ਪੰਜਾਬੀ ਸਾਹਿਤ ਤੇ ਸਭਿਆਚਾਰ ਵਿਚ ਗੁਜਰਾਂਵਾਲਾ

ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਸਭ ਜਾਣਦੇ ਹਨ ਕਿ 1947 ਦੀ ਵੰਡ ਸਮੇਂ ਸਾਡੇ ਕੋਲੋਂ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਹੀ ਨਹੀਂ ਖੁੱਸੇ ਪੰਜਾਬੀ ਪਿਆਰਿਆਂ ਦਾ ਗੁਜਰਾਂਵਾਲਾ ਵੀ ਖੁੱਸ ਗਿਆ ਸੀ।ਚੇਤੇ ਰਹੇ ਕਿ ਗੁਜਰਾਂਵਾਲਾ ਨੇ ਸਾਨੂੰ ਪ੍ਰਸਿੱਧ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਹੀ ਨਹੀਂ, ਸਗੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਦਿੱਤੀ ਸੀ।ਇਸ ਸ਼ਹਿਰ ਦੀ ਮਹੱਤਤਾ ਹੀ ਸਮਝੋ ਕਿ ਲੁਧਿਆਣਾ ਵਿਚ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੀ ਸਥਾਪਨਾ ਹੋਈ।

ਪਿਛਲੇ ਹਫਤੇ ਅੰਮ੍ਰਿਤਾ ਪ੍ਰੀਤਮ ਦੇ ਦੇਹਾਂਤ ਦੇ ਪ੍ਰਸੰਗ ਵਿਚ ਲੁਧਿਆਣਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਵਿਚਾਰ-ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ।ਆਪਣੇ ਆਰੰਭਕ ਸ਼ਬਦਾਂ ਵਿਚ ਖਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਦੇ ਪ੍ਰਧਾਨ ਡਾ. ਐਸ.ਪੀ. ਸਿੰਘ ਨੇ ਅੰਮ੍ਰਿਤਾ ਪ੍ਰੀਤਮ ਤੇ ਆਪਣੇ ਕਾਲਜ ਦੀ ਉੱਤਮਤਾ ਨੂੰ ਉਜਾਗਰ ਕਰਦਿਆਂ ਦੋਵਾਂ ਦਾ ਜਨਮ ਅਸਥਾਨ ਗੁਜਰਾਂਵਾਲਾ ਕਹਿ ਕੇ ਵਡਿਆਇਆ।ਏਥੇ ਅੰਮ੍ਰਿਤਾ ਨੂੰ ‘ਧੀ ਗੁਜਰਾਂਵਾਲੇ ਦੀ’ ਲਕਵ ਦਿੱਤਾ ਗਿਆ।
ਨਿਸ਼ਚੇ ਹੀ ਇਸ ਕਾਲਜ ਵਲੋਂ ਅੰਮ੍ਰਿਤਾ ਪ੍ਰੀਤਮ ਨੂੰ ਗੁਜਰਾਂਵਾਲੇ ਦੀ ਧੀ ਕਹਿ ਕੇ ਵਡਿਆਉਣ ਦੇ ਵੱਡੇ ਅਰਥ ਹਨ।ਦਿੱਲੀ ਵਿਚ ਅੰਮ੍ਰਿਤਾ ਨਾਲ ਨੇੜਿਉਂ ਵਿਚਰਦੀ ਰਹੀ ਅਮੀਆ ਕੰੁਵਰ ਨੇ ਆਪਣੀਆਂ ਯਾਦਾਂ ਦੀ ਪਟਾਰੀ ਰਾਹੀਂ ਅੰਮ੍ਰਿਤਾ ਦੀ ਅਜ਼ਮਤ ਨੂੰ ਉਜਾਗਰ ਕੀਤਾ।
ਕਵੀ ਦਰਬਾਰ ਦਾ ਸੰਚਾਲਨ ਪ੍ਰੋ. ਸ਼ਰਨਜੀਤ ਕੌਰ ਨੇ ਕੀਤਾ, ਜਿਸ ਵਿਚ ਸੁਖਵਿੰਦਰ ਅੰਮ੍ਰਿਤ, ਮਨਜੀਤ ਇੰਦਰਾ ਤੇ ਅਰਤਿੰਦਰ ਸੰਧੂ ਤੋਂ ਬਿਨਾ ਲਖਵਿੰਦਰ ਜੌਹਲ, ਅਮਰਜੀਤ ਕੌਂਕੇ, ਸਵਰਨਜੀਤ ਸਵੀ, ਜਤਿੰਦਰ ਔਲਖ, ਤ੍ਰੈਲੋਚਨ ਲੋਚੀ ਅਤੇ ਪ੍ਰਧਾਨਗੀ ਕਰ ਰਹੇ ਗੁਰਭਜਨ ਗਿੱਲ ਨੇ ਸ਼ਿਰਕਤ ਕੀਤੀ।ਸਾਰੇ ਕਵੀਆਂ ਨੇ ਆਪਣੀ ਕਵਿਤਾ ਪੇਸ਼ ਕਰਦਿਆਂ ਅੰਮ੍ਰਿਤਾ ਦੀ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਉੱਤੇ ਫੁੱਲ ਚੜ੍ਹਾਏ।ਭਾਵੇਂ ਗੁਜਰਾਂਵਾਲਾ ਦੀ ਧਰਤੀ ਨੂੰ ਸਾਥੋਂ ਵੱਖ ਹੋਇਆਂ ਸੱਤ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਇਹ ਸ਼ਹਿਰ ਹਾਲੇ ਤਕ ਸਮੂਹ ਪੰਜਾਬੀਆਂ ਦੇ ਮਨਾਂ ਵਿਚ ਵਸਦਾ ਹੈ।
ਗੁਜਰਾਂਵਾਲਾ ਜ਼ਿੰਦਾਬਾਦ।
ਸੁਰਜੀਤ ਪਾਤਰ ਤੇ ਗੁਰਮੀਤ ਬਾਵਾ ਦੀ ਗੱਲ
ਮੈਂ ਆਪਣੇ ਕਾਰਜ ਕਾਲੀ ਜੀਵਨ ਦੇ 32 ਸਾਲ ਦਿੱਲੀ ਰਿਹਾ ਹਾਂ ਤੇ ਇਸ ਤੋਂ ਵੱਧ ਸਮਾਂ ਚੰਡੀਗੜ੍ਹ।ਇਨ੍ਹਾਂ ਵਿਚੋਂ ਸਿਰਫ਼ ਦੋ ਵਰ੍ਹੇ (1978-1979) ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਸੰਚਾਰ ਕੇਂਦਰ ਨਾਲ ਜੁੜਿਆ, ਜਿੱਥੇ ਮੈਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਤੇ ਗਾਇਕਾ ਗੁਰਮੀਤ ਬਾਵਾ ਨੂੰ ਜਾਣਨ ਦਾ ਮੌਕਾ ਮਿਲਿਆ।ਪਾਤਰ ਦੀ ਸ਼ਾਇਰੀ ਉਸ ਵੇਲੇ ਦੇ ਕਾਵਿਕ ਸੰਸਾਰ ਦੀ ਜਿੰਦ-ਜਾਨ ਬਣੀ ਤੇ ਗੁਰਮੀਤ ਬਾਵਾ ਦੇ ਬੋਲ ਕਿਸਾਨ ਮੇਲਿਆਂ ਵਿਚ ਗੰੂਜਣ ਲੱਗੇ।ਇਹ ਸਬੱਬ ਦੀ ਗੱਲ ਹੈ ਕਿ ਹੁਣ ਇਹ ਦੋਵੇਂ ਹਸਤੀਆਂ ਇਕੋ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣੀਆ।ਸੁਰਜੀਤ ਪਾਤਰ ਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਨਿਵਾਜਿਆ ਤੇ ਗੁਰਮੀਤ ਬਾਵਾ ਮਾਮੂਲੀ ਬਿਮਾਰੀ ਪਿੱਛੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
ਏਨਾ ਸਫਲ ਤੇ ਸੁਭਾਗਾ ਜੀਵਨ ਜੀਉਂ ਕੇ ਚੁੱਪ-ਚਾਪ ਤੁਰ ਜਾਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ।ਇਹ ਜਾਣਦੇ ਹੋਏ ਵੀ ਕਿ ਵਿਛੜੀ ਰੂਹ ਦੇ ਮੁੜ ਦਰਸ਼ਨ ਨਹੀਂ ਹੋਣੇ, ਹਰ ਚੰਗੀ ਸੋਚ ਵਾਲਾ ਵਿਅਕਤੀ ਇਸ ਤਰ੍ਹਾਂ ਦੇ ਚਲਾਣੇ ਦੀ ਇੱਛਾ ਰੱਖਦਾ ਹੈ।ਦੋਵਾਂ ਖਬਰਾਂ ਦਾ ਸਵਾਗਤ ਹੈ।
ਕਿਸਾਨੀ ਸੱਤਿਆਗ੍ਰਹਿ ਦਾ ਕ੍ਰਿਸ਼ਮਾ
ਕੇਂਦਰ ਦੀ ਸਰਕਾਰ ਵਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਤਾਨਾਸ਼ਾਹੀ ਦੀ ਹਾਰ ਦਾ ਪ੍ਰਤੀਕ ਹੈ। ਕਾਨੂੰਨ ਬਣਾਉਣ ਵਾਲਿਆਂ ਅਤੇ ਇਨ੍ਹਾਂ ਨੂੰ ਬਣਵਾਉਣ ਵਾਲੇ ਕਾਰਪੋਰੇਟ ਘਰਾਣਿਆਂ ਦਾ ਮਾਇਆਜਾਲ ਗਿਣੇ-ਚੁਣੇ ਬੰਦਿਆਂ ਨੂੰ ਤਾਂ ਗੁਮਰਾਹ ਕਰ ਸਕਦਾ ਹੈ, ਸਮੁੱਚੀ ਲੋਕਾਈ ਨੂੰ ਨਹੀਂ।ਜਿਵੇਂ ਸਬਰ ਤੇ ਸੰਤੋਖ ਨਾਲ ਅੰਦੋਲਨਕਾਰੀ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਇਕ ਸਾਲ ਤੋਂ ਵੱਧ ਸਮਾਂ ਰਹੇ ਤੇ ਜਿਸ ਦਿਆਲਤਾ ਤੇ ਫਰਾਖਦਿਲੀ ਨਾਲ ਪੰਜਾਬੀ ਪਿਆਰਿਆਂ ਨੇ ਉਨ੍ਹਾਂ ਨੂੰ ਰਸਦ-ਪਾਣੀ ਪੁੱਜਦਾ ਕੀਤਾ, ਇਸ ਦਾ ਪ੍ਰਮਾਣ ਮਿਲਣਾ ਸੰਭਵ ਨਹੀਂ।ਮੈਂ ਖੁਦ ਦੋ ਵਾਰ ਉਥੇ ਜਾ ਕੇ ਦੇਖ ਚੁੱਕਾ ਹਾਂ ਤੇ ਦੋਨੋਂ ਵਾਰੀ ਮਲੇਰਕੋਟਲੀਆਂ ਦੇ ਲੰਗਰ ਦਾ ਸਵਾਦ ਮਾਣ ਚੁੱਕਾ ਹਾਂ।ਇਹ ਵੀ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਉਹ ਨੌਜਵਾਨ ਜਿਹੜੇ ਆਪਣੇ ਜੱਦੀ-ਪੁਸ਼ਤੀ ਘਰਾਂ ਵਿਚ ਨਸ਼ੇ ਦੇ ਸੇਵਨ ਤੋਂ ਬਾਜ਼ ਨਹੀਂ ਆਉਂਦੇ ਸਿੰਘੂ ਬਾਰਡਰ ਉੱਤੇ ਹੱਥਾਂ ਵਿਚ ਝਾੜੂ ਲੈ ਕੇ ਸੇਵਾਦਾਰੀ ਕਰ ਰਹੇ ਸਨ।ਵੱਡੀ ਗੱਲ ਇਹ ਕਿ ਸਾਡੀਆਂ ਮਾਵਾਂ, ਭੈਣਾਂ ਤੇ ਧੀਆਂ ਵੀ ਗਰਮੀ-ਸਰਦੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਓਪਰੀ ਤੇ ਔਝੜ ਧਰਤੀ ਉੱਤੇ ਡੇਰੇ ਲਾਈ ਬੈਠੀਆਂ ਸਨ।ਮੈਨੂੰ ਉਨ੍ਹਾਂ ਦੇ ਦਮ-ਖਮ ਦੀ ਖਬਰ ਮੀਡੀਆਂ ਤੋਂ ਬਿਨਾ ਮੇਰੇ ਨੌਜਵਾਨ ਰਿਸ਼ਤੇਦਾਰਾਂ ਤੋਂ ਮਿਲਦੀ ਰਹੀ ਹੈ, ਜਿਹੜੇ ਕਿਸਾਨਾਂ ਨੂੰ ਰਸਦ-ਪਾਣੀ ਪਹੰੁਚਾੳਂੁਦੇ ਰਹੇ ਹਨ। ਮੇਰਾ ਭਤੀਜਾ ਰਿਚੀ ਉਨ੍ਹਾਂ ਵਿਚੋਂ ਇਕ ਹੈ, ਜਿਹੜਾ ਆਪਣੇ ਪਰਿਵਾਰ ਸਮੇਤ ਉੱਥੇ 20-25 ਚੱਕਰ ਲਾ ਚੁੱਕਿਆ ਹੈ।ਟਿਕਰੀ ਬਾਰਡਰ ਉੱਤੇ ਖਾਸ ਕਰਕੇ।ਏਥੇ ਰਿਚੀ ਜੋੜੀ ਦਾ ਅਮਰੀਕਾ ਵਾਸੀ ਰਿਸ਼ਤੇਦਾਰ ਸਵੈਮਾਨ ਸਿੰਘ ਪੱਖੋਕੇ ਬਾਬਾ ਨਾਨਕ ਦੀ ਪ੍ਰੇਰਨਾ ਸਦਕਾ ਆਪਣੀ ‘ਫਾਈਵ ਰੀਵਰਜ਼ ਹਾਰਟ ਐਸੋਸੀਏਸ਼ਨ‘ ਵਲੋਂ ਮੋਦੀਖਾਨਾ ਚਲਾ ਰਿਹਾ ਹੈ, ਜਿਸ ਦਾ ਲਾਭ ਕਿਸਾਨ ਲੈ ਰਹੇ ਹਨ।ਉਸ ਨੇ ਕਿਸਾਨਾਂ ਲਈ 2200 ਆਰਜ਼ੀ ਟਿਕਾਣੇ ਵੀ ਉਧਾਰ ਛੱਡੇ ਹਨ ਤਾਂ ਕਿ ਉਨ੍ਹਾਂ ਦਾ ਮਾੜੇ ਮੌਸਮ ਤੋਂ ਬਚਾਅ ਹੋ ਸਕੇ।ਸਵੈਮਾਨ ਸਿੰਘ ਦਿਲ ਦੇ ਰੋਗਾਂ ਦਾ ਮਾਹਿਰ ਹੈ ਤੇ ਵੱਡੇ ਦਿਆਲੂ ਵਜੋਂ ਜਾਣਿਆ ਜਾਂਦਾ ਹੈ।
ਮੈਨੂੰ ਕੇਂਦਰ ਦੀ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨ ਰੱਦ ਕਰਨ ਵਾਲੇ ਐਲਾਨ ਦੀ ਸੂਹ ਵੀ ਰਿਚੀ ਦੀ ਜੀਵਨ ਸਾਥਣ ਜਸਦੀਪ ਨੇ ਦਿੱਤੀ।ਇਹ ਜੋੜੀ ਆਪਣੀ ਬੇਟੀ ਮਿਹਰ ਤੇ ਬੇਟੇ ਉਦੈ ਸਮੇਤ ਇਸ ਐਲਾਨ ਤੋਂ ਪਹਿਲੀ ਸ਼ਾਮ ਟਿਕਰੀ ਬਾਰਡਰ ਤੋਂ ਹੋ ਕੇ ਆਈ ਸੀ।
ਕੇਂਦਰ ਸਰਕਾਰ ਦੇ ਗੋਡੇ ਲੱਗਣ ਵਾਲੀ ਖਬਰ ਦੀ ਖ਼ੁਸ਼ੀ ਸਾਂਝੀ ਕਰਨ ਵਾਲਿਆਂ ਵਿਚ ਮੇਰੇ ਵਿਦੇਸ਼ਾਂ ‘ਚ ਬੈਠੇ ਸਬੰਧੀਆਂ ਵਿਚੋਂ ਮੈਨੂੰ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟਰੀ ਸੈਕਟਰੀ ਰਚਨਾ ਸਿੰਘ ਦੀ ਫੋਨ ਕਾਲ ਤੇ ਜਰਮਨੀ ਰਹਿ ਰਹੇ ਲਵਲੀ ਭੰਗੂ ਤੇ ਮੌਂਟੀ ਭੰਗੂ ਦੀ ਵੀਡੀਓ ਨੇ ਨਿੱਜੀ ਹੁਲਾਰਾ ਦਿੱਤਾ।ਰਚਨਾ ਸਿੰਘ ਮੇਰੇ ਮਿੱਤਰ ਰਘਬੀਰ ਸਿੰਘ ਸਿਰਜਣਾ ਦੀ ਬੇਟੀ ਹੈ ਤੇ ਭੰਗੂ ਬਰਦਰਜ਼ ਮੇਰੇ ਹਮ ਉਮਰ ਮਾਮੇ ਸਵਰਨ ਸਿੰਘ ਭੰਗੂ ਦੇ ਬੇਟੇ।ਉਨ੍ਹਾਂ ਵਲੋਂ ਭੇਜੇ ਵੀਡੀਓ ਗੀਤ ਦੇ ਕੁਝ ਬੰਦ ਮੈਂ ਨਿੱਕ-ਸੁੱਕ ਦੇ ਪਾਠਕਾਂ ਨਾਲ ਸਾਂਝੇ ਕਰਨਾ ਚਾਹਾਂਗਾ।ਪੜੋ੍ਹ ਅੰਤਿਕਾ।
ਅੰਤਿਕਾ
ਭੰਗੂ ਬਰਦਰਜ਼ ਹੈਮਬਰਗ
ਜੱਟ ਜੰਮਦੇ ਮਿੱਟੀ ਲਾ ਬਾਣਾ ਪਾ ਕੇ
ਲੋਕਾਂ ’ਚ ਅਨਾਜ ਵੰਡਦੇ
ਜੱਟ ਜੰਮਦੇ…
ਪੁੱਤ ਬੌਲਦ, ਜ਼ਮੀਨਾਂ ਮਾਵਾਂ,
ਰੁੱਤਾਂ ਤੋਂ ਨਾ ਹਾਰ ਮੰਨਦੇ,
ਜੱਟ ਜੰਮਦੇ…।
ਚੌੜੇ ਦਿਲ ਤੇ ਖੁੱਲ੍ਹੀਆਂ ਸੋਚਾਂ,
ਛੋਟੀ ਨਹੀਂ ਗੱਲ ਕਰਦੇ,
ਜੱਟ ਜੰਮਦੇ…।
ਕੁੱਖ ਜੱਟੀ ਦੀ ਸ਼ੇਰਨੀ ਵਰਗੀ,
ਸ਼ੀਂਹ ਪੁੱਤ ਪੈਦਾ ਕਰਦੀ,
ਜੱਟ ਜੰਮਦੇ…।
ਵਿਚ ਧਰਤੀ ਜੜ੍ਹਾਂ ਨੇ ਗੱਡੀਆਂ,
ਅੰਬਰੀਂ ਉਡਾਰੀ ਮਾਰਦੇ,
ਜੱਟ ਜੰਮਦੇ…।