ਅਮਰਜੀਤ ਚਾਹਲ ਦੇ ਨਾਵਲ ‘ਓਟ` ਵਿਚ ਮਰਦ-ਔਰਤ ਦੇ ਰਿਸ਼ਤਿਆਂ ਦੀ ਅਦਭੁਤ ਲੀਲਾ

ਬਲਦੇਵ ਦੂਹੜੇ
ਕੁਦਰਤ ਨੇ ਇਨਸਾਨਾਂ ਨੂੰ ਔਰਤਾਂ ਅਤੇ ਆਦਮੀਆਂ ਵਿੱਚ ਵੰਡ ਕੇ ਇਕ ਸਦੀਵੀ ਲੀਲ੍ਹਾ ਨੂੰ ਜਨਮ ਦਿਤਾ ਜੋ ਆਪਣੀ ਰੌਚਿਕਤਾ ਕਦੇ ਨਹੀਂ ਗਵਾਉਂਦੀ। ਖੁਸ਼ ਅਤੇ ਰੋਮਾਂਟਿਕ ਤਬੀਅਤ ਵਾਲੇ ਲੇਖਕ ਅਮਰਜੀਤ ਚਾਹਲ ਦਾ ਨਾਵਲ ਇਸੇ ਲੀਲ੍ਹਾ ਦਾ ਇੱਕ ਹਿੱਸਾ ਹੈ।

ਇਹ ਨਾਵਲ ਮਨੋਵਿਗਿਆਨਕ ਗਾਥਾ ਵੀ ਹੈ ਜਿਸ ਵਿੱਚ ਅਜੀਬ ਹਾਲਾਤ ਦੇ ਸਿ਼ਕਾਰ ਲੋਕ ਆਪਣੇ ਲਈ ਓਟ ਲੱਭਣ ਦੇ ਵਿੱਚ ਮਸਰੂਫ ਹਨ। ਪਰ ਇਸ ਦੇ ਨਾਲ ਨਾਲ ਇਹ ਨਾਵਲ ਪੰਜਾਬੀ ਲੋਕਾਂ ਦੀ ਹਕੀਕਤ ਦੇ ਕੁੱਝ ਨਵੀਨਤਮ ਪਹਿਲੂਆਂ ਨੂੰ ਵੀ ਉਜਾਗਰ ਕਰਦਾ ਹੈ। ਸਾਡੇ ਲੋਕ ਬਹੁਤ ਸਾਰੇ ਹਾਲਾਤ ਦੇ ਕਾਰਨ ਇੱਕ ਬਹੁਤ ਵੱਡੀ ਹਿਜਰਤ (Migration) ਵਿਚੋਂ ਲੰਘ ਰਹੇ ਹਨ। ਇਸ ਪ੍ਰਕ੍ਰਿਆ ਵਿੱਚ ਨਾ ਸਿਰਫ ਔਰਤ-ਮਰਦ ਦਾ ਰਿਸ਼ਤਾ ਬਦਲ ਰਿਹਾ ਹੈ, ਸਗੋਂ ਵਿਆਹ ਦਾ ਅਦਾਰਾ ਵੀ ਤਹਿਸ-ਨਹਿਸ ਹੋ ਰਿਹਾ ਹੈ। ਸਾਡੀ ਜਿ਼ੰਦਗੀ ਦੇ ਇਹ ਦੋ ਪਹਿਲੂ, ਜੋ ਅਤਿਅੰਤ ਅਨਿਸਚਤਤਾ ਵਿਚੋਂ ਲੰਘ ਰਹੇ ਹਨ, ਇਸ ਨਾਵਲ ਵਿੱਚ ਪਿਠਭੂਮੀ ਦੇ ਤੌਰ ‘ਤੇ ਆਉਂਦੇ ਹਨ। ਸਰੀ ਤੋਂ ਕੈਲਗਰੀ ਦੇ ਸਫਰ ਦੌਰਾਨ ਵਾਪਰਨ ਵਾਲੀ ਇਸ ਨਾਵਲ ਦੀ ਕਥਾ ਆਪਣੇ ਆਪ ਵਿੱਚ ਇਕ ਸਫਰ ਹੈ। ਇਹ ਰੂਟ ਦਨੀਆਂ ਦੇ ਸੱਭ ਤੋਂ ਖੂਬਰਸੂਰਤ ਰੂਟਾਂ ਵਿਚੋਂ ਇੱਕ ਹੈ ਜਿਥੇ ਉਚੇ ਪਹਾੜ, ਤੇਜ਼ ਚਲਦੇ ਦਰਿਆ, ਅਤੇ ਸ਼ਾਂਤ ਝੀਲਾਂ ਦੇ ਨਾਲ ਨਾਲ ਚੋਟੀਆਂ ਅਤੇ ਵਾਦੀਆਂ ਵਿਚੋਂ ਰਾਹ ਲੰਘਦਾ ਹੈ। ‘ਓਟ’ ਨਾਵਲ ਸਾਨੂੰ ਜਿਸ ਤਫਸੀਲ ਨਾਲ ਇਹ ਸਫਰ ਕਰਵਾਉਂਦਾ ਹੈ ਉਹ ਅਸਲ ਸਫਰ ਨਾਲੋਂ ਘੱਟ ਨਹੀਂ। ਟਰੱਕ ਡਰਾਈਵਰ ਮੁਖਤਾਰ ਅਤੇ ਮੰਦਾਕਿਨੀ ਦਾ ਇਹ ਸਫਰ ਆਦਮੀ ਔਰਤ ਦੇ ਪਿਆਰ ਵਿੱਚ ਜਕੜੇ ਜਾਣ ਦੀ ਕਹਾਣੀ ਤੋਂ ਬਿਨਾ ਕੁਦਰਤ ਦੀ ਖੂਬਸੂਰਤੀ ਦਾ ਵੀ ਅੱਖੀਂ ਡਿਠਾ ਬਿਰਤਾਂਤ ਹੈ।
ਅਮਰਜੀਤ ਚਾਹਲ ਦਾ ਪਲੇਠਾ ਇਹ ਨਾਵਲ ਪਾਠਕ ਨੂੰ ਜਿ਼ੰਦਗੀ ਵਿੱਚ ਵਾਪਰਦੇ ਕਈ ਅਜੀਬ ਅਤੇ ਸਨਸਨੀਖੇਜ਼ ਅਨੁਭਵਾਂ ਵਿਚੋਂ ਵੀ ਲੰਘਾਉਂਦਾ ਹੈ। ਉਹ ਕੈਨੇਡੀਅਨ ਜਿ਼ੰਦਗੀ ਤੋਂ ਖੂਬ ਵਾਕਿਫ ਹੈ। ਇਸ ਕਰਕੇ ਇਹ ਨਾਵਲ ਇੱਕ ਤਰ੍ਹਾਂ ਨਾਲ ਕੈਨੇਡੀਅਨ ਪੰਜਾਬੀਆਂ ਦੀ ਜਿ਼ੰਦਗੀ ਅਤੇ ਇਸ ਦੇ ਪਿਛੋਕੜ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਬੇਮਿਸਾਲ ਖੂਬਸੂਰਤੀ ਬਾਰੇ ਇੱਕ ਛੋਟਾ ਜਿਹਾ ਐਨਸਕਲੋਪੀਡੀਆ ਬਣ ਨਿਬੜਦਾ ਹੈ।
ਬਹੁਪਰਤੀ ਹਕੀਕਤ ਦੀਆਂ ਵੱਖ ਵੱਖ ਪਰਤਾਂ ਨੂੰ ਲੇਖਕ ਸੁਚੇਤ ਜਾਂ ਅਚੇਤ ਤਰੀਕੇ ਨਾਲ ਬਿਆਨ ਕਰਦੇ ਹਨ ਅਤੇ ਇਸ ਨੂੰ ਆਮ ਲੋਕਾਂ ਲਈ ਸਮਝਣ ਅਤੇ ਮਾਨਣਯੋਗ ਬਣਾਉਂਦੇ ਹਨ। ਸਮੁੱਚੀ ਹਕੀਕਤ ਨੂੰ ਸਮੂਹਕ ਚੇਤਨਾ ਵਿੱਚ ਬਦਲਣਾ ਕਿਸੇ ਇੱਕ ਲੇਖਕ, ਕਲਾਕਾਰ ਜਾਂ ਵਿਗਿਆਨੀ ਦਾ ਕੰਮ ਨਹੀਂ। ਇਹ ਇੱਕ ਸਮੂਹਕ ਪ੍ਰਕ੍ਰਿਆ ਹੈ ਜਿਸ ਵਿੱਚ ਵੱਖ ਵੱਖ ਲੋਕ ਆਪਣਾ ਰੋਲ ਅਦਾ ਕਰਦੇ ਹਨ।
ਸਮੂਹਿਕ ਚੇਤਨਾ ਦੀ ਇਸ ਪ੍ਰਕ੍ਰਿਆ ਵਿੱਚ ਗਲਪ ਦਾ ਆਪਣਾ ਵਿਲੱਖਣ ਸਥਾਨ ਹੈ। ਇਹ ਇਨਸਾਨੀ ਜਿ਼ੰਦਗੀ ਨੂੰ ਵਾਸਤਵਿਕਤਾ ਅਤੇ ਕਲਪਨਾ ਦੇ ਸੁਮੇਲ ਨਾਲ ਅਭਿਵਿਅਕਤ ਕਰਦੀ ਹੈ। ਸਾਡੀ ਹਕੀਕਤ ਜਾਂ ਯਥਾਰਥ ਦਾ ਸੱਚ ਗਲਪ ਵਿੱਚ ਸਿੱਟੇ ਜਾਂ ਜੱਜਮੈਂਟ ਦੇ ਰੂਪ ਵਿੱਚ ਨਹੀਂ ਆਉਂਦਾ, ਸਗੋਂ ਪ੍ਰਗਟਾਅ ਦੇ ਰੂਪ ਵਿੱਚ ਆਉਂਦਾ ਹੈ ਜੋ ਪਾਠਕ ਲਈ ਅਹਿਸਾਸਾਂ ਦਾ ਇਤਿਹਾਸ ਬਣ ਨਿਬੜਦਾ ਹੈ। ਕਿਸੇ ਲਿਖਤ ਜਾਂ ਮਿੱਥ ਵਿੱਚ ਕਲਪਨਾ ਭਾਰੀ ਵੀ ਹੋਵੇ, ਤਾਂ ਵੀ ਪਿਠਭੂਮੀ ਵਿੱਚ ਇਨਸਾਨੀ ਦੁਨੀਆਂ ਦੇ ਸਰੋਕਾਰ ਹੀ ਚੱਲ ਰਹੇ ਹੁੰਦੇ ਹਨ। ਮਿਸਾਲ ਵਜੋਂ ਜਦੋਂ ਗਰੀਕ ਮਿਥਿਹਾਸ ਵਿੱਚ, ਪਰੋਮਿਥੀਅਸ ਮਨੁੱਖਤਾ ਨੂੰ ਅੱਗ ਲਿਆ ਕੇ ਦਿੰਦਾ ਹੈ ਤਾਂ ਇਹ ਮਿੱਥ ਪ੍ਰਤੀਕ ਹੈ ਅੱਗ ਦੀ ਕਾਢ ਦਾ, ਤਕਨਾਲੋਜੀ ਅਤੇ ਵਿਗਿਆਨ ਦਾ। ਕਿਹਾ ਗਿਆ ਸੀ ਕਿ ਜੇਕਰ ਜ਼ੂਅਸ (Zeus), ਦੇਵਤਿਆਂ ਦਾ ਬਾਦਸ਼ਾਹ, ਗੁੱਸੇ ਵਿੱਚ ਆ ਕੇ ਪ੍ਰੋਮਿਥੀਅਸ ਨੂੰ ਸਜ਼ਾ ਨਾ ਦਿੰਦਾ ਤਾਂ ਦੁਨੀਆਂ ਅਜਿਹੀ ਹੋਣੀ ਸੀ ਕਿ ਬਿਨਾਂ ਕੰਮ ਤੋਂ ਹੀ ਸੱਭ ਨੂੰ ਖਾਣ-ਪੀਣ ਮਿਲਣਾ ਸੀ। ਜਦੋਂ ਜ਼ੂਅਸ ਵਲੋਂ ਭੇਜੀ ਪੈਂਡੋਰਾ ਨੇ ਆਪਣਾ ਬਕਸਾ ਖੋਲ੍ਹਿਆ ਤਾਂ ਇਸ ਵਿਚੋਂ ਸਭ ਬੁਰਾਈਆਂ ਬਾਹਰ ਨਿਕਲ ਆਈਆਂ ਪਰ ਆਸ ਅੰਦਰ ਹੀ ਰਹਿ ਗਈ। ਜੋ ਬੁਰਾਈਆਂ ਬਾਹਰ ਆਈਆਂ, ਉਨ੍ਹਾਂ ਵਿੱਚ ਸਖਤ ਕੰਮ ਵੀ ਇੱਕ ਸੀ। ਇਵੇਂ ਹੀ ਰਮਾਇਣ ਵਿੱਚ ਸੰਜੀਵਨੀ ਬੂਟੀ ਦਾ ਜਿ਼ਕਰ ਇਨਸਾਨ ਵਲੋਂ ਮੌਤ ਨੂੰ ਫਤਿਹ ਕਰਨ ਦੀ ਲਾਲਸਾ ਦਾ ਪ੍ਰਤੀਕ ਹੈ। ਹਨੂੰਮਾਨ ਦਾ ਪਹਾੜ ਚੁੱਕ ਲੈਣਾ ਸੀਮਤੱਤਾ ਵਿਰੁੱਧ ਇਨਸਾਨ ਦੀ ਜਦੋ-ਜਹਿਦ ਦਾ ਪ੍ਰਤੀਕ ਹੈ। ਇਸ ਸ਼੍ਰੇਣੀ ਵਿੱਚ ਸੁਪਰਮੈਨ ਅਤੇ ਸਪਾਈਡਰਮੈਨ ਜਿਹੇ ਚਰਿਤਰ ਵੀ ਆਉਂਦੇ ਹਨ। ਪਰ ਓਟ ਨਾਵਲ ਨਾ ਤਾਂ ਕਲਪਨਾ ਦੀ ਉਡਾਰੀ ਵਿੱਚ ਅਸਮਾਨੀਂ ਉਡ ਜਾਂਦਾ ਹੈ ਅਤੇ ਨਾ ਹੀ ਯਥਾਰਥਵਾਦੀ ਧਰਤੀ ਤੇ ਰੀਂਗਦਾ ਹੈ। ਸਗੋਂ ਇਹ ਨਾਵਲ ਇਨਸਾਨਾਂ ਦੀ ਵਾਸਤਵਿਕ ਕਹਾਣੀ ਹੈ ਅਤੇ ਉਨ੍ਹਾਂ ਦਾ ‘ਅਨਿਸਚਤਤਾ ਤੋਂ ਓਟ ਵਲ’ ਨੂੰ ਜਾਣ ਦਾ ਸਫਰ ਹੈ। ਦੋ ਸਖਣੀਆਂ ਜਿ਼ੰਦਗੀਆਂ ਇੱਕ ਦੂਜੇ ਦੀ ਓਟ ਬਣਦੀਆਂ ਹਨ। ਪਰ ਪਿਆਰ ਦੀ ਤਰਿਕੜੀ ਹੋਣ ਕਰਕੇ ਲਗਾਤਾਰ ਉਤਸੁਕਤਾ ਬਣੀ ਰਹਿੰਦੀ ਹੈ ਕਿ ਇਨ੍ਹਾਂ ਤਿੰਨਾਂ ਵਿਚੋਂ ਕਿਹੜੇ ਦੋ ਇੱਕ ਦੂਜੇ ਨਾਲ ਜੁੜਨਗੇ। ਨਾਵਲ ਦਾ ਅੰਤ ਕਥਾਰਸਿਜ਼ ਵਿੱਚ ਹੁੰਦਾ ਹੈ ਜਿਥੇ ਪਿਆਰ ਹੋਰ ਸੱਭ ਜੱਜਮੈਂਟਾਂ ਦੇ ਉਤੇ ਹਾਵੀ ਹੋ ਜਾਂਦਾ ਹੈ।
ਅੱਜ ਕੱਲ੍ਹ ਸਾਰੀ ਦੁਨੀਆ ਵਿੱਚ ਹੀ ਵੱਡੀ ਗਿਣਤੀ ਵਿੱਚ ਲੋਕ ਹਿਜਰਤ ਵਿੱਚ ਹਨ ਅਤੇ ਬਹੁਤ ਸਾਰੇ ਅਨਿਸਚਿਤ ਅਤੇ ਅਗਿਆਤ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਇਹੋ ਜਿਹੇ ਅਨੁਭਵਾਂ ਨੂੰ ਪੇਸ਼ ਕਰਦਾ ਇਹ ਨਾਵਲ ਸਾਨੂੰ ਸਾਡੀ ਬਦਲ ਰਹੀ ਹਕੀਕਤ ਤੋਂ ਜਾਣੂ ਕਰਵਾਉਂਦਾ ਹੈ। ਕੈਨੇਡਾ ਵਿੱਚ ਆ ਰਹੇ ਲੋਕ ਬਹੁਤ ਕਿਸਮ ਦੇ ਹਾਲਾਤ ਵਿਚੋਂ ਲੰਘ ਰਹੇ ਹਨ। ਮੁਖਤਾਰ, ਨਾਵਲ ਦਾ ਨਾਇਕ, ਦੁਆਬੀ ਉਪਭਾਸ਼ਾ ਵਿੱਚ ਆਪਣੀ ਕਹਾਣੀ ਮੰਦਾਕਿਨੀ ਨੂੰ ਸੁਣਾਉਂਦਾ ਹੈ। ਇਹ ਬ੍ਰਿਤਾਂਤ ਉਸ ਦੇ ਸਵੈ-ਨਕਾਰਾਤਮਕ ਵਿਅੰਗ ਅਤੇ ਹਾਸਰਸ ਕਾਰਨ ਪਾਠਕਾਂ ਨੂੰ ਪ੍ਰਚਾਈ ਰੱਖਦਾ ਹੈ। ਪਾਤਰਾਂ ਦੀ ਗਿਣਤੀ ਘੱਟ ਹੋਣ ਕਾਰਨ ਇਹ ਪੜ੍ਹਨ ਅਤੇ ਸਮਝਣ ਦੇ ਪੱਖੋਂ ਬਹੁਤ ਸਰਲ ਅਤੇ ਦਿਲਚਸਪ ਨਾਵਲ ਹੈ।
ਸਾਹਿਤਕਾਰ ਸਮੇਂ ਦਾ ਗਵਾਹ ਹੁੰਦਾ ਹੈ ਜੋ ਸਾਨੂੰ ਕਿਸੇ ਸਮੇਂ ਦੀ ਹਕੀਕਤ ਤੋਂ ਜਾਣੂ ਕਰਵਾਉਂਦਾ ਹੈ। ਸਾਡੇ ਇਤਿਹਾਸ ਵਿੱਚ ਸਮੇਂ ਦੀ ਹਕੀਕਤ ਦੇ ਬਿਆਨ ਦੀ ਰਵਾਇਤ ਹੈ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦਾ ਲੋਕਾਂ ਉਤੇ ਅਸਰ ਬਿਆਨ ਕੀਤਾ। ਵਾਰਿਸ ਦੀ ਹੀਰ ਵਿਚੋਂ ਉਸ ਵੇਲੇ ਦਾ ਪੰਜਾਬ ਨਜ਼ਰ ਆਉਂਦਾ ਹੈ। ਸ਼ਾਹ ਮੁਹੰਮਦ ਦਾ ਪੰਜਾਬ/ਹਿੰਦ ਜੰਗ ਬਾਰੇ ਬੈਂਤ ਛੰਦ ਵਿੱਚ ਲਿਖਿਆ ਮਹਾਂਕਾਵਿ ਅੱਖੀਂ ਡਿਠੇ ਹਾਲ ਤੋਂ ਘੱਟ ਨਹੀਂ। ‘ਓਟ’ ਨਾਵਲ ਪੰਜਾਬੀਆਂ ਦੀ ਕੈਨੇਡਾ ਵਿੱਚ ਜਿ਼ੰਦਗੀ ਦੇ ਕੁੱਝ ਅਹਿਮ ਪਹਿਲੂਆਂ ਬਾਰੇ ਸਾਨੂੰ ਜਾਣੂ ਕਰਵਾਉਂਦਾ ਹੈ। ਇਹ ਨਾਵਲ ਪੰਜਾਬੀਆਂ ਲਈ ਬੀ ਸੀ ਦੀ ਜਿ਼ੰਦਗੀ ਨੂੰ ਇੰਜ ਪੇਸ਼ ਕਰਦਾ ਹੈ ਕਿ ਸਾਡੇ ਲੋਕ ਕਿਹੋ ਜਹੇ ਮਸਲਿਆਂ ਵਿਚੋਂ ਲੰਘ ਰਹੇ ਹਨ ਅਤੇ ਕਿਹੋ ਜਿਹੀਆਂ ਥਾਵਾਂ ‘ਤੇ ਆਪਣੀ ਜਿ਼ੰਦਗੀ ਬਿਤਾ ਰਹੇ ਹਨ। ਗੈਰ ਪੰਜਾਬੀਆਂ ਲਈ ਇਹ ਪੰਜਾਬੀ ਸਭਿਆਚਾਰ ਦੇ ਕੈਨੇਡੀਅਨ ਸਭਿਆਚਾਰ ਨਾਲ ਸੁਮੇਲ ਅਤੇ ਇਥੇ ਮਿਲਦੀਆਂ ਅਜ਼ਾਦੀਆਂ ਅਤੇ ਸਮਸਿਆਵਾਂ ਦਾ ਬਿਰਤਾਂਤ ਦਿੰਦਾ ਹੈ।
ਆਦਮੀ ਅਤੇ ਔਰਤ ਦਾ ਸਦੀਵੀ ਅੰਤਰਅਮਲ ਤਾਂ ਇਸ ਨਾਵਲ ਦਾ ਧੁਰਾ ਹੈ ਹੀ ਪਰ ਇਸ ਦੇ ਨਾਲ ਨਾਲ ਇਹ ਇੰਮੀਗਰੇਸ਼ਨ ਅਤੇ ਵਿਆਹਾਂ ਨਾਲ ਸਬੰਧਤ ਹਾਲਾਤ ਬਾਰੇ ਵੀ ਦਸਦਾ ਹੈ, ਜੋ ਆਪਣੇ ਆਪ ਵਿੱਚ ਇੱਕ ਅਜੀਬ ਵਰਤਾਰਾ ਹੈ। ਧੀਆਂ ਜੋ ਪਿੰਡਾਂ ਦੇ ਸਭਿਆਚਾਰ ਵਿਚ ਪਰਿਵਾਰ ਦੀ ਇੱਜ਼ਤ ਹੁੰਦੀਆਂ ਸਨ, ਹੁਣ ਇਕੱਲੀਆਂ ਨੂੰ ਜਹਾਜ਼ ਵਿੱਚ ਬਿਠਾ ਕੇ ਪੱਛਮੀ ਦੁਨੀਆਂ ਵਿੱਚ ਭੇਜ ਦਿਤਾ ਜਾਂਦਾ ਹੈ। ਪੱਛਮੀ ਦੁਨੀਆਂ, ਕਦਰਾਂ ਕੀਮਤਾਂ ਅਤੇ ਔਰਤ ਦੇ ਦਰਜੇ ਦੇ ਲਿਹਾਜ਼ ਨਾਲ, ਪੰਜਾਬ ਦੇ ਦਿਹਾਤੀ ਸਭਿਆਚਾਰ ਨਾਲੋਂ ਬਹੁਤ ਵੱਖਰੀ ਹੈ। ਇਹ ਕੁੜੀਆਂ ਅਤੇ ਮੁੰਡੇ ਜਾਂ ਤਾਂ ਵਿਦਿਆਰਥੀ ਬਣ ਕੇ ਆਉਂਦੇ ਹਨ ਜਾਂ ਫਿਰ ਕਿਸੇ ਕਿਸਮ ਦੇ ਵਿਆਹ ਦੇ ਜੁਗਾੜ ਨਾਲ ਜੋ ਕਈ ਕਿਸਮ ਦੇ ਵਿਵਾਦ ਅਤੇ ਦਵੰਦ ਪੈਦਾ ਕਰਦੇ ਹਨ। ਨਾਵਲ ਦੇ ਤਿੰਨੇ ਪਾਤਰ ਇਸ ਵਰਤਾਰੇ ਦੇ ਸਿ਼ਕਾਰ ਹਨ। ਮੰਦਾਕਿਨੀ ਜਿਨਸੀ ਗੁਲਾਮੀ ਦਾ ਸਿ਼ਕਾਰ ਰਹੀ ਹੋਣ ਕਰਕੇ ਸਵੈਮਾਣ ਗੁਆ ਬੈਠੀ ਹੈ ਅਤੇ ਡਿਪਰੈਸ਼ਨ ਦੀਆਂ ਗਹਿਰਾਈਆਂ ਵਿੱਚ ਗੁੰਮ ਹੋਣ ਦੇ ਕਿਨਾਰੇ ਖੜੀ ਹੈ। ਪਰ ਉਸ ਨੂੰ ਮੁਖਤਾਰ ਦੇ ਰੂਪ ਵਿੱਚ ਅਜਿਹਾ ਇਨਸਾਨ ਮਿਲਦਾ ਹੈ ਜੋ ਨਾਂ ਤਾਂ ਆਪ ਪੁਰਾਣੇ ਦੁੱਖਾਂ ਨੂੰ ਯਾਦ ਕਰਕੇ ਝੂਰਦਾ ਹੈ ਅਤੇ ਨਾਂ ਹੀ ਕਿਸੇ ਹੋਰ ਨੂੰ ਇਸ ਦਲਦਲ ਵਿੱਚ ਫਸਣ ਦਿੰਦਾ ਹੈ।
ਮੁਖਤਾਰ ਪਰਬਤਾਂ, ਝੀਲਾਂ, ਦਰਿਆਵਾਂ ਅਤੇ ਕਸਬਿਆਂ ਦੇ ਇਤਿਹਾਸ ਦੀ ਗੱਲ ਕਰਦਾ ਹੈ। ਇਸ ਦੇ ਨਾਲ ਨਾਲ ਉਸ ਨੂੰ ਮੰਦਾਕਿਨੀ ਦੀ ਜਾਤ ਜਾਂ ਧਰਮ ਨਾਲ ਕੋਈ ਸਰੋਕਾਰ ਨਹੀਂ। ਅਤੇ ਨਾਂ ਹੀ ਉਹ ਮੰਦਾਕਿਨੀ ਦੇ ਜਿਨਸੀ ਜਾਂ ਕਾਮੁਕ ਸ਼ੋਸ਼ਨ ਬਾਰੇ ਜੱਜਮੈਂਟਲ ਹੈ। ਸੋ ਉਹ ਮੰਦਾਕਿਨੀ ਨੂੰ ਇਕ ਇਨਸਾਨ ਦੇ ਤੌਰ ‘ਤੇ ਵੀ ਦੇਖਦਾ ਹੈ ਅਤੇ ਦਿਲਕਸ਼ ਔਰਤ ਵਜੋਂ ਵੀ, ਪਰ ਇੱਕ ਕਾਮੁਕ ਵਸਤੂ ਦੇ ਤੌਰ ‘ਤੇ ਬਿਲਕੁਲ ਨਹੀਂ। ਜਦੋਂ ਉਸ ਨੂੰ ਕਪੜੇ ਮੁੱਲ ਲੈ ਕੇ ਦਿੰਦਾ ਹੈ ਤਾਂ ਮੰਦਾਕਿਨੀ ਬਹੁਤ ਹੀ ਭਾਵੁਕ ਹੋ ਜਾਂਦੀ ਹੈ। ਉਹ ਕਹਿੰਦੀ ਹੈ, ‘ਮੈਨੂੰ ਸਦੀਆਂ ਬਾਅਦ ਪਹਿਲੀ ਵਾਰ ਲੱਗਾ ਜਿਵੇਂ ਕਿਸੇ ਆਪਣੇ ਨਾਲ ਬਜ਼ਾਰ ਆਈ ਹੋਵਾਂ। ਤੁਹਾਡਾ ਅਹਿਸਾਨ ਮੈਂ ਜਿ਼ੰਦਗੀ ਭਰ ਨਹੀਂ ਭੁੱਲ ਸਕਦੀ।’ ਉਹ ਆਦਤਨ ਹਾਸ-ਰਸੀ ਅੰਦਾਜ਼ ਵਿੱਚ ਜਵਾਬ ਦਿੰਦਾ ਹੈ ਕਿ ਉਸ ਨੇ ਤਾਂ ਇੰਜ ਇਸ ਲਈ ਕੀਤਾ ਕਿ ਜੇਕਰ ਮੰਦਾਕਿਨੀ ਠੰਡ ਨਾਲ ਮਰ ਗਈ ਤਾਂ ਉਸ ਉਤੇ ਕਤਲ ਦਾ ਕੇਸ ਨਾ ਬਣ ਜਾਵੇ। ਇਹ ਅੱਜ ਦਾ ਸਹੀ ਰੂਪ ਵਿੱਚ ਹੀਰੋ ਹੈ, ਜਿਸ ਨੂੰ ਆਪਣਾ ਗੁਲਾਮੀ ਜਿਹਾ ਮਾਜ਼ੀ ਭੂਤ ਬਣ ਕੇ ਤਾਂ ਨਹੀਂ ਚੁੰਬੜਦਾ ਸਗੋਂ ਦੂਜੇ ਲੋਕਾਂ ਨੂੰ ਵੀ ਇਸ ਕਿਸਮ ਦੀ ਅੰਤਰ-ਮੁੱਖਤਾ ਤੋਂ ਬਚਾਉਂਦਾ ਹੈ। ਪਹਾੜਾਂ ਨਦੀਆਂ ਦੇ ਗੁਣ ਗਾਉਣ ਵਾਲਾ ਇਹ ਟਰੱਕ ਡਰਾਈਵਰ ਅੱਜ ਦੇ ਇਨਸਾਨ ਦੇ ਬਹੁਤ ਸਾਰੇ ਯਮਾਂ ਤੋਂ ਮੁਕਤ ਹੈ। ਉਹ ਸਿਰਫ ਧਰਮਾਂ ਅਤੇ ਜਾਤਾਂ ਤੋਂ ਹੀ ਉਪਰ ਨਹੀਂ ਸਗੋਂ ਦਕੀਆਨੂਸੀ ਸਦਾਚਾਰ ਜਾਂ ਨੈਤਿਕਤਾ ਤੋਂ ਵੀ ਨਿਰਲੇਪ ਹੈ। ਨਾਵਲ ਦੇ ਸ਼ੁਰੂ ਵਿੱਚ ਉਹ ਕਹਿੰਦਾ ਹੈ, ‘ਤੀਵੀਂ ਜੇਕਰ ਆਪਣੀ ਪਸੰਦ ਦੇ ਕਿਸੇ ਪਰਾਏ ਮਰਦ ਦੀ ਜ਼ਰਾ ਕੁ ਸਿਫਤ ਆਪਣੇ ਆਦਮੀ ਸਾਹਮਣੇ ਕਰ ਦੇਵੇ, ਤਾਂ ਉਹ ਜੀਉਂਦਾ ਹੀ ਮਰਿਆਂ ਬਰੋਬਰ ਹੋ ਗਿਆ ਸਮਝਦੈ ਆਪਣੇ ਆਪ ਨੂੰ’1 ਇਸ ਤੋਂ ਜ਼ਾਹਿਰ ਹੈ ਕਿ ਉਹ ਨਾਦਾਨ ਅਤੇ ਅਸੁਰੱਖਿਅਤ ਤਬੀਅਤ ਦਾ ਮਾਲਕ ਹੈ। ਪਰ ਜਦੋਂ ਨਾਵਲ ਅੱਗੇ ਚਲਦਾ ਹੈ ਤਾਂ ਮੁਖਤਾਰ ਦਾ ਅਸਲ ਚਰਿਤਰ ਉਜਾਗਰ ਹੁੰਦਾ ਹੈ। ਉਹ ਨਾਂ ਤਾਂ ਨਾਦਾਨ ਹੈ ਅਤੇ ਨਾ ਹੀ ਅਸੁਰੱਖਿਅਤ। ਉਹ ਇੱਕ ਸਭਿਅਕ ਇਨਸਾਨ ਦੇ ਤੌਰ ‘ਤੇ ਸਾਹਮਣੇ ਆਉਂਦਾ ਹੈ। ਜਿਸ ਤਰੀਕੇ ਨਾਲ ਉਹ ਇੱਕ ਅਤਿਅੰਤ ਬੇਸਹਾਰਾ ਅਤੇ ਜੜੋ੍ਹਂ ਉਖੜੀ ਹੋਈ ਔਰਤ ਦੇ ਨਾਲ ਪੇਸ਼ ਆਉਂਦਾ ਹੈ, ਉਹ ਸਹੀ ਮਾਹਨਿਆਂ ਵਿੱਚ ਭਦਰਪੁਰਸ਼ ਕਹਾਉਣ ਦਾ ਹੱਕਦਾਰ ਹੈ। ਉਹ ਕਿਸੇ ਕਿਸਮ ਦੀ ਬਦਤਮੀਜ਼ੀ ਨਹੀਂ ਕਰਦਾ ਅਤੇ ਨਾ ਉਸ ਦੀ ਸਹਿਮਤੀ ਦੇ ਵਿਰੁੱਧ ਕੋਈ ਹਰਕਤ ਕਰਦਾ ਹੈ। ਔਰਤ ਨਾਲ ਅਜਿਹਾ ਵਤੀਰਾ ਕੈਨੇਡੀਅਨ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ। ਇਹ ਕਦਰਾਂ ਕੀਮਤਾਂ ਕੈਨੇਡੀਅਨ ਐਂਗਲੋ-ਫਰੈਂਚ ਲੋਕਾਂ ਦੀਆਂ ਹਨ, ਬਾਵਜੂਦ ਇਸਦੇ ਕਿ ਸਾਰੇ ਐਗਲੋ-ਫਰੈਂਚ ਲੋਕ ਵੀ ਇਸ ਗੱਲ ‘ਤੇ ਪੂਰੇ ਨਹੀਂ ਉਤਰਦੇ। ਕੈਨੇਡੀਅਨ ਫੌਜ ਅਤੇ ਆਰ ਸੀ ਐਮ ਪੀ ਦੇ ਅੰਦਰ ਕੰਮ ਕਰਦੀਆਂ ਔਰਤਾਂ ਨੂੰ ਆਦਮੀਆਂ ਦੇ ਵਿਵਹਾਰ ਬਾਰੇ ਬਹੁਤ ਸਿ਼ਕਾਇਤਾਂ ਹਨ। ਜੋ ਸ਼ਰਾਫਤ ਮੁਖਤਾਰ ਦੇ ਚਰਿਤਰ ਵਿੱਚ ਦਿਸਦੀ ਹੈ, ਉਹ ਕੈਨੇਡੀਅਨ ਲੋਕਾਂ ਵਿੱਚ ਵੀ ਸਿਰਫ ਕਰੈਮ ਡੇ ਲਾ ਕਰੈਮ (Crem de la crem) ਵਿੱਚ ਹੀ ਮਿਲਦੀ ਹੈ। ਅਤਿਅੰਤ ਗੰਭੀਰ ਗੱਲ-ਬਾਤ ਵਿਚੋਂ ਨਿਕਲ ਜਿਸ ਤਰੀਕੇ ਨਾਲ ਉਹ ਪਹਾੜਾਂ ਨਦੀਆਂ ਦੀ ਗੱਲ ਕਰਦਾ ਹੈ, ਉਹ ਕਮਾਲ ਹੈ।
ਤਰਨਜੀਤ ਇਕ ਹੋਰ ਅਹਿਮ ਪਾਤਰ ਹੈ ਇਸ ਨਾਵਲ ਵਿੱਚ। ਉਸ ਦੇ ਨਾਂ ਹੀ ਉਸ ਦੇ ਜੀਵਨ ਸਫਰ ਦੇ ਪ੍ਰਤੀਕ ਹਨ। ਪਿੰਡ ਵਿੱਚ ਉਹ ਤਾਰੋ ਸੀ, ਕੈਨੇਡਾ ਆਉਣ ਵੇਲੇ ਉਹ ਤਰਨਜੀਤ ਪਰ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਵੇਲੇ ਉਹ ਟੈਰੀ ਬਣ ਜਾਂਦੀ ਹੈ। ਭਾਵ ਕਿ ਪਿੰਡ ਦੇ ਸਭਿਆਚਾਰ ਅਤੇ ਕਦਰਾਂ ਕੀਮਤਾਂ ਤੋਂ ਤੁਰ ਕੇ ਉਹ ਕੈਨੇਡੀਅਨ ਸਭਿਆਚਾਰ ਵਿੱਚ ਵਿਚਰਦੀ ਇੱਕ ਅਜ਼ਾਦ ਔਰਤ ਹੋਣ ਤੱਕ ਪਹੁੰਚਦੀ ਹੈ। ਟੈਰੀ ਨਾਂ ਬਾਰੇ ਚਰਚਾ ਕਰਦਾ ਮੁਖਤਾਰ ਸਮਝਦਾ ਹੈ ਕਿ ਤਰਨਜੀਤ ਦਾ ਆਪਣੇ ਆਪ ਨੂੰ ਟੈਰੀ ਕਹਾਉਣਾ ਗੁਲਾਮੀ ਦੀ ਜਿ਼ਹਨੀਅਤ ਹੈ। ਪਰ ਉਹ ਪੰਜਾਬ ਵਿੱਚ ਮਿਲਦੇ ਰਿੰਕੂ, ਪਿੰਕੀ, ਪੱਪੂ, ਗੋਲਡੀ ਆਦਿ ਬਾਰੇ ਨਹੀਂ ਗੱਲ ਕਰਦਾ। ਛੋਟੇ ਅਤੇ ਨਿੱਕਨੇਮ ਰੱਖਣੇ ਪੰਜਾਬ ਦੀ ਪੁਰਾਣੀ ਰਵਾਇਤ ਹੈ ਪਰ ਫਰਕ ਇਹ ਹੈ ਕਿ ਉਤਰੀ ਅਮਰੀਕਾ ਵਿੱਚ ਜਦੋਂ ਅਮਰੀਕਾ ਦੇ ਪਰੈਜ਼ੀਡੈਂਟ ਵੀ ਬਿੱਲ ਜਾਂ ਜੋਅ ਕਹਾਉਂਦੇ ਹਨ ਤਾਂ ਇਸ ਦਾ ਨਾਤਾ ਊਚ-ਨੀਚ ਦਾ ਫਰਕ ਘਟਾਉਣ ਵਲ ਵੀ ਜਾਂਦਾ ਹੈ। ਪੰਜਾਬ ਦੇ ਅਮੀਰ ਅਤੇ ਸਿਆਸੀ ਨੇਤਾ ‘ਸ. ਸੁਖਬੀਰ ਸਿੰਘ ਬਾਦਲ’ ਕਹਾਉਣਾ ਚਾਹੁੰਦੇ ਹਨ, ਸੁੱਖਾ ਨਹੀਂ। ਜਿਥੋਂ ਤੱਕ ਗੁਲਾਮੀ ਦੀ ਜਿ਼ਹਨੀਅਤ ਦਾ ਸਵਾਲ ਹੈ, ਉਹ ਵਾਕਈ ਬਹੁਤ ਜਟਿਲ ਤਰੀਕੇ ਨਾਲ ਸਾਡੇ ਵਤੀਰੇ ਵਿੱਚ ਕਾਇਮ ਹੈ। ਪੰਜਾਬ ਦਾ ਮਾੜਾ ਮੋਟਾ ਨੇਤਾ ਵੀ ਕੈਨੇਡਾ ਆ ਜਾਵੇ ਤਾਂ ਲੋਕ ਹਾਰ ਲੈ ਕੇ ਏਅਰਪੋਰਟ ਪਹੁੰਚ ਜਾਂਦੇ ਹਨ। ਭਾਰਤ ਵਿੱਚ ਤਾਂ ਆਪਣੇ ਹੀ ਚੁਣੇ ਹੋਏ ਨੇਤਾਵਾਂ ਦੇ ਅੱਗੇ ਹੱਥ ਜੋੜਦੇ ਸਾਹ ਨਹੀਂ ਲੈਂਦੇ।
ਟੈਰੀ ਕੈਨੇਡਾ ਦੇ ਕਾਨੂੰਨ ਅਤੇ ਔਰਤਾਂ ਦੇ ਹੱਕਾਂ ਤੋਂ ਵਾਕਿਫ ਹੈ। ਉਸ ਦਾ ਮੁਖਤਾਰ ਨਾਲ ਚਲਦਾ ਅੰਤਰਅਮਲ ਦੱਸਦਾ ਹੈ ਕਿ ਉਹ ਕੈਨੇਡੀਅਨ ਔਰਤ ਦੇ ਤੌਰ ਤਰੀਕੇ ਨਾਲ ਪੇਸ਼ ਆਉਂਦੀ ਹੈ। ਉਹ ਪੰਜਾਬੀ ਅਤੇ ਕੈਨੇਡੀਅਨ ਚਰਿਤਰ ਦਾ ਸਹੀ ਸੁਮੇਲ ਹੈ ਜੋ ਵਾਸਤਵਿਕ ਵੀ ਹੈ ਅਤੇ ਰੌਚਕ ਵੀ। ਉਹ ਇੱਕ ਮਜ਼ਬੂਤ ਪੰਜਾਬੀ ਸੁਭਾਅ ਵਾਲੀ ਔਰਤ ਕੈਨੇਡੀਅਨ ਜਿ਼ੰਦਗੀ ਵਿੱਚ ਪੂਰੀ ਤਰਾਂ ਗ੍ਰਸਤ ਹੈ। ਜਦੋਂ ਉਹ ਮਿਰਚ ਨੂੰ ਮਿਰਚੀ ਕਹਿੰਦੀ ਹੈ ਤਾਂ ਮੁਖਤਾਰ ਉਹਨੂੰ ਛੇੜਨ ਲਈ ਪੁੱਛਦਾ ਹੈ ਕਿ ਇਹ ਮਿਰਚੀ ਕੀ ਹੁੰਦੀ ਹੈ? ਉਹ ਕਹਿੰਦੀ ‘ਮਿਰਚ ਦੀ ਭੂਆ ਹੁੰਦੀ ਐ।’ ਉਸ ਦਾ ਹਾਸਰਸ ਪੰਜਾਬੀ ਹੈ ਅਤੇ ਸਵੈਵਿਸ਼ਵਾਸ਼ ਕਨੇਡੀਅਨ, ਜਿਥੇ ਔਰਤ ਖੁੱਲ ਕੇ ਲੋਕਾਂ ਨਾਲ ਗੱਲ-ਬਾਤ ਕਰ ਸਕਦੀ ਹੈ।
ਇਸ ਨਾਵਲ ਵਿਚ ਉਹ ਗੱਲ ਵੀ ਮਿਲਦੀ ਹੈ ਜੋ ਰੋਜ਼ਾਨਾ ਦੇਖਣ ਵਿੱਚ ਤਾਂ ਆਉਂਦੀ ਹੈ ਪਰ ਪੰਜਾਬੀ ਇੰਮੀਗਰੈਂਟਾਂ ਨੂੰ ਉਸ ਵਕਤ ਹੀ ਸਮਝ ਆਉਂਦੀ ਹੈ ਜਦੋਂ ਉਹ ਲਖਸ਼ਮਣ ਰੇਖਾ ਉਲੰਘ ਜਾਂਦੇ ਹਨ। ਤਰਨਜੀਤ ਦਾ ਦੂਜਾ ਪਤੀ ਦੁਰਵਿਵਹਾਰ ਕਰਦਾ ਹੈ ਅਤੇ ਤਰਨਜੀਤ ਦੀ ਚੇਤਾਵਨੀ ਦੇ ਬਾਵਜੂਦ ਵੀ ਨਹੀਂ ਹਟਦਾ। ਤਰਨਜੀਤ ਪੁਲਿਸ ਨੂੰ ਫੋਨ ਕਰ ਦਿੰਦੀ ਹੈ ਜਿਸ ਨਾਲ ਉਸ ਬੰਦੇ ਨੂੰ ਘਰੋਂ ਕੱਢ ਦਿਤਾ ਜਾਂਦਾ ਹੈ। ਆਮ ਤੌਰ ਤੇ ਅਜਿਹੀ ਹਾਲਤ ਵਿੱਚ ‘ਨੋ ਕਾਂਟੈਕਟ ਆਰਡਰ’ ਜਾਂ ਸੰਪਰਕ ਨਹੀਂ ਕਰਨ ਦਾ ਹੁਕਮ ਵੀ ਲੱਗ ਜਾਂਦਾ ਹੈ। ਜਿਸ ਦਾ ਭਾਵ ਹੈ ਕਿ ਉਹ ਟੈਰੀ ਨਾਲ ਕੋਈ ਸੰਪਰਕ ਨਹੀਂ ਕਰ ਸਕਦਾ। ਪਰ ਨਾਵਲ ਵਿੱਚ ਉਹ ਟੈਰੀ ਨੂੰ ਉਸ ਦੇ ਕੰਮ ਵਾਲੇ ਰੈਸਟੋਰੈਂਟ ਵਿੱਚ ਮਿਲਦਾ ਹੈ। ਇਹ ਕੋਈ ਅਨੋਖੀ ਗੱਲ ਨਹੀਂ। ਬਹੁਤ ਸਾਰੇ ਪੰਜਾਬੀ ਆਦਮੀ ਅਦਾਲਤ ਦੇ ਹੁਕਮ ਦੀ ਅਦੂਲੀ ਕਰਦੇ ਹੋਏ ਪੀੜਤ ਨਾਲ ਸੰਪਰਕ ਕਰ ਲੈਂਦੇ ਹਨ। ਅਤੇ ਬਹੁਤ ਵਾਰੀ ਉਹ ਫੜੇ ਵੀ ਜਾਂਦੇ ਹਨ। ਖੈਰ ਇਥੇ ਸਾਨੂੰ ਇਸ ਬਾਰੇ ਕੁੱਝ ਨਹੀਂ ਪਤਾ। ਸਿਰਫ ਇਹ ਹੀ ਪਤਾ ਹੈ ਕਿ ਟੈਰੀ ਉਸ ਨੂੰ ਡੀਪੋਰਟ ਕਰਵਾਉਣਾ ਚਾਹੁੰਦੀ ਹੈ। ਅਜਿਹੀ ਹਾਲਤ ਵਿੱਚ ਡੀਪੋਰਟ ਹੋਣ ਲਈ ਕਈ ਕਾਰਨ ਬਣ ਸਕਦੇ ਹਨ। ਇੱਕ ਤਾਂ ਵਿਆਹ ਦਾ ਟੁੱਟਣਾ ਜੋ ਉਸ ਦੇ ਇੰਮੀਗ੍ਰੇਸ਼ਨ ਦੇ ਕੇਸ ਉਤੇ ਨਿਰਭਰ ਹੈ। ਪਰ ਇਹ ਵੀ ਕੈਨੇਡਾ ਵਿੱਚ ਕਾਨੂੰਨ ਹੈ ਕਿ ਜੇਕਰ ਕਿਸੇ ਬੰਦੇ ਨੂੰ ਇੱਕ ਖਾਸ ਹੱਦ ਤੋ ਵੱਧ ਜੇਲ੍ਹ ਹੋ ਜਾਂਦੀ ਹੈ ਤਾਂ ਉਸ ਉਤੇ ਡਿਪੋਰਟੇਸ਼ਨ ਹੁਕਮ ਲੱਗ ਜਾਂਦਾ ਹੈ। ਇਸ ਕਾਨੂੰਨ ਅਧੀਨ ਬਹੁਤ ਲੋਕ ਡੀਪੋਰਟ ਹੋਏ ਹਨ ਅਤੇ ਹੋ ਰਹੇ ਹਨ। ਖਾਸ ਕਰ ਔਰਤ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸੈਕਸ ਕਰਨਾ ਕਾਨੂੰਨ ਦੇ ਵਿਰੁੱਧ ਹੈ। ਅਜਿਹੇ ਕੇਸ ਅਦਾਲਤਾਂ ਵਿੱਚ ਆ ਰਹੇ ਹਨ ਜਿਥੇ ਔਰਤ ਕਹਿੰਦੀ ਹੈ ਕਿ ਉਸ ਦੇ ਪਤੀ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਸੈਕਸ ਕੀਤਾ ਹੈ ਜੋ ਅਸਲ ਵਿੱਚ ਬਲਾਤਕਾਰ ਸਮਝਿਆ ਜਾਂਦਾ ਹੈ। ਬਹੁਤ ਸਾਰੇ ਕੇਸ ਇਸ ਕਰਕੇ ਹਨ ਕਿ ਪੰਜਾਬੋਂ ਆਏ ਬਹੁਤ ਬੰਦੇ ਔਰਤ ਨੂੰ ਆਪਣੀ ਮਲਕੀਅਤ ਸਮਝਦੇ ਹਨ। ਪਰ ਕਈ ਅਜਿਹੇ ਵੀ ਹਨ ਕਿ ਤਲਾਕ ਲੈਣ ਲਈ ਝੂਠੇ ਚਾਰਜ ਲਗਵਾ ਦਿਤੇ ਜਾਂਦੇ ਹਨ। ਦੂਜੇ ਅਰਥਾਂ ਵਿੱਚ ਆਦਮੀ-ਔਰਤ ਵਿਚੋਂ ਕੋਈ ਵੀ ਆਪਣੇ ਮਨਸੂਬੇ ਅਧੀਨ ਕਾਨੂੰਨ ਦੀ ਗਲਤ ਵਰਤੋਂ ਕਰ ਲੈਂਦੇ ਹਨ।
ਮੰਦਾਕਿਨੀ ਕੈਨੇਡਾ ਆਉਣ ਤੋਂ ਬਾਅਦ ਇੱਕ ਚਾਰ ਦਿਵਾਰੀ ਤੋਂ ਬਾਹਰ ਨਹੀਂ ਨਿਕਲ ਸਕੀ। ਇਸ ਲਈ ਉਸ ਨੂੰ ਕੈਨੇਡਾ ਦੇ ਕਾਨੂੰਨ ਬਾਰੇ ਨਹੀਂ ਪਤਾ ਅਤੇ ਆਪਣੇ ਹੱਕਾਂ ਤੋਂ ਵੀ ਵਾਕਿਫ ਨਹੀਂ। ਇੱਕ ਥਾਂ ਉਹ ਮੁਖਤਾਰ ਦੀ ਜੀਵਨ ਕਹਾਣੀ ਸੁਣਦੀ ਕਹਿੰਦੀ ਹੈ, ‘ਤੁਸੀਂ ਉਹਦੇ ‘ਹਸਬੈਂਡ’ ਸੀ। ਮਾਰਦੇ-ਕੁੱਟਦੇ ਜੋ ਮਰਜ਼ੀ ਕਰਦੇ, ਇਹਦੇ ਵਿੱਚ ਕਾਨੂੰਨ ਦਾ ਕੀ ਕੰਮ।’ (ਸਫਾ 122) ਇਸ ਤੋਂ ਲਗਦਾ ਹੈ ਕਿ ਉਹ ਕੈਨੇਡੀਅਨ ਕਾਨੂੰਨ ਅਤੇ ਕਾਨੂੰਨ ਦੀ ਤੇਜ਼ ਤਰਾਰ ਪਹੁੰਚ ਤੋਂ ਵਾਕਿਫ ਨਹੀਂ ਹੈ। ਉਹ ਇੱਕ ਭੋਲੀ-ਭਾਲੀ ਭਾਰਤੀ ਕੁੜੀ ਹੈ ਜੋ ਗਲਤ ਹਾਲਾਤ ਵਿੱਚ ਫਸ ਗਈ ਅਤੇ ਫਸੀ ਫਟਕੀ ਗਈ ਜਦੋਂ ਤੱਕ ਕਿਸੇ ਮਿਹਰਬਾਨ ਨੇ ਉਸ ਨੂੰ ਉਥੋਂ ਨਿਕਲਣ ਵਿੱਚ ਮਦਦ ਨਾ ਕੀਤੀ।
ਮੰਦਾਕਿਨੀ ਨਾਲ ਜੋ ਕੁੱਝ ਹੋਇਆ ਉਹ ਅਸਲ ਵਿੱਚ ਪੰਜਾਬੀ ਆਦਮੀ ਦੀ ਮਾਨਸਿਕਤਾ ਦਾ ਵੀ ਪ੍ਰਤੀਕ ਹੈ। ਇਹ ਠੀਕ ਹੈ ਕਿ ਗਿੰਦਰ, ਜਿਸ ਨੇ ਉਸ ਨੂੰ ਇਸ ਗੁਲਾਮੀ ਵਿੱਚ ਪਾਇਆ ਸੀ, ਸਾਰੇ ਪੰਜਾਬੀਆਂ ਦਾ ਪ੍ਰਤੀਕ ਨਹੀਂ, ਪਰ ਅਦਾਲਤਾਂ ਵਿੱਚ ਆਉਂਦੇ ਕੇਸਾਂ ਤੋਂ ਪਤਾ ਲਗਦਾ ਹੈ ਕਿ ਪੰਜਾਬੀ ਕਮਿਊਨਿਟੀ ਵਿੱਚ ਸ਼ਰਾਬ ਅਤੇ ਘਰੇਲੂ ਹਿੰਸਾ ਬਹੁਤ ਵੱਡੇ ਮਸਲੇ ਹਨ। ਇੱਕ ਪੰਜਾਬੋਂ ਨਵਾਂ ਆਇਆ ਬੰਦਾ ਘਰੇਲੂ ਹਿੰਸਾ ਕਰਕੇ ਜੇਲ੍ਹ ਵਿੱਚ ਪਹੁੰਚ ਗਿਆ। ਜਦੋਂ ਡਿਊਟੀ ਕੌਂਸਲ ਨੇ ਪੁਛਿਆ ਕਿ ਕੀ ਵਾਕਈ ਉਸ ਨੇ ਆਪਣੀ ਪਤਨੀ ‘ਤੇ ਹੱਥ ਚੁਕਿਆ ਸੀ ਤਾਂ ਉਸ ਕਿਹਾ, “ਹਾਂ ਚੁਕਿਆ ਸੀ ਕਿਉਂਕਿ ਉਸ ਨੇ ਮੈਨੂੰ ਗਾਲ੍ਹ ਕੱਢੀ ਸੀ।” ਡਿਊਟੀ ਕੌਂਸਲ ਨੇ ਉਸ ਨੂੰ ਸਮਝਾਇਆ ਕਿ ਗਾਲ੍ਹ ਕਢੱਣਾ ਸਿਧੇ ਤੌਰ ‘ਤੇ ਗੈਰਕਾਨੂੰਨੀ ਨਹੀਂ ਪਰ ਜਿਸਮਾਨੀ ਹਿੰਸਾ ਜੁਰਮ ਹੈ।
ਔਰਤ ਅਜੇ ਵੀ ਕੁੱਝ ਲੋਕਾਂ ਵਿੱਚ ਪਰਿਵਾਰ ਦੀ ਇਜ਼ੱਤ ਹੈ ਜਿਥੇ ਆਦਮੀ ਭਾਵੇਂ ਜੋ ਮਰਜ਼ੀ ਕਰਨ, ਪਰ ਇਜ਼ਤ ਦਾ ਸਾਰਾ ਭਾਰ ਔਰਤ ਉਤੇ ਹੈ। ਪਰ ਜੇਕਰ ਅਸੀਂ ਪੰਜਾਬੀ ਸੰਗੀਤ ਤੋਂ ਅੰਦਾਜ਼ਾ ਲਾਈਏ ਤਾਂ ਔਰਤ ਇੱਕ ਕਾਮੁਕ ਵਸਤੂ ਤੋਂ ਵੱਧ ਕੁੱਝ ਨਹੀਂ। ਅਤੇ ਪੰਜਾਬੀ ਸੰਗੀਤ ਦਾ ਆਦਮੀ ਘੈਂਟ ਜੱਟ ਹੈ। ਹੁਣ ਇਹ ਦਵੰਦ ਹੈ। ਜੇ ਅਸੀਂ ਇਸ ਨੂੰ ਇੱਕੱਠਾ ਕਰੀਏ ਤਾਂ ਇਹ ਦਿਸਦਾ ਹੈ ਕਿ ਘੈਂਟ ਜੱਟ ਦੀ ਭੈਣ ਤਾਂ ਪਰਿਵਾਰ ਦੀ ਇੱਜ਼ਤ ਹੈ ਪਰ ਗਵਾਂਢੀ ਦੀ ਧੀ ਬੱਲੀ ਹੈ ਜਿਸ ਦੇ ਲੱਕ ਤੇ ਜੱਟ ਮਰਦਾ ਹੈ। ਇਸ ਦਵੰਦ ਦਾ ਸਿ਼ਕਾਰ ਹੈ ਘੈਂਟ ਜੱਟ। ਅਸਲ ਦੇ ਵਿੱਚ ਘੈਂਟ ਜੱਟ ਦੀ ਭੈਣ ਅਤੇ ਗਵਾਂਢੀ ਦੀ ਧੀ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਨਾਂ ਤਾਂ ਉਹ ਇਜ਼ਤ ਦਾ ਬੋਝ ਚੁੱਕੀ ਫਿਰਨ ਅਤੇ ਨਾਂ ਹੀ ਉਹ ਕਿਸੇ ਘੈਂਟ ਬੰਦੇ ਲਈ ਸਿਰਫ ਕਾਮ ਵਸਤੂ ਹੀ ਹੋਣ। ਔਰਤ ਦਾ ਸਮਾਜ ਵਿੱਚ ਖੁੱਲ੍ਹ ਕੇ ਤੁਰ ਫਿਰ ਸਕਣਾ ਅਤੇ ਆਰਥਿਕ ਅਤੇ ਸਭਿਆਚਾਰਕ ਜਿ਼ੰਦਗੀ ਵਿੱਚ ਆਪਣਾ ਰੋਲ ਨਿਭਾਅ ਸਕਣਾ ਹੀ ਸਮਾਜ ਦੇ ਸਭਿਅਕ ਹੋਣ ਦੀ ਨਿਸ਼ਾਨੀ ਹੈ।
ਮੰਦਾਕਿਨੀ ਨਾਲ ਜੋ ਹੋਇਆ, ਉਹ ਖਾਲਿਸਤਾਨੀ (ਨਕਲੀ ਜਾਂ ਅਸਲੀ) ਵੀ ਪੰਜਾਬ ਦੇ ਪਿੰਡਾਂ ਵਿੱਚ ਕਰਦੇ ਰਹੇ ਹਨ ਜਿਸ ਦਾ ਇਸ ਨਾਵਲ ਵਿੱਚ ਬਹੁਤ ਵਧੀਆ ਚਿਤਰਣ ਹੈ।
ਮੰਦਾਕਿਨੀ ਨੂੰ ਸੈਕਸ ਸਲੇਵ ਜਾਂ ਜਿਨਸੀ ਗੁਲਾਮ ਬਣਾਇਆ ਗਿਆ ਸੀ। ਉਸ ਨਾਲ ਗੈਂਗ ਰੇਪ, ਹਿੰਸਾ ਅਤੇ ਬਹੁਤ ਕਿਸਮ ਦੀਆਂ ਵਧੀਕੀਆਂ ਹੋਈਆਂ ਸਨ। ਪਰ ਉਹ ਸਮਝਦੀ ਹੈ ਕਿ ਉਸ ਨੂੰ ਵੇਸ਼ਵਾ ਬਣਾ ਦਿਤਾ ਗਿਆ ਸੀ। ਗੁਲਾਮ ਅਤੇ ਵੇਸ਼ਵਾ ਦਾ ਫਰਕ ਇਹ ਹੈ ਕਿ ਵੇਸ਼ਵਾ ਨੂੰ ਸੈਕਸ ਲਈ ਪੈਸੇ ਮਿਲਦੇ ਹਨ ਪਰ ਗੁਲਾਮ ਨੂੰ ਸਿਰਫ ਜੀਣ ਜੋਗੀ ਰੋਟੀ ਵੀ ਮਸਾਂ ਹੀ ਮਿਲਦੀ ਹੈ। ਮੰਦਾਕਿਨੀ ਦੀ ਇਹ ਖੁਸ਼ਕਿਮਸਤੀ ਹੈ ਕਿ ਉਹ ਜੀਂਦੀ-ਜਾਗਦੀ ਉਸ ਪਿੰਜਰੇ ਵਿਚੋਂ ਬਾਹਰ ਨਿਕਲ ਗਈ। ਪਰ ਇਹ ਸਾਫ ਦਿਸਦਾ ਹੈ ਕਿ ਉਹ ਆਪਣੇ ਹਾਲਾਤ ਅਤੇ ਹੱਕਾਂ ਤੋਂ ਵਾਕਿਫ ਨਹੀਂ ਹੈ। ਜਿਨਸੀ ਗੁਲਾਮੀ ਲਈ ਇਨਸਾਨੀ ਤਿਜਾਰਤ ਇੱਕ ਬਹੁਤ ਵੱਡਾ ਅੰਤਰਰਾਸ਼ਟਰੀ ਧੰਦਾ ਹੈ ਜਿਸ ਦੇ ਕੇਸ ਕੈਨੇਡਾ ਵਿੱਚ ਕਦੇ ਕਦੇ ਫੜ ਹੁੰਦੇ ਰਹਿੰਦੇ ਹਨ। ਗਿੰਦਰ ਵਰਗੇ ਬੰਦੇ ਵੀ ਪੰਜਾਬੀ ਮਾਨਸਿਕਤਾ ਦਾ ਹਿੱਸਾ ਹਨ।
ਕਾਮ-ਵਸਤੂ ਸਮਝੀ ਜਾਂਦੀ ਔਰਤ ਦਾ ਅਤੇ ਘੈਂਟ ਜੱਟ ਦਾ ਆਪਸੀ ਰਿਸ਼ਤਾ ਕੈਨੇਡਾ ਆ ਕੇ ਅਚਾਨਕ ਬਦਲ ਜਾਂਦਾ ਹੈ। ਤਾਕਤ ਨਾਲ ਲਏ ਹੱਕਾਂ ਦੀ ਥਾਂ ਕਾਨੂੰਨੀ ਹੱਕ ਲੈ ਲੈਂਦੇ ਹਨ। ਇਥੇ ਔਰਤ-ਆਦਮੀ ਦੇ ਬਰਾਬਰ ਹੱਕ ਹੋਣ ਕਰਕੇ ਜੱਟ ਨੂੰ ਆਪਣੇ ਗੁੱਸੇ ‘ਤੇ ਕਾਬੂ ਕਰਨਾ ਪੈਂਦਾ ਹੈ। ਪਰ ਇਹ ਹੱਕ ਤਾਂ ਹੀ ਕੰਮ ਕਰਦੇ ਹਨ ਜੇਕਰ ਔਰਤ ਨੂੰ ਇਨ੍ਹਾਂ ਬਾਰੇ ਪਤਾ ਹੋਵੇ। ਇਸ ਨਾਵਲ ਵਿੱਚ ਮੰਦਾਕਿਨੀ ਨੂੰ ਆਪਣੇ ਕਾਨੂੰਨੀ ਹੱਕਾਂ ਦੀ ਜਾਣਕਾਰੀ ਨਹੀਂ ਹੈ ਪਰ ਤਰਨਜੀਤ ਨੂੰ ਹੈ। ਇਹ ਗੱਲ ਉਨ੍ਹਾਂ ਦੀ ਆਪਣੀ ਆਪਣੀ ਜਿ਼ੰਦਗੀ ਉਤੇ ਗੰਭੀਰ ਅਸਰ ਕਰਦੀ ਹੈ। ਨਾਵਲ ਓਟ ਇਨ੍ਹਾਂ ਮਸਲਿਆਂ ਬਾਰੇ ਸਾਡੀ ਹਕੀਕਤ ਦੀ ਦੁਖਦੀ ਰਗ ‘ਤੇ ਹੱਥ ਰੱਖਦਾ ਹੈ।
ਇਸ ਨਾਵਲ ਵਿੱਚ ਪੇਸ਼ ਕੀਤੀ ਹਕੀਕਤ ਜਾਂ ਯਥਾਰਥ ਦੇ ਸਮੁੱਚੇ ਫਰੇਮ ਬਾਰੇ ਵੀ ਗੱਲ ਕਰਨੀ ਬਣਦੀ ਹੈ। ਇਸ ਨਾਵਲ ਦੇ ਸਾਰੇ ਪਾਤਰ, ਲੱਖਾਂ ਹੋਰ ਪੰਜਾਬੀਆਂ ਵਾਂਗ, ਆਪਣੀ ਮਾਤਭੂਮੀ ਨੂੰ ਛੱਡ ਕੇ ਕੈਨੇਡਾ ਵਿੱਚ ਆਏ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਮਾਤਭੂਮੀ ਉਨ੍ਹਾਂ ਨੂੰ ਰੁਜ਼ਗਾਰ ਦੇ ਸਹੀ ਮੌਕੇ ਪ੍ਰਦਾਨ ਨਹੀਂ ਕਰ ਸਕੀ। ਵਿਕਸਿਤ ਮੁਲਕ ਦਾ ਪ੍ਰਵਾਸ ਭਾਵੇਂ ਰੁਜ਼ਗਾਰ ਦੇ ਬਹੁਤ ਵਧੀਆ ਮੌਕੇ ਪ੍ਰਦਾਨ ਕਰਦਾ ਹੈ, ਪਰ ਮਾਨਸਿਕ ਤੌਰ ‘ਤੇ ਇਹ ਬਹੁਤ ਵਾਰੀ ਇੱਕ ਸਦਮੇ ਦੇ ਬਰਾਬਰ ਹੁੰਦਾ ਹੈ ਜਿਸ ਤੋਂ ਨਿਕਲਣ ਲਈ ਸਮਾਂ ਲਗਦਾ ਹੈ। ਬਹੁਤ ਸਾਰੇ ਲੋਕ ਰਾਹਾਂ ਵਿੱਚ ਹੀ ਮਾਰੇ ਜਾਂਦੇ ਹਨ। ਕਈ ਇਥੇ ਆ ਕੇ ਇਹੋ ਜਿਹੇ ਹਾਲਾਤ ਦੇ ਸਿ਼ਕਾਰ ਹੋ ਜਾਂਦੇ ਹਨ ਕਿ ਉਹ ਜਾਂ ਤਾਂ ਆਤਮਘਾਤ ਕਰ ਲੈਂਦੇ ਹਨ ਜਾਂ ਫਿਰ ਨਸ਼ੀਲੇ ਪਦਾਰਥ ਖਾ ਕੇ ਆਪਣੀ ਜਿ਼ੰਦਗੀ ਖਰਾਬ ਕਰ ਲੈਂਦੇ ਹਨ। ਕਈ ਓਵਰਡੋਜ਼ ਨਾਲ ਮਾਰੇ ਜਾਂਦੇ ਹਨ। ਹੁਣੇ ਖਬਰ ਆਈ ਹੈ ਕਿ ਬਰੈਂਪਟਨ ਦਾ ਲੋਟਸ ਫਿਊਨਰਲ ਹੋਮ ਹਰ ਹਫਤੇ ਕਈ ਸਾਰੀਆਂ ਲਾਸ਼ਾਂ ਭਾਰਤ ਭੇਜ ਰਿਹਾ ਹੈ। ਵਿਦਿਆਰਥੀਆਂ ਨੂੰ ਪੰਜਾਬੀ ਬਿਜ਼ਨਸਮੈਨ ਕੰਮ ਤਾਂ ਦਿੰਦੇ ਹਨ ਪਰ ਤਨਖਾਹ ਮਿਨੀਮਮ ਵੇਜ ਤੋਂ ਵੀ ਘੱਟ। ਚਿੱਠੀ ਦੇਣ ਲਈ ਪੰਜਾਹ-ਸੱਠ ਹਜ਼ਾਰ ਲੈਂਦੇ ਹਨ।
ਜੋ ਪੰਜਾਬੀ ਠੀਕ ਠਾਕ ਵਸ ਵੀ ਜਾਂਦੇ ਹਨ, ਉਹ ਵੀ ਪੰਜਾਬ ਨਾਲ ਜੁੜੇ ਰਹਿੰਦੇ ਹਨ। ਇਸ ਦਾ ਕਾਰਨ ਹੈ ਉਹ ਰੂਹਾਨੀ ਤੌਰ ਤੇ ਪੰਜਾਬ ਨਾਲ ਜੁੜੇ ਹੋਏ ਹਨ। ਰਹਿੰਦੇ ਕੈਨੇਡਾ ਵਿੱਚ, ਪਰ ਖਬਰਾਂ ਪੰਜਾਬ ਦੀਆਂ ਸੁਣਦੇ ਹਨ। ਪ੍ਰਵਾਸ ਇੱਕ ਕਿਸਮ ਦੀ ਬੇਗਾਨਗੀ ਪੈਦਾ ਕਰਦਾ ਹੈ ਜਿਸ ਦਾ ਅਸਰ ਬਹੁਤ ਡੂੰਘਾ ਹੁੰਦਾ ਹੈ। ਜਪਾਨੀ ਅਤੇ ਸਿੰਘਾਪੁਰ ਦੇ ਲੋਕਾਂ ਦੇ ਤਜੁਰਬੇ ਤੋਂ ਇਹ ਗੱਲ ਦਿਸਦੀ ਹੈ ਕਿ ਜੇਕਰ ਆਪਣੇ ਮੁਲਕ ਵਿੱਚ ਵਧੀਆ ਮੌਕੇ ਅਤੇ ਵਧੀਆ ਸਿਸਟਮ ਹੋਵੇ ਤਾਂ ਲੋਕ ਆਪਣਾ ਮੁਲਕ ਛੱਡਣਾ ਨਹੀਂ ਚਾਹੁੰਦੇ। ਸਮਸਿਆ ਹੈ ਕਿ ਪੰਜਾਬ ਦਾ ਅਰਥਚਾਰਾ ਖੇਤੀ ਬਾੜੀ ਤੱਕ ਸੀਮਤ ਰਹਿ ਗਿਆ ਹੈ। ਸਿਆਸਤਦਾਨਾਂ ਅਤੇ ਲੋਕਾਂ ਦੀ ਨਾਅਹਿਲੀ ਅਤੇ ਅਗਿਆਨਤਾ ਕਾਰਨ ਪੰਜਾਬ ਦਾ ਸਹੀ ਵਿਕਾਸ ਨਹੀਂ ਹੋ ਸਕਿਆ। ਹੁਣ ਖੇਤੀ ਬਾੜੀ ਵਿੱਚ ਉਤਪਾਦਕਤਾ ਦੇ ਵਧਣ ਨਾਲ ਅਬਾਦੀ ਦੇ ਇੱਕ ਹਿਸੇ ਨੂੰ ਲਗਾਤਾਰ ਪੰਜਾਬ ਵਿਚੋਂ ਨਿਕਲਣਾ ਪੈ ਰਿਹਾ ਹੈ। ਇਹ ਉਹ ਲੋਕ ਹਨ ਜੋ ਖੇਤੀ ਵਿਚੋਂ ਨਿਕਲ ਕੇ ਸਨਅਤ ਵਿੱਚ ਜਾਣੇ ਸਨ ਅਤੇ ਫਿਰ ਉਤਰਸਨਅਤੀ ਅਰਥਚਾਰੇ ਵਿੱਚ। ਪੰਜਾਬ ਵਿੱਚ ਇਹ ਕਿਉਂ ਨਹੀਂ ਹੋ ਸਕਿਆ? ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਅਸੀਂ ਉਸ ਪਰਵਾਸ ਲਈ ਮਜਬੂਰ ਹੁੰਦੇ ਹਾਂ, ਜਿਸ ਕਾਰਨ ਸਾਡੀ ਹੋਂਦ ਨੂੰ ਅਜੀਬ ਤਜਰਬਿਆਂ ਵਿਚੋਂ ਲੰਘਣਾ ਪੈਂਦਾ ਹੈ? ਜਿਨ੍ਹਾਂ ਮੁਲਕਾਂ ਨੂੰ ਅਸੀਂ ਹਰ ਕੋਸਿ਼ਸ਼ ਕਰਕੇ ਭੱਜਣਾ ਚਾਹੁੰਦੇ ਹਾਂ ਉਨ੍ਹਾਂ ਦੇ ਆਪਣੇ ਲੋਕ ਪੁਸ਼ਤਾਂ ਤੋਂ ਆਪਣੇ ਹੀ ਮੁਲਕ ਵਿੱਚ ਇੱਕਸਾਰ ਜਿ਼ੰਦਗੀ ਬਿਤਾ ਰਹੇ ਹਨ। ਸਾਡੇ ਅਤੇ ਇਨ੍ਹਾਂ ਮੁਲਕਾਂ ਵਿੱਚ ਕੀ ਫਰਕ ਹੈ? ਉਹ ਕਿਹੜੀ ਚੀਜ਼ ਹੈ ਜੋ ਲੱਖਾਂ ਪੰਜਾਬੀਆਂ ਨੂੰ ਹਿਜਰਤ ਵਿੱਚ ਧੱਕ ਰਹੀ ਹੈ। ਇਸ ਦਾ ਤਫਸੀਲ ਵਿੱਚ ਜਵਾਬ ਦੇਣ ਲਈ ਇਸ ਲਿਖਤ ਵਿੱਚ ਥਾਂ ਨਹੀਂ ਹੈ। ਸਿਰਫ ਇਹ ਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਤਹੱਈਆ ਕਰਕੇ ਸਿੰਘਾਪੁਰ ਇੱਕ ਦੋ ਦਹਾਕਿਆਂ ਵਿੱਚ ਦੁਨੀਆਂ ਦੇ ਸੱਭ ਤੋਂ ਅਮੀਰ ਮੁਲਕਾਂ ਵਿਚੋਂ ਇੱਕ ਬਣ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ। ਲੋੜ ਸਿਰਫ ਦਰੁਸਤ ਸਮੂਹਕ ਚੇਤਨਾ ਦੀ ਹੈ। ਪੰਜਾਬ ਦੇ ਵਾਤਾਵਰਨ ਅਤੇ ਆਰਥਿਕਤਾ ਨੂੰ ਹੱਲ ਕਰਨ ਲਈ ਮੌਜੂਦਾ ਸੋਚ ਤੋਂ ਅੱਗੇ ਤੁਰਨ ਦੀ ਹੈ। ਜੇਕਰ ਕੁੱਝ ਨਾ ਕੀਤਾ ਗਿਆ ਤਾਂ ਨਤੀਜੇ ਅਤਿਅੰਤ ਗੰਭੀਰ ਹੋਣਗੇ।
ਨਾਵਲ ਦੀ ਬਣਤਰ ਵਿੱਚ ਜਿਸ ਤਕਨੀਕ ਨਾਲ ਮਨੋਵਿਗਿਆਨਕ ਪਹਿਲੂਆਂ ਨੂੰ ਆਲੇ ਦੁਆਲੇ ਦੇ ਗਿਆਨ ਨਾਲ ਇੱਕ ਸੁਰ ਕੀਤਾ ਗਿਆ ਹੈ, ਉਹ ਨਾਵਲਕਾਰ ਦੀ ਕਾਬਲੀਅਤ ਅਤੇ ਹੁਨਰ ਦਾ ਪ੍ਰਤੀਕ ਹੈ। ਪਰ ਨਾਵਲ ਵਿੱਚ ਸ਼ਬਦਜੋੜਾਂ, ਉਚਾਰਨ ਅਤੇ ਤੱਥਾਂ ਦੀਆਂ ਕਾਫੀ ਗਲਤੀਆਂ ਹਨ। ਮਿਸਾਲ ਵਜੋਂ ਵੈਨਕੂਵਰ ਦੀ 1885 ਦੇ ਸਮੇਂ ਦੀ ਅਬਾਦੀ ਸਾਢੇ ਛੇ ਲੱਖ ਦੇ ਕਰੀਬ ਦੱਸੀ ਹੈ ਜਦੋਂ ਕਿ ਉਸ ਵੇਲੇ ਅਬਾਦੀ ਸਿਰਫ 15 ਕੁ ਹਜ਼ਾਰ ਦੇ ਨੇੜੇ ਸੀ। ਰੇਲਵੇ ਦੇ ਆਉਣ ਨਾਲ ਬਾਅਦ ਵਿੱਚ ਇਹ ਬਹੁਤ ਤੇਜ਼ੀ ਨਾਲ ਵਧੀ। ਉਚਾਰਨ ਵਿੱਚ ਜਿਵੇਂ ਨੈਪਕਿਨ ਨੂੰ ਨਿਪਕਿਨ ਕਹਿਣਾ ਆਦਿ। ਸ਼ਬਦਜੋੜਾਂ ਅਤੇ ਟਾਈਪ ਕਰਨ ਵਿੱਚ ਹੋਈਆਂ ਗਲਤੀਆਂ ਨੂੰ ਦਰੁਸਤ ਕਰਨਾ ਪ੍ਰਕਾਸ਼ਕ ਦੀ ਜਿੰ਼ਮੇਦਾਰੀ ਹੁੰਦੀ ਹੈ। ਪਰ ਪੰਜਾਬੀ ਵਿੱਚ ਅਜੇ ਪ੍ਰਕਾਸ਼ਕਾਂ ਨੇ ਇਹ ਮਿਆਰ ਅਖਤਿਆਰ ਨਹੀਂ ਕੀਤਾ।
ਅਮਰਜੀਤ ਚਾਹਲ ਦਾ ਨਾਵਲ ਓਟ ਬਹੁਤ ਹੀ ਰੌਚਿਕ ਨਾਵਲ ਹੈ ਜੋ ਸਭ ਨੂੰ ਪੜਨਾ ਚਾਹੀਦਾ ਹੈ ਅਤੇ ਖਾਸ ਕਰ ਟਰੱਕ ਡਰਾਈਵਰਾਂ ਅਤੇ ਸੰਭਾਵੀ ਇਮੀਗਰੈਂਟਾਂ ਨੂੰ। ਨਾਵਲ ਵਿੱਚ ਮੁਖਤਾਰ ਦਾ ਸਵੈਨਿਕਾਰਮਾਤਮਕ ਹਾਸਰਸ (Self-Depricating humour) ਜੀਅ ਲਾਈ ਰੱਖਦਾ ਹੈ। ਪਰ ਨਾਵਲ ਦੇ ਅਖੀਰ ‘ਤੇ ਹਾਲਾਤ ਕੁੱਝ ਅਜਿਹੇ ਬਣਦੇ ਹਨ ਕਿ ਹਰ ਪਾਠਕ ਦੀ ਅੱਖ ਨਮ ਜ਼ਰੂਰ ਹੁੰਦੀ ਹੈ।