ਪੰਜਾਬੀ ਸੰਗੀਤ ਦਰਬਾਰੀ ਅਤੇ ਬਾਜ਼ਾਰੀ ਹੋ ਗਿਆ…

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਦਲਜੀਤ ਅਮੀ
ਫੋਨ: +91-72919-77145
ਦਲਜੀਤ ਅਮੀ: ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਦੋਂ ਕਿਸਾਨ ਮੋਰਚਾ ਸ਼ੁਰੂ ਹੋਇਆ, ਤਾਂ ਉਸ ਵਿਚ ਬਹੁਤ ਸਾਰੇ ਗਾਇਕਾਂ ਨੇ ਕਿਸਾਨੀ ਦੇ ਹੱਕ ਵਿਚ ਗੀਤ ਗਾਏ। ਉਦੋਂ ਇਹ ਦਲੀਲ ਵਾਰ ਵਾਰ ਦਿੱਤੀ ਗਈ ਕਿ ਦੇਖੋ ਹੁਣ ਇਹ ਗਾਇਕ ਲੋਕਾਂ ਦੇ ਪੱਖ ਵਿਚ ਆ ਗਏ ਹਨ, ਲੋਕਾਂ ਦੇ ਸਰੋਕਾਰਾਂ ਦੀ ਗੱਲ ਕਰਦੇ ਹਨ। ਤੁਸੀਂ ਇਸ ਗਾਇਕੀ ਬਾਰੇ ਕੀ ਕਹੋਗੇ?

ਰੱਬੀ ਸ਼ੇਰਗਿੱਲ: ਮੇਰੇ ਮੁਤਾਬਕ ਉਹ ਪੰਜਾਬੀ ਸੰਗੀਤ ਦਾ ਖੁਸ਼ਨੁਮਾ ਪ੍ਰਸੰਗ ਹੈ। ਕੰਵਰ ਗਰੇਵਾਲ ਨੇ ਚੰਗੀ ਭੂਮਿਕਾ ਨਿਭਾਈ ਪਰ ਮੈਨੂੰ ਕੰਵਰ ਗਰੇਵਾਲ ਦੇ ਗੀਤਾਂ ਦੇ ਕੁਝ ਬੋਲ ਬੜੇ ਅਜੀਬ ਲੱਗਦੇ ਹਨ; ਮਸਲਨ, ‘ਕੋਈ ਖੰਡੇ ਤਿੱਖੇ, ਕੋਈ ਕਿਰਪਾਨ ਕਰੂਗਾ, ਤੈਨੂੰ ਦਿੱਲੀਏ… ਇਕੱਠ ਬੜਾ ਪ੍ਰੇਸ਼ਾਨ ਕਰੂਗਾ’। ਮੈਂ ਦਿੱਲੀ ਦਾ ਰਹਿਣ ਵਾਲਾ ਹਾਂ। ਹਜ਼ਾਰਾਂ ਲੋਕ ਘਰਾਂ ਵਿਚੋਂ ਕੱਢ ਕੇ, ਟੋਟੇ ਟੋਟੇ ਕਰਕੇ, ਜ਼ਲੀਲ ਕਰਕੇ ਮਾਰ ਦਿੱਤੇ ਗਏ ਹੋਣ, ਮੈਂ ਓਸ ਸ਼ਹਿਰ ਤੋਂ ਹਾਂ। ਮੇਰਾ ਫ਼ਿਕਰ ਹਰ ਉਸ ਬੋਲ ਉੱਤੇ ਜਾਗ ਜਾਂਦਾ ਹੈ। ਜਿਵੇਂ ਫਿਰ ਇੱਕ ਵਾਰ ਸਾਡੀ ਸਾਈ ਫੜਾਉਣ ਵਾਲੀ ਗੱਲ ਹੋ ਰਹੀ ਹੈ। ਪੰਜਾਬ ਨੂੰ ਇੱਕ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਕਿਸੇ ਵੀ ਰਿਆਸਤ ਨਾਲ ਤੁਸੀਂ ਹਥਿਆਰਬੰਦ ਲੜਾਈ ਨਹੀਂ ਲੜ ਸਕਦੇ, ਨਹੀਂ ਲੜ ਸਕਦੇ, ਨਹੀਂ ਲੜ ਸਕਦੇ, ਗੱਲ ਖ਼ਤਮ ਹੈ। ਮੈਂ ਦਿੱਲੀ ਤੋਂ ਵੀ ਹਾਂ ਜਿੱਥੇ ਦਸ ਹਜ਼ਾਰ ਬੰਦੇ ਮਰੇ। ਮੈਂ ਮਾਝੇ ਤੋਂ ਵੀ ਹਾਂ ਜਿੱਥੇ ਤਿੰਨ ਪੀੜ੍ਹੀਆਂ ਗ਼ਰਕ ਹੋ ਗਈਆਂ। ਇੱਕ ਖਾੜਕੂਵਾਦ ਵਿਚ ਗ਼ਰਕ ਹੋ ਗਈ। ਇੱਕ ਯਤੀਮੀ ਵਿਚ ਗ਼ਰਕ ਹੋ ਗਈ ਅਤੇ ਹੁਣ ਤੀਜੀ ਪੀੜ੍ਹੀ ਚਿੱਟੇ ਵਿਚ ਗ਼ਰਕ ਹੋ ਰਹੀ ਹੈ।
ਦਲਜੀਤ ਅਮੀ: ਹੁਣ ਜਦੋਂ ਤੁਸੀਂ ਗੱਲ ਕਰਦੇ ਹੋ, ਇਸ ਗੀਤ ‘ਤੇ ਇਤਰਾਜ਼ ਕਰਦੇ ਹੋ ਤਾਂ ਇਸ ਨੂੰ ਮਝੈਲ ਦਾ ਇਤਰਾਜ਼ ਸਮਝਾਂ ਜਾਂ ਦਿੱਲੀ ਵਾਲੇ ਦਾ; ਜਾਂ ਇਹ ਦੋਵਾਂ ਦਾ ਇਤਰਾਜ਼ ਹੈ?
ਰੱਬੀ ਸ਼ੇਰਗਿੱਲ: ਦੋਵਾਂ ਦਾ ਇਤਰਾਜ਼ ਹੈ। ਪੰਜਾਬ ਨੂੰ ਕਹਿ ਦਿਓ ਕਿ ਜੋ ਦਿੱਲੀ ਵਾਲੇ ਹਨ, ਉਹ ਸਿੱਖ ਨਹੀਂ ਹਨ। ਸਾਡਾ ਇਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸਾਨੂੰ ਜਿਹੜੀ ਪਾਰਖੱਤੀ ਦੇਣੀ, ਦੇ ਦਿਓ। ਪੰਜਾਬ ਦੀ ਆਬਾਦੀ ਸ਼ਾਇਦ ਪੌਣੇ ਤਿੰਨ ਕਰੋੜ ਹੈ।
ਦਲਜੀਤ ਅਮੀ: ਸਾਡੀ 2011 ਦੀ ਮਰਦਮ ਸ਼ੁਮਾਰੀ ਮੁਤਾਬਕ ਹੈ।
ਰੱਬੀ ਸ਼ੇਰਗਿੱਲ: ਉਸ ਮੁਤਾਬਕ ਤਕਰੀਬਨ ਇੰਨੇ ਕੁ ਵਿਦੇਸ਼ਾਂ ਵਿਚ ਹਨ। ਤੁਸੀਂ ਇਨ੍ਹਾਂ ਸਾਰਿਆਂ ਨੂੰ ਪਾਰਖੱਤੀ ਦੇ ਦਿਓ ਅਤੇ ਜਿਸ ਪਾਰਖੱਤੀ ਨੂੰ ਦੂਸਰੇ ਮੰਨਦੇ ਵੀ ਹੋਣ ਕਿਉਂਕਿ ਜੋ ਤੁਸੀਂ ਗੱਲ ਕੀਤੀ, ਉਸ ਦਾ ਪ੍ਰਤੀਕਰਮ ਰੱਦਿ-ਅਮਲ ਹਿੰਦੋਸਤਾਨ ਵਿਚ ਜਿਹੋ ਜਿਹਾ ਹੁੰਦਾ ਹੈ, ਉਹ ਸਾਰਿਆਂ ਨੂੰ ਪਤਾ ਹੈ। ਲਖੀਮਪੁਰ ਖੇੜੀ ਵਿਚ ਜਿਸ ਤਰ੍ਹਾਂ ਸਰਦਾਰ ਨੂੰ ਸ਼ਰੇਆਮ ਜ਼ਲੀਲ ਕਰਕੇ ਕੁੱਟਿਆ ਗਿਆ। ਉਸ ਦੀ ਗੁਦਾ ਵਿਚ ਜਿਸ ਤਰ੍ਹਾਂ ਡੰਡੇ ਵਾੜੇ ਗਏ। ਇਹ ਤਾਂ ਹੁਣੇ ਹੀ ਹੋ ਕੇ ਹਟਿਆ ਹੈ। ਜੇ ਹਾਲੇ ਵੀ ਸਾਨੂੰ ਸਮਝ ਨਹੀਂ ਆ ਰਹੀ, ਹਾਲੇ ਵੀ ਅਸੀਂ ਪੈਂਤੜਾ ਉਹ ਵਰਤਣਾ ਜਿਸ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਜੋ ਬਾਹਰ ਬੈਠਾ ਪੰਜਾਬੀ ਹੈ, ਉਸ ਨੇ ਦਰੜਿਆ ਜਾਣਾ ਹੈ।
ਦਲਜੀਤ ਅਮੀ: ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜੋ ਇਸ ਮੋਰਚੇ ਨਾਲ ਜੁੜੇ ਹੋਏ ਗੀਤ ਹਨ, ਉਨ੍ਹਾਂ ਵਿਚੋਂ ਇੱਕ ਦੋ ਗੀਤਾਂ ਵਿਚ ਕੁਝ ਬੋਲਾਂ ਨੂੰ ਛੱਡ ਕੇ ਬਾਕੀ ਸਭ ਵਧੀਆ ਰੁਝਾਨ ਹੈ।
ਰੱਬੀ ਸ਼ੇਰਗਿੱਲ: ਮੈਨੂੰ ਇਓਂ ਲੱਗਦਾ ਹੈ, (ਤੇ) ਮੈਂ ਉਮੀਦ ਕਰਦਾ ਹਾਂ ਕਿ ਮੈਂ ਜਾਤ ਚੇਤਨਾ ਦਾ ਸ਼ਿਕਾਰ ਨਹੀਂ ਲੱਗਾਂਗਾ ਪਰ ਮੈਨੂੰ ਜੱਟਾਂ ਦੀ ਇੱਕ ਗੱਲ ਬੜੀ ਚੰਗੀ ਲੱਗਦੀ ਹੈ ਕਿ ਤੁਸੀਂ ਜੱਟਪੁਣੇ ਨੂੰ ਬਾਹਰ ਨਹੀਂ ਕੱਢ ਸਕਦੇ। ਇਨ੍ਹਾਂ ਵਿਚ ਕੋਈ ਗੱਲ ਹੈ। ਭਾਵੇਂ ਇੱਥੇ ਹੋਵੇ ਜਾਂ ਪੱਛਮੀ ਯੂ.ਪੀ. ਜਾਂ ਹਿਮਾਚਲ ਹੋਵੇ, ਜਿੱਥੇ ਜੋ ਬੈਠੇ ਹਨ, ਉਨ੍ਹਾਂ ਵਿਚ ਜੱਟਪੁਣਾ ਜਾਤੀ ਚੇਤਨਾ ਤੋਂ ਜ਼ਿਆਦਾ ਧਰਤੀ ਪ੍ਰੇਮ ਵਾਂਗ ਹੈ। ਉਹ ਵੀ ਇਸ ਦਾ ਇੱਕ ਪੱਖ ਹੈ। ਇਸ ਦਾ ਇੱਕ ਰੂਪ ਹੈ। ਜੋ ਧਰਤੀ ਪ੍ਰੇਮ ਹੈ, ਜਿਸ ਤਰ੍ਹਾਂ ਮੈਂ ਦੇਖਿਆ ਹੈ ਜੋ ਆਈ.ਟੀ. ਵਿਚ ਲੱਗੇ ਹੋਏ ਹਨ। ਜਿਨ੍ਹਾਂ ਨੇ ਕਦੇ ਗੋਡੀ ਨਹੀਂ ਕੀਤੀ ਹੋਣੀ। ਮੇਰੇ ਵਾਂਗ ਜੋ ਬਿਲਕੁਲ ਸ਼ਹਿਰੀ ਹਨ, ਉਨ੍ਹਾਂ ਦੀਆਂ ਆਂਦਰਾਂ ਨੂੰ ਵੀ ਖਿੱਚ ਪੈਣ ਲੱਗਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਅਸੀਂ ਦੂਜਿਆਂ ਉਪਰ ਹਾਵੀ ਹੋਈਏ। ਜੇ ਇਸ ਦਾ ਮਤਲਬ ਇਹ ਬਣਦਾ ਹੈ ਤਾਂ ਮੈਂ ਉਸ ਦਾ ਵਿਰੋਧੀ ਹੈ ਪਰ ਜੱਟਾਂ ਦਾ ਜੋ ਧਰਤ ਪ੍ਰੇਮ ਹੈ, ਜਾਂ ਜੋ ਕੌਮੀਅਤ ਦਾ ਤਸੱਵੁਰ ਇਨ੍ਹਾਂ ਦੇ ਵਿਚ ਪਤਾ ਨਹੀਂ ਕਿਸ ਤਰ੍ਹਾਂ ਭਰਿਆ ਪਿਆ ਹੈ। ਕਿਉਂਕਿ ਹੋਰ ਕੌਮਾਂ ਵਿਚ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ। ਇੰਡੀਆ ਵਿਚ ਕਈ ਕੌਮਾਂ ਹਨ, ਇੱਕ ਕੌਮ ਨਹੀਂ ਹੈ।
ਦਲਜੀਤ ਅਮੀ: ਤੁਸੀਂ ਜੱਟ ਕੌਮ ਦੀ ਗੱਲ ਕਰ ਰਹੇ ਹੋ, ਅਲਮੋੜਾ ਤੋਂ ਲੈ ਕੇ ਅਟਕ ਤੱਕ।
ਰੱਬੀ ਸ਼ੇਰਗਿੱਲ: ਹਾਂ, ਮੈਂ ਇਨ੍ਹਾਂ ਵਿਚ ਬੜਾ ਸੁੱਤਾ ਪਿਆ ਤਾਣਾ ਬਾਣਾ ਦੇਖਦਾ ਹਾਂ। ਉਸ ਨੂੰ ਜ਼ਰਾ ਜਿੰਨਾ ਵੀ ਝਟਕਾ ਲੱਗਦਾ ਹੈ ਤਾਂ ਉਹ ਫਿਰ ਜਾਗ ਪੈਂਦਾ ਹੈ। ਮੈਨੂੰ ਇਹ ਗੱਲ ਬੜੀ ਚੰਗੀ ਲੱਗਦੀ ਹੈ।
ਦਲਜੀਤ ਅਮੀ: ਤੁਹਾਡੇ ਚਿਹਰੇ ਉੱਪਰ ਜੋ ਖੁਸ਼ੀ ਹੈ, ਉਹ ਗੱਲ ਕਰਦਿਆਂ ਸਾਫ਼ ਦੇਖੀ ਜਾ ਸਕਦੀ ਹੈ ਪਰ ਮੈਂ ਵਾਪਸ ਇੱਕ ਗੱਲ ਉੱਪਰ ਤੁਹਾਨੂੰ ਲੈ ਕੇ ਜਾਂਦਾ ਹੈ। ਤੁਸੀਂ ਕਿਹਾ ਸੀ ਕਿ ਪੰਜਾਬ ਦੇ ਪੌਪ ਸੰਗੀਤ ਵਿਚ ਜੋ ਜੱਟ ਪੇਸ਼ ਹੁੰਦਾ ਹੈ, ਉਹ ਆਵਾਰਾ ਹੈ। ਮੈਨੂੰ ਆਵਾਰਾ ਹੋਣ ‘ਤੇ ਕੋਈ ਇਤਰਾਜ਼ ਨਹੀਂ; ਦੂਜਾ ਤੁਸੀਂ ਕਿਹਾ ਹੈ ਕਿ ਜੱਟ ਹੈ; ਇਤਰਾਜ਼ ਤਾਂ ਮੈਂ ਇਹ ਵੀ ਨਹੀਂ ਕਰ ਸਕਦਾ ਪਰ ਮੈਨੂੰ ਥੋੜ੍ਹਾ ਜਿਹਾ ਇਹ ਸਪਸ਼ਟ ਕਰੋ।
ਰੱਬੀ ਸ਼ੇਰਗਿੱਲ: ਮੈਨੂੰ ਉਸ ਦੀ ਆਵਾਰਗੀ ‘ਤੇ ਵੀ ਕੋਈ ਇਤਰਾਜ਼ ਨਹੀਂ ਹੈ। ਜਦੋਂ ਤੱਕ ਤੁਸੀਂ ਕਹਿ ਲਓ, ਮੈਂ ਕਿਸੇ ਬੁਲੰਦੀ ‘ਤੇ ਸੀ।
ਦਲਜੀਤ ਅਮੀ: ਨਹੀਂ, ਮੈਂ ਇਹ ਕਹਿ ਰਿਹਾ ਹਾਂ ਕਿ ਜਦੋਂ ਉਹ ਆਵਾਰਾ ਅਤੇ ਉਜੱਡ ਇਸ ਮੋਰਚੇ ਦੇ ਸੰਗੀਤ ਵਿਚ ਆਉਂਦਾ ਹੈ ਤਾਂ ਉਹ ਕਿਤੇ ਸੀਲ ਹੋ ਜਾਂਦਾ ਹੈ। ਉਹ ਕਿਸੇ ਨਫ਼ਾਸਤ ਨਾਲ ਬੱਝ ਜਾਂਦਾ ਹੈ, ਜਾਂ ਉਸ ਦਾ ਉਜੱਡਪੁਣਾ ਕਿਸੇ ਲੇਖੇ ਲੱਗ ਜਾਂਦਾ ਹੈ।
ਰੱਬੀ ਸ਼ੇਰਗਿੱਲ: ਦੋਵੇਂ ਹੀ ਗੱਲਾਂ ਹਨ। ਜੋ ਨਫ਼ਾਸਤ ਹੈ; ਨਫ਼ਾਸਤ ਮੈਂ ਇਸ ਤਰ੍ਹਾਂ ਸਮਝਦਾ ਹਾਂ ਕਿ ਜੋ ਬੰਦਾ ਪੰਜਾਬੀ ਬੋਲੀ ਨਾਲ ਜੁੜਿਆ ਹੈ, ਜਿਸ ਨੇ ਆਪਣੇ ਬੇਲੀਆਂ ਤੋਂ ਪੰਜਾਬੀ ਨਹੀਂ ਸਿੱਖੀ, ਜਿਸ ਨੇ ਆਪਣੀ ਭਾਬੋ ਤੋਂ ਪੰਜਾਬੀ ਸਿੱਖੀ ਹੈ, ਜਿਸ ਨੇ ਆਪਣੇ ਦਾਦੇ ਤੋਂ ਪੰਜਾਬੀ ਸਿੱਖੀ ਹੈ, ਆਪਣੇ ਪਿੰਡ ਦੇ ਬਜ਼ੁਰਗਾਂ ਤੋਂ ਪੰਜਾਬੀ ਸਿੱਖੀ ਹੈ, ਉਸ ਵਿਚ ਨਫ਼ਾਸਤ ਆਉਣੀ ਸਹਿਜ ਹੈ। ਮੇਰੀ ਭਾਬੋ ਦੇ ਕੋਲ ਅਸੀਂ ਭੈਣ-ਭਰਾਵਾਂ ਰਾਤ ਨੂੰ ਜਾ ਕੇ ਬੈਠਣਾ। ਸੌਣ ਤੋਂ ਪਹਿਲਾਂ ਉਸ ਨੇ ਸਾਨੂੰ ਕੜ੍ਹਿਆ ਹੋਇਆ ਦੁੱਧ ਪਿਲਾਉਣਾ ਅਤੇ ਨਾਲ ਹੀ ਉਸ ਨੇ ਗੱਲਾਂ ਬਾਤਾਂ ਸੁਣਾਉਣੀਆਂ। ਅਸੀਂ ਕਹਿਣਾ- ‘ਭਾਬੋ ਕੋਈ ਬਾਤ ਪਾਓ।` ਉਸ ਦੀਆਂ ਜੋ ਬਾਤਾਂ ਹਨ, ਉਸ ਵਿਚ ਬੜੀ ਰੂਹਾਨੀਅਤ, ਕਲਾ, ਖ਼ੂਬਸੂਰਤੀ ਅਤੇ ਸਭ ਕੁਝ ਹੈ। ਜਿਸ ਨੇ ਉਹ ਚੰਗੀ ਤਰ੍ਹਾਂ ਸੁਣੀਆਂ ਹਨ, ਮੈਨੂੰ ਜਾਪਦਾ ਹੈ ਕਿ ਉਹ ਬੰਦਾ ਕਦੇ ਵੀ ਭਟਕ ਨਹੀਂ ਸਕਦਾ।
ਦਲਜੀਤ ਅਮੀ: ਇਹ ਦੋਵੇਂ ਗੱਲਾਂ ਜੁੜਦੀਆਂ ਹਨ- ਇੱਕ ਪਾਸੇ ਕੜ੍ਹਿਆ ਦੁੱਧ ਪੀ ਰਹੇ ਹੋ, ਦੂਜੇ ਪਾਸੇ ਕੜ੍ਹੀਆਂ ਗੱਲਾਂ ਸੁਣ ਰਹੇ ਹੋ।
ਰੱਬੀ ਸ਼ੇਰਗਿੱਲ: ਕੜ੍ਹੀਆਂ ਗੱਲਾਂ ਸੁਣ ਰਹੇ ਹਾਂ। ਮੈਨੂੰ ਇੰਝ ਲੱਗਦਾ ਹੈ ਕਿ ਸਾਡੇ ਕੋਲ ਅਕਾਦਮਿਕ ਨਫ਼ਾਸਤ ਆ ਗਈ ਹੋਵੇਗੀ। ਯੂਨੀਵਰਸਿਟੀਆਂ ਨੇ ਸਾਨੂੰ ਨਵੇਂ-ਨਵੇਂ ਅਕੀਦੇ ਅਤੇ ਟੀਚਿਆਂ ਦੇ ਜਾਣੂ ਕਰਵਾਇਆ ਪਰ ਸਾਡੀ ਜ਼ਬਾਨ ਦੀ ਪੁਖ਼ਤਗੀ ਹੈ, ਉਹ ਕਿਤੇ ਨਾ ਕਿਤੇ ਗੁਆਚੀ ਹੈ। ਕਿਤੇ ਨਾ ਕਿਤੇ ਉਸ ਨੂੰ ਹੋਰ ਪਿਓਂਦਾਂ ਚੜ੍ਹੀਆਂ ਹਨ। ਚੜ੍ਹਨੀਆਂ ਚਾਹੀਦੀਆਂ ਵੀ ਹਨ, ਨਹੀਂ ਚੜ੍ਹਨੀਆਂ ਚਾਹੀਦੀਆਂ, ਮੈਂ ਨਹੀਂ ਕਹਿ ਸਕਦਾ ਪਰ ਇਉਂ ਲੱਗਦਾ ਹੈ ਕਿ ਸਾਡੀ ਜ਼ਬਾਨ ਥੋੜ੍ਹੀ ਜਿਹੀ ਲੱਸੀ ਹੋਈ ਹੈ। ਇਸ ਨਾਲ ਸਾਡੀ ਨਫ਼ਾਸਤ ਵੀ ਘਟੀ ਹੈ ਪਰ ਜਦੋਂ ਇਹੋ ਜਿਹਾ ਕੋਈ ਵੱਡਾ ਕੌਮੀ ਤਜਰਬਾ ਅਸੀਂ ਹੰਢਾਉਂਦੇ ਹਾਂ ਤਾਂ ਫਿਰ ਬੀਤੇ ਸਮੇਂ ਵਿਚ ਸਾਡੀ ਕੋਈ ਬੀਤੇ ਦੀ ਤੱਤ-ਮੀਮਾਂਸਾ ਜਾਗ ਪੈਂਦੀ ਹੈ। ਇਹ ਮੈਨੂੰ ਇਉਂ ਜਾਪਦਾ ਹੈ। ਕਿਤੇ ਨਾ ਕਿਤੇ ਸਿਕੰਦਰ ਨਾਲ ਲੋਹਾ ਲੈਣ ਵਾਲਾ ਜੋ ਕਬੀਲਾ ਵੀ ਸ਼ਾਇਦ ਮੇਰੇ ਅੰਦਰ ਜਾਗ ਪੈਂਦਾ ਹੈ। ਕਿਤੇ ਨਾ ਕਿਤੇ ਸਿਰ ਤਲ਼ੀ ਉੱਤੇ ਲੈ ਕੇ ਖੰਡਾ ਵਾਹੁਣ ਵਾਲਾ ਓਹ ਵੀ ਮੇਰੇ ਅੰਦਰ ਜਾਗ ਪੈਂਦਾ। ਇਨ੍ਹਾਂ ਸਾਰਿਆਂ ਦੀ ਲੋੜ ਹੁੰਦੀ ਹੈ।
ਦਲਜੀਤ ਅਮੀ: ਓਹ ਫ਼ਕੀਰ ਨਹੀਂ ਜਾਗਦਾ ਜੋ ਸਿਕੰਦਰ ਨੂੰ ਕਹਿੰਦਾ ਹੈ- ‘ਇੱਕ ਪਾਸੇ ਹੋ ਕੇ ਖੜ੍ਹੋ, ਥੋੜ੍ਹੀ ਧੁੱਪ ਆਉਣ ਦਿਓ।`
ਰੱਬੀ ਸ਼ੇਰਗਿੱਲ: ਮਗੈਥਨੀਜ਼ ਨੇ ਲਿਖਿਆ ਹੈ ਡੈਮੋਡਮਸ। ਹੁਣ ਭਾਜਪਾ ਸਵਾਮੀ ਦੰਡਪਾਣੀ ਆਖਣ ਲੱਗੀ ਹੈ। ਮਗੈਥਨੀਜ਼ ਨੇ ਉਸ ਬਾਰੇ ਲਿਖਿਆ। ਮੇਰੇ ਲਈ ਉਹ ਸਾਹਿਤ ਦਾ ਸਭ ਤੋਂ ਜ਼ਿਆਦਾ ਖ਼ੂਬਸੂਰਤ ਟੋਟਾ ਹੈ। ਮੈਂ ਗੁਆਚ ਜਾਂਦਾ ਹਾਂ ਤਾਂ ਉਸ ਨੂੰ ਦੁਬਾਰਾ ਜ਼ਰੂਰ ਪੜ੍ਹਦਾ ਹਾਂ।
ਦਲਜੀਤ ਅਮੀ: ਇੱਕ ਗੱਲ ਤੁਸੀਂ ਕਈ ਵਾਰ ਕਹੀ ਹੈ ਕਿ ਜੋ ਪੰਜਾਬੀ ਸੰਗੀਤ ਹੈ, ਮੌਜੂਦਾ ਦੌਰ ਦੇ ਵਿਚ ਜਾਪਦਾ ਹੈ ਕਿ ਉਹ ਸਾਰਾ ਦਰਬਾਰੀ ਹੋ ਗਿਆ ਹੈ। ਇਸ ਦਾ ਕੀ ਮਾਅਨਾ ਹੈ?
ਰੱਬੀ ਸ਼ੇਰਗਿੱਲ: ਦਰਬਾਰੀ ਹੀ ਨਹੀਂ, ਬਾਜ਼ਾਰੀ ਹੋ ਗਿਆ ਹੈ।
ਦਲਜੀਤ ਅਮੀ: ਮੈਂ ਉਸ ਨੂੰ ਇੰਜ ਦੇਖਦਾ ਹਾਂ ਕਿ ਮੰਡੀ ਦਾ ਵੀ ਦਰਬਾਰ ਹੁੰਦਾ ਹੈ।
ਰੱਬੀ ਸ਼ੇਰਗਿੱਲ: ਹਾਂ ਮੰਡੀ ਦਾ ਦਰਬਾਰ। ਸਰਮਾਏਦਾਰ ਦੇ ਦਰਬਾਰ ਦਾ ਪਾਲਤੂ ਕਤੂਰਾ ਕਹਿ ਲਓ। ਸਾਡੀ ਔਕਾਤ ਇੰਨੀ ਕੁ ਹੋ ਗਈ ਹੈ। ਸੱਚੀ ਗੱਲ ਤਾਂ ਇਹ ਹੈ। ਹੁਣ ਪੰਜਾਬੀਆਂ ਦੇ ਸਰੋਕਾਰ ਤਾਂ ਅਸੀਂ ਕਹਿਣੇ ਹੀ ਬੰਦ ਕਰ ਦਿੱਤੇ ਹਨ, ਜਾਂ ਬਿਲਕੁੱਲ ਸਿਧਰੀ ਜਿਹੀ ਗੱਲ ਕਹਿੰਦੇ ਹਾਂ ਕਿ ਮੀਂਹ ਨਹੀਂ ਪਿਆ, ਔੜ ਲੱਗ ਗਈ, ਜਾਂ ਮੇਰੀ ਖੜ੍ਹੀ ਫ਼ਸਲ ‘ਤੇ ਗੜ੍ਹੇ ਪੈ ਗਏ। ਇਹੋ ਜਿਹੀਆਂ ਗੱਲਾਂ ਮੈਂ ਸੁਣੀਆਂ ਹਨ ਪਰ ਆਮ ਪੰਜਾਬੀ ਹੈ ਜੋ ਸ਼ਹਿਰ ਵਿਚ ਵਸਿਆ ਹੋਇਆ ਹੈ। ਗ਼ਰੀਬ ਅਬਾਦੀ ਵਾਲਾ, ਰਵੀਦਾਸੀਆਂ ਜਾਂ ਹੋਰ ਹਨ। ਇਨ੍ਹਾਂ ਉੱਪਰ ਰੋਜ਼ ਦੇ ਤਸ਼ੱਦਦ ਬਾਰੇ ਕਹਾਣੀ ਜਾਂ ਉਸ ਦਾ ਅਕਸ ਮੈਂ ਕਿਤੇ ਵੀ ਨਹੀਂ ਦੇਖਦਾ। ਨਾ ਗੀਤਾਂ ਵਿਚ ਦੇਖਦਾ ਹਾਂ, ਨਾ ਸਾਹਿਤ ਵਿਚ ਦੇਖਦਾ ਹਾਂ, ਨਾ ਹੀ ਟੀ.ਵੀ. ‘ਤੇ ਦੇਖਦਾ ਹਾਂ। ਜੋ ਪੰਜਾਬੀ ਔਰਤ ਹੈ, ਉਸ ਨੇ ਆਪਣੇ ਆਪ ਨੂੰ ਪੰਜਾਬੀ ਮਰਦ ਦੀ ਫੂਹੜ ਪਸੰਦ ਦੇ ਅਨੁਸਾਰ ਢਾਲ ਲਿਆ ਹੈ।
ਦਲਜੀਤ ਅਮੀ: ਗੀਤਾਂ ਵਿਚ
ਰੱਬੀ ਸ਼ੇਰਗਿੱਲ: ਗੀਤਾਂ ਵਿਚ, ਜਾਂ ਜੋ ਸਭਿਆਚਾਰ ਵੰਨਗੀਆਂ ਹਨ ਜਿਨ੍ਹਾਂ ਰਾਹੀਂ ਅਸੀਂ ਸਭਿਆਚਾਰ ਗ੍ਰਹਿਣ ਕਰਦੇ ਹਾਂ। ਸਭ ਤੋਂ ਜ਼ਿਆਦਾ ਅਸਰ ਤੁਸੀਂ ਸੋਸ਼ਲ ਮੀਡੀਆ ‘ਤੇ ਦੇਖਦੇ ਹੋ। ਬਣ ਫੱਬ ਕੇ ਤੁਸੀਂ ਸੋਸ਼ਲ ਮੀਡੀਆ ਆਉਣਾ। ਬਣਨਾ-ਫੱਬਣਾ ਆਪਣੀ ਪ੍ਰਕਿਰਤੀ ਦੇ ਮੁਤਾਬਕ ਨਹੀਂ, ਆਪਣੀ ਖ਼ਸਲਤ ਦੇ ਮੁਤਾਬਕ ਨਹੀਂ ਸਗੋਂ ਮੁੰਡਿਆਂ ਦੀ ਫੂਹੜ ਪਸੰਦ ਦੇ ਮੁਤਾਬਕ ਹੈ। ਇਸ ਤਰ੍ਹਾਂ ਤਿਆਰ ਹੋ ਕੇ ਆਪਣੇ-ਆਪ ਨੂੰ ਸੋਸ਼ਲ ਮੀਡੀਆ ਉਪਰ ਪੇਸ਼ ਕਰਨਾ। ਇਸ ਦੀ ਭਰਮਾਰ ਸਾਨੂੰ ਦਿਖਾਈ ਦਿੰਦੀ ਹੈ। ਇਸ ਦਾ ਸਾਡੇ ਸਾਰਿਆਂ ‘ਤੇ ਕੁੱਲ ਅਸਰ ਮੈਨੂੰ ਬੜਾ ਫ਼ਿਕਰਮੰਦ ਕਰਦਾ ਹੈ, ਕਿਉਂਕਿ ਮੇਰੀ ਆਪਣੀ ਬੇਟੀ ਹੈ। ਮੇਰਾ ਬੇਟਾ ਵੱਡਾ ਹੋ ਰਿਹਾ ਹੈ। ਮੈਂ ਇਨ੍ਹਾਂ ਦੇ ਉੱਤੇ ਇਸ ਕਿਸਮ ਦੀ ਫੂਹੜਤਾ ਦੇ ਅਸਰ ਬਾਰੇ ਜ਼ਰੂਰ ਸੋਚਦਾ ਹਾਂ।
ਦਲਜੀਤ ਅਮੀ: ਮੈਂ ਜੋ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਸੀ, ਤੁਸੀਂ ਕਿਹਾ ਕਿ ਇਹ ਜੋ ਸੰਗੀਤ ਹੈ, ਇਹ ਦਰਬਾਰੀ ਹੈ। ਇਹ ਮੰਡੀ ਦਾ ਦਰਬਾਰੀ ਹੈ। ਇਸ ਮੰਡੀ ਦੇ ਦਰਬਾਰੀ ‘ਤੇ ਮੋਰਚੇ ਨਾਲ ਜੁੜ ਕੇ ਰਾਤੋ-ਰਾਤ ਅਕਲ ਦਾ ਮੀਂਹ ਪੈ ਜਾਂਦਾ ਹੈ, ਜਾਂ ਇਸ ਨੂੰ ਕਿਸੇ ਲਗਾਤਾਰਤਾ ਵਿਚ ਦੇਖਿਆ ਜਾ ਸਕਦਾ ਹੈ?
ਰੱਬੀ ਸ਼ੇਰਗਿੱਲ: ਨਹੀਂ ਬਿਲਕੁਲ ਦੇਖਿਆ ਜਾ ਸਕਦਾ। ਸਾਰੀਆਂ ਗੱਲਾਂ ਇੱਕੋ ਤਰ੍ਹਾਂ ਦੀਆਂ ਨਹੀਂ ਹੁੰਦੀਆਂ। ਜਿਹੜੇ ਬਾਹਰ ਆਏ ਹਨ, ਉਨ੍ਹਾਂ ਦੇ ਗੀਤਾਂ ਨਾਲ ਮੈਨੂੰ ਤਕਲੀਫ਼ ਹੋ ਸਕਦੀ ਹੈ ਪਰ ਉਨ੍ਹਾਂ ਦੀ ਇਸ ਤਹਿਰੀਕ ਦੇ ਵਿਚ ਨੇਕ ਨੀਅਤ ਉੱਤੇ ਮੈਂ ਸ਼ੰਕਾ ਨਹੀਂ ਕਰ ਸਕਦਾ। ਬੰਦਾ ਨਾ ਪੂਰਾ ਚੰਗਾ ਹੁੰਦਾ ਹੈ, ਨਾ ਹੀ ਪੂਰਾ ਮਾੜਾ ਹੁੰਦਾ ਹੈ।
ਦਲਜੀਤ ਅਮੀ: ਦੂਜਾ ਸਵਾਲ ਮੈਂ ਇਹ ਪੁੱਛ ਰਿਹਾ ਸੀ ਕਿ ਪੰਜਾਬੀ ਸੰਗੀਤ ਵਿਚ ਇਸ ਨੂੰ ਕੋਈ ਇਨਕਲਾਬੀ ਮੋੜ ਮੰਨਿਆ ਜਾ ਸਕਦਾ ਹੈ, ਜਾਂ ਇਹ ਸਿਰਫ਼ ਵਕਤੀ ਹੈ।
ਰੱਬੀ ਸ਼ੇਰਗਿੱਲ: ਨਹੀਂ, ਐਸਾ ਇਨਕਲਾਬੀ ਗੀਤ ਮੈਂ ਤਾਂ ਦੇਖਿਆ ਨਹੀਂ। ਕੁਲ ਮਿਲਾ ਕੇ ਜੇ ਤੁਸੀਂ ਕਿਸੇ ਨੂੰ ਇੱਕਸਾਰ ਮੰਨੋਗੇ ਜਿਸ ਨੇ ਲਗਾਤਾਰ ਆਪਣੇ ਪੈਂਤੜੇ ‘ਤੇ ਪਹਿਰਾ ਦਿੱਤਾ ਹੈ, ਜਾਂ ਕੁਝ ਸਮਝ ਕੇ ਗੱਲ ਥੋੜ੍ਹੀ ਬਦਲੀ ਵੀ ਹੈ ਕਿਉਂਕਿ ਬਦਲਾਅ ਵੀ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਜਿਸ ਨੁਕਤੇ ‘ਤੇ ਤੁਸੀਂ ਗੱਲ ਸ਼ੁਰੂ ਕੀਤੀ ਸੀ, ਤੁਸੀਂ ਉਸ ਨੁਕਤੇ ‘ਤੇ ਹੀ ਖੜ੍ਹੇ ਜਾਂ ਅੜੇ ਰਹੋ, ਭਾਵੇਂ ਉਹ ਗ਼ਲਤ ਹੋਵੇ। ਆਪਣੇ ਅਕੀਦੇ, ਟੀਚੇ ਵਿਚ ਥੋੜ੍ਹਾ ਜਿਹਾ ਬਦਲਾਅ ਲਿਆਉਣਾ ਵੀ ਪ੍ਰੋੜ੍ਹਤਾ ਦੀ ਨਿਸ਼ਾਨੀ ਹੈ। ਇਹੋ ਜਿਹੇ ਕੁਝ ਲੱਛਣ ਮੈਨੂੰ ਜ਼ਰੂਰ ਦਿਖਾਈ ਦਿੱਤੇ ਹਨ। ਉਨ੍ਹਾਂ ਵਿਚੋਂ ਇੱਕ ਨਾਮ ਮੈਂ ਲੈਣਾ ਜ਼ਰੂਰੀ ਸਮਝਦਾ ਹਾਂ। ਉਹ ਕੰਵਰ ਗਰੇਵਾਲ ਹੈ। ਉਸ ਦੀ ਸਮਝ ਨੂੰ ਬਹੁਤ ਹੀ ਫੂਹੜ ਕਹਿ ਲਓ ਕਿ ‘ਖੰਡੇ ਤਿੱਖੇ ਕਰਾਂਗੇ, ਦਿੱਲੀਏ ਤੇਰੀ ਐਸੀ ਤੈਸੀ ਕਰਾਂਗੇ` ਉਥੋਂ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਉਸ ਵਿਚ ਸੰਵੇਦਨਾ, ਸੰਜੀਦਗੀ ਹੌਲੀ-ਹੌਲੀ ਗੀਤਾਂ ਦੇ ਵਿਚ ਦੇਖਣ ਨੂੰ ਮਿਲੀ, ਜਿਸ ਨੂੰ ਮੈਂ ਮੁਬਾਰਕ ਸੰਕੇਤ ਸਮਝਦਾ ਹਾਂ।
ਦਲਜੀਤ ਅਮੀ: ਤੁਸੀਂ ਇਹ ਕਹਿ ਰਹੇ ਸੀ ਕਿ ਕੰਵਰ ਗਰੇਵਾਲ ਦੇ ਗੀਤ ਦੀ ਸਤਰ ਇਤਰਾਜ਼ਯੋਗ ਹੈ।
ਰੱਬੀ ਸ਼ੇਰਗਿੱਲ: ਮੈਨੂੰ ਇਹ ਸਮੱਸਿਆ ਵਾਲੀ ਗੱਲ ਲੱਗਦੀ ਹੈ; ਖ਼ਾਸ ਕਰ ਕਿਉਂਕਿ ਮੈਂ ਦਿੱਲੀ ਤੋਂ ਹਾਂ ਅਤੇ ਮੈਂ ਮਾਝੇ ਤੋਂ ਹਾਂ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਹਾਂ। ਮੈਂ ਤਵਾਰੀਖ਼ੀ ਲਾਸਾਨੀ ਤਸ਼ੱਦਦ ਦੇਖਿਆ ਹੈ। ਤੁਸੀਂ ਕਿਸ ਰਾਹ ਕਿਸ ਤਹਿਰੀਕ ਨੂੰ ਤੋਰਨਾ ਹੈ, ਉਹ ਬੜਾ ਹੀ ਸੰਵੇਦਨਸ਼ੀਲ ਕੰਮ ਹੈ। ਜੋ ਵੀ ਕਲਾਕਾਰ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਬਾਰੇ ਬਹੁਤ ਸੋਚ ਸਮਝ ਕੇ ਗੱਲ ਕਰਨ। ਕਲਾ ਤੋਂ ਬਾਅਦ ਫ਼ਲਸਫ਼ਾ ਪੈਦਾ ਹੁੰਦਾ ਹੈ ਅਤੇ ਫ਼ਲਸਫ਼ੇ ਤੋਂ ਬਾਅਦ ਤਹਿਰੀਕ ਪੈਦਾ ਹੁੰਦੀ ਹੈ। ਕਲਾ ਦੀ ਬਹੁਤ ਜ਼ਰੂਰੀ ਭੂਮਿਕਾ ਹੈ। ਮੈਨੂੰ ਲੱਗਦਾ ਹੈ ਕਿ ਉਹ ਗ਼ੈਰ-ਜ਼ਿੰਮੇਵਾਰੀ ਵਾਲੀ ਗੱਲ ਹੈ। ਮੈਂ ਉਸ ਤੋਂ ਬਾਅਦ ਟਿਕਰੀ ਬਾਰਡਰ ਗਿਆ। ਟਿਕਰੀ ਬਾਰਡਰ ਉੱਪਰ ਮੈਂ ਉਸ ਨੂੰ ਨੇੜਿਓਂ ਦੇਖਿਆ। ਉਸ ਵਿਚ ਮੈਨੂੰ ਹੋਰ ਧਰਮਾਂ ਪ੍ਰਤੀ ਇੱਜ਼ਤ ਕਰਨ ਵਾਲਾ ਸਰਵਪੱਖੀ ਕਿਰਦਾਰ ਵੀ ਦੇਖਣ ਨੂੰ ਮਿਲਿਆ। ਉਹ ਧੁਨੀ ਲਗਾਉਂਦਾ ਹੈ। ਕਦੇ ਉਹ ਵਾਹਿਗੁਰੂ-ਵਾਹਿਗੁਰੂ ਕਰਦਾ, ਕਦੇ ਰਾਮ-ਰਾਮ ਕਰਦਾ, ਕਦੇ ਅੱਲਾਹ-ਅੱਲਾਹ ਕਰਦਾ। ਅੱਲਾਹ ਹੂ-ਅੱਲਾਹ ਹੂ ਵੀ ਕਰਦਾ। ਇਹ ਸਾਡੇ ਸਾਰਿਆਂ ਦੀ ਸਮੱਸਿਆ ਹੈ ਕਿ ਸਾਡੀਆਂ ਪੰਜਾਬੀਅਤ ਵਿਚ ਤਰ੍ਹਾਂ-ਤਰ੍ਹਾਂ ਦੀਆਂ ਛੱਲਾਂ ਹਨ। ਕਦੇ ਇੱਕ ਮਜ਼ਹਬੀ ਛੱਲ ਹੈ। ਕਦੇ ਉਹ ਪੁਰਾਣੀ ਹਰ ਕਿਸੇ ਨਾਲ ਜੋੜਨ ਵਾਲੀ ਤੰਦ ਆਪਣੇ ਵਿਚ ਵਿਚ ਲੈ ਕੇ ਤੁਰਨ ਵਾਲੀ ਛੱਲ ਹੈ। ਬੁੱਲ੍ਹੇ ਸ਼ਾਹ ਦਾ ਕਲਾਮ ਹੈ, ਬਾਹੂ ਦਾ ਕਲਾਮ ਹੈ। ਮੈਨੂੰ ਲੱਗਦਾ ਹੈ ਕਿ ਜੋ ਪੰਜਾਬੀਅਤ ਦੇ ਕਲਾਸਿਕ ਸ਼ਾਇਰ, ਕਵੀ ਹਨ, ਅਸੀਂ ਪਹਿਲਾਂ ਇਨ੍ਹਾਂ ਨੂੰ ਜਿੰਨਾ ਘੋਖ ਸਕਦੇ ਹਾਂ, ਜਿੰਨਾ ਨਿਚੋੜ ਕੇ ਪੀ ਸਕਦੇ ਹਾਂ, ਕਿਉਂਕਿ ਜੋ ਇਸ ਤਰ੍ਹਾਂ ਦੇ ਮਕਬੂਲ, ਹਰ ਪੱਖੋਂ ਥੰਮ੍ਹ ਸਰੂਪ ਸਾਹਿਤਕਾਰ ਹਨ, ਇਨ੍ਹਾਂ ਵਿਚੋਂ ਸਾਨੂੰ ਤਸਦੀਕਸ਼ੁਦਾ ਪੰਜਾਬੀਅਤ ਦੇ ਤਸੱਵੁਰ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਵਿਚ ਮੈਂ ਸ਼ਾਹ ਹੁਸੈਨ ਨੂੰ ਗਿਣਾਂਗਾ, ਬਾਬਾ ਨਾਨਕ ਨੂੰ ਤਾਂ ਗਿਣਾਂਗਾ ਹੀ, ਬਾਬਾ ਫਰੀਦ ਨੂੰ ਵੀ ਗਿਣਾਂਗਾ, ਸ਼ਾਹ ਹੁਸੈਨ ਹਨ, ਬੁੱਲ੍ਹੇ ਸ਼ਾਹ ਹਨ, ਸੁਲਤਾਨ ਬਾਹੂ ਹੈ, ਸ਼ਿਵ ਬਟਾਲਵੀ, ਲਾਲ ਸਿੰਘ ਦਿਲ, ਹਰਿਭਜਨ ਸਿੰਘ ਹਨ। ਇਹ ਸਭ ਮਹਾਂਪੁਰਖ ਹਨ। ਮੇਰੇ ਖ਼ਿਆਲ ਮੁਤਾਬਕ ਆਪਣਾ ਕੁਝ ਰਚਣ ਤੋਂ ਪਹਿਲਾਂ ਇਨ੍ਹਾਂ ਦੀ ਰਚਨਾ ਵਿਚੋਂ ਲੰਘਣਾ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਜਿਹੜੀ ਟਕਸਾਲੀ ਪੰਜਾਬੀਅਤ ਹੈ, ਜੋ ਬਚੀ ਹੋਈ ਪੰਜਾਬੀਅਤ ਹੈ, ਜੋ ਕਿਸੇ ਹੋਰ ਵਿਚੋਂ ਲਈ ਪੰਜਾਬੀ ਹੈ, ਜੋ ਅਖ਼ੀਰ ਆਪਣੇ ਕਿਸੇ ਮੁਕਾਮ ਉੱਤੇ ਪਹੁੰਚੀ ਹੈ, ਉਹ ਇਨ੍ਹਾਂ ਥਾਣੀਂ ਲੰਘ ਕੇ ਪਹੁੰਚਦੀ ਹੈ। ਇਹ ਸਾਡੀ ਤਵਾਰੀਖ ਦੇ, ਯਾਤਰਾ ਦੇ ਮਟਰ ਦੇ ਦਾਣੇ ਹਨ ਜਿਨ੍ਹਾਂ ਦੇ ਸਿਰ ਉੱਤੇੇ ਅਸੀਂ ਆਪਣੇ ਮੁੱਢ ਤੱਕ ਪਹੁੰਚ ਸਕਦੇ ਹਾਂ।
ਦਲਜੀਤ ਅਮੀ: ਤੁਸੀਂ ਕਿਹਾ ਕਿ ਇਹ ਅੰਤਿਮ ਪੰਜਾਬੀਅਤ ਹੈ। ਦੁਨੀਆ ਉੱਤੇ ਕੋਈ ਅਜਿਹੀ ਚੀਜ਼ ਹੈ ਜਿਸ ਨੂੰ ਕਿਹਾ ਜਾ ਸਕਦਾ ਹੋਵੇ ਕਿ ਇਹ ਟਕਸਾਲੀ ਹੈ ਜਾਂ ਇਹ ਅੰਤਿਮ ਹੈ।
ਰੱਬੀ ਸ਼ੇਰਗਿੱਲ: ਨਹੀਂ, ਕਿਸੇ ਨੂੰ ਟਕਸਾਲੀ ਅੰਤਿਮ ਤਾਂ ਨਹੀਂ ਕਹਿ ਸਕਦੇ ਪਰ ਕਿਸੇ ਨੂੰ ਪ੍ਰਮਾਣਿਕ ਜ਼ਰੂਰ ਕਹਿ ਸਕਦੇ ਹਾਂ। ਕਿਹੜੀ ਚੀਜ਼ ਜਾਂ ਸਾਹਿਤ ਸਾਡੀ ਨੁਮਾਇੰਦਗੀ ਕਰਦਾ ਹੈ।
ਦਲਜੀਤ ਅਮੀ: ਉਹ ਸਾਹਿਤ ਜੋ ਨੁਮਾਇੰਦਗੀ ਕਰਦਾ ਹੈ, ਉਸ ਵਿਚ ਵੀ ਵੰਨ-ਸਵੰਨਤਾ ਹੁੰਦੀ ਹੈ ਜਾਂ ਸਿਰਫ ਇੱਕਰੂਪਤਾ?
ਰੱਬੀ ਸ਼ੇਰਗਿੱਲ: ਬਿਲਕੁਲ ਵੰਨ-ਸਵੰਨਤਾ ਹੁੰਦੀ ਹੈ।
ਦਲਜੀਤ ਅਮੀ: ਅਸੀਂ ਇੱਕ-ਦੂਜੇ ਨਾਲ ਅਸਹਿਮਤ ਹੁੰਦਿਆਂ ਵੀ ਕਿਸੇ ਖਿੱਤੇ, ਬਰਾਦਰੀ ਜਾਂ ਬੋਲੀ ਦੀ ਨੁਮਾਇੰਦਗੀ ਕਰ ਸਕਦੇ ਹਾਂ।
ਰੱਬੀ ਸ਼ੇਰਗਿੱਲ: ਬਿਲਕੁਲ ਕਰ ਸਕਦੇ ਹਾਂ। ਯੂਟਿਊਬ ਉੱਤੇ ਕੁਝ ਦੇਖ ਰਿਹਾ ਸੀ, ਇੱਕ ਪੁਰਾਣਾ ਯੂਨਾਨੀ ਰਾਜਾ ਹੈ, ਮਨੈਂਡਰ ਵਨ। ਉਸ ਨੇ ਪੰਜਾਬ ਉੱਤੇ ਪੱਚੀ ਸਾਲ ਰਾਜ ਕੀਤਾ। ਕਹਿੰਦੇ ਹਨ ਬਹੁਤ ਵਧੀਆ ਰਾਜ ਸੀ। ਬਹੁਤ ਵਧੀਆ ਇੰਤਜ਼ਾਮ ਸਨ। ਉਸ ਨੇ ਤਿੰਨ ਵੱਡੇ ਸ਼ਹਿਰ ਬਣਵਾਏ ਸਨ। ਮੇਰੀ ਘਰਵਾਲੀ ਮੇਰੇ ਨਾਲ ਬੈਠੀ ਦੇਖ ਰਹੀ ਸੀ। ਉਸ ਨੇ ਮਨੈਂਡਰ ਦੀ ਤਸਵੀਰ ਅਤੇ ਉਸ ਵੇਲੇ ਦੀਆਂ ਬਰਾਮਦ ਮੂਰਤੀਆਂ ਦੇਖੀਆਂ ਤਾਂ ਕਹਿੰਦੀ ਕਿ ਤੂੰ ਨਿਰਾ-ਪੁਰਾ ਇਸ ਵਰਗਾ ਲੱਗਦਾ ਹੈ। ਕਿਸੇ ਹੋਰ ਨੂੰ ਮੇਰੇ ਅੰਦਰ ਯੂਨਾਨ ਵੀ ਮਹਿਸੂਸ ਹੋਇਆ, ਜਿਹੜਾ ਮੈਨੂੰ ਅੱਜ ਤੱਕ ਨਹੀਂ ਹੋਇਆ। ਤੁਹਾਡੇ ਮੇਰੇ ਅੰਦਰ ਪਤਾ ਨਹੀਂ ਕੀ ਕੁਝ ਬੈਠਾ ਹੈ।
ਦਲਜੀਤ ਅਮੀ: ਜਦੋਂ ਤੁਸੀਂ ਪ੍ਰਮਾਣਿਕ ਪੰਜਾਬੀ ਹੋਣ ਦੀ ਦਾਅਵੇਦਾਰੀ ਕਰਦੇ ਹੋ ਤਾਂ ਤੁਹਾਡੇ ਵਿਚੋਂ ਕਿਸੇ ਨੂੰ ਯੂਨਾਨੀ ਨਜ਼ਰ ਆਉਂਦਾ ਹੈ ਤਾਂ ਉਹ ਤੁਹਾਨੂੰ ਖੋਟ ਲੱਗਦੀ ਹੈ ਜਾਂ ਤੁਹਾਨੂੰ ਆਪਣਾ ਸਰਮਾਇਆ ਲੱਗਦਾ ਹੈ?
ਰੱਬੀ ਸ਼ੇਰਗਿੱਲ: ਅਸੀਂ ਪੰਜਾਬੀ ਇਸੇ ਤਰ੍ਹਾਂ ਦੇ ਹੀ ਹਾਂ। ਹੋਰ ਪੰਜਾਬੀ ਨਾਰਾਜ਼ ਹੋ ਜਾਣ। ਅਸੀਂ ਖੋਟੇ ਸਿੱਕੇ ਹੀ ਹਾਂ ਪਰ ਹਰ ਥਾਂ ਕੰਮ ਆਉਣ ਵਾਲੇ ਖੋਟੇ ਸਿੱਕੇ ਹਾਂ।
ਦਲਜੀਤ ਅਮੀ: ਨਹੀਂ, ਖੋਟ ਬਾਬਤ ਮੈਂ ਇਸ ਮਾਇਨੇ ਦੇ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕੋਈ ਨਿਰੋਲ, ਪਾਕੀਜ਼ਾ, ਕੋਈ ਅੰਤਿਮ ਜਾਂ ਟਕਸਾਲੀ ਨਾਮ ਦੀ ਚੀਜ਼ ਹੀ ਮਾਇਨੇ ਰੱਖਦੀ ਹੈ ਜਾਂ ਜੋ ਖੋਟੇ ਹੁੰਦੇ ਹਨ, ਇਸ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਰਲੀਆਂ ਹੁੰਦੀਆਂ ਹਨ।
ਰੱਬੀ ਸ਼ੇਰਗਿੱਲ: ਰਲੀਆਂ ਹੁੰਦੀਆਂ ਹਨ।
ਦਲਜੀਤ ਅਮੀ: ਸਦਾ ਰਲਦੀਆਂ ਰਹਿੰਦੀਆਂ ਹਨ।
ਰੱਬੀ ਸ਼ੇਰਗਿੱਲ: ਜੋ ਅਸੀਂ ਪੁਖਤਗੀ ਦੀ ਭਾਲ ਕਰਦੇ ਹਾਂ, ਉਹ ਯਾਤਰਾ ਵਿਚ ਹੀ ਹੈ। ਸਾਡੀ ਕੌਮ ਦੀ ਯਾਤਰਾ ਵਿਚ ਹੀ ਉਸ ਦੀ ਪ੍ਰਮਾਣਿਕਤਾ ਦੇ ਵਿਚ ਹੀ ਅਸੀਂ ਤੁਸੀਂ ਆਪਣੀ ਪ੍ਰਮਾਣਿਕਤਾ ਭਾਲ ਸਕਦੇ ਹਾਂ।
ਦਲਜੀਤ ਅਮੀ: ਤੁਹਾਡੀ ਇਹ ਗੱਲ ਚੰਗੀ ਲੱਗੀ ਕਿਉਂਕਿ ਜਦੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਤਾਂ ਕੌਮ ਦੀਆਂ ਜੜ੍ਹਾਂ ਅਤੇ ਘਾਹ ਨਾਲ ਜੁੜੀ ਹੋਈ ਤਸ਼ਬੀਹ ਨਾਲ ਸ਼ੁਰੂ ਕੀਤੀ ਸੀ, ਹੁਣ ਮੈਂ ਹਵਾ ਦੀ ਗੱਲ ਕੀਤੀ ਪਰ ਜਦੋਂ ਹੁਣ ਅਸੀਂ ਯਾਤਰਾ ਤੱਕ ਆ ਗਏ ਹਾਂ ਤਾਂ ਆਉਣ ਵਾਲਾ ਯਾਤਰੀ ਵੀ ਸਾਡਾ ਆਪਣਾ ਹੁੰਦਾ ਅਤੇ ਜਿੱਥੇ ਜਾਂਦੇ ਹਾਂ, ਉਹ ਥਾਂ ਵੀ ਸਾਡੀ ਆਪਣੀ ਹੁੰਦੀ ਹੈ।
ਰੱਬੀ ਸ਼ੇਰਗਿੱਲ: ਮੈਂ ਇੱਕ ਗੱਲ ਆਖਾਂਗਾ। ਜਿੱਥੇ ਅਸੀਂ ਜਾਂਦੇ ਹਾਂ, ਉਹ ਤੁਹਾਡੀ ਮੇਰੀ ਚੋਣ ਹੈ। ਜੇ ਸਾਡੇ ਨਾਲ ਕੋਈ ਮਿਲਾਵਟ ਹੋ ਰਹੀ ਹੈ, ਉਸ ਮਿਲਾਵਟ ਨੂੰ ਬਾਹਰ ਕੱਢਣਾ ਜਾਂ ਰੱਖਣਾ ਇਹ ਵੀ ਚੋਣ ਹੈ। ਸਭ ਕੁਝ ਚੋਣ ਹੈ।
ਦਲਜੀਤ ਅਮੀ: ਜਦੋਂ ਅਸੀਂ ਕਿਸੇ ਵੀ ਤਹਿਜ਼ੀਬ ਵੀ ਗੱਲ ਕਰਦੇ ਹਾਂ, ਉਸ ਦਾ ਝਰਨਾ ਸਦਾ ਹੀ ਵਗਦਾ ਰਹਿੰਦਾ ਹੈ ਕਿ ਤੁਹਾਡੇ ਕੋਲ ਕੀ ਆਇਆ? ਜੋ ਤੁਹਾਡੇ ਕੋਲ ਆਇਆ, ਉਸ ਵਿਚੋਂ ਕਿਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਕਿਸ ਨੂੰ ਰੱਦ ਕਰਨਾ ਜਾਂ ਕਿਸ ਨੂੰ ਸੁਧਾਰ ਕੇ ਅੱਗੇ ਲੈ ਕੇ ਜਾਣਾ ਹੈ। ਇਹ ਤਾਂ ਸਦੀਵੀ ਕੰਮ ਹੀ ਹੈ।
ਰੱਬੀ ਸ਼ੇਰਗਿੱਲ: ਤੁਹਾਡਾ ਕਹਿਣਾ ਸਹੀ ਹੈ ਪਰ ਜੋ ਬਹੁਤ ਵੱਡੀ ਉਥਲ-ਪੁਥਲ ਹੈ, ਉਸ ਦੀ ਬਹੁਤ ਵੱਡੀ ਕੀਮਤ ਦੇਣੀ ਪੈਂਦੀ ਹੈ; ਜਿਵੇਂ ਆਸਟਰੇਲੀਆ ਵਿਚ ਤੁਸੀਂ ਹਿੰਦੋਸਤਾਨ ਦਾ ਬੂਟਾ ਨਹੀਂ ਲੈ ਕੇ ਜਾ ਸਕਦੇ। ਤੁਸੀਂ ਲੈ ਕੇ ਜਾ ਸਕਦੇ ਹੋ, ਕਈ ਲੈ ਕੇ ਗਏ ਵੀ ਹਨ, ਜਿਵੇਂ ਅੰਗਰੇਜ਼ ਉੱਥੇ ਕੁੱਤਾ ਲੈ ਕੇ ਗਏ। ਉਸ ਨੂੰ ਡਿੰਗੋ ਕਹਿੰਦੇ ਹਨ। … ਉੱਥੋਂ ਦੇ ਮਾਹੌਲ ਵਿਚ ਉਸ ਨੇ ਬਹੁਤ ਖੌਰੂ-ਪਾਊ ਭੂਿਮਕਾ ਅਦਾ ਕੀਤੀ ਹੈ। ਉਸ ਨੇ ਹੋਰ ਜੀਵਾਂ ਦਾ ਬਹੁਤ ਘਾਣ ਕੀਤਾ ਹੈ ਪਰ ਉਹ ਉੱਥੋਂ ਦਾ ਬਣ ਰਿਹਾ ਹੈ। ਪਤਾ ਨਹੀਂ ਕਿੰਨੀ ਦੇਰ ਵਿਚ ਬਣੇਗਾ ਪਰ ਉਸ ਖਿੱਤੇ ਨੂੰ ਕੀਮਤ ਅਦਾ ਕਰਨੀ ਪੈ ਰਹੀ ਹੈ। ਜੋ ਸਾਡੇ ਵਿਚ ਮਿਲਾਵਟ ਪੈ ਰਹੀ ਹੈ ਜਾਂ ਖੋਟ ਪੈ ਰਹੀ ਹੈ ਤਾਂ ਮੈਂ ਇਸ ਦੀ ਦੂਜਿਆਂ ਨੂੰ ਤਬਾਹ ਕਰਨ ਦੀ ਸਮਰੱਥਾ ਬਾਰੇ ਫਿਕਰਮੰਦ ਜ਼ਰੂਰ ਹਾਂ। ਮੈਂ ਪੰਜਾਬੀਅਤ, ਪੰਜਾਬੀ ਜ਼ਬਾਨ ਬਾਰੇ ਫ਼ਿਕਰਮੰਦ ਜ਼ਰੂਰ ਹਾਂ। ਮੈਨੂੰ ਪੰਜਾਬੀ ਜ਼ਬਾਨ ਦਾ ਹਿੰਦੀ ਦੇ ਬਨਿਸਬਤ ਕਮਤਰ ਹੈਸੀਅਤ ਵੱਲ ਵੱਧਣਾ, ਫਿਕਰ ਵਿਚ ਪਾਉਂਦਾ ਹੈ। ਜਿਸ ਜ਼ਬਾਨ ਨੇ ਬਾਬਾ ਫਰੀਦ ਵਰਗਾ ਮੁਕੰਮਲ ਸ਼ਾਇਰ ਪੈਦਾ ਕੀਤਾ ਹੈ, ਉਸ ਨਾਲ ਇਸ ਤਰ੍ਹਾਂ ਦੀ ਤ੍ਰਾਸਦੀ ਹੋਵੇ, ਇਹ ਤੁਹਾਨੂੰ-ਮੈਨੂੰ ਹੀ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦੀ ਹੈ ਪਰ ਮੈਂ ਇੰਨਾ ਜ਼ਰੂਰ ਕਹਿੰਦਾ ਹਾਂ ਕਿ ਤੁਹਾਨੂੰ-ਮੈਨੂੰ, ਹੋਰ ਪੰਜਾਬੀਆਂ ਨੂੰ ਆਪਣੀ ਯਾਤਰਾ ਚੁਣਨ ਦਾ, ਆਪਣੀ ਲੀਹ ਉੱਤੇ ਤੁਰਨ ਦਾ ਹੱਕ ਹੈ। ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਵਾਰ ਲੀਹੋਂ ਲੱਥਾਂ ਹਾਂ। ਜੇ ਤੁਸੀਂ ਮੇਰੇ ਮਾਤਾ-ਪਿਤਾ ਨੂੰ ਪੁੱਛ ਕੇ ਦੇਖੋ, ਤਾਂ ਹੋ ਸਕਦਾ ਹੈ ਕਿ ਉਹ ਮੇਰੀ ਜ਼ਿੰਦਗੀ ਦੀਆਂ ਅੱਧੀਆਂ ਤੋਂ ਵੱਧ ਚੋਣਾਂ ਨਾਲ ਰਜ਼ਾਮੰਦ ਨਾ ਹੋਣ ਪਰ ਮੈਂ ਆਪਣੀ ਜ਼ਿੰਦਗੀ ਦੇ ਉੱਤੇ ਤੁਰਿਆ ਹਾਂ।
ਦਲਜੀਤ ਅਮੀ: ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਈ ਵਾਰ ਲੀਹੋਂ ਲੱਥੇ ਹੋ, ਤੇ ਉਹ ਕਹਿਣ ਕਿ ਇਹ ਪੱਕਾ ਹੀ ਲੀਹੋਂ ਲੱਥਾ ਹੈ।
ਰੱਬੀ ਸ਼ੇਰਗਿੱਲ: ਹਾਂ ਉਹ ਇਹ ਕਹਿਣ। ਉਸ ਤਰ੍ਹਾਂ ਮੈਂ ਨਹੀਂ ਕਹਿ ਸਕਦਾ ਕਿ ਲੀਹ ਕਿਹੜੀ ਹੈ, ਤੇ ਕਿਸ ਉੱਤੇ ਤੁਰਨਾ ਹੈ।
ਦਲਜੀਤ ਅਮੀ: ਪਰ ਲੀਹਾਂ ਤਾਂ ਲੀਹ ਤੋਂ ਲੱਥਣ ਉੱਤੇ ਬਣਦੀਆਂ ਹਨ।
ਰੱਬੀ ਸ਼ੇਰਗਿੱਲ: ਜੋ ਇਸ਼ਕ ਹੈ, ਤੁਹਾਡਾ ਪੰਜਾਬੀਅਤ ਨਾਲ ਜੁੜਨਾ ਇਸ਼ਕ ਵਾਂਗੂ ਹੀ ਹੈ। ਜੇ ਮੈਂ ਤੁਹਾਨੂੰ ਪੁੱਛਾਂ ਕਿ ਜਦੋਂ ਤੁਹਾਨੂੰ ਇਸ਼ਕ ਹੋਇਆ ਸੀ, ਉਸਦਾ ਅਹਿਸਾਸ ਤੁਹਾਨੂੰ ਯਾਦ ਹੈ? ਮੈਂ ਉਮੀਦ ਰੱਖਦਾ ਹਾਂ ਕਿ ਜ਼ਿਆਦਤਰ ਲੋਕਾਂ ਨੂੰ ਉਹ ਅਹਿਸਾਸ ਯਾਦ ਹੋਵੇਗਾ ਪਰ ਬਾਹਰੋਂ ਕੋਈ ਦੇਖ ਕੇ ਤੁਹਾਨੂੰ ਇਹ ਕਹਿ ਸਕਦਾ ਹੈ ਕਿ ਇਸ ਬੰਦੇ ਨੂੰ ਇਸ਼ਕ ਹੈ। ਬਾਹਰਲਾ ਬੰਦਾ ਆ ਕੇ ਕਹੇ ਕਿ ਤੁਹਾਨੂੰ ਇਸ਼ਕ ਨਹੀਂ ਹੈ, ਕੀ ਉਹ ਗੱਲ ਝੂਠ ਹੋ ਸਕਦੀ ਹੈ? ਇਸ਼ਕ ਨੂੰ ਜੇਕਰ ਕੋਈ ਹੋਰ ਨਹੀਂ ਵੀ ਸਮਝ ਰਿਹਾ ਤਾਂ ਤੁਹਾਡੇ ਹੱਡ, ਤੁਹਾਡਾ ਲੂੰ-ਲੂੰ, ਤੁਹਾਡਾ ਕਣ-ਕਣ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਇਸ਼ਕ ਹੈ।
ਦਲਜੀਤ ਅਮੀ: ਤੁਹਾਡੇ ਅਹਿਸਾਸ ਵਿਚ ਵਸਿਆ ਹੈ।
ਰੱਬੀ ਸ਼ੇਰਗਿੱਲ: ਤੁਹਾਡੇ ਅਹਿਸਾਸ ਦੇ ਵਿਚ ਵਸਿਆ ਹੈ। ਪੰਜਾਬੀਅਤ ਨੂੰ ਮੈਂ ਇਸ ਤਰ੍ਹਾਂ ਹੀ ਦੇਖਦਾ ਹਾਂ, ਜੇ ਤੁਹਾਡੇ ਨਾਲ ਕਦੇ ਕਿਸੇ ਨੇ ਇਸ਼ਕ ਕੀਤਾ, ਜੇ ਜ਼ਬਾਨ ਵਿਚ ਤੁਹਾਡੇ ਨਾਲ ਪਿਆਰ ਹੋਇਆ ਹੈ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਪਿਆਰ ਪੰਜਾਬੀ ਜ਼ਬਾਨ ਵਿਚ ਮਿਲਿਆ। ਹੋ ਸਕਦਾ ਹੈ ਕਿਸੇ ਨੂੰ ਦੂਜੀ ਜ਼ਬਾਨ ਵਿਚ ਮਿਲਿਆ ਹੋਵੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਮਿਲਿਆ ਹੋਵੇ ਪਰ ਮੈਂ ਉਨ੍ਹਾਂ ਸਾਰਿਆਂ ਨੂੰ ਅਰਜ਼ੋਈ ਜ਼ਰੂਰ ਕਰਨੀ ਚਾਹਾਂਗਾ ਕਿ ਜਿਸ ਕਿਸੇ ਨੂੰ ਇਸ਼ਕ, ਮੁਹੱਬਤ, ਪਿਆਰ ਪੰਜਾਬੀ ਜਾਂ ਪੰਜਾਬੀਅਤ ਵਿਚ ਮਿਲਿਆ, ਉਹ ਉਸ ਨੂੰ ਤਸਦੀਕ ਜ਼ਰੂਰ ਕਰਨ। ਉਸ ਨੂੰ ਆਪਣੇ ਖ਼ਿਆਲਾਂ ਵਿਚ ਜ਼ਰੂਰ ਰੱਖੇ। ਸਿਰਫ਼ ਇੰਨਾ ਹੀ। ਫਿਰ ਤੁਹਾਡਾ ਹਰ ਕਰਮ ਜੇ ਇਸ ਇਸ਼ਕ ਦੇ ਨਾਲ ਸਰਾਬੋਰ ਹੈ ਤਾਂ ਮੈਂ ਉਮੀਦ ਕਰਦਾ ਹਾਂ ਕਿ ਪੰਜਾਬੀਅਤ ਖ਼ੁਦ-ਬ-ਖ਼ੁਦ ਆਪਣਾ ਵਹਿਣ ਲੱਭ ਲਏਗੀ।
ਦਲਜੀਤ ਅਮੀ: ਤੁਸੀਂ ਵਹਿਣ ਦੀ ਗੱਲ ਕੀਤੀ। ਲੀਹ ਦੀ ਗੱਲ ਕੀਤੀ। ਜਦੋਂ ਤੁਸੀਂ ਗੀਤ ਲਿਖਦੇ ਹੋ, ਗਾਉਂਦੇ ਹੋ, ਇਸ ਵੇਲੇ ਵੀ ਗੀਤਾਂ ਦੇ ਗਾਇਕੀ ਦੇ ਆਪਣੇ ਵਹਿਣ, ਲੀਹਾਂ ਹਨ। ਉਹ ਲੀਹਾਂ ਮੰਡੀ ਦੇ ਨਾਲ ਜੁੜੀਆਂ ਹੋਈਆਂ ਹਨ। ਹਰ ਬੰਦਾ ਜੋ ਗਾਇਕ ਹੈ, ਉਹ ਦਾਅਵਾ ਕਰਦਾ ਹੈ ਜਾਂ ਕਰਨਾ ਚਾਹੁੰਦਾ ਹੈ ਕਿ ਉਸ ਨੂੰ ਇੰਨੇ ਲੱਖ ਲੋਕਾਂ ਨੇ ਯੂਟਿਊਬ ਉੱਤੇ ਦੇਖਿਆ। ਇਹ ਸਾਰੇ ਦੇਖਣ ਵਾਲੇ ਆਪ-ਮੁਹਾਰੇ, ਬਗ਼ੈਰ ਕਿਸੇ ਇਸ਼ਤਿਹਾਰ ਦੇ ਆਏ ਸਨ।
ਰੱਬੀ ਸ਼ੇਰਗਿੱਲ: ਕਈਆਂ ਨੂੰ ਦੇਖਣ ਵਾਲੇ ਇੰਨੇ ਹਨ ਜਿੰਨੇ ਦਸ ਪੰਜਾਬ ਹੋਣ!
ਮੈਂ ਉਸ ਵਿਚ ਲਹਿੰਦਾ ਪੰਜਾਬ ਵਿਚ ਗਿਣ ਰਿਹਾ ਹਾਂ ਕਿਉਂਕਿ ਮੈਂ ਇਸ ਦਾ ਭੇਤੀ ਹਾਂ। ਜੇ ਤੁਸੀਂ ਆਪਣੇ ਇਸ ਵੀਡੀਓ ਨੂੰ ਦੇਖਣ ਵਾਲਿਆਂ ਦੀ ਗਿਣਤੀ ਦਸ ਲੱਖ ਚਾਹੁੰਦੇ ਹੋ ਤਾਂ ਉਸ ਦੀ ਵੀ ਕੀਮਤ ਹੈ। ਤੁਸੀਂ ਚੈੱਕ ਉੱਤੇ ਉਹ ਰਕਮ ਲਿਖਣੀ ਚਾਹੋਗੇ ਤਾਂ ਤੁਹਾਡੇ ਇਸ ਵੀਡੀਓ ਨੂੰ ਦੇਖਣ ਵਾਲਿਆਂ ਦੀ ਗਿਣਤੀ ਦਸ ਲੱਖ ਹੋ ਜਾਵੇਗੀ। ਇਸ ਤਰ੍ਹਾਂ ਦਾ ਮਾਹੌਲ, ਰਵਾਇਤ ਬਣ ਚੁੱਕੀ ਹੈ। ਸਾਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ ਹੈ।
ਦਲਜੀਤ ਅਮੀ: ਤੁਸੀਂ ਜਾਣੂ ਹੋ। ਤੁਸੀਂ ਆਪ ਕਿਹਾ ਕਿ ਤੁਸੀਂ ਭੇਤੀ ਹੋ। ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਗਾਇਕੀ ਜਾਂ ਗੀਤਾਂ ਵਿਚੋਂ ਪੈਸੇ ਕਮਾਏ ਜਾਂਦੇ ਹਨ ਜਾਂ ਕਿਸ ਤਰੀਕੇ ਦੇ ਨਾਲ ਮਕਬੂਲ ਹੋਇਆ ਜਾਂਦਾ ਹੈ। ਭੇਤੀ ਬੰਦਾ ਰਾਜ ਸਿੰਘ ਵਰਗਾ ਗੀਤ ਕਿਉਂ ਅਤੇ ਕਿਵੇਂ ਲਿਖ ਲੈਂਦਾ?
ਰੱਬੀ ਸ਼ੇਰਗਿੱਲ: ਕਿਉਂਕਿ ਮੈਨੂੰ ਬੇਇੰਤਹਾ ਪਿਆਰ ਮਿਲਿਆ। ਮੇਰੀ ਭਾਬੋ ਨੇ ਮੈਨੂੰ ਬੇਇੰਤਹਾ ਪਿਆਰ ਕੀਤਾ। ਮੈਨੂੰ ਮੇਰੇ ਪਿਓ ਨੇ ਦਿਨ ਵਿਚ ਤਿੰਨ ਵਾਰ ਚੂਰੀ ਦੀਆਂ ਬੁਰਕੀਆਂ ਖੁਆਈਆ ਹਨ। ਮੈਨੂੰ ਪਿਆਰ ਹੈ।
ਦਲਜੀਤ ਅਮੀ: ਤੁਸੀਂ ਉਸ ਪਿਆਰ ਅਤੇ ਚੂਰੀ ਦਾ ਕਰਜ਼ਾ ਉਤਾਰ ਰਹੇ ਹੋ ਜਦੋਂ ਤੁਸੀਂ ਰਾਜ ਸਿੰਘ ਉੱਤੇ ਗੀਤ ਬਣਾਉਂਦੇ ਹੋ।
ਰੱਬੀ ਸ਼ੇਰਗਿੱਲ: ਜੋ ਅੱਜ ਖੇਤੀ ਸੰਕਟ ਨਾਲ ਜੂਝ ਰਹੇ ਹਨ, ਮੈਂ ਉਨ੍ਹਾਂ ਸਾਰਿਆਂ ਵਿਚ ਆਪਣੇ ਪਿਓ ਨੂੰ ਦੇਖਦਾ ਹਾਂ। ਆਪਣੇ ਦਾਦੇ ਅਤੇ ਭਾਬੋ ਨੂੰ ਦੇਖਦਾ ਹਾਂ। ਮੈਨੂੰ ਨਹੀਂ ਪਤਾ, ਮੈਂ ਜਾਣ ਬੁੱਝ ਕੇ ਕੋਸ਼ਿਸ਼ ਨਹੀਂ ਕੀਤੀ। ਇਸ ਗੀਤ ਨੂੰ ਆਪਣੇ ਕੋਲ ਸਾਂਭਿਆ ਮੈਨੂੰ ਵੀਹ ਸਾਲ ਹੋ ਗਏ ਸਨ। ਰਾਜ ਸਿੰਘ ਸੰਗਰੂਰ ਜ਼ਿਲ੍ਹੇ ਦਾ ਵਾਸੀ ਸੀ।
ਦਲਜੀਤ ਅਮੀ: ਚੰਗਾਲੀ ਕਲਾਂ ਦਾ।
ਰੱਬੀ ਸ਼ੇਰਗਿੱਲ: ਬੜੀ ਪੁਰਾਣੀ ਗੱਲ ਹੈ। ਇਹ ਕੋਈ ਨਵੀਂ ਗੱਲ ਨਹੀਂ ਕਿ ਮੈਂ ਇੰਨੇ ਸਾਲ ਨਹੀਂ ਗਾਇਆ ਪਰ ਇੱਕ ਵੇਲਾ ਐਸਾ ਆਇਆ ਜਦੋਂ ਮੈਂ ਗਾਏ ਬਗ਼ੈਰ ਨਹੀਂ ਰਹਿ ਸਕਿਆ। ਮੈਂ ਜ਼ਿੰਦਗੀ ਪੰਜਾਬ ਵਿਚ ਨਹੀਂ ਜਿਊਂਦਾ ਹਾਂ। ਬਸ ਮੈਂ ਇੰਨਾ ਆਖਾਂਗਾ ਕਿ ਪੰਜਾਬ ਮੇਰੇ ਲਈ ਦਰਦ ਦਾ ਸਬਬ ਹੈ ਕਿਉਂਕਿ ਮੇਰੇ ਚਿੱਤ ਚੇਤਿਆਂ ਵਿਚ ਜਿਹੋ-ਜਿਹਾ ਪੰਜਾਬ ਵਸਦਾ, ਓਹ ਪੰਜਾਬ ਮੈਂ ਹੁਣ ਨਹੀਂ ਦੇਖਦਾ। ਮੇਰੇ ਪੰਜਾਬ ਵਿਚ ਪਿੰਡ ਵਿਚ ਬੈਠਾ ਬੰਦਾ, ਵੱਟ ਉੱਤੇ ਬੈਠਾ ਬੰਦਾ ਵੀ ਕੋਈ ਧੁਰ ਅਜ਼ਲਾਂ ਦੀ ਗੱਲ ਕਰ ਸਕਦਾ ਹੈ। ਉਸ ਵਿਚ ਬੜੇ ਗਹਿਰ-ਗੰਭੀਰ ਡੂੰਘੇ ਅਤੇ ਕਮਾਲ ਦੀ ਗੱਲ ਕਰਨ ਵਾਲੇ ਲੋਕ ਮੌਜੂਦ ਸਨ। ਹੁਣ ਜੋ ਮੈਂ ਦੇਖਦਾ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ, ਸਾਡੀ ਜੋ ਮੌਜੂਦਾ ਪੀੜ੍ਹੀ ਹੈ, ਇਹ ਬਹੁਤ ਹੀ ਪੜ੍ਹੀ-ਲਿਖੀ ਅਤੇ ਅਨਪੜ੍ਹ ਹੈ। ਇਸ ਦਾ ਅਜੀਬ ਸੁਮੇਲ ਜਾਂ ਮੁਜੱਸਮਾ ਜਾਂ ਅਜੀਬ ਹੀ ਨਮੂਨਾ ਹੈ।
ਦਲਜੀਤ ਅਮੀ: ਇਹ ਗੱਲ ਵੀ ਅਕਹਿ ਹੀ ਹੋ ਗਈ ਹੈ।
ਰੱਬੀ ਸ਼ੇਰਗਿੱਲ: ਇਹ ਵੀ ਅਕਹਿ ਗੱਲ ਹੈ ਕਿ ਸਾਰੇ ਪੜ੍ਹੇ ਲਿਖੇ ਹਨ ਅਤੇ ਸਾਰੇ ਹੀ ਅਨਪੜ੍ਹ ਹਨ। ਜਹਾਲਤ ਇਸ ਕਿਸਮ ਦੀ ਹੈ ਕਿ ਕਈ ਗੱਲਾਂ ਹੋ ਨਹੀਂ ਸਕਦੀਆਂ। ਅੱਜ ਮੈਂ ਪੰਜਾਬ ਵਿਚ ਬੈਠ ਕੇ ਇਹ ਇੰਟਰਵਿਊ ਕਰ ਰਿਹਾ ਹੋਵਾਂ ਤਾਂ ਮੈਂ ਇਹ ਗੱਲ ਨਹੀਂ ਕਹਿ ਸਕਦਾ। ਪੰਜਾਬ ਵਿਚ ਝੋਨਾ, ਪਾਣੀ ਨੂੰ ਕਿਸ ਤਰ੍ਹਾਂ ਬਰਬਾਦ ਕਰਦਾ ਹੈ, ਇਹ ਗੱਲ ਨਹੀਂ ਹੋ ਸਕਦੀ। ਸੰਯੁਕਤ ਕਿਸਾਨ ਮੋਰਚੇ ਨਾਲ ਵੀ ਨਹੀਂ ਹੋ ਸਕਦੀ। ਸਾਡੀ ਖੇਤੀ ਕੁਦਰਤ ਦੇ ਹਰ ਨਿਯਮ ਦੇ ਵਿਰੁੱਧ ਜਾ ਰਹੀ ਹੈ। ਪੰਜਾਬ ਵਿਚ ਜੰਗਲ ਦਾ ਕਿੰਨਾ ਘਾਣ ਹੋਇਆ ਹੈ, ਇਸ ਦੀ ਕੋਈ ਗੱਲ ਨਹੀਂ ਕਰ ਸਕਦੇ। ਮੇਰੇ ਪਿਤਾ ਜੀ ਖੇਤ ਦੇ ਕੰਮ ਕਰਦਿਆਂ ਤੁਹਾਨੂੰ ਪਰਸੋਂ ਨੂੰ ਹੋਣ ਵਾਲੇ ਮੀਂਹ ਦੀ ਪੱਕੀ ਜਾਣਕਾਰੀ ਦੇ ਸਕਦੇ ਸਨ। ਉਹ ਕਹਿੰਦੇ ਸਨ ਪੁਰਾ ਵਗਦਾ ਹੈ, ਬੱਦਲ ਆਉਣ ਲੱਗੇ ਹਨ; ਜਾਂ ਪਹਾੜ ਤੋਂ ਹਵਾ ਵਗਦੀ ਹੈ, ਅੱਜ ਮੀਂਹ ਪਵੇਗਾ। ‘ਆਪਾਂ ਚਲੇ ਚਲੀਏ ਕਾਕਾ, ਇੱਥੇ ਮੀਂਹ ਪੈਣ ਵਾਲਾ ਹੈ।` ਇਹੋ ਜਿਹੀਆਂ ਗੱਲਾਂ ਮੇਰੇ ਪਿਤਾ ਜੀ ਆਮ ਕਰਦੇ ਸਨ। ਮੇਰਾ ਪਿੰਡ ਚੱਕ ਮਿਸ਼ਰੀ ਖਾਂ ਤਹਿਸੀਲ ਅਜਨਾਲਾ ਹੈ। ਇੱਥੇ ਮੇਰੇ ਪਿਤਾ ਜੀ ਨੇ ਤਮਾਮ ਜਨੌਰ ਦੇਖੇ ਹਨ। ਬਘਿਆੜ ਦੇਖਿਆ। ਸਾਡੇ ਪਿੰਡ ਕੋਲ ਇੱਕ ਹੋਰ ਪਿੰਡ ਸੀ, ਉਸ ਦੱਸਦੇ ਸਨ- ‘ਮੈਂ ਇੱਥੇ ਆਹ ਦੇਖਿਆ, ਇੱਥੇ ਆਹ ਦੇਖਿਆ।` ਜੋ ਜੰਗਲ ਸੀ, ਉਹ ਤੁਹਾਡੇ-ਮੇਰੇ ਅੰਦਰ ਵਸਦਾ ਸੀ। ਕਈ ਲੋਕ ਕਹਿੰਦੇ ਹਨ ਕਿ ਜਿਹੜੇ ਜੱਟਾਂ ਦਾ ਵਿਰਕ ਗੋਤ ਹੈ, ਉਨ੍ਹਾਂ ਨੇ ਅਖੀਰ ਵਿਚ ਸੁਸਤ ਜੀਵਨ ਸ਼ੈਲੀ ਨੂੰ ਅਪਣਾਇਆ। ਉਨ੍ਹਾਂ ਨੇ ਬਹੁਤ ਚਿਰਾਂ ਬਾਅਦ ਵਾਹੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਬੜੀ ਦੇਰ ਤੱਕ ਖ਼ਾਨਾਬਦੋਸ਼ ਜ਼ਿੰਦਗੀ ਬਤੀਤ ਕੀਤੀ। ਉਨ੍ਹਾਂ ਦੇ ਭੂਗੋਲਿਕ ਖਿੱਤੇ ਦਾ ਅਹਿਸਾਸ ਤੁਹਾਡੇ-ਮੇਰੇ ਤੋਂ ਕਿਤੇ ਡੂੰਘਾ ਹੈ। ਉਹ ਗੱਲਾਂ ਹੁਣ ਨਹੀਂ ਹਨ। ਉਨ੍ਹਾਂ ਨੂੰ ਲੁਪਤ ਹੁੰਦਿਆਂ ਦੇਖ ਕੇ ਤਕਲੀਫ ਹੁੰਦੀ ਹੈ। ਪਾਨੀਨੀ ਜਿਨ੍ਹਾਂ ਜੱਟਾਂ ਦੀ ਗੱਲ ਕਰਦਾ ਹੈ, ਉਹ ਜੱਟ ਖਾਨਾਬਦੋਸ਼ ਹਨ। ਜੱਟ ਉਹ ਇਸ ਕਰਕੇ ਕਿਉਂਕਿ ਉਨ੍ਹਾਂ ਨੇ ਅੱਕ ਦਾ ਦੁੱਧ ਲਗਾ ਕੇ ਜਟਾਵਾਂ ਬਣਾ ਰੱਖੀਆਂ ਹਨ। ਉਹ ਢੱਗੇ ਲੈ ਕੇ ਮੀਲਾਂ ਤੱਕ, ਕਈ ਕੋਹਾਂ ਦੀ ਯਾਤਰਾ ਕਰਦੇ ਹਨ। ਉਹ ਜੱਟ ਅੱਜ ਕਿੱਥੇ ਹੈ, ਇਸ ਬਾਰੇ ਮੈਂ ਜ਼ਰੂਰ ਸੋਚਦਾ ਹਾਂ। ਮੈਂ ਨਿਰਾ-ਪੁਰਾ ਜ਼ਿਮੀਦਾਰਾ ਜੱਟ ਜਾਂ ਜੱਟ ਤਬੀਅਤ, ਮੈਂ ਇਸ ਨਾਲ ਭੋਰਾ ਵੀ ਇਤਫ਼ਾਕ ਨਹੀਂ ਰੱਖਦਾ। ਮੇਰਾ ਧਰਮ ਰਾਜਾ ਨਹੀਂ ਮੰਨਦਾ। ਮੈਂ ਜੇ ਆਪਣੇ ਬੱਚਿਆਂ ਨੂੰ ਕੁਝ ਤਸੱਵੁਰ ਦੇਣਾ ਹੋਵੇ ਤਾਂ ਜੰਗਲ ਦੇ ਰਹਿਣ ਵਾਲਾ, ਜੰਗਲ ਦੇ ਨਾਲ ਸਮਤੋਲ ਬਣਾ ਕੇ ਚੱਲਣ ਵਾਲਾ ਜੱਟਪਣਾ ਵਿਰਸੇ ਵਿਚ ਦੇਣਾ ਚਾਹਾਗਾਂ, ਜੋ ਮੇਰੇ ਕੋਲ ਨਹੀਂ ਹੈ ਪਰ ਇੱਕ ਉਮੀਦ ਹੈ। ਉਹ ਗੱਲਾਂ ਅੱਜ ਉਸ ਪੰਜਾਬ ਵਿਚ ਨਹੀਂ ਹੋ ਸਕਦੀਆਂ। ਉਸ ਪੰਜਾਬ ਵਿਚ ਜਾਣ ਨੂੰ ਜੀਅ ਨਹੀਂ ਕਰਦਾ; ਜਾਂ ਤਾਂ ਉੱਥੇ ਬਹੁਤ ਅਕਾਦਮਿਕ ਗੱਲ ਜਾਂ ਖੱਬੇ ਪੱਖੀ ਮਾਰਕਸ ਦੀ ਗੱਲ ਕਰਦੇ ਹਨ, ਸੱਜੇ ਪੱਖੀ ਭਾਈ ਸੰਤੋਖ ਸਿੰਘ ਦੀ ਗੱਲ ਕਰਦੇ ਹਨ। ਇਨ੍ਹਾਂ ਦੋਵਾਂ ਵਿਚ ਕੋਈ ਗੱਲ ਹੋ ਸਕਣੀ ਜਾਂ ਰਜ਼ਾਮੰਦੀ ਹੋ ਸਕਣੀ, ਬੜੀ ਔਖੀ ਗੱਲ ਜਾਪਦੀ ਹੈ। ਜੋ ਸਾਡਾ ਸੰਕਟ ਹੈ, ਇਸ ਬਾਰੇ ਸਾਡੀ ਆਪਣੀ ਨਵੀਂ ਮੌਲਿਕ ਸੋਚ ਬਣ ਰਹੀ ਹੋਵੇ, ਇਹ ਵੀ ਨਹੀਂ ਦਿਸਦਾ। ਖੇਤੀ ਸੰਕਟ ਬਹੁਤ ਵਿਸ਼ਾਲ ਹੋ ਚੁੱਕਾ ਹੈ। ਪਹਿਲਾਂ ਸਾਡੀ ਖੇਤੀ ਪੈਸਾ ਮੁਖੀ ਨਹੀਂ ਸੀ। ਤੁਸੀਂ ਵੀ ਸ਼ਾਇਦ ਪਿੰਡਾਂ ਵਿਚ ਜਾ ਕੇ ਦੇਖਿਆ ਹੋਵੇਗਾ, ਖੇਤਾਂ ਵਿਚ ਸਬਜ਼ੀਆਂ ਵੀ ਲੱਗਦੀਆਂ ਸਨ, ਚਰ੍ਹੀ ਵੀ ਬੀਜੀ ਜਾਂਦੀ ਸੀ, ਸਭ ਕੁਝ ਹੁੰਦਾ ਸੀ। ਕਣਕ ਅਤੇ ਝੋਨੇ ਵਾਲੀ ਖੇਤੀ, ਜਿਸ ਨਾਲ ਪਾਣੀ ਦਾ ਘਾਣ ਹੋਇਆ ਹੈ, ਇਸ ਬਾਰੇ ਕੋਈ ਸਹਿਜ ਸਮਝ ਬਣੀ ਹੋਵੇ, ਇਹ ਦਿਖਾਈ ਨਹੀਂ ਦਿੰਦਾ। ਜੇਠ ਹਾੜ੍ਹ ਵਿਚ ਪੂਰਾ ਪੰਜਾਬ ਝੀਲ ਬਣ ਜਾਂਦਾ ਹੈ। ਉਸ ਵਿਚ ਸ਼ਹਿਰ ਤੋਂ ਆਏ ਕਿਸੇ ਬੰਦੇ ਨੂੰ ਡੀ.ਡੀ.ਐਲ.ਜੇ. (ਦਿਲਵਾਲੇ ਦੁਲਹਨੀਆ ਲੇ ਹਾਏਂਗੇ) ਜਾਂ ਸ਼ਾਹਰੁਖ ਖਾਨ ਵਾਲਾ ਪੰਜਾਬ ਦਿਸਦਾ ਹੋਵੇ ਤਾਂ ਉਸ ਨੂੰ ਦਿਸਦਾ ਹੋਵੇ ਪਰ ਮੈਨੂੰ ਨਹੀਂ ਦਿਖਾਈ ਦਿੰਦਾ। ਜਦੋਂ ਅਸੀਂ ਸਕੂਲ ਪੜ੍ਹਦੇ ਸੀ, ਰੋਪੜ ਵਿਚ ਜੰਗਲ ਹੇਠ ਰਕਬਾ ਉਸ ਸਮੇਂ 7.8 ਫ਼ੀਸਦ ਮੰਨਿਆ ਜਾਂਦਾ ਸੀ। ਪੂਰੇ ਪੰਜਾਬ ਦਾ ਜੰਗਲ ਹੇਠ ਰਕਬਾ ਰੋਪੜ ਜ਼ਿਲ੍ਹੇ ਵਿਚ ਹੁੰਦਾ ਸੀ। ਅੱਜ ਦੀ ਤਰੀਖ ਵਿਚ ਉਹ ਇੱਕ ਫ਼ੀਸਦ ਤੋਂ ਵੀ ਘੱਟ ਹੈ। ਇਹ ਮੇਰੀ ਜ਼ਿੰਦਗੀ ਵਿਚ ਹੋਇਆ। ਅਸੀਂ ਇਹੋ ਜਿਹੀਆਂ ਗੱਲਾਂ ਆਪਣੇ ਸਾਹਮਣੇ ਹੁੰਦੀਆਂ ਦੇਖ ਰਹੇ ਹਾਂ। ਪੰਜਾਬ ਦੇ 85 ਫ਼ੀਸਦ ਜ਼ਿਲ੍ਹਿਆਂ ਵਿਚ ਪਾਣੀ ਦਾ ਪੱਧਰ ਹੇਠਾਂ ਡਿੱਗ ਚੁੱਕਾ ਹੈ। ਇਸ ਬਾਰੇ ਗੱਲ ਹੀ ਨਹੀਂ ਹੋ ਸਕਦੀ ਕਿਉਂਕਿ ਇਹ ਸਵਾਲ ਮੇਰੀ ਮੁੱਛ ਨਾਲ ਜੁੜਿਆ ਹੋਇਆ ਹੈ। ਮੇਰੇ ਸਭਿਆਚਾਰ ਦੀ ਗੱਲ ਹੈ ਅਤੇ ਮੈਂ ਗੱਦਾਰ ਹਾਂ ਜੇ ਇਹ ਗੱਲ ਕੀਤੀ। ਜਿੱਥੇ ਇਹ ਗੱਲਾਂ ਹੋ ਨਹੀਂ ਸਕੀਆਂ ਤਾਂ ਫਿਰ ਉੱਥੇ ਚੰਗਾ ਹੈ। ਜਿਵੇਂ ਮੁਹੰਮਦ ਸਾਹਿਬ ਕਹਿੰਦੇ ਹਨ ਕਿ ਜਿੱਥੇ ਕਹਿ ਨਹੀਂ ਸਕਦਾ, ਉੱਥੇ ਤੂੰ ਗੱਲਾਂ ਦਿਲ ਵਿਚ ਹੀ ਯਾਦ ਰੱਖ। ਜਿਹੜੀ ਗੱਲ ਤੂੰ ਨਹੀਂ ਕਹਿ ਸਕਦਾ, ਉਹ ਆਪਣੇ ਦਿਲ ਵਿਚ ਹੀ ਦੁਹਰਾ ਲਓ। ਮੈਂ ਹੁਣ ਪੰਜਾਬ ਤੋਂ ਦੂਰ ਰਹਿ ਕੇ ਗੱਲ ਨੂੰ ਦਿਲ ਵਿਚ ਦੁਹਰਾ ਲੈਂਦਾ ਹਾਂ। ਤੁਹਾਡੇ ਵਰਗੇ ਦਰਦੀਆਂ ਨਾਲ ਗੱਲ ਸਾਂਝੀ ਕਰ ਲੈਂਦੇ ਹਾਂ। ਇਸ ਤਰ੍ਹਾਂ ਹੀ ਦਿਲ ਹਲਕਾ ਹੋ ਜਾਂਦਾ ਹੈ ਪਰ ਜਦੋਂ ਤੱਕ ਪੰਜਾਬ ਇਸ ਬਾਰੇ ਅਤੇ ਹਰ ਗੱਲ ਵਿਚ ਸਾਜ਼ਿਸ਼ ਨਹੀਂ ਦੇਖੇਗਾ ਜਾਂ ਆਪਣੇ ਗਿਰੇਵਾਨ ਵਿਚ ਨਿਗਾਹ ਨਹੀਂ ਮਾਰੇਗਾ, ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਦਾ ਕੋਈ ਸਦੀਵੀ ਹੱਲ ਲੱਭ ਸਕਦੇ ਹਾਂ। ਅਸੀਂ ਇਹੋ ਜਿਹਾ ਪੰਜਾਬ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਜਿਸ ਵਿਚ ਉਨ੍ਹਾਂ ਦਾ ਕੱਲ੍ਹ, ਮੁਸਤਕਬਿਲ ਵੀ ਹਿਫਾਜ਼ਤ ਵਿਚ ਰਹੇ, ਪੰਜਾਬੀਅਤ ਵੀ ਹਿਫਾਜ਼ਤ ਵਿਚ ਰਹੇ। ਇਹੋ ਜਿਹਾ ਕੋਈ ਮੰਜ਼ਰ ਨਹੀਂ ਦਿਸਦਾ।
ਦਲਜੀਤ ਅਮੀ: ਇੱਕ ਗੱਲ ਹੈ ਕਿ ਆਉਣ ਵਾਲੀ ਪੀੜ੍ਹੀ ਦੇ ਆਪਣੇ ਉੱਦਮ ਉੱਤੇ, ਉਨ੍ਹਾਂ ਦੀ ਤਾਕਤ ਉੱਤੇ ਵੀ ਕੁਝ ਗੱਲਾਂ ਛੱਡੀਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਬਿਹਤਰ ਕੱਲ੍ਹ ਵੱਲ ਲੈ ਕੇ ਜਾਣਗੇ।
… ਰੱਬੀ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ। ਮੀਲਾਂ ਕੋਹਾਂ ਦਾ ਸਫਰ ਉਨ੍ਹਾਂ ਨੇ ਕਈ ਹਵਾਲਿਆਂ ਦੇ ਨਾਲ ਕੀਤਾ। ਰੱਬੀ ਨੇ ਕੁਝ ਗੀਤ ਅਜਿਹੇ ਗਾਏ ਹਨ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਕਿ ਉਹ ਪੰਜਾਬ ਲਈ ਮਾਅਨੇ ਰੱਖਦੇ ਹਨ ਪਰ ਜਿਸ ਕਿਸਮ ਦੀ ਗਿਣਤੀ-ਮਿਣਤੀ ਨਾਲ ਗਾਇਕ ਅਤੇ ਗੀਤਾਂ ਬਾਰੇ ਗੱਲਾਂ ਹੁੰਦੀਆਂ ਹਨ, ਉਨ੍ਹਾਂ ਵਿਚ ਉਹ ਪੂਰੇ ਨਹੀਂ ਉੱਤਰਦੇ। ਉਨ੍ਹਾਂ ਨੇ ਇੱਕ ਗੀਤ, ਓਹੀ ਗੀਤ ਸਾਨੂੰ ਸੁਣਾਉਣਾ ਹੈ ਪਰ ਤੁਹਾਡੇ ਵਿਚੋਂ ਜੋ ਚਾਹੁੰਦੇ ਹਨ, ਜਿਨ੍ਹਾਂ ਨੇ ਉਹ ਗੀਤ ਨਹੀਂ ਸੁਣਨਾ, ਉਹ ਆਪਣੀ ਚੋਣ ਆਪ ਕਰ ਸਕਦੇ ਹਨ ਕਿਉਂਕਿ ਹੁਣ ਤੱਕ ਵੀ ਅਸੀਂ ਚੋਣ ਆਪ ਹੀ ਕੀਤੀ ਹੈ ਕਿ ਰੱਬੀ ਦਾ ਗੀਤ ਸੁਣਨਾ ਹੈ ਜਾਂ ਕਿਸੇ ਹੋਰ ਦਾ ਗੀਤ ਸੁਣਨਾ ਹੈ। … ਹੁਣ ਰੱਬੀ ਗੀਤ ਸੁਣਾਉਣਗੇ। ਰੱਬੀ ਰਾਜ ਸਿੰਘ…
ਰੱਬੀ ਸ਼ੇਰਗਿੱਲ:
ਕੁਝ ਗੱਲਾਂ ਕੌੜੀਆਂ
ਕੁਝ ਗੱਲਾਂ ਫਿੱਕੀਆਂ
ਬਚੀਆਂ ਨਾ ਇੱਥੇ
ਗੱਲਾਂ ਕੋਈ ਮਿੱਠੀਆਂ
ਬੈਅ ਹੋ ਜਾਣ ਦੀਆਂ
ਛਪੀਆਂ ਤਰੀਕਾਂ
ਜਿਵੇਂ ਬੋਤਲਾਂ ਤੇ
ਉੱਤੇ ਨਸੀਬਾਂ
ਸੋਚਦਾ ਸੀ ਮਨ ਵਿਚ
ਇਹੋ ਜਿਹਾ ਖਿਆਲ
ਪਾਉਣ ਲੱਗਾ ਰਾਜ ਸਿੰਘ
ਗਲ ਵਿਚ ਫਾਹ
ਕਿਹੀ ਅੱਥਰੀ ਹਵਾ ਹੈ ਵਗੇ
ਕਿੱਦਾਂ
ਪੜ੍ਹ ਕੇ ਕਿਤਾਬਿ-ਜ਼ਿੰਦਗੀ
ਇੱਥੇ ਖਿੱਲਰੇ ਨੇ ਸਾਰੇ ਸਫ਼ੇ
ਕਲ ਆਈ ਕੁੱਤੇ ਮੂੰਹੀ
ਖਾਜ ਹੋਇਆ ਮੁਰਦਾਰ ਗੁਸਾਈਂ
ਰਾਜੇ ਪਾਪ ਕਮਾਂਵਦੇ
ਉਲਟੀ ਵਾੜ ਖੇਤ ਕੋ ਖਾਏ
ਖੇਤ ਕੋ ਖਾਏ (ਸਮਾਪਤ)