ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਜੇਠ-ਹਾੜ੍ਹ ਧੁੱਖੀਂ
ਸਾਉਣ ਭਾਦੋਂ ਰੁੱਖੀਂ।
ਇਹ ਉਨ੍ਹਾਂ ਸਮਿਆਂ ਦੇ ਕਿਸੇ ਚੁਮਾਸੇ ਦੀ ਵਾਰਤਾ ਹੈ, ਜਦੋਂ ਪਿੰਡਾਂ ਵਿਚ ਬਿਜਲੀ ਦਾ ਨਾਂ-ਨਿਸ਼ਾਨ ਵੀ ਨਹੀਂ ਸੀ ਹੁੰਦਾ ਅਤੇ ਲੋਕੀਂ ਕਿਹਾ ਕਰਦੇ ਸਨ-ਜੇਠ-ਹਾੜ੍ਹ ਧੁੱਖੀਂ, ਸਾਉਣ ਭਾਦੋਂ ਰੁੱਖੀਂ। ਜੇਠ ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਵੇਲੇ ਜਦੋਂ ਕਾਂ ਦੀ ਅੱਖ ਨਿਕਲਦੀ, ਤਾਂ ਲੋਕ ਕੱਚੇ ਕੋਠਿਆਂ ਦੀ ਠੰਢਕ ਮਾਣਦੇ। ਸਾਉਣ-ਭਾਦੋਂ ਪਿੱਪਲਾਂ ਬਰੋਟਿਆਂ ਜਾਂ ਹੋਰ ਛਾਂ-ਦਾਰ ਦਰੱਖ਼ਤਾਂ ਹੇਠ ਗੁਜ਼ਾਰੇ ਜਾਂਦੇ।
ਤਿੰਨ-ਚਾਰ ਕੱਚੇ ਕੋਠਿਆਂ ਦੇ ਬਾਹਰਵਾਰ ਸਾਡੇ ਖੁੱਲ੍ਹੇ ਵਿਹੜੇ ਵਿਚ ਬੜੀ ਭਾਰੀ ਨਿੰਮ ਹੁੰਦੀ ਸੀ। ਸਾਡੇ ਬਚਪਨ ਵੇਲੇ ਬੋਹੜ ਜਿੰਨਾ ਥਾਂ, ਘੇਰਨ ਵਾਲੇ ਨਿੰਮ ਦੇ ਇਸ ਦਰਖਤ ਬਾਰੇ ਨੱਬੇ ਸਾਲ ਨੂੰ ਢੁੱਕੀ ਸਾਡੀ ਦਾਦੀ ਦੱਸਦੀ ਹੁੰਦੀ ਸੀ ਕਿ ਪੁੱਤ ਜਦੋਂ ਮੈਂ ਮੁਕਲਾਵੇ ਆਈ ਸੀ ਤਾਂ ਇਹ ਨਿੰਮ ਮਸਾਂ ਦੋ-ਚਾਰ ਕੁ ਹੱਥ ਦੀ ਹੀ ਹੁੰਦੀ ਸੀ। ਕਹਿਣ ਨੂੰ ਤਾਂ ਇਹ ਨਿੰਮ ‘ਸਾਡੀ ਆਪਣੀ’ ਹੀ ਹੁੰਦੀ ਸੀ, ਪਰ ਕਿਸੇ ਹਦ ਤੱਕ ਹਉਮੈ ਹੰਕਾਰ ਤੋਂ ਰਹਿਤ ਉਨ੍ਹਾਂ ਭਲੇ ਸਮਿਆਂ ਵਿਚ ਸਾਡੇ ਆਂਢ-ਗੁਆਂਢ ਦੇ ਨਿਆਣੇ-ਸਿਆਣੇ ਸਭ ਇਸੇ ਨਿੰਮ ਦੀ ਠੰਢੀ ਛਾਂ ਮਾਣਦਿਆਂ ਹੁੰਮਸ ਤੋਂ ਛੁਟਕਾਰਾ ਪਾਉਂਦੇ। ਆਂਢੀਆਂ-ਗੁਆਂਢੀਆਂ ਦੇ ਆਏ ਹੋਏ ਪ੍ਰਾਹੁਣੇ ਵੀ ਸਾਡੀ ਨਿੰਮ ਥੱਲੇ ਹੀ ਬਿਰਾਜਦੇ। ਫਰਕ ਸਿਰਫ ਇਹੀ ਹੁੰਦਾ ਕਿ ਪ੍ਰਾਹੁਣਿਆਂ ਦੇ ਮੰਜਿਆਂ ਉਪਰ ਦਰੀਆਂ ਵਿਛਾਈਆਂ ਹੁੰਦੀਆਂ ਤੇ ਸਿਰ੍ਹਾਣੇ ਰੱਖੇ ਹੁੰਦੇ। ਪ੍ਰਛਾਵੇਂ ਢਲਣ ‘ਤੇ ਮੰਜੇ ਇੱਧਰ-ਉਧਰ ਖਿੱਚ ਲਏ ਜਾਂਦੇ।
ਅਜਿਹੇ ਮੌਕਿਆਂ ‘ਤੇ ਅਸੀਂ ਕਿਤੇ ਈ ਭਾਵੇਂ ਸੰਗੀ-ਸਾਥੀਆਂ ਨਾਲ ਗੋਲੇ ਜਾਂ ਗੁੱਲੀ-ਡੰਡਾ ਖੇਡਣ ਲੱਗ ਪੈਂਦੇ; ਨਹੀਂ ਤਾਂ ਇਥੇ ਹੋ ਰਹੇ ਮਜਮੇ ਵਿਚ ਕੰਨ ਅਤੇ ਅੱਖਾਂ ਗੱਡੀ ਰੱਖਦੇ। ਸਾਡੇ ਭਾਅ ਦਾ ਉਦੋਂ ਇਥੇ ਹੋਣ ਵਾਲੀਆਂ ਦਿਲਚਸਪ ਕਥਾ-ਕਹਾਣੀਆਂ ਹੀ ਟੀæਵੀæ ਦੇਖਣ ਵਾਂਗ ਹੁੰਦੀਆਂ ਸਨ। ਕਿਸੇ ਪ੍ਰਾਹੁਣੇ ਜਾਂ ਆਪਣੇ ਗੁਆਂਢੀ ਬਜ਼ੁਰਗ ਰਾਮ ਲੋਕ ਦੀਆਂ ਗੱਲਾਂ ਸਾਨੂੰ ਕੀਲ ਕੇ ਬਿਠਾ ਲੈਂਦੀਆਂ।
ਕੁਦਰਤ ਨਾਲ ਇਕ-ਮਿੱਕ ਹੋ ਕੇ ਜ਼ਿੰਦਗੀ ਗੁਜ਼ਾਰਨ ਵਾਲੇ ਅਜਿਹੇ ਇਕ ਮੌਕੇ ਰਵਾਂ-ਰਵੀਂ ਰੁਮਕਦੀ ਪੌਣ ਵਿਚ ਸਾਡੀ ਨਿੰਮ ਹੇਠ ਸਿਰਫ਼ ਬੰਦੇ ਜਨਾਨੀਆਂ ਜਾਂ ਨਿੱਕੇ ਨਿਆਣੇ ਹੀ ਨਹੀਂ ਸਨ ਮੇਲਾ ਲਾਈ ਬੈਠੇ, ਸਗੋਂ ਹਰੀ ਕਚੂਰ ਸੰਘਣੀ ਨਿੰਮ ਉਪਰ ਲਾਲ ਚੁੰਝ ਵਾਲੇ ਤੋਤੇ ਵੀ ਆਪਣੀ ਰੱਟ ਲਾ ਰਹੇ ਸਨ। ਕਾਂਵਾਂ ਚਿੜੀਆਂ ਨੇ ਆਪਣੀ ਕੈਂ-ਕੈਂ, ਚੀਂ-ਚੀਂ ਦਾ ਰੌਲਾ ਪਾਇਆ ਹੋਇਆ ਸੀ। ਇਕ ਪਾਸੇ ਖੁਰਲੀ ‘ਤੇ ਬੱਝੀਆਂ ਮੱਝਾਂ, ਕੱਟੀਆਂ-ਕੱਟੇ ਵੀ ਆਰਾਮ ਨਾਲ ਬੈਠੇ ਜੁਗਾਲੀ ਕਰ ਰਹੇ ਸਨ; ਜਿਵੇਂ ਉਹ ਵੀ ਨਿੰਮ ਥੱਲੇ ਬੈਠੇ ਜੀਆ-ਜੰਤ ਦਾ ਹੋ ਰਿਹਾ ਵਾਰਤਾਲਾਪ ਸੁਣਨ ‘ਚ ਮਗਨ ਹੋਣ।
“ਓ ਬਈ ਤੁਆਨੂੰ ਪਤਾ ਐ ਕਿ ‘ਗਰੇਜਾਂ ਨੇ ਪੰਜਾਬ ‘ਚ ਰਾਜ ਕਰਨ ਦਾ ਫੈਸਲਾ ਕਾਹਤੇ ਕੀਤਾ ਸੀ?” ਡਾਕਟਰਾਂ ਕੋਲ ਜਾਣ ਦੀ ਥਾਂ ਦੇਸੀ ਦੁਆ-ਦਾਰੂ ਉਪਰ ਜ਼ਿਆਦਾ ਟੇਕ ਰੱਖਣ ਵਾਲੀ ਚੱਲ ਰਹੀ ਕਿਸੇ ਗੱਲ ਨੂੰ ਕੱਟਦਿਆਂ ਬੁੜ੍ਹੇ ਰਾਮ ਲੋਕ ਨੇ, ਨਿੰਮ ਵਾਲੇ ਮਜਮੇ ਵਿਚ ਆਪਣਾ ਇਹ ਸਵਾਲ ਠਾਹ ਕਰਦਾ ਲਾਠੀ ਵਾਂਗ ਮਾਰਿਆ! ਸਾਰਿਆਂ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਹੋਇਆ ਦੇਖ ਕੇ ਬੁੜ੍ਹਾ ਕਹਾਣੀ ਸੁਣਾਉਣ ਲੱਗ ਪਿਆ,
“ਰਾਜੇ ਰਣਜੀਤ ਸਿੰਘ ਦੀ ਮੌਤ ਮਗਰੋਂ ਇਕ ਗੋਰਾ ਪੰਜਾਬ ‘ਚ ਸੈਰ ਕਰਨ ਆਇਆæææਉਹ ਕਿਹੜਾ ਇਥੇ ਦਾ ਭੇਤੀ ਸੀæææਉਹਨੇ ਰਸਤੇ ਨਾਲ ਲਗਦੇ ਸਰਵਾੜ ਦੇ ਬੂਝੇ ‘ਚ ਹੱਥ ਮਾਰਿਆ, ‘ਕੈਸਾ ਸੁੰਦਰ ਬੂਟਾæææ!’ ਲਉ ਜੀ! ਸੁੱਕੇ ਸਰਵਾੜ ਦੇ ਤੀਲ੍ਹੇ ਨਾਲ ਉਹਦੀਆਂ ਉਂਗਲਾਂ ‘ਤੇ ਚੀਰਾ ਆ ਗਿਆ! ਲਉ ਜੀ, ‘ਗਰੇਜ ਦਾ ਖੂਨ ਨਾਲ ਲਥਪਥ ਹੋਇਆ ਹੱਥ ਦੇਖ ਕੇ, ਨਾਲ ਤੁਰੇ ਹੋਏ ਸਾਡੇ ਵਰਗੇ ਪੰਜ-ਸੱਤ ਜਣੇ ਗੋਰੇ ਵੱਲ ਅਹੁਲੇ। ਇਕ ਬੋਲਿਆ, ‘ਲਾਟ ਸਾਬ੍ਹ, ਮੈਂ ਘਰੋਂ ਭੱਜ ਕੇ ਹਲਦੀ ਤੇਲ ਲਿਆਉਨਾਂ, ਜ਼ਖ਼ਮ ‘ਤੇ ਬੰਨ੍ਹਣ ਨਾਲ ਛੇਤੀ ‘ਰਾਮ ਆ ਜੂ!’ ਦੂਜਾ ਬੋਲਿਆ, ‘ਓ ਨਹੀਂ ਨਹੀਂ, ਸਾਬ੍ਹ ਆਪਣਾ ਥੁੱਕ ਲਾ ਲੈਣ ਜ਼ਖ਼ਮਾਂ ‘ਤੇ!’ ਤੀਜਾ ਆਪਣੀ ਪੱਗ ਦਾ ਲੜ ਪਾੜਦਾ ਹੋਇਆ ਕਹਿੰਦਾ, ‘ਪਾਣੀ-ਪਨੱਪੜਾ ਬੰਨ੍ਹਿਆਂ ਹੀ ਇਹ ਜ਼ਖ਼ਮ ਸੁੱਕਣੈæææ ਮੈਂ ਹੁਣੇ ਪਾਣੀ ਨਾਲ ਭਿਉਂ ਕੇ ਲਿਆਉਨਾ!’ ਚੌਥਾ ਇਕ ਹੋਰ ਭੱਜਾ ਭੱਜਾ ਆ ਕੇ ਗੋਰੇ ਦੇ ਕੰਨ ‘ਚ ਜ਼ਰਾ ਪਰਦੇ ਨਾਲ ਕਹਿੰਦਾ, ‘ਸਾਬ੍ਹ ਬਹਾਦਰ! ਜ਼ਰਾ ਉਹਲੇ ਜਿਹੇ ਨੂੰ ਹੋ ਕੇ ਜ਼ਖ਼ਮ ‘ਤੇ ਪਿਸ਼ਾਬ ਕਰ ਲਵੋ।’ ਹੁਣ ਤੱਕ ਚੁੱਪ ਖੜ੍ਹੇ ਪੰਜਵੇਂ ‘ਡਾਕਦਾਰ’ ਨੇ ਗੱਲ ਹੀ ਮੁਕਾ ‘ਤੀæææ ਅਖੇ, ਕੁਸ਼ ਕਰਨ ਦੀ ਲੋੜ ਹੀ ਕੋਈ ਨ੍ਹੀਂ। ਜ਼ਖ਼ਮ ਖੁੱਲ੍ਹਾ ਈ ਛੱਡ ਦਿਉ, ਸ਼ਰਤੀਆ ਆਪੇ ਸੁੱਕ ਜਾਏਗਾ।
ਗੋਰੇ ਨੇ ਧੜਾ-ਧੜ ਡਾਕਟਰੀ ਨੁਸਖੇ ਸੁਣ ਕੇ ਹੈਰਾਨ ਹੁੰਦਿਆਂ ਸਾਰਿਆਂ ਨੂੰ ਪੁੱਛਿਆ ਕਿ ਤੁਸੀਂ ਸਭਨਾਂ ਨੇ ਹੀ ਹਿਕਮਤ ਦਾ ਇਲਮ ਪੜ੍ਹਿਆ ਹੋਇਐ? ਜਵਾਬ ਮਿਲਿਆ ਕਿ ਨਹੀਂ ਜੀ, ਏਨਾ ਕੁ ਦਵਾ-ਦਾਰੂ ਤਾਂ ਸਾਰੇ ਪੰਜਾਬੀ ਜਾਣਦੇ ਹੀ ਹੁੰਦੇ ਆ। ਕਹਿੰਦੇ, ਇਹ ਗੱਲ ਸੁਣ ਕੇ ਗੋਰੇ ਨੇ ਲੰਡਨ ਨੂੰ ਰਿਪੋਰਟ ਭੇਜ ‘ਤੀ ਕਿ ਇਨ੍ਹਾਂ ਲੋਕਾਂ ਨੂੰ ਹਾਲੇ ਸੌ ਸਾਲ ਅਕਲ ਨਹੀਂ ਆ ਸਕਦੀ। ਉਦੋਂ ਤੱਕ ਇਨ੍ਹਾਂ ‘ਤੇ ਬੇਖੌਫ਼ ਹੋ ਕੇ ਰਾਜ ਕਰੋ।”
ਬਾਪੂ ਰਾਮ ਲੋਕ ਨੇ ਅਟੇ-ਸਟੇ ਜਿਹਾ ਹਿਸਾਬ ਲਾ ਕੇ 1849 ਤੋਂ 1947 ਤੱਕ ਦੇ ਸਮੇਂ ਨੂੰ ਸੌ ਸਾਲ ਦੀ ਉਕਤ ‘ਭਵਿੱਖਵਾਣੀ’ ਨਾਲ ਜੋੜ ਕੇ ਗੱਲ ਮੁਕਾਈ।
ਇਨ੍ਹਾਂ ਗੱਲਾਂ ਨੂੰ ਆਪਣੇ ਦੇਸੀ ਲੋਕਾਂ ਦੀ ਹੇਠੀ ਸਮਝ ਕੇ ਉਥੇ ਉਹਦੀ ਉਮਰ ਦਾ ਹੀ ਇਕ ਪ੍ਰਾਹੁਣਾ ਬੈਠਾ ਗੁੱਸਾ ਖਾ ਗਿਆ। ਰਾਮ ਲੋਕ ਦੀ ਸਾਰੀ ਕਹਾਣੀ ਨੂੰ ਮਨਘੜਤ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਸੇ ਬਾਹਰਲੇ ਪਿੰਡ ਤੋਂ ਆਏ ਹੋਏ ਉਸ ਪ੍ਰਾਹੁਣੇ ਨੇ ਦਵਾ-ਦਾਰੂ ਦੇ ਘਰੇਲੂ ਨੁਸਖਿਆਂ ਦੀ ਰੱਜ ਕੇ ਸ਼ੋਭਾ ਕੀਤੀ ਅਤੇ ਅੰਗਰੇਜੀ ਦੁਆਈਆਂ ਦੀ ਭੰਡੀ। ਆਪਣੇ ਵਿਚਾਰ ਦੀ ਪ੍ਰੋੜਤਾ ਹਿਤ ਉਸ ਨੇ ਪੌਰਾਣਿਕ ਸਾਖੀ ਛੋਹ ਲਈ। ਸਿਰ ‘ਤੇ ਸੰਘਣੀ ਨਿੰਮ ਵੱਲ ਹੱਥ ਕਰ ਕੇ ਉਸ ਆਖਿਆ, “ਹੁਣ ਆਹ ਜਿਹੜੀ ਨਿੰਮ ਐ, ਇਹ ਸੌ ਬਿਮਾਰੀਆਂ ਦਾ ਇਕੋ ਦਾਰੂ ਐ। ਇਹਦਾ ਜ਼ਿਕਰ ਵੇਦਾਂ ਵਿਚ ਵੀ ਮਿਲਦਾ ਹੈ। ਇਹਦੀ ਛਿੱਲ, ਜੜ੍ਹ, ਫੁੱਲ, ਫਲ ਅਤੇ ਪੱਤੇ ਵੀ ਦਵਾਈਆਂ ‘ਚ ਵਰਤੇ ਜਾਂਦੇ ਆ। ਇਹਦੇ ਪੱਤਿਆਂ ਵਿਚੋਂ ਸੂਰਜੀ ਰੌਸ਼ਨੀ ਲੰਘ ਕੇ, ਜਿਹਦੇ ਵੀ ਸਰੀਰ ‘ਤੇ ਪੈਂਦੀ ਐ, ਉਸ ਦੀਆਂ ਸੈਆਂ ਬਿਮਾਰੀਆਂ ਉਡ-ਪੁਡ ਜਾਂਦੀਆਂ। ਬਿਨਾ ਕੋਈ ਦੁਆਈ ਖਾਧੇ ਸਰੀਰ ਕੰਗਣ ਵਰਗਾ ਹੋ ਜਾਂਦੈ।
ਕਹਿੰਦੇ ਇਕ ਵਾਰ ਧਨੰਤਰ ਵੈਦ ਨੇ ਆਪਣੇ ਲਾਗੀ ਨੂੰ, ਆਪਣੀ ਧੀ ਵਾਸਤੇ ਲੜਕਾ ਦੇਖਣ ਲਈ ਕਿਤੇ ਦੂਰ ਇਲਾਕੇ ਦੇ ਪਿੰਡ ਭੇਜਿਆ। ਲੜਕੇ ਵਾਲਾ ਖਾਨਦਾਨ ਵੀ ਹਿਕਮਤ ਹੀ ਕਰਦਾ ਸੀ। ਧਨੰਤਰ ਨੇ ਮਨ ਵਿਚ ਕੋਈ ਸਕੀਮ ਸੋਚ ਕੇ ਲਾਗੀ ਨੂੰ ਕਿਹਾ ਕਿ ਭਾਈ ਤੂੰ ਸਫ਼ਰ ਦੌਰਾਨ ਸਿਰਫ਼ ਪਿੱਪਲ ਥੱਲੇ ਹੀ ਆਰਾਮ ਕਰਨ ਬੈਠੀਂ, ਹੋਰ ਕਿਸੇ ਦਰੱਖ਼ਤ ਹੇਠ ਨਹੀਂ। ਧਨੰਤਰ ਦੇ ਕਹੇ ਅਨੁਸਾਰ ਲਾਗੀ ਅਜਿਹਾ ਹੀ ਕਰਦਾ ਗਿਆ। ਤੁਰਦਾ ਤੁਰਦਾ ਉਹ ਥੱਕ-ਹਾਰ ਭਾਵੇਂ ਜਾਂਦਾ, ਪਰ ਆਰਾਮ ਹਮੇਸ਼ਾ ਪਿੱਪਲ ਦੇਖ ਕੇ ਹੀ ਕਰਦਾ।
ਮੰਜਲ ‘ਤੇ ਪਹੁੰਚਦਿਆਂ ਪਹੁੰਚਦਿਆਂ ਅਜੀਬ ਭਾਣਾ ਵਾਪਰ ਗਿਆ! ਲਾਗੀ ਦੀ ਸਾਰੀ ਦੇਹ ‘ਤੇ ਕੋਹੜ ਫੁੱਟ ਪਿਆ। ਉਸ ਦਾ ਚਿਹਰਾ ਵੀ ਕਰੂਪ ਹੋ ਗਿਆ। ਦੁਨੀਆਂ-ਜਹਾਨ ਦੇ ਮੰਨੇ-ਪ੍ਰਮੰਨੇ ਧਨੰਤਰ ਵੈਦ ਦੇ ਲਾਗੀ ਦਾ ਇਹ ਭੈੜਾ ਹਾਲ ਦੇਖ ਕੇ ਲੜਕੇ ਦਾ ਬਾਪ ਬੜਾ ਹੈਰਾਨ ਹੋਇਆ, ਪਰ ਉਹ ਬੋਲਿਆ ਕੁਝ ਨਾ। ਇਕ ਦੋ ਦਿਨ ਰਹਿ ਕੇ ਗੱਲਾਂ-ਬਾਤਾਂ ਕਰਨ ਉਪਰੰਤ ਵਾਪਸ ਮੁੜਨ ਲੱਗੇ ਲਾਗੀ ਨੂੰ ਮੁੰਡੇ ਦੇ ਹਕੀਮ ਬਾਪ ਨੇ ਇਹ ਹਦਾਇਤ ਦਿੱਤੀ ਕਿ ਰਾਜਾ ਜੀ! ਰਾਹ ਵਿਚ ਤੁਸੀਂ ਹੋਰ ਕਿਤੇ ਵੀ ਨਹੀਂ ਬਹਿਣਾ, ਬੱਸ ਜਿੱਥੇ ਨਿੰਮ ਦਾ ਦਰਖ਼ਤ ਦਿਸੇ, ਉਹਦੇ ਥੱਲੇ ਹੀ ਟਿਕਾਣਾ ਕਰਨਾ।
ਲੰਬਾ ਸਫ਼ਰ ਮੁਕਾ ਕੇ ਲਾਗੀ ਮੁੜ ਆਪਣੇ ਮਾਲਕ ਧਨੰਤਰ ਕੋਲ ਪਹੁੰਚਿਆ ਤਾਂ ਉਸ ਦੀ ਦੇਹੀ ਬਿਲਕੁਲ ਕੁੰਗੂ ਵਰਗੀ ਹੋ ਚੁੱਕੀ ਸੀ। ਆਉਂਦਿਆਂ ਆਉਂਦਿਆਂ ਹੀ ਕੋਹੜ ਖਤਮ ਹੋ ਗਿਆ। ਧਨੰਤਰ ਵੈਦ ਨੇ ਹੈਰਾਨ ਹੁੰਦਿਆਂ ਲਾਗੀ ਨੂੰ ਸਫ਼ਰ ਦੌਰਾਨ ਵਾਪਰੀ ਕਿਸੇ ਤਬਦੀਲੀ ਬਾਰੇ ਪੁੱਛਿਆ। ਲਾਗੀ ਨੇ ਸਾਰੀ ਕਹਾਣੀ ਕਹਿ ਸੁਣਾਈ ਕਿ ਉਹ ਤਾਂ ਜਾਂਦਾ ਜਾਂਦਾ ਕੋਹੜੀ ਹੋ ਗਿਆ ਸੀ; ਲੇਕਿਨ ਜਦ ਉਸ ਨੇ ਲੜਕੇ ਦੇ ਬਾਪ ਵੱਲੋਂ ਨਿੰਮ ਥੱਲੇ ਬਹਿਣ ਵਾਲੀ ਨਸੀਹਤ, ਧਨੰਤਰ ਵੈਦ ਨੂੰ ਦੱਸੀ ਤਾਂ ਧਨੰਤਰ ਨੇ ਖੁਸ਼ ਹੁੰਦਿਆਂ ਆਪਣੀ ਬੇਟੀ ਦਾ ਰਿਸ਼ਤਾ ਉਸੇ ਖਾਨਦਾਨ ਵਿਚ ਕਰਨ ਦਾ ਪੱਕਾ ਫੈਸਲਾ ਕਰ ਲਿਆ।”
ਜਾਨ ਨੂੰ ਖਤਰਾ ਬਣਨ ਵਾਲਾ ਤਾਂ ਨੀਮ ਹਕੀਮ ਨੂੰ ਹੀ ਮੰਨਿਆ ਜਾਂਦਾ ਹੈ, ਪਰ ਆਪਣੇ ਵਿਹੜੇ ਵਿਚ ਖੜ੍ਹੇ ਉਸ ਨਿੰਮ ਹਕੀਮ ਦੀਆਂ ਇੱਥੇ ਕੀ ਕੀ ਸਿਫ਼ਤਾਂ ਲਿਖਾਂ! ਅਸੀਂ ਸਾਰੇ ਭੈਣ-ਭਰਾ ਉਸ ਨਿੰਮ ਥੱਲੇ ਜੰਮੇ-ਪਲੇ, ਖੇਡੇ-ਮੱਲ੍ਹੇ ਅਤੇ ਬਰਸਾਤਾਂ ‘ਚ ਨਿੰਮ ਦੀਆਂ ਪੱਕੀਆਂ ਨਮੋਲੀਆਂ ਜੇਬਾਂ ਭਰ-ਭਰ ਖਾਂਦੇ ਰਹੇ। ਸੁਬ੍ਹਾ-ਸਵੇਰੇ ਨਿੰਮ ਦੀ ਹੀ ਦਾਤਣ ਕਰਦੇ। ਇਸੇ ਹਕੀਮ ਦੀ ਮਿਹਰ ਸਦਕਾ ਸਾਡੇ ਟੱਬਰ ਦੇ ਕਦੇ ਫੋੜੇ-ਫਿੰਸੀਆਂ ਤਾਂ ਕੀ, ਭਾਦੋਂ ਦੇ ਹੁੰਮਸ ਵਿਚ ਕਦੇ ਪਿੱਤ ਵੀ ਨਹੀਂ ਸੀ ਨਿੱਕਲੀ। ਬਰਸਾਤੀ ਦਿਨਾਂ ਵਿਚ ਪਸ਼ੂਆਂ ਨੂੰ ਮੱਖੀ-ਮੱਛਰ ਤੋਂ ਬਚਾਉਣ ਲਈ ਨਿੰਮ ਦੇ ਸੁੱਕੇ ਪੱਤਿਆਂ ਦੀ ਧੂਣੀ ਕਰਦੇ। ਇਸੇ ਨਿੰਮ ਦੇ ਮੋਟੇ ਟਾਹਣ ਨਾਲ ਸਾਡੇ ਪਿੰਡ ਦੀਆਂ ਕੁੜੀਆਂ ਹਰ ਸਾਉਣ ਵਿਚ ਪੀਂਘ ਪਾਉਂਦੀਆਂ ਹੁੰਦੀਆਂ ਸਨ।
ਸਾਡੇ ਸਾਰੇ ਟੱਬਰ ਦੀ ਤੰਦਰੁਸਤੀ ਦਾ ਜ਼ਾਮਨ ਨਿੰਮ ਦਾ ਇਹ ਦਰਖ਼ਤ ਸਾਥੋਂ ਉਦੋਂ ਖੁੱਸ ਗਿਆ ਜਦ ਅਸੀਂ ‘ਘਰ’ ਢਾਹ ਕੇ ‘ਮਕਾਨ’ ਬਣਾਉਣੇ ਸ਼ੁਰੂ ਕਰ ਦਿੱਤੇ। ਥਾਂ ਦੀ ਗਿਣਤੀ-ਮਿਣਤੀ ਕਰ ਕੇ ਪਹਿਲਾਂ ਉਸ ਨਿੰਮ ਦੀਆਂ ਜੜ੍ਹਾਂ ਵਿਚ ਹੀ ਆਰਾ ਫੇਰਿਆ ਗਿਆ। ਮੈਨੂੰ ਇਸੇ ਨਿੰਮ ਦੀ ਸਿਫਤ ਵਿਚ ਇਕ ਉਦਾਸ ਸ਼ੇਅਰ ਚੇਤੇ ਆਉਂਦਾ ਹੈ,
ਸੁਨਾ ਹੈ ਆਪਨੇ ਗਾਂਵ ਮੇਂ,
ਰਹਾ ਨਾ ਅਬ ਵੋਹ ਨੀਮ।
ਜਿਸ ਕੇ ਆਗੇ ਮਾਂਦ ਥੇ,
ਸਾਰੇ ਵੈਦ ਹਕੀਮ।
Leave a Reply