ਕੰਵਲਜੀਤ ਦੀ ਅਦਾਕਾਰੀ ਦਾ ਜਲੌਅ

ਰਾਜ ਸਿੰਘ ਝਿੰਜਰ
ਕੰਵਲਜੀਤ ਦਾ ਜਨਮ ਸਹਾਰਨਪੁਰ (ਉਤਰ ਪ੍ਰਦੇਸ਼) 19 ਸਤੰਬਰ 1951 ਨੂੰ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਸਹਾਰਨਪੁਰ ਤੋਂ ਹੀ ਗ੍ਰੈਜੂਏਸ਼ਨ ਕੀਤੀ ਅਤੇ ਏਅਰਫੋਰਸ ਪਾਇਲਟ ਬਣਨ ਲਈ ਮਿਹਨਤ ਕਰਨ ਲੱਗੇ। ਉਨ੍ਹਾਂ ਐਨ.ਡੀ. ਏ. ਇਮਤਿਹਾਨ ਦਿੱਤਾ ਜਿਸ ਵਿਚ ਉਹ ਬੜੇ ਆਰਾਮ ਨਾਲ ਪਾਸ ਵੀ ਹੋ ਗਏ ਪਰ ਪਾਇਲਟ ਵਜੋਂ ਉਨ੍ਹਾਂ ਦੀ ਚੋਣ ਸਿਰਫ ਇਸ ਕਰਕੇ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਨੂੰ ਸੱਜੇ ਕੰਨ ਤੋਂ ਘੱਟ ਸੁਣਦਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੇਵੀ ਲਈ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ; ਵਜ੍ਹਾ ਉਹੀ, ਸੱਜਾ ਕੰਨ। ਐਕਟਰ ਬਣਨ ਦਾ ਖਿਆਲ ਉਨ੍ਹਾਂ ਦੇ ਦਿਮਾਗ ਵਿਚ ਕਦੇ ਨਹੀਂ ਆਇਆ ਸੀ ਪਰ ਉਹ ਕੁਝ ਵੱਡਾ ਜ਼ਰੂਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਜ਼ਿੰਦਗੀ ਵਿਚ ਕੁਝ ਵੱਡਾ ਕਰਨਾ ਹੈ ਤਾਂ ਛੋਟੇ ਸ਼ਹਿਰ ਤੋਂ ਬਾਹਰ ਤਾਂ ਨਿਕਲਣਾ ਹੀ ਪਏਗਾ ਅਤੇ ਉਹ ਸਹਾਰਨਪੁਰ ਤੋਂ ਬਾਹਰ ਨਿਕਲਣ ਦਾ ਬਹਾਨਾ ਲੱਭਣ ਲੱਗੇ।
ਇੱਕ ਦਿਨ ਕਿਸੇ ਦੋਸਤ ਦੇ ਘਰ ਬੈਠੇ ਅਖਬਾਰ ਵਿਚ ਛਪੇ ਇੱਕ ਇਸ਼ਤਿਹਾਰ ਉਤੇ ਨਜ਼ਰ ਪਈ ਜਿਸ ਵਿਚ ਐਫ. ਟੀ. ਆਈ. ਆਈ. (ਫਿਲਮ ਐਂਡ ਟੈਲੀਵਜ਼ਨ ਇੰਸਟੀਚਊਟ ਆਫ ਇੰਡੀਆ) ਵਿਚ ਦਾਖਲਾ ਲੈਣ ਲਈ ਜਾਣਕਾਰੀ ਦਿੱਤੀ ਹੋਈ ਸੀ। ਕੰਵਲਜੀਤ ਆਪਣੇ ਇਕ ਦੋਸਤ ਫੋਟੋਗ੍ਰਾਫਰ ਕੋਲ ਗਏ, ਦਾਖਲਾ ਅਰਜ਼ੀ ਭੇਜਣ ਲਈ ਫੋਟੋ ਕਰਵਾਏ ਅਤੇ ਦੋਸਤ ਨੂੰ ਹਿਦਾਇਤ ਕੀਤੀ ਕਿ ਜਦੋਂ ਤਕ ਮੇਰੀ ਚੋਣ ਨਹੀਂ ਹੋ ਜਾਂਦੀ, ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਕਿਉਂਕਿ ਜੇ ਮੇਰਾ ਫਿਲਮਾਂ ਵਿਚ ਕੁਝ ਨਾ ਬਣਿਆ ਤਾਂ ਲੋਕਾਂ ਨੇ ਮੈਨੂੰ ਮਜ਼ਾਕ ਕਰਨਾ ਕਿ ‘ਚਲੇ ਥੇ ਹੀਰੋ ਬਨਨੇ`।
ਉਨ੍ਹਾਂ ਫਾਰਮ ਭਰ ਕੇ ਫੋਟੋਆਂ ਡਾਕ ਰਾਹੀਂ ਐਫ. ਟੀ. ਆਈ. ਆਈ. ਨੂੰ ਦਾਖਲੇ ਲਈ ਭੇਜ ਦਿੱਤੀਆਂ। ਉੱਚੇ ਲੰਮੇ ਤੇ ਸੋਹਣੇ ਸੁਨੱਖੇ ਕੰਵਲਜੀਤ ਨੂੰ ਬਹੁਤ ਛੇਤੀ ਜਵਾਬ ਆ ਗਿਆ ਜਿਸ ਵਿਚ ਉਨ੍ਹਾਂ ਨੂੰ ਆਡੀਸ਼ਨ ਲਈ ਬੁਲਾਇਆ ਗਿਆ ਜੋ ਐਨ. ਐਸ. ਡੀ. (ਨੈਸ਼ਨਲ ਸਕੂਲ ਆਫ ਡਰਾਮਾ) ਦਿੱਲੀ ਵਿਚ ਹੋਣਾ ਸੀ। ਆਡੀਸ਼ਨ ਤੋਂ ਠੀਕ ਇੱਕ ਦਿਨ ਪਹਿਲਾਂ ਕੰਵਲਜੀਤ ਦੇ ਚਾਚਾ ਜੀ ਨੇ ਆਪਣੇ ਹੀ ਘਰ ਕੰਵਲਜੀਤ ਦੀ ਮੁਲਾਕਾਤ ਉਸ ਜ਼ਮਾਨੇ ਦੇ ਬਾਬਾ ਬੋਹੜ ਰੰਗਕਰਮੀ ਹਬੀਬ ਤਨਵੀਰ ਨਾਲ ਕਾਰਵਾਈ। ਹਬੀਬ ਤਨਵੀਰ ਨੇ ਕੰਵਲਜੀਤ ਨੂੰ ਪੁੱਛਿਆ, “ਤੁਸੀਂ ਐਫ. ਟੀ. ਆਈ. ਆਈ. ਲਈ ਆਡੀਸ਼ਨ ਦੇਣ ਜਾ ਰਹੇ ਹੋ, ਤਿਆਰੀ ਤਾਂ ਕੀਤੀ ਹੋਵੇਗੀ… ਮੈਨੂੰ ਕੁਛ ਕਰਕੇ ਤਾਂ ਦਿਖਾਓ।” ਕੰਵਲਜੀਤ ਅਦਾਕਾਰ ਦੇਵ ਆਨੰਦ ਦੇ ਜ਼ਬਰਦਸਤ ਫੈਨ ਸਨ। ਉਨ੍ਹਾਂ ਦੇਵ ਆਨੰਦ ਦੇ ਬੋਲੇ ਡਾਇਲਾਗ ਦੇਵ ਆਨੰਦ ਦੇ ਹੀ ਅੰਦਾਜ਼ ਵਿਚ ਸੁਣਾ ਦਿੱਤੇ। ਹਬੀਬ ਤਨਵੀਰ ਹੱਸ ਕੇ ਕਹਿਣ ਲੱਗੇ, “ਕੰਵਲਜੀਤ, ਜੇ ਤੁਸੀਂ ਦੇਵ ਆਨੰਦ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਦੇਵ ਆਨੰਦ ਕਿਸ ਦੀ ਐਕਟਿੰਗ ਕਰਨਗੇ?” ਉਨ੍ਹਾਂ ਕੰਵਲਜੀਤ ਨੂੰ ਸਮਝਾਇਆ ਕਿ ਕਿਸੇ ਦੀ ਐਕਟਿੰਗ ਦੀ ਕਾਪੀ ਨਹੀਂ ਕਰੀਦੀ, ਆਪਣਾ ਮੁਕਾਮ ਬਣਾਉਣ ਲਈ ਆਪਣੇ ਤਰੀਕੇ ਸਹਿਜਤਾ ਨਾਲ ਡਾਇਲਾਗ ਬੋਲੀਦੇ ਹਨ ਜਿਸ ਤਰ੍ਹਾਂ ਅਸੀਂ ਆਮ ਜ਼ਿੰਦਗੀ ਵਿਚ ਬੋਲਦੇ ਹਾਂ। ਨਾਲ ਹੀ ਉਨ੍ਹਾਂ ਕੋਲ਼ ਪਈ ਚਿੱਠੀ ਪੜ੍ਹ ਕੇ ਕੰਵਲਜੀਤ ਨੂੰ ਸੁਣਾਈ ਤੇ ਕਿਹਾ, “ਐਨੀ ਹੀ ਸਹਿਜਤਾ ਨਾਲ ਡਾਇਲਾਗ ਬੋਲਣੇ ਚਾਹੀਦੇ ਹਨ।” ਕੰਵਲਜੀਤ ਨੂੰ ਗੱਲ ਸਮਝ ਆ ਗਈ ਅਤੇ ਉਨ੍ਹਾਂ ਸਕਰੀਨ ਟੈਸਟ ਦਿੱਤਾ ਜਿਸ ਵਿਚ ਉਹ ਪਾਸ ਹੋ ਗਏ। ਉਨ੍ਹਾਂ ਪੁਣੇ ਜਾ ਕੇ ਵਿਚ ਦਾਖਲਾ ਲਿਆ ਅਤੇ ਐਕਟਿੰਗ ਦੀਆਂ ਬਾਰੀਕੀਆਂ ਸਿੱਖਣ ਲੱਗੇ।
ਉਨ੍ਹਾਂ ਹੀ ਦਿਨਾਂ ਵਿਚ ਕਮਾਲ ਅਮਰੋਹੀ ਦੀ ਫਿਲਮ ‘ਪਾਕੀਜ਼ਾ` (1972) ਬਹੁਤ ਵੱਡੀ ਹਿੱਟ ਹੋ ਚੁੱਕੀ ਸੀ ਅਤੇ ਉਹ ਡਾਇਰੈਕਟਰ ਯੂਸਫ ਨਕਵੀ ਦੀ ਫਿਲਮ ‘ਸ਼ੰਕਰ ਹੁਸੈਨ` ਲਿਖ ਰਹੇ ਸਨ ਪਰ ਕਮਾਲ ਅਮਰੋਹੀ ਇਸ ਫਿਲਮ ਦੇ ਮੁੱਖ ਕਿਰਦਾਰ ਹੁਸੈਨ ਲਈ ਕਿਸੇ ਨਵੇਂ ਚਿਹਰੇ ਦੀ ਤਲਾਸ਼ ਵਿਚ ਸਨ। ਕੰਵਲਜੀਤ ਸਾਬ੍ਹ ਜਦੋਂ ਐਕਟਿੰਗ ਸਿੱਖ ਰਹੇ ਸਨ ਤਾਂ ਦੇ ਥੀਏਟਰ ਹਾਲ ਵਿਚ ਜਦੋਂ ਸਟੂਡੈਂਟਸ ਨੂੰ ਸਿੱਖਣ ਲਈ ਫਿਲਮ ਵਿਖਾਈ ਜਾਂਦੀ ਸੀ ਤਾਂ ਫਿਲਮ ਦੇਖਣ ਬਾਅਦ ਸਟੂਡੈਂਟਸ ਨੂੰ ਫਿਲਮ ਬਾਰੇ ਆਪਣੇ-ਆਪਣੇ ਵਿਚਾਰ ਦੇਣ ਲਈ ਕਿਹਾ ਜਾਂਦਾ ਸੀ। ਇੱਕ ਦਿਨ ਫਿਲਮ ਦੇਖਦੇ ਉਨ੍ਹਾਂ ਦੇ ਪਿੱਛੇ ਵਾਲੀ ਕੁਰਸੀ ਤੇ ਅਮਰੋਹੀ ਦੀ ਬੇਟੀ ਬੈਠੀ ਸੀ। ਕੰਵਲਜੀਤ ਦੀ ਫਿਲਮ ਨੂੰ ਲੈਕੇ ਦਿਲਚਸਪੀ ਸਮਝ ਅਤੇ ਵਿਚਾਰ ਅਮਰੋਹੀ ਦੀ ਬੇਟੀ ਨੂੰ ਐਨੇ ਪਸੰਦ ਆਏ ਕਿ ਉਨ੍ਹਾਂ ਘਰ ਜਾ ਕੇ ਐਮਰੋਹੀ ਕੋਲ ਕੰਵਲਜੀਤ ਜੀ ਬਾਰੇ ਦਸਦੇ ਕਿਹਾ ਕਿ ‘ਬਾਬਾ ਹੁਸੈਨ ਮਿਲ ਗਿਆ… ਹੈ ਤਾਂ ਸਰਦਾਰਾਂ ਦਾ ਮੁੰਡਾ ਪਰ ਉਰਦੂ ਬਹੁਤ ਕਮਾਲ ਬੋਲਦਾ ਹੈ…` ਕੰਵਲਜੀਤ ਮੁੰਬਈ ਆਏ ਤੇ ਅਮਰੋਹੀ ਨੂੰ ਮਿਲੇ, ਉਨ੍ਹਾਂ ਫਿਲਮ ‘ਸ਼ੰਕਰ ਹੁਸੈਨ` ਵਿਚ ਕੰਵਲਜੀਤ ਨੂੰ ਮੁੱਖ ਕਿਰਦਾਰ ਲਈ ਚੁਣ ਲਿਆ ਜਿਸ ਨੂੰ ਯੂਸਫ ਨਕਵੀ ਡਾਇਰੈਕਟ ਕਰ ਰਹੇ ਸਨ ਪਰ ਇਸ ਫਿਲਮ ਨੂੰ ਬਣਦੇ-ਬਣਦੇ ਤਿੰਨ ਸਾਲ ਲੱਗ ਗਏ। ਇਹ ਫਿਲਮ ਪੂਰੀ ਹੋਣ ਤੋਂ ਪਹਿਲਾਂ ਸੋਹਣੇ ਸੁਨੱਖੇ ਉੱਚੇ ਲੰਮੇ ਪੰਜਾਬੀ ਗੱਭਰੂ ਦੀ ਡੀਲ-ਡੌਲ ਦੇਖ ਕੇ ਨਿਰਦੇਸ਼ਕ ਆਰ. ਐਲ. ਦੇਸਾਈ ਨੇ ਕੰਵਲਜੀਤ ‘ਦਾਸਤਾਨ-ਏ-ਲੈਲਾ ਮਜਨੂੰ` ਵਿਚ ਮੁੱਖ ਭੂਮਿਕਾ ਲਈ ਚੁਣ ਲਿਆ। ਇਹ ਫਿਲਮ 1974 ਵਿਚ ਰਿਲੀਜ਼ ਹੋਈ ਪਰ ਦੋਵੇਂ ਫਿਲਮਾਂ ਹੀ ਪਰਦੇ ਤੇ ਕੋਈ ਖਾਸ ਜਾਦੂ ਨਹੀਂ ਕਰ ਸਕੀਆਂ।
ਕੰਵਲਜੀਤ ਚੰਗੇ ਕੰਮ ਦੇ ਦੀਵਾਨੇ ਸਨ, ਉਨ੍ਹਾਂ ਨੂੰ ਮਿਲ ਰਹੀਆਂ ਫਿਲਮਾਂ ਵਾਲੇ ਕਿਰਦਾਰ ਪਸੰਦ ਨਹੀਂ ਆ ਰਹੇ ਸਨ। ਇੱਕ ਇੰਟਰਵਿਊ ਦੌਰਾਨ ਜਦੋਂ ਹੋਸਟ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ‘ਜਦੋਂ ਤੁਹਾਡੀਆਂ ਪਹਿਲੀਆਂ ਦੋ ਫਿਲਮਾਂ ਨਹੀਂ ਚੱਲੀਆਂ ਤਾਂ ਤੁਹਾਨੂੰ ਜੋ ਫਿਲਮਾਂ ਮਿਲ ਰਹੀਆਂ ਸਨ, ਉਹ ਤੁਹਾਨੂੰ ਪਸੰਦ ਨਹੀਂ ਸਨ ਤਾਂ ਤੁਸੀਂ ਟੀ.ਵੀ. ਵੱਲ ਰੁਖ ਕਰਨਾ ਸ਼ੁਰੂ ਕੀਤਾ…`, ਇਸ ‘ਤੇ ਕੰਵਲਜੀਤ ਨੇ ਵਿਚੋਂ ਟੋਕਦਿਆਂ ਉੱਚੀ-ਉੱਚੀ ਹੱਸਦੇ ਹੋਏ ਕਿਹਾ, “ਨਹੀਂ ਨਹੀਂ, ਤੁਸੀਂ ਇਹ ਕਹੋ ਕਿ ਮੈਨੂੰ ਫਿਲਮਾਂ ਮਿਲ ਨਹੀਂ ਰਹੀਆਂ ਸਨ, ਮੈਨੂੰ ਇਹ ਸੁਣਨ ਵਿਚ ਕੋਈ ਇਤਰਾਜ਼ ਨਹੀਂ…”, ਲੋਕਾਂ ਸਾਹਮਣੇ ਇਹ ਗੱਲ ਕਹਿਣ ਲਈ ਜਿਗਰਾ ਚਾਹੀਦਾ ਹੈ ਜੋ ਕਿੰਗ ਸਾਈਜ਼ ਜ਼ਿੰਦਗੀ ਜਿਊਣ ਵਿਚ ਯਕੀਨ ਰੱਖਣ ਵਾਲੇ ਇਨਸਾਨ ਕੋਲ ਹੀ ਹੋ ਸਕਦਾ ਹੈ। ਉਂਜ, ਇਸ ਗੱਲ ਨਾਲ ਸਹਿਮਤ ਹੋਣਾ ਥੋੜ੍ਹਾ ਔਖਾ ਹੈ ਕਿ ਸੋਹਣੇ ਸੁਨੱਖੇ ਉੱਚੇ ਲੰਮੇ ਗੱਭਰੂ ਅਤੇ ਕਮਾਲ ਦੇ ਸਹਿਜ ਅਦਾਕਾਰ ਨੂੰ ਫਿਲਮਾਂ ਨਾ ਮਿਲ ਰਹੀਆਂ ਹੋਣ! ਹਾਂ, ਇਹ ਜ਼ਰੂਰ ਹੋ ਸਕਦਾ ਹੈ, ਉਨ੍ਹਾਂ ਨੂੰ ਰੋਲ ਪਸੰਦ ਨਾ ਆਏ ਹੋਣ।
ਅਸਲ ਵਿਚ, ਕੰਵਲਜੀਤ ਨੇ ਟੀ.ਵੀ. ਵਿਚ ਮਿਲਣ ਵਾਲੇ ਚੰਗੇ ਕਿਰਦਾਰਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ, ਉਨ੍ਹਾਂ ਦਾ ਪਹਿਲਾ ਟੀ.ਵੀ. ਸ਼ੋਅ ‘ਅਪਰਾਧੀ ਕੌਨ` 1981 ਵਿਚ ਰਿਲੀਜ਼ ਹੋਇਆ ਪਰ ਫਿਲਮਾਂ ਦਾ ਸਿਲਸਿਲਾ ਵੀ ਨਾਲ-ਨਾਲ ਜਾਰੀ ਰਿਹਾ ਜਿਸ ਵਿਚ ਉਨ੍ਹਾਂ ਦੀਆਂ ਵੱਡੀਆਂ ਫਿਲਮਾਂ ਮੀਲ ਪੱਥਰ ਸਾਬਤ ਹੋਈਆਂ। ‘ਸੱਤੇ ਪੇ ਸੱਤਾ’ 1982 ਵਿਚ ਰਿਲੀਜ਼ ਹੋਈ। ਇਸ ਤੋਂ ਇਲਾਵਾ ‘ਜੀਵਨ ਧਾਰਾ’, ‘ਅਸ਼ਾਂਤੀ’, ‘ਪਿਆਰ ਕੇ ਰਾਹੀ’, ‘ਪਿਆਸ’ ਫਿਲਮਾਂ ਨੇ ਖੂਬ ਚਰਚਾ ਕਰਵਾਈ। ਫਿਰ 1987 ਵਿਚ ਸ਼ੁਰੂ ਹੋਏ ਟੈਲੀਵਿਜ਼ਨ ਲੜੀਵਾਰ ‘ਬੁਨਿਆਦ` ਨੇ ਤਾਂ ਉਨ੍ਹਾਂ ਨੂੰ ਛੋਟੇ ਪਰਦੇ ਦਾ ਬੇਤਾਜ ਬਾਦਸ਼ਾਹ ਬਣਾ ਦਿੱਤਾ।
ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਦਾ ਪੰਜਾਬ ਲਈ ਪਿਆਰ ਕਿਵੇਂ ਗੁੱਝਾ ਰਹਿ ਸਕਦਾ ਸੀ? ਉਨ੍ਹਾਂ ਪਹਿਲੀ ਪੰਜਾਬੀ ਫਿਲਮ ‘ਮੜ੍ਹੀ ਦਾ ਦੀਵਾ’ ਮਹਾਨ ਨਿਰਦੇਸ਼ਕ ਸੁਰਿੰਦਰ ਸਿੰਘ ਨਾਲ ਕੀਤੀ ਜੋ 1989 ਵਿਚ ਰਿਲੀਜ਼ ਹੋਈ। ਕੰਵਲਜੀਤ ਨੇ ਸ਼ਰੀਕੇਬਾਜ਼ ਪੇਂਡੂ ਬੰਦੇ ਭੰਤਾ ਸਿੰਘ ਦੇ ਕਿਰਦਾਰ ਨੂੰ ਬਹੁਤ ਸੂਝ-ਬੂਝ ਤੇ ਬਾਰੀਕੀ ਨਾਲ ਨਿਭਾਇਆ। ‘ਮੜ੍ਹੀ ਦਾ ਦੀਵਾ` ਪੰਜਾਬੀ ਦੀ ਹੁਣ ਤੱਕ ਦੀ ਅਜਿਹੀ ਇੱਕੋ-ਇੱਕ ਫਿਲਮ ਹੈ ਜਿਸ ਨੂੰ ਅਸੀਂ ਹਰ ਪੱਖੋਂ ਕਲਾਤਮਕ ਕਹਿ ਸਕਦੇ ਹਾਂ। ਸੁਰਿੰਦਰ ਸਿੰਘ ਹੀ ਐਸੇ ਨਿਰਦੇਸ਼ਕ ਹਨ ਜਿਨ੍ਹਾਂ ਨੇ ਕਿਸੇ ਨਾਵਲ ਨੂੰ ਹੂ-ਬ-ਹੂ 100% ਪਰਦੇ ਉੱਪਰ ਪੇਸ਼ ਕੀਤਾ ਹੋਵੇ। ‘ਮੜ੍ਹੀ ਦਾ ਦੀਵਾ’ ਵਿਚ ਰਾਜ ਬੱਬਰ, ਦੀਪਤੀ ਨਵਲ, ਪ੍ਰੀਕਸ਼ਤ ਸਾਹਨੀ, ਕੰਵਲਜੀਤ ਸਿੰਘ, ਪੰਕਜ ਕਪੂਰ, ਹਰਭਜਨ ਜੱਬਲ ਅਤੇ ਗੋਪੀ ਭੱਲਾ ਵਰਗੇ ਕਹਿੰਦੇ-ਕਹਾਉਂਦੇ ਕਲਕਾਰਾਂ ਨੇ ਰੂਹ ਨਾਲ ਕੰਮ ਕੀਤਾ ਅਤੇ ‘ਮੜ੍ਹੀ ਦਾ ਦੀਵਾ’ ਤੀਸਰੀ ਪੰਜਾਬੀ ਫਿਲਮ ਬਣੀ ਜਿਸ ਨੇ ਨੈਸ਼ਨਲ ਐਵਾਰਡ ਜਿੱਤਿਆ।
ਕੰਵਲਜੀਤ ਆਪਣੇ ਇੱਕ ਇੰਟਰਵਿਊ ਵਿਚ ਇਹ ਗੱਲ ਕਬੂਲ ਕਰਦੇ ਬਿਲਕੁਲ ਨਹੀਂ ਹਿਚਕਚਾਉਂਦੇ ਕਿ ਉਨ੍ਹਾਂ ਨੂੰ ਸਟੇਜ ਤੋਂ ਬਹੁਤ ਡਰ ਲੱਗਦਾ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਫਿਰ ਵੀ ਇੱਕ ਸਟੇਜ ਪਲੇਅ ਕੀਤਾ ਸੀ ਜਿਸ ਵਿਚ ਉਨ੍ਹਾਂ ‘ਮਿਰਜ਼ਾ ਗਾਲਿਬ` ਦਾ ਕਿਰਦਾਰ ਨਿਭਾਇਆ ਅਤੇ ਲੋਕਾਂ ਨੇ ਬਹੁਤ ਪਸੰਦ ਵੀ ਕੀਤਾ ਸੀ`, ਇਸ ‘ਤੇ ਕੰਵਲਜੀਤ ਹੱਸ ਕੇ ਜਵਾਬ ਦਿੰਦੇ ਹਨ, “ਬਿਲਕੁਲ ਕੀਤਾ ਸੀ, ਮੇਰੀ ਹਿਮਾਕਤ ਦੇਖੋ, ਮੈਂ ਪਹਿਲੇ ਹੀ ਸਟੇਜ ਡਰਾਮੇ ਵਿਚ ਪੰਗਾ ਵੀ ਉਸ ਕਿਰਦਾਰ ਨਾਲ ਲਿਆ ਜਿਸ ਨੂੰ ਕਦੇ ਬਲਰਾਜ ਸਾਹਨੀ ਅਤੇ ਭਾਰਤ ਭੂਸ਼ਨ ਵਰਗੇ ਸਹਿਜ ਤੇ ਮਹਾਨ ਅਦਾਕਾਰਾਂ ਨੇ ਨਿਭਾਇਆ ਸੀ।”
ਕੰਵਲਜੀਤ ਮਿਰਜ਼ਾ ਗਾਲਿਬ ਅਤੇ ਫੈਜ਼ ਅਹਿਮਦ ਫੈਜ਼ ਲਈ ਦਿਲ ਵਿਚ ਅਥਾਹ ਮੁਹੱਬਤ ਰੱਖਦੇ ਹਨ, ਇਸ ਲਈ ਉਨ੍ਹਾਂ ਇਸ ਕਿਰਦਾਰ ਲਈ ਬਹੁਤ ਮਿਹਨਤ ਕੀਤੀ ਅਤੇ ਸਟੇਜ ਤੋਂ ਵੀ ਖੂਬ ਤਾੜੀਆਂ ਬਟੋਰੀਆਂ। ਜਦੋਂ ਫੈਜ਼ ਦੀ ਮੌਤ ਹੋਈ ਤਾਂ ਉਹ ਤਿੰਨ ਦਿਨ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਨਿੱਕਲੇ। ਬੱਸ ਫੈਜ਼ ਦੀ ਸ਼ਾਇਰੀ ਪੜ੍ਹਦੇ ਰਹੇ।
ਕੰਵਲਜੀਤ ਲਗਾਤਾਰ ਹਿੰਦੀ ਫਿਲਮਾਂ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਹਾਲ ਹੀ ਵਿਚ ਰਿਲੀਜ਼ ਹੋਈਆਂ ਕਈ ਵੱਡੀਆਂ ਫਿਲਮਾਂ ‘ਰਾਜ਼ੀ’, ‘ਜਵਾਨੀ ਫਿਰ ਨਹੀਂ ਆਨੀ-2’, ‘ਇਕ ਲੜਕੀ ਕੋ ਦੇਖਾ ਤੋ ਐਸਾ ਲਗਾ’, ‘ਇੰਨ ਦਿ ਮੰਥ ਆਫ ਜੁਲਾਈ’, ‘ਤ੍ਰਿਭੰਗਾ’, ‘ਸਰਦਾਰ ਕਾ ਗ੍ਰੈਂਡਸੰਨ’ ਅਤੇ ਵੈਬਸੀਰੀਜ਼ ‘ਹੋਸਟੇਜਜ਼’, ‘ਟੱਬਰ’ ਸ਼ਾਮਿਲ ਹਨ। ਸਾਡੀ ਤ੍ਰਾਸਦੀ ਇਹ ਹੈ ਕਿ ਸਾਡੇ ਕੋਲ ਪੰਜਾਬੀ ਦੇ ਇਸ ਮਹਾਨ ਅਦਾਕਾਰ ਲਈ ਉਨ੍ਹਾਂ ਦੇ ਮਿਆਰ ਮੁਤਾਬਕ ਰੋਲ ਹੀ ਨਹੀਂ ਹਨ! ਹੀਰੋ-ਹੀਰੋਇਨ ਦੇ ਪਿਉ ਦੇ ਰੋਲ ਤੋਂ ਵੱਧ ਅਸੀਂ ਉਨ੍ਹਾਂ ਲਈ ਕੁਝ ਵੀ ਨਹੀਂ ਲਿਖ ਸਕੇ।