਰਕਾਰੀ ਕੰਟਰੋਲ ਰੱਖਿਆ।
ਸਰਕਾਰੀ ਕੰਟਰੋਲ ਤਾਂ ਬਿਟ੍ਰਿਸ਼ ਈਸਟ ਇੰਡੀਆ ਕੰਪਨ ਦੇ ਰਾਜ ਸਮੇਂ ਵੀ ਸੀ ਪਰ ਇਸ ਕੰਪਨੀ ਨੇ ਅਫੀਮ ਉਤਪਾਦਨ ਦੀ ਰੱਜ ਕੇ ਦੁਰਵਰਤੋਂ ਕੀਤੀ। ਅਫੀਮ ਦੇ ਕਾਰੋਬਾਰ ਰਾਹੀਂ ਉਸ ਨੇ ਬਿਟ੍ਰਿਸ਼ ਸਾਮਰਾਜ ਦੇ ਪਸਾਰੇ ਲਈ ਧਨ ਵੀ ਜੁਟਾਇਆ ਅਤੇ ਚੀਨੀਆਂ ਨੂੰ ਅਮਲੀ ਵੀ ਬਣਾਇਆ। ਪਲਾਸੀ (1757) ਤੇ ਬਕਸਰ (1764) ਦੀਆਂ ਲੜਾਈਆਂ ਵਿਚ ਜਿੱਤ ਦੇ ਜ਼ਰੀਏ ਈਸਟ ਇੰਡੀਆ ਕੰਪਨੀ ਨੂੰ ਮੁਗ਼ਲ ਬਾਦਸ਼ਾਹ ਪਾਸੋਂ ਬੰਗਾਲ-ਬਿਹਾਰ (ਤੇ ਉੜੀਸਾ) ਦੇ ਦੀਵਾਨੀ ਹੱਕ ਹਾਸਿਲ ਹੋ ਗਏ। ਇਨ੍ਹਾਂ ਹੱਕਾਂ ਰਾਹੀਂ ਅਫੀਮ ਪੈਦਾ ਕਰਨ ਵਾਲਾ ਇਲਾਕਾ, ਕੰਪਨੀ ਦੇ ਅਧਿਕਾਰ ਖੇਤਰ ਹੇਠ ਆ ਗਿਆ। ਉਸ ਨੇ ਅਫੀਮ ਦੀ ਕੁਵਰਤੋਂ ਚੀਨ ਤੋਂ ਚਾਹ-ਪੱਤੀ ਦੀ ਦਰਾਮਦ ਵਾਸਤੇ ‘ਕਰੰਸੀ` ਵਜੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਨੀਤੀ ਦੇ ਪ੍ਰਭਾਵਾਂ ਅਤੇ ਇਨ੍ਹਾਂ ਦਾ ਖਮਿਆਜ਼ਾ ਭਾਰਤ ਵੱਲੋਂ ਹੁਣ ਵੀ ਭੁਗਤੇ ਜਾਣ ਦੀ ਕਹਾਣੀ ਪੇਸ਼ ਕਰਦੀ ਹੈ ਚੇਨਈ ਸਥਿਤ ਪੱਤਰਕਾਰ ਟੌਮਸ ਮੈਨੂਏਲ ਦੀ ਕਿਤਾਬ ‘ਓਪੀਅਮ ਇਨਕਾਰਪੋਰੇਟਿਡ` (ਅਫੀਮ ਕੰਪਨੀ)।
ਬਿਟ੍ਰਿਸ਼ ਸਾਮਰਾਜ ਦੇ ਭਾਰਤੀ ਉਪ ਮਹਾਂਦੀਪ ਤੇ ਏਸ਼ੀਆ-ਅਫਰੀਕਾ ਵਿਚ ਪਸਾਰੇ `ਚ ਨਸ਼ਿਆਂ ਦੇ ਕਾਰੋਬਾਰ ਦੀ ਮਾਇਕ ਭੂਮਿਕਾ ਦਾ ਬਿਰਤਾਂਤ ਹੈ ਇਹ ਕਿਤਾਬ। ਕੰਪਨੀ ਦੇ ਆਪਣੇ ਰਿਕਾਰਡ ਮੁਤਾਬਿਕ ਮੁਗ਼ਲ ਹਕੂਮਤ ਸਮੇਂ ਇਕੱਲੇ ਬਿਹਾਰ ਵਿਚੋਂ ਔਸਤ 4000 ਪੇਟੀ (ਇਕ ਪੇਟੀ =77 ਕਿਲੋਗਰਾਮ) ਅਫੀਮ ਹਰ ਸਾਲ ਪੈਦਾ ਹੁੰਦੀ ਸੀ। 1773 ਵਿਚ ਕੰਪਨੀ ਨੇ ਇਸ ਸਾਰੀ ਖੇਤੀ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ। ਅਗਲੇ ਸੌ ਸਾਲਾਂ ਦੌਰਾਨ ਪੋਸਤ ਦੀ ਕਾਸ਼ਤ ਹੇਠਲਾ ਰਕਬਾ ਅਸਾਮ ਤੋਂ ਉੜੀਸਾ ਤਕ ਪੰਜ ਲੱਖ ਏਕੜ ਤਕ ਫੈਲ ਗਿਆ। ਕਲਕੱਤਾ ਬੰਦਰਗਾਹ ਦੀ ਵਰਤੋਂ ਭਾਰਤ ਤੋਂ ਅਫੀਮ, ਚੀਨ ਭੇਜੇ ਜਾਣ ਲਈ ਕੀਤੀ ਜਾਂਦੀ ਸੀ। ਬ੍ਰਿਟਿਸ਼ ਸਾਮਰਾਜੀਆਂ ਦੀ ਦੇਖਾ-ਦੇਖੀ ਦੋ ਪੱਛਮੀ ਮਰਾਠਾ ਰਿਆਸਤਾਂ- ਇੰਦੌਰ ਤੇ ਬੜੌਦਾ ਨੇ ਵੀ ਪੋਸਤ ਦੀ ਖੇਤੀ ਨੂੰ ਹੁਲਾਰਾ ਦੇਣਾ ਸ਼ੁਰੂ ਕਰ ਦਿੱਤਾ। ਉੱਥੇ ਤਿਆਰ ਹੋਣ ਵਾਲੀ ਅਫੀਮ, ਇਕ ਪਾਰਸੀ ਘਰਾਣੇ ਰਾਹੀਂ ਬੰਬਈ ਬੰਦਰਗਾਹ ਤੋਂ ਚੀਨ ਭੇਜੀ ਜਾਣ ਲੱਗੀ। ਜਦੋਂ ਕੰਪਨੀ ਦੀ ਬਦਨਾਮੀ ਹੋਣ ਲੱਗੀ ਤੇ ਬ੍ਰਿਟਿਸ਼ ਪਾਰਲੀਮੈਂਟ ਵਿਚ ਇਸ ਦੇ ਕਾਰ-ਵਿਹਾਰ ਬਾਰੇ ਤਿੱਖੇ ਸਵਾਲ ਉੱਠਣ ਲੱਗੇ ਤਾਂ ਇਸ ਨੇ ਸਿੱਧੇ ਤੌਰ `ਤੇ ਅਫੀਮ ਵੇਚਣੀ ਬੰਦ ਕਰ ਦਿੱਤੀ ਅਤੇ ਇਹ ਕੰਮ ਠੇਕੇਦਾਰਾਂ ਤੋਂ ਕਰਵਾਉਣ ਲੱਗੀ। ਠੇਕੇ ਲੈਣ ਵਾਲਿਆਂ ਵਿਚ ਹਿੰਦੂ ਤੇ ਜੈਨੀ ਵਪਾਰੀ ਵੀ ਸ਼ਾਮਲ ਸਨ ਅਤੇ ਮੁਸਲਿਮ ਤੇ ਯਹੂਦੀ ਵੀ। ਠੇਕਿਆਂ ਰਾਹੀਂ ਕੰਪਨੀ ਵੀ ਮਾਇਕ ਤੌਰ `ਤੇ ਖੂਬ ਵਧੀ-ਫੁਲੀ ਤੇ ਵਪਾਰੀ ਵੀ। ਪਰ ਕਾਸ਼ਤਕਾਰਾਂ ਦੀ ਹਾਲਤ ਖਸਤਾ ਹੀ ਰਹੀ। ਉਨ੍ਹਾਂ ਤੋਂ ਗ਼ੁਲਾਮਾਂ ਵਜੋਂ ਕੰਮ ਲੈਣ ਅਤੇ ਮਾਇਕ ਲਾਭਾਂ ਤੋਂ ਵਾਂਝਾ ਰੱਖਣ ਦਾ ਦਸਤੂਰ ਪਹਿਲਾਂ ਵਾਂਗ ਜਾਰੀ ਰਿਹਾ।
ਅਫੀਮ ਦੀ ਚੀਨ ਵੱਲ ਬਰਾਮਦ ਕਿਉਂ? ਇਹ ਕਹਾਣੀ ਰੌਚਿਕ ਵੀ ਹੈ ਤੇ ਤ੍ਰਾਸਦਿਕ ਵੀ। 1660 ਵਿਚ ਇੰਗਲੈਂਡ ਦੇ ਯੁਵਰਾਜ ਚਾਰਲਸ ਦੋਇਮ (ਅੰਤਾਂ ਦਾ ਵਿਭਚਾਰੀ ਸੀ ਉਹ) ਦਾ ਵਿਆਹ ਪੁਰਤਗੀਜ਼ ਸ਼ਹਿਜ਼ਾਦੀ ਕੈਥਰੀਨ ਡੀ`ਬਰਗੈਂਜ਼ਾ ਨਾਲ ਹੋਇਆ। ਦਹੇਜ ਵਿਚ ਹੋਰ ਵਸਤਾਂ ਦੇ ਨਾਲ ਨਾਲ ਸਾਲਸਿਟ, ਬਸੀਨ ਅਤੇ ਪੰਜ ਹੋਰ ਭਾਰਤੀ ਟਾਪੂ ਵੀ ਸ਼ਾਮਲ ਸਨ। (ਬੰਬਈ ਬੰਦਰਗਾਹ ਤੇ ਮਹਾਂਨਗਰ ਇਨ੍ਹਾਂ ਟਾਪੂਆਂ ਤੋਂ ਹੀ ਵਜੂਦ ਵਿਚ ਆਏ)। ਕੈਥਰੀਨ ਨੂੰ ਚਾਹ ਦਾ ਅਮਲ ਸੀ। ਉਸ ਦੀ ਦੇਖਾ-ਦੇਖੀ ਸ਼ਾਹੀ ਕੁਨਬੇ ਤੇ ਹੋਰ ਕੁਲੀਨ ਪਰਿਵਾਰਾਂ ਦੀਆਂ ਔਰਤਾਂ ਵੀ ਚਾਹ ਪੀਣ ਲੱਗੀਆਂ। ਕੁਝ ਵਰ੍ਹਿਆਂ ਦੇ ਅੰਦਰ ਇਹ ‘ਫੈਸ਼ਨ` ਆਮ ਲੋਕਾਂ ਤਕ ਵੀ ਪਹੁੰਚ ਗਿਆ। ਚਾਹ-ਪੱਤੀ ਚੀਨ ਤੋਂ ਆਉਂਦੀ ਸੀ। ਚੀਨੀ ਹੁਕਮਰਾਨ ਚਾਹ ਬਦਲੇ ਚਾਂਦੀ ਵਸੂਲਦੇ ਸਨ। ਚਾਹ ਦੀ ਦਰਾਮਦ ਵਧਣ ਕਾਰਨ ਕੰਪਨੀ ਦੇ ਚਾਂਦੀ ਦੇ ਜ਼ਖੀਰੇ ਤੇਜ਼ੀ ਨਾਲ ਖੁਰਨੇ ਸ਼ੁਰੂ ਹੋ ਗਏ। ਇਸ ਮਸਲੇ ਦਾ ਹੱਲ ਅਫੀਮ ਸਾਬਤ ਹੋਈ। ਅਫੀਮ ਦੀ ਚੀਨ ਵਿਚ ਮੰਗ ਸੀ। ਚਾਹ-ਪੱਤੀ ਬਦਲੇ ਅਫੀਮ ਵਾਲਾ ਬਦਲ ਚੀਨੀ ਵਪਾਰੀਆਂ ਨੂੰ ਫਾਇਦੇ ਦਾ ਸੌਦਾ ਜਾਪਿਆ। ਹੌਲੀ ਹੌਲੀ ਚੀਨ ਅਮਲੀਆਂ ਦੀ ਕੌਮ ਬਣਨ ਲੱਗਾ। ਉੱਥੇ ਚਿੰਗ ਖਾਨਦਾਨ ਦਾ ਰਾਜ ਸੀ। ਇਸ ਖਾਨਦਾਨ ਨੇ ਸਥਿਤੀ ਸੰਭਾਲਣ ਲਈ ਅਫੀਮ ਦੀ ਦਰਾਮਦ ਰੋਕਣ ਦੇ ਫਰਮਾਨ ਜਾਰੀ ਕਰ ਦਿੱਤੇ, ਪਰ ਇਹ ਅਸਰਦਾਰ ਸਾਬਤ ਨਾ ਹੋਏ। 1839 ਵਿਚ ਕੈਂਟਨ ਦੇ ਗਵਰਨਰ ਲਿਨ ਸੇ-ਸ਼ੂ ਨੇ 20 ਹਜ਼ਾਰ ਪੇਟੀ ਅਫੀਮ ਜ਼ਬਤ ਕਰ ਕੇ ਸਾੜਨ ਦੇ ਹੁਕਮ ਦਿੱਤੇ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਇਹ ਸਥਿਤੀ ਨਾਗਵਾਰ ਜਾਪੀ। ਉਸ ਕਾਰਨ ਦੋ ਅਫੀਮ ਜੰਗਾਂ ਹੋਈਆਂ। ਦੂਜੀ ਜੰਗ ਵਿਚ ਤਾਂ ਫਰਾਂਸ ਤੇ ਜ਼ਾਰਵਾਦੀ ਰੂਸ ਨੇ ਵੀ ਬ੍ਰਿਟੇਨ ਦਾ ਸਾਥ ਦਿੱਤਾ। ਪਹਿਲਾਂ ਨਾਨਕਿੰਗ (1842) ਤੇ ਫਿਰ ਤੀਨਸਤਿਨ ਜਾਂ ਤਿਆਨਜਿਨ (1858) ਦੀਆਂ ਸੰਧੀਆਂ ਰਾਹੀਂ ਚੀਨ ਪਾਸੋਂ ਜਿੱਥੇ ਹਾਂਗਕਾਂਗ ਸੌ ਸਾਲਾਂ ਲਈ ਖੁੱਸਿਆ, ਉੱਥੇ ਉਸ ਨੂੰ ਅਫੀਮ ਦਾ ਕਾਰੋਬਾਰ ਵੀ ਕਾਨੂੰਨੀ ਕਰਾਰ ਦੇਣਾ ਪਿਆ ਅਤੇੇ ਨਾਲ ਹੀ 10 ਬੰਦਰਗਾਹਾਂ ਇਸ ਵਪਾਰ ਲਈ ਖੋਲ੍ਹਣੀਆਂ ਪਈਆਂ। ਇਸ ਸਾਰੇ ਅਪਰੇਸ਼ਨ ਵਾਸਤੇ ਫੌਜ, ਈਸਟ ਇੰਡੀਆ ਕੰਪਨੀ ਦੀ ਵਰਤੀ ਗਈ ਜੋ ਮੂਲ ਰੂਪ ਵਿਚ ਭਾਰਤੀ ਸੀ। ਬੰਦਰਗਾਹਾਂ ਵਿਚ ਪਹਿਰੇ ਲਈ ਵੀ ਭਾਰਤੀ ਤਾਇਨਾਤ ਕੀਤੇ ਗਏ। ਗੱਲ ਇੱਥੇ ਨਹੀਂ ਮੁੱਕੀ। ਚਾਹ ਦੀ ਕਾਸ਼ਤ ਤੋਂ ਚੀਨੀ ਅਜਾਰੇਦਾਰੀ ਤੋੜਨ ਹਿੱਤ ਉੱਤਰ-ਪੂਰਬੀ ਭਾਰਤ ਵਿਚ ਚਾਹ ਦੇ ਬਾਗ਼ ਲਗਵਾਏ ਗਏ ਅਤੇ ਇਸ ਕੰਮ ਲਈ ਕਾਮੇ ਜਾਂ ਤਾਂ ਚੀਨ ਤੋਂ ਫੁਸਲਾਏ ਗਏ ਜਾਂ ਅਗਵਾ ਕਰ ਕੇ ਭਾਰਤ ਲਿਆਂਦੇ ਗਏ। ਇਸ ਸਮੁੱਚੀ ਕਾਰਵਾਈ ਰਾਹੀਂ ਹੋਏ ਮਾਇਕ ਫਾਇਦੇ ਨੂੰ ਬ੍ਰਿਟੇਨ ਨੇ ਜਿੱਥੇ ਭਾਰਤੀ ਉਪ ਮਹਾਂਦੀਪ ਉੱਪਰ ਆਪਣਾ ਬਸਤੀਵਾਦੀ ਗ਼ਲਬਾ ਵਧਾਉਣ ਲਈ ਵਰਤਿਆ, ਉੱਥੇ ਭਾਰਤੀ ਕਾਮਿਆਂ ਨੂੰ ਕਪਾਹ ਤੇ ਗੰਨੇ ਦੀ ਕਾਸ਼ਤ ਲਈ ਜਬਰੀ ਦੱਖਣੀ ਅਫਰੀਕਾ ਤੇ ਕੈਰੇਬੀਅਨ ਖਿੱਤੇ ਵਿਚ ਲਿਜਾਣ ਦੇ ਤਜਰਬੇ ਵਾਸਤੇ ਵੀ ਇਸਤੇਮਾਲ ਕੀਤਾ। ਇਸ ਪੂਰੀ ਘਟਨਾਵਲੀ ਨੂੰ ਤਤਕਾਲੀ ਚੀਨੀ ਇਤਿਹਾਸਕਾਰ ਤਾਨ ਚੁੰਗ ਨੇ ਬੜੇ ਢੁਕਵੇਂ ਸ਼ਬਦਾਂ ਨਾਲ ਬਿਆਨ ਕੀਤਾ ਹੈ: “ਚੀਨੀਆਂ ਨੂੰ ਮਿਲੀ ਅਫੀਮ, ਬਰਤਾਨਵੀਆਂ ਨੂੰ ਮਿਲੀ ਚਾਹ ਤੇ ਭਾਰਤੀਆਂ ਨੂੰ ਸਾਮਰਾਜੀ ਜੂਲਾ।” ਭਾਰਤੀ ਇਸ ਜੂਲੇ ਨੂੰ ਹੁਣ ਭੁਲਾ ਚੁੱਕੇ ਹਨ ਪਰ ਦੋ ਅਫੀਮ ਜੰਗਾਂ ਸਮੇਂ ਦੀ ਉਨ੍ਹਾਂ ਦੀ ਭੂਮਿਕਾ ਤੋਂ ਉਪਜੀ ਕੜਿੱਤਣ ਚੀਨੀਆਂ ਨੇ ਅਜੇ ਤਕ ਨਹੀਂ ਭੁਲਾਈ। ਇਸ ਦੇ ਅਸਰਾਤ ਪਿਛਲੇ ਸੱਤ ਦਹਾਕਿਆਂ ਦੌਰਾਨ ਸਾਨੂੰ ਸਮੇਂ ਸਮੇਂ ਦੇਖਣ ਨੂੰ ਮਿਲਦੇ ਆਏ ਹਨ।
ਮੈਨੂਏਲ ਪੱਤਰਕਾਰ ਹੈ, ਇਤਿਹਾਸਕਾਰ ਨਹੀਂ। ਉਸ ਕੋਲ ਲੇਖਣ ਕਲਾ ਭਰਪੂਰ ਹੈ ਪਰ ਇਤਿਹਾਸਕ ਤੱਥਾਂ ਤੇ ਖੋਜਾਂ ਦੀ ਸੁਹਜਮਈ ਪੇਸ਼ਕਾਰੀ ਵਾਲੀ ਪੁਖਤਗੀ ਮੌਜੂਦ ਨਹੀਂ। ਕਿਤਾਬ ਦੇ 11 ਅਧਿਆਇ ਹਨ ਪਰ ਇਹ ਇਕ ਡੋਰ ਵਿਚ ਨਹੀਂ ਪਰੋਏ ਹੋਏ। ਅਜਿਹੀ ਘਾਟ ਦੇ ਬਾਵਜੂਦ ਕਿਤਾਬ ਨਵੀਂ ਨਿਵਕੇਲੀ ਜਾਣਕਾਰੀ ਦਾ ਜ਼ਖੀਰਾ ਹੈ ਅਤੇ ਪੂਰੀ ਪੜ੍ਹਨਯੋਗ ਹੈ।