ਬੇਈਮਾਨੀ ਵਿਚ ਵੀ ਅਸੂਲਾਂ ਦਾ ਪਾਬੰਦ ਰਿਸ਼ਵਤਖ਼ੋਰ

ਗੁਰਬਚਨ ਸਿੰਘ ਭੁੱਲਰ
ਫੋਨ: +807-636-3058
1998 ਵਿਚ ਮੇਰੇ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਲੱਗਣ ਤੋਂ ਕੁਝ ਹੀ ਸਮੇਂ ਮਗਰੋਂ ਮੇਰਾ ਦਿੱਲੀ ਦਾ ਮਿੱਤਰ ਚੰਨਣ ਸਿੰਘ ਨਿੱਝਰ, ਜੀਹਨੂੰ ਉਹਦੇ ਨੇੜਲੇ ਸਭ ਚੰਨੀ ਆਖਦੇ ਸਨ, ਆਪਣੀ ਪਤਨੀ ਸਮੇਤ ਮੇਰੇ ਕੋਲ ਆ ਟਿਕਿਆ। ਉਹ ਲੇਖਕ ਤਾਂ ਨਹੀਂ ਸੀ ਪਰ ਪਾਠਕ ਬੜੀ ਲਗਨ ਵਾਲਾ ਸੀ। ਮੇਰੇ ਦਿੱਲੀ ਪਹੁੰਚਣ ਤੋਂ ਪਹਿਲਾਂ ਤੋਂ ਉਸ ਦੀ ਜਸਵੰਤ ਸਿੰਘ ਕੰਵਲ ਨਾਲ ਬਹੁਤ ਨੇੜਲੀ ਦੋਸਤੀ ਸੀ। ਕੰਵਲ ਨੇ ਹੀ ਸਾਡੀ ਜਾਣ-ਪਛਾਣ ਕਰਵਾਈ, ਜੋ ਛੇਤੀ ਹੀ ਦੋਵਾਂ ਪਰਿਵਾਰਾਂ ਦੀ ਦੋਸਤੀ ਬਣ ਗਈ। ਕੁਝ ਸਮੇਂ ਵਿਚ ਹੀ ਸਾਡੇ ਦੋਵੇਂ ਪਰਿਵਾਰ ਇਕੋ ਪਰਿਵਾਰ ਦਾ ਰੂਪ ਧਾਰ ਗਏ।
ਚੰਨੀ ਬੱਬਰ ਲਹਿਰ ਦੇ ਸੰਗਰਾਮੀਏ ਅਤੇ ਚਰਚਿਤ ਪੁਸਤਕ ‘ਬੱਬਰ ਅਕਾਲੀ ਲਹਿਰ ਦਾ ਇਤਿਹਾਸ’ ਦੇ ਲੇਖਕ ਮਿਲਖਾ ਸਿੰਘ ਨਿੱਝਰ ਦਾ ਪੁੱਤਰ ਸੀ, ਜਿਸ ਨੂੰ ਅਸੀਂ ਸਭ ਭਾਈਆ ਜੀ ਆਖਦੇ ਸਾਂ। ਭਾਈਆ ਜੀ ਨਾਲ ਮੇਰੀ ਨੇੜਤਾ ਚੰਨੀ ਵਾਲੇ ਰਾਹੋਂ ਹੀ ਹੋਈ ਸੀ। ਉਹ ਉਰਦੂ ਵਿਚ ਕੁਝ ਜਮਾਤਾਂ ਪੜ੍ਹੇ ਹੋਏ ਸਨ ਪਰ ਪੰਜਾਬੀ ਲਿਖਣ-ਪੜ੍ਹਨ `ਚ ਉਨ੍ਹਾਂ ਦਾ ਹੱਥ ਤੰਗ ਹੀ ਸੀ। ਇਸ ਲਈ ਉਹ ਆਪ ਲਹਿਰ ਵਿਚ ਸ਼ਾਮਲ ਰਹੇ ਹੋਣ ਦੇ ਤੇ ਇਤਿਹਾਸ ਲਿਖਣ ਦੀ ਜ਼ੋਰਦਾਰ ਇੱਛਾ ਦੇ ਬਾਵਜੂਦ ਏਡੇ ਵੱਡੇ ਕੰਮ ਨੂੰ ਹੱਥ ਪਾਉਣ ਤੋਂ ਝਿਜਕਦੇ ਸਨ। ਆਖ਼ਰ ਸੋਧ-ਸੁਧਾਈ, ਸੰਪਾਦਨ ਤੇ ਪ੍ਰਕਾਸ਼ਨ ਸਮੇਤ ਮੇਰੀ ਮੁਕੰਮਲ ਸਹਿਯੋਗ ਦੀ ਪੇਸ਼ਕਸ਼ ਉਨ੍ਹਾਂ ਤੋਂ ਬੱਬਰ ਲਹਿਰ ਦਾ ਇਹ ਇਤਿਹਾਸ ਲਿਖਵਾਉਣ ਦੀ ਮੁੱਖ ਪ੍ਰੇਰਕ ਬਣੀ।
ਚੰਨੀ-ਜੋੜੀ ਦਾ ਸਾਡੇ ਕੋਲ ਚੰਡੀਗੜ੍ਹ ਆ ਕੇ ਰਹਿਣਾ ‘84 ਦੇ ਸਿੱਖ ਕਤਲੇਆਮ ਨਾਲ ਜਾ ਜੁੜਦਾ ਸੀ। ਕੁਰਬਾਨੀ ਵਾਲੇ ਦੇਸ਼ਭਗਤ ਪਿਤਾ ਦਾ ਪੁੱਤਰ ਹੋਣ ਦੇ ਨਾਤੇ ਉਸ ਨੂੰ ਪਰਿਵਾਰ ਸਮੇਤ ਲੁਕ-ਛਿਪ ਕੇ ਕੱਟੇ ਦੰਗਿਆਂ ਦੇ ਦਿਨ ਬਹੁਤ ਪ੍ਰੇਸ਼ਾਨ ਕਰਦੇ। ਉਹਦਾ ਕਹਿਣਾ ਸੀ, ਦਿੱਲੀ ਹੁਣ ਰਹਿਣ ਯੋਗ ਨਹੀਂ ਰਹਿ ਗਈ! ਜਿੱਥੇ ਸੁਤੰਤਰਤਾ-ਸੰਗਰਾਮੀਆਂ ਦੇ ਪਰਿਵਾਰਾਂ ਨੂੰ ਜਾਨ ਬਚਾਉਣ ਵਾਸਤੇ ਲੁਕਦੇ ਫਿਰਨਾ ਪੈਂਦਾ ਹੈ, ਉਥੇ ਕੀ ਰਹਿਣਾ!
ਜਿਉਂ ਹੀ ਆਵਾਜਾਈ ਬੇਖ਼ਤਰਾ ਹੋਈ, ਉਹਨੇ ਚੰਡੀਗੜ੍ਹ ਜਾ ਕੇ ਪਲਾਟ ਖ਼ਰੀਦਿਆ ਅਤੇ ਮਕਾਨ ਪਾਉਣਾ ਸੁ਼ਰੂ ਕਰ ਦਿੱਤਾ। ਕੰਧਾਂ ਉੱਸਰ ਗਈਆਂ ਅਤੇ ਲੈਂਟਰ ਪੈ ਗਏ ਭਾਵ, ਮਕਾਨ ਦਾ ਨੰਗਾ ਢਾਂਚਾ ਖੜ੍ਹਾ ਹੋ ਗਿਆ। ਏਨੇ ਸਮੇਂ ਵਿਚ ਸਿੱਧੇ ਨੁਕਸਾਨ, ਖਾਸ ਕਰਕੇ ਜਾਨੀ ਨੁਕਸਾਨ ਦੀ ਮਾਰ ਵਿਚ ਆਏ ਪਰਿਵਾਰਾਂ ਤੋਂ ਇਲਾਵਾ ਬਾਕੀ ਸਭਨਾਂ ਲਈ ਜੀਵਨ ਲਗਭਗ ਸਾਧਾਰਨ ਤੋਰ ਤੁਰਨ ਲੱਗ ਪਿਆ। ਇਸ ਮਾਹੌਲ ਦੇ ਹਵਾਲੇ ਨਾਲ ਚੰਨੀ ਦੇ ਇਕੋ-ਇਕ ਬੇਟੇ ਨੇ ਵੀ ਕਹਿ ਦਿੱਤਾ ਕਿ ਹੁਣ ਜਦੋਂ ਹਾਲਾਤ ਸਾਧਾਰਨ ਵਰਗੇ ਹੋ ਗਏ ਹਨ, ਉਹ ਦਿੱਲੀ ਹੀ ਟਿਕਿਆ ਰਹਿਣਾ ਚਾਹੇਗਾ। ਉਸ ਲਈ ਦਿੱਲੀ ਦਾ ਕੰਮ-ਧੰਦਾ ਛੱਡ ਕੇ ਚੰਡੀਗੜ੍ਹ ਜਾਣਾ ਤੇ ਉਥੇ ਨਵੇਂ ਸਿਰਿਉਂ ਕਾਰੋਬਾਰ ਖੜ੍ਹਾ ਕਰਨਾ ਸੰਭਵ ਨਹੀਂ ਹੋਵੇਗਾ।
ਪਰਿਵਾਰਕ ਵਿਚਾਰ-ਚਰਚਾ ਦਾ ਨਤੀਜਾ ਇਹ ਨਿਕਲਿਆ ਕਿ ਪਰਿਵਾਰ ਦਿੱਲੀ ਰਹਿੰਦਾ ਰਿਹਾ ਅਤੇ ਚੰਡੀਗੜ੍ਹ ਵਾਲਾ ਨੰਗ-ਮੁਨੰਗਾ ਢਾਂਚਾ ਉਵੇਂ ਦਾ ਉਵੇਂ ਖੜ੍ਹਾ ਰਹਿ ਗਿਆ। ਹੁਣ ਚੰਨੀ ਸਾਡੇ ਕੋਲ ਇਸ ਮੰਤਵ ਨਾਲ ਆਇਆ ਸੀ ਕਿ ਉਸ ਢਾਂਚੇ ਨੂੰ ਕੋਠੀ ਦੀ ਸ਼ਕਲ ਦੇ ਦੇਵੇ ਅਤੇ ਆਖ਼ਰ ਨੂੰ ਜਾਂ ਤਾਂ ਵੇਚ ਦੇਵੇ ਜਾਂ ਕਿਰਾਏ ‘ਤੇ ਦੇ ਦੇਵੇ।
ਵਿਚਕਾਰ ਬਾਰਾਂ ਸਾਲ ਬੀਤ ਗਏ ਸਨ। ਉਸ ਨੇ ਕਿਹਾ, ‘ਸ਼ਾਇਦ ਕੁਝ ਸਰਕਾਰੀ ਮਹਿਕਮਿਆਂ ਨਾਲ ਵਾਹ ਪਵੇ। ਮੈਨੂੰ ਤਾਂ ਜੀਵਨ ਵਿਚ ਅਜਿਹੇ ਕੰਮਾਂ ਦਾ ਕੋਈ ਅਨੁਭਵ ਰਿਹਾ ਹੀ ਨਹੀਂ। ਚੇਤੇ ‘ਤੇ ਜ਼ੋਰ ਪਾ ਕੇ ਉਸ ਨੇ ਅਜਿਹੀਆਂ ਗੱਲਾਂ ਦਾ ਜਾਣਕਾਰ ਇਕ ਵਾਕਿਫ਼ ਬੰਦਾ ਪਛਾਣ ਲਿਆ। ਉਹਨੇ ਦੱਸਿਆ ਕਿ ਪਹਿਲੀਆਂ ਮਨਜ਼ੂਰੀਆਂ ਨੂੰ ਬਹੁਤ ਸਮਾਂ ਹੋ ਗਿਆ। ਕਈ ਨੇਮ ਬਦਲ ਜਾਂਦੇ ਹਨ, ਕਈ ਟੈਕਸ ਨਵੇਂ ਲੱਗ ਜਾਂਦੇ ਹਨ ਜਾਂ ਪਹਿਲੇ ਵਧ ਜਾਂਦੇ ਹਨ। ਮੁੱਕਦੀ ਗੱਲ, ਜੇ ਕਿਸੇ ਮਹਿਕਮੇ ਕੋਲ ਜਾਣ ਦੀ ਕੋਈ ਕਾਨੂੰਨੀ ਲੋੜ ਨਾ ਵੀ ਹੋਵੇ, ਉਹ ਤਦ ਵੀ ਏਨੇ ਸਮੇਂ ਦੀ ਵਿੱਥ ਨਾਲ ਕੰਮ ਦੁਬਾਰਾ ਸ਼ੁਰੂ ਹੋਇਆ ਦੇਖ ਕੇ ਆ ਦਰਸ਼ਨ ਦੇਣਗੇ ਤੇ ਕਹਿਣਗੇ, ਸਾਨੂੰ ਪੁੱਛੇ-ਦੱਸੇ ਬਿਨਾਂ ਹੀ ਤੁਸੀਂ ਕੀ ਕਰਨ ਲੱਗ ਪਏ ਮਹਾਰਾਜ? ਉਹ ਮੁਸਕਰਾਇਆ, ‘ਚਾਹ-ਪਾਣੀ’ ਤਾਂ ਹਰ ਕੋਈ ਲਵੇਗਾ ਹੀ!
ਚੰਨੀ ਨੇ ਮੇਰੇ ਨਾਲ ਇਹ ਗੱਲ ਬੜੀ ਘਬਰਾਹਟ ਜਿਹੀ ਨਾਲ ਸਾਂਝੀ ਕੀਤੀ। ਉਸ ਦੀ ਮੁਸ਼ਕਿਲ ਇਹ ਸੀ ਕਿ ਉਸ ਨੂੰ ਚਾਹ-ਪਾਣੀ, ਭਾਵ ਰਿਸ਼ਵਤ ਦੇਣ ਦਾ ਕੋਈ ਅਨੁਭਵ ਨਹੀਂ ਸੀ। ਉਸ ਦੀ ਨੌਕਰੀ ਵੀ ਅਜਿਹੀ ਰਹੀ ਸੀ, ਜਿਸ ਵਿਚ ਆਮ ਲੋਕਾਂ ਨਾਲ ਵਰਤੋਂ-ਵਿਹਾਰ ਦਾ ਕੋਈ ਆਧਾਰ ਨਹੀਂ ਸੀ ਹੁੰਦਾ ਤੇ ਇਸ ਲਈ ਕਿਸੇ ਚਾਹਵਾਨ ਕਰਮਚਾਰੀ ਲਈ ਵੀ ਰਿਸ਼ਵਤ ਦੀ ਕੋਈ ਗੁੰਜਾਇਸ਼ ਨਹੀਂ ਸੀ ਹੁੰਦੀ। ਚੰਨੀ ਤਾਂ ਸੰਸਕਾਰਾਂ ਤੇ ਪਰਵਰਿਸ਼ ਦੇ ਪੱਖੋਂ ਹੀ ਅਜਿਹੀਆਂ ਗੱਲਾਂ ਤੋਂ ਦੂਰ ਭੱਜਦਾ ਸੀ। ਉਹ ਏਅਰਲਾਈਨਜ਼ ਵਿਚੋਂ ਇੰਜਨੀਅਰ ਦੀ ਪਦਵੀ ਤੋਂ ਸੇਵਾ-ਮੁਕਤ ਹੋਇਆ ਸੀ।
ਮੈਂ ਸਮਝਾਇਆ ਕਿ ਉਹ ਤਾਂ ਹੱਥ ਗਰਮ ਕਰੇ ਬਿਨਾਂ ਤੈਨੂੰ ਫ਼ਾਈਲ ਦੇ ਦਰਸ਼ਨ ਤਕ ਨਹੀਂ ਕਰਵਾਉਣਗੇ ਤੇ ਮੂੰਹ ਪਾੜ ਕੇ ਮਾਇਆ ਮੰਗਣਗੇ, ਇਸ ਸੂਰਤ ਵਿਚ ਤੈਨੂੰ ਕੀ ਪ੍ਰੇਸ਼ਾਨੀ ਹੈ! ਮੈਨੂੰ ਪੂਰੀ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਅਜਿਹਾ ਦਫ਼ਤਰੀ ਵਾਹ ਪਿਆ ਸੀ ਤੇ ਮੇਰਾ ਅਨੁਭਵ ਬਹੁਤ ਦਿਲਚਸਪ ਹੋਣ ਦੇ ਨਾਲ-ਨਾਲ ਗਿਆਨ-ਵਧਾਊ ਵੀ ਰਿਹਾ ਸੀ। ਮੈਂ ਉਹ ਕਿੱਸਾ ਉਹਨੂੰ ਕਹਿ ਸੁਣਾਇਆ।
ਜਿਸ ਪਲਾਟ ਉਤੇ ਮੇਰਾ ਘਰ ਹੈ, ਅਜਿਹੇ ਪਲਾਟ ਸਰਕਾਰ ਨੇ ਸਾਨੂੰ 99 ਸਾਲ ਦੀ ਲੀਜ਼ ‘ਤੇ ਦਿੱਤੇ ਹੋਏ ਸਨ। ਹਰ ਸਾਲ ਲੀਜ਼ ਦੇ ਪੈਸੇ ਵਸੂਲੇ ਜਾਂਦੇ ਜੋ ਹੌਲੀ-ਹੌਲੀ ਵਧਾਏ ਜਾਂਦੇ ਰਹਿੰਦੇ ਸਨ। 99 ਸਾਲ ਪਿੱਛੋਂ ਲੀਜ਼ ਨਵਿਆਈ ਜਾਣੀ ਸੀ। ਵਿਚ-ਵਿਚਾਲੇ ਕਈ ਪੀੜ੍ਹੀਆਂ ਲੰਘ ਜਾਣੀਆਂ ਸਨ। ਕੀ ਪਤਾ ਉਦੋਂ ਕਿਸ ਰਾਜੇ ਦੀ ਕੌਣ ਪਰਜਾ ਹੋਣੀ ਸੀ! ਲੀਜ਼ ਦਾ ਇਕੋ ਵੱਡਾ ਘਾਟਾ ਸੀ। ਜੇ ਘਰ ਵੇਚਣਾ ਹੋਵੇ, ਸਰਕਾਰ ਦੀ ਆਗਿਆ ਜ਼ਰੂਰੀ ਸੀ, ਜੋ ਕੋਈ ਸੌਖਾ ਕੰਮ ਵੀ ਨਹੀਂ ਸੀ ਤੇ ਨਫ਼ੇ ਦਾ ਵੱਡਾ ਹਿੱਸਾ ਵੀ ਸਰਕਾਰ ਮਾਰ ਜਾਂਦੀ ਸੀ। ਲੋਕਾਂ ਨੇ ਇਹਦਾ ਵਧੀਆ ਹੱਲ ਮੁਖ਼ਤਿਆਰਨਾਮੇ ਦੇ ਰੂਪ ਵਿਚ ਕੱਢਿਆ ਹੋਇਆ ਸੀ। ਵਿਕਰੇਤਾ ਖ਼ਰੀਦਦਾਰ ਨੂੰ ਕਾਨੂੰਨੀ ਮੁਖ਼ਤਿਆਰਨਾਮਾ ਲਿਖ ਦਿੰਦਾ ਸੀ। ਅੱਧੀ ਦਿੱਲੀ ਇਉਂ ਵਿਕੀ ਹੋਈ ਸੀ। ਸਭ ਆਖਦੇ ਸਨ ਕਿ ਦਿੱਲੀ ਵਿਚ ਇਕ ਮਾਮਲਾ ਵੀ ਅਜਿਹਾ ਨਹੀਂ ਸੀ ਸੁਣਿਆ ਗਿਆ ਕਿ ਕਿਸੇ ਮਾਲਕ ਨੇ ਪੈਸੇ ਲੈ ਕੇ ਕਦੀ ਬਾਅਦ ਵਿਚ ਖ਼ਰੀਦਦਾਰ ਦਾ ਮੁਖ਼ਤਿਆਰਨਾਮਾ ਰੱਦ ਕਰ ਦਿੱਤਾ ਹੋਵੇ।
ਆਖ਼ਰ ਸਰਕਾਰੀ ਮਹਿਕਮੇ ਨੇ ਸੋਚਿਆ ਕਿ ਪਲਾਟ ਲੀਜ਼ ਦੀ ਥਾਂ ਫ਼ਰੀਹੋਲਡ ਕਰਦਿਆਂ ਇਕੋ ਵਾਰ ਮੋਟੀ ਮਾਇਆ ਵਸੂਲ ਕੇ ਆਪਣੇ ਖ਼ਜ਼ਾਨੇ ਭਰਪੂਰ ਕਿਉਂ ਨਾ ਕਰ ਲਏ ਜਾਣ! ਫ਼ਰੀਹੋਲਡ ਦਾ ਭਾਵ ਸੀ, ਵੇਚਣ ਦੇ ਅਧਿਕਾਰ ਸਮੇਤ ਮੁਕੰਮਲ ਮਾਲਕੀ। ਪਲਾਟ ਦੇ ਆਕਾਰ ਦੇ ਹਿਸਾਬ ਨਾਲ ਮਾਇਆ ਦੱਸ ਦਿੱਤੀ ਗਈ। ਮੈਂ ਉਨ੍ਹਾਂ ਦੇ ਮੰਗੇ ਹੋਏ ਸਾਰੇ ਕਾਗ਼ਜ਼-ਪੱਤਰ ਡਰਾਫ਼ਟ ਸਮੇਤ ਭੇਜ ਦਿੱਤੇ। ਹੁਕਮ ਹੋਇਆ, ਅਮਕੀ ਤਾਰੀਖ਼ ਦੋ ਗਵਾਹ ਲੈ ਕੇ ਆ ਜਾਓ। ਮੈਂ ਦੋ ਲੇਖਕ ਮਿੱਤਰਾਂ ਨੂੰ ਲੈ ਕੇ ਦਫ਼ਤਰ ਪਹੁੰਚ ਗਿਆ। ਕਲਰਕ ਦੇਵਤਾ ਨੂੰ ਨਾਂ ਦੱਸਿਆ ਤੇ ਫ਼ਾਈਲ ਬਾਰੇ ਪੁੱਛਿਆ। ਉਹਨੇ ਦਰਾਜ ਵਿਚੋਂ ਫ਼ਾਈਲ ਕੱਢ ਕੇ ਦਿਖਾਈ ਅਤੇ ‘ਫ਼ਾਈਲ ਤਾਂ ਤਿਆਰ ਹੈ ਜੀ’ ਆਖ ਕੇ ਦਰਾਜ ਵਿਚ ਹੀ ਰੱਖ ਦਿੱਤੀ।
ਮੈਂ ਹੱਥ ਵਧਾਇਆ, ‘ਵਾਪਸ ਕਿਉਂ ਰੱਖ ਦਿੱਤੀ! ਕਿਰਪਾ ਕਰੋ, ਮੈਂ ਜਾਵਾਂ।’ ਉਹ ਮੁਸਕਰਾਇਆ, ‘ਪਹਿਲਾਂ ਤੁਸੀਂ ਵੀ ਤਾਂ ਕਿਰਪਾ ਕਰੋ ਚਾਹ-ਪਾਣੀ ਦੀ।’
ਮੈਂ ਮਚਲਾ ਬਣ ਕੇ ਕਿਹਾ, ‘ਸੁੱਕੀ ਚਾਹ ਕਿਉਂ ਜੀ, ਨਾਲ ਸਮੋਸੇ ਵੀ। ਉਠੋ, ਕੈਂਟੀਨ ਕਿਧਰ ਹੈ ਕਿ ਉਹ ਇਥੇ ਭੇਜ ਦੇਣਗੇ?’
ਉਹਨੇ ਹੱਥ ਵਧਾਇਆ, ‘ਅਸੀਂ ਆਪੇ ਮਗਰੋਂ ਪੀ ਲਵਾਂਗੇ, ਤੁਸੀਂ ਨਕਦ ਹੀ ਦੇ ਦਿਓ।’
ਮੈਂ ਫੇਰ ਮੂਰਖ਼ ਬਣਨਾ ਠੀਕ ਸਮਝਿਆ, ‘ਬਾਥਰੂਮ ਕਿਧਰ ਹੈ? ਮੈਂ ਬਟੂਏ ਵਿਚੋਂ ਕੱਢ ਕੇ ਮੁੱਠੀ ਵਿਚ ਛੁਪਾ ਲਿਆਵਾਂ।’
ਉਹ ਬੇਧੜਕ ਬੋਲਿਆ, ‘ਤੁਸੀਂ ਬੇਫ਼ਿਕਰ ਹੋ ਕੇ ਪਰਸ ਖੋਲ੍ਹੋ ਤੇ ਐਨੀ ਮਾਇਆ ਮੇਰੇ ਹਵਾਲੇ ਕਰੋ।’ ਮੈਂ ਵੱਡੇ ਸਾਰੇ ਕਮਰੇ ਵਿਚ ਨਜ਼ਰ ਫੇਰ ਕੇ ਡਰ ਦਾ ਨਾਟਕ ਕੀਤਾ, ‘ਦਰਜਨ ਦੇ ਕਰੀਬ ਤੁਹਾਡੇ ਸਹਿਕਰਮੀ ਬੈਠੇ ਹਨ। ਹਰ ਇਕ ਦੇ ਮੇਜ਼ ਕੋਲ ਮਜ਼ਮਾ ਲਗਿਆ ਹੋਇਆ ਹੈ। ਏਨੀ ਖ਼ਲਕਤ ਦੇ ਸਾਹਮਣੇ…?’ ਉਹਨੇ ਗੱਲ ਮੁਕਦੀ ਕਰਨੀ ਠੀਕ ਸਮਝੀ, ‘ਇਹ ਸਾਰੀ ਖ਼ਲਕਤ ਤਾਂ ਤੁਹਾਡੇ ਵਾਂਗ ਪੈਸੇ ਦੇਣ ਵਾਲੀ ਹੈ। ਤੇ ਮੇਰੇ ਸਹਿਕਰਮੀ ਇਕ ਦੂਜੇ ਦੇ ਨੋਟਾਂ ਵੱਲ ਦੇਖ ਕੇ ਈਰਖਾ ਨਹੀਂ ਕਰਦੇ ਕਿਉਂਕਿ ਸ਼ਾਮ ਨੂੰ ਸਭ ਨੇ ਇਕੋ ਮੇਜ਼ ਉਤੇ ਜੇਬਾਂ ਖ਼ਾਲੀ ਕਰਨੀਆਂ ਹਨ। ਉਸ ਢੇਰੀ ਵਿਚੋਂ ਉਪਰਲਿਆਂ ਦਾ ਹਿੱਸਾ ਪਾਸੇ ਰੱਖ ਕੇ ਬਾਕੀ ਸਭ ਨੂੰ ਬਰਾਬਰ-ਬਰਾਬਰ ਮਾਲ ਮਿਲ ਜਾਂਦਾ ਹੈ। ਸਾਰੀ ਦੁਨੀਆ ਵਿਸ਼ਵਾਸ ਤੇ ਈਮਾਨਦਾਰੀ ਉਤੇ ਹੀ ਖੜ੍ਹੀ ਹੈ, ਸਰਦਾਰ ਸਾਹਿਬ!… ਹੁਣ ਤੁਸੀਂ ਆਪਣਾ ਦੋਵਾਂ ਦਾ ਸਮਾਂ ਖ਼ਰਾਬ ਨਾ ਕਰੋ।’
ਚੰਨੀ ਨੂੰ ਆਪਬੀਤੀ ਸੁਣਾ ਕੇ ਮੈਂ ਕਿਹਾ, ‘ਘਬਰਾ ਨਾ, ਸਭ ਆਪੇ ਹੀ ਮੰਗਣਗੇ। ਉਨ੍ਹਾਂ ਦਾ ਰੋਜ਼ ਦਾ ਕੰਮ ਹੈ।’ ਬਾਕੀ ਸਭ ਤਾਂ ਚਲੋ ਠੀਕ ਹੀ ਸੀ, ਇਕ ਕੰਮ ਬੜਾ ਕਸੂਤਾ ਸੀ। ਬਿਜਲੀ ਵਾਲਿਆਂ ਨੇ ਚੰਨੀ ਦੇ ਘਰ ਕੋਲ ਖੰਭਾ ਲਾਉਣ ਸਮੇਂ ਉਹਦੀ ਇਕ ਸਟੇਅ ਵਿਹਲਾ ਤੇ ਸੁੰਨਾ ਪਿਆ ਘਰ ਦੇਖ ਕੇ ਉਹਦੇ ਅਗਲੇ ਵਿਹੜੇ ਦੇ ਵਿਚਾਲੇ ਗੱਡ ਦਿੱਤੀ ਸੀ। ਉਹਨੂੰ ਪੁਟਵਾ ਕੇ ਕਿਸੇ ਨਵੀਂ ਥਾਂ ਲੁਆਉਣਾ ਕਾਫ਼ੀ ਭੱਜ-ਭਜਾਈ ਤੇ ਮੋਟਾ ਚਾਹ-ਪਾਣੀ ਲੋੜਦਾ ਸੀ। ਅਰਜ਼ੀ ਤੁਰਦੀ-ਤੁਰਦੀ ਆਖ਼ਰ ਉਸ ਬਾਬੂ ਕੋਲ ਪਹੁੰਚ ਗਈ ਜਿਸ ਨੇ ਕਿਸੇ ‘ਵੱਡੇ ਸਾਹਿਬ’ ਦੇ ਦਸਤਖ਼ਤ ਕਰਵਾ ਕੇ ਦੇਣੇ ਸਨ। ਉਨ੍ਹਾਂ ਦਸਤਖ਼ਤਾਂ ਪਿੱਛੋਂ ਸਟੇਅ ਪੁੱਟੀ ਜਾਣੀ ਸੀ।
ਚੰਨੀ ਬਟੂਏ ਵਿਚ ਮਾਇਆ ਪਾ ਕੇ ਪਹੁੰਚ ਗਿਆ। ਬਾਬੂ ਨੇ ਫ਼ਾਈਲ ਇਹਦੇ ਹਵਾਲੇ ਕਰ ਕੇ ਕਿਹਾ, ‘ਲਉ ਤੁਹਾਡਾ ਕੰਮ ਹੋ ਗਿਆ’ ਤੇ ਫ਼ਾਈਲ ਫੜਾ ਕੇ ਆਪਣੇ ਕੰਮ ਲੱਗ ਗਿਆ। ਚੰਨੀ ਨੂੰ ਪਹਿਲਾਂ ਤਾਂ ਕੁਝ ਹੈਰਾਨੀ ਹੋਈ ਪਰ ਫੇਰ ਸੋਚਿਆ, ਇਹਨੂੰ ਮੈਥੋਂ ਆਪੇ ਦੇ ਦੇਣ ਦੀ ਆਸ ਹੈ। ਹੁਣ ਤੱਕ ਇਹਦੀ ਝਿਜਕ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਸੀ। ਇਹਨੇ ਆਪ ਚਾਹ-ਪਾਣੀ ਦੀ ਸੇਵਾ ਪੁੱਛੀ।
ਬਾਬੂ ਨੇ ਪੁੱਛਿਆ, ‘ਤੁਹਾਡੀ ਉਮਰ ਕਿੰਨੀ ਹੈ?’ ਚੰਨੀ ਤੋਂ ਬਹੱਤਰ ਸਾਲ ਸੁਣ ਕੇ ਉਹ ਬੋਲਿਆ, ‘ਮੇਰਾ ਅੰਦਾਜ਼ਾ ਠੀਕ ਹੀ ਨਿਕਲਿਆ।… ਦੇਖੋ, ਸਰਦਾਰ ਸਾਹਿਬ, ਮੇਰਾ ਯਕੀਨ ਹੈ ਕਿ ਬੰਦੇ ਦੇ ਕੁਝ ਅਸੂਲ ਹੋਣੇ ਚਾਹੀਦੇ ਹਨ। ਉਹ ਕੋਈ ਵੀ ਕੰਮ ਕਰੇ, ਉਹਨੂੰ ਆਪਣੇ ਅਸੂਲਾਂ `ਤੇ ਪਹਿਰਾ ਦੇਣਾ ਚਾਹੀਦਾ ਹੈ। ਉਹ ਕੰਮ ਚਾਹੇ ਚਾਹ-ਪਾਣੀ ਲੈਣ ਦਾ ਹੀ ਕਿਉਂ ਨਾ ਹੋਵੇ! ਮੇਰਾ ਅਸੂਲ ਹੈ ਕਿ ਮੈਂ ਤਿੰਨ ਜਣਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ। ਨੰਬਰ ਇਕ, ਵਿਧਵਾ ਔਰਤ, ਜਿਸ ਬਦਕਿਸਮਤ ਨੂੰ ਸਮਾਜ ਵਿਚ ਬਹੁਤ ਕਸ਼ਟ ਭੋਗਣੇ ਪੈਂਦੇ ਹਨ। ਨੰਬਰ ਦੋ, ਅਧਿਆਪਕ, ਸਿਰਫ਼ ਉਹ ਅਧਿਆਪਕ ਨਹੀਂ ਜਿਨ੍ਹਾਂ ਤੋਂ ਮੈਂ ਆਪ ਪੜ੍ਹਿਆ ਹਾਂ, ਸਗੋਂ ਹਰ ਟੀਚਰ, ਕਿਉਂਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਪੂਰੇ ਦੇਸ਼ ਨੂੰ ਚਲਾਉਣ ਵਾਲੇ ਛੋਟੇ-ਵੱਡੇ ਸਭ ਤਿਆਰ ਹੁੰਦੇ ਹਨ। ਨੰਬਰ ਤਿੰਨ, ਸੀਨੀਅਰ ਸਿਟੀਜ਼ਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪਰਿਵਾਰ ਤੇ ਸਮਾਜ ਦੇ ਲੇਖੇ ਲਾ ਕੇ ਸਫ਼ੈਦ ਵਾਲ ਕਮਾਏ ਹੁੰਦੇ ਹਨ।…ਕਿਉਂਕਿ ਮੈਂ ਇਨ੍ਹਾਂ ਤਿੰਨਾਂ ਦਾ ਸਤਿਕਾਰ ਕਰਦਾ ਹਾਂ, ਇਸ ਕਰਕੇ ਮੈਂ ਇਨ੍ਹਾਂ ਤਿੰਨਾਂ ਤੋਂ ਹੀ ਚਾਹ-ਪਾਣੀ ਵੀ ਨਹੀਂ ਲੈਂਦਾ। ਜੇ ਮੱਲੋਜ਼ੋਰੀ ਦੇਣਾ ਚਾਹੁਣ, ਤਦ ਵੀ ਨਹੀਂ ਲੈਂਦਾ। ਹੋਰ ਕਿਸੇ ਨੂੰ ਮੈਂ ਛੱਡਦਾ ਨਹੀਂ।…ਜਾਓ, ਸਟੇਅ ਦਾ ਕੰਮ ਕਰਵਾਓ। ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ! ਸਰੀਰ ਹੈ ਤਾਂ ਦੁਨੀਆ ਹੈ!’